ਐਸ਼ ਅਸ਼ੋਕ ਭੌਰਾ
ਕੋਈ ਸ਼ੱਕ ਨਹੀਂ ਕਿ ਕਲਾਕਾਰ ਹੁਸਨ ਦੇ ਸ਼ੈਦਾਈ, ਮੌਜੀ ਠਾਕੁਰ ਤੇ ਆਸ਼ਕ ਮਿਜ਼ਾਜ ਹੁੰਦੇ ਹਨ, ਤੇ ਮਰਹੂਮ ਸੁਰਜੀਤ ਬਿੰਦਰਖੀਆ ਵੀ ਅਜਿਹਾ ਹੀ ਸੀ। ਜਿਹੜੇ ਉਚੀ ਪਿੱਚ ਦੀ ਗਾਇਕੀ ਨਾਲ ਮੁਹੱਬਤ ਕਰਦੇ ਰਹਿਣਗੇ, ਇਸ ਬੁਲੰਦ ਆਵਾਜ਼ ਦਾ ਨਾਂ ਉਨ੍ਹਾਂ ਦੇ ਲਬਾਂ ‘ਤੇ ਸਦਾ ਰਹੇਗਾ। ਸੁਰਜੀਤ ਕਿਉਂਕਿ ਵਕਤ ਤੋਂ ਪਹਿਲਾਂ ਤੁਰ ਗਿਆ, ਇਸ ਲਈ ਪੰਜਾਬੀ ਗਾਇਕੀ ਨਾਲ ਤਿਹੁ ਰੱਖਣ ਵਾਲੇ ਲੋਕ ਉਹਦਾ ਹੌਲ ਵੀ ਹਮੇਸ਼ਾ ਕਰਦੇ ਰਹਿਣਗੇ।
ਮੈਂ ਹਾਲਾਂਕਿ ਸ਼ਮਸ਼ੇਰ ਸੰਧੂ ਵਾਂਗ ਉਹਦੇ ਲਈ ਗੀਤ ਵੀ ਨਹੀਂ ਸੀ ਲਿਖਦਾ, ਪਰ ਮੇਰੇ ਨਾਲ ਉਹਦੀਆਂ ਯਾਦਾਂ ਦਾ ਲੰਮਾ ਚਿੱਠਾ ਨੱਕੋ-ਨੱਕ ਭਰਿਆ ਰਹੇਗਾ। ਗੱਲ 1985 ਦੀ ਹੈ। ਮੈਂ ਨਵਾਂ ਨਵਾਂ ਰੋਪੜ ਜ਼ਿਲ੍ਹੇ ਦੇ ਪਿੰਡ ਖੇੜਾ ਕਲਮੋਟ ਵਿਚ ਅਧਿਆਪਕ ਲੱਗਾ ਸਾਂ। ਮੇਰੇ ਨਾਲ ਇਕ ਸਾਇੰਸ ਅਧਿਆਪਕਾ ਬੇਬੀ ਬਾਲਾ ਸੀ। ਉਹ ਅਕਸਰ ਉਹਦੀਆਂ ਗੱਲਾਂ ਕਰਦੀ। ਗਾਇਕਾਂ ਬਾਰੇ ਲਿਖਦਾ ਹੋਣ ਕਰ ਕੇ ਉਹਨੇ ਅਕਸਰ ਕਹਿਣਾ-“ਮਾਸਟਰ ਜੀ, ਸਾਡੇ ਨਾਲ ਰੋਪੜ ਦੇ ਸਰਕਾਰੀ ਕਾਲਜ ਵਿਚ ਬਿੰਦਰਖ ਦਾ ਮੁੰਡਾ ਪੜ੍ਹਦਾ ਹੁੰਦਾ ਸੀ। ਪਹਿਲਾਂ ਭੰਗੜਾ ਟੀਮ ਨਾਲ ਬੋਲੀਆਂ ਪਾਉਂਦਾ ਸੀ, ਹੁਣ ਕਿਆ ਕਮਾਲ ਗਾਉਂਦਾ ਹੈ। ਹੇਕ ਲਾਉਂਦੈ ਕਿਤੇ! ਕੋਈ ਗਾਇਕ ਨਹੀਂ ਲਾ ਸਕਦਾ ਮਾਲ ਗੱਡੀ ਵਾਂਗ ਉਹਦੇ ਵਰਗੀ। ਕਿਤੇ ਉਹਦੇ ਬਾਰੇ ਚਾਰ ਅੱਖਰ ਜ਼ਰੂਰ ਲਿਖੋ”, ਪਰ ਗੱਲ ਆਈ-ਗਈ ਹੁੰਦੀ ਰਹੀ।
1989 ਵਿਚ ਜਦੋਂ ਮੈਂ ਮਾਹਿਲਪੁਰ ਸ਼ੌਂਕੀ ਮੇਲਾ ਆਰੰਭ ਕੀਤਾ ਤਾਂ ਉਹਨੂੰ ਸ਼ਮਸ਼ੇਰ ਸੰਧੂ ਤੇ ‘ਪੁੱਤ ਜੱਟਾ ਦੇ’ ਵਾਲਾ ਚੂਹੜ ਚੱਕੀਆ ਜਗਜੀਤ ਨਾਲ ਲੈ ਕੇ ਆਏ। ਉਨ੍ਹਾਂ ਦੇ ਵਾਰ ਵਾਰ ਕਹਿਣ ‘ਤੇ ਮੌਕਾ ਦਿੱਤਾ ਤਾਂ ‘ਬੋਲ ਮਿੱਟੀ ਦਿਆ ਬਾਵਿਆ’ ਗੀਤ ਕਾਹਦਾ ਗਾਇਆ ਕਿ ‘ਲਾ-ਲਾ ਲਾ-ਲਾ ਹੋ ਗਈ।’। ਮੇਲੇ ਵਿਚ ਕਮਲਜੀਤ ਨੀਲੋਂ ‘ਸੌਂ ਜਾ ਬੱਬੂਆ, ਮਾਣੋ ਬਿੱਲੀ ਆਈ ਆ’ ਨਾਲ ਅਤੇ ਸੁਰਜੀਤ ਇਕ ਤਰ੍ਹਾਂ ਨਾਲ ਪਟਕੇ ਦੇ ਘੋਲ ਵਾਂਗ ਭਿੜੇ। ਉਹਦੀ 29 ਸਕਿੰਟ ਵਾਲੀ ਹੇਕ ਮੇਲੇ ‘ਤੇ ਰਿਕਾਰਡ ਬਣੀ। ਉਸ ਤੋਂ ਬਾਅਦ ਉਹ ਮੇਰੇ ਸੰਪਰਕ ਵਿਚੋਂ ਤਾਂ ਨਿਕਲ ਗਿਆ, ਪਰ ਚਰਚਾ ਵਿਚ ਖੂਬ ਰਹਿਣ ਲੱਗਾ।
ਫਿਰ ਉਹ ਚੰਡੀਗੜ੍ਹ ਦੇ ਇਕ ਸੈਕਟਰ ਦੇ ਗੈਸਟ ਹਾਊਸ ਵਿਚ ਮਿਲਿਆ। ਸਬੱਬ ਇਹ ਸੀ ਕਿ ਸਤਵਿੰਦਰ ਬਿੱਟੀ ਵਾਲੀ ਹਿੱਟ ਵੀਡੀਓ ‘ਗਿੱਧਾ ਪਾਓ ਕੁੜੀਓ’ ਰਿਲੀਜ਼ ਕਰਨ ਵਾਲੇ, ਇੰਗਲੈਂਡ ਵਸਦੇ ਜੌਨੀ ਧਨੋਆ ਨੇ ਰਿਕਾਰਡਿੰਗ ਕੰਪਨੀ ਖੋਲ੍ਹ ਲਈ ਸੀ, ਤੇ ਗੈਸਟ ਹਾਊਸ ਦੇ ਖੁੱਲ੍ਹੇ ਆਂਗਣ ਵਿਚ ਰਾਤ ਵੇਲੇ ਕੜਾਕੇ ਦੀ ਠੰਢ ਵਿਚ ਸੁਖਵਿੰਦਰ ਪੰਛੀ ਦੀ ਕੈਸਿਟ ‘ਛੱਲੇ ਮੁੰਦੀਆਂ’ ਰਿਲੀਜ਼ ਹੋਣੀ ਸੀ। ਫਗਵਾੜੇ ਵਾਲਾ ਐਚæਐਸ਼ ਪ੍ਰੀਤ ਤੇ ਬਾਅਦ ਵਿਚ ਪੰਛੀ ਦੀ ਦੂਜੀ ਪਤਨੀ ਬਣਨ ਵਾਲੀ ਰਜਿੰਦਰ ਰੂਬੀ ਦਾ ਹੁਸਨ ਵੀ ਉਥੇ ਚਰਚਾ ਬਣਿਆ ਸੀ। ਸੁਭੈਕੀ ਸੁਰਿੰਦਰ ਸਿੰਘ (ਪੰਜਾਬੀ ਟ੍ਰਿਬਿਊਨ), ਸੰਗੀਤਕਾਰ ਵਰਿੰਦਰ ਬਚਨ ਤੇ ਅਜਾਇਬ ਔਜਲਾ ਤਾਂ ਆਏ, ਪਰ ਸ਼ਮਸ਼ੇਰ ਸੰਧੂ ਨਾਲ ਸੁਰਜੀਤ ਬਿੰਦਰਖੀਆ ਆ ਗਿਆ। ਸੱਚ ਇਹ ਹੈ ਕਿ ਕੈਸਿਟ ਤਾਂ ਪੰਛੀ ਦੀ ਰਿਲੀਜ਼ ਹੋਣੀ ਸੀ, ਪਰ ਗਾ ਕੇ ਇਸ ਮੁੰਡੇ ਨੇ ਲੋਹੜਾ ਲਿਆ’ਤਾ। ਉਨ੍ਹਾਂ ਦਿਨਾਂ ਵਿਚ ਮੈਂ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਦੀ ਪੇਸ਼ਕਾਰੀ ਵਿਚ ਵੀ ਸਰਗਰਮ ਹੋ ਗਿਆ ਸੀ। ਉਸ ਦਿਨ ਮੇਰੇ ਕੰਨ ਵਿਚ ਸ਼ਮਸ਼ੇਰ ਦੇ ਕਹੇ ਬੋਲ ਅੱਜ ਵੀ ਯਾਦ ਹਨ। ਉਹ ਕਹਿਣ ਲੱਗਾ, “ਅਸ਼ੋਕ, ਇਸ ਮੁੰਡੇ ਨੂੰ ਇਕ ਵਾਰ ਜਲੰਧਰ ਦੂਰਦਸ਼ਨ ਤੋਂ ਗੁਆ।” ਜਿੰਨੀ ਕੁ ਮੱਦਦ ਮੈਂ ਇਸ ਮਾਮਲੇ ਵਿਚ ਕਰ ਸਕਿਆ, ਉਹ ਤਾਂ ਕਰ ਦਿੱਤੀ, ਪਰ ਉਦੋਂ ਤੱਕ ਇਹ ਨਹੀਂ ਸੀ ਪਤਾ ਕਿ ਸ਼ਮਸ਼ੇਰ ਤੇ ਸੁਰਜੀਤ, ਗੀਤਕਾਰ ਤੇ ਗਾਇਕ ਵਜੋਂ ਪਜਾਮੇ ਕੁੜਤੇ ਵਾਂਗ ਇੰਨੇ ਹਿੱਟ ਹੋ ਜਾਣਗੇ। ਨਾ ਹੀ ਬਹੁਤਿਆਂ ਨੂੰ ਪਤਾ ਸੀ ਕਿ ਸੰਧੂ ਗੀਤ ਵੀ ਲਿਖ ਲੈਂਦਾ ਹੋਵੇਗਾ, ਕਿਉਂਕਿ ਸੰਧੂ ਦਾ ਇਕ ਹੀ ਗੀਤ ਨਰਿੰਦਰ ਬੀਬਾ ਨੇ ‘ਪੁੱਤਰ ਜੱਟਾਂ ਦੇ’ ਫਿਲਮ ਲਈ ਗਾਇਆ ਸੀ ਅਤੇ ਕਿਸੇ ਕਾਰਨ ਇਹ ਗੀਤ ਫਿਲਮ ਦਾ ਹਿੱਸਾ ਵੀ ਨਹੀਂ ਸੀ ਬਣ ਸਕਿਆ।
ਫਿਰ ਜਦੋਂ ‘ਦੁਪੱਟਾ’ ਲਹਿਰਾਇਆ ਤਾਂ ਪੰਜਾਬੀ ਗਾਇਕੀ ਵਿਚ ਸੁਰਜੀਤ ਬਿੰਦਰਖੀਏ ਦੇ ਨਾਂ ਦੀ ਨ੍ਹੇਰੀ ਚੜ੍ਹ ਗਈ, ਅਤੇ ‘ਤੇਰੇ ‘ਚ ਤੇਰਾ ਯਾਰ ਬੋਲਦਾ’ ਨਾਲ ਤੂਫਾਨ ਆ ਗਿਆ। ਜਿੱਦਣ ‘ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ’ ਵਾਲੀ ਟੇਪ ਰਿਲੀਜ਼ ਹੋਈ, ਮੈਂ ਚੰਡੀਗੜ੍ਹ ਹੀ ਸੀ। ਸ਼ਮਸ਼ੇਰ ਕੋਲ ਗਿਆ ਤਾਂ ਉਹਨੇ ਇਕ ਕਾਪੀ ਮੈਨੂੰ ਫੜਾ ਦਿੱਤੀ। ਪਿੰਡ ਤੱਕ ਢਾਈ-ਤਿੰਨ ਘੰਟੇ ਦੇ ਸਫਰ ਦੌਰਾਨ ਇਹ ਟੇਪ ਕਈ ਵਾਰ ਸੁਣੀ। ਸੰਧੂ ਨੇ ਰਾਏ ਪੁੱਛੀ, ਪਰ ਮੈਂ ਕੁਝ ਕਹਿ ਨਾ ਸਕਿਆ। ਮਹੀਨੇ ਕੁ ਬਾਅਦ ਟੀ-ਸੀਰੀਜ਼ ਵਾਲਾ ਦਰਸ਼ਨ ਕਹਿਣ ਲੱਗਾ, “ਟੁੱਟ ਗਏ ਸਾਰੇ ਰਿਕਾਰਡ।” ਉਦਣ ਅਹਿਸਾਸ ਹੋਇਆ ਸੀ ਕਿ ਬਿੰਦਰਖੀਆ, ਉਹਦਾ ਸੰਗੀਤਕਾਰ ਅਤੁਲ ਸ਼ਰਮਾ ਤੇ ਸ਼ਮਸ਼ੇਰ ਦੀ ਤ੍ਰਿਵੈਣੀ ਭਾਗਾਂ ਵਾਲੀ ਕਿਉਂ ਹੈ! ਫਿਰ ਉਹਦੇ ਦੁਆਲੇ ਫਿਲਮਾਂ ਵਾਲੇ ਘੁੰਮਣ ਲੱਗੇ ਤੇ ਉਹ ਜਹਾਜ਼ ਵਾਂਗ ਗਾਇਕੀ ਦੇ ਅੰਬਰ ਵਿਚ ਆਪਣੀ ਕਲਾ ਦੇ ਭਾਰ ਨਾਲ ਟਿਕ ਗਿਆ।
ਫਿਰ ਸਾਡੀਆਂ ਮੁਲਾਕਾਤਾਂ ਅਕਸਰ ਹੁੰਦੀਆਂ ਰਹੀਆਂ; ਕਦੇ ਚੰਡੀਗੜ੍ਹ ਦੇ ਰਿਕਾਡਿੰਗ ਸਟੂਡੀਓ ਵਿਚ, ਕਦੇ ਮੇਲਿਆਂ ‘ਤੇ; ਕਦੇ ਸ਼ਮਸ਼ੇਰ ਦੇ ਘਰ ਤੇ ਕਦੇ ਜਲੰਧਰ ਦੂਰਦਰਸ਼ਨ, ਪਰ ਉਹ ਮੇਰੇ ਹੱਥ ਵਿਚੋਂ ਤਿਲਕਦਾ ਰਿਹਾ। ਇਕ ਦਹਾਕੇ ਦੀ ਪੂਰੀ ਚੜ੍ਹਾਈ ਵਿਚ ਉਹਨੇ ਇਕ ਵਾਰ ਵੀ ਮੇਰਾ ਕਹਿਣਾ ਨਾ ਮੰਨਿਆ। ਨਾ ਉਹ ਫਿਰ ਕਦੇ ਸ਼ੌਂਕੀ ਮੇਲੇ ‘ਤੇ ਆਇਆ, ਨਾ ਮੇਰੇ ਘਰੇਲੂ ਸਮਾਗਮਾਂ ਵਿਚ। ਬਾਅਦ ਵਿਚ ਪਤਾ ਲੱਗਿਆ ਕਿ ਉਹ ਸਮਝਦੈ, ਅਸ਼ੋਕ ਪੁਲਿਸ ਵਾਲਿਆਂ ਵਾਂਗ ਮੁਫ਼ਤ ਗਾਉਣ ਦੀ ਵਗਾਰ ਵੱਧ ਪਾਉਂਦਾ। ਸ਼ੱਕ ਮੈਨੂੰ ਇਹ ਵੀ ਪੈਣ ਲੱਗਾ ਸੀ ਕਿ ਸ਼ਾਇਦ ‘ਹੱਥੋਂ ਨਾ ਖੋਹ ਲਵੇ’ ਵਾਲੇ ਚੱਕਰ ਵਿਚ ਸ਼ਮਸ਼ੇਰ ਈਰਖਾ ਕਰਦਾ ਹੈ। ਉਂਜ ਅਜਿਹਾ ਹੈ ਕੁਝ ਨਹੀਂ ਸੀ। ਜੋ ਸੀ, ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹਾਂ। ਮਾਹਿਲਪੁਰ ਸਾਡੇ ਮੇਲੇ ਦੇ ਹਮਦਰਦ ਜ਼ੋਰਾਵਰ ਸਿੰਘ ਬੈਂਸ ਦੇ ਮੁੰਡੇ ਦਾ ਵਿਆਹ ਸੀ। ਉਹ ਕਹਿਣ ਲੱਗਾ, “ਰਿਸੈਪਸ਼ਨ ‘ਤੇ ਬਿੰਦਰਖੀਆ ਲਿਆਉਣੈ।” ਮੈਂ ਕਿਹਾ, “ਉਹਨੇ ਮੇਰੇ ਕਹੇ ‘ਤੇ ਪੈਸੇ ਨਹੀਂ ਘੱਟ ਕਰਨੇ, ਕੁਲਦੀਪ ਮਾਣਕ ਨੂੰ ਲੈ ਆਉਂਦੇ ਆਂ।” ਉਹਦਾ ਜੁਆਬ ਵੀ ਚੇਤੇ ਹੈ, ਬੋਲਿਆ, “ਮੈਂ ਤਾਂ ਚਾਹੁੰਦਾ, ਪਰ ਨਿਆਣੇ ਬਿੰਦਰਖੀਏ ‘ਤੇ ਅੜੇ ਪਏ ਆ।” ਖੈਰ! ਗੱਲ 93-94 ਦੀ ਹੋਊ, ਉਹ ਪੰਜਾਹ ਕੁ ਹਜ਼ਾਰ ਲੈਂਦਾ ਸੀ, ਉਹਨੇ ਮੇਰਾ ਮਾਣ ਰੱਖ ਲਿਆ ਤੇ ਚਾਲੀ ਵਿਚ ਪ੍ਰੋਗਰਾਮ ਬੁੱਕ ਹੋ ਗਿਆ। ਉਹ ਆਇਆ ਤਾਂ ਪੁੱਛਣ ਲੱਗਾ, “ਤੇਰਾ ਯਾਰ ਮਾਣਕ ਨ੍ਹੀਂ ਆਇਆ?” ਮੇਰੇ ਇਸ ਉਤਰ, “ਨਹੀਂ, ਕੀ ਗੱਲ?”, ਕਹਿਣ ਲੱਗਾ, “ਮੈਂ ਤਾਂ ਕਿਹਾ, ਆਊਗਾ। ਸੱਦ ਲੈਣਾ ਸੀ ਅੱਜ। ਫਿਰ ਦੇਖਦੇ ਕਿ ਜੁਗਨੀ ਕੀਹਦੀ ਹੁੰਦੀ ਐ?” ਮੈਂ ਗੱਲ ਨੂੰ ਗੰਭੀਰਤਾ ਨਾਲ ਨਾ ਲਿਆ, ਤੇ ਪਤਾ ਹੁਣ ਆ ਕੇ ਲੱਗਾ ਹੈ ਕਿ ਮਾਜਰਾ ਕੀ ਸੀ! ਕੈਨੇਡਾ ਵਸਦੇ ਮੇਰੇ ਮਿੱਤਰ ਪ੍ਰਿਤਪਾਲ ਗਿੱਲ ਨੇ ਇਸ ਘਟਨਾ ਨੂੰ ਅਸਾਧਾਰਨ ਦੱਸਦਿਆਂ ਕਹਾਣੀ ਦੱਸੀ, ਕਿਤੇ ਸਰੀ ਵਿਚ ਮਨਿੰਦਰ ਗਿੱਲ ਦੇ ਸੱਦੇ ‘ਤੇ ਪ੍ਰਿਤਪਾਲ ਦੇ ਘਰ ਮਾਣਕ ਨੂੰ ਵੀ ਸ਼ਮਸ਼ੇਰ ਲੈ ਆਇਆ। ਮਾਣਕ ਨੇ ਦੋ ਪੈਗ ਪੀ ਵੀ ਲਏ, ਪਰ ਉਹ ਕਮਰੇ ਵਿਚੋਂ ਨਾ ਨਿਕਲੇ। ਫਿਰ ਆਇਆ ਤਾਂ ਦੋ ਪੀ ਕੇ ਚਲੇ ਗਿਆ। ਅੰਦਰ ਜਾ ਕੇ ਕਹਿਣ ਲੱਗੇ, “ਮਾਣਕ ਨਾਲ ਲੈਣੀ ਆਂ ਕਿਤੇ ਟੱਕਰ। ਇਹਨੇ ਆਲਮ ਲੁਹਾਰ ਭਜਾ ਲਿਆ ਸੀ, ਬਿੰਦਰਖੀਆ ਨ੍ਹੀਂ ਭਜਾ ਹੋਣਾ।” ਫਿਰ ਮੈਂ ਓਹਲੇ ਹੋ ਕੇ ਕਹਿੰਦੇ ਦੀ ਗੱਲ ਤਾਂ ਸੁਣੀ ਸੀ ਉਹਦੀ, ਕਿ ‘ਜੱਟ ਵਰਗੀ ਆਵਾਜ਼ ਮੀਰ ਆਲਮ ਕੋਲ ਕਿਥੇ?’ ਪਰ ਉਹ ਖੁੱਲ੍ਹ ਕੇ ਨਹੀਂ ਸੀ ਕਹਿੰਦਾ। ਮਾਣਕ ਨਾਲ ਮੇਰੀ ਯਾਰੀ ਕਰ ਕੇ ਉਹ ਮੈਨੂੰ ਇਕਪਾਸੜ ਸਮਝਦਿਆਂ ਮੈਥੋਂ ਦੂਰੀ ਬਣਾ ਕੇ ਰੱਖਦਾ ਰਿਹਾ।
ਬਾਰਾਂ ਸਾਲ ਪਹਿਲਾਂ 2003 ਦੀ ਘੜੀ ਵੱਲ ਘੁੰਮਦੇ ਹਾਂ। ਉਨ੍ਹਾਂ ਦਿਨਾਂ ਵਿਚ ਮੈਂ ਸੁਖਬੀਰ ਬੋਲੀਨਾ ਨਾਲ ਜਲੰਧਰ ਦੂਰਦਰਸ਼ਨ ਦਾ ‘ਸੰਦਲੀ ਦਰਵਾਜ਼ਾ’ ਪੇਸ਼ ਕਰਦਾ ਸਾਂ। 17 ਨਵੰਬਰ ਨੂੰ ਮੇਰੇ, ਸ਼ਮਸ਼ੇਰ ਤੇ ਹਰਿੰਦਰ ਬੀਸਲਾ ਦੇ ਸਾਂਝੇ ਮਿੱਤਰ ਮਾਸਟਰ ਜੋਗਾ ਸਿੰਘ ਦੇ ਮੁਕੰਦਪੁਰ ਲਾਗਲੇ ਪਿੰਡ ਚਾਹਲ ਕਲਾਂ ਵਿਚ ਅਸੀਂ ਜਸਵੰਤ ਸੰਦੀਲੇ ਦੇ ਦੋਗਾਣਿਆਂ ‘ਤੇ ਅਖਾੜਾ ਫਿਲਮਾਉਣਾ ਸੀ। ਸੈਟ ਲੱਗ ਚੁੱਕਾ ਸੀ, ਸੈਟ ਦੇ ਐਨ ਪਿੱਛੇ ਭਰ ਭਰ ਨਿੱਕੀਆਂ ਟਿੰਡਾਂ ਪਾਣੀ ਗੇੜਦੀ ਹਲਟੀ ਭਜਾਉਣ ਲਈ ਸ਼ਿੰਗਾਰੇ ਬਲਦ ਤਿਆਰ ਸਨ, ਮੇਕਅਪ ਹੋ ਚੁੱਕਾ ਸੀ। ‘ਐਕਸ਼ਨ’ ਕਹਿ ਕੇ ਕੈਮਰਾ ਆਨ ਹੋਇਆ ਤਾਂ ਬੋਲੀਨਾ ਦੇ ਫੋਨ ਦੀ ਘੰਟੀ ਵੱਜ ਪਈ। ਮੈਂ ਅਜੇ ਦੋ ਕੁ ਸਤਰਾਂ ਹੀ ਬੋਲੀਆਂ ਹੋਣਗੀਆਂ, ਕੈਮਰੇ ਬੰਦ। ਬੋਲੀਨਾ ਫੋਨ ਸੁਣ ਕੇ ਮੇਰੇ ਕੋਲ ਸਟੇਜ ‘ਤੇ ਆਇਆ, ਚਿਹਰਾ ਕੁਝ ਉਦਾਸ ਸੀ। ਬੋਲਿਆ, “ਮਨਹੂਸ ਖਬਰ ਐæææਸੁਰਜੀਤ ਬਿੰਦਰਖੀਏ ਦੀ ਮੌਤ ਹੋ ਗਈ।” ਮੈਂ ਹੇਠਾਂ ਉਤਰ ਕੇ ਪਹਿਲਾਂ ਸੰਧੂ ਦੇ ਘਰ ਫੋਨ ਲਾਇਆ, ਕਿਸੇ ਨਾ ਚੁੱਕਿਆ। ਗਿਆਰਾਂ ਕੁ ਵਜੇ ‘ਅਜੀਤ’ ਦੇ ਦਫ਼ਤਰ ਦਾ ਫੋਨ ਮਿਲਾਇਆ, ਰਿਸੈਪਸ਼ਨਿਸਟ ਨੂੰ ਕਿਹਾ, “ਅਸ਼ੋਕ ਭੌਰਾ ਬੋਲਦਾਂ” ਸ਼ਬਦ ਅਜੇ ਅੱਧਾ ਮੂੰਹ ਵਿਚ ਹੀ ਸੀ ਕਿ ਉਹ ਕਹਿਣ ਲੱਗੀ, “ਭੌਰਾ ਜੀ, ਬਿੰਦਰਖੀਏ ਦੀ ਮੌਤ ਬਾਰੇ ਖਬਰ ਆ ਗਈ ਹੈ, ਤੁਸੀਂ ਇਹੀ ਪੁੱਛਣਾ ਸੀ?” ਮੈਂ ਬਿਨਾਂ ਕੁਝ ਕਹੇ ਫੋਨ ਕੱਟ ਦਿੱਤਾ। ਬੋਲੀਨਾ ਕਹਿ ਰਿਹਾ ਸੀ, “ਘੰਟਾ ਕੁ ਲੱਗੇਗਾ, ਲੋਕ ਆਏ ਹਨ, ਸੰਦੀਲਾ ਤਿਆਰ ਹੈ, ਕੰਮ ਮੁਕਾ ਲੈਨੇ ਆਂ।” ਸਿਰ ਤਾਂ ਸੰਦੀਲੇ ਨੇ ਵੀ ਹਿਲਾ ਦਿੱਤਾ ਨਾਂਹ ਵਿਚ, ਪਰ ਮੈਂ ਭਰੇ ਗਲੇ ਨਾਲ ਲੋਕਾਂ ਨੂੰ ਆਖਿਆ, “ਹੁਣ ‘ਸੰਦਲੀ ਦਰਵਾਜ਼ਾ’ ਕਦੇ ਫਿਰ ਸਹੀ।” ਮੈਂ ਤੇ ਜ਼ੋਗਾ ਸਿੰਘ ਸਿੱਧੇ ਬਿੰਦਰਖ। ਸਾਡੇ ਪੁੱਜਦਿਆਂ ਨੂੰ ਸਸਕਾਰ ਹੋ ਚੁੱਕਾ ਸੀ। ਲੱਕੜੀ ਪਾਉਣ ਦੇ ਬਹਾਨੇ ਸ਼ਮਸ਼ਾਨਘਾਟ ਪੁੱਜੇ, ਤਾਂ ਅੱਗੇ ਰੋਂਦਿਆਂ ਗੁਰਦਾਸ ਮਾਨ ਲਟ ਲਟ ਬਲਦੇ ਸਿਵੇ ਨਾਲ ਗੱਲਾਂ ਕਰ ਰਿਹਾ ਸੀ, “ਉਏ ਜਿਗਰੀ ਯਾਰਾ! ਕਿਥੇ ਚਲਾ ਗਿਓਂ। ਕੁਛ ਦੱਸ ਤਾਂ ਜਾਂਦਾ? ਕੌਣ ਲਾਵੇਗਾ ਹੁਣ ਲੰਮੀਆਂ ਹੇਕਾਂæææ।” ਤੇ ਅਸੀਂ ਜਿੰਨੇ ਕੁ ਪੱਚੀ-ਤੀਹ ਜਣੇ ਹੋਵਾਂਗੇ, ਸਾਰੇ ਛਲਕ ਪਏ। ਲੋਕੀ ਕਹਿ ਵੀ ਰਹੇ ਸਨ, ਸੁਣ ਵੀ ਰਹੇ ਸਾਂ, ਤੇ ਸੋਚ ਮੈਂ ਵੀ ਰਿਹਾ ਸਾਂ ਕਿ ਇੰਨੇ ਮਹਾਨ ਗਾਇਕ ਦਾ ਇੰਨੀ ਛੇਤੀ, ਕਾਹਲੀ ਵਿਚ ਸਸਕਾਰ ਕਿਉਂ? ਤੇ ਪਤਾ ਮੈਨੂੰ ਹਾਲੇ ਤੱਕ ਨਹੀਂ ਲੱਗਾ। ਉਸ ਦਿਨ ਪਹਿਲੀ ਵਾਰ ਸੀ ਜਦੋਂ ਮੈਂ ‘ਅਜੀਤ’ ਲਈ ਭੋਗ ਮੌਕੇ 23 ਨਵੰਬਰ ਨੂੰ ਐਤਵਾਰ ਮੈਗਜ਼ੀਨ ਵਿਚ ਛਪਿਆ ਲੇਖ ਕਈ ਵਾਰ ਰੋ ਕੇ ਲਿਖਿਆ, ਤੇ ਕਈ ਵਾਰ ਢਾਹ-ਢਾਹ ਕੇ ਵੀ।
ਭੋਗ ਵਾਲੇ ਦਿਨ 26 ਨਵੰਬਰ ਨੂੰ ਬਿੰਦਰਖ ਪਿੰਡ ਨੂੰ ਜਾਣ ਵਾਲੇ ਸਾਰੇ ਰਾਹ ਟਰੈਕਟਰ-ਟਰਾਲੀਆਂ, ਕਾਰਾਂ, ਸਕੂਟਰਾਂ ਤੋਂ ਜਿਵੇਂ ਵੀ ਕਿਸੇ ਤੋਂ ਜਾਇਆ ਜਾਂਦਾ ਸੀ, ਜਾ ਰਿਹਾ ਸੀ। ਪੂਰੇ ਤਿੰਨ ਘੰਟੇ ਗੁਰਦੁਆਰੇ ਦੇ ਦੁਆਰ ਉਤੇ ਮੈਂ ਤੇ ਸ਼ਮਸ਼ੇਰ ਸੰਧੂ ਖੜ੍ਹੇ ਰਹੇ। ਥੋੜ੍ਹੀ ਦੇਰ ਪੰਮੀ ਬਾਈ, ਗਾਇਕਾ ਸਰਬਜੀਤ ਮਾਂਗਟ, ਭੁਪਿੰਦਰ ਮਟੌਰੀਆ ਤੇ ਅਮਰ ਨੂਰੀ ਵੀ ਖੜ੍ਹੇ। ਉਦਣ ਲੱਗਾ ਸੀ ਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੀ ਹਰ ਅੱਖ ਭਰ ਕੇ ਡੁੱਲ੍ਹੀ ਹੈ। ਕਿਸੇ ਨੂੰ ਪਤਾ ਹੀ ਨਾ ਲੱਗਾ, ਗੁਰਦਾਸ ਕਿਹੜੇ ਵੇਲੇ, ਕਿਧਰੋਂ ਗੁਰੂ ਘਰ ਅੰਦਰ ਦਾਖ਼ਲ ਹੋ ਗਿਆ। ਉਹ ਬੋਲਿਆ ਨਹੀਂ। ਬੱਸ, ਇਕ ਗੀਤ ਦੀਆਂ ਸਤਰਾਂ Ḕਬਿੰਦਰਖੀਏ ਦੀ ਯਾਦ ਕਿਸੇ ਕੋਨੇ ਵਿਚ ਗੂੰਜੇਗੀḔ ਕਾਹਦੀਆਂ ਸੁਣਾ ਬੈਠਾ ਕਿ ਹਾਜ਼ਰ ਲੋਕਾਂ ਦੀਆਂ ਆਂਦਰਾਂ ਭੁੱਬੀਂ ਰੋ ਉਠੀਆਂ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਰਾਜ ਗਾਇਕ ਹੰਸ ਰਾਜ ਹੰਸ ਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਹੋਰਾਂ ਦੇ ਰਾਜਨੀਤਕ ਬਿਆਨ ਅਜੇ ਤੱਕ ਚੇਤੇ ਹਨ। ਉਥੇ ਮੌਤ Ḕਤੇ ਰਾਜਨੀਤੀ, ਗਾਇਕੀ ਵਿਚ ਪਹਿਲੀ ਵਾਰ ਦੇਖੀ ਸੀ।
ਜਿੰਨੀਆਂ ਕੁ ਯਾਦਾਂ ਮੇਰੇ ਸੀਨੇ ਵਿਚ ਧੜਕਦੇ ਦਿਲ ਵਾਂਗ ਸੁਰਜੀਤ ਬਿੰਦਰਖੀਏ ਦੀਆਂ ਉਛਲਦੀਆਂ ਨੇ, ਉਹ ਮੈਂ ਤੁਹਾਡੇ ਹਵਾਲੇ ਵੀ ਕਰ ਦਿੰਨਾਂ:
ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਅਸਹਿ ਸੀ। ਪਹਿਲਵਾਨ ਬਾਪੂ ਸੁੱਚਾ ਸਿੰਘ ਪਹਿਲਾਂ ਇਸ ਗੱਲ ਤੋਂ ਨਾਰਾਜ਼ ਰਿਹਾ ਕਿ ਉਹਦੇ ਮਗਰ ਘੁਲਣ ਆਹਰੇ ਲੱਗਾ ਪੁੱਤ ਗਵੱਈਆ ਕਾਹਤੋਂ ਬਣ ਗਿਆ। ਫਿਰ ਪੇਂਡੂ ਤੇ ਪਿਛਲ-ਖਿੱਚੂ ਵਿਚਾਰਾਂ ਕਰ ਕੇ ਝੂਰਦਾ ਰਿਹਾ ਕਿ ਅੰਤਰ-ਜਾਤੀ ਵਿਆਹ ਉਹਨੇ ਕਾਹਤੋਂ ਕਰਵਾਇਆ; ਹਾਲਾਂਕਿ ਉਹਦੀ ਪਤਨੀ ਕਮਲਪ੍ਰੀਤ ਬੈਂਸ ਸਾਊ ਸੁਭਾਅ ਦੀ, ਪੜ੍ਹੇ-ਲਿਖੇ ਤੇ ਚੰਗੇ ਘਰਾਣੇ ਵਿਚੋਂ ਸੀ।
ਸਾਲ 1988 ਵਿਚ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਗਾਇਕੀ ਦਾ ਸਿਹਤਮੰਦ ਮੁਕਾਬਲਾ ਹੋ ਰਿਹਾ ਸੀ। ਕਈਆਂ ਨੇ ਗਾਇਆ, ਸ਼ਹਿਰ ਪਟਿਆਲੇ ਵਾਲੇ ਹਰਦੀਪ ਨੇ ਵੀ, ਪਰ ਜਦੋਂ ਲਵੇ ਤੇ ਨਵੇਂ ਮੁੰਡੇ ਸੁਰਜੀਤ ਬਿੰਦਰਖੀਏ ਨੇ Ḕਕਾਵਾਂ ਕਿਤੋਂ ਲੱਭ ਕੇ ਲਿਆ ਸਿਰਨਾਵਾਂḔ ਗਾਇਆ ਤਾਂ Ḕਚੱਕ ਦੇ ਓਏæææਜਿੱਤ ਗਿਆ ਓਏ, ਲੁੱਟ ਲਿਆ ਓਏḔ ਹੋਈ ਤਾਂ ਉਹਦੇ ਹੱਕ ਵਿਚ ਆਵਾਜ਼ਾਂ ਉਠੀਆਂ। ਪਹਿਲਾ ਇਨਾਮ ਉਹਨੂੰ ਮਿਲਿਆ ਤਾਂ ਉਹ ਓਦਰ ਜਿਹਾ ਗਿਆ।
ਇਹ ਕਹਿਣਾ ਔਖਾ ਤਾਂ ਮੇਰੇ ਲਈ ਵੀ ਬਹੁਤ ਐ, ਪਰ ਪੈਂਤੀ ਵਾਰ ਖੂਨ ਦਾਨ ਕਰ ਕੇ ਪੰਜਾਬ ਸਰਕਾਰ ਤੋਂ ਸ਼ਹੀਦ ਭਗਤ ਸਿੰਘ ਇਨਾਮ ਲੈਣਾ ਵਾਲਾ, ਘੁਲਦਾ ਰਿਹਾ ਸੁਰਜੀਤ ਜਦੋਂ ਤੁਰਿਆ ਤਾਂ ਹੱਡੀਆਂ ਦੀ ਮੁੱਠ ਵੀ ਨਹੀਂ ਸੀ। ਨਸ਼ੇ ਖਾ ਗਏ ਸਨ ਅਤੇ ਉਹ ਦਿਮਾਗੋਂ ਉਖੜ ਰਿਹਾ ਸੀ। ਸਾਲ 1999 ਵਿਚ ਇਕ ਮਿੱਤਰ ਦੇ ਵਿਆਹ ‘ਤੇ ਉਹਨੂੰ ਬੁੱਕ ਕਰਵਾ ਕੇ ਮੈਂ ਆ ਵੀ ਵਕਤ ਸਿਰ ਗਿਆ, ਪ੍ਰੋਗਰਾਮ ਵੀ ਅਨਮੋਲ ਪੈਲੇਸ ਬੰਗਿਆ ਵਿਚ ਛੇਤੀ ਸ਼ੁਰੂ ਹੋ ਗਿਆ, ਪਰ ਉਹ ਅੱਧ ਵਿਚੋਂ ਬਾਥਰੂਮ ਦੇ ਬਹਾਨੇ ਖਿਸਕ ਗਿਆ। ਕਿਸੇ ਨੂੰ ਪਤਾ ਹੀ ਨਾ ਲੱਗਾ, ਤੇ ਇੱਦਾਂ ਉਹ ਅਕਸਰ ਕਰਨ ਲੱਗ ਪਿਆ ਸੀ। ਸੁਣਨ ਵਿਚ ਹੀ ਨਹੀਂ, ਹੁਣ ਤਾਂ ਐਨ ਪਤਾ ਲਗਣ ਲੱਗ ਪਿਆ ਸੀ ਕਿ ਉਹ ਅਫ਼ੀਮ ਦੀ ਡਲੀ ਗਰਮ ਦੁੱਧ ਵਿਚ ਪਾ ਕੇ Ḕਕਾਫ਼ੀḔ ਵਾਂਗ ਸਟੇਜ Ḕਤੇ ਪੀਣ ਲੱਗਾ ਸੀ।
ਇਹ ਗੱਲ ਪੱਕੀ ਆ ਕਿ ਉਹ ਸੰਗਾਊ ਸੀ, ਨਿਰਾ ਕੁੜੀਆਂ ਵਰਗਾ। ਉਚਿਆਂ ਤੇ ਵੱਡਿਆਂ ਤੋਂ ਉਹ ਸੰਗਦਾ ਸੀ ਤੇ ਦੇਸੀ ਲੁੱਡੀਆਂ ਪਾਉਂਦਾ, ਢੋਲੇ ਲਾਉਂਦਾ ਪੀਣ ਕਿਉਂ ਲੱਗ ਪਿਆ ਸੀ? ਰੱਬ ਹੀ ਜਾਣੇ, ਪਰ ਪਿਆਰ ਦੀਆਂ ਤੰਦਾਂ ਦੇ ਤਾਣਿਆਂ ਨੇ ਵਿਆਹ ਤੋਂ ਪਿਛੋਂ ਵੀ ਕਦੇ ਕਦੇ ਖਿੱਚੋਤਾਣ ਪਾਈ ਰੱਖੀ। ਖੈਰ! ਜਿਵੇਂ ਉਪਰ ਕਿਹੈ, ਕਲਾਕਾਰ ਇਸ਼ਕ ਮਜ਼ਾਜੀ ਹੁੰਦੇ ਨਹੀਂ, ਹੋ ਜਾਂਦੇ ਹਨ।
ਪ੍ਰਿਤਪਾਲ ਦੇ ਉਹ ਮਾਮੇ ਦਾ ਮੁੰਡਾ ਸੀ, ਉਹ ਦੱਸੇ ਕਿ ਕੈਨੇਡਾ ਆਇਆ ਤਾਂ ਉਨ੍ਹੀਂ ਦਿਨੀਂ Ḕਇੰਡੋ-ਕੈਨੇਡੀਅਨ ਟਾਈਮਜ਼Ḕ ਦੇ ਬਾਨੀ ਸੰਪਾਦਕ ਤਾਰਾ ਸਿੰਘ ਹੇਅਰ ਦਾ ਕਤਲ ਹੋ ਗਿਆ ਸੀ। ਉਹਨੂੰ ਅਫ਼ਸੋਸ ਕਰਨ ਲਈ ਕਿਹਾ ਤਾਂ ਉਹ ਮੰਨ ਤਾਂ ਗਿਆ, ਪਰ ਇਸ ਸ਼ਰਤ Ḕਤੇ ਕਿ ਮੁੜਦੀ ਵਾਰੀ ਪੂਰੀ ਬੋਤਲ ਲੈ ਕੇ ਦਿਓਗੇ। ਉਥੇ ਉਹ ਬੋਲਿਆ ਕੁਝ ਨਹੀਂ। ਹੂੰ-ਹਾਂ ਕਰੀ ਜਾਵੇ, Ḕਚਲੋ ਚਲੀਏḔ ਕਿਉਂਕਿ ਉਦੋਂ ਉਹ ਸਾਰੇ ਦਾ ਸਾਰਾ ਬੋਤਲ ਵਿਚ ਡੁੱਬ ਗਿਆ ਸੀ। ਰੁਪਿੰਦਰ (ਤਾਰਾ ਸਿੰਘ ਹੇਅਰ ਦੀ ਧੀ) ਨੇ ਕਿਹਾ ਵੀ, ਇਹ ਤਾਂ ਬੋਲਦਾ ਹੀ ਨਹੀਂ, ਗਾਉਂਦਾ ਕੀ ਹੋਵੇਗਾ! ਅਸਲ ਵਿਚ ਪੈਗ ਉਹਨੂੰ ਵਿਆਕੁਲ ਕਰ ਰਿਹਾ ਸੀ। ਸਾਲ 2000 ਵਿਚ ਮੈਂ Ḕਲਿਸ਼ਕਾਰਾḔ ਪੇਸ਼ ਕਰ ਕੇ ਜਲੰਧਰ ਦੂਰਦਰਸ਼ਨ ਤੋਂ ਪਰਤ ਰਿਹਾ ਸਾਂ ਕਿ ਲੱਕੀ ਢਾਬੇ ‘ਤੇ ਰੁਕੇ। ਉਹ ਗੱਡੀ ਵਿਚ ਬੈਠ ਕੇ ਤੁਰਨ ਹੀ ਲੱਗਾ ਸੀ। ਕਰਤਾਰਪੁਰ ਵੱਲੋਂ ਪ੍ਰੋਗਰਾਮ ਕਰ ਕੇ ਆ ਰਿਹਾ ਸੀ, ਮੈਨੂੰ ਵੇਖ ਕੇ ਉਤਰ ਆਇਆ। ਬੋਤਲ ਹੱਥ ਵਿਚ ਸੀ। ਆਂਹਦੈ, ਅੱਜ ਦੋ ਪੈਗ Ḕਕੱਠੇ ਪੀ। ਪੈਗ ਪੀ ਤਾਂ ਮੈਂ ਲਏ, ਪਰ ਦੁੱਖ ਹੈ ਕਿ ਜਿਉਂਦੇ ਜੀਅ ਇਹ ਸਾਡੀ ਆਖਰੀ ਮੁਲਾਕਾਤ ਸੀ।
ਕਹਿੰਦੇ ਨੇ ਗਾਇਕੀ ਵਿਚ ਮੁਕੱਦਰ ਵੀ ਭਿੜਦੇ ਨੇ। ਗੁੱਸਾ ਭਾਵੇਂ ਲੱਗੇ, ਪਰ ਸੱਚ ਕਹਿ ਦਿਆਂਗਾ ਕਿ ਸੁਰਜੀਤ ਬਿੰਦਰਖੀਏ ਦੇ ਜਾਣ ਪਿਛੋਂ ਗੀਤਕਾਰ ਬਣ ਕੇ ਜਿਹੜੀ ਚੜ੍ਹਾਈ ਸ਼ਮਸ਼ੇਰ ਸੰਧੂ ਦੀ ਸੀ, ਉਹ ਨਹੀਂ ਰਹੀ, ਤੇ ਨਾ ਹੀ ਸੰਗੀਤਕਾਰ ਅਤੁਲ ਸ਼ਰਮਾ ਦੀ ਹੁਣ ਤੂਤੀ ਬੋਲਦੀ ਹੈ। ਸੁਰਜੀਤ ਦੇ ਬੇਟੇ ਗਿਤਾਜ ਨੂੰ ਸ਼ਮਸ਼ੇਰ ਨੇ ਗਾਉਣ ਲਾਇਆ, ਗੱਲ ਤੁਰੀ, ਪਰ ਸ਼ਮਸ਼ੇਰ ਦੇ ਇਸ ਦਾਅਵੇ ਕਿ Ḕਭਤੀਜੇ ਵਿਚੋਂ ਯਾਰ ਬੁਲਾ ਦਿਆਂਗੇḔ ਨੂੰ ਬੂਰ ਪਿਆ ਕਿਉਂ ਨਹੀਂ? ਇਹ ਸ਼ਮਸ਼ੇਰ ਹੀ ਜਾਣੇ, ਜਾਂ ਪ੍ਰੀਤ ਜਾਂ ਫਿਰ ਗਿਤਾਜ। ਬੇਟੀ ਮਿਨਾਜ ਅੱਜ ਕੱਲ੍ਹ ਸਰੀ ਪੜ੍ਹਾਈ ਕਰ ਰਹੀ ਹੈ।
ਚਰਨਜੀਤ ਅਹੂਜਾ ਨੇ ਮੈਨੂੰ ਬਹੁਤ ਵਾਰੀ ਕਿਹਾ, ਲਿਆ ਬਿੰਦਰਖੀਏ ਨੂੰ; ਗੀਤ ਵੀ ਸ਼ਮਸ਼ੇਰ ਦੇ ਹੀ ਪਾ ਲਵਾਂਗੇ, ਇਕ ਵਾਰ ਆਪਣੇ ਹੱਥੀਂ ਤਾਂ ਰਿਕਾਰਡ ਕਰ ਕੇ ਵੇਖ ਲਵਾਂæææਪਰ ਗੱਲ ਬਣ ਨਾ ਸਕੀ।
ਭਲਵਾਨ ਸੁੱਚਾ ਸਿੰਘ ਤੇ ਗਾਇਕ ਸੁਰਜੀਤ ਦਾ ਬਿੰਦਰਖ ਉਦਾਸ ਹੈ। ਸਰਕਾਰ ਨੇ ਯਾਦਾਂ ਨਹੀਂ ਬਣਾਈਆਂ ਤੇ ਮਾਂ ਗੁਰਬਚਨ ਕੌਰ ਦੇ ਜਾਣ ਪਿਛੋਂ ਘਰ ਨੂੰ ਰੋਪੜੀ ਜਿੰਦਾ ਲੱਗ ਗਿਆ ਹੈ, ਕਿਉਂਕਿ ਪ੍ਰੀਤ ਬੱਚਿਆਂ ਨਾਲ ਮੁਹਾਲੀ ਰਹਿ ਰਹੀ ਹੈ।
æææਤੇ ਇਹ ਅੰਕੜਾ ਰਹੇਗਾ ਹੀ ਕਿ ਉਚੀ ਪਿੱਚ ਦੇ ਦੋ ਗਾਇਕ ਸਾਡੇ ਵੇਲਿਆਂ ਵਿਚ ਹੋਏ ਸਨ। ਇਨ੍ਹਾਂ ਵਿਚੋਂ ਕੁਲਦੀਪ ਮਾਣਕ Ḕਟਿੱਲੇ ਤੋਂ ਸੂਰਤḔ ਨਾਲ ਬਾਘਿਓਂ ਪਾਰ ਅਤੇ ਬਿੰਦਰਖੀਆ Ḕਦੁੱਪਟਾ ਤੇਰਾ ਸੱਤ ਰੰਗ ਦਾḔ ਨਾਲ ਬੀæਬੀæਸੀæ Ḕਤੇ ਮੋਹਰੀ ਰਿਹਾ ਹੈ।
ਗੱਲ ਬਣੀ ਕਿ ਨਹੀਂ
ਯਾਰੀ ਦੇ ਡਰਾਮੇ
ਵੇਖ ਕੇ ਬੂਹੇ ਢੋ ਲੈਂਦੇ ਨੇ ਲੋਕੀ ਅੱਜ ਕੱਲ੍ਹ ਮਿੱਤਰੋ,
ਊਂ ਯਾਰੀ ਦੇ ਰੋਜ਼ ਡਰਾਮੇ ਕਰਦੇ ਰਹਿਣ ਹਜ਼ਾਰਾਂ।
ਬਹੁਤਿਆਂ Ḕਤੇ ਇਲਜ਼ਾਮ ਇਹੋ ਨੇ ਇੱਜ਼ਤ Ḕਤੇ ਅੱਖ ਰੱਖਣ,
ਜਿਨ੍ਹਾਂ ਨਾਲ ਸੀ ਘਰ ਵਿਚ ਲੱਗਦਾ ਖਿੜੀਆਂ ਨੇ ਗੁਲਜ਼ਾਰਾਂ।
ਦਿਨ ਢਲਦੇ ਨਾਲ ਦਿਲ ਡੁੱਬ ਜਾਂਦਾ ਧੀਰਜ ਕਿੱਥੇ ਰਹਿ ਜੂ,
ਅੱਧੀ ਦੁਨੀਆਂ ਲੁੱਟ ਲਈ ਇਥੇ ਝੂਠੇ ਕੌਲ ਕਰਾਰਾਂ।
ਸੁਦਾਮੇ ਦੇ ਹੱਥ ਸੱਤੂ ਹੈ ਨਹੀਂ ਕਿੱਦਾਂ ਕ੍ਰਿਸ਼ਨ ਮਨਾ ਲਊ,
ਉਲਟ ਸਿਕੰਦਰ ਪੋਰਸ ਹੱਥੋਂ ਖਾਣ ਲੱਗ ਪਿਆ ਹਾਰਾਂ।
ਪਹਿਲਾਂ ਜਿਗਰੀ ਯਾਰ ਬਣਾਇਆ ਫੇਰ ਬਦਲ ਲਏ ਰਿਸ਼ਤੇ,
ਪੁੱਠੀਆਂ ਹੀ ਹੁਣ ਜੁੜ ਰਹੀਆਂ ਨੇ ਇਸ਼ਕ ਦੀਆਂ ਸਭ ਤਾਰਾਂ।
ਫਰੈਂਡ ਬੜੇ ਨੇ ਫੇਸਬੁੱਕ Ḕਤੇ ਬਿਨ ਪਰਖੇ ਹੀ ਬਣ ਗਏ,
ਲੱਕੜੀ ਗੁਣੀਏ ਦੇ ਵਿਚ ਕਰḔਤੀ ਧੱਕੇ ਨਾਲ ਲੁਹਾਰਾਂ।
ਰਾਮ ਨੂੰ ਇਥੇ ਲੱਭਣਾ ਨਹੀਓਂ ਲਛਮਣ ਵਰਗਾ ਭਾਈ,
ਰੂਪ-ਬਸੰਤ ਵੀ ਰੱਖਣ ਲੱਗ ਪਏ ਦਿਲ ਦੇ ਅੰਦਰ ਖਾਰਾਂ।
ਪਹਿਲਾਂ ḔਭੌਰੇḔ ਪੱਗ ਵਟਾਉਂਦੇ ਫਿਰ ਲਾਹੁਣ ਨੂੰ ਫਿਰਦੇ,
ਚਿੱਤ ਕਿਥੇ ਹੁਣ ਕਹਿਣ ਨੂੰ ਕਰਦਾ ਯਾਰਾਂ ਨਾਲ ਬਹਾਰਾਂ।