ਡਾæ ਗੁਰਨਾਮ ਕੌਰ, ਕੈਨੇਡਾ
ਗੁਰਮਤਿ ਮਾਰਗ ਇੱਕ ਜੀਵਨ ਜਾਚ ਹੈ ਜਿਸ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਿੱਖ ਗੁਰੂ ਸਾਹਿਬਾਨ ਦਾ ਆਪਣਾ ਜੀਵਨ ਅਤੇ ਇਸ ਜੀਵਨ ਜਾਚ ਦੇ ਅਮਲੀ ਪ੍ਰਕਾਸ਼ਨ ਲਈ ਉਨ੍ਹਾਂ ਵਲੋਂ ਸਮੇਂ ਸਮੇਂ ਸਥਾਪਤ ਕੀਤੀਆਂ ਸੰਸਥਾਵਾਂ ਅਤੇ ਸੰਸਕਾਰ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਤ, ਜਨਮ, ਨਸਲ, ਧਾਰਮਿਕ ਹੱਦਬੰਦੀਆਂ ਤੋਂ ਪਾਰ ਕੁਲ ਲੁਕਾਈ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਤੇ ਉਪਦੇਸ਼ ਦਿੰਦੀ ਹੈ। ਇਹ ਮਨੁੱਖ ਨੂੰ ਇਸ ਸੰਸਾਰ ‘ਤੇ ਰਹਿੰਦਿਆਂ Ḕਪਤਿ ਸੇਤੀḔ ਜਿਉਣ ਅਤੇ ਇਸ ਸੰਸਾਰ ਤੋਂ ਪਤਿ ਸੇਤੀ ਰੁਖਸਤ ਹੋਣ ਦਾ ਸੰਦੇਸ਼ ਦਿੰਦੀ ਹੈ।
ਪਿਛਲੇ ਲੇਖ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਣੀ ਦੇ ਹਵਾਲੇ ਨਾਲ ਹੀ ਗੱਲ ਕੀਤੀ ਸੀ ਕਿ ਹਿੰਦੂ ਸ਼ਾਸਤਰਾਂ ਅਨੁਸਾਰ ਕਿਵੇਂ ਹਿੰਦੂ ਸਮਾਜ ਵੱਖ ਵੱਖ ਜਾਤਾਂ ਅਤੇ ਵਰਣਾਂ ਵਿਚ ਵੰਡਿਆ ਹੋਇਆ ਸੀ ਅਤੇ ਉਚੀਆਂ ਕਹੀਆਂ ਜਾਣ ਵਾਲੀਆਂ, ਖਾਸ ਕਰਕੇ ਸਮਾਜ ਅਤੇ ਧਰਮ ਦੀ ਕਰਤਾ ਧਰਤਾ ਕਹੀ ਜਾਣ ਵਾਲੀ ਉਚੀ ਜਾਤ ਬ੍ਰਾਹਮਣ ਦਾ ਛੋਟੀਆਂ ਕਹੀਆਂ ਜਾਣ ਵਾਲੀਆਂ ਜਾਤਾਂ ਵੱਲ ਕਿਹੋ ਜਿਹਾ ਨਜ਼ਰੀਆ ਸੀ। ਸਿੱਖ ਧਰਮ ਚਿੰਤਨ ਵਿਚ ਮਨੁੱਖ ਦੀ ਧਰਮ, ਜਾਤਿ, ਨਸਲ ਜਾਂ ਇਸਤਰੀ/ਪੁਰਸ਼ ਹੋਣ ਦੇ ਨਾਤੇ ਵੰਡ ਕਰਨਾ ਨਕਾਰਿਆ ਗਿਆ ਹੈ ਕਿਉਂਕਿ ਸਾਰੇ ਜੀਵ ਉਸ ਇੱਕ ਰੱਬ ਨੇ ਪੈਦਾ ਕੀਤੇ ਹੋਏ ਪ੍ਰਵਾਨ ਕੀਤੇ ਗਏ ਹਨ ਅਤੇ ਹਰ ਇੱਕ ਜੀਵ ਅੰਦਰ ਉਸ ਦਾ ਨੂਰ ਇਕਸਾਰ ਵਿਆਪਕ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ “ਸਭਿ ਮੈ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣੁ ਸਭ ਮਹਿ ਚਾਨਣ ਹੋਇ॥” ਅਤੇ ਗੁਰੂ ਅਮਰਦਾਸ ਜੀ ਨੇ Ḕਮਨਿ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥” ਕਿਹਾ ਹੈ। ਭਗਤ ਕਬੀਰ ਇਸੇ ਸਿਧਾਂਤ ਨੂੰ ਬਿਆਨ ਕਰਦਿਆਂ ਲੋਕਾਈ ਨੂੰ ਆਗਾਹ ਕਰਦੇ ਹਨ ਕਿ ਮਨੁੱਖ ਜਨਮ ਪ੍ਰਤੀ ਆਪਣੇ ਮਨਾਂ ਨੂੰ ਭਰਮ ਵਿਚ ਪਾ ਕੇ ਖੁਆਰ ਨਾ ਹੋਣ ਅਤੇ ਕਿਸੇ ਭੁਲੇਖੇ ਵਿਚ ਨਾ ਰਹਿਣ। ਭਗਤ ਕਬੀਰ ਦੱਸਦੇ ਹਨ ਕਿ ਉਹ ਰੱਬੀ ਹਸਤੀ ਸਭ ਨੂੰ ਪੈਦਾ ਕਰਨ ਵਾਲੀ ਹੈ ਅਤੇ ਹਰ ਇੱਕ ਦੇ ਅੰਦਰ ਵਸ ਰਹੀ ਹੈ। ਇਹ ਸਾਰੀ ਦੁਨੀਆਂ ਉਸੇ ਇੱਕ ਰੱਬੀ ਨੂਰ ਤੋਂ ਪੈਦਾ ਹੋਈ ਹੈ, ਕਿਉਂਕਿ ਹਰ ਇੱਕ ਦੀ ਹੋਂਦ ਉਸੇ ਤੋਂ ਹੈ ਅਤੇ ਉਹ ਹਰ ਇੱਕ ਵਿਚ ਵਿਆਪਕ ਹੈ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਜਨਮ ਕਰਕੇ ਕੌਣ ਚੰਗਾ ਹੈ ਅਤੇ ਕੌਣ ਮੰਦਾ ਅਰਥਾਤ ਕੌਣ ਉਚਾ ਹੈ ਜਾਂ ਕੌਣ ਨੀਵਾਂ। ਜਿਸ ਤਰ੍ਹਾਂ ਘੁਮਿਆਰ ਇੱਕੋ ਮਿੱਟੀ ਤੋਂ ਅਨੇਕ ਕਿਸਮ ਦੇ ਭਾਂਡੇ ਬਣਾਉਂਦਾ ਹੈ, ਇਸੇ ਤਰ੍ਹਾਂ ਉਸ ਰੱਬ ਨੇ ਆਪਣੇ ਆਪ ਤੋਂ ਵੱਖਰੇ ਵੱਖਰੇ ਰੂਪ ਸਿਰਜ ਕੇ ਸਾਰੀ ਖ਼ਲਕਤ ਪੈਦਾ ਕੀਤੀ ਹੈ। ਇਹ ਸਭ ਸਿਰਜਣਾ ਉਸੇ ਦੀ ਕੀਤੀ ਹੋਈ ਹੈ ਅਤੇ ਸਾਰੀ ਰਚਨਾ ਉਸ ਦੇ ਹੁਕਮ ਵਿਚ ਹੋਈ ਹੈ। ਜਿਹੜਾ ਮਨੁੱਖ ਉਸ ਪਰਮ ਹਸਤੀ ਦੇ ਇਸ ਹੁਕਮ ਨੂੰ ਪਛਾਣ ਲੈਂਦਾ ਹੈ, ਉਸ ਨੂੰ ਹੀ ਉਸ ਦਾ ਬੰਦਾ ਕਹਿਣਾ ਚਾਹੀਦਾ ਹੈ,
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥੧॥
ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥੧॥ਰਹਾਉ॥… (ਪੰਨਾ ੧੩੪੯-੫੦)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਭਾਈਚਾਰਕ ਸਾਂਝੀਵਾਲਤਾ, ਆਪਸੀ ਪ੍ਰੇਮ ਅਤੇ ਸ਼ਾਂਤੀ, ਸਰਬੱਤ ਦਾ ਭਲਾ, ਸਭ ਨੂੰ ਇਕਸਾਰ ਅਧਿਆਤਮਕ ਅਨੁਭਵ ਅਤੇ ਸਮਾਜਿਕ ਬਰਾਬਰੀ ਦਾ ਹੱਕ, ਸਾਰੀ ਮਨੁੱਖਤਾ ਦੀ ਆਜ਼ਾਦੀ ਦਾ ਸੰਦੇਸ਼ ਦਿੱਤਾ ਗਿਆ ਹੈ। ਗੁਰੂ ਨਾਨਕ ਸਾਹਿਬ ਰੱਬ ਅੱਗੇ ਅਰਦਾਸ ਕਰਕੇ ਉਨ੍ਹਾਂ ਦੀ ਸੰਗਤ ਮੰਗਦੇ ਹਨ ਜਿਨ੍ਹਾਂ ਨੂੰ ਇਸ ਸਮਾਜਿਕ ਦਰਜਾਬੰਦੀ ਕਾਰਨ ਨੀਵੇਂ ਸਮਝਿਆ ਜਾਂਦਾ ਹੈ। ਉਹ ਆਪਣੀਆਂ ਚਾਰ ਉਦਾਸੀਆਂ ਦੌਰਾਨ ਜਿਥੇ ਵੀ ਗਏ, ਉਨ੍ਹਾਂ ਨੇ ਗ਼ਰੀਬ ਅਤੇ ਨੀਵੇਂ ਕਹੇ ਜਾਣ ਵਾਲੇ ਸਮਾਜਿਕ ਤੌਰ ‘ਤੇ ਦੱਬੇ-ਕੁਚਲੇ ਭਾਈ ਲਾਲੋ ਵਰਗੇ ਹੱਥੀਂ ਕਿਰਤ ਕਮਾਈ ਕਰਕੇ ਖਾਣ ਵਾਲੇ ਲੋਕਾਂ ਦੀ ਸੰਗਤ ਕੀਤੀ। ਭਾਈ ਮਰਦਾਨਾ, ਜੋ ਸਮਾਜਿਕ ਦਰਜਬੰਦੀ ਵਿਚ ਨੀਵੀਂ ਕਹੀ ਜਾਣ ਵਾਲੀ ਜਾਤ ਨਾਲ ਸਬੰਧਤ ਸੀ, ਨੇ ਆਪਣੀ ਸਾਰੀ ਉਮਰ ਗੁਰੂ ਨਾਨਕ ਸਾਹਿਬ ਨਾਲ ਰਬਾਬ ਵਜਾਉਂਦਿਆਂ ਸਾਰੀਆਂ ਉਦਾਸੀਆਂ ਵੇਲੇ ਸਾਥ ਨਿਭਾਇਆ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਥੇ ਨੀਵੇਂ ਕਹੇ ਜਾਣ ਵਾਲੇ ਤੇ ਗਰੀਬ ਲੋਕਾਂ ਦੀ ਸੰਭਾਲ ਹੁੰਦੀ ਹੈ, ਉਥੇ ਰੱਬ ਦੀ ਬਖਸ਼ਿਸ਼ ਹੁੰਦੀ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਹਨ ਕਿ ਵੱਡੇ ਲੋਕਾਂ ਤੋਂ ਮੈਂ ਕੀ ਲੈਣਾ ਹੈ, ਮੇਰਾ ਸੰਗ ਦੱਬੇ ਕੁਚਲਿਆਂ ਨਾਲ ਹੈ,
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥੪॥੩॥ (ਪੰਨਾ ੧੫)
ਵਰਣ ਅਤੇ ਜਾਤਿ ਦੇ ਅਹੰਕਾਰ ਨੂੰ ਗੁਰੂ ਨਾਨਕ ਸਾਹਿਬ ਨੇ ਨਿੰਦਿਆ ਹੈ ਕਿਉਂਕਿ ਰੱਬ ਦੀ ਦਰਗਾਹ ਵਿਚ ਮਨੁੱਖ ਜਾਤ ਤੋਂ ਨਹੀਂ ਪਛਾਣਿਆ ਜਾਣਾ, ਉਸ ਦੀ ਪਛਾਣ ਉਸ ਵਲੋਂ ਕੀਤੇ ਕਰਮਾਂ ਅਨੁਸਾਰ ਹੋਣੀ ਹੈ ਕਿ ਉਸ ਨੇ ਇਸ ਸੰਸਾਰ ‘ਤੇ ਵਿਚਰਦਿਆਂ ਚੰਗੇ ਕਰਮ ਕੀਤੇ ਹਨ ਜਾਂ ਮੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਸਿਧਾਂਤਾਂ ਅਤੇ ਸੰਕਲਪਾਂ ਦਾ ਜਿੱਥੇ ਅਧਿਆਤਮਕ ਸੰਦਰਭ ਹੈ, ਉਥੇ ਉਹ ਦੁਨਿਆਵੀ ਜੀਵਨ ਨਾਲ ਵੀ ਓਨੇ ਹੀ ਸਬੰਧਤ ਹਨ ਕਿਉਂਕਿ ਅਧਿਆਤਮਕ ਜੀਵਨ ਸੰਸਾਰਕ ਜੀਵਨ ਨਾਲ ਜੁੜਿਆ ਹੋਇਆ ਹੈ। ਇਸ ਲਈ ਸਿੱਖ ਧਰਮ ਚਿੰਤਨ ਵਿਚ ਸੰਸਾਰਕ ਅਤੇ ਅਧਿਆਤਮਕ ਜੀਵਨ ਅੰਤਰ-ਸਬੰਧਤ ਹਨ। ਇਸ ਦੁਨੀਆਂ ‘ਤੇ ਰਹਿੰਦਿਆਂ ਪਤਿ-ਸੇਤੀ ਜਿਉਣ ਦੀ ਸਿਫਾਰਸ਼ ਗੁਰੂ ਸਾਹਿਬਾਨ ਨੇ ਕੀਤੀ ਹੈ ਅਤੇ ਪਤਿ ਸੇਤੀ ਉਹ ਮਨੁੱਖ ਹੀ ਜਿਉਂਦਾ ਹੈ ਜੋ ਸੱਚ ਦੀ ਪਛਾਣ ਕਰਦਾ ਹੈ।
ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਇਸ ਦੁਨੀਆਂ ‘ਤੇ ਉਹ ਮਨੁੱਖ ਹੀ ਜਿਉਂਦਾ ਹੈ ਜਿਸ ਦੇ ਅੰਦਰ ਪਰਮਾਤਮਾ ਵੱਸ ਰਿਹਾ ਹੈ, ਜੋ ਆਪਣੇ ਅੰਦਰ ਵੱਸ ਰਹੇ ਪਰਮਾਤਮਾ ਨੂੰ ਅਨੁਭਵ ਨਹੀਂ ਕਰਦਾ, ਉਹ ਜਿਉਂਦਾ ਨਹੀਂ ਹੈ (ਭਾਈਚਾਰਕ ਸਾਂਝ ਉਸ ਪਰਮਾਤਮਾ ਨੂੰ ਅੰਦਰ ਵੱਸ ਰਿਹਾ ਅਨੁਭਵ ਕਰਨ ਨਾਲ ਹੀ ਹੁੰਦੀ ਹੈ ਕਿਉਂਕਿ ਸਭ ਅੰਦਰ ਉਸ ਦੀ ਜੋਤਿ ਵੱਸ ਰਹੀ ਹੈ)। ਜੇ ਮਨੁੱਖ ਇਸ ਦੁਨੀਆਂ ‘ਤੇ ਇੱਜ਼ਤ ਗੁਆ ਕੇ ਜਿਉਂਦਾ ਹੈ, ਉਸ ਦਾ ਖਾਣਾ-ਪੀਣਾ ਸਭ ਹਰਾਮ ਹੈ। ਜਿਸ ਮਨੁੱਖ ਨੂੰ ਰਾਜ-ਮਾਲ ਨਾਲ ਪਿਆਰ ਹੈ, ਉਹ ਇਸ ਦੇ ਨਸ਼ੇ ਵਿਚ ਆਕੜ ਅਤੇ ਹੰਕਾਰ ਨਾਲ ਰਹਿੰਦਾ ਹੈ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਅਕਾਲ ਪੁਰਖ ਦੇ ਨਾਮ ਤੋਂ ਬਿਨਾ ਮਨੁੱਖ ਠੱਗਿਆ ਜਾ ਰਿਹਾ ਹੈ ਅਤੇ ਸੰਸਾਰ ਤੋਂ ਆਪਣੀ ਇੱਜ਼ਤ ਗੁਆ ਕੇ ਜਾਂਦਾ ਹੈ,
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥
ਨਾਨਕ ਅਵਰੁ ਨ ਜੀਵੈ ਕੋਇ॥
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥
ਰਾਜਿ ਰੰਗੁ ਮਾਲਿ ਰੰਗੁ॥
ਰੰਗਿ ਰਤਾ ਨਚੈ ਨੰਗੁ॥
ਨਾਨਕ ਠਗਿਆ ਮੁਠਾ ਜਾਇ॥
ਵਿਣੁ ਨਾਵੈ ਪਤਿ ਗਇਆ ਗਵਾਇ॥੧॥ (ਪੰਨਾ ੧੪੨)
ਧਰਮ-ਨਿਰਪੇਖਵਾਦ ਦੀ ਵਿਆਖਿਆ ਇੱਕ ਲਹਿਰ ਵਜੋਂ ਕੀਤੀ ਜਾਂਦੀ ਹੈ ਜੋ ਇਰਾਦਾਤਨ ਨੈਤਿਕਤਾ ਪੱਖੀ ਤਾਂ ਹੈ ਪਰ ਧਰਮ ਪੱਖੀ ਨਹੀਂ ਹੈ ਅਤੇ ਜਿਸ ਦੀ ਪ੍ਰਮੁੱਖਤਾ ਰਾਜਨੀਤਕ ਅਤੇ ਸਿਧਾਂਤਕ ਹੈ। ਇਸ ਦਾ ਮੁੱਢ ਪ੍ਰਤੱਖ ਤੌਰ ‘ਤੇ ਜੀਵਨ ਅਤੇ ਵਿਹਾਰ ਦਾ ਖਾਸ ਸਿਧਾਂਤ ਸਿਰਜਣਾ ਸੀ। ਇਸ ਦਾ ਮਕਸਦ ਧਰਮ ਦੀ ਆੜ ਜਾਂ ਸਹਾਇਤਾ ਤੋਂ ਬਿਨਾ ਨੈਤਿਕ ਪ੍ਰਾਪਤੀ ਕਰਨਾ ਹੈ। ਇਸ ਦਾ ਭਾਵ ਇਹ ਹੈ ਕਿ ਧਰਮ ਨਿਰਪੇਖਵਾਦ ਦਾ ਲਾਜ਼ਮੀ ਸਿਧਾਂਤ ਪਦਾਰਥਕ ਸਾਧਨਾਂ ਰਾਹੀਂ ਮਨੁੱਖ ਦੀ ਬਿਹਤਰੀ ਅਤੇ ਵਿਕਾਸ ਕਰਨਾ ਤਸੱਵਰ ਕੀਤਾ ਗਿਆ ਹੈ ਕਿਉਂਕਿ ਧਰਮ-ਨਿਰਪੇਖਵਾਦ ਅਨੁਸਾਰ ਪਦਾਰਥਕ ਸਾਧਨ ਜ਼ਿਆਦਾ ਮਹੱਤਵਪੂਰਨ ਹਨ, ਉਹ ਮਨ-ਇੱਛਤ ਨਤੀਜੇ ਪ੍ਰਾਪਤ ਕਰਨ ਦੇ ਜ਼ਿਆਦਾ ਸਮਰੱਥ ਹਨ। ਇਤਿਹਾਸਕ ਪੱਖ ਤੋਂ ਦੇਖਿਆਂ ਧਰਮ-ਨਿਰਪੇਖਵਾਦ ਦੀ ਲਹਿਰ ਪੱਛਮ ਵਿਚ ਉਸ ਸਮੇਂ ਸ਼ੁਰੂ ਹੋਈ ਜਦੋਂ ਧਰਮ ਅਤੇ ਵਿਗਿਆਨ ਇੱਕ ਦੂਸਰੇ ਦੇ ਟਾਕਰੇ ਵਿਚ ਆ ਗਏ ਅਤੇ ਆਪਸੀ ਵਿਰੋਧ ਪੈਦਾ ਹੋ ਗਿਆ। ਪੱਛਮੀ ਸਿਧਾਂਤ ਅਨੁਸਾਰ ਧਰਮ-ਨਿਰਪੇਖਵਾਦ ਤੋਂ ਭਾਵ ਧਾਰਮਿਕ ਵਿਸ਼ਵਾਸਾਂ ਦੇ ਉਲਟ ਸਮਾਜਿਕ ਜੀਵਨ ਨੂੰ ਅਜਿਹੀਆਂ ਧਰਮ-ਨਿਰਪੇਖੀ ਸੰਸਥਾਵਾਂ ਦੁਆਰਾ ਨਿਯੰਤਰਤ ਕਰਨਾ ਜਿਹੜੀਆਂ ਧਰਮ ਦੀ ਮੁਖ਼ਾਲਫਤ ਕਰਨ।
ਭਾਰਤ ਦੇ ਸੰਦਰਭ ਵਿਚ ਧਰਮ-ਨਿਰਪੇਖਵਾਦ ਦਾ ਅਰਥ ਥੋੜੇ ਬਦਲੇ ਹੋਏ ਰੂਪ ਵਿਚ ਲਾਗੂ ਹੈ। ਭਾਰਤੀ ਸੰਵਿਧਾਨ ਵਿਚ ਇਹ ਐਲਾਨ ਕੀਤਾ ਗਿਆ ਹੈ ਕਿ ਸਟੇਟ ਕਿਸੇ ਇੱਕ ਧਰਮ ਨਾਲ ਨਹੀਂ ਹੈ ਅਰਥਾਤ ਸਟੇਟ ਦੇ ਨਜ਼ਰੀਏ ਤੋਂ ਸਾਰੇ ਧਰਮ ਬਰਾਬਰ ਹਨ। ਭਾਰਤ ਵਿਚ ਵਸਣ ਵਾਲੇ ਲੋਕਾਂ ਦਾ ਕੋਈ ਇੱਕ ਧਰਮ ਨਹੀਂ ਹੈ। ਭਾਰਤ ਬਹੁ-ਧਰਮੀ ਦੇਸ਼ ਹੈ ਜਿੱਥੇ ਹਿੰਦੂ, ਜੈਨ, ਬੁੱਧ, ਸਿੱਖ, ਇਸਲਾਮ, ਪਾਰਸੀ, ਈਸਾਈ ਅਤੇ ਯਹੂਦੀ ਆਦਿ ਸਾਰਿਆਂ ਨੂੰ ਸੰਵਿਧਾਨ ਅਨੁਸਾਰ ਇੱਕੋ ਜਿਹੀ ਮਾਨਤਾ ਪ੍ਰਾਪਤ ਹੈ ਅਰਥਾਤ ਸਟੇਟ ਕਿਸੇ ਧਰਮ ਵਿਸ਼ੇਸ਼ ਦੇ ਹੱਕ ਵਿਚ ਹੋਣ ਦਾ ਸੰਵਿਧਾਨਕ ਤੌਰ ‘ਤੇ ਦਾਅਵਾ ਨਹੀਂ ਕਰ ਸਕਦਾ।
ਸਿੱਖ ਧਰਮ ਚਿੰਤਨ ਵਿਚ ਧਰਮ ਨਿਰਪੇਖਤਾ ਦਾ ਨਵਾਂ ਅਤੇ ਨਿਵੇਕਲਾ ਹੀ ਨਹੀਂ ਬਲਕਿ ਜ਼ਿਆਦਾ ਉਸਾਰੂ ਅਤੇ ਸਰਬ-ਪੱਖੀ ਸਿਧਾਂਤ ਮਿਲਦਾ ਹੈ। ਇਸ ਦੀ ਸਭ ਤੋਂ ਨਿਵੇਕਲੀ ਉਦਾਹਰਣ ਇਸ ਦੇ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਹੈ ਜਿਸ ਨੂੰ ਗੁਰੂ ਅਰਜਨ ਦੇਵ ਨੇ ਆਪ ਤਰਤੀਬ ਦਿੱਤੀ ਅਤੇ ਆਪਣੀ ਨਿਗਰਾਨੀ ਵਿਚ ਸੰਕਲਨ ਕਰਾਇਆ ਅਤੇ ਇਸ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਹੋਏ। ਦਸਵੇਂ ਗੁਰੂ ਗੋਬਿੰਦ ਸਿੰਘ ਨੇ ਨੌਵੇਂ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕਰਕੇ ਇਸ ਨੂੰ ਸੰਪੂਰਨ ਕੀਤਾ ਅਤੇ ਸਰਬ ਸਮਿਆਂ ਵਾਸਤੇ ਬਾਕਾਇਦਾ ਪਰੰਪਰਕ ਰੂਪ ਵਿਚ ਗੁਰਗੱਦੀ ਸੌਂਪੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੇ ਗੁਰੂਆਂ ਦੀ ਬਾਣੀ ਤੋਂ ਇਲਾਵਾ ਹਿੰਦੂ ਵੈਸ਼ਨਵ ਭਗਤਾਂ, ਸੂਫੀ ਸੰਤਾਂ (ਜਿਨ੍ਹਾਂ ਦਾ ਸਬੰਧ ਇਸਲਾਮ ਨਾਲ ਹੈ), ਭੱਟਾਂ ਦੀ ਬਾਣੀ ਵੀ ਸ਼ਾਮਲ ਕੀਤੀ ਗਈ। ਇਸ ਬਾਣੀ ਨੂੰ ਸ਼ਾਮਲ ਕਰਨ ਦੀ ਕਸੌਟੀ ਸਿਧਾਂਤਕ ਮੇਲ ਜਾਂ ਇਕਸੁਰਤਾ ਰੱਖੀ ਗਈ ਨਾ ਕਿ ਕੋਈ ਵਿਸ਼ੇਸ਼ ਧਰਮ ਜਾਂ ਜਾਤਿ ਆਦਿ। ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ ਆਦਿ ਭਗਤਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਬਾਣੀ ਨੂੰ ਉਹੀ ਦਰਜਾ ਪ੍ਰਾਪਤ ਹੈ ਜੋ ਗੁਰੂ ਸਾਹਿਬਾਨ ਦੀ ਬਾਣੀ ਨੂੰ ਪ੍ਰਾਪਤ ਹੈ। ਇਹ ਭਗਤ ਵੱਖੋ ਵੱਖਰੇ ਵਰਣਾਂ ਜਾਂ ਜਾਤਾਂ ਨਾਲ ਹੀ ਸਬੰਧਤ ਨਹੀਂ ਸਨ ਬਲਕਿ ਭਾਰਤ ਦੇ ਵੱਖ ਵੱਖ ਇਲਾਕਿਆਂ ਨਾਲ ਸਬੰਧਤ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਬਾ ਸ਼ੇਖ ਫਰੀਦ ਵਰਗੇ ਸੂਫੀ ਸੰਤ ਦੀ ਬਾਣੀ ਸ਼ਾਮਲ ਹੈ ਜੋ ਕਹਿੰਦੇ ਹਨ,
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ॥੭੧॥ (ਪੰਨਾ ੧੩੮੧)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕੱਟੜ ਧਾਰਮਿਕ ਕਰਮ ਕਾਂਡ ਨੂੰ ਨਿੰਦਿਆ ਗਿਆ ਹੈ ਅਤੇ ਮਨੁੱਖ ਨੂੰ ਧਰਮੀ ਹੋਣ ਲਈ ਆਪਣੇ ਅੰਦਰ ਸਤਿ, ਸੰਤੋਖ, ਦਇਆ, ਪ੍ਰੇਮ ਆਦਿ ਨੈਤਿਕ ਗੁਣ ਪੈਦਾ ਕਰਨ ਅਤੇ ਰੱਬ ਸੱਚੇ ਦੀ ਬੰਦਗੀ ਕਰਨ ਲਈ ਕਿਹਾ ਗਿਆ ਹੈ। ਬਾਣੀ ਵਿਚ ਗੁਰੂ ਦਾ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਸ ਦੀ ਹੀ ਵਿਆਖਿਆ ਨਹੀਂ ਕੀਤੀ ਗਈ, ਇਹ ਵੀ ਦੱਸਿਆ ਗਿਆ ਹੈ ਕਿ ਅਸਲੀ ਪੰਡਤ, ਹਿੰਦੂ ਜਾਂ ਮੁਸਲਮਾਨ ਕਹਾਉਣ ਦਾ ਹੱਕਦਾਰ ਕੌਣ ਹੈ। ਉਦਾਹਰਣ ਲਈ ਗੁਰੂ ਨਾਨਕ ਸਾਹਿਬ ਮੁਸਲਮਾਨ ਨੂੰ ਦੱਸਦੇ ਹਨ ਕਿ ਉਸ ਨੂੰ ਸੱਚਾ ਮੁਸਲਮਾਨ ਹੋਣ ਲਈ ਮਿਹਰ, ਸਿਦਕ, ਈਮਾਨਦਾਰੀ ਦੀ ਕਮਾਈ, ਉਦਮ, ਉਚਾ ਆਚਰਣ, ਨੇਕ ਅਮਲ ਆਦਿ ਦਾ ਧਾਰਨੀ ਹੋਣਾ ਚਾਹੀਦਾ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਨੈਤਿਕ ਗੁਣਾਂ ਨੂੰ ਆਪਣੇ ਅੰਦਰ ਪੈਦਾ ਕਰਨਾ ਹੀ ਧਾਰਮਿਕ ਰਸਮਾਂ ਅਤੇ ਪੰਜ ਨਮਾਜ਼ਾਂ ਨੂੰ ਸਾਰਥਕ ਬਣਾਉਂਦਾ ਹੈ,
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥੧॥ (ਪੰਨਾ ੧੪੦-੪੧)
ਇਸੇ ਤਰ੍ਹਾ ਪੰਜ ਨਮਾਜ਼ਾਂ ਦਾ ਜ਼ਿਕਰ ਕਰਦਿਆਂ ਉਪਦੇਸ਼ ਕੀਤਾ ਹੈ,
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ॥
ਪਹਿਲਾ ਸਚੁ ਹਲਾਲੁ ਦੁਇ ਤੀਜਾ ਖੈਰ ਖੁਦਾਇ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀਂ ਸਿਫਤਿ ਸਨਾਇ॥
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ॥
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ॥੩॥ (ਪੰਨਾ ੧੪੧)
ਜਪੁਜੀ, ਆਸਾ ਦੀ ਵਾਰ, ਸਿਧ ਗੋਸਟਿ, ਦਖਣੀਓਅੰਕਾਰ ਅਤੇ ਹੋਰ ਅਨੇਕ ਬਾਣੀਆਂ ਵਿਚ ਪੰਡਤ, ਬ੍ਰਾਹਮਣ, ਜੋਗੀਆਂ, ਜੈਨੀ ਸਾਧੂਆਂ ਨੂੰ ਸੰਬੋਧਨ ਕੀਤਾ ਮਿਲ ਜਾਂਦਾ ਹੈ। ਬਾਣੀ ਵਿਚ ਰਾਜਨੀਤਕ ਅਧੀਨਤਾ, ਸਭਿਆਚਾਰਕ ਗੁਲਾਮੀ ਦਾ ਅਹਿਸਾਸ ਹਿੰਦੁਸਤਾਨੀਆਂ ਨੂੰ ਪੂਰੀ ਤਰ੍ਹਾਂ ਕਰਾਇਆ ਗਿਆ ਹੈ। ਮਨੁੱਖ ਨੂੰ ਸਵੈਮਾਨ ਨਾਲ ਜਿਉਣ ਵਾਸਤੇ ਮੌਤ ਦੇ ਭੈ ਤੋਂ ਨਿਜਾਤ ਪਾਉਣ ਦਾ ਅਦੇਸ਼ ਕੀਤਾ ਹੈ ਜਿਸ ਨੂੰ Ḕਪਹਿਲਾ ਮਰਣੁ ਕਬੂਲਿḔ ਅਤੇ Ḕਸਿਰੁ ਧਰਿ ਤਲੀ ਗਲੀ ਮੇਰੀ ਆਉḔ ਕਿਹਾ ਹੈ। ਭਗਤ ਕਬੀਰ ਨੇ ਸੂਰਮਾ ਉਸ ਨੂੰ ਕਿਹਾ ਹੈ ਜੋ ਦੀਨਾਂ, ਗਰੀਬਾਂ ਦੀ ਖਾਤਰ ਲੜ ਮਰਦਾ ਹੈ। ਜਿਹੜਾ ਮਨੁੱਖ ਸਾਰੀ ਮਨੁੱਖਤਾ ਨੂੰ ਆਪਣਾ ਹਮਸਾਇਆ ਮੰਨਦਾ ਹੈ। ਜੋ ਮਨੁੱਖ Ḕਸਭੈ ਸਾਝੀਵਾਲ ਸਦਾਇਨḔ ਦੀ ਧਾਰਨਾ ‘ਤੇ ਚੱਲਦਾ ਹੈ ਉਹੀ ਪਰਮਾਤਮਾ ਨੂੰ ਸੱਚਾ ਪ੍ਰੇਮ ਕਰਨ ਦੇ ਯੋਗ ਹੋ ਸਕਦਾ ਹੈ। ਗੁਰੂ ਨਾਨਕ ਸਹਿਬ ਜਦੋਂ ਕਿਸੇ ਖਾਸ ਧਰਮ ਨੂੰ ਮੰਨਣ ਵਾਲੇ ਨੂੰ ਸਿੱਖਿਆ ਦਿੰਦੇ ਹਨ ਤਾਂ ਉਸ ਧਰਮ ਦੇ ਨਾਂ ਨਾਲ ਸੰਬੋਧਨ ਕਰਦੇ ਹਨ ਜਿਵੇਂ ਉਤੇ ਮੁਸਲਮਾਨ ਦੇ ਸਬੰਧ ਵਿਚ ਦੱਸਿਆ ਹੈ ਪਰ ਜਦੋਂ ਹਿੰਦੁਸਤਾਨ ਦੀ ਗੱਲ ਕਰਦੇ ਹਨ ਤਾਂ ਇੱਕ ਮੁਲਕ ਦੀ ਗੱਲ ਕਰਦੇ ਹਨ ਜਿਥੇ ਹਿੰਦੂ, ਮੁਸਲਮਾਨ ਅਤੇ ਹਰ ਜਾਤ ਦੇ ਲੋਕ ਵੱਸਦੇ ਹਨ। ਬਾਬਰ ਦੇ ਹਿੰਦੁਸਤਾਨ ਉਤੇ ਹਮਲੇ ਦੇ ਜ਼ਿਕਰ ਵਿਚ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ,
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ (ਪੰਨਾ ੩੬੦)
—
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ॥ (ਪੰਨਾ ੭੨੨)
ਇਨ੍ਹਾਂ ਸਿਧਾਂਤਾਂ ਦੇ ਅਮਲੀ ਪ੍ਰਕਾਸ਼ਨ ਲਈ ਗੁਰਦੁਆਰਾ, ਲੰਗਰ, ਸੰਗਤਿ ਆਦਿ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਅਤੇ ਖਾਲਸੇ ਦੀ ਸਿਰਜਣਾ ਕੀਤੀ ਗਈ। ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਚਾਰ ਦਰਵਾਜ਼ੇ ਇਸ ਗੱਲ ਦਾ ਪ੍ਰਤੀਕ ਹਨ ਕਿ ਇਥੇ ਹਰ ਇੱਕ ਨੂੰ ਆਉਣ ਦੀ ਆਗਿਆ ਹੈ ਬਿਨਾ ਕਿਸੇ ਭੇਦ ਭਾਵ ਦੇ। ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਬਾਹਰਲੇ ਮੁਲਕਾਂ ਖਾਸ ਕਰਕੇ ਕੈਨੇਡਾ ਅਤੇ ਅਮਰੀਕਾ ਦੀ ਧਰਤੀ ‘ਤੇ ਜਾ ਕੇ ਗਦਰ ਲਹਿਰ ਸ਼ੁਰੂ ਕੀਤੀ, ਉਨ੍ਹਾਂ ਵਿਚ 90% ਪੰਜਾਬੀ ਸਨ ਅਤੇ ਪੰਜਾਬੀਆਂ ਵਿਚ 99% ਸਿੱਖ ਸਨ। ਇਹ ਸਿੱਖ ਜਿਸ ਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਜੰਮੇ ਪਲੇ, ਵੱਡੇ ਹੋਏ ਉਨ੍ਹਾਂ ਸਿਧਾਂਤਾਂ ਨੂੰ ਆਪਣੇ ਨਾਲ ਲੈ ਕੇ ਗਏ। ਜਿਹੜੇ ਉਨ੍ਹਾਂ ਨੂੰ ਸਿੱਖ ਮੰਨਣ ਲਈ ਤਿਆਰ ਨਹੀਂ, ਉਨ੍ਹਾਂ ਨੂੰ ਇਹ ਮੰਨ ਕੇ ਤੁਰਨਾ ਚਾਹੀਦਾ ਹੈ ਕਿ ਇਨ੍ਹਾਂ ਬਾਬਿਆਂ ਵਿਚੋਂ ਬਹੁਤੇ ਅੰਮ੍ਰਿਤਧਾਰੀ ਸਿੱਖ ਸਨ, ਲਹਿਰ ਦੇ ਮੋਢੀ ਭਾਈ ਭਗਵਾਨ ਸਿੰਘ ਵਰਗੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਸਨ, ਗੁਰਦੁਆਰਿਆਂ ਤੋਂ ਗਦਰ ਲਹਿਰ ਚਲਾਈ ਗਈ ਅਤੇ ਗੁਰੂ ਘਰਾਂ ਨੂੰ ਕੇਂਦਰ ਬਣਾਇਆ ਗਿਆ ਜਿਥੇ ਮੀਟਿੰਗਾਂ ਹੁੰਦੀਆਂ ਅਤੇ ਹਰ ਧਰਮ ਨੂੰ ਮੰਨਣ ਵਾਲੇ ਹਿੰਦੁਸਤਾਨੀ ਆਉਂਦੇ। ਜਿਹੜਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਾ, ਸੁਣਦਾ ਅਤੇ ਉਸ ‘ਤੇ ਅਮਲ ਕਰਦਾ ਹੈ, ਉਹ ਧਾਰਮਿਕ ਜਨੂੰਨੀ ਨਹੀਂ ਹੋ ਸਕਦਾ। ਧਾਰਮਿਕ ਕਰਮ ਕਾਂਡ ਅਤੇ ਕੱਟੜਤਾ ਦੀ ਨਿਖੇਧੀ ਕਰਨੀ (ਉਹ ਭਾਵੇਂ ਕਿਸੇ ਵੀ ਧਰਮ ਵਿਚ ਆ ਜਾਵੇ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਇੱਕ ਬਿਲਕੁਲ ਅਲੱਗ ਗੱਲ ਹੈ ਅਤੇ ਦੂਸਰੇ ਧਰਮਾਂ ਦਾ ਸਤਿਕਾਰ ਕਰਨਾ ਇਹ ਇਸ ਤੋਂ ਵੱਖਰੀ ਗੱਲ ਹੈ (ਬਾਬਾ ਫਰੀਦ ਦੀ ਬਾਣੀ ਅਤੇ ਦੂਸਰੇ ਭਗਤਾਂ ਦੀ ਬਾਣੀ ਦਾ ਸ਼ਾਮਲ ਹੋਣਾ ਇਸ ਦਾ ਸਬੂਤ ਹੈ)। ਇਸ ਲਈ ਗ਼ਦਰੀ ਬਾਬੇ ਸਿੱਖ ਸਨ ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਅਤੇ ਬਾਣੀ ਪੜ੍ਹਨ ਵਾਲਾ ਸਿੱਖ ਤੰਗ ਦਿਲ ਹੋ ਹੀ ਨਹੀਂ ਸਕਦਾ। ਜ਼ੁਲਮ ਭਾਵੇਂ ਕਿਸੇ ਨਾਲ ਵੀ ਹੋ ਰਿਹਾ ਹੋਵੇ, ਉਸ ਨਾਲ ਟੱਕਰ ਲਵੇਗਾ। ਹਿੰਦੁਸਤਾਨ ਵਿਚ ਰਹਿਣ ਵਾਲਾ ਹਰ ਬਸ਼ਰ ਹਿੰਦੂ ਨਹੀਂ ਹੈ, ਹਿੰਦੀ ਹੈ ਅਤੇ ਅਤੇ ਹਿੰਦੂ ਧਰਮ ਸ਼ਾਸਤਰਾਂ ਜਿਵੇਂ ਵੇਦਾਂ, ਪੁਰਾਣਾਂ ਅਤੇ ਸਿਮ੍ਰਤੀਆਂ ਨੂੰ ਮੰਨਣ ਵਾਲਾ ਸਖਸ਼ ਹੀ ਹਿੰਦੂ ਹੈ। ਭਾਰਤ ਵਿਚ ਰਹਿਣ ਵਾਲੇ ਬੋਧੀ, ਜੈਨੀ, ਸਿੱਖ, ਮੁਸਲਮਾਨ, ਈਸਾਈ ਪਾਰਸੀ, ਯਹੂਦੀ ਹਿੰਦੂ ਨਹੀਂ ਹਨ, ਪਰ ਭਾਰਤੀ ਜਾਂ ਹਿੰਦੀ ਹਨ। ਜੇ ਸੋਚਿਆ ਜਾਵੇ ਤਾਂ ਵੈਦਿਕ ਧਰਮ ਦੇ ਸੰਸਥਾਪਕ ਆਰੀਆ ਵੀ ਬਾਹਰੋਂ ਆਏ ਸੀ, ਭਾਰਤ ਵਿਚ ਪੈਦਾ ਨਹੀਂ ਸੀ ਹੋਏ। ਪਸ਼ੂ ਚਾਰਦੇ ਨਵੀਆਂ ਚਾਰਗਾਹਾਂ ਅਤੇ ਰੋਟੀ ਰੋਜ਼ੀ ਦੀ ਭਾਲ ਵਿਚ ਆਏ ਅਤੇ ਇਥੇ ਹੀ ਵੱਸ ਗਏ।