ਵਿਵਾਦਾਂ ਵਿਚ ਘਿਰੀ ਫਿਲਮ ‘ਨਾਨਕ ਸ਼ਾਹ ਫਕੀਰ’ ਫਿਲਹਾਲ ਵਾਪਸ ਲੈ ਲਈ ਗਈ ਹੈ। ਇਸ ਫਿਲਮ ਦੇ ਹੱਕ ਅਤੇ ਵਿਰੋਧ ਵਿਚ ਹੁਣ ਤੱਕ ਬੜਾ ਕੁਝ ਲਿਖਿਆ/ਬੋਲਿਆ ਗਿਆ ਹੈ। ਸ਼ ਮਝੈਲ ਸਿੰਘ ਸਰਾਂ ਨੇ ਇਸ ਫਿਲਮ ਬਾਰੇ ਆਪਣੀ ਇਹ ਟਿੱਪਣੀ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਕੀਤੀ ਹੈ ਅਤੇ ਸਿੱਖੀ ਨੂੰ ਸੰਨ੍ਹ ਲਾਉਣ ਦਾ ਯਤਨ ਕਰਨ ਵਾਲਿਆਂ ਦੀ ਨਿਸ਼ਾਨਦੇਹੀ ਕਰਦਿਆਂ ਸਮੁੱਚੇ ਸਿੱਖ ਜਗਤ ਨੂੰ ਇਸ ਬਾਬਤ ਸੁਚੇਤ ਕੀਤਾ ਹੈ।
ਉਨ੍ਹਾਂ ਸਿਨੇਮਾ ਰਾਹੀਂ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਵਿਚਾਰਾਂ ਦੀ ਚੀਰ-ਫਾੜ ਵੀ ਕੀਤੀ ਹੈ ਅਤੇ ਨਾਲ ਹੀ ਸਿੱਖੀ ਦੇ ਪ੍ਰਚਾਰ ਵਿਚ ਪਛੜ ਰਹੀਆਂ ਮੋਹਰੀ ਸੰਸਥਾਵਾਂ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਹੈ। -ਸੰਪਾਦਕ
ਮਝੈਲ ਸਿੰਘ ਸਰਾਂ
ਫਿਲਮ ‘ਨਾਨਕ ਸ਼ਾਹ ਫਕੀਰ’ ਬਾਰੇ ਪਿਛਲੇ ਦਿਨਾਂ ਦੌਰਾਨ ਸਿੱਖ ਜਗਤ ਵਿਚ ਬੜੀ ਚਰਚਾ ਹੋਈ। ਚੰਗਾ ਹੀ ਹੋਇਆ ਹੈ ਕਿ ਫਿਲਮ ਦੇ ਨਿਰਮਾਤਾ ਨੇ ਫਿਲਮ ਵਾਪਸ ਲੈ ਲਈ ਹੈ। ਇਸ ਲੇਖ ਵਿਚ ਇਸ ਫਿਲਮ ਦੇ ਅਸਲ ਅਸਰਾਂ ਬਾਰੇ ਕੁਝ ਗੱਲਾਂ ਸਾਂਝੀਆਂ ਕਰਨੀਆਂ ਹਨ। ਕੁਝ ਸਿੱਖ ਇੱਦਾਂ ਦੀ ਫਿਲਮ ਦਿਖਾਉਣੀ ਤਾਂ ਇਕ ਪਾਸੇ ਰਹੀ, ਇਹੋ ਜਿਹੀ ਫਿਲਮ ਬਣਾਉਣ ਦੇ ਵੀ ਸਖ਼ਤ ਖਿਲਾਫ ਹਨ ਜਿਸ ਵਿਚ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਵਕਤ ਦੀਆਂ ਮਹਾਨ ਗੁਰੂ ਕੁਲ ਤੇ ਸਿੱਖ ਸ਼ਖਸੀਅਤਾਂ ਦੇ ਸੁੱਚੇ ਕਿਰਦਾਰ ਨੂੰ ਕੋਈ ਕਲਾਕਾਰ ਨਿਭਾਏ। ਦੂਜਾ ਸਿੱਖ ਵਰਗ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਹੱਕ ਵਿਚ ਇਸ ਦਲੀਲ ਨਾਲ ਉਤਰਿਆ ਸੀ ਕਿ ਇਸ ਨਾਲ ਸਿੱਖੀ ਦੇ ਪ੍ਰਚਾਰ ਦੇ ਨਾਲ ਨਾਲ ਗੁਰੂ ਸਾਹਿਬ ਦੀ ਵਿਲੱਖਣ ਸ਼ਖ਼ਸੀਅਤ ਜਿਹੜੀ ਦੁਨੀਆਂ ਨੂੰ ਅਜੇ ਤੱਕ ਪਤਾ ਨਹੀਂ, ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ ਤੇ ਇਸ ਨਾਲ ਸਿੱਖੀ ਹੋਰ ਵਧੇਗੀ-ਫੁੱਲੇਗੀ। ਦੋਵੇਂ ਗਰੁਪ ਆਪਣੀ ਥਾਂ ਠੀਕ ਲੱਗਦੇ ਹਨ।
ਦਰਅਸਲ ਇਨ੍ਹਾਂ ਦੋਵਾਂ ਵਿਚਾਰਾਂ ਵਾਲੇ ਸਿੱਖ ਵੀਰ, ਸਿੱਖਾਂ ਦੇ ਭਲੇ ਦੀ ਹੀ ਸੋਚਦੇ ਹਨ। ਆਮ ਸਿੱਖ, ਗੁਰੂਆਂ ਵਿਚ ਅਥਾਹ ਸ਼ਰਧਾ ਭਾਵਨਾ ਰੱਖਦਾ ਹੋਇਆ ਦੂਰ ਦੇ ਅੰਦੇਸ਼ਿਆਂ ਤੋਂ ਨਾਵਾਕਿਫ਼, ਇਸ ਤਰ੍ਹਾਂ ਦੀਆਂ ਫਿਲਮਾਂ ਦੇ ਜੇ ਹੱਕ ਵਿਚ ਨਹੀਂ, ਤਾਂ ਵਿਰੋਧ ਵਿਚ ਵੀ ਨਹੀਂ ਖੜ੍ਹਦਾ, ਸਗੋਂ ਨਰਮੀ ਵਰਤਦੇ ਹੋਏ ਜੇ ਦਿਖਾਈ ਜਾਵੇ ਤਾਂ ਹਰਜ ਵੀ ਕੋਈ ਨਹੀਂ ਸਮਝਦਾ।
ਇਕ ਹੋਰ ਵਰਗ ਹੈ ਜਿਹੜਾ ਅਸਲ ਵਿਚ ਸਾਰੀ ਖੇਡ ਖੇਡ ਰਿਹਾ ਹੈ। ਇਹ ਨਾ ਤਾਂ ਸਿੱਖੀ ਨੂੰ ਹੀ ਸਮਰਪਿਤ ਹੈ, ਤੇ ਨਾ ਹੀ ਗੁਰੂ ਸਾਹਿਬ ਦੀ ਮਹਾਨਤਾ ਨੂੰ ਜੱਗ ਦੇ ਸਾਹਮਣੇ ਲਿਆਉਣਾ ਇਸ ਦਾ ਮਕਸਦ ਹੈ। ਇਸ ਦਾ ਮਕਸਦ ਹੈ ਤਾਂ ਸਿਰਫ ਤੇ ਸਿਰਫ ਪੈਸਾ ਕਮਾਉਣਾ। ਇਹ ਸਿੱਖੀ ਦੇ ਭੇਸ ਵਿਚ ਵੀ ਹੋ ਸਕਦਾ ਹੈ। ਇਹਦੇ ਪਿਛੇ ਅਣਦਿਸਦਾ ਤੇ ਖਤਰਨਾਕ ਹੱਥ ਹੈ ਜਿਹੜਾ ਸਾਰੀ ਚਾਬੀ ਭਰਦਾ ਹੈ। ਇਹਦਾ ਮਕਸਦ ਬੜਾ ਗੁੱਝਾ ਅਤੇ ਬਾਹਲਾ ਹੀ ਸੰਗੀਨ ਹੈ। ਇਸ ਬਾਰੇ ਤੌਖਲਾ ਸਿੱਖ ਚਿੰਤਕਾਂ, ਬੁੱਧੀਜੀਵੀਆਂ, ਵਿਦਵਾਨਾਂ ਤੇ ਪੰਥ ਪ੍ਰੇਮੀਆਂ ਨੂੰ ਸਤਾ ਰਿਹਾ ਹੈ, ਤਾਂ ਹੀ ਤਾਂ ਉਹ ਇਸ ਤਰ੍ਹਾਂ ਦੀ ਫਿਲਮ ਦੇ ਖਿਲਾਫ਼ ਉਠ ਖੜ੍ਹੇ ਹੋਏ। ਇਨ੍ਹਾਂ ਦਾ ਡਰ ਜਾਇਜ਼ ਵੀ ਹੈ, ਕਿਉਂਕਿ ਜਿਸ ਤਰ੍ਹਾਂ ਦੇ ਤੌਰ-ਤਰੀਕੇ ਤੇ ਹੱਥਕੰਡੇ ਅਪਨਾ ਕੇ ਅੱਜ ਭਾਰਤੀ ਸਟੇਟ ਘੱਟ-ਗਿਣਤੀਆਂ ਦੇ ਮਗਰ ਪੈ ਕੇ ਇਨ੍ਹਾਂ ਨੂੰ ਜ਼ਜ਼ਬ ਕਰ ਕੇ ਬਹੁ-ਗਿਣਤੀ ਦਾ ਦੂਜੇ ਤੀਜੇ ਦਰਜੇ ਦਾ ਨਾਗਰਿਕ ਬਣਾਉਣ ‘ਤੇ ਤੁਲੀ ਹੋਈ ਹੈ, ਇਹ ਫਿਲਮ ਵੀ ਉਸ ਦਾ ਖਤਰਨਾਕ ਜ਼ਰੀਆ ਹੈ। ਮਕਸਦ ਸਿੱਖ ਗੁਰੂਆਂ ਦੀ ਇਲਾਹੀ ਰਹਿਬਰੀ ਨੂੰ ਘਟਾ ਕੇ ਦੁਨਿਆਵੀ ਦੇਵਤੇ ਜਾਂ ਅਵਤਾਰ ਦੇ ਤੁੱਲ ਖੜ੍ਹਾ ਕਰਨਾ ਹੈ ਜਿਹੜਾ ਜਨਾਨੀ ਨੂੰ ਉਹਦੇ ਹੀ ਪਤੀ ਤੋਂ ਜੂਏ ਵਿਚ ਦਾਅ ‘ਤੇ ਲੁਆ ਕੇ, ਫਿਰ ਇਕ ਧਿਰ ਨਾਲ ਖੜ੍ਹ ਕੇ ਮਹਾਂਭਾਰਤ ਵਰਗਾ ਯੁੱਧ ਕਰਵਾਏ। ਯੁੱਧ ਤਾਂ ਗੁਰੂ ਸਾਹਿਬਾਨ ਨੂੰ ਵੀ ਕਰਨੇ ਪਏ, ਪਰ ਕਿਉਂ ਕੀਤੇ? ਸਟੇਟ ਦੇ ਸਥਾਪਤ ਅਨਿਆਂ ਵਿਰੁਧ ‘ਹਲੇਮੀ ਰਾਜ’ ਲਈ। ਸੋ, ਹੁਣ ਜੇ ਅੱਜ ‘ਨਾਨਕ ਸ਼ਾਹ ਫਕੀਰ’ ਵਰਗੀ ਫਿਲਮ ਚਲਾਈ ਜਾਂਦੀ ਤਾਂ ਇਹੋ ਜਿਹੀਆਂ ਫਿਲਮਾਂ ਨੇ ਇਹ ਸਭ ਮਨਫ਼ੀ ਕਰ ਕੇ ਪੇਸ਼ ਕਰਨਾ ਹੈ ਆਉਣ ਵਾਲੇ ਵਕਤ ਵਿਚ।
ਇਸ ਫਿਲਮ ਦੇ ਹੱਕ ਵਿਚ ਖੜ੍ਹਨ ਵਾਲਿਆਂ ਦਾ ਤਰਕ ਸੀ ਕਿ ਮਾਡਰਨ ਯੁੱਗ ਵਿਚ ਸਿਨੇਮਾ ਪ੍ਰਚਾਰ ਦਾ ਵਧੀਆ ਸਾਧਨ ਹੈ। ਕਿਉਂ ਨਾ ਇਸ ਨੂੰ ਸਿੱਖੀ ਦੇ ਪ੍ਰਚਾਰ ਲਈ ਵੀ ਵਰਤਿਆ ਜਾਵੇ, ਕਿਉਂਕਿ ਅੱਜ ਦੀ ਨਵੀਂ ਪੀੜ੍ਹੀ ਸਕਰੀਨ ਤੋਂ ਬਹੁਤ ਪ੍ਰਭਾਵਿਤ ਹੁੰਦੀ ਹੈ। ਇਹ ਜਦੋਂ ਪਰਦੇ ਉਤੇ ਗੁਰੂ ਨੂੰ ਗੱਲਾਂ ਕਰਦਾ ਵੇਖੇਗੀ, ਤਾਂ ਸਿੱਖੀ ਵੱਲ ਆਵੇਗੀ। ਕੋਈ ਖਾਸ ਵਜ਼ਨ ਨਹੀਂ ਇਸ ਤਰਕ ਵਿਚ, ਸਗੋਂ ਇਉਂ ਤਾਂ ਨਵੀਂ ਪੀੜ੍ਹੀ ਗੁਰੂ ਦਾ ਮਾਨਵ-ਅਕਸ ਬਣਾ ਲਵੇਗੀ, ਉਹਦੇ ਦੁਨਿਆਵੀ ਚਮਤਕਾਰ ਇਹਦੇ ਮਨ ਨੂੰ ਜ਼ਿਆਦਾ ਪੋਹਣਗੇ। ਇਉਂ ਤਾਂ ਸਿਨੇਮਾ ਗੁਰੂ ਜਿਹੜਾ ਸਰਬ ਕਲਾ ਭਰਪੂਰ ਹੈ, ਨੂੰ ਚਮਤਕਾਰੀ ਇਨਸਾਨ ਵਜੋਂ ਪੇਸ਼ ਕਰੇਗਾ। ਗੁਰੂ ਸਾਹਿਬ ਦੇ ਦੈਵੀ ਗੁਣ ਕਦੇ ਵੀ ਪਰਦੇ ‘ਤੇ ਨਹੀਂ ਉਲੀਕੇ ਜਾ ਸਕਦੇ। ਗੁਰੂ ਦੀ ਇਲਾਹੀ ਮੌਜ ਗੁਰੂ ਖੁਦ ਹੀ ਦਰਸਾ ਸਕਦਾ ਹੈ ਤੇ ਸਾਡਾ ਗੁਰੂ ਹੁਣ ਹੈ ਕੌਣ? ਬਿਨਾਂ ਕਿਸੇ ਸ਼ੱਕ, ਸ੍ਰੀ ਗੁਰੂ ਗ੍ਰੰਥ ਸਾਹਿਬ; ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਿਆਂ, ਸੁਣਿਆਂ ਤੇ ਸਮਝਿਆਂ ਹੀ ਗੁਰੂ ਦੀ ਇਲਾਹੀ ਜੋਤ ਦੇ ਦਰਸ਼ਨ ਹੋਣੇ ਹਨ।
ਇਸ ਤਰਕ ਵਿਚੋਂ ਇਕ ਗੱਲ ਹੋਰ ਵੀ ਸਾਹਮਣੇ ਆਈ ਹੈ ਕਿ ਜੇ ਹੁਣ ਸੱਚੀਂ ਹੀ ਸਿੱਖੀ ਦੇ ਪ੍ਰਚਾਰ ਨੂੰ ਸਿਨੇਮੇ ਦਾ ਸਹਾਰਾ ਲੱਭਣਾ ਪਿਆ, ਤਾਂ ਕੀ ਜਿਹੜਾ ਪ੍ਰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਜਿਸ ਦਾ ਅਰਬਾਂ ਦਾ ਬਜਟ ਹੈ) ਸਿੱਖੀ ਲਈ ਕਰਦੀ ਹੈ, ਉਹ ਇਸ ਮਕਸਦ ਵਿਚ ਫੇਲ੍ਹ ਹੋ ਗਈ ਹੈ? ਹਜ਼ਾਰਾਂ ਸੰਤ ਮਹਾਂਪੁਰਸ਼ ਜਿਹੜੇ ਆਪਣੇ ਆਪ ਨੂੰ ਸਿੱਖੀ ਦੇ ਅਲੰਬਰਦਾਰ ਸਮਝੀ ਬੈਠੇ ਆ, ਕਿਤੇ ਉਹੀ ਤਾਂ ਨਹੀਂ ਗੁਰੂ ਦੀ ਸਿੱਖੀ ਨੂੰ ਢਾਹ ਲਾਉਣ ‘ਤੇ ਤੁਲੇ ਹੋਏ? ਜਥੇਦਾਰ ਸਾਹਿਬ ਜਿਹੜੇ ਸਿੱਖੀ ਦੇ ਪ੍ਰਚਾਰ ਦੀ ਆੜ ਵਿਚ, ਚੜ੍ਹੇ ਮਹੀਨੇ ਜਹਾਜੇ ਚੜ੍ਹ ਆ ਧਮਕਦੇ ਆ ਬਾਹਰਲੇ ਮੁਲਕਾਂ ਵਿਚ ਸੈਰਾਂ ਲਈ ਤੇ ਮਹਿਮਾਨ ਨਿਵਾਜ਼ੀ ਕਰਵਾਉਣ, ਕੀ ਦੱਸਣਗੇ ਕਿ ਉਨ੍ਹਾਂ ਕਿੰਨੇ ਗੈਰ-ਸਿੱਖਾਂ ਨੂੰ ਇਕ ਗੇੜੇ ਦੌਰਾਨ ਸਿੱਖੀ ਵੱਲ ਪ੍ਰੇਰਿਆ? ਸਿੱਖਾਂ ਵਿਚ ਸਿੱਖੀ ਦੇ ਪ੍ਰਚਾਰ ਦੀ ਕਿੰਨੀ ਕੁ ਲੋੜ ਹੈ ਭਲਾ? ਜੋ ਪਹਿਲਾਂ ਹੀ ਸਿੱਖ ਹਨ, ਉਨ੍ਹਾਂ ਨੂੰ ਹੋਰ ਕਿਹੜਾ ਸਿੱਖ ਬਣਾਉਣਾ ਹੈ? ਇਹ ਲੇਖਾ-ਜੋਖਾ ਵੀ ਸਿੱਖ ਸੰਗਤ ਕਦੇ ਪੁੱਛਿਆ ਕਰੇ, ਤਾਂ ਕਿ ਕੋਝੇ ਫਿਲਮੀ ਪ੍ਰਚਾਰ ਨੂੰ ਠੱਲ੍ਹ ਪਾਈ ਜਾ ਸਕੇ।
ਸਿਨੇਮਾ ਕਦੇ ਵੀ ਪ੍ਰਚਾਰ ਦਾ ਨੰਬਰ ਵੰਨ ਸਾਧਨ ਨਹੀਂ ਗਿਣਿਆ ਗਿਆ। ਇਹਦਾ ਪਹਿਲਾ ਮਨੋਰਥ ਹੈ ਮਨੋਰੰਜਨ ਕਰਨਾ ਅਤੇ ਇਵਜ਼ ਵਿਚ ਪੈਸਾ ਕਮਾਉਣਾ। ਬਾਕੀ ਸਭ ਬਾਅਦ ਵਿਚ ਆਉਂਦਾ ਹੈ। ਕੀ ਭਲਾ ਸਿੱਖ ਇਹ ਬਰਦਾਸ਼ਤ ਕਰਨਗੇ ਕਿ ਉਨ੍ਹਾਂ ਦੇ ਗੁਰੂ ਦੇ ਦੈਵੀ ਗੁਣਾਂ ਵਿਚੋਂ ਲੋਕ ਆਪਣਾ ਮਨੋਰੰਜਨ ਕਰਨ? ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਨੂੰ ਫਿਲਮੀ ਪਰਦੇ ‘ਤੇ ਲਿਆ ਕੇ, ਸਿੱਖਾਂ ਨੂੰ ਹੀ ਭਾਵੁਕ ਕਰ ਕੇ ਪੈਸਾ ਕਮਾਉਣ ਵਾਲੇ ਰੱਜ ਕੇ ਪੈਸਾ ਕਮਾਉਣਗੇ, ਤੇ ਸਾਡੇ ਹੀ ਉਚ ਧਾਰਮਿਕ ਅਸਥਾਨਾਂ ਤੋਂ ਸਿਰੋਪਾਓ ਨਾਲ ਸਨਮਾਨਿਤ ਵੀ ਹੋਣਗੇ, ਫਿਰ ਇਸ ਰੱਜਵੀਂ ਕਮਾਈ ਵਿਚੋਂ ਕੁਝ ਦਾਨ ਕਰ ਕੇ ਵੱਡੇ ਦਾਨੀ ਵੀ ਕਹਾਉਣਗੇ।
ਗੁਰੂ ਸਾਹਿਬ ਦੇ ਦੈਵੀ ਗੁਣਾਂ ਨੂੰ ਕੋਈ ਕਲਾਕਾਰ ਕਿਸੇ ਵੀ ਸੂਰਤ ਵਿਚ ਪੇਸ਼ ਨਹੀਂ ਕਰ ਸਕਦਾ। ਬਾਬੇ ਨਾਨਕ ਨੇ ਆਖਿਆ ਹੈ, ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥ ਉਨ੍ਹਾਂ ਦੀ ਰੀਸ ਕੋਈ ਕਰ ਹੀ ਨਹੀਂ ਸਕਦਾ, ਫਿਲਮ ਪਰਦੇ ‘ਤੇ ਵੀ ਨਹੀਂ। ਕੋਈ ਕਲਾਕਾਰ ਗੁਰੂ ਨਾਨਕ ਦਾ ਕਿਰਦਾਰ ਨਿਭਾਉਂਦਾ ਹੋਇਆ ਉਨ੍ਹਾਂ ਦੀ ਬਾਣੀ ਨੂੰ ਆਪਣੇ ਮੂੰਹੋਂ ਬਾਬਾ ਨਾਨਕ ਬਣ ਕੇ ਉਚਾਰੇ ਤਾਂ ਜਗਤ ਜਲੰਦਾ ਰੱਖਣ ਦੀ ਗੱਲ ਸਿੱਖਾਂ ਨੂੰ ਨਹੀਂ ਭਾਉਂਦੀ। ਗੁਰੂ ਨਾਨਕ ਦੇ ਬਾਣੀ ਦੇ ਬੋਲ ਖੁਦ ਰੱਬ ਦੀ ਰਹਿਮਤ ਹਨ। ਬਾਬੇ ਨੇ ਤਾਂ ਆਪ ਕਿਹਾ ਹੈ, ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥
ਫਿਲਮ ਦੇ ਹੱਕ ਵਿਚ ਇਹ ਵੀ ਕਿਹਾ ਗਿਆ ਕਿ ਸਿੱਖੀ ਦੇ ਪ੍ਰਚਾਰ ਵਾਲੇ ਪਹਿਲੇ ਤਰੀਕਿਆਂ ਤੋਂ ਥੋੜ੍ਹਾ ਹਟਣਾ ਪਵੇਗਾ, ਕਿਉਂਕਿ ਇਹ ਜ਼ਿਆਦਾ ਕਾਰਗਰ ਸਾਬਤ ਨਹੀਂ ਹੋ ਰਹੇ। ਪਹਿਲੇ ਤਰੀਕਿਆਂ ਵਿਚ ਕਿਤੇ ਕਠੋਰਤਾ ਹੈ, ਜਿਸ ਨਾਲ ਲੋਕ ਸਿੱਖੀ ਨਾਲ ਨਹੀਂ ਜੁੜ ਰਹੇ। ਸਿੱਖੀ ਦਾ ਪ੍ਰਚਾਰ ਕੇਵਲ ਗੁਰਦੁਆਰਿਆਂ ਤੱਕ ਸੀਮਤ ਹੋ ਚੁੱਕਾ ਹੈ ਤੇ ਗੈਰ-ਸਿੱਖ ਹੁਣ ਗੁਰਦੁਆਰੇ ਜਾਂਦੇ ਨਹੀਂ। ਸਿਨੇਮਾ ਇਸੇ ਕਰ ਕੇ ਪ੍ਰਚਾਰ ਦਾ ਵਧੀਆ ਸਾਧਨ ਹੈ, ਕਿਉਂਕਿ ਇਥੇ ਬੜੀ ਸਹਿਜੇ ਤੇ ਨਰਮੀ ਨਾਲ ਗੁਰੂ ਨਾਨਕ ਦੇ ਮੂੰਹੋਂ ਮਿੱਠੇ ਬੋਲ ਸੁਣਾਏ ਜਾ ਸਕਦੇ ਹਨ ਤੇ ਇਉਂ ਗੈਰ-ਸਿੱਖ ਸਿੱਖੀ ਵੱਲ ਪ੍ਰੇਰਿਤ ਹੋਵੇਗਾ। ਮੈਂ ਇਸ ਵਿਚਾਰ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਮਿਸਾਲ ਲੈਂਦੇ ਹਾਂ ਇਕæææਗੁਰੂ ਨਾਨਕ ਦੇ ਨਿਰਮਲ ਪੰਥ ਦਾ ਸਭ ਤੋਂ ਵੱਧ ਪ੍ਰਚਾਰ, ਆਉਣ ਵਾਲੇ ਨੌਂ ਗੁਰੂ ਸਾਹਿਬਾਨ ਨੇ ਹੀ ਕੀਤਾ ਸੀ ਅਤੇ ਅੰਤਿਮ ਛੋਹ ਇਸ ਪ੍ਰਚਾਰ ਨੂੰ ਗੁਰੂ ਗੋਬਿੰਦ ਸਿੰਘ ਨੇ ਦਿੱਤੀ। 1699 ਦੀ ਵਿਸਾਖੀ ਨੂੰ ਜਦੋਂ ਨੰਗੀ ਕਿਰਪਾਨ ਕੱਢ ਕੇ ਹਜ਼ਾਰਾਂ ਦੀ ਗਿਣਤੀ ਵਿਚ ਜੁੜੀ ਸੰਗਤ ਨੂੰ ਉਨ੍ਹਾਂ ਕਿਹਾ ਕਿ ਸਿਰ ਚਾਹੀਦਾ ਹੈ, ਉਨ੍ਹਾਂ ਇਕ ਨਹੀਂ ਪੰਜ ਸਿਰ ਮੰਗੇ। ਜੇ ਦੁਨਿਆਵੀ ਨੁਕਤਾ ਨਿਗ੍ਹਾ ਤੋਂ ਦੇਖੀਏ ਤਾਂ ਇਹਦੇ ਨਾਲੋਂ ਵੱਡਾ ਕਠੋਰਤਾ ਵਾਲਾ ਪ੍ਰਚਾਰ ਭਲਾ ਕੀ ਹੋ ਸਕਦਾ ਹੈ! ਇਸ ਪਿੱਛੇ ਗੁਰੂ ਜੀ ਦੇ ਦੈਵੀ ਗੁਣ ਸਿਰਫ਼ ਗੁਰੂ ਹੀ ਜਾਣਦਾ ਸੀ ਕਿ ਇਸ ਕਠੋਰ ਪ੍ਰਚਾਰ ਵਿਚੋਂ ਹੀ ਨਿਰਮਲ ਖਾਲਸਾ ਸਿਰਜਿਆ ਜਾਣਾ ਹੈ, ਤੇ ਉਹ ਸਿਰਜਿਆ ਵੀ ਗਿਆ। ਅੱਜ ਵੀ ਖੰਡੇ ਦੇ ਪ੍ਰਚਾਰ ਨਾਲ ਸਿੱਖੀ ਬਚੀ ਆ, ਫਿਲਮਾਂ ਨਾਲ ਨਹੀਂ।
ਸ਼ਾਇਦ ਕੁਝ ਵੀਰ ਇਹ ਮਹਿਸੂਸ ਕਰਨ ਕਿ ਖੰਡੇ ਕਿਰਪਾਨਾਂ ਤੋਂ ਡਰਦੇ ਲੋਕੀਂ ਹੀ ਤਾਂ ਸਿੱਖੀ ਤੋਂ ਪਰ੍ਹੇ ਰਹਿੰਦੇ ਆ, ਪਰ ਗੱਲ ਇਹ ਨਹੀਂ! ਗੁਰੂ ਜੀ ਨੇ ਨੰਗੀ ਕਿਰਪਾਨ ਲਈ ਸਿਰ ਮੰਗੇ ਸੀ, ਤੇ ਇਵਜ਼ ਵਿਚ ਸਿੱਖਾਂ ਦੀ ਝੋਲੀ ਵਿਚ ਕੀ ਪਾਇਆ ਸੀ! ਗੁਰੂ ਦੀ ਬਾਣੀ, ਨਿਰਮਲਾ ਸਰੂਪ, ਦਇਆ, ਰਹਿਮ, ਵੰਡ ਛੱਕਣਾ, ਇਖਲਾਕੀ ਜੀਵਨ, ਸਭੈ ਸਾਂਝੀਵਾਲ, ਸਰਬੱਤ ਦਾ ਭਲਾ, ਸੁੱਚੀ ਕਿਰਤ; ਕਹਿਣ ਦਾ ਭਾਵ ਸਾਰੀਆਂ ਹੀ ਰਹਿਮਤਾਂ ਤੇ ਬਖਸ਼ਿਸ਼ਾਂ। ਇਹ ਸਭ ਕੁਝ ਫਿਲਮ ਤੋਂ ਨਹੀਂ ਦਿੱਤਾ ਜਾਣਾ।
ਇਕ ਹੋਰ ਤਰਕ ਫਿਲਮ ਦੇ ਹੱਕ ਵਿਚ ਇਹ ਦਿੱਤਾ ਗਿਆ ਕਿ ਇਸ ਰਾਹੀਂ ਸਿੱਖ ਗੁਰੂਆਂ ਦਾ ਇਤਿਹਾਸ ਦਰਸਾਇਆ ਜਾਵੇਗਾ ਜਿਸ ਤੋਂ ਦੁਨੀਆਂ ਵਾਲੇ ਅਜੇ ਤੱਕ ਵਾਂਝੇ ਰਹੇ ਹਨ। ਇਸ ਸੋਚ ਵਾਲੇ ਸਿੱਖ ਇਹ ਦਲੀਲ ਇਸ ਕਰ ਕੇ ਦਿੰਦੇ ਹਨ ਕਿ ਹਿੰਦੂ ਧਰਮ ਨੇ ਆਪ ਯੁੱਗ ਪੁਰਸ਼ ਅਵਤਾਰਾਂ ਨੂੰ ਨਾਟਕਾਂ, ਡਰਾਮਿਆਂ ਤੇ ਫਿਲਮਾਂ ਵਿਚ ਦਿਖਾ ਕੇ ਐਨਾ ਪ੍ਰਚਾਰ ਕਰ ਦਿੱਤਾ ਕਿ ਹਿੰਦੂ ਮਤ ਬਹੁਤ ਫੈਲ ਚੁਕਾ ਹੈ, ਤੇ ਅਸੀਂ ਸਿੱਖ ਅਜਿਹਾ ਨਾ ਕਰ ਕੇ ਪਛੜ ਗਏ ਹਾਂ। ਇਹ ਕੋਈ ਠੋਸ ਦਲੀਲ ਹੈ ਨਹੀਂ। ਹਿੰਦੂ ਮਤ ਵਾਲੇ ਅਜਿਹਾ ਪ੍ਰਚਾਰ ਜਿੰਨਾ ਵੱਧ ਕਰਦੇ ਆ, ਉਨੇ ਹੀ ਇਸ ਵਿਚ ਗਿਰਾਵਟ ਤੇ ਥੋਥੇਪਣ ਦੇ ਦਰਸ਼ਨ ਹੁੰਦੇ ਹਨ। ਇਸੇ ਕਰ ਕੇ ਹੀ ਤਾਂ ਮਹਾਤਮਾ ਬੁੱਧ ਤੇ ਮਹਾਂਵੀਰ ਜੈਨ ਨੂੰ ਇਸ ਦੇ ਉਲਟ ਵੱਖਰੇ ਧਰਮ ਚਲਾਉਣੇ ਪਏ। ਕਿਸੇ ਵੇਲੇ ਅਰਬ ਤੋਂ ਮੁਸਲਮਾਨ ਤਾਂ ਕੁਝ ਹਜ਼ਾਰ ਹੀ ਭਾਰਤ ਵਿਚ ਆਏ ਸਨ, ਤੇ ਦੇਖਦਿਆਂ ਦੇਖਦਿਆਂ ਇਹ ਲੱਖਾਂ ਕਰੋੜਾਂ ਤੱਕ ਕਿਵੇਂ ਪਹੁੰਚ ਗਏ? ਇਹ ਹਿੰਦੂ ਧਰਮ ਵਿਚੋਂ ਹੀ ਗਏ ਆ! ਜੇ ਪ੍ਰਚਾਰ ਸੱਚੀਂ ਹੀ ਕਿਸੇ ਕਲਾਕਾਰ ਦੇ ਪੂਛ ਲਾ ਕੇ ਲੰਮਾ ਸੀਰੀਅਲ ਬਣਾ ਕੇ ਹੋਇਆ ਹੁੰਦਾ ਤਾਂ ਅੱਜ ਕਿਉਂ ਹਿੰਦੂਆਂ ਨੂੰ ਕਿਹਾ ਜਾਂਦਾ ਕਿ ਵੱਧ ਨਿਆਣੇ ਪੈਦਾ ਕਰੋ! ਸਾਰੀ ਦੁਨੀਆਂ ਹੀ ਕਿਉਂ ਨਾ ਬਣ ਗਈ ਹਿੰਦੂ? ਇਸ ਕਰ ਕੇ ਹੇ ਸਿੱਖੋ! ਅਜਿਹੇ ਡਰਾਮੇ ਕਦੇ ਵੀ ਪ੍ਰਚਾਰ ਦਾ ਜ਼ਰੀਆ ਨਹੀਂ ਬਣੇ, ਉਹ ਵੀ ਉਸ ਧਰਮ ਦਾ ਜਿਸ ਦੀ ਹੋਂਦ ਨਿਰਮਲਤਾ ਵਿਚੋਂ ਉਪਜੀ ਹੋਵੇ। ‘ਨਾਨਕ ਸ਼ਾਹ ਫਕੀਰ’ ਬਾਬੇ ਨਾਨਕ ਦੀ ਇਲਾਹੀ ਜੋਤ ਨੂੰ ਘਟਾਉਣ ਵੱਲ ਪੁੱਟਿਆ ਗਿਆ ਕਦਮ ਹੈ। ਇਤਿਹਾਸ ਕਦੇ ਫਿਲਮਾਂ ਨਹੀਂ ਦੱਸ ਸਕਦੀਆਂ। ਇਹ ਲਿਖਿਆ ਜਾਂਦਾ ਹੈ ਤੇ ਸਾਂਭਿਆ ਜਾਂਦਾ ਹੈ ਆਉਣ ਵਾਲੀਆਂ ਪੀੜ੍ਹੀਆਂ ਲਈ, ਤਾਂ ਕਿ ਵਕਤ ਬੀਤਣ ਨਾਲ ਇਸ ਤੋਂ ਸਬਕ ਸਿੱਖਿਆ ਜਾਵੇ।
ਸਿੱਖਾਂ ਵਲੋਂ ਇਸ ਫਿਲਮ ਨੂੰ ਰੋਕਣਾ ਕਿਉਂ ਜ਼ਰੂਰੀ ਸੀ? ਇਹ ਵੱਡਾ ਸਵਾਲ ਹੈ। ਫਿਲਮ ਦੇ ਨਿਰਮਾਤਾ ਵਲੋਂ ਫਿਲਮ ਵਾਪਸ ਲੈਣ ਦਾ ਐਲਾਨ ਹੋ ਚੁੱਕਾ ਹੈ, ਪਰ ਉਸ ਦੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਜਿਹੜੀ ਮੁਲਾਕਾਤ ਹੋਈ ਦੱਸੀਦੀ ਹੈ, ਉਸ ਬਾਰੇ ਕਿਹਾ ਗਿਆ ਹੈ ਕਿ ਹੁਣ ਇਹ ਫਿਲਮ, ਇਤਰਾਜ਼ਯੋਗ ਸੀਨ ਕੱਟ ਕੇ ਦਿਖਾਈ ਜਾਵੇਗੀ। ਓ ਭਾਈਓ! ਗੁਰਮਤਿ ਦੀ ਕਸਵੱਟੀ ‘ਤੇ ਤਾਂ ਇਹ ਸਾਰੀ ਹੀ ਫਿਲਮ ਇਤਰਾਜ਼ਯੋਗ ਹੈ।
ਇਹ ਫਿਲਮ ਗੁਰੂਆਂ ਦੇ ਜੀਵਨ ‘ਤੇ ਫਿਲਮਾਂ ਬਣਾਉਣ ਲਈ ਆਉਣ ਵਾਲੇ ਸਮੇਂ ਲਈ ਰਾਹ ਖੋਲ੍ਹ ਰਹੀ ਹੈ। ਸਿੱਖਾਂ ਨੂੰ ਇਸੇ ਨੁਕਤੇ ਉਤੇ ਧਿਆਨ ਰੱਖਣਾ ਪੈਣਾ ਹੈ ਕਿ ਪਹਿਲਾਂ ਵੀ ਸਿੱਖ ਗੁਰੂਆਂ ਦੇ ਜੀਵਨ ਨਾਲ ਬੜੀਆਂ ਕੋਝੀਆਂ ਸਾਖੀਆਂ ਜੋੜ ਦਿੱਤੀਆਂ ਗਈਆਂ ਹਨ। ਹੋਰ ਤਾਂ ਹੋਰ ਗੁਰੂ ਨਾਨਕ ਦੇ ਜੀਵਨ ਨਾਲ ਜੁੜਦੀ ਬੜੀ ਅਸ਼ਲੀਲ ਸਾਖੀ ‘ਭਾਈ ਬਾਲੇ ਜੀ ਵਾਲੀ ਜਨਮ ਸਾਖੀ’ ਵਿਚ ਮਿਲਦੀ ਹੈ। ਬਿਪਰ ਨੇ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਰੂਪ ਦਸਮ ਗ੍ਰੰਥ ਵਿਚ ਚਿਤਰਿਆ ਹੋਇਆ ਹੈ, ਕੱਲ੍ਹ ਨੂੰ ਆਹ ਸੌਦੇ ਸਾਧ ਵਾਲਾ ਜਾਂ ਕੋਈ ਹੋਰ ਵੀ ਫਿਲਮ ਬਣਾ ਕੇ ਦੁਨੀਆਂ ਨੂੰ ਦਿਖਾਏਗਾ ਕਿ ਸਰਬੰਸਦਾਨੀ ਕਿਸੇ ਅੱਯਾਸ਼ੀ ਰਾਜੇ ਵਰਗਾ ਸੀ, ਕੀ ਉਦੋਂ ਹੀ ਸਿੱਖਾਂ ਨੂੰ ਹੋਸ਼ ਆਉਣੀ ਹੈ? ਫਿਰ ਪਿੱਟਣ ਦਾ ਕੀ ਫਾਇਦਾ ਹੋਊ ਜੇ ਅੱਜ ‘ਨਾਨਕ ਸ਼ਾਹ ਫਕੀਰ’ ਖਿਲਾਫ ਆਵਾਜ਼ ਨਾ ਉਠਾਈ ਤਾਂ, ਕਿਉਂਕਿ ਹਾਕਮ ਤੇ ਅਦਾਲਤਾਂ ਬਿਪਰ ਦੇ ਪ੍ਰਭਾਵ ਵਿਚ ਕੰਮ ਕਰਦੀਆਂ ਤੇ ਇਨ੍ਹਾਂ ਨੇ ਇਸ ਦਾ ਪੱਖ ਸਦਾ ਦਾ ਹੀ ਪੂਰਨਾ।
ਅੰਤ ਵਿਚ ਨਿਹਾਇਤ ਜ਼ਰੂਰੀ ਗੱਲ ਸਾਂਝੀ ਕਰਨੀ ਹੈ ਕਿ ਜਿਹੜਾ ਜਨੇਊ ਅੱਜ ਤੋਂ ਕੋਈ ਸਾਢੇ ਪੰਜ ਸੌ ਸਾਲ ਪਹਿਲਾਂ ਬਿਪਰ ਨੇ ਬਾਬੇ ਨਾਨਕ ਦੇ ਗਲ ਵਿਚ ਪਾਉਣ ਲਈ ਵੱਟਿਆ ਸੀ, ਤੇ ਬਾਬੇ ਨੇ ਪੁਆਇਆ ਨਹੀਂ ਸੀ, ਉਹ ਬਿਪਰ ਨੇ ਸੁੱਟਿਆ ਨਹੀਂ ਅਜੇ ਤੱਕ। ਉਹ ਅੱਜ ਵੀ ਇਹ ਜਨੇਊ ਹੱਥ ਵਿਚ ਹੀ ਫੜੀ ਬੈਠਾ, ਇਸੇ ਤਾਕ ਵਿਚ ਕਿ ਜਦੋਂ ਦਾਅ ਲੱਗਿਆ, ਇਹ ਸਿੱਖਾਂ ਦੇ ਗਲ ਵਿਚ ਪਾਉਣਾ ਹੀ ਪਾਉਣਾ ਹੈ। ਬੜੀ ਸ਼ਰਮਿੰਦਗੀ ਹੁੰਦੀ ਹੈ ਇਹ ਗੱਲ ਸਾਂਝੀ ਕਰਦਿਆਂ ਕਿ ਅਸਿੱਧੇ ਤਰੀਕੇ ਨਾਲ ਬਿਪਰ ਦਾ ਇਹ ਜਨਊ ਜਿਸ ਤੋਂ ਬਾਬਾ ਨਾਨਕ ਇਨਕਾਰੀ ਹੋਇਆ ਸੀ, ਅਸੀਂ ਅੱਧ-ਪਚੱਧਾ ਆਪਣੇ ਆਪ ਹੀ ਪੁਆ ਲਿਆ ਹੈ, ਭਾਵੇਂ ਇਹਦਾ ਰੂਪ ਗਾਤਰੇ ਵਿਚ ਹੀ ਕਿਉਂ ਨਹੀਂ ਬਦਲ ਕੇ ਪਾਇਆ! ਤਾਂ ਹੀ ਅੱਜ ਸੰਤਾਂ ਦੇ ਡੇਰਿਆਂ ‘ਤੇ ਮਨਮਤਿ ਦਾ ਪ੍ਰਚਾਰ ਸਿਖਰ ‘ਤੇ ਹੈ। ਇਹ ਬਿਪਰ ਦਾ ਹੀ ਕ੍ਰਿਸ਼ਮਾ ਹੈ ਕਿ ਪਰਦੇਸੀ ਧਰਤੀ ਦੇ ਇਕ ਮੁੱਖ ਗੁਰਦੁਆਰੇ ਦੇ ਦਰਵਾਜ਼ੇ ਸਿੱਖਾਂ ਲਈ ਬੰਦ ਕਰ ਕੇ ਇਕ ਕਥਿਤ ਕਾਤਲ ਹਾਕਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਨਮਾਨਿਤ ਕੀਤਾ ਗਿਆ। ਬਾਹਰਲੇ ਮੁਲਕਾਂ ਵਿਚ ਬਿਪਰ ਬੜੀ ਤਾਕਤ ਨਾਲ ਗੁਰਦੁਆਰਿਆਂ ਵਿਚ ਪੈਰ ਜਮਾ ਰਿਹਾ ਹੈ, ਤਾਂ ਹੀ ਤਾਂ ਕਿਸੇ ਸ਼ਬਦ ਗੁਰੂ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਨੂੰ ਬੋਲਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ।
ਸਿੱਖ ਨੂੰ ਦਸਤਾਰ ਗੁਰੂ ਨੇ ਬਖਸ਼ੀ, ਤੇ ਗੁਰੂ ਦੀ ਨਿਸ਼ਾਨੀ ਦੀ ਬੇਅਦਬੀ ਲਗਦੀ ਵਾਹ ਸਿੱਖ ਹੋਣ ਨਹੀਂ ਦਿੰਦਾ, ਪਰ ਜਦੋਂ ਪੰਥ ਦਾ ‘ਫਖਰ-ਏ-ਕੌਮ’ ਉਸ ਸ਼ੈਤਾਨ ਦਾ ਹਸਪਤਾਲ ਵਿਚ ਜਾ ਕੇ ਹਾਲ-ਚਾਲ ਪੁੱਛਣ ਲਈ ਗੇੜੇ ਲਾਵੇ ਜਿਸ ਨੇ ਦਸਤਾਰ ਨੂੰ ਸ਼ਰ੍ਹੇਆਮ ਭੀੜ ਦੀ ਹਾਜ਼ਰੀ ਵਿਚ ਬਾਜ਼ਾਰ ਵਿਚਕਾਰ ਰੋਲਿਆ ਹੋਵੇ, ਤਾਂ ਸਮਝੋ ਸਾਡੀ ਦਸਤਾਰ ਨੂੰ ਹੱਥ ਪਾਉਣ ਵਾਲਾ ਬਿਪਰ ਹੋਰ ਕੋਈ ਨਹੀਂ, ਗਾਤਰਾ ਪਹਿਨੀ ਜਨੇਊ ਬਿਰਤੀ ਵਾਲਾ ਬੜਾ ਹਾਕਮ ਹੈ।
‘ਨਾਨਕ ਸ਼ਾਹ ਫਕੀਰ’ ਫਿਲਮ ਵੀ ਬਿਪਰ ਦੀ ਹੀ ਚਾਲ ਹੈ, ਤਾਂ ਹੀ ਤਾਂ ਕੋਈ ਸੰਤ ਜਾਂ ਬਾਬਾ ਇਹਦੇ ਖਿਲਾਫ਼ ਮੂੰਹ ਨਹੀਂ ਖੋਲ੍ਹਦਾ। ਉਲਟਾ ਇਹ ਸਾਧ ਲਾਣਾ ਤਾਂ ਇਸ ਫਿਲਮ ਦੇ ਹੱਕ ਵਿਚ ਹੀ ਭੁਗਤੇਗਾ, ਕਿਉਂਕਿ ਆਪਣੇ ਡੇਰਿਆਂ ਵਿਚ ਇਹ ਰੱਬ ਬਣ ਕੇ ਹੀ ਤਾਂ ਪੂਜਾ ਕਰਵਾ ਰਹੇ ਹਨ। ਇਹੋ ਜਿਹੀਆਂ ਫਿਲਮਾਂ ਇਨ੍ਹਾਂ ਨੂੰ ਰਾਸ ਵੀ ਆਉਣਗੀਆਂ ਜਿਹੜੀਆਂ ਸੰਗਤ ਨੂੰ ਸ਼ਬਦ ਗੁਰੂ ਨਾਲੋਂ ਤੋੜ ਕੇ ਦੇਹਧਾਰੀ ਦੀ ਪੂਜਾ ਵੱਲ ਪ੍ਰੇਰਨ।
ਜੇ ਅੱਜ ਸਿੱਖਾਂ ਨੇ ਇਸ ਤਰ੍ਹਾਂ ਦੀਆਂ ਫਿਲਮਾਂ ਨਾ ਰੋਕੀਆਂ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ ਦੇਣ ਵਾਲੇ ਹੋਵਾਂਗੇ, ਕਿਉਂਕਿ ਸਾਡੇ ਉਸੇ ਗੁਰੂ ਨੇ ਸਾਰਾ ਸਰਬੰਸ ਸਿੱਖੀ ਤੋਂ ਵਾਰ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਡਾ ਸਦੀਵੀ ਗੁਰੂ ਥਾਪ ਦਿੱਤਾ ਸੀ। ਕਿਸੇ ਕਲਾਕਾਰ ਵਿਚੋਂ ਅਸੀਂ ਕਿਵੇਂ ਆਪਣਾ ਗੁਰੂ ਤਲਾਸ਼ ਸਕਦੇ ਹਾਂ? ਇਹ ਨਾ-ਮੁਮਕਿਨ ਹੈ। ਬਿਪਰ ਨੇ ਹੁਣ ਗੁਰੂ ਨਾਨਕ ਨੂੰ ‘ਨਾਨਕ ਸ਼ਾਹ ਫਕੀਰ’ ਦਾ ਵਪਾਰਕ ਨਾਂ ਦੇ ਦਿੱਤਾ ਹੈ।