ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਅੱਜ ਕੱਲ੍ਹ ਮੀਡੀਆ ਵਿਚ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਾਰੇ ਧਾਰਨਾ ਬਣ ਗਈ ਹੈ ਕਿ ਉਹ ਵਿਦੇਸ਼ ਦੌਰਿਆਂ ਦੇ ਬੜੇ ਸ਼ੌਕੀਨ ਹਨ। ਇਹ ਧਾਰਨਾ ਉਨ੍ਹਾਂ ਦੀ ਹਸਤੀ ਨਾਲ ਰਾਤੋ-ਰਾਤ ਨਹੀਂ ਜੁੜ ਗਈ, ਬਲਕਿ ਆਏ ਦਿਨ ਉਨ੍ਹਾਂ ਦੀਆਂ ਵਿਦੇਸ਼ੀ ਉਡਾਰੀਆਂ ਸਦਕਾ ਹੀ ਉਹ ‘ਸੈਲਾਨੀ ਪ੍ਰਧਾਨ ਮੰਤਰੀ’ ਬਣੇ ਹਨ।
ਅਖਬਾਰਾਂ ਜਾਂ ਬਿਜਲਈ ਮੀਡੀਆ ਤੋਂ ਦੂਰ, ਸਿਰਫ ਇਧਰੋਂ-ਉਧਰੋਂ ਸੁਣੀਆਂ ਕਨਸੋਆਂ ‘ਤੇ ਆਧਾਰਤ ਖੁੰਢ ਚਰਚਾ ਕਰਨ ਵਾਲੇ ਪੇਂਡੂ ਭਰਾਵਾਂ ਵਿਚ ਵੀ ਹੁਣ ਤਾਂ ਮੋਦੀ ਦੀਆਂ ‘ਜਹਾਜ਼ੀ ਗੇੜੀਆਂ’ ਦੀ ਗੂੰਜ ਪੈਂਦੀ ਸੁਣੀਂਦੀ ਹੈ,
“ਯਾਰ ਇਹ ਜਿਹੜੇ ਪ੍ਰਧਾਨ ਮੰਤਰੀ ਹੁੰਦੇ ਆ, ਇਹ ਬਾਹਰਲੇ ਮੁਲਕਾਂ ਨੂੰ ਹੀ ਤੁਰੇ ਰਹਿੰਦੇ ਨੇæææਜਹਾਜ਼ ਦਾ ਸਫਰ ਬੜਾ ਮਹਿੰਗਾ ਦੱਸਦੇ ਐ, ਇਨ੍ਹਾਂ ਦਾ ਕਿਰਾਇਆ-ਭਾੜਾ ਤਾਂ ਲੱਗਦਾ ਹੀ ਹੋਊਗਾ?” ਹਵਾਈ ਸਫਰ ਤੋਂ ਜਮ੍ਹਾਂ ਹੀ ਨਾਵਾਕਿਫ, ਸ਼ਹਿਰੀ ਜੀਵਨ ਤੋਂ ਕੋਹਾਂ ਦੂਰ, ਸਾਦਗੀ ਵਾਲਾ ਜੀਵਨ ਗੁਜ਼ਾਰਨ ਵਾਲੇ ਇਕ ਪੇਂਡੂ ਨੇ ਕੋਲ ਬੈਠੇ ਆਪਣੇ ਗਰਾਈਂ ਨੂੰ ਪੁੱਛਿਆ, ਜਿਸ ਨੂੰ ਸਾਰੇ ਪਿੰਡ ਵਾਲਿਆਂ ਦੀ ਨਜ਼ਰ ਵਿਚ ‘ਫਿਰਿਆ ਤੁਰਿਆ’ ਗੱਲ-ਕਾਰ ਸਮਝਿਆ ਜਾਂਦਾ ਸੀ। ਉਸ ਨੇ ਸਾਥੀ ਦੀ ਸ਼ੰਕਾ ਇਨ੍ਹਾਂ ਸ਼ਬਦਾਂ ਵਿਚ ਨਵਿਰਤ ਕੀਤੀ,
“ਲੈ ਲੈæææਕਿਰਾਇਆ ਕਿਉਂ ਨਹੀਂ ਲੱਗਦਾ ਹੋਣਾ ਉਹਦਾ? ਉਹ ‘ਮਾਮਾ’ ਕਿਤੇ ਡੀæਸੀæ ਲੱਗਿਆ ਹੋਇਐ ਜਿਹਨੂੰ ਫਰੀ ਚੁੱਕੀ ਫਿਰਦੇ ਐ ਜਹਾਜਾਂ ਵਾਲੇ?”
ਸਵਾਲ ਪੁੱਛਣ ਵਾਲੇ ਪੇਂਡੂ ਭਰਾ ਵਾਂਗ ਮੇਰੇ ਮਨ ਵਿਚ ਵੀ ਮੋਦੀ ਦੇ ਬਾਹਰਲੇ ਦੇਸਾਂ ਦੇ ਦੌਰਿਆਂ ਬਾਬਤ ਕੁਝ ਸ਼ੰਕੇ ਤੇ ਸਵਾਲ ਉਠਦੇ ਹਨ ਜਿਨ੍ਹਾਂ ਦਾ ਵੇਰਵਾ ਦੇਣ ਤੋਂ ਪਹਿਲਾਂ ਕਿਸੇ ਵਿਦੇਸ਼ੀ ਰਾਜਸੀ ਆਗੂ ਦੇ ਭਾਰਤੀ ਦੌਰੇ ਦੀ ਇਕ ਪੁਰਾਣੀ ਖਬਰ ਸਾਂਝੀ ਕਰ ਲਈਏ ਜੋ ਮੈਂ ਕਈ ਦਹਾਕੇ ਪਹਿਲਾਂ ਅਖਬਾਰ ਵਿਚ ਪੜ੍ਹੀ ਸੀ।
ਮੰਤਰੀ ਪਦ ਦਾ ਇਕ ਵਿਦੇਸ਼ੀ ਮਹਿਮਾਨ ਭਾਰਤ ਪੁੱਜਿਆ ਹੋਇਆ ਸੀ। ਦੇਸ ਦੇ ਵਿਕਾਸ ਦੀਆਂ ਝਲਕਾਂ ਵਿਖਾਉਣ ਲਈ ਉਹਨੂੰ ਹਰਿਆਣੇ ਲਿਜਾਇਆ ਗਿਆ। ਹਰਿਆਣੇ ਦਾ ਮੁੱਖ ਮੰਤਰੀ ਉਹਨੂੰ ਕੱਪੜਾ ਤਿਆਰ ਕਰਨ ਵਾਲੀਆਂ ਫੈਕਟਰੀਆਂ ਵਿਖਾ ਰਿਹਾ ਸੀ। ਇਕ ਫੈਕਟਰੀ ਵਿਖਾ ਕੇ ਦੂਜੀ, ਫਿਰ ਤੀਜੀ। ਪ੍ਰਸ਼ਾਸਨਕ ਅਮਲੇ ਫੈਲੇ ਨਾਲ ਤੁਰਿਆ ਜਾਂਦਾ ਮੁੱਖ ਮੰਤਰੀ ਆਪਣੇ ਸੂਬੇ ਦੀਆਂ ਫੈਕਟਰੀਆਂ ਵਿਚ ਤਿਆਰ ਹੁੰਦੇ ਕੱਪੜੇ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਰਿਹਾ ਸੀ।
ਆਪਣੇ ਪਿੱਤਲ ਨੂੰ ਵੀ ਸੋਨਾ ਬਣਾ ਕੇ ਦੱਸਣ ਵਾਲੀ ਭਾਰਤੀ ਫਿਤਰਤ ਅਨੁਸਾਰ ਜਦ ਮੁੱਖ ਮੰਤਰੀ ‘ਹਰਿਆਣਾ ਮੇਡ’ ਕੱਪੜੇ ਦੀ ਉਪਮਾ ਕਰਦਿਆਂ ਹੱਦਾਂ ਟੱਪਣ ਲੱਗਾ ਤਾਂ ਵਿਦੇਸ਼ੀ ਮਹਿਮਾਨ ਤੁਰਿਆ ਜਾਂਦਾ ਅਚਾਨਕ ਰੁਕਿਆ ਤੇ ਮੁੱਖ ਮੰਤਰੀ ਦੇ ਗਲ ਪਾਈ ਕਮੀਜ਼ ਛੂਹ ਕੇ ਕਹਿੰਦਾ, “ਠੀਕ ਹੈ, ਇਥੇ ਤੁਹਾਡੇ ਅਤਿ ਉਤਮ ਕੁਆਲਿਟੀ ਕੱਪੜਾ ਤਿਆਰ ਹੁੰਦਾ ਹੋਵੇਗਾ, ਪਰ ਇਸ ਵੇਲੇ ਆਹ ਜਿਹੜੀ ਕਮੀਜ਼ ਤੁਸੀਂ ਪਹਿਨੀ ਹੋਈ ਹੈ, ਇਹ ਮੇਰੇ ਦੇਸ ਦੀ ਬਣੀ ਹੋਈ ਹੈ।”
ਜਮਾਂਦਰੂ ਪੇਂਡੂ ਹੋਣ ਕਰ ਕੇ ਕੈਲੀਫੋਰਨੀਆ ਵਿਚ ਵੀ ਪੇਂਡੂਆਂ ਵਾਂਗ ਰਹਿੰਦਾ ਹੋਣ ਕਾਰਨ, ਮੇਰੇ ਦਿਲ ਵਿਚ ਵੀ ਇਕ ‘ਕਸੂਤੀ ਜਿਹੀ’ ਸ਼ੰਕਾ ਪੈਦਾ ਹੋਈ ਹੈ ਕਿ ਜਦੋਂ ਕਦੀ ਪ੍ਰਧਾਨ ਮੰਤਰੀ ਵਿਦੇਸ਼ੀ ਸਰਕਾਰਾਂ ਦਾ ਮਹਿਮਾਨ ਬਣਦਾ ਹੈ, ਉਸ ਦਾ ਵਿਦੇਸ਼ੀ ਸਿਆਸਤਦਾਨਾਂ ਵਰਗਾ ਹੀ ਟੌਹਰ-ਟੱਪਾ ਅਤੇ ਉਹਦੇ ਨਾਲ ਆਇਆ ਲੰਮਾ-ਚੌੜ੍ਹਾ ਲਾਮ-ਲਸ਼ਕਰ ਦੇਖ ਕੇ ਉਹਦੇ ਨਾਲ ਮੇਲ-ਮੁਲਾਕਾਤਾਂ ਕਰਨ ਵਾਲੇ ਵਿਦੇਸ਼ੀ ਆਗੂਆਂ ਦੇ ਦਿਲਾਂ ਵਿਚ ਵੀ ਕਈ ਸਵਾਲ ਨਾ ਉਠਦੇ ਹੋਣਗੇ?
ਜਿਵੇਂ ਉਪਰ ਦੱਸੇ ਇਕ ਵਿਦੇਸ਼ੀ ਮੰਤਰੀ ਨੇ ਹਰਿਆਣਵੀ ਮੁੱਖ ਮੰਤਰੀ ਨੂੰ ਮੌਕੇ ‘ਤੇ ਹੀ ਸਵਾਲ ਕਰ ਕੇ ਕੱਖੋਂ ਹੌਲਾ ਕਰ ਦਿੱਤਾ ਸੀ, ਕੀ ਬਾਹਰਲੇ ਦੇਸ ਦਾ ਕੋਈ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਸਾਡੇ ਦੇਸ ਦੇ ਪ੍ਰਧਾਨ ਮੰਤਰੀ ਨੂੰ ਇਹ ਨਾ ਪੁੱਛਦਾ ਹੋਵੇਗਾ ਕਿ ਸ੍ਰੀ ਮਾਨ ਜੀ! ਤੁਹਾਡੇ ਦੇਸ ਦੀ ਅੱਸੀ-ਨੱਬੇ ਫੀਸਦੀ ਆਬਾਦੀ ਨੇ ਦੇਸ ਛੱਡ ਕੇ ਵਿਦੇਸ਼ਾਂ ਵਿਚ ‘ਸੈਟ ਹੋਣ’ ਨੂੰ ਹੀ ਆਖਰੀ ਮੰਜ਼ਿਲ ਕਿਉਂ ਬਣਾਇਆ ਹੋਇਆ ਹੈ?
ਰਾਜਧਾਨੀ ਦਿੱਲੀ ਵਿਚ ਰਹਿੰਦੇ ਪ੍ਰਧਾਨ ਮੰਤਰੀ ਨੂੰ ਉਥੇ ਵਿਦੇਸ਼ੀ ਅੰਬੈਸੀਆਂ ਮੂਹਰੇ ਵੀਜ਼ਿਆਂ ਲਈ ਤਰਲੇ ਲੈ ਰਹੇ ਲੋਕਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਚੇਤੇ ਕਰ ਕੇ ਝੁਣ-ਝੁਣੀ ਤਾਂ ਆਉਂਦੀ ਹੋਵੇਗੀ ਕਿ ਕਿਤੇ ਸਾਹਮਣੇ ਬੈਠਾ ਰਾਜ ਮੁਖੀ ਪੁੱਛ ਹੀ ਨਾ ਲਵੇ, ‘ਮਾਨਯੋਗ ਜੀਉ! ਸਾਡੀ ਅੰਬੈਸੀ ਦੀਆਂ ਤਮਾਮ ਸੈਲਫਾਂ, ਤੁਹਾਡੇ ਲੋਕਾਂ ਦੀਆਂ ਬਾਹਰ ਜਾਣ ਲਈ ਵੀਜ਼ੇ ਦੀਆਂ ਅਰਜ਼ੀਆਂ ਨਾਲ ਕਿਉਂ ਬੂਥੀਆਂ ਪਈਆਂ ਹਨ?’ ਅਜਿਹਾ ਕਿਵੇਂ ਵਾਪਰ ਸਕਦਾ ਹੈ ਕਿ ਵਿਦੇਸ਼ੀ ਦੌਰੇ ਸਮੇਂ ਦੋਹਾਂ ਪ੍ਰਧਾਨ ਮੰਤਰੀਆਂ ਦੇ ਨਾਲ ਬੈਠਾ ਉਥੋਂ ਦਾ ਵਿਦੇਸ਼ ਮੰਤਰੀ, ਸਾਡੇ ਪ੍ਰਧਾਨ ਮੰਤਰੀ ਮੂਹਰੇ ਉਹ ਸਾਰੇ ਅੰਕੜੇ ਪੇਸ਼ ਕਰ ਕੇ ਪੁੱਛ ਲਵੇ ਕਿ ਮਾਨਯੋਗ ਜੀ! ਤੁਹਾਡੇ ਦੇਸ ਦੇ ਜਿਹੜੇ ਵੀ ਨਾਗਰਿਕ ਸਿੱਧੇ ਜਾਂ ਵਿੰਗੇ-ਟੇਢੇ ਢੰਗਾਂ ਨਾਲ ਸਾਡੇ ਦੇਸ਼ ਆ ਵਸੇ ਹੋਏ ਨੇ, ਉਨ੍ਹਾਂ ਨੇ ਆਪਣੇ ਸਾਰੇ ਓੜਮੇ-ਕੋੜਮੇ ਜਾਂ ਤਾਂ ਇਥੇ ਸੱਦ ਹੀ ਲਏ ਹੋਏ ਨੇ, ਹੁਣ ਪਿੱਛੇ ਰਹਿ ਗਏ ਮਾਸੀਆਂ-ਫੁੱਫੀਆਂ ਤੇ ਭੈਣ-ਭਰਾਵਾਂ ਨੂੰ ਆਪਣੇ ਕੋਲ ਬੁਲਾਉਣ ਦਾ ‘ਪ੍ਰੋਸੀਜ਼ਰ’ ਸ਼ੁਰੂ ਕੀਤਾ ਹੋਇਆ ਹੈ।
ਮੇਜ਼ਬਾਨੀ ਕਰ ਰਹੇ ਵਿਦੇਸ਼ ਮੰਤਰੀ ਦੇ ਦਿਲ ਵਿਚ ਇਹ ਸਵਾਲ ਆ ਹੀ ਸਕਦਾ ਹੈ ਕਿ ਉਹ ਸਾਡੇ ਪ੍ਰਧਾਨ ਮੰਤਰੀ ਨੂੰ ਪੁੱਛੇ ਕਿ ਇਥੇ ਵੱਸਦੇ ਭਾਰਤੀਆਂ ਦੇ ਇੰਡੀਆ ਵਿਚ ਰਹਿੰਦੇ ਤਮਾਮ ਰਿਸ਼ਤੇਦਾਰਾਂ ਦਾ ਦਿਲ ਉਖੜਿਆ-ਉਖੜਿਆ ਕਿਉਂ ਰਹਿੰਦਾ ਹੈ? ਉਹ ਸਾਰੇ ਹੀ ‘ਪੜ੍ਹਾਈ ‘ ਜਾਂ ‘ਵਿਆਹ ਦੇ ਆਧਾਰ’ ਦੀਆਂ ਪੌੜੀਆਂ ਰਾਹੀਂ ਬਾਹਰ ਨੂੰ ਆਉਣ ਲਈ ਅੱਡੀਆਂ ਨੂੰ ਥੁੱਕ ਕਿਉਂ ਲਾਈ ਰੱਖਦੇ ਹਨ?
ਮਿਸਾਲ ਵਜੋਂ ਸਵਾਲ-ਜਵਾਬ ਦੀ ਅਜਿਹੀ ਸਥਿਤੀ ਬਣ ਜਾਣ ‘ਤੇ ਕਿਤੇ ਅਮਰੀਕਨ ਰਾਸ਼ਟਰਪਤੀ ਬਰਾਕ ਓਬਾਮਾ ਵੀ ਸਾਡੇ ਪ੍ਰਧਾਨ ਮੰਤਰੀ ਨੂੰ ‘ਪਿਆਰ ਨਾਲ’ ਪੁੱਛ ਹੀ ਸਕਦੇ ਹਨ ਕਿ ਸਰ! ਅਸੀਂ ਤਾਂ ਤੁਹਾਡੇ ਨਵੀਂ ਦਿੱਲੀ ਜਾ ਕੇ ਆਪਣੀ ਛਤਰੀ ਆਪ ਹੀ ਤਾਣਦੇ ਹਾਂ, ਪਰ ਤੁਹਾਡੇ ਸੀਸ ‘ਤੇ ਛਤਰੀ ਝੁਲਾਉਣ ਲਈ ਵੱਖਰਾ ਸੇਵਾਦਾਰ ਹੁੰਦਾ ਹੈ; ਇਸ ਦਾ ਮਤਲਬ ਕਿ ਤੁਹਾਡੇ ਦੇਸ ਵਿਚ ਰੁਜ਼ਗਾਰ ਦੇ ਵਸੀਲਿਆਂ ਦੀ ਕੋਈ ਵੀ ਕਮੀ-ਪੇਸ਼ੀ ਨਹੀਂ ਹੈ। ਫਿਰ ਵੀ ਕੀ ਕਾਰਨ ਹੈ ਕਿ ਤੁਹਾਡਾ ਉਚ-ਵਿਦਿਆ ਮਹਿਕਮਾ ਜਿਨ੍ਹਾਂ ਨੂੰ ਡਾਕਟਰ, ਇੰਜੀਨੀਅਰ ਅਤੇ ਕੰਪਿਊਟਰ ਮਾਹਿਰ ਹੋਣ ਦੀਆਂ ਡਿਗਰੀਆਂ ਡਿਪਲੋਮੇ ਦਿੰਦਾ ਹੈ, ਉਹ ਸਾਰੇ ਹੀ ‘ਟੇਲੈਂਟਿਡ’ ਕਮਾਊ ਪੁੱਤਾਂ-ਧੀਆਂ ਦੇ ਨਾਲ ਨਾਲ ਹਰ ਆਮ ਤੇ ਖਾਸ, ਆਪਣੇ ਦੇਸ ਨੂੰ ਸੇਵਾਵਾਂ ਅਰਪਿਤ ਕਰਨ ਦੀ ਥਾਂ ਵਿਦੇਸ਼ ਜਾਣ ਨੂੰ ਹੀ ਪੱਬਾਂ ਭਾਰ ਹੋ ਜਾਂਦੇ ਹਨ?
ਇਕ ਹੋਰ ਸ਼ੰਕਾ! ਮੰਨ ਲਓ, ਸਾਡੇ ਮੋਦੀ ਜੀ ਇੰਗਲੈਂਡ, ਕੈਨੇਡਾ, ਅਮਰੀਕਾ ਜਾਂ ਕਿਸੇ ਹੋਰ ਪੱਛਮੀ ਦੇਸ ਦੇ ਸਰਕਾਰੀ ਦੌਰੇ ਦੌਰਾਨ ਉਥੋਂ ਦੀ ਸਰਕਾਰ ਦੇ ਮੁਖੀਏ ਨਾਲ ਗੱਲਬਾਤ ਕਰਦਿਆਂ ਇਹ ‘ਪ੍ਰਸਤਾਵ’ ਰੱਖਦੇ ਹਨ ਕਿ ਤੁਹਾਡੇ ਦੇਸ ਵਿਚ ਆ ਚੁੱਕੇ ਸਾਡੇ ਕਾਨੂੰਨੀ ਅਪਰਾਧੀ ਲੋੜੀਂਦੇ ਭਗੌੜੇ (ਜੋ ਆਮ ਤੌਰ ‘ਤੇ ਭਾਰਤੀ ਘੱਟ-ਗਿਣਤੀਆਂ ਨਾਲ ਸਬੰਧਤ ਹੁੰਦੇ ਹਨ) ਸਾਡੇ ਹਵਾਲੇ ਕਰੋ। ਉਨ੍ਹਾਂ ਦੀ ਇਸ ਮੰਗ ਦੇ ਜਵਾਬ ਵਿਚ ਜੇ ਹੱਸਦਿਆਂ ਹੋਇਆਂ ਵਿਦੇਸ਼ ਮੁਖੀਆ ਇਹ ਕਹਿ ਦੇਵੇ, “ਸਰ ਜੀ, ਅਜਿਹੇ ਬੰਦੇ ਤਾਂ ਤੁਹਾਨੂੰ ਅਸੀਂ ਹੱਥ ਬੰਨ੍ਹੀਂ ਸੌਂਪ ਦਿੰਦੇ ਹਾਂ, ਪਰ ਬਰਾਏ ਮਿਹਰਬਾਨੀ ਉਨ੍ਹਾਂ ਲੱਖਾਂ ਭਾਰਤੀਆਂ ਬਾਰੇ ਸੋਚੋ ਜੋ ਅਤਿ ਖਤਰਨਾਕ ਗੈਰ-ਕਾਨੂੰਨੀ ਢੰਗ-ਤਰੀਕਿਆਂ ਨਾਲ ਸਾਡੇ ਦੇਸ ਵਿਚ ਆਣ ਘੁਸੇ ਹਨ। ਸਾਡੇ ਸਿਵਲ ਪ੍ਰਸ਼ਾਸਨ ਅਤੇ ਇਮੀਗ੍ਰੇਸ਼ਨ ਮਹਿਕਮੇ ਲਈ ਕਹਿਰ ਦੀ ਸਿਰਦਰਦੀ ਬਣੇ ਇਨ੍ਹਾਂ ‘ਧੱਕੇ ਨਾਲ ਪਰਵਾਸੀ’ ਬਣੇ ਲੋਕਾਂ ਦਾ ਕੀ ਇਲਾਜ ਕਰੀਏ? ਸ੍ਰੀਮਾਨ ਜੀ, ਇਹ ਤੁਹਾਡੇ ਭਾਰਤ ਮਹਾਨ ਦੇ ਨਾਗਰਿਕ ਹਨ, ਪਰ ਸਾਡੀ ਸਮੱਸਿਆ ਬਣੇ ਇਨ੍ਹਾਂ ‘ਤੁਹਾਡਿਆਂ’ ਦਾ ਹੱਲ ਵੀ ਤੁਸੀਂ ਦੱਸੋ ਜੀ? ਨਾਲੇ ਇਹ ਵੀ ਦੱਸੋ ਕਿ ਇੱਕੀਵੀਂ ਸਦੀ ਵਿਚ ਪਹੁੰਚੇ, ਤੇ ਤੁਹਾਡੇ ਲਫਜ਼ਾਂ ਵਿਚ ‘ਆਤਮ-ਨਿਰਭਰ’ ਹੋ ਚੁੱਕੇ ਭਾਰਤ ਵਿਚ ਆਮ ਲੋਕ ਬਦਜ਼ਨ ਕਿਉਂ ਹੋ ਰਹੇ ਹਨ? ਮਾਦਰੇ-ਵਤਨ ਦਾ ਮੋਹ ਤਿਆਗ ਕੇ ਉਨ੍ਹਾਂ ਨੇ ਵਿਦੇਸ਼ਾਂ ਨੂੰ ਕਿਉਂ ਦਬੀੜਾਂ ਚੁੱਕੀਆਂ ਹੋਈਆਂ ਹਨ?”
ਜ਼ਰਾ ਅੰਦਾਜ਼ਾ ਲਾ ਕੇ ਦੇਖੋ ਕਿ ਜੇ ਖ਼ੁਦਾ ਨਾ ਖਾਸਤਾ ਕੋਈ ਵਿਦੇਸ਼ੀ ਰਾਸ਼ਟਰ ਮੁਖੀ ਸਾਹਮਣੇ ਬੈਠੇ ਪ੍ਰਧਾਨ ਮੰਤਰੀ ਨੂੰ ਉਕਤ ਸਵਾਲ ਸੱਚਮੁੱਚ ਕਰ ਦੇਵੇ, ਤਦ ਦਸ ਲੱਖਾ ਕੋਟ ਪਹਿਨੀ ਬੈਠੇ ਸਾਡੇ ਪ੍ਰਧਾਨ ਮੰਤਰੀ ਦੇ ਚਿਹਰੇ ਤੋਂ ਹਵਾਈਆਂ ਉਡਦੀਆਂ ਦਿਸਣ ਕਿ ਨਾ?
ਬਾਹਰ ਬੀਬੀ ਲੱਖ ਹਜ਼ਾਰੀ
ਘਰ ਬੀਬੀ ਅੱਲਾ ਮਾਰੀ।