ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਵਿਚ ਨਸ਼ੇ ਦੀ ਹੋ ਰਹੀ ਬੇਰੋਕ ਸਪਲਾਈ ਪੰਜਾਬ ਪੁਲਿਸ ਲਈ ਨਮੋਸ਼ੀ ਦਾ ਸਬੱਬ ਬਣੀ ਹੋਈ ਹੈ। ਪੰਜਾਬ ਦੀਆਂ ਕਈ ਜੇਲ੍ਹਾਂ ਵਿਚ ਬਾਹਰੋਂ ਨਸ਼ੇ ਤੇ ਹੋਰ ਨਾਜਾਇਜ਼ ਸਾਮਾਨ ਸੁੱਟਿਆ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਪਿਛਲੇ ਸਮੇਂ ਜੇਲ੍ਹ ਵਿਭਾਗ ਵੱਲੋਂ ਅਬਾਦੀ ਵਿਚਲੇ ਖੇਤਰਾਂ ਨੇੜਲੀਆਂ ਕੁਝ ਜੇਲ੍ਹਾਂ ਦੀਆਂ ਬਾਹਰਲੀਆਂ ਕੰਧਾਂ ਉਚੀਆਂ ਕਰਨ ਦੀਆਂ ਤਜਵੀਜ਼ਾਂ ਸਨ ਪਰ ਇਹ ਕੰਮ ਸਿਰੇ ਨਾ ਲੱਗਣ ਕਾਰਨ ਬਾਹਰੋਂ ਜੇਲ੍ਹਾਂ ਵਿਚ ਨਾਜਾਇਜ਼ ਸਾਮਾਨ ਲਗਾਤਾਰ ਸੁੱਟਿਆ ਜਾ ਰਿਹਾ ਹੈ।
ਜੇਲ੍ਹ ਵਿਭਾਗ ਵੱਲੋਂ ਕੀਤੀ ਪੜਤਾਲ ਦੌਰਾਨ ਸਪੱਸ਼ਟ ਹੋ ਗਿਆ ਹੈ ਕਿ ਬਠਿੰਡਾ ਜੇਲ੍ਹ ਵਿਚ ਪਿਸਤੌਲ ਕੰਧ ਉਪਰੋਂ ਸੁੱਟਿਆ ਗਿਆ ਸੀ। ਇਸ ਬਾਰੇ ਮੁਲਜ਼ਮ ਨੇ ਜਿਥੇ ਸਾਰੀ ਗੱਲ ਕਬੂਲ ਕਰ ਲਈ ਹੈ, ਉਥੇ ਪੁਲਿਸ ਨੇ ਵੀ ਬਾਹਰੋਂ ਪਿਸਤੌਲ ਸੁੱਟਣ ਵਾਲੇ ਤੇ ਜੇਲ੍ਹ ਅੰਦਰੋਂ ਪਿਸਤੌਲ ਅੱਗੇ ਮੁਲਜ਼ਮ ਨੂੰ ਪਹੁੰਚਾਉਣ ਵਾਲੇ ਦੀ ਨਿਸ਼ਾਨਦੇਹੀ ਕਰ ਲਈ ਹੈ। ਪਿਛਲੇ ਵਰ੍ਹੇ ਚਾਰ ਫਰਵਰੀ ਨੂੰ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਚ ਅਣਪਛਾਤੇ ਵਿਅਕਤੀਆਂ ਨੇ 12 ਬੀੜੀਆਂ ਦੇ ਬੰਡਲ ਤੇ ਦੋ ਜ਼ਰਦੇ ਦੀਆਂ ਪੁੜੀਆਂ ਸੁੱਟੀਆਂ ਸਨ, ਜੋ ਬਰਾਮਦ ਕਰ ਲਈਆਂ ਸਨ। ਇਸੇ ਤਰ੍ਹਾਂ 30 ਅਪਰੈਲ ਨੂੰ ਕੁਝ ਵਿਅਕਤੀਆਂ ਨੇ ਨਾਲ ਲੱਗਦੇ ਰਿਹਾਇਸ਼ੀ ਮਕਾਨਾਂ ਦੀ ਆੜ ਵਿਚ ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ ਵਿਚ ਲਿਫਾਫੇ ਵਿਚ ਲਪੇਟ ਕੇ 0æ50 ਗ੍ਰਾਮ ਨਸ਼ੀਲਾ ਪਾਊਡਰ ਸੁੱਟਿਆ, ਜੋ ਬਾਅਦ ਵਿਚ ਬਰਾਮਦ ਕਰ ਲਿਆ ਹੈ। ਪਿਛਲੇ ਵਰ੍ਹੇ 31 ਮਈ ਨੂੰ ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ ਵਿਚ ਬਾਹਰੋਂ ਕਿਸੇ ਨੇ ਕਾਲੇ ਰੰਗ ਦੇ ਲਿਫਾਫੇ ਵਿਚ ਲਪੇਟੀ ਗੋਲਨੁਮਾ ਵਸਤੂ ਸੁੱਟੀ ਸੀ, ਜਿਸ ਨੂੰ ਬੈਰਕ ਨੰਬਰ 21 ਵਿਚ ਬੰਦ ਇਕ ਹਵਾਲਾਤੀ ਚੁੱਕ ਕੇ ਲੈ ਗਿਆ ਸੀ। ਉਸ ਨੂੰ ਬਾਅਦ ਵਿਚ ਕਾਬੂ ਕਰ ਲਿਆ ਸੀ ਤੇ ਤਲਾਸ਼ੀ ਦੌਰਾਨ ਉਸ ਕੋਲੋਂ ਦੋ ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਸੀ। ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚ ਵੀ ਕਿਸੇ ਵੱਲੋਂ ਪਿਛਲੇ ਸਾਲ ਤਿੰਨ ਅਗਸਤ ਨੂੰ ਜੇਲ੍ਹ ਦੇ ਮੁਲਾਜ਼ਮ ਦੀ ਮਿਲੀਭੁਗਤ ਨਾਲ ਬਾਹਰੋਂ ਸਾਮਾਨ ਸੁੱਟਣ ਦਾ ਖੁਲਾਸਾ ਹੋਇਆ ਸੀ।
ਵਾਰਡਰ ਦਵਿੰਦਰ ਸਿੰਘ ਜੇਲ੍ਹ ਵਿਚ ਡਿਊਟੀ ਉਤੇ ਸਨ ਕਿ ਸੁਰੱਖਿਆ ਵਾਰਡ ਨੰਬਰ ਦੋ ਦੀ ਕੰਧ ਉਪਰ 2-3 ਬੰਦੀਆਂ ਨੂੰ ਚੜ੍ਹਦਿਆਂ ਦੇਖਿਆ ਗਿਆ। ਜਦੋਂ ਇਹ ਵਾਰਡਰ ਮੌਕੇ ਉਤੇ ਪੁੱਜਿਆ ਤਾਂ ਉਸ ਨੇ ਉਥੇ ਤਾਇਨਾਤ ਪੈਸਕੋ ਦੇ ਇਕ ਮੁਲਾਜ਼ਮ ਨੂੰ ਬਾਹਰੋਂ ਕੋਈ ਸਾਮਾਨ ਸੁੱਟਣ ਬਾਰੇ ਪੁੱਛਿਆ ਗਿਆ ਤਾਂ ਇਸ ਮੁਲਾਜ਼ਮ ਨੇ ਨਾ ਕਹਿ ਦਿੱਤੀ। ਇਸ ਵਾਰਡਰ ਨੇ ਹੋਰ ਮੁਲਾਜ਼ਮਾਂ ਨੂੰ ਮੌਕੇ ‘ਤੇ ਸੱਦ ਕੇ ਤਲਾਸ਼ੀ ਲਈ ਤਾਂ ਬੀੜੀਆਂ ਦੇ 40 ਬੰਡਲ ਤੇ ਜ਼ਰਦੇ ਦੀਆਂ ਤਿੰਨ ਪੁੜੀਆਂ ਬਰਾਮਦ ਹੋਈਆਂ। ਡੀæਆਈæਜੀæ (ਜੇਲ੍ਹਾਂ) ਕੈਪਟਨ ਐਲ਼ਐਸ਼ ਜਾਖੜ ਨੇ ਕਿਹਾ ਕਿ ਕੇਂਦਰੀ ਜੇਲ੍ਹ ਬਠਿੰਡਾ ਵਿਚ ਪਿਸਤੌਲ ਮਿਲਣ ਦੇ ਮਾਮਲੇ ਦੀ ਕੀਤੀ ਪੜਤਾਲ ਦੌਰਾਨ ਤਕਰੀਬਨ ਸਭ ਕੁਝ ਸਪੱਸ਼ਟ ਹੋ ਗਿਆ ਹੈ। ਇਸ ਸਾਜ਼ਿਸ਼ ਵਿਚ ਸ਼ਾਮਲ ਮੁਲਜ਼ਮਾਂ ਦੀ ਵੀ ਨਿਸ਼ਾਨਦੇਹੀ ਹੋ ਗਈ ਹੈ।