ਖੁਦਕੁਸ਼ੀਆਂ ਕਰਨ ਵਾਲਿਆਂ ਦੇ ਘਰਾਂ ਨੂੰ ਜਾਂਦੇ ਰਾਹ ਬੰਦ

ਦਲਜੀਤ ਅਮੀ
ਫੋਨ: +91-97811-21873
ਦਿੱਲੀ ਵਿਚ ਸਿਆਸੀ ਮੁਜ਼ਾਹਰੇ ਦੌਰਾਨ ਖੁਦਕਸ਼ੀ ਕਰਨ ਵਾਲੇ ਕਿਸਾਨ ਦੀ ਚਰਚਾ ਜਾਰੀ ਹੈ। ਟੈਲੀਵਿਜ਼ਨ ਚੈਨਲ, ਸਿਆਸੀ ਆਗੂ ਅਤੇ ਵਿਦਵਾਨ ਖ਼ੁਦਕਸ਼ੀ ਲਈ ਕਸੂਰਵਾਰ ਤੈਅ ਕਰਨ ਲਈ ਹਰ ਤਰ੍ਹਾਂ ਦੀਆਂ ਦਲੀਲਾਂ ਅਤੇ ਵਿਸ਼ੇਸ਼ਣ ਵਰਤ ਰਹੇ ਹਨ। ਪੁਲਿਸ ਕਾਰਵਾਈ ਅਤੇ ਨਿਆਂਇਕ ਜਾਂਚ ਦੇ ਨਾਲ-ਨਾਲ ਮੁਆਵਜ਼ਾ ਦੇਣ ਦੀ ਮਸ਼ਕ ਚੱਲ ਰਹੀ ਹੈ। ਜ਼ਿਆਦਾਤਰ ਦਲੀਲਾਂ ਅਤੇ ਇਲਜ਼ਾਮਾਂ ਦਾ ਘੇਰਾ ਮੌਕਾ-ਇ-ਵਾਰਦਾਤ ਹੈ। ਸਫ਼ਾਈ ਦੇਣ ਵਾਲੇ ਵੀ ਮੌਕੇ ਦੇ ਹਵਾਲੇ ਨਾਲ ਦਲੀਲ ਪੇਸ਼ ਕਰ ਰਹੇ ਹਨ। ਮੌਕੇ ਤੋਂ ਹੀ ਕਾਗ਼ਜ਼ ਦਾ ਟੋਟਾ ਮਿਲਿਆ ਹੈ ਜਿਸ ਦੀ ਇਬਾਰਤ ਹਿੰਦੀ ਵਿਚ ਹੈ।

ਇਹ ਖ਼ੁਦਕੁਸ਼ੀ ਕਰਨ ਵਾਲੇ ਗਜੇਂਦਰ ਦੀ ਲਿਖਤ ਦੱਸੀ ਜਾਂਦੀ ਹੈ, “ਦੋਸਤੋ ਮੈਂ ਕਿਸਾਨ ਦਾ ਪੁੱਤ ਹਾਂ। ਮੈਨੂੰ ਮੇਰੇ ਬਾਪ ਨੇ ਘਰੋਂ ਕੱਢ ਦਿੱਤਾ ਹੈ, ਕਿਉਂਕਿ ਮੇਰੀ ਫ਼ਸਲ ਬਰਬਾਦ ਹੋ ਗਈ। ਮੇਰੇ ਤਿੰਨ ਜੁਆਕ ਹਨ। ਮੈਂ ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਬੌੜੀਸੀ ਦੇ ਪਿੰਡ ਨੰਗਲ ਝਾਮਰਵਾਡਾ ਤੋਂ ਹਾਂ। ਮੈਨੂੰ ਘਰ ਜਾਣ ਦਾ ਉਪਾਅ ਦੱਸੋ। ਜੈ ਜਵਾਨ, ਜੈ ਕਿਸਾਨ। ਗਜੇਂਦਰ ਸਿੰਘ ਕਲਯਾਣਵਤ।” ਇਸ ਲਿਖਤ ਲਈ ਵਰਤੇ ਗਏ ਕਾਗ਼ਜ਼, ਪੈੱਨ ਅਤੇ ਅੱਖਰਾਂ ਦੀ ਬਣਤਰ ਤੋਂ ਲਿਖਣ ਵਾਲੇ ਬਾਰੇ ਕਈ ਕੁਝ ਪੜ੍ਹਿਆ ਜਾ ਸਕਦਾ ਹੈ, ਪਰ ਇਸ ਲੇਖ ਦਾ ਘੇਰਾ ਇਬਾਰਤ ਤੱਕ ਮਹਿਦੂਦ ਹੈ। ਜੇ ਇਹ ਲਿਖਤ ਗਜੇਂਦਰ ਦੀ ਨਾ ਹੋਵੇ ਤਾਂ ਵੀ ਇਹ ਕਿਸੇ ਉਸੇ ਵਰਗੇ ਦੀ ਹੈ।
ਇਸ ਲਿਖਤ ਵਿਚ ਗਜੇਂਦਰ ਨੇ ਆਪਣੀ ਪਛਾਣ ਅਤੇ ਹਾਲਤ ਬਿਆਨ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਪੜ੍ਹਨ ਵਾਲੇ ਦੀ ਪਛਾਣ ਵੀ ਤੈਅ ਕੀਤੀ ਹੈ। ਸੰਖੇਪ ਜਿਹੀ ਲਿਖਤ ਵਿਚ ਗਜੇਂਦਰ ਦੀ ਜਨਮ ਤੋਂ ਮੌਤ ਦੀ ਕਹਾਣੀ ਸਮੋਈ ਹੈ ਜਿਸ ਵਿਚੋਂ ਉਸ ਦੀਆਂ ਮਜਬੂਰੀਆਂ ਅਤੇ ਮਾਣ ਦੀ ਝਲਕ ਪੈਂਦੀ ਹੈ। ਰੁਖ਼ ਉਤੇ ਚੜ੍ਹ ਕੇ ਫਾਹਾ ਲੈਣ ਦੀ ਕਹਾਣੀ ਸਿਰਫ਼ ਉਸ ਦੀ ਮੌਤ ਨਾਲ ਜੋੜ ਕੇ ਸੁਣਾਈ ਜਾ ਰਹੀ ਹੈ। ਇਹ ਲਿਖਤ ਉਸ ਦੀ ਮੌਤ ਤੋਂ ਪਹਿਲਾਂ ਦੀ ਹੈ ਜਿਸ ਵਿਚ ਮੌਤ ਤੋਂ ਪਹਿਲਾਂ ਕੀਤੀ ਜਾ ਸਕਣ ਵਾਲੀ ਚਾਰਾਜੋਈ ਹੈ। ਉਹ ਸਿਆਸੀ ਮੁਜ਼ਾਹਰੇ ਵਿਚ ਆਪਣਾ ਮੰਗ ਪੱਤਰ ਲੈ ਕੇ ਪੁੱਜਿਆ ਸੀ ਕਿ ਉਸ ਨੂੰ Ḕਘਰ ਜਾਣ ਦਾ ਉਪਾਅ’ ਦੱਸਿਆ ਜਾਵੇ। ਇਸ ਮੰਗ ਪੱਤਰ ਵਿਚ ਗਜੇਂਦਰ Ḕਦੋਸਤੋ’ ਕਹਿ ਕੇ ਮੁਖ਼ਾਤਬ ਹੋਇਆ ਹੈ। ਜੇ ਦੋਸਤ ਸ਼ਬਦ ਵਿਸ਼ੇਸ਼ਣ ਵਜੋਂ ਵਰਤਿਆ ਜਾਵੇ ਤਾਂ ਇਹ ਮੋਹ ਭਿੱਜਿਆ ਸੰਬੋਧਨ ਹੁੰਦਾ ਹੈ, ਪਰ ਜੇ ਨਾਮ ਵਜੋਂ ਵਰਤਿਆ ਜਾਵੇ ਤਾਂ ਓਪਰੇਪਣ ਉੱਤੇ ਸਲੀਕਾਚਾਰੀ ਦਾ ਪਰਦਾ ਹੁੰਦਾ ਹੈ। ਇਸ ਤੋਂ ਬਿਨਾਂ ਇਹ ਸ਼ਬਦ Ḕਕਾਰਜ ਮੁਖੀ ਸਾਂਝ’ ਦੀ ਨੁਮਾਇੰਦਗੀ ਵੀ ਕਰਦਾ ਹੈ। ਬੇਨਾਮ ਦੋਸਤਾਂ ਨੂੰ ਮੁਖ਼ਾਤਬ ਗਜੇਂਦਰ ਆਪਣੀ ਕਹਾਣੀ ਕਹਿ ਰਿਹਾ ਹੈ, ਕਿਉਂਕਿ ਬਾਪ ਨੇ ਘਰੋਂ ਕੱਢ ਦਿੱਤਾ ਹੈ ਅਤੇ ਬੱਚਿਆਂ ਦੀ ਦੇਖਭਾਲ ਦਾ ਸੰਸਾ ਬਣਿਆ ਹੋਇਆ ਹੈ। ਦੋਸਤਾਂ ਤੋਂ ਬਿਨਾਂ ਉਹ ਇਸ ਇਬਾਦਤ ਵਿਚ ਦਰਜ ਹਰ ਪਛਾਣ ਉੱਤੇ ਦਾਅਵੇਦਾਰੀ ਕਰਦਾ ਹੈ। ਉਸ ਨੇ ਆਪਣੇ ਬਾਪ, ਫ਼ਸਲ, ਬੱਚਿਆਂ, ਘਰ ਅਤੇ ਪਿੰਡ ਨੂੰ ਆਖ਼ਰੀ ਸਾਹ ਤੱਕ ਆਪਣਾ ਮੰਨਿਆ ਹੈ। ਇਨ੍ਹਾਂ ਸ਼ਬਦਾਂ ਵਿਚ ਹੀ ਉਸ ਦੀਆਂ ਰਿਸ਼ਤੇਦਾਰੀਆਂ ਅਤੇ ਦਾਅਵੇਦਾਰੀਆਂ ਹਨ। ਇਹੋ ਉਸ ਦੀ ਪਛਾਣ ਹੈ ਜੋ ਬਰਬਾਦ ਹੋਈ ਫ਼ਸਲ ਕਾਰਨ ਉਸ ਦੀਆਂ ਰਿਸ਼ਤੇਦਾਰੀਆਂ ਅਤੇ ਦਾਅਵੇਦਾਰੀਆਂ ਰੱਦ ਕਰ ਰਹੀ ਹੈ। ਬਰਬਾਦ ਹੋਈ ਫ਼ਸਲ ਦਾ ਤੋੜ, ਉਸ ਦੇ ਮਾਣ ਵਾਲੇ ਘੇਰੇ ਵਿਚ ਨਹੀਂ ਹੈ। ਇਸੇ ਮਜਬੂਰੀ ਵਿਚੋਂ ਉਹ ਆਪਣੇ ਘੇਰੇ ਤੋਂ ਬਾਹਰ ਓਪਰਿਆਂ ਵਿਚ ਆਸਰਾ ਭਾਲਦਾ ਹੈ। ਉਸ ਨੂੰ ਇਨ੍ਹਾਂ ਓਪਰਿਆਂ ਦੇ ਜੁੱਟ ਵਿਚੋਂ ਆਪਣੀ ਹੋਣੀ ਦੇ ਭਾਈਵਾਲਾਂ ਦੀ ਦੱਸ ਪੈਂਦੀ ਹੈ ਜੋ ਰਸਮੀ ਹੋਣ ਦਾ ਝਉਲਾ ਪਾਉਂਦੀ ਹੈ।
ਆਖ਼ਰ ਵਿਚ Ḕਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਗਜੇਂਦਰ ਦੀ ਓਪਰਿਆਂ ਦੀ ਦੁਨੀਆਂ ਵਿਚ ਪਛਾਣ ਲੱਭਣ ਦਾ ਤਰੱਦਦ ਜਾਪਦਾ ਹੈ। ਕਿਸਾਨ ਦਾ ਪੁੱਤ Ḕਕਿਸਾਨ ਦੀ ਜੈ-ਜੈ ਕਾਰ’ ਵਿਚੋਂ ਆਪਣੇ ਘਰ ਦਾ ਰਾਹ ਪੁੱਛਦਾ ਹੈ। ਇਸ ਨਾਅਰੇ ਵਿਚੋਂ ਗਜੇਂਦਰ ਦਾ ਪਿੰਡ ਤੋਂ ਬਾਹਰਲੇ ਮੁਲਕ ਨਾਲ ਰਿਸ਼ਤਾ ਤੈਅ ਹੁੰਦਾ ਜਾਪਦਾ ਹੈ। ਕਿਸਾਨ ਦੀ ਮਿਹਨਤ-ਮੁਸ਼ੱਕਤ ਅਤੇ ਮੁਲਕ ਦੀ ਅੰਨ ਸੁਰੱਖਿਆ ਵਿਚ ਪਾਏ ਹਿੱਸੇ ਦੀ ਚਰਚਾ ਸੱਤਾ ਦੇ ਗ਼ਲਿਆਰਿਆਂ ਵਿਚ ਸਦਾ ਰਹਿੰਦੀ ਹੈ। ਮੌਸਮ, ਬਿਮਾਰੀ ਅਤੇ ਮੰਡੀ ਕਾਰਨ ਖੇਤੀ ਵਿਚ ਬੇਵਿਸਾਹੀ ਲਗਾਤਾਰ ਕਾਇਮ ਰਹਿੰਦੀ ਹੈ। ਇਸ ਬੇਵਿਸਾਹੀ ਤੋਂ ਬੇਖ਼ਬਰ ਜਾਂ ਕੰਨੀ ਕਤਰਾਉਣ ਵਾਲਾ ਨਿਜ਼ਾਮ ਕਿਸਾਨ ਨੂੰ Ḕਜੈ-ਜੈ ਕਾਰ’ ਨਾਲ ਨਿਵਾਜਦਾ ਹੈ। ਬੇਵਿਸਾਹੀ ਵਿਚ ਪਲਿਆ ਕਿਸਾਨ ਇਸੇ ਨਿਵਾਜ਼ਿਸ਼ ਨੂੰ ਮਾਣ ਸਮਝਦਾ ਆਇਆ ਹੈ। ਹੁਣ ਜਦੋਂ ਖੇਤੀ ਸੰਕਟ ਸਾਹਮਣੇ ਇਸ ਨਾਅਰੇ ਦਾ ਥੋਥਾਪਣ ਜੱਗ-ਜ਼ਾਹਿਰ ਹੋ ਗਿਆ ਹੈ ਤਾਂ ਨਵੇਂ ਨਾਅਰੇ ਜਾਂ ਮੁਹਾਵਰੇ ਘੜੇ ਜਾਣ ਤੋਂ ਪਹਿਲਾਂ ਕਿਸਾਨ ਦੀ ਜਾਨ ਮੁੱਠੀ ਵਿਚ ਆਈ ਹੋਈ ਹੈ। ਜੇ ਗਜੇਂਦਰ ਨੰਗਲ ਝਾਮਰਵਾਡਾ ਵਿਚ ਖ਼ੁਦਕੁਸ਼ੀ ਕਰ ਲੈਂਦਾ ਤਾਂ ਉਸ ਦੀ ਮੌਤ ਨੇ ਕਿਸੇ ਮੁਕਾਮੀ ਅਖ਼ਬਾਰ ਦੇ ਆਖ਼ਰੀ ਪੰਨਿਆਂ ਜਾਂ ਕਿਸੇ ਸੰਜੀਦਾ ਪੱਤਰਕਾਰ ਦੇ ਲੇਖ ਤੱਕ ਮਹਿਦੂਦ ਹੋ ਜਾਣਾ ਸੀ। ਗਜੇਂਦਰ ਨੇ ਖ਼ੁਦਕੁਸ਼ੀ ਦਿੱਲੀ ਵਿਚ ਸਿਆਸੀ ਮੁਜ਼ਾਹਰੇ ਦੌਰਾਨ ਕੀਤੀ ਹੈ। ਮੌਤ ਦੀ ਭਿਆਨਕਤਾ ਤਾਂ ਹਰ ਥਾਂ ਕਾਇਮ ਰਹਿਣੀ ਸੀ, ਪਰ ਦਿੱਲੀ ਵਰਗੀ ਥਾਂ ਨੇ ਇਸ ਨੂੰ ਸਿਆਸੀ ਮੁੱਦਾ ਬਣਾ ਦਿੱਤਾ ਹੈ। ਦੂਜੇ ਸ਼ਬਦਾਂ ਵਿਚ ਸਾਫ਼ ਹੈ ਕਿ ਮੌਤ ਦਾ ਨਾਟਕ ਦਿੱਲੀ ਦੀਆਂ ਅੱਖਾਂ ਤੋਂ ਓਝਲ ਕਿੰਨੇ ਵੀ ਕਰੂਰ ਰੂਪ ਵਿਚ ਚਲਦਾ ਰਹੇ, ਪਰ ਦਿਖਣਾ ਨਹੀਂ ਚਾਹੀਦਾ। ਇਹ ਮੌਜੂਦਾ ਸਿਆਸਤ ਦੇ ਨੁਮਾਇਸ਼ੀ ਖ਼ਾਸੇ ਦੀ ਅਹਿਮ ਰਮਜ਼ ਨੂੰ ਬੇਪਰਦ ਕਰਦਾ ਹੈ। ਜਦੋਂ ਸਰਕਾਰਾਂ ਅਤੇ ਸਿਆਸੀ ਧਿਰਾਂ ਨੁਮਾਇਸ਼ੀ ਪ੍ਰਾਪਤੀਆਂ ਤੱਕ ਮਹਿਦੂਦ ਹੋ ਗਈਆਂ ਹਨ ਤਾਂ ਇਹ ਨਾਕਾਮਯਾਬੀ ਦੀ ਨੁਮਾਇਸ਼ ਰਾਜਧਾਨੀ ਵਿਚ ਹੋ ਗਈ ਹੈ। ਮੌਜੂਦਾ ਚਰਚਾ ਨੂੰ ਇਸੇ ਨੁਕਤੇ ਤੋਂ ਸਮਝਣਾ ਜ਼ਰੂਰੀ ਹੈ।
ਗਜੇਂਦਰ ਦੀ ਮੌਤ ਸਭ ਕੁਝ ਨਹੀਂ ਹੈ। ਉਸ ਦੇ ਘਰ ਨੂੰ ਜਾਂਦਾ ਰਾਹ ਬੰਦ ਹੋ ਜਾਣਾ ਜਾਂ ਭੁੱਲ ਜਾਣਾ ਸਭ ਤੋਂ ਵੱਡਾ ਸੁਆਲ ਹੈ। ਆਖ਼ਰੀ ਵੇਲੇ ਕਿਸ ਦੀ ਪਹਿਲਕਦਮੀ ਉਸ ਦੀ ਜ਼ਿੰਦਗੀ ਲੰਮੀ ਕਰ ਸਕਦੀ ਸੀ? ਇਹ ਅਹਿਮ ਸੁਆਲ ਹੈ ਪਰ ਵਡੇਰਾ ਸੁਆਲ ਖ਼ੁਦਕੁਸ਼ੀ ਦੀ ਸੋਚ ਵੱਲ ਜਾਂਦਾ ਰਾਹ ਹੈ। ਖ਼ੁਦਕੁਸ਼ੀ ਦਾ ਫ਼ੈਸਲਾ ਕਰਨ ਵਿਚ ਤਾਂ ਲੰਮਾ ਸਮਾਂ ਲੱਗਿਆ ਹੋਵੇਗਾ, ਪਰ ਇਸ ਨੂੰ ਫੌਰੀ ਪਹਿਲਕਦਮੀ ਦੀ ਘਾਟ ਤੱਕ ਮਹਿਦੂਦ ਕਰ ਦੇਣਾ ਨੁਮਾਇਸ਼ੀ ਪ੍ਰਾਪਤੀਆਂ ਵਾਲੀ ਸਿਆਸਤ ਦੇ ਨੁਮਾਇਸ਼ੀ ਸਰੋਕਾਰ ਨੂੰ ਉਘਾੜਦਾ ਹੈ। ਹੁਣ ਤੱਕ ਖ਼ੁਦਕੁਸ਼ੀਆਂ ਦੇ ਜ਼ਿੰਦਗੀ ਦੀ ਦੁਸ਼ਵਾਰੀਆਂ ਨਾਲ ਰਿਸ਼ਤੇ ਨੂੰ ਰੱਦ ਕਰਨ ਲਈ ਨਸ਼ੇ, ਘਰੇਲੂ ਕਲੇਸ਼ ਅਤੇ ਮਹਿੰਗੇ ਸਮਾਜਕ ਰੀਤ-ਰਿਵਾਜ ਦੀ ਦਲੀਲ ਵਾਰ-ਵਾਰ ਦਿੱਤੀ ਜਾਂਦੀ ਰਹੀ ਹੈ। ਮੌਜੂਦਾ ਮਾਮਲੇ ਵਿਚ ਸਾਹਮਣੇ ਆਇਆ ਫੌਰੀ ਭੜਕਾਹਟ ਜਾਂ ਨਜ਼ਰਅੰਦਾਜ਼ੀ ਦਾ ਸੁਆਲ ਇਸੇ ਲੜੀ ਦੀ ਕੜੀ ਹੈ। ਖ਼ੁਦਕੁਸ਼ੀ ਨੂੰ ਫੌਰੀ ਕਾਰਨ ਤੱਕ ਮਹਿਦੂਦ ਕਰ ਦੇਣ ਦਾ ਮਤਲਬ ਜ਼ਿੰਦਗੀ ਨੂੰ ਨਜ਼ਰਅੰਦਾਜ਼ ਕਰ ਦੇਣਾ ਹੁੰਦਾ ਹੈ। ਜਦੋਂ ਖ਼ੁਦਕੁਸ਼ੀ ਨੂੰ ਸਮਾਜਕ ਰੁਝਾਨ ਵਜੋਂ ਫੌਰੀ ਕਾਰਨਾਂ ਤੱਕ ਮਹਿਦੂਦ ਕੀਤਾ ਜਾਂਦਾ ਹੈ ਤਾਂ ਇਸ ਦਾ ਮਤਲਬ ਜ਼ਿੰਦਗੀ ਉੱਤੇ ਅਸਰਅੰਦਾਜ਼ ਜ਼ਲਾਲਤ ਨੂੰ ਨਜ਼ਰਅੰਦਾਜ਼ ਕਰਨਾ ਹੈ। ਇਸ ਪੱਖੋਂ ਮੀਡੀਆ, ਸਿਆਸਤਦਾਨ ਅਤੇ ਵਿਦਵਾਨ ਆਪਣੀ-ਆਪਣੀ ਦਲੀਲ ਦੀ ਵੰਨ-ਸਵੰਨਤਾ ਦੇ ਬਾਵਜੂਦ ਗਜੇਂਦਰ ਦੀ ਮੌਤ ਨੂੰ ਮੁਖ਼ਾਤਬ ਹੁੰਦੇ ਹੋਏ ਉਸ ਦੀ ਜ਼ਿੰਦਗੀ ਨੂੰ ਕੱਖੋਂ-ਹੌਲਾ ਕਰਨ ਵਾਲੇ ਹਾਲਾਤ ਨੂੰ ਨਜ਼ਰਅੰਦਾਜ਼ ਕਰਨ ਦੀ ਮਸ਼ਕ ਹੈ। ਜੇ ਗਜੇਂਦਰ ਦੀ ਖ਼ੁਦਕੁਸ਼ੀ ਨੂੰ ਕਿਸੇ ਭੜਕਾਹਟ ਨਾਲ ਜੋੜ ਦਿੱਤਾ ਜਾਵੇ ਤਾਂ ਵੀ ਇੱਕ ਸੁਆਲ ਅਹਿਮ ਰਹਿੰਦਾ ਹੈ। ਭੜਕਾਹਟ ਕਾਰਨ ਕੌਣ ਖ਼ੁਦਕੁਸ਼ੀ ਕਰ ਸਕਦਾ ਹੈ? ਜਿਸ ਨੂੰ ਜ਼ਿੰਦਗੀ ਜਿਉਣ ਦਾ ਰਾਹ ਭੁੱਲ ਗਿਆ ਹੋਵੇ! ਗਜੇਂਦਰ ਜ਼ਿੰਦਗੀ ਜਿਉਣ ਲਈ ਲੋੜੀਂਦੇ ਘਰ ਦਾ ਰਾਹ ਭੁੱਲਣ ਦੀ ਸਾਫ਼ ਨਿਸ਼ਾਨਦੇਹੀ ਕਰਦਾ ਹੈ।
ਇਸ ਮਾਮਲੇ ਦੀ ਚਰਚਾ ਦਾ ਇੱਕ ਪਾਸਾ ਖ਼ੁਦਕੁਸ਼ੀ ਨੂੰ ਫੌਰੀ ਕਾਰਨ ਤੱਕ ਮਹਿਦੂਦ ਕਰਨਾ ਹੈ ਤਾਂ ਦੂਜਾ ਪਾਸਾ ਖੇਤੀ ਸੰਕਟ ਨੂੰ ਖ਼ੁਦਕੁਸ਼ੀਆਂ ਤੱਕ ਘਟਾ ਦੇਣਾ ਹੈ। ਖੇਤੀ ਸੰਕਟ ਦੀ ਮਾਰ ਦੀ ਇੰਤਹਾ ਤਾਂ ਖ਼ੁਦਕੁਸ਼ੀਆਂ ਦੇ ਰੁਝਾਨ ਵਿਚੋਂ ਸਮਝੀ ਜਾ ਸਕਦੀ ਹੈ, ਪਰ ਸਮੁੱਚੇ ਸੰਕਟ ਨੂੰ ਇਸੇ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਖੇਤੀ ਸੰਕਟ ਕਾਰਨ ਖ਼ੁਦਕੁਸ਼ੀਆਂ ਕਰਨ ਵਾਲੇ ਹੀ ਬਦਤਰ ਹਾਲਾਤ ਦਾ ਸ਼ਿਕਾਰ ਨਹੀਂ ਹੋਏ। ਉਨ੍ਹਾਂ ਹੀ ਹਾਲਾਤ ਵਿਚ ਜ਼ਿੰਦਗੀ ਨੂੰ ਹਰ ਹੀਲੇ ਅੱਗੇ ਤੋਰਨ ਦੇ ਆਹਰ ਵਿਚ ਲੱਗੇ ਜੀਆਂ ਦਾ ਸੰਕਟ ਕਿਸੇ ਵੀ ਤਰ੍ਹਾਂ ਛੋਟਾ ਨਹੀਂ ਹੈ। ਜਦੋਂ ਸੰਕਟ ਖ਼ੁਦਕੁਸ਼ੀ ਤੱਕ ਮਹਿਦੂਦ ਹੋ ਜਾਂਦਾ ਹੈ ਤਾਂ ਸਿਆਸਤਦਾਨਾਂ ਲਈ ਮੁਆਵਜ਼ੇ ਦੀ ਨੁਮਾਇਸ਼ੀ ਮਸ਼ਕ ਕਰਨੀ ਸੁਖਾਲੀ ਹੋ ਜਾਂਦੀ ਹੈ। ਇਸ ਮਾਮਲੇ ਵਿਚ ਗਜੇਂਦਰ ਨੇ ਖ਼ੁਦਕੁਸ਼ੀ ਲਈ ਢੁਕਵੇਂ ਥਾਂ ਦੀ ਚੋਣ ਕੀਤੀ ਹੈ। ਇਹ ਖ਼ੁਦਕੁਸ਼ੀ ਨੰਗਲ ਝਾਮਰਵਾਡਾ ਵਿਚ ਹੁੰਦੀ ਤਾਂ ਸਾਰੀਆਂ ਸਿਆਸੀ ਧਿਰਾਂ ਅਤੇ ਸਰਕਾਰਾਂ ਦੀ ਨਜ਼ਰ ਵਿਚ ਇਸ ਨੂੰ ਹਿੰਦਸੇ ਤੋਂ ਵੱਧ ਰੁਤਬਾ ਹਾਸਲ ਨਹੀਂ ਹੋਣਾ ਸੀ। ਉਸ ਦੀ ਮੌਤ ਉੱਤੇ ਮੁਆਵਜ਼ੇ ਜਾਂ ਸੰਵੇਦਨਾ ਦੀ ਸਿਆਸਤ ਕਰ ਰਹੀਆਂ ਸਿਆਸੀ ਧਿਰਾਂ ਨੂੰ ਨੰਗਲ ਝਾਮਰਵਾਡਾ ਪਿੰਡ ਨਹੀਂ, ਸਗੋਂ ਉਸ ਦਾ ਇੱਕ ਹਿੰਦਸਾ ਅਹਿਮ ਜਾਪਦਾ ਹੈ ਜੋ ਦਿੱਲੀ ਦੇ ਸਿਆਸੀ ਮੰਚ ਉੱਤੇ ਆਪਣੀ ਪੈੜ ਛੱਡ ਗਿਆ ਹੈ। ਫ਼ਸਲ ਦੀ ਬਰਬਾਦੀ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਗਜੇਂਦਰ ਨਾਲ ਹਮਦਰਦੀ ਹੋਵੇ ਜਾਂ ਨਾ ਹੋਵੇ, ਪਰ ਈਰਖਾ ਜ਼ਰੂਰ ਹੋਵੇਗੀ। ਉਨ੍ਹਾਂ ਦੇ ਦਿਮਾਗ਼ ਵਿਚ ਇਹ ਵਿਚਾਰ ਕਦੇ ਨਾ ਕਦੇ ਆ ਸਕਦਾ ਹੈ ਕਿ ਗਜੇਂਦਰ ਨੇ ਠੀਕ ਕੀਤਾ। ਇਨ੍ਹਾਂ ਹਾਲਾਤ ਵਿਚ ਇਹ ਸੋਚਣਾ ਕਿੰਨਾ ਕੁ ਔਖਾ ਹੈ ਕਿ ਖ਼ੁਦਕੁਸ਼ੀ ਕਰਨਾ ਖ਼ੁੱਦਾਰੀ ਜਾਂ ਬਹਾਦਰੀ ਦੀ ਨਿਸ਼ਾਨੀ ਹੈ। ਜਦੋਂ ਜਿਉਂਦੇ ਨੂੰ ਜਿਉਂਦਾ ਰਹਿਣ ਲਈ ਸਹਾਰਾ ਨਾ ਲੱਭੇ ਤਾਂ ਮੌਤ ਦੀ ਕੀਮਤ ਕਈ ਸੁਆਲਾਂ ਨੂੰ ਜਨਮ ਦਿੰਦੀ ਹੈ।
ਖ਼ੁਦਕੁਸ਼ੀ ਤੱਕ ਮਹਿਦੂਦ ਚਰਚਾ ਕਦੇ ਮਸਲੇ ਦਾ ਹੱਲ ਨਹੀਂ ਕਰ ਸਕਦੀ। ਇਹ ਸ਼ੱਕਰ ਰੋਗ ਦੇ ਪੀੜਤ ਦੇ ਫੋੜੇ ਉੱਤੇ ਪੱਟੀ ਬੰਨ੍ਹਣ ਵਰਗਾ ਕੰਮ ਹੈ। ਮੌਜੂਦਾ ਸਿਆਸਤ ਦਾ ਆਮ ਆਦਮੀ ਪਾਰਟੀ (ਆਪ) ਦਾ ਖ਼ਾਸਾ ਇਸੇ ਰੁਝਾਨ ਦੀ ਮੂੰਹਜ਼ੋਰ ਵਕਾਲਤ ਕਰਦਾ ਹੈ। ਕਾਂਗਰਸ, ਭਾਜਪਾ ਅਤੇ ਹੋਰ ਰਵਾਇਤੀ ਸਿਆਸੀ ਧਿਰਾਂ ਇਸੇ ਰੁਝਾਨ ਨੂੰ ਚੱਲਦਾ ਰੱਖਣ ਦੀਆਂ ਮਾਹਰ ਧਿਰਾਂ ਹਨ। ਇਨ੍ਹਾਂ ਲਈ ਬੁਨਿਆਦੀ ਸੁਆਲ ਨਿਜ਼ਾਮ ਦੇ ਬੁਨਿਆਦੀ ਢਾਂਚੇ ਨਾਲ ਕਦੇ ਨਹੀਂ ਜੁੜਦੇ। ਜੋ ਸੰਕਟ ਢਾਂਚੇ ਦੀ ਪੈਦਾਵਾਰ ਹੈ, ਉਸ ਨੂੰ ਭ੍ਰਿਸ਼ਟਾਚਾਰ ਦੇ ਘੇਰੇ ਵਿਚ ਲਿਆ ਕੇ ਸੁਲਝਾਇਆ ਨਹੀਂ ਜਾ ਸਕਦਾ, ਪਰ ਅੱਗੇ ਪਾਇਆ ਜਾ ਸਕਦਾ ਹੈ। ਖ਼ੁਦਕੁਸ਼ੀ ਦਾ ਮੁਆਵਜ਼ਾ ਮੌਜੂਦਾ ਨਿਜ਼ਾਮ ਨੁਮਾਇਸ਼ੀ ਪ੍ਰਾਪਤੀ ਵਜੋਂ ਤੈਅ ਕਰ ਸਕਦਾ ਹੈ, ਪਰ ਜ਼ਿੰਦਗੀ ਲਈ ਸਾਜ਼ਗਾਰ ਹਾਲਤ ਬਣਾਉਣ ਲਈ ਢਾਂਚੇ ਵਿਚ ਤਬਦੀਲੀ ਦਰਕਾਰ ਹੈ। ਢਾਂਚੇ ਵਿਚ ਤਬਦੀਲੀ ਲਿਆ ਕੇ ਉਨ੍ਹਾਂ ਹਾਲਾਤ ਨੂੰ ਬਦਲਿਆ ਜਾ ਸਕਦਾ ਹੈ ਜੋ ਬੰਦੇ ਨੂੰ ਉਸ ਦੇ ਘਰ ਦਾ ਰਾਹ ਭੁਲਾ ਦਿੰਦੇ ਹਨ। ਜੇ ਢਾਂਚੇ ਵਿਚ ਤਬਦੀਲੀ ਦਾ ਸੁਆਲ ਆਏਗਾ ਤਾਂ ਨਿਜ਼ਾਮ ਵੱਲੋਂ ਆਵਾਮ ਨੂੰ ਦਿੱਤੀਆਂ ਵਡਿਆਈਆਂ ਦੀ ਪੜਚੋਲ ਵੀ ਕੀਤੀ ਜਾਵੇਗੀ। ਇਸ ਤੋਂ ਬਾਅਦ ਤੈਅ ਹੋ ਸਕੇਗਾ ਕਿ Ḕਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਕਿਸਾਨਾਂ ਦੀ ਪ੍ਰਾਪਤੀ ਦਾ ਨਹੀਂ, ਸਗੋਂ ਉਨ੍ਹਾਂ ਖ਼ਿਲਾਫ਼ ਕੀਤੀ ਗਈ ਸਾਜ਼ਿਸ਼ ਦੀ ਨੁਮਾਇੰਦਗੀ ਕਰਦਾ ਹੈ। ਖ਼ੁਦਕੁਸ਼ੀ ਨਾਲ ਜੋੜ ਕੇ ਸੰਵੇਦਨਾ ਨੂੰ ਹਲੂਣਾ ਦਿੱਤਾ ਜਾ ਸਕਦਾ ਹੈ, ਕਿਉਂਕਿ ਇਹ ਜ਼ਿੰਦਗੀ ਦੀ ਡੋਰ ਆਪਣੇ ਹੱਥੀਂ ਤੋੜਨ ਦਾ ਹਾਦਸਾ ਹੈ, ਪਰ ਇਸ ਹਾਦਸੇ ਦੇ ਖ਼ਦਸ਼ਿਆਂ ਨੂੰ ਮੁਖਾਤਬ ਹੋਣ ਦਾ ਸੁਆਲ ਸੰਵੇਦਨਾ ਤੋਂ ਅੱਗੇ ਜਾ ਕੇ ਦਰਦਮੰਦੀ ਨਾਲ ਜ਼ਿਆਦਾ ਜੁੜਦਾ ਹੈ। ਮਨੁੱਖ ਨੂੰ ਜ਼ਿੰਦਗੀ ਨਾਲ ਜੋੜਨ ਵਾਲੀ ਸਿਆਸਤ ਇੱਕੋ ਵੇਲੇ ਫੌਰੀ ਰਾਹਤ ਅਤੇ ਚਿਰਕਾਲੀ ਵਿਉਂਤਬੰਦੀ ਰਾਹੀਂ ਹੀ ਹੋ ਸਕਦੀ ਹੈ। ਟੈਲੀਵਿਜ਼ਨ ਦੀ ਬਹਿਸ ਵਿਚ ਜਿੱਤ-ਹਾਰ ਤੈਅ ਕਰਨ ਜਾਂ ਸ਼ਰਧਾਂਜਲੀਆਂ ਉੱਤੇ ਮੁਆਵਜ਼ੇ ਦੀ ਰਕਮ ਨਾਲ ਕੀਤੀ ਜਾਣ ਵਾਲੀ ਸਿਆਸਤ ਦਰਦਮੰਦੀ ਦੀ ਸਿਆਸਤ ਨਹੀਂ ਹੋ ਸਕਦੀ। ਦਰਦਮੰਦੀ ਜਦੋਂ ਗਜੇਂਦਰ ਦੇ ਦੋਸਤਾਂ ਨਾਲ ਵਿਸ਼ੇਸ਼ਣ ਵਜੋਂ ਜੁੜੇਗੀ ਤਾਂ ਉਸ ਦੇ ਘਰ ਨੂੰ ਜਾਂਦਾ ਰਾਹ ਸਾਫ਼ ਹੋਵੇਗਾ।