ਗਜੇਂਦਰ ‘ਚੋਂ ਨੱਥਾ ਲੱਭਣ ਵਾਲੀ ਲੋਕਾਈ ਕਦੋਂ ਜਾਗੇਗੀ?

-ਜਤਿੰਦਰ ਪਨੂੰ
ਪੱਤਰਕਾਰੀ ਦੇ ਖੇਤਰ ਵਿਚ ‘ਸੁਰਖੀ’ ਵਜੋਂ ਪੇਸ਼ ਕੀਤੀ ਜਾਣ ਵਾਲੀ ਪਹਿਲੀ ਖਬਰ ਨੂੰ ਇਸ ਕਰ ਕੇ ਮਹੱਤਵ ਦਿੱਤਾ ਜਾਂਦਾ ਹੈ ਕਿ ਬਹੁਤੇ ਲੋਕਾਂ ਨੇ ਬਾਕੀ ਦੇ ਅਖਬਾਰ ਨੂੰ ਪੜ੍ਹਨ ਜਾਂ ਛੱਡ ਦੇਣ ਦਾ ਫੈਸਲਾ ਇਹੋ ਖਬਰ ਵੇਖਣ ਪਿੱਛੋਂ ਕਰਨਾ ਹੁੰਦਾ ਹੈ। ਇਸ ਲਈ ਨਿੱਤ ਦਿਨ ਖਬਰਾਂ ਦਾ ਕੰਮ ਕਰਦੇ ਪੱਤਰਕਾਰ ਵੀ ਕਈ ਵਾਰੀ ਇਸੇ ਮਾਨਸਿਕਤਾ ਦੇ ਚੱਕਰ ਵਿਚ ਫਸ ਕੇ ਸਾਰਾ ਧਿਆਨ ਮੁੱਖ ਖਬਰ ਦਾ ਮੁੱਖ ਨੁਕਤਾ ਘੜਨ ਉਤੇ ਲਾ ਛੱਡਦੇ ਹਨ।

ਲੀਹੋਂ ਲਾਹ ਦੇਣ ਵਾਲੀ ਇਸ ਮਾਨਸਿਕਤਾ ਵਿਚ ਘਟਨਾਵਾਂ ਦਾ ਸਧਾਰਨੀਕਰਨ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਕਿਸੇ ਪੁਰਾਣੀ ਪ੍ਰਸਿੱਧੀ ਖੱਟ ਚੁੱਕੀ ਘਟਨਾ ਨਾਲ ਜੋੜਨ ਦਾ ਯਤਨ ਵੀ ਹੁੰਦਾ ਹੈ। ਕਿਸੇ ਥਾਂ ਰੇਲ ਗੱਡੀ ਦੇ ਡੱਬੇ ਨੂੰ ਅੱਗ ਲੱਗਣ ਵਾਲੀ ਖਬਰ ਆਵੇ ਤਾਂ ਖਬਰ ਨੂੰ ਤੜਕਾ ਲਾਉਣ ਵਾਂਗ ਫਿਲਮ ‘ਬਰਨਿੰਗ ਟਰੇਨ’ ਦਾ ਹਵਾਲਾ ਦਿੱਤਾ ਜਾਂਦਾ ਹੈ। ਦਿੱਲੀ ਵਿਚ ਹੁਣ ਜਦੋਂ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ ਤਾਂ ਇਹ ਖਬਰ ‘ਪੀਪਲੀ ਲਾਈਵ’ ਫਿਲਮ ਵਿਚ ‘ਨੱਥਾ’ ਦੇ ਪਾਤਰ ਨਾਲ ਜੋੜ ਕੇ ਕਈ ਪੱਤਰਕਾਰਾਂ ਨੇ ਪੇਸ਼ ਕੀਤੀ ਹੈ। ਇਸ ਤਰ੍ਹਾਂ ਸਧਾਰਨੀਕਰਨ ਕਰਨ ਦੇ ਚੱਕਰ ਵਿਚ ਇਸ ਖਬਰ ਦੀ ਹਕੀਕੀ ਗੰਭੀਰਤਾ ਘਟ ਜਾਂਦੀ ਹੈ ਤੇ ਪਾਠਕ ਨੂੰ ਉਸ ਪੁਰਾਣੇ ਕਿਰਦਾਰ ਦਾ ਚੇਤਾ ਵੱਧ ਆਈ ਜਾਂਦਾ ਹੈ।
ਸੋਵੀਅਤ ਯੂਨੀਅਨ ਵਿਚ ਨਿਕੋਲਾਈ ਅਮੋਸੋਵ ਦਿਲ ਦੇ ਰੋਗਾਂ ਦਾ ਡਾਕਟਰ ਹੁੰਦਾ ਸੀ। ਉਹ ਇੱਕ ਛੋਟੀ ਜਿਹੀ ਬੱਚੀ ਦੇ ਦਿਲ ਦੇ ਅਪਰੇਸ਼ਨ ਤੋਂ ਪਹਿਲਾਂ ਜਦੋਂ ਉਸ ਨੂੰ ਮਿਲਿਆ ਤਾਂ ਉਸ ਦੀ ਮਾਸੂਮੀਅਤ, ਉਸ ਦੀਆਂ ਗੱਲਾਂ ਅਤੇ ਉਸ ਦੇ ਅਪਰੇਸ਼ਨ ਦੀ ਗੁੰਝਲਦਾਰ ਸਥਿਤੀ ਬਾਰੇ ਸੋਚਦਾ ਵਹਿਣ ਵਿਚ ਏਨਾ ਵਹਿੰਦਾ ਗਿਆ ਕਿ ਲੇਖਕ ਬਣ ਗਿਆ। ‘ਬਾਤਾਂ ਦਿਲ ਦਿਮਾਗ ਦੀਆਂ’ ਲਿਖਣ ਵਾਲੇ ਅਮੋਸੋਵ ਵਾਂਗ ਜਲੰਧਰ ਵਿਚ ਡਾਕਟਰ ਸੁਰਿੰਦਰ ਸਿੰਘ ਸਿੱਧੂ ਪਤਾ ਨਹੀਂ ਕਿਸ ਵਹਿਣ ਵਿਚ ਵਗਿਆ ਕਿ ਉਸ ਨੇ ਕਿਸਾਨੀ ਦੇ ਦੁੱਖਾਂ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਉਤੇ ਪੂਰੀ ਕਿਤਾਬ ‘ਕਿਸਾਨ ਖੁਦਕੁਸ਼ੀਆਂ’ ਲਿਖ ਦਿੱਤੀ। ਕਿਤਾਬ ਦੀ ਛਪਾਈ ਤੇ ਸ਼ਬਦਾਂ ਦੀਆਂ ਗਲਤੀਆਂ ਚੁਭ ਸਕਦੀਆਂ ਹਨ, ਪਰ ਜੇ ਕਿਸੇ ਨੇ ਭਾਰਤ ਦੇ ਕਿਸਾਨਾਂ ਦੀ ਅਸਲੀ ਹਾਲਤ ਸਮਝਣੀ ਹੋਵੇ ਤਾਂ ਕੁਝ ਸਾਲ ਪਹਿਲਾਂ ਦੀ ਉਹ ਕਿਤਾਬ ਪੜ੍ਹ ਲਵੇ, ਦਿੱਲੀ ਵਿਚ ਹੋਈ ਗਜੇਂਦਰ ਸਿੰਘ ਦੀ ਖੁਦਕੁਸ਼ੀ ਦੀ ਕਹਾਣੀ ਵੀ ਸਮਝ ਆ ਜਾਵੇਗੀ। ਖੁਦਕੁਸ਼ੀ ਕਰਨ ਵਾਲਾ ਗਜੇਂਦਰ ਸਿੰਘ ਜਿਵੇਂ ਕਿਸਾਨਾਂ ਨੂੰ ਖੁਦਕੁਸ਼ੀਆਂ ਦੀ ਥਾਂ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦਾ ਆਪ ਇਸੇ ਵਹਿਣ ਦਾ ਸ਼ਿਕਾਰ ਹੋਇਆ ਹੈ। ਕਈ ਸਾਲ ਪਹਿਲਾਂ ਛਪੀ ਉਸ ਕਿਤਾਬ ਵਿਚ ਕ੍ਰਿਸ਼ਨਾ ਕੁਲੰਭ ਨਾਂ ਦੇ ਮਹਾਰਾਸ਼ਟਰ ਦੇ ਕਿਸਾਨ ਆਗੂ ਦੀ ਸੱਚੀ ਕਹਾਣੀ ਦਰਜ ਹੈ, ਜਿਹੜਾ ਹੋਰ ਲੋਕਾਂ ਨੂੰ ਸੰਘਰਸ਼ ਦੀ ਪ੍ਰੇਰਨਾ ਦਿੰਦਾ ਇਕ ਦਿਨ ਉਨ੍ਹਾਂ ਵਾਂਗ ਔਕੜਾਂ ਅੱਗੇ ਹਾਰ ਮੰਨ ਕੇ ਖੁਦਕੁਸ਼ੀ ਕਰ ਗਿਆ ਸੀ। ਉਹ ਉਸੇ ਕਹਿਰ ਕਥਾ ਦਾ ਪਾਤਰ ਬਣ ਗਿਆ, ਜਿਹੜੀ ਇਸ ਦੇਸ਼ ਦੇ ਕਿਸਾਨਾਂ ਨੂੰ ਪੀੜ ਰਹੀ ਹੈ। ਦਿੱਲੀ ਬੇਰਹਿਮ ਹੁੰਦੀ ਸੀ, ਅੱਜ ਵੀ ਬੇਰਹਿਮ ਹੈ ਅਤੇ ਅੱਗੋਂ ਵੀ ਰਹੇਗੀ, ਪਰ ਦਿੱਲੀ ਦਾ ਭਾਵ ਦਿੱਲੀ ਦੇ ਲੋਕ ਨਹੀਂ, ਦਿੱਲੀ ਵਿਚ ਚੱਲਦੀ ਉਹ ਬੇਰਹਿਮ ਹਕੂਮਤ ਹੈ, ਜਿਸ ਦਾ ਪ੍ਰਤੀਕ ਕਦੇ ਲਾਲ ਕਿਲ੍ਹਾ ਹੁੰਦਾ ਸੀ ਤੇ ਹੁਣ ਖੋਟੀ ਅਠਿਆਨੀ ਵਾਂਗ ਗੋਲ ਜਾਪਦਾ ਸੰਸਦ ਭਵਨ ਹੈ, ਜਿੱਥੇ ਲੋਕਾਂ ਦੇ ਭਲੇ ਦੇ ਨਾਂ ‘ਤੇ ਆਮ ਲੋਕਾਂ ਦਾ ਖੂਨ ਚੂਸਣ ਵਾਲੀਆਂ ਜੋਕਾਂ ਦੇ ਹਿੱਤਾਂ ਲਈ ਚਿੰਤਾ ਕੀਤੀ ਜਾਂਦੀ ਹੈ।
ਦਿੱਲੀ ਵਿਚ ਗਜੇਂਦਰ ਸਿੰਘ ਦੀ ਖੁਦਕੁਸ਼ੀ ਬਾਰੇ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ। ਉਸ ਘਟਨਾ ਬਾਰੇ ਏਨਾ ਕਹਿ ਦੇਣਾ ਕਾਫੀ ਹੈ ਕਿ ਆਮ ਆਦਮੀ ਪਾਰਟੀ ਦੇ ਨਾਂ ਹੇਠ ਇਕੱਠੀ ਹੋਈ ਅਕਲ ਦੇ ਅੰਨ੍ਹਿਆਂ ਦੀ ਮੁੰਡ੍ਹੀਰ ਨੇ ਬਦੋਬਦੀ ਆਪਣੇ ਆਪ ਨੂੰ ਕਟਹਿਰੇ ਵਿਚ ਖੜੇ ਕਰ ਲਿਆ ਹੈ। ਘਟਨਾ ਤੋਂ ਪਿੱਛੋਂ ਮੀਡੀਏ ਦੇ ਸਵਾਲਾਂ ਦਾ ਸਾਹਮਣਾ ਕਰਨ ਵੇਲੇ ਜ਼ਬਾਨ ਉਤੇ ਕਾਬੂ ਨਾ ਰੱਖਣ ਕਾਰਨ ਹੁਣ ਮੁਆਫੀਆਂ ਮੰਗਦੇ ਅਤੇ ਅੱਥਰੂ ਵਗਾਉਂਦੇ ਫਿਰਦੇ ਹਨ। ਜਿਸ ਰਾਜਸਥਾਨ ਤੋਂ ਗਜੇਂਦਰ ਸਿੰਘ ਖੁਦਕੁਸ਼ੀ ਕਰਨ ਦਿੱਲੀ ਆਇਆ ਸੀ, ਉਥੋਂ ਦੀ ਮੁੱਖ ਮੰਤਰੀ ਪਿੱਛੋਂ ਗਵਾਲੀਅਰ ਦੇ ਰਾਜ ਘਰਾਣੇ ਦੀ ਰਾਜਕੁਮਾਰੀ ਤੇ ਅੱਗੋਂ ਰਾਜਪੁਤਾਨੇ ਦੀ ਧੌਲਪੁਰ ਰਿਆਸਤ ਦੇ ਰਾਜੇ ਦੀ ਨੂੰਹ ਹੈ। ਇਸ ਲਈ ਪਰਜਾ ਬਾਰੇ ਓਨੀ ਕੁ ਚਿੰਤਾ ਕਰਦੀ ਹੈ, ਜਿੰਨੀ ਰਾਜੇ ਕਰਦੇ ਹੁੰਦੇ ਹਨ। ਗਜੇਂਦਰ ਸਿੰਘ ਦੇ ਖੁਦਕੁਸ਼ੀ ਕਰ ਜਾਣ ਤੋਂ ਦੋ ਦਿਨ ਪਿੱਛੋਂ ਵੀ ਕਿਸੇ ਰਾਹਤ ਦਾ ਐਲਾਨ ਕਰਨਾ ਤਾਂ ਦੂਰ, ਮਹਾਰਾਣੀ ਉਸ ਪੀੜਤ ਪਰਿਵਾਰ ਲਈ ਹਮਦਰਦੀ ਦੇ ਦੋ ਸ਼ਬਦ ਨਹੀਂ ਬੋਲੀ ਤੇ ਦਿੱਲੀ ਦਾ ਮੁੱਖ ਮੰਤਰੀ ਸਿਰਫ ਆਪਣਾ ਭਾਸ਼ਣ ਜਾਰੀ ਰੱਖਣ ਦੀ ਗਲਤੀ ਪਿੱਛੋਂ ਉਸ ਪਰਿਵਾਰ ਨੂੰ ਦਸ ਲੱਖ ਰੁਪਏ ਦੀ ਸਹਾਇਤਾ ਦਾ ਚੈਕ ਤੇ ਮੁਆਫੀ ਪੇਸ਼ ਕਰ ਕੇ ਵੀ ਕਟਹਿਰੇ ਵਿਚ ਹੈ। ਕਟਹਿਰੇ ਵਿਚ ਉਹ ਇਸ ਕਰ ਕੇ ਵੀ ਹੈ ਕਿ ਭਾਰਤੀ ਮੀਡੀਆ ਦੇਸ਼ ਦੀ ਰਾਜ ਕਰਦੀ ਧਿਰ ਤੇ ਉਸ ਦੇ ਪਿੱਛੇ ਖੜੇ ਕਾਰਪੋਰੇਟ ਘਰਾਣਿਆਂ ਦੇ ਪ੍ਰਭਾਵ ਹੇਠ ਹੈ। ਜੇ ਅਜਿਹਾ ਨਾ ਹੋਵੇ ਤਾਂ ਇੱਕ ਸਵਾਲ ਦਾ ਜਵਾਬ ਮੀਡੀਏ ਨੂੰ ਵੀ ਦੇਣਾ ਚਾਹੀਦਾ ਹੈ। ਜਦੋਂ ਲੋਕ ਸਭਾ ਚੋਣਾਂ ਹੋਣੀਆਂ ਸਨ, ਪ੍ਰਧਾਨ ਮੰਤਰੀ ਬਣਨ ਵਾਸਤੇ ਨਰਿੰਦਰ ਮੋਦੀ ਚੌਵੀ ਘੰਟੇ ਘੁੰਮ ਰਿਹਾ ਸੀ, ਉਦੋਂ ਇੱਕ ਜਲਸਾ ਬਿਹਾਰ ਦੀ ਰਾਜਧਾਨੀ ਪਟਨੇ ਵਿਚ ਹੋਇਆ ਸੀ। ਗਾਂਧੀ ਮੈਦਾਨ ਦੇ ਇੱਕ ਪਾਸੇ ਨਰਿੰਦਰ ਮੋਦੀ ਦਾ ਭਾਸ਼ਣ ਚੱਲਦਾ ਪਿਆ ਸੀ, ਉਸੇ ਗਾਂਧੀ ਮੈਦਾਨ ਦੇ ਦੂਸਰੇ ਖੂੰਜੇ ਬੰਬ ਚੱਲ ਗਿਆ ਤੇ ਕੁਝ ਲੋਕ ਮਾਰੇ ਜਾਣ ਦਾ ਦੁਖਾਂਤ ਵਾਪਰ ਗਿਆ। ਐਂਬੂਲੈਂਸਾਂ ਆਈਆਂ ਅਤੇ ਮ੍ਰਿਤਕਾਂ ਤੇ ਜ਼ਖਮੀਆਂ ਨੂੰ ਚੁੱਕ ਕੇ ਲੈ ਗਈਆਂ, ਪਰ ਨਰਿੰਦਰ ਮੋਦੀ ਦਾ ਭਾਸ਼ਣ ਓਦਾਂ ਹੀ ਚੱਲਦਾ ਰਿਹਾ ਸੀ। ਦਿੱਲੀ ਦੀ ਚਰਚਾ ਦੌਰਾਨ ਉਸ ਪਟਨੇ ਵਾਲੀ ਕਹਾਣੀ ਦਾ ਕਿਸੇ ਨੂੰ ਚੇਤਾ ਹੀ ਨਹੀਂ ਆ ਆਇਆ।
ਗਜੇਂਦਰ ਸਿੰਘ ਦੀ ਖੁਦਕੁਸ਼ੀ ਜਿਸ ਰੁੱਖ ਉਤੇ ਹੋਈ, ਉਸ ਦੇ ਕੋਲ ਪੁਲਿਸ ਵਾਲਿਆਂ ਦੀ ਢਾਣੀ ਖੜੀ ਸੀ, ਪਰ ਉਨ੍ਹਾਂ ਵਿਚੋਂ ਕਿਸੇ ਨੇ ਗਜੇਂਦਰ ਨੂੰ ਰੋਕਿਆ ਹੀ ਨਹੀਂ। ਕੇਂਦਰ ਸਰਕਾਰ ਕਹਿੰਦੀ ਹੈ ਕਿ ਦਿੱਲੀ ਪੁਲਿਸ ਇਸ ਘਟਨਾ ਦੀ ਜਾਂਚ ਕਰੇਗੀ। ਜਾਂਚ ਦੀ ਜੋ ਰਿਪੋਰਟ ਆਵੇਗੀ, ਉਹ ਸਾਨੂੰ ਹੁਣੇ ਪਤਾ ਹੈ। ਜਿਸ ਪੁਲਿਸ ਨੇ ਇਹ ਜਾਂਚ ਕਰਨੀ ਹੈ, ਉਸ ਦੇ ਨਾਂ ਦੀ ਕਹਾਣੀ ਫੋਲੀ ਜਾਵੇ ਤਾਂ ਗੱਲ ਸਮਝ ਆ ਸਕਦੀ ਹੈ। ਯੂਨਾਨੀ ਸੱਭਿਅਤਾ ਤੋਂ ਤੁਰਦਾ ਹੋਇਆ ਮਿਡਲ ਫਰੈਂਚ ਤੱਕ ਇਹ ਸ਼ਬਦ ਪਾਲਿਸੀ ਦੀ ਕੁੱਖੋਂ ਨਿਕਲ ਕੇ ਪੁਲਿਸ ਬਣਿਆ ਹੈ। ਇਸ ਦਾ ਅਰਥ ਇਹੋ ਜਿਹੀ ਫੋਰਸ ਹੁੰਦਾ ਹੈ, ਜਿਹੜੀ ਮੌਕੇ ਦੀ ਰਾਜ ਸ਼ਕਤੀ ਦੀ ਪਾਲਸੀ ਲਾਗੂ ਕਰਨ ਲਈ ਸਹਾਇਕ ਹੁੰਦੀ ਹੈ। ਮਿਸਾਲ ਸਮਝਣੀ ਹੋਵੇ ਤਾਂ ਇਥੋਂ ਮਿਲਦੀ ਹੈ ਕਿ ਲੁਧਿਆਣੇ ਵਾਲੇ ਬੈਂਸ ਭਰਾ ਜੇ ਰਾਜ ਸਰਕਾਰ ਦੇ ਨਾਲ ਹੋਣ ਤਾਂ ਅਦਾਲਤ ਵਿਚ ਮੈਜਿਸਟਰੇਟ ਨੂੰ ਕੁੱਟਣ ਦਾ ਕੇਸ ਵੀ ਨਹੀਂ ਬਣਦਾ ਤੇ ਜਦੋਂ ਸਰਕਾਰ ਦਾ ਵਿਰੋਧ ਕਰਨ ਲੱਗ ਜਾਣ ਤਾਂ ਰੇਤ ਦੀ ਟਰਾਲੀ ਚੁੱਕਣ ਤੋਂ ਵੀ ਇਰਾਦਾ ਕਤਲ ਦਾ ਕੇਸ ਬਣਾਇਆ ਜਾਂਦਾ ਹੈ। ਪੁਲਿਸ ਉਹੋ ਕੁਝ ਕਰਦੀ ਹੈ, ਜੋ ਰਾਜ ਸ਼ਕਤੀ ਕਹਿੰਦੀ ਹੈ ਤੇ ਇਹੋ ਕੁਝ ਦਿੱਲੀ ਪੁਲਿਸ ਨੇ ਜਾਂਚ ਦੌਰਾਨ ਕਰਨਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਰਿਪੋਰਟ ਦੇਣ ਲਈ ਪੁਲਿਸ ਤੱਥ ਇਕੱਠੇ ਕਰਨ ਲੱਗ ਪਈ ਹੈ, ਪਰ ਜਿਹੜੀ ਮੈਜਿਸਟਰੇਟੀ ਜਾਂਚ ਅਰਵਿੰਦ ਕੇਜਰੀਵਾਲ ਨੇ ਬਿਠਾਈ ਹੈ, ਉਸ ਨਾਲ ਤਾਲਮੇਲ ਤੋਂ ਵੀ ਇਨਕਾਰ ਕਰ ਦਿੱਤਾ ਹੈ। ਗੋਧਰਾ ਵਿਚ ਜਦੋਂ ਰੇਲ ਡੱਬਾ ਸੜਿਆ ਤਾਂ ਇਕ ਜਾਂਚ ਕਮਿਸ਼ਨ ਰੇਲ ਮੰਤਰੀ ਲਾਲੂ ਪ੍ਰਸਾਦ ਨੇ ਤੇ ਦੂਸਰਾ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਬਣਾਇਆ ਸੀ। ਦੋਵਾਂ ਦੀਆਂ ਵੱਖੋ-ਵੱਖ ਰਿਪੋਰਟਾਂ ਆ ਗਈਆਂ ਸਨ, ਸੱਚ ਸਾਹਮਣੇ ਨਹੀਂ ਸੀ ਆ ਸਕਿਆ।
ਗੱਲ ਗਜੇਂਦਰ ਸਿੰਘ ਜਾਂ ਉਸ ਦੀ ਖੁਦਕੁਸ਼ੀ ਦੀ ਨਹੀਂ, ਸਗੋਂ ਇਹ ਲੱਭੀ ਜਾਣ ਵਾਲੀ ਹੈ ਕਿ ਇਸ ਦਾ ਕਾਰਨ ਕੀ ਸੀ ਤੇ ਹੱਲ ਕੀ ਹੋਵੇ? ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣ ਕੇ ਆਂਧਰਾ ਪ੍ਰਦੇਸ਼ ਦੇ ਉਸ ਪਿੰਡ ਦਾ ਦੌਰਾ ਕਰਨ ਗਿਆ ਸੀ, ਜਿੱਥੇ ਭਾਰਤ ਦੇ ਕਿਸੇ ਵੀ ਹੋਰ ਪਿੰਡ ਨਾਲੋਂ ਵੱਧ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ। ਹੋਇਆ ਕੀ? ਉਸ ਨੇ ਇਹ ਨਹੀਂ ਸੀ ਕਿਹਾ ਕਿ ਅਸੀਂ ਇਦਾਂ ਦੀ ਨੀਤੀ ਬਣਾਵਾਂਗੇ ਕਿ ਕਿਸਾਨਾਂ ਨੂੰ ਖੁਦਕੁਸ਼ੀ ਨਾ ਕਰਨੀ ਪਵੇ, ਸਗੋਂ ਇਹ ਕਹਿ ਦਿੱਤਾ ਸੀ ਕਿ ਜਿੱਥੇ ਕੋਈ ਕਿਸਾਨ ਖੁਦਕੁਸ਼ੀ ਕਰ ਗਿਆ ਹੈ, ਉਸ ਦੇ ਪਰਿਵਾਰ ਦੀ ਜ਼ਿਮੇਵਾਰੀ ਮੇਰੀ ਸਰਕਾਰ ਆਪਣੇ ਸਿਰ ਲਵੇਗੀ। ਨਤੀਜਾ ਇਹ ਨਿਕਲਿਆ ਕਿ ਅਗਲੇ ਦਿਨੀਂ ਖੁਦਕੁਸ਼ੀਆਂ ਵਧ ਗਈਆਂ ਸਨ। ਕਈ ਕਿਸਾਨਾਂ ਨੇ ਇਹ ਸਮਝ ਲਿਆ ਕਿ ਸਰਕਾਰ ਸਿਰਫ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਬਾਰੇ ਸੋਚੇਗੀ, ਇਸ ਲਈ ਆਪ ਮਰ ਵੀ ਜਾਈਏ ਤਾਂ ਕੋਈ ਫਰਕ ਨਹੀਂ ਪੈਂਦਾ, ਘੱਟੋ-ਘੱਟ ਪਰਿਵਾਰ ਹੀ ਸੌਖਾ ਹੋ ਜਾਵੇਗਾ।
ਕਿਸਾਨਾਂ ਦਾ ਭਲਾ ਤਦੇ ਹੋ ਸਕਦਾ ਹੈ, ਜੇ ਪਹਿਲਾਂ ਇਸ ਦਾ ਕਾਰਨ ਲੱਭਿਆ ਜਾਵੇ। ਪੰਜਾਬ ਦਾ ਜਾਂ ਭਾਰਤ ਦਾ ਕੋਈ ਪਿੰਡ ਇਹੋ ਜਿਹਾ ਨਹੀਂ, ਜਿਸ ਵਿਚ ਛੱਪੜ ਨਹੀਂ ਹੁੰਦਾ। ਜਦੋਂ ਸਾਡੇ ਵੱਡਿਆਂ ਨੇ ਪਿੰਡ ਵਸਾਉਣੇ ਸਨ ਤਾਂ ਘਰ ਉਸਾਰਨ ਲਈ ਕੱਚੀਆਂ ਇੱਟਾਂ ਅਤੇ ਗਾਰੇ ਲਈ ਮਿੱਟੀ ਚਾਹੀਦੀ ਸੀ। ਜਿੱਥੋਂ ਮਿੱਟੀ ਪੁੱਟ ਲਈ, ਓਥੇ ਛੱਪੜ ਬਣਦਾ ਗਿਆ ਤੇ ਜਿੱਥੇ ਲਾਈ ਸੀ, ਉਹ ਘਰ ਬਣ ਗਏ। ਘਰ ਜਦੋਂ ਉਚੇ ਹੋਏ ਤਾਂ ਛੱਪੜ ਹੋਰ ਡੂੰਘਾ ਹੋ ਗਿਆ। ਸੰਸਾਰ ਦੇ ਦਸ ਸਿਖਰਲੇ ਅਮੀਰ ਘਰਾਣਿਆਂ ਵਿਚ ਜਦੋਂ ਭਾਰਤ ਦੇ ਕਦੇ ਤਿੰਨ ਤੇ ਕਦੇ ਚਾਰ ਘਰਾਣੇ ਸ਼ਾਮਲ ਹੁੰਦੇ ਹਨ ਤਾਂ ਇਹ ਉਹੋ ਘਰਾਣੇ ਹੁੰਦੇ ਹਨ, ਜਿਨ੍ਹਾਂ ਦੇ ਧੌਲਰ ਉਸਾਰਨ ਦੇ ਚੱਕਰ ਵਿਚ ਸਾਰਾ ਭਾਰਤ ਛੱਪੜ ਬਣ ਗਿਆ ਹੈ।
ਯੂਨਾਨੀ ਸੱਭਿਅਤਾ ਵੇਲੇ ਦੀ ਇੱਕ ਲੋਕ ਕਥਾ ਕੁਝ ਸਾਲ ਪਹਿਲਾਂ ਇਕ ਰਸਾਲੇ ਵਿਚ ਛਪੀ ਸੀ। ਇਕ ਬੜਾ ਜ਼ਾਲਮ ਰਾਜਾ ਹੋਇਆ ਕਰਦਾ ਸੀ ਤੇ ਕਿਸੇ ਵੀ ਬੰਦੇ ਨੂੰ ਕਿਸੇ ਵੇਲੇ ਵੀ ਮਾਰ ਸਕਦਾ ਸੀ। ਇਕ ਦਿਨ ਉਸ ਰਾਜੇ ਨੇ ਇੱਕ ਗਰੀਬ ਤਰਖਾਣ ਦਾ ਪੁੱਤਰ ਮਾਰ ਦਿੱਤਾ। ਰਾਜੇ ਅੱਗੇ ਕਦੇ ਕੋਈ ਬੋਲਿਆ ਨਹੀਂ ਸੀ। ਗਰੀਬ ਤਰਖਾਣ ਪਿੰਡ ਦੇ ਵਿਚਾਲੇ ਜਾ ਖੜੋਤਾ ਤੇ ਟੱਲ ਖੜਕਾ ਕੇ ਪਿੰਡ ਇਕੱਠਾ ਕਰਨ ਪਿੱਛੋਂ ਕਹਿਣ ਲੱਗਾ, ਮੈਨੂੰ ਪਤਾ ਹੈ, ਤੁਸੀਂ ਰਾਜੇ ਦੇ ਡਰ ਕਾਰਨ ਮੇਰੇ ਨਾਲ ਨਹੀਂ ਤੁਰ ਸਕਦੇ, ਨਾ ਤੁਰੋ, ਪੁੱਤਰ ਮਰਨ ਪਿੱਛੋਂ ਮੈਂ ਜੀਉਂ ਕੇ ਕੀ ਕਰਨਾ ਹੈ, ਮਰਨ ਤੋਂ ਪਹਿਲਾਂ ਰਾਜੇ ਦੇ ਮਹਿਲ ਨੂੰ ਆਪਣੇ ਤੇਸੇ ਦਾ ਇੱਕ ਟੱਕ ਮਾਰਨ ਚੱਲਿਆ ਹਾਂ, ਜਿਸ ਨੇ ਵੇਖਣਾ ਹੈ, ਆ ਜਾਓ। ਉਹ ਤੁਰਿਆ ਤਾਂ ਲੋਕ ਉਸ ਦਾ ਹਸ਼ਰ ਵੇਖਣ ਲਈ ਪਿੱਛੇ ਤੁਰ ਪਏ। ਹਰ ਪਿੰਡ ਤੋਂ ਤਮਾਸ਼ਬੀਨ ਰਲਦੇ ਗਏ। ਰਾਜੇ ਦੇ ਮਹਿਲ ਨੇੜੇ ਪੁੱਜਣ ਤੱਕ ਕਾਫਲਾ ਬਣ ਗਿਆ, ਜਿਹੜਾ ਤਮਾਸ਼ਬੀਨਾਂ ਦਾ ਕਾਫਲਾ ਨਾ ਰਿਹਾ, ਰਾਜੇ ਦਾ ਤ੍ਰਾਹ ਕੱਢਣ ਵਾਲੇ ਲੋਕਾਂ ਦਾ ਕਾਫਲਾ ਬਣ ਗਿਆ। ਉਦੋਂ ਲੋਕ ਜਿੱਤ ਗਏ ਸਨ, ਰਾਜ-ਸ਼ਕਤੀ ਡਿੱਗ ਪਈ ਸੀ। ਭਾਰਤ ਦੇ ਲੋਕ ਵੀ ਅਜੇ ਉਸ ਰਾਜ ਵਿਚ ਵੱਸਦੇ ਰਾਜੇ ਦਾ ਜ਼ੁਲਮ ਸਹਿਣ ਵਾਲੀ ਪਰਜਾ ਬਣੇ ਹੋਏ ਹਨ, ਇਸ ਲਈ ਇਹ ਵਰਤਾਰਾ ਚੱਲ ਰਿਹਾ ਹੈ। ਇੱਕ ਦਿਨ ਇਹੋ ਜਿਹਾ ਆਵੇਗਾ, ਜਦੋਂ ਕੋਈ ਗਰੀਬੜਾ ਭਾਰਤ ਦੇ ਉਨ੍ਹਾਂ ‘ਟਾਪ-ਟੈਨ’ ਕਹਾਉਂਦੇ ਧੌਲਰਾਂ ਦੇ ਕਿੰਗਰੇ ਢਾਹੁਣ ਲਈ ਤੁਰ ਪਵੇਗਾ, ਜਿਨ੍ਹਾਂ ਨੂੰ ਏਨੀ ਮਿੱਟੀ ਲੱਗੀ ਹੋਈ ਹੈ ਕਿ ਭਾਰਤ ਛੱਪੜ ਬਣ ਕੇ ਰਹਿ ਗਿਆ ਹੈ। ਹਸ਼ਰ ਦੇ ਉਸ ਦਿਨ ਤੱਕ ਅਸੀਂ ਇੱਕ ਜਾਂ ਦੂਸਰੇ ਗਜੇਂਦਰ ਵਿਚੋਂ ‘ਪੀਪਲੀ ਲਾਈਵ’ ਦਾ ਨੱਥਾ ਲੱਭਾਂਗੇ ਅਤੇ ਆਪਣਾ ਮੱਥਾ ਪਿੱਟਾਂਗੇ। ਕੋਈ ਨਹੀਂ ਜਾਣਦਾ ਕਿ ਕਦੋਂ ਆਵੇਗਾ ਉਹ ਦਿਨ, ਕਦੋਂ, ਕਦੋਂ ਤੇ ਆਖਰ ਕਦੋਂ?