ਜਗਤਾਰ ਸਿੰਘ
ਪੰਜਾਬ ਦੇ ਪੰਜਵੀਂ ਵਾਰੀ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸੀ ਸ਼ਤਰੰਜ ਦਾ ਮਹਾਨ ਖਿਡਾਰੀ ਦੇ ਖ਼ਿਤਾਬ ਨਾਲ ਸਨਮਾਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਹਰ ਸਿਆਸੀ ਚਾਲ ਨਾ ਸਿਰਫ ਆਮ ਲੋਕਾਂ ਲਈ ਸਗੋਂ ਸਿਆਸੀ ਮਾਹਰਾਂ ਲਈ ਵੀ ਬੁਝਾਰਤ ਬਣੀ ਰਹਿੰਦੀ ਹੈ। ਇਹੋ ਹੀ ਉਨ੍ਹਾਂ ਦੀ ਲੰਘੇ ਸੋਮਵਾਰ ਦੀ ਦਿੱਲੀ ਫੇਰੀ ਸਮੇਂ ਵਾਪਰਿਆ ਜਦੋਂ ਉਹ ਉਤਰੀ ਜ਼ੋਨ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਵਿਚ ਸ਼ਿਰਕਤ ਕਰਨ ਗਏ ਸਨ।
ਇਹ ਵੱਖਰਾ ਵਿਸ਼ਾ ਹੈ ਕਿ ਇਹ ਢੁਕਵਾਂ ਮੰਚ ਸੀ ਜਾਂ ਨਹੀਂ, ਪਰ ਮੁੱਖ ਮੰਤਰੀ ਨੇ ਇਸ ਮੌਕੇ ਬੜੇ ਹੀ ਗੰਭੀਰ ਸਿੱਖ ਮੁੱਦੇ ਉਭਾਰੇ ਅਤੇ ਆਸ ਪ੍ਰਗਟ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਾਲਸਾ ਪੰਥ ਦੀ ਆਨ ਤੇ ਸ਼ਾਨ ਬਹਾਲ ਕਰਨਗੇ। ਉਨ੍ਹਾਂ ਇੱਕ ਵਾਰੀ ਫਿਰ ਪੰਥਕ ਮੁਹਾਵਰੇ ਵਿਚ ਆਪਣੀ ਪੁਰਾਣੀ ਗੱਲ ਕੀਤੀ ਹੈ।
ਉਤਰੀ ਸੂਬਿਆਂ ਦੀ ਇਸ ਮੀਟਿੰਗ ਵਿਚ ਪੰਜਾਬ ਤੇ ਪੰਥਕ ਮੁੱਦਿਆਂ ਦੀ ਗੱਲ ਤਿੱਖੀ ਸੁਰ ਵਿਚ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਸ਼ ਬਾਦਲ ਨੇ ਉਸ ਕਾਂਗਰਸ ਪਾਰਟੀ ਦੇ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬੂਹਾ ਜਾ ਖੜਕਾਇਆ ਜਿਸ ਨੂੰ ਉਹ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਦਸਦੇ ਹਨ। ਉਹ ਸਾਬਕਾ ਪ੍ਰਧਾਨ ਮੰਤਰੀ ਨਾਲ ਤਕਰੀਬਨ ਵੀਹ ਮਿੰਟ ਇਕੱਲੇ ਗੱਲਾਂ ਕਰਦੇ ਰਹੇ ਤੇ ਇਸ ਸਮੇਂ ਦੌਰਾਨ ਉਨ੍ਹਾਂ ਦੇ ਸਾਥੀ ਤੇ ਅਧਿਕਾਰੀ ਬਾਹਰ ਖੜੇ ਉਡੀਕਦੇ ਰਹੇ। ਉਨ੍ਹਾਂ ਦੇ ਪੁੱਤਰ ਤੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਅਗਲੇ ਪੜਾਅ ਉਤੇ ਮਿਲੇ ਤੇ ਉਨ੍ਹਾਂ ਦੋਹਾਂ ਨੇ ਮੁਲਕ ਦੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨਾਲ ਪੰਜ ਕੁ ਮਿੰਟਾਂ ਦੀ ਮੁਲਾਕਾਤ ਕੀਤੀ।
ਚਰਚਾ ਇਹ ਵੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕਰਨੀ ਚਾਹੁੰਦੇ ਸਨ, ਪਰ ਪ੍ਰਧਾਨ ਮੰਤਰੀ ਦਫਤਰ ਵਲੋਂ ਉਨ੍ਹਾਂ ਨੂੰ ਸਮਾਂ ਨਹੀਂ ਮਿਲ ਸਕਿਆ। ਇਹ ਸਾਰਾ ਘਟਨਾ-ਕ੍ਰਮ ਸ਼ ਬਾਦਲ ਵਲੋਂ ਇਹ ਕਹਿਣ ਤੋਂ ਬਾਅਦ ਵਾਪਰਿਆ ਕਿ ਮੋਦੀ ਖਾਲਸਾ ਪੰਥ ਦੀ ਆਨ ਤੇ ਸ਼ਾਨ ਬਹਾਲ ਕਰਨ ਲਈ ਜਰੂਰ ਢੁੱਕਵੇਂ ਕਦਮ ਚੁੱਕਣਗੇ।
ਸੋਚਣ ਵਾਲੀ ਗੱਲ ਇਹ ਹੈ ਕਿ ਖਾਲਸਾ ਪੰਥ ਦੀ ਆਨ ਤੇ ਸ਼ਾਨ ਨੂੰ ਵੱਟਾ ਕਦੋਂ ਤੇ ਕਿਵੇਂ ਲੱਗਿਆ ਹੈ ਕਿਉਂਕਿ ਸਿਰਫ ਪੰਜ ਸਾਲਾਂ ਦੇ ਅਰਸੇ ਨੂੰ ਛੱਡ ਕੇ ਪੰਜਾਬ ਵਿਚ 1997 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਹੀ ਰਾਜ ਰਿਹਾ ਹੈ। ਕਾਂਗਰਸ ਪਾਰਟੀ ਦੇ ਰਾਜ ਦੇ ਇਨ੍ਹਾਂ ਪੰਜਾਂ ਸਾਲਾਂ ਦੌਰਾਨ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਰਿਹਾ ਹੈ ਜਿਸ ਨੇ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਦੇ ਰੋਸ ਵਜੋਂ ਲੋਕ ਸਭਾ ਦੀ ਮੈਂਬਰੀ ਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਕੈਪਟਨ ਨੇ ਤਾਂ ਆਪਣੀ ਪਾਰਟੀ ਦੀ ਹਾਈ ਕਮਾਂਡ ਦੀ ਨਾਰਾਜ਼ਗੀ ਸਹੇੜਦਿਆਂ ਦਰਿਆਈ ਪਾਣੀਆਂ ਦੀ ਵੰਡ ਸਬੰਧੀ ਪੰਜਾਬ ਸਿਰ ਥੋਪੇ ਸਾਰੇ ਸਮਝੌਤਿਆਂ ਨੂੰ ਰੱਦ ਕਰਨ ਦਾ ਕਾਨੂੰਨ ਵੀ ਬਣਾ ਦਿੱਤਾ ਸੀ।
ਕੇਂਦਰ ਵਿਚ ਕਾਂਗਰਸ ਦੇ ਪਿਛਲੇ ਦਸ ਸਾਲਾਂ ਦੇ ਰਾਜ ਦੌਰਾਨ ਪ੍ਰਧਾਨ ਮੰਤਰੀ ਵੀ ਉਘੇ ਸਿੱਖ ਡਾæ ਮਨਮੋਹਨ ਸਿੰਘ ਹੀ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਸਿੱਖ ਹੋਣ ਕਰਕੇ ਨਹੀਂ ਸਗੋਂ ਉਨ੍ਹਾਂ ਦੇ ਗੁਣਾਂ ਤੇ ਸ਼ਖ਼ਸੀਅਤ ਕਰਕੇ ਬਣਾਇਆ ਗਿਆ ਸੀ। ਆਮ ਆਦਮੀ ਲਈ ਖਾਲਸਾ ਪੰਥ ਦੀ ਆਨ ਤੇ ਸ਼ਾਨ ਨੂੰ ਲੱਗੇ ਖੋਰੇ ਅਤੇ ਇਸ ਨੂੰ ਬਹਾਲ ਕਰਨ ਲਈ ਮੋਦੀ ਉਤੇ ਲਾਈ ਗਈ ਟੇਕ ਬਾਰੇ ਆਮ ਵਿਅਕਤੀ ਭੰਬਲਭੂਸੇ ਵਿਚ ਪਿਆ ਹੋਇਆ ਹੈ।
ਸ਼ ਬਾਦਲ ਨੇ ਡਾæ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਨ ਦੀ ਖੁਦ ਤਾਂ ਵਧਾਈ ਕੀ ਦੇਣੀ ਸੀ, ਸਗੋਂ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਨੂੰ ਸਿਰਫ ਇਸ ਲਈ ਪਾਰਟੀ ਵਿਚੋਂ ਕੱਢ ਦਿੱਤਾ ਸੀ ਕਿ ਉਨ੍ਹਾਂ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦਾ ਸਵਾਗਤ ਕਰਦਿਆਂ ਕਿਹਾ ਸੀ ਕਿ ਡਾæ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਨਾਲ ਦੁਨੀਆਂ ਭਰ ਵਿਚ ਸਿੱਖਾਂ ਦਾ ਵੱਕਾਰ ਵਧਿਆ ਹੈ। ਪਰ ਬਾਦਲ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਡਾæ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਨਾਲ ਸ਼ਹਿਰੀ ਸਿੱਖ ਵੋਟ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਕਾਂਗਰਸ ਦੀ ਝੋਲੀ ਵਿਚ ਜਾ ਪਵੇਗੀ ਅਤੇ ਇਸ ਖੋਰੇ ਨੂੰ ਰੋਕਣ ਲਈ ਹੀ ਉਨ੍ਹਾਂ ਪਹਿਲੀ ਵਾਰੀ ਹੀ ਮੈਂਬਰ ਬਣੇ ਸ਼ਹਿਰੀ ਸਿੱਖ ਅਵਤਾਰ ਸਿੰਘ ਮੱਕੜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਸੀ। ਇਸੇ ਕਰਕੇ ਹੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸਾਬਕਾ ਪ੍ਰਧਾਨ ਮੰਤਰੀ ਨਾਲ ਕੀਤੀ ਗਈ ਮੁਲਾਕਾਤ ਪ੍ਰਤੀ ਸਿਆਸੀ ਮਾਹਰਾਂ ਵਲੋਂ ਦਿਲਚਸਪੀ ਦਿਖਾਈ ਜਾ ਰਹੀ ਹੈ।
ਪ੍ਰਧਾਨ ਮੰਤਰੀ ਹੁੰਦਿਆਂ ਡਾæ ਮਨਮੋਹਨ ਸਿੰਘ ਦਾ ਆਪਣੇ ਜੱਦੀ ਸੂਬੇ ਪ੍ਰਤੀ ਜ਼ਰੂਰ ਕੁਝ ਨਾ ਕੁਝ ਲਗਾਓ ਰਿਹਾ ਹੋਵੇਗਾ ਅਤੇ ਇਸ ਲਗਾਓ ਦਾ ਲਾਹਾ ਲਿਆ ਜਾ ਸਕਦਾ ਸੀ। ਪਹਿਲੇ ਸਾਲਾਂ ਵਿਚ ਉਸ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤਾ ਰਾਬਤਾ ਨਹੀਂ ਸੀ ਬਣ ਸਕਿਆ ਅਤੇ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਮੁੱਖ ਮੰਤਰੀ ਬਣ ਗਏ। ਉਹ ਲਗਾਤਾਰ ਕਾਂਗਰਸ ਉਤੇ ਸਿੱਖਾਂ ਨਾਲ ਬੇਇਨਸਾਫੀ ਕਰਨ ਦੇ ਦੋਸ਼ ਲਾਉਂਦੇ ਰਹੇ।
ਡਾæ ਮਨਮੋਹਨ ਸਿੰਘ ਨੇ ਮੁਲਕ ਦੇ ਖਜ਼ਾਨਾ ਮੰਤਰੀ ਹੁੰਦਿਆਂ ਇੱਕ ਵਾਰੀ ਜਲੰਧਰ ਵਿਚ ਇੱਕ ਜਨਤਕ ਸਮਾਗਮ ਦੌਰਾਨ ਸ਼ਰੇਆਮ ਇਹ ਕਿਹਾ ਸੀ ਕਿ ਬਾਦਲ ਨੇ ਕਦੇ ਵੀ ਉਨ੍ਹਾਂ ਨਾਲ ਪੰਜਾਬ ਜਾਂ ਸਿੱਖ ਮਾਮਲਿਆਂ ਦੀ ਗੱਲ ਨਹੀਂ ਕੀਤੀ ਅਤੇ ਜਿਹੜੇ ਨਿੱਜੀ ਕੰਮ ਲੈ ਕੇ ਉਹ ਆਉਂਦੇ ਰਹੇ ਹਨ, ਉਹ ਸਾਰੇ ਹੋ ਜਾਂਦੇ ਰਹੇ ਹਨ। ਬਾਦਲ ਵਲੋਂ ਕਾਂਗਰਸ ਨੂੰ ਵਾਰ ਵਾਰ ਪੰਜਾਬ ਤੇ ਸਿੱਖ ਦੁਸ਼ਮਣ ਜਮਾਤ ਕਹੇ ਜਾਣ ਦੇ ਬਾਵਜੂਦ ਡਾæ ਮਨਮੋਹਨ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਦੇ ਵੀ ਖਾਲੀ ਨਹੀਂ ਸੀ ਮੋੜਿਆ। ਬਾਦਲ ਨੇ ਸੋਮਵਾਰ ਫਿਰ ਉਤਰੀ ਸੂਬਿਆਂ ਦੀ ਮੀਟਿੰਗ ਵਿਚ ਇਹ ਗੱਲ ਕਹੀ ਹੈ।
ਧੂਰੀ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਲਈ ਹੁਣ ਭਾਰਤੀ ਜਨਤਾ ਪਾਰਟੀ ਉਤੇ ਨਿਰਭਰ ਨਹੀਂ ਰਿਹਾ। ਪਰ ਇਸ ਦਾ ਕੋਈ ਸਿੱਧਾ ਸਬੰਧ ਸਾਬਕਾ ਪ੍ਰਧਾਨ ਮੰਤਰੀ ਨਾਲ ਸ਼ਿਸ਼ਟਾਚਾਰ ਦੇ ਨਾਤੇ ਕੀਤੀ ਗਈ ਮੁਲਾਕਾਤ ਨਾਲ ਬਣਦਾ ਹਾਲੇ ਨਹੀਂ ਦਿਸ ਰਿਹਾ।
ਅਸਲ ਵਿਚ ਬਾਦਲ ਨੇ ਉਤਰੀ ਸੂਬਿਆਂ ਦੀ ਕੌਂਸਲ ਦੀ ਮੀਟਿੰਗ ਵਿਚ ਮੋਦੀ ਸਰਕਾਰ ਦੀ ਹੀ ਸਖਤ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਕੇਂਦਰੀ ਟੈਕਸਾਂ ਵਿਚ ਦਿੱਤਾ ਗਿਆ ਵਧੇਰੇ ਹਿੱਸਾ ਵੀ ਛਲਾਵਾ ਹੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਉਹ ਲਗਾਤਾਰ ਇਹ ਕਹਿੰਦੇ ਰਹੇ ਹਨ ਕਿ ਕੇਂਦਰੀ ਟੈਕਸਾਂ ਵਿਚ ਸੂਬਿਆਂ ਦਾ ਹਿੱਸਾ ਵਧਾ ਕੇ ਮੋਦੀ ਸਰਕਾਰ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਮੀਟਿੰਗ ਵਿਚ ਬਾਦਲ ਨੇ ਕਾਂਗਰਸ ਸਰਕਾਰਾਂ ਵਲੋਂ ਪੰਜਾਬ ਨਾਲ ਕੀਤੇ ਗਏ ਵਿਤਕਰਿਆਂ ਦਾ ਆਪਣਾ ਪੁਰਾਣਾ ਰਾਗ ਵੀ ਅਲਾਪਿਆ।
ਸ਼ ਬਾਦਲ ਵਲੋਂ ਸੂਬਿਆਂ ਦੀ ਕੌਂਸਲ ਵਿਚ ਦਿੱਤੇ ਗਏ ਭਾਸ਼ਨ ਦੀ ਉਸ ਦੇ ਆਪਣੇ ਸਾਥੀਆਂ ਤੇ ਸਲਾਹਕਾਰਾਂ ਵਲੋਂ ਬੜੀ ਦਿਲਚਸਪ ਵਿਆਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੇਂਦਰ ਨੇ ਬਾਦਲ ਵਲੋਂ ਉਭਾਰੇ ਗਏ ਮੁੱਦਿਆਂ ਦਾ ਕੋਈ ਹੱਲ ਨਾ ਕੱਢਿਆ ਤਾਂ ਪੰਜਾਬ ਵਿਚ ਇੱਕ ਵਾਰੀ ਫਿਰ ਅਤਿਵਾਦ ਪੈਦਾ ਹੋ ਸਕਦਾ ਹੈ ਜਿਸ ਨਾਲ ਅਮਨ-ਸ਼ਾਂਤੀ ਤੇ ਆਪਸੀ ਭਾਈਚਾਰਾ ਭੰਗ ਹੋਵੇਗਾ। ਇਸ ਵਿਆਖਿਆ ਵਿਚੋਂ ਜਿਹੜਾ ਸੰਕੇਤ ਨਿਕਲਦਾ ਹੈ ਉਹ ਮੋਦੀ ਸਰਕਾਰ ਨੂੰ ਦਿੱਤੀ ਗਈ ਚਿਤਾਵਨੀ ਹੈ। ਪਰ ਇਸ ਸੂਰਤ ਵਿਚ ਸ਼ਤਰੰਜ ਦੇ ਇਸ ਮਾਹਰ ਖਿਡਾਰੀ ਵਲੋਂ ਮੋਦੀ ਨੂੰ ਮਾਤ ਦੇਣੀ ਪਵੇਗੀ। ਸਿਆਸਤ ਦੀ ਇਹ ਵੱਡੀ ਸ਼ਤਰੰਜੀ ਖੇਡ ਜਾਰੀ ਹੈ।