ਜ਼ਾਲਮ, ਜ਼ੁਲਮ ਅਤੇ ਮਜ਼ਲੂਮ

ਪ੍ਰੋæ ਹਰਪਾਲ ਸਿੰਘ ਪੰਨੂ ਦੇ ਲੇਖ ‘ਪੰਜਾਬ ਟਾਈਮਜ਼’ ਦੇ ਪਾਠਕ ਅਕਸਰ ਇਨ੍ਹਾਂ ਪੰਨਿਆਂ ‘ਤੇ ਪੜ੍ਹਦੇ ਰਹਿੰਦੇ ਹਨ। ਪ੍ਰੋæ ਪੰਨੂ ਦੀ ਸਿਫਤ ਇਹ ਹੈ ਕਿ ਉਹ ਪਾਠਕ ਨੂੰ ਆਪਣੀ ਉਂਗਲ ਨਾਲ ਅਜਿਹਾ ਲਾਉਂਦੇ ਹਨ ਕਿ ਪਾਠਕ ਕਿਸੇ ਖਿੱਚ ਦਾ ਬੱਧਾ ਆਪਣੇ-ਆਪ ਨਾਲ ਤੁਰਿਆ ਜਾਂਦਾ ਹੈ। ਹੱਥਲਾ ਲੇਖ ਉਨ੍ਹਾਂ ਨੇ 18ਵੀਂ ਸਦੀ ਦੇ ਇਤਾਲਵੀ ਲੇਖਕ ਅਲਫਾਇਰੀ ਦੀ ਪੁਸਤਕ ‘ਆਫ਼ ਟਿਰਅਨਿ’ (ਜ਼ੁਲਮ ਬਾਰੇ) ਨੂੰ ਆਧਾਰ ਬਣਾ ਕੇ ਲਿਖਿਆ ਹੈ।

ਅਲਫਾਇਰੀ ਆਪਣੇ ਸਮੇਂ ਦਾ ਬੇਹੱਦ ਸਜੱਗ ਲੇਖਕ ਸੀ। ਸਮੇਂ ਦੀਆਂ ਹਕੂਮਤਾਂ ਦੀ ਗੱਲ ਕਰਦਿਆਂ ਉਸ ਨੇ ਬੜੇ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਇਹ ਹਕੂਮਤਾਂ ਆਮ ਲੋਕਾਂ ਨੂੰ ਸਿਵਾਏ ਆਪਣੇ ਗੁਲਾਮਾਂ ਤੋਂ ਵੱਧ ਕੁਝ ਨਹੀਂ ਸਮਝਦੀਆਂ। ਉਨ੍ਹਾਂ ਦੇ ਗੁਮਾਸ਼ਤੇ ਯਾਨਿ ਵਜ਼ੀਰ ਅਤੇ ਹੋਰ ਅਧਿਕਾਰੀ ਆਪਣੀ ਜ਼ਮੀਰ ਵੇਚ ਕੇ ਉਨ੍ਹਾਂ ਦੀ ਅਧੀਨਗੀ ਵਿਚ ਰਹਿੰਦੇ ਹਨ ਪਰ ਆਮ ਲੋਕਾਂ ‘ਤੇ ਜ਼ੁਲਮ ਕਰਦੇ ਹਨ। ਮਜ਼ਲੂਮ ਲੋਕਾਂ ਦਾ ਕਸੂਰ ਇਹ ਹੈ ਕਿ ਉਹ ਇਸ ਗੁਲਾਮੀ ਨੂੰ ਆਪਣੀ ਕਿਸਮਤ ਸਮਝ ਬੈਠਦੇ ਹਨ ਅਤੇ ਇਸ ਵਿਰੁਧ ਆਵਾਜ਼ ਨਹੀਂ ਉਠਾਉਂਦੇ। ਅਲਫਾਇਰੀ ਨੇ ਆਪਣੇ ਸਮਿਆਂ ਦੀਆਂ ਹਕੂਮਤਾਂ ਵਿਚੋਂ ਜੇ ਕਿਸੇ ਦੀ ਮਾੜੀ ਜਿਹੀ ਸਿਫਤ ਕੀਤੀ ਹੈ ਤਾਂ ਉਹ ਇੰਗਲੈਂਡ ਦੀ ਜਮਹੂਰੀ ਹਕੂਮਤ ਦੀ। ਅਜ ਭਾਵੇਂ ਰਾਜੇ-ਰਜਵਾੜੇ ਨਹੀਂ ਰਹੇ ਅਤੇ ਜਮਹੂਰੀ ਹਕੂਮਤਾਂ ਕਾਇਮ ਹੋ ਚੁਕੀਆਂ ਹਨ ਪਰ ਬਹੁਤੀਆਂ ਜਮਹੂਰੀਅਤਾਂ ਦੇ ਲੋਕਾਂ ਦਾ ਹਾਲ ਉਹੋ ਜਿਹਾ ਹੀ ਹੈ। ਅਜ ਵੀ ਲੋਕ ਘੱਟ-ਵੱਧ ਉਸੇ ਤਰ੍ਹਾਂ ਹੀ ਗੁਲਾਮੀ ਹੰਢਾ ਰਹੇ ਹਨ। ਇਸ ਪੱਖੋਂ ਅਲਫਾਇਰੀ ਦੀ ਇਹ ਪੁਸਤਕ ਅਜ ਦੇ ਪ੍ਰਸੰਗ ਵਿਚ ਵੀ ਮੁੱਲਵਾਨ ਹੈ। -ਸੰਪਾਦਕ

ਪ੍ਰੋæ ਹਰਪਾਲ ਸਿੰਘ ਪੰਨੂ
ਕਾਲਜ ਦੇ ਦਿਨੀਂ 1972 ਵਿਚ ਮੈਨੂੰ ਇੱਕ ਕਿਤਾਬ ਦਿਸੀ ਜਿਸ ਦਾ ਨਾਂ ‘ਆਫ਼ ਟਿਰਅਨਿ’ ਸੀ ਤੇ ਇਸ ਦਾ ਲੇਖਕ ਸੀ ਇਟਲੀ ਦਾ ਵਿਟੋਰੀਓ ਅਲਫਾਇਰੀ। ਇਸ ਵਿਚ ਮਨੁੱਖ ਦੇ ਉਨ੍ਹਾਂ ਉਦਾਸ ਬੇਕਿਰਕ ਸਰੋਕਾਰਾਂ ਦਾ ਵਰਣਨ ਹੈ, ਜਦੋਂ ਉਹ ਜ਼ੁਲਮ ਕਰਦਾ ਹੈ ਅਤੇ ਜ਼ੁਲਮ ਸਹਿੰਦਾ ਹੈ। ਕੁਝ ਦਿਨ ਪਹਿਲਾਂ ਲੱਭ ਕੋਈ ਹੋਰ ਕਿਤਾਬ ਰਿਹਾ ਸਾਂ, ਪਰ ਲਾਇਬ੍ਰੇਰੀ ਦੇ ਇਕ ਸ਼ੈਲਫ ਉਪਰ ਇਹ ਕਿਤਾਬ ਪਈ ਵੇਖੀ ਤਾਂ ਲੱਗਾ ਜਿਵੇਂ ਮੁੱਦਤ ਪਹਿਲਾਂ ਵਿਛੜਿਆ ਮਹਿਬੂਬ ਅਚਾਨਕ ਮਿਲ਼ ਗਿਆ ਹੋਵੇ। ਇਹ ਕਿਤਾਬ ਫਿਰ ਪੜ੍ਹੀ ਤਾਂ ਦਿਲ ਕੀਤਾ ਕਿ ਜ਼ਰਾ ਪੰਜਾਬੀ ਪਾਠਕਾਂ ਨੂੰ ਇਸ ਦੀਆਂ ਗੱਲਾਂ ਸੁਣਾ ਕੇ ਪੁੱਛੀਏ ਕਿ ‘ਅਲਫਾਇਰੀ’ ਵਾਕਿਆ ਹੀ ਵੱਡਾ ਸੀ ਕਿ ਇਹ ਕੇਵਲ ਹੋਰ ਹਜ਼ਾਰਾਂ ਵਿਚੋਂ ਇਕ ਉਨ੍ਹਾਂ ਵਰਗਾ ਹੀ ਸੀ। ਪਹਿਲੋਂ ਉਸ ਦੇ ਜੀਵਨ ਬਾਰੇ ਥੋੜ੍ਹਾ ਕੁ ਜਾਣ ਲੈਣਾ ਚਾਹੀਦਾ ਹੈ। ਫਿਰ ਉਸ ਦੀ ਇਹ ਕਿਤਾਬ ਠੀਕ ਸਮਝ ਵਿਚ ਪੈ ਜਾਵੇਗੀ।
ਉਸ ਦਾ ਜਨਮ 17 ਜਨਵਰੀ, 1749 ਈæ ਵਿਚ ਤਕੜੇ ਠਾਠ-ਬਾਠ ਵਾਲ਼ੇ ਪਰਿਵਾਰ ਵਿਚ ਹੋਇਆ। ਠਾਠ-ਬਾਠ ਵਾਲ਼ਾ ਇਸ ਲਈ ਲਿਖਿਆ ਹੈ ਕਿਉਂਕਿ 12ਵੀਂ ਸਦੀ ਤੋਂ ਹੀ ਇਹ ਪਰਿਵਾਰ ਕਿਸੇ ਨਾ ਕਿਸੇ ਰੂਪ ਵਿਚ ਹਕੂਮਤ ਦਾ ਹਿੱਸਾ ਰਿਹਾ। ਉਸ ਨੇ ਸ਼ਾਹੀ ਪਰਿਵਾਰਾਂ ਨੂੰ ਬਹੁਤ ਨੇੜਿਓਂ ਦੇਖਿਆ, ਇਸ ਕਰ ਕੇ ਉਸ ਨੂੰ ਪਤਾ ਸੀ, ਹਕੂਮਤ ਦੀ ਕਾਰਜਸ਼ੈਲੀ ਕੀ ਹੁੰਦੀ ਹੈ, ਰਾਜ ਵਿਸਥਾਰ ਕਿਵੇਂ ਹੁੰਦੇ ਹਨ, ਸਾਜ਼ਸ਼ਾਂ ਕਿਵੇਂ ਚਲਦੀਆਂ ਹਨ ਅਤੇ ਹੁਕਮਰਾਨ ਤਾਨਾਸ਼ਾਹੀ ਵੱਲ ਕਿਵੇਂ ਵਧਦੇ ਹਨ। ਤਾਨਾਸ਼ਾਹਾਂ ਦੀਆਂ ਵਧੀਕੀਆਂ ਬਾਰੇ ਵਿਅੰਗ ਕਰਦਿਆਂ ਉਹ ਲਿਖਦਾ ਹੈ, “ਬਾਦਸ਼ਾਹ ਏਡਾ ਜ਼ਾਲਮ ਹੋ ਗਿਆ ਕਿ ਵਿਚਾਰੇ ਛੋਟੇ-ਮੋਟੇ ਜਗੀਰਦਾਰ ਆਪਣੀ ਪਰਜਾ ਉਤੇ ਨਿੱਕੇ-ਮੋਟੇ ਜ਼ੁਲਮ ਕਰਨੋਂ ਵੀ ਹਟ ਗਏ ਜਿਹੜੇ ਜ਼ੁਲਮ ਕਰਨ ਦਾ ਉਨ੍ਹਾਂ ਦਾ ਆਮ ਸੁਭਾਅ ਹੁੰਦਾ ਹੈ ਤੇ ਹੱਕ ਵੀ ਹੋਇਆ ਕਰਦਾ ਹੈ। ਬਾਦਸ਼ਾਹ ਦੇ ਜ਼ੁਲਮ ਨੇ ਸਭ ਨੂੰ ਭੈਭੀਤ ਕਰ ਦਿੱਤਾ।”
ਉਹ ਸਾਰੀ ਉਮਰ ਟਿਕ ਕੇ ਨਹੀਂ ਬੈਠਿਆ। ਸਪੇਨ ਤੋਂ ਰੂਸ ਤਕ ਅਤੇ ਇਟਲੀ ਤੋਂ ਇੰਗਲੈਂਡ ਤਕ ਲਗਾਤਾਰ ਘੁੰਮਦਾ ਫਿਰਿਆ। ਘੁੰਮਦਿਆਂ-ਘੁਮਾਦਿਆਂ ਉਹ ਪੜ੍ਹਦਾ ਤੇ ਲਿਖਦਾ ਰਿਹਾ। ਪਹਿਲੋਂ ਉਸ ਨੇ ਦੁਖਾਂਤ ਨਾਟਕ ਲਿਖੇ। ਇਨ੍ਹਾਂ ਨਾਟਕਾਂ ਵਿਚਲੀਆਂ ਦੁਖਦਾਈ ਘਟਨਾਵਾਂ ਵੀ ਵਾਸਤਵ ਵਿਚ ਮਹਿਲਾਂ ਦੀਆਂ ਕਥਾ-ਕਹਾਣੀਆਂ ਹੀ ਹਨ। ਦਹਿਸ਼ਤ ਬਾਬਤ ਜਿਹੜੀ ਉਸ ਨੇ ਕਿਤਾਬ ‘ਆਫ਼ ਟਿਰਅਨਿ’ 1777 ਵਿਚ ਲਿਖੀ, ਇਸ ਦਾ ਫ਼ਲਸਫ਼ਾ ਹੀ ਉਸ ਦੇ ਨਾਟਕਾਂ ਵਿਚ ਸਾਕਾਰ ਹੁੰਦਾ ਹੈ। ਇਹ ਕਿਤਾਬ ਇੱਕ ਮਹੀਨੇ ਵਿਚ ਮੁਕੰਮਲ ਕਰ ਲਈ ਸੀ, ਪਰ ਉਮਰ ਦੇ ਅਖ਼ੀਰ ਵਿਚ ਉਸ ਨੇ ਫਿਰ ਆਪ ਸੋਧ ਕੇ ਅੰਤਿਮ ਰੂਪ ਦਿੱਤਾ। ਸ਼ਬਦ ਵਾਕ ਬਣ ਗਏ, ਵਾਕ ਪਹਿਰੇ ਬਣੇ ਤੇ ਪਹਿਰੇ ਸਫ਼ਿਆਂ ਵਿਚ ਪਲ਼ਟਦੇ ਗਏ।
ਕਿਤਾਬ ‘ਜ਼ੁਲਮ ਬਾਰੇ’ ਰਚਣ ਦੇ ਖ਼ਤਰਿਆਂ ਤੋਂ ਉਹ ਵਾਕਫ ਸੀ। ਸਰਕਾਰ ਦਾ ਸਖ਼ਤ ਸੈਂਸਰ ਲਾਗੂ ਸੀ। ਜਿਹੜੇ ਲੇਖਕ ਸਰਕਾਰੇ-ਦਰਬਾਰੇ ਖ਼ੁਸ਼ਾਮਦ ਰਾਹੀਂ ਨਾਂ ਬਣਾ ਲੈਂਦੇ, ਉਨ੍ਹਾਂ ਉਪਰ ਖ਼ਾਸ ਮਿਹਰਬਾਨੀਆਂ ਦੀ ਬਾਰਸ਼ ਹੁੰਦੀ ਤੇ ਬਾਕੀਆਂ ਨਾਲ਼ ਉਹੀ ਹੁੰਦਾ ਜੋ ਮੁੱਢ-ਕਦੀਮੋਂ ਹੁੰਦਾ ਆਇਆ ਹੈ। ਅਲਫਾਇਰੀ ਦੀ ਉਮਰ ਓਦੋਂ 28 ਸਾਲ ਸੀ ਜਦੋਂ ਇਹ ਕਿਤਾਬ ਲਿਖ ਕੇ ਉਸ ਨੇ ਆਪਣੀ ਜਾਇਦਾਦ ਆਪਣੀ ਭੈਣ ਦੇ ਨਾਂ ਰਜਿਸਟਰੀ ਕਰਵਾ ਕੇ ਕਿਹਾ, “ਹੁਣ ਕੋਈ ਜ਼ਾਲਮ ਮੇਰੇ ਤੋਂ ਕੀ ਖੋਹ ਸਕਦਾ ਹੈ? ਹੁਣ ਮੇਰੇ ਕੋਲ ਇੱਕ ਮੇਰਾ ਦਿਮਾਗ਼ ਹੈ ਤੇ ਦੂਜੀ ਕਲਮ। ਇਹ ਦੋਵੇਂ ਰਲ਼-ਮਿਲ਼ ਕੇ ਚੱਲਣਗੇ। ਪਰ ਜਿੱਥੇ ਕਿਧਰੇ ਲੋੜ ਪਈ ਤਾਂ ਜ਼ੁਲਮ ਦੇ ਖ਼ਾਤਮੇ ਲਈ ਮੈਂ ਕਲਮ ਦੇ ਨਾਲ਼-ਨਾਲ਼ ਤਲਵਾਰ ਵੀ ਉਠਾਵਾਂਗਾ। ਤਾਨਾਸ਼ਾਹੀ ਦੇ ਖ਼ਾਤਮੇ ਅਤੇ ਅਜ਼ਾਦੀ ਦੀ ਬਹਾਲੀ ਲਈ ਤਾਂ ਕੋਈ ਕੁਝ ਵੀ ਕਰ ਸਕਦਾ ਹੈ।”
ਅਠਾਰ੍ਹਾਂ ਸਾਲਾਂ ਦੀ ਉਮਰ ਤਕ ਉਹ ਕਈ ਰਾਜਿਆਂ, ਰਾਜਕੁਮਾਰਾਂ ਅਤੇ ਵਾਇਸਰਾਇ ਤਕ ਨੂੰ ਮਿਲ਼ ਚੁੱਕਾ ਸੀ, ਲਿਖਦਾ ਹੈ, “ਮੈਂ ਮਨੁੱਖ ਨੂੰ ਮਨੁੱਖ ਹੱਥੋਂ ਅਪਮਾਨਿਤ ਹੁੰਦਾ ਵੇਖਿਆ ਹੈ…ਮੈਂ ਸੰਗਲ਼ ਵੇਖੇ ਹਨ, ਸੰਗਲ਼ਾਂ ਦੇ ਛਣਕਾਟੇ ਸੁਣੇ ਹਨ ਤੇ ਮੈਨੂੰ ਗ਼ੁਲਾਮੀ ਦਾ ਸਿਰਨਾਂਵਾਂ ਪੂਰਾ ਪਤਾ ਹੈ। ਇਹ ਭਾਰ ਵੇਖ ਕੇ ਮੈਂ ਇਕ ਬੱਚੇ ਵਾਂਗ ਵਿਲਕ ਉਠਿਆ ਤੇ ਆਪਣੇ ਆਪ ਨੂੰ ਕਿਹਾ, “ਤੂੰ ਬਾਕੀ ਕੰਮ ਛੱਡ। ਕੇਵਲ ਜ਼ੁਲਮ ਬਾਰੇ ਲਿਖ…ਕੇਵਲ ਜ਼ਾਲਮ ਬਾਰੇ। ਸੰਸਾਰ ਦਾ ਦਮ ਘੁੱਟਦਾ ਵੇਖ ਕੇ ਮੈਂ ਸ਼ਾਂਤ ਕਿਵੇਂ ਰਹਿ ਸਕਦਾ ਸਾਂ? ਮੇਰਾ ਦਿਲ ਤਾਂ ਕਰਦਾ ਸੀ ਮੈਂ ਵੀ ਮੈਕਿਆਵਲੀ ਵਾਂਗ ਅਰਾਮ ਨਾਲ਼ ਲਿਖਦਾ ਤੇ ਪੜ੍ਹਦਾ, ਪਰ ਮੈਨੂੰ ਅਧੀਨਗੀ ਪ੍ਰਵਾਨ ਨਹੀਂ ਸੀ, ਮੈਨੂੰ, ਜਿਸ ਦੀ ਰੂਹ ਅਨੰਤ ਤਕ ਉਡਾਰੀਆਂ ਲਾਉਂਦੀ ਸੀ, ਗ਼ੁਲਾਮੀ ਮਨਜ਼ੂਰ ਨਹੀਂ ਸੀ। ਸੋ ਬਿਖੜਾ ਪੈਂਡਾ ਠੀਕ ਸਮਝਿਆ।
ਅਲਫਾਇਰੀ ਦੀਆਂ ਲਿਖਤਾਂ ਵਿਚ ਜਾਨ ਸੀ, ਜਜ਼ਬਾ ਸੀ। ਉਹ ਏਨਾ ਹਰਮਨ-ਪਿਆਰਾ ਹੋ ਗਿਆ ਕਿ ‘ਜ਼ੁਲਮ ਬਾਰੇ’ ਕਿਤਾਬ ਦੀਆਂ 21 ਐਡੀਸ਼ਨਾਂ ਛਪੀਆਂ। ਵੀਆਨਾ ਦੇ ਕੌਮੀ ਕਵੀ ਪੀਤਰੋ ਨੇ ਉਸ ਕੋਲ਼ ਸੁਨੇਹਾ ਭੇਜਿਆ ਕਿ ਮਹਿਲ ਵਿਚ ਤੇਰੀ ਥਾਂ ਹੈ। ਇੱਥੇ ਆ ਜਾਹ। ਅਲਫਾਇਰੀ ਨੇ ਜਵਾਬ ਦਿੱਤਾ, “ਜ਼ਾਲਮ ਦੇ ਘਰ ਅੰਦਰ ਪੁੱਜਣ ਸਾਰ ਰੂਹ ਗਹਿਣੇ ਪੈ ਜਾਂਦੀ ਹੈ ਭਰਾ। ਆਪਾਂ ਨੂੰ ਅਧੀਨਗੀ ਕਬੂਲ ਨਹੀਂ। ਮਹਿਲ ਵਿਚ ਤਾਂ ਕੀ ਰਹਿਣਾ, ਮੈਂ ਤੇਰੇ ਵਰਗੇ ਨਾਲ਼ ਦੋਸਤੀ ਵੀ ਨਹੀਂ ਕਰਨੀ। ਭਾੜੇ ਦੇ ਬੰਦਿਆਂ ਨਾਲ਼ ਆਪਣਾ ਕਾਹਦਾ ਸਰੋਕਾਰ?” ਰੂਸ ਦੀ ਮਹਾਰਾਣੀ ਕੈਥਰੀਨ ਨੇ ਉਸ ਨੂੰ ਸਤਿਕਾਰ ਪੂਰਨ ਸੱਦਾ-ਪੱਤਰ ਭੇਜਿਆ ਪਰ ਉਸ ਦਾ ਸੱਦਾ ਵੀ ਮਨਜ਼ੂਰ ਨਹੀਂ ਕੀਤਾ ਤੇ ਕਿਹਾ, “ਰੂਸ ਦੀ ਤਾਨਾਸ਼ਾਹੀ ਤਾਂ ਪਰੁਸ਼ੀਆ ਤੋਂ ਵੀ ਬਦਤਰ ਹੈ। ”
1768 ਵਿਚ ਇੰਗਲੈਂਡ ਗਿਆ। ਉਸ ਨੂੰ ਜੇ ਕੋਈ ਸਰਕਾਰ ਚੰਗੀ ਲੱਗੀ, ਇੰਗਲੈਂਡ ਦੀ ਸੀ। ਇੱਥੇ ਉਸ ਨੂੰ ਲੱਗਾ ਕਿ ਮਨੁੱਖੀ ਸਖਸ਼ੀਅਤ ਦਾ ਵਿਕਾਸ ਠੀਕ ਹੋ ਰਿਹਾ ਹੈ। ਲਿਖਦਾ ਹੈ, “ਅਜੇ ਮੈਂ ਇੰਗਲੈਂਡ ਦਾ ਸੰਵਿਧਾਨ ਨਹੀਂ ਪੜ੍ਹਿਆ ਤੇ ਸਰਕਾਰ ਦੇ ਕੰਮ ਢੰਗ ਦਾ ਪੂਰਾ ਜਾਇਜ਼ਾ ਨਹੀਂ ਲਿਆ, ਪਰ ਲੋਕਾਂ ਦੇ ਚਿਹਰਿਆਂ ਉਪਰਲੀ ਰੌਣਕ ਤੇ ਆਤਮ-ਵਿਸ਼ਵਾਸ ਚੰਗੀ ਸਰਕਾਰ ਦਾ ਨਤੀਜਾ ਸਾਫ਼ ਦਿੱਸ ਰਿਹਾ ਸੀ। ਮੇਰੇ ਪਿਆਰੇ ਵਤਨ ਇਟਲੀ ਦੇ ਲੋਕਾਂ ਦੀ ਜ਼ਮੀਰ ਇਸ ਕਦਰ ਗ਼ੁਲਾਮ ਹੋ ਚੁੱਕੀ ਹੈ ਕਿ ਕਦੀ-ਕਦੀ ਮੈਂ ਸ਼ਰਮ ਦਾ ਮਾਰਿਆ ਦੱਸਦਾ ਨਹੀਂ ਹੁੰਦਾ ਕਿ ਮੈਂ ਇਟਾਲੀਅਨ ਹਾਂ। ਇੰਗਲੈਂਡ ਵਿਚ ਬੋਲਣ ਤੇ ਲਿਖਣ ਦੀ ਅਜ਼ਾਦੀ ਹੈ। ਤੁਸੀਂ ਸਰਕਾਰ ਦੀ ਆਲੋਚਨਾ ਕਰ ਸਕਦੇ ਹੋ, ਤੇ ਮੇਰੇ ਮੁਲਕ ਇਟਲੀ ਵਿਚ? ਤੌਬਾ। ਜੇ ਕੋਈ ਮੈਨੂੰ ਕਹੇ ਕਿ ਲਿਖਤ ਵਿਚ ਸੋਧ ਕਰ ਲੈ, ਮੇਰਾ ਮਰਨ ਹੋ ਜਾਂਦਾ ਹੈ ਤੇ ਜੇ ਮੂਰਖ ਸਰਕਾਰ ਅਜਿਹਾ ਕਰਨ ਲਈ ਕਹੇ…ਤੁਸੀਂ ਸਮਝ ਸਕਦੇ ਹੋ ਮੇਰੀ ਹਾਲਤ। ਮੈਨੂੰ ਬਿਗਲ ਅਤੇ ਸ਼ਾਹੀ ਨਗਾਰੇ ਕਦੀ ਚੰਗੇ ਨਹੀਂ ਲੱਗੇ।”
ਉਹ ਮੈਕਾਵਲੀ ਦੀ ਸਟੇਟ ਵਿਚ ਫ਼ੌਜੀ ਤਾਕਤ ਵਿਰੁਧ ਆਖਦਾ ਹੈ, “ਵੱਡੀ ਫ਼ੌਜ ਜ਼ਾਲਮ ਦੇ ਹੱਥ ਵਿਚਲਾ ਉਹ ਮਾਰੂ ਪਿਸਤੌਲ ਹੈ ਜਿਸ ਨਾਲ਼ ਉਹ ਸੋਨਾ ਲੁੱਟਣ ਤੇ ਜ਼ੁਲਮ ਕਰਨ ਤੋਂ ਬਗੈਰ ਕੁਝ ਨਹੀਂ ਕਰਦਾ। ਜ਼ਿੰਮੇਵਾਰ ਲੋਕ ਸਹੀ ਤੇ ਹਿਤਕਾਰੀ ਕਨੂੰਨ ਬਣਾ ਕੇ ਮਨੁੱਖਤਾ ਦਾ ਭਲਾ ਕਰਨ ਦੇ ਸਮਰੱਥ ਹਨ। ਜੇ ਹੁਣ ਤਕ ਅਜਿਹਾ ਨਹੀਂ ਹੋ ਸਕਿਆ ਤਾਂ ਇਸ ਦਾ ਅਰਥ ਇਹ ਨਹੀਂ ਕਿ ਕਦੀ ਹੋ ਵੀ ਨਹੀਂ ਸਕੇਗਾ?
ਦੁਖੀ ਮਨ ਨਾਲ਼ ਆਖਦਾ ਹੈ, “ਮਾਂਟੇਕ ਅਤੇ ਕਾਰਨੀਲ ਬਹੁਤ ਸ਼ਕਤੀਵਾਨ ਲੇਖਕ ਸਨ, ਪਰ ਉਹ ਮਹਿਲ ਦੀ ਸ਼ਰਨ ਵਿਚ ਜਾ ਕੇ ਬਰਬਾਦ ਹੋ ਗਏ। ਤੁਸੀਂ ਉਨ੍ਹਾਂ ਦੀਆਂ ਲਿਖਤਾਂ ਪੜ੍ਹੋ। ਤੁਹਾਨੂੰ ਆਪੇ ਪਤਾ ਲੱਗ ਜਾਵੇਗਾ ਕਿ ਬੜੀ ਦੂਰ ਤਕ ਜਾ ਨਿਕਲ਼ਣਾ ਸੀ ਇਨ੍ਹਾਂ ਨੇ…ਪਰ ਕਲਮ ਅਚਾਨਕ ਚੱਲਦੀ ਚੱਲਦੀ ਰੁਕ ਜਾਂਦੀ ਹੈ। ਫਿਰ ਇਨ੍ਹਾਂ ਦੀ ਲਿਖਤ ਘੁੰਢ ਕੱਢ ਲੈਂਦੀ ਹੈ ਤੇ ਤਾਕਤਵਰ ਕਲਮ ਕੰਬਣ ਲੱਗਦੀ ਹੈ। ਮੈਂ ਉਹ ਸਾਰੀਆਂ ਥਾਂਵਾਂ ਸਾਫ਼ ਲੱਭ ਲੈਂਦਾ ਹਾਂ ਜਿੱਥੇ-ਜਿੱਥੇ ਮਹਿਲ ਨੇ ਇਨ੍ਹਾਂ ਨੂੰ ਘੇਰ ਲਿਆ ਸੀ। ਮਾਂਟੇਕ ਦੇ ਦਿਲ ਅੰਦਰਲਾ ਤਕੜਾ ਜਵਾਲਾਮੁਖੀ ਮਹਿਲ ਦੀਆਂ ਫੁਹਾਰਾਂ ਨੇ ਬੁਝਾਇਆ। ਮੈਂ ਸਭ ਜਾਣਦਾ ਹਾਂ ਇਹ ਗੱਲਾਂ।
ਜ਼ਾਲਮ ਹਕੂਮਤ ਦਾ ਤੁਸੀਂ ਸਤਿਕਾਰ ਨਹੀਂ ਕਰ ਸਕਦੇ, ਨਾ ਉਸ ਨੂੰ ਪਿਆਰ ਕਰ ਸਕਦੇ ਹੋ, ਨਾ ਉਸ ਵਿਚ ਵਿਸ਼ਵਾਸ ਕਾਇਮ ਰਹਿ ਸਕਦਾ ਹੈ। ਪਿਆਰ ਸਤਿਕਾਰ ਉਸ ਨੂੰ ਕਹਿੰਦੇ ਹਨ ਜਿਹੜਾ ਮੋੜਵਾਂ ਓਨਾ ਹੀ ਮਿਲ਼ੇ ਜਿੰਨਾ ਤੁਸੀਂ ਕੀਤਾ ਹੁੰਦਾ ਹੈ। ਓਧਰੋਂ ਤਾਂ ‘ਹੁਕਮ’ ਜਾਰੀ ਹੁੰਦੇ ਹਨ ਤੇ ਇੱਧਰ ‘ਸਹਿਮ’ ਦਾ ਪਸਾਰਾ ਹੁੰਦਾ ਹੈ। ਇਸੇ ਕਰ ਕੇ ਸਰਕਾਰ ਵੱਲੋਂ ਦਿੱਤੇ ਸਨਮਾਨ ਮੈਨੂੰ ਤਕੜਾ ਫ਼ਰਾਡ ਦਿੱਸਦੇ ਹਨ।
ਹੁਕਮਰਾਨਾਂ ਵਿਚੋਂ ਅਲਫਾਇਰੀ ਨੂੰ ਜੇ ਕੋਈ ਚੰਗਾ ਲੱਗਾ ਉਹ ਸੀ ਜਾਰਜ ਵਾਸ਼ਿੰਗਟਨ, ਜਿਸ ਨੇ ਮਨੁੱਖੀ ਹੱਕਾਂ ਅਤੇ ਸਨਮਾਨਾਂ ਲਈ ਆਦਰਸ਼ਕ ਨਾਇਕ ਵਾਂਗ ਉਤਰੀ ਅਮਰੀਕਾ ਦੀ ਜੰਗ ਲੜੀ ਅਤੇ ਜਿੱਤੀ।
ਅਲਫਾਇਰੀ ਯੂਰਪ ਦਾ ਉਹ ਪਹਿਲਾ ਬੇਅੰਤ ਸ਼ਕਤੀਸ਼ਾਲੀ ਦਾਰਸ਼ਨਿਕ ਹੈ ਜਿਸ ਨੇ ਅਜ਼ਾਦੀ ਦਾ ਸਨਮਾਨ ਬਹਾਲ ਕਰਨ ਲਈ ਕਲਮ ਚੁੱਕੀ ਤਾਂ ਉਸ ਦੀਆਂ ਲਿਖਤਾਂ ਤੋਂ ਪ੍ਰੇਰਨਾ ਲੈ ਕੇ ਪਿਛਲੇਰੀਆਂ ਪੀੜ੍ਹੀਆਂ ਨੇ ਹਥਿਆਰ ਚੁੱਕੇ ਤੇ ਅਜ਼ਾਦੀ ਸੰਗਰਾਮ ਜਿੱਤੇ, ਆਖਿਆ ਕਰਦਾ ਸੀ, “ਜ਼ਾਲਮ ਹਕੂਮਤਾਂ ਤੋੜਨ ਵਾਸਤੇ ਮੈਂ ਇੱਕ ਪਵਿੱਤਰ ਸਾਜ਼ਸ਼ ਰਚ ਰਿਹਾ ਹਾਂ, ਜੋ ਕਾਮਯਾਬ ਹੋਵੇਗੀ ਹੀ ਹੋਵੇਗੀ।
ਬਰੋਫਰੀਓ ਲਿਖਦਾ ਹੈ, “ਇੱਕ ਸ਼ਾਮ ਪੀਣ ਪਿਆਣ ਦਾ ਸਿਲਸਿਲਾ ਚੱਲ ਰਿਹਾ ਸੀ। ਕਦੀ ਰਾਜੇ ਦੇ ਨਾਂ ‘ਤੇ ਜਾਮ ਛਲਕਦੇ, ਕਦੀ ਪੋਪ ਦੇ ਨਾਂ ‘ਤੇ। ਦਰਜਨਾਂ ਲੇਖਕਾਂ ਦਾ ਨਾਂ ਲੈ ਕੇ ਜਾਮ ਲਹਿਰਾਏ ਜਾ ਰਹੇ ਸਨ ਤਾਂ ਮੈਂ ਉਚੀ ਅਵਾਜ਼ ਵਿਚ ਕਿਹਾ, ‘ਭਾਈਓ ਇੱਕ ਜਾਮ ਸਾਡੇ ਅਮਰ ਨਾਇਕ ਅਲਫਾਇਰੀ ਦੇ ਨਾਂ ਵੀ’ ਤਦ ਕੇਵਲ ਇੱਕ ਹੱਥ ਉਚਾ ਉਠਿਆ, ਬੱਸ ਮੇਰਾ ਇਕੱਲੇ ਦਾ। ਕਿਸੇ ਨੇ ਉਸ ਦੇ ਨਾਂ ਤੇ ਹੁੰਗਾਰਾ ਨਹੀਂ ਭਰਿਆ। ਗੁਲਾਮ ਯੁੱਗ ਵਿਚਲੇ ਬਾਸ਼ਿੰਦਿਆਂ ਵਿਚੋਂ ਇੱਕੋ-ਇੱਕ ਅਲਫਾਇਰੀ ਸੀ ਜਿਹੜਾ ਬਾਦਸ਼ਾਹਾਂ ਵਾਂਗ ਬੋਲਿਆ ਅਤੇ ਜਿਸ ਨੇ ਲਿਖਤਾਂ ਤੇ ਵਿਖਿਆਨਾਂ ਰਾਹੀਂ ਮੁਰਦਾ ਜਿਸਮਾਂ ਨੂੰ ਹਰਕਤ ਕਰਨ ਲਾ ਦਿੱਤਾ।
ਉਹ ਇਕੱਲਾ ਲੜਿਆ ਪੂਰੇ ਯੂਰਪ ਨਾਲ਼।
ਵਿਚਾਰ ਅਧੀਨ ਕਿਤਾਬ ਸਮਰਪਣ ਕਰਦਾ ਹੈ, ਅਜ਼ਾਦੀ ਨੂੰ। ਇੱਕ ਪੰਨਾ ਇਸ ਸਮਰਪਣ ਉਪਰ ਹੈ, ਲਿਖਦਾ ਹੈ, “ਕਿਤਾਬਾਂ ਤਕੜੇ ਬੰਦਿਆਂ ਨੂੰ ਸਮਰਪਣ ਕੀਤੀਆਂ ਜਾਂਦੀਆਂ ਹਨ ਅਕਸਰ, ਕਿਉਂਕਿ ਬਦਲੇ ਵਿਚ ਓਥੋਂ ਸੁਖ ਸਨਮਾਨ ਮਿਲ਼ਣ ਦੀ ਸੰਭਾਵਨਾ ਹੈ। ਹੇ ਅਜ਼ਾਦੀ, ਤੇਰੇ ਤਿੜਕਦੇ ਚੰਗਿਆੜੇ ਹਰੇਕ ਮਨ ਵਿਚੋਂ ਨਹੀਂ ਬੁਝੇ। ਥੋੜ੍ਹੇ ਕੁ ਬੰਦੇ ਅਜੇ ਜਿਊਂਦੇ ਹਨ ਜਿਨ੍ਹਾਂ ਦੇ ਦਿਲਾਂ ਵਿਚ ਤੇਰੀ ਪਵਿੱਤਰ ਤੇ ਅਮਰ ਯਾਦ ਦਾ ਨਿੱਘ ਛੁਪਿਆ ਬੈਠਾ ਹੈ। ਮੈਂ ਆਪਣੀ ਕਿਤਾਬ ਰਾਜੇ ਜਾਂ ਰਾਜਕੁਮਾਰ ਨੂੰ ਕਿਉਂ ਅਰਪਣ ਕਰਾਂ? ਤੇਰੇ ਜੱਦੀ ਦੁਸ਼ਮਣ ਹਨ ਉਹ ਤਾਂ। ਤੈਨੂੰ ਯਾਦ ਕਰਨ ਨਾਲ਼ ਮੇਰੀ ਕਲਮ ਲੜਖੜਾਉਂਦੀ ਨਹੀਂ। ਵਿਚਾਰ ਧੁੰਦਲੇ ਨਹੀਂ ਪੈਂਦੇ।
“ਹੇ ਪਿਆਰੀ ਅਜ਼ਾਦੀ, ਇਹ ਕਿਤਾਬ ਇਸ ਲਈ ਲਿਖ ਰਿਹਾ ਹਾਂ ਤਾਂ ਕਿ ਮੇਰੇ ਵਿਚਾਰ ਅਮਲ ਵਿਚ ਆ ਸਕਣ। ਮੈਂ, ਜੇ ਜ਼ਰੂਰਤ ਪਵੇਗੀ ਤਾਂ ਤੇਰੇ ਝੰਡੇ ਨੂੰ ਉਚਾ ਲਹਿਰਾਉਣ ਹਿਤ ਕਲਮ ਦੀ ਥਾਂ ਕੁਝ ਸਮੇਂ ਲਈ ਤਲਵਾਰ ਉਠਾਉਣ ਵਾਸਤੇ ਝਿਜਕਾਂਗਾ ਨਹੀਂ। ਮੇਰੇ ਵਿਚ ਇਹ ਸਾਹਸ ਹੈ ਕਿ ਮੈਂ ਕੇਵਲ ਤੈਨੂੰ ਕਿਤਾਬ ਸਮਰਪਣ ਕਰਾਂ। ਇਨ੍ਹਾਂ ਪੰਨਿਆਂ ਵਿਚ ਮੈਂ ਆਪਣੀ ਅਕਲ ਦੀ ਨੁਮਾਇਸ਼ ਨਹੀਂ ਲਾਵਾਗਾਂ ਕਿਉਂਕਿ ਵਿਦਵਤਾ ਮੇਰੇ ਕੋਲ਼ ਹੈ ਹੀ ਨਹੀਂ, ਫਿਰ ਹਾਰਨ ਦਾ ਕੀ ਲਾਭ? ਮੈਂ ਕੁਝ ਕੁ ਵਿਚਾਰ ਸਾਹਮਣੇ ਰੱਖਾਂਗਾ ਜਿਹੜੇ ਮੇਰੀ ਰੂਹ ਤਕ ਨੂੰ ਕਾਂਬਾ ਛੇੜ ਦਿੰਦੇ ਹਨ। ਸਾਦੇ ਢੰਗ ਨਾਲ਼ ਲਿਖਾਂਗਾ, ਸਾਫ਼-ਸਾਫ਼ ਗੱਲ ਕਰਾਂਗਾ, ਉਹ ਸੱਚ ਬਿਆਨ ਕਰਾਂਗਾ ਜਿਨ੍ਹਾਂ ਨੂੰ ਸਹੀ ਸਾਬਤ ਕਰਨ ਲਈ ਸਬੂਤ ਦੇਣ ਦੀ ਲੋੜ ਨਾ ਪਵੇ, ਸਗੋਂ ਦਿਲ ਆਪੇ ‘ਹਾਂ’ ਕਰ ਦਏ। ਇੱਕ ਲਾਟ ਜਿਹੀ ਬਚਪਨ ਤੋਂ ਮੇਰੇ ਦਿਲ ਨੂੰ ਖਾਂਦੀ ਰਹੀ, ਉਸੇ ਨੂੰ ਕਾਗਜ਼ ਉਪਰ ਉਤਾਰਾਂਗਾ, ਜਿਹੜੀ ਹੁਣ ਤਕ ਜੰਦਰਾ ਮਾਰ-ਮਾਰ ਰੱਖੀ ਸੀ।”
ਪਹਿਲੇ ਅਧਿਆਇ ਵਿਚ ਉਹ ‘ਜ਼ਾਲਮ ਬਾਦਸ਼ਾਹ’ ਦੀ ਪਰਿਭਾਸ਼ਾ ਦਿੰਦਾ ਹੈ, ਦੂਜੇ ਅਧਿਆਇ ਵਿਚ ਜ਼ੁਲਮ ਬਾਰੇ ਦੱਸਦਾ ਹੈ, ਤੀਜੇ ਵਿਚ ਖੌਫ਼ ਬਾਰੇ, ਖ਼ੁਦਗਰਜ਼ੀ ਬਾਰੇ, ਫਿਰ ਫ਼ੌਜ ਬਾਰੇ, ਧਰਮ ਬਾਰੇ, ਨਵੀਆਂ ਪੁਰਾਣੀਆਂ ਹਕੂਮਤਾਂ ਬਾਰੇ, ਕੁਲੀਨ ਵਰਗ ਬਾਰੇ, ਏਸ਼ੀਆ ਅਤੇ ਯੂਰਪ ਦੀਆਂ ਜਾਬਰ ਸਰਕਾਰਾਂ ਦੀ ਤੁਲਨਾ ਬਾਰੇ, ਅੱਯਾਸ਼ੀਆਂ ਬਾਰੇ, ਰਾਜੇ ਦੀਆਂ ਪਤਨੀਆਂ ਤੇ ਉਨ੍ਹਾਂ ਦੀ ਸੰਤਾਨ ਬਾਰੇ ਲਿਖਦਾ ਹੈ।
ਕਿਤਾਬ ਦੇ ਦੂਜੇ ਭਾਗ ਵਿਚ ਉਹ ਦੱਸਦਾ ਹੈ ਕਿ ਜਾਬਰ ਹਕੂਮਤ ਵਿਚ ਦਿਨ ਕਿਵੇਂ ਕੱਟਣੇ ਹਨ, ਜਿਊਂਦੇ ਕਿਵੇਂ ਰਹਿਣਾ ਹੈ, ਮਰਨਾ ਕਿਵੇਂ ਚਾਹੀਦਾ ਹੈ, ਕਿੰਨੀ ਕੁ ਹੱਦ ਤਕ ਜ਼ੁਲਮ ਝੱਲਣਾ ਹੈ, ਕਦੋਂ ਜ਼ੁਲਮ ਬੰਦ ਕਰਾਉਣ ਦਾ ਫ਼ੈਸਲਾ ਕਰਨਾ ਹੈ? ਦੱਸਦਾ ਹੈ, ਜਿਨ੍ਹਾਂ ਕੌਮਾਂ ਨੂੰ ਅਜ਼ਾਦੀ ਦਾ ਪਤਾ ਨਹੀਂ, ਕੀ ਉਨ੍ਹਾਂ ਨੂੰ ਜ਼ੁਲਮ ਨਹੀਂ ਮਿਲ਼ਣਾ ਚਾਹੀਦਾ? ਤੇ ਅਖ਼ੀਰਲਾ ਅਧਿਆਇ ਹੈ, ਆਦਰਸ਼ਕ ਸਰਕਾਰ ਕਿਹੋ ਜਿਹੀ ਹੁੰਦੀ ਹੈ? ਕਿਤਾਬ ਦੇ ਅੰਤਿਮ ਪੰਨੇ ਉਪਰ ਇੱਕ ਨਿੱਕੀ ਜਿਹੀ ਟਿੱਪਣੀ ਦਿੱਤੀ ਗਈ ਹੈ। ਇਹ ਟਿੱਪਣੀ ਜਿਸ ਨੇ ਪੂਰਾ ਪੰਨਾ ਘੇਰਿਆ ਹੁੰਦਾ ਹੈ ਇਉਂ ਹੈ:
“ਘੋਰ ਗ਼ਰੀਬੀ ਕਾਰਨ ਨਹੀਂ, ਕਿਸੇ ਵੱਡੇ ਕਾਰੋਬਾਰ ਦੀ ਘਾਟ ਕਾਰਨ ਨਹੀਂ, ਧੁੰਧਲੇ ਦੀਵਿਆਂ ਦੀ ਮੱਧਮ ਰੌਸ਼ਨੀ ਦਾ ਸੁਖ ਮਾਣਨ ਦੀ ਖ਼ੁਸ਼ਫਹਿਮੀ ਵਾਲ਼ੇ ਮੂਰਖਾਂ ਵਾਂਗ ਨਹੀਂ, ਜਿਸ ਗ਼ੁਲਾਮੀ ਅਤੇ ਦਲਿਦਰ ਵਿਚ ਢਿੱਡ-ਭਾਰ ਇਟਲੀ ਰੀਂਗ ਰਿਹਾ ਹੈ ਉਸ ਕਰ ਕੇ ਵੀ ਨਹੀਂ; ਪਿਆਰੇ ਭਾਈਓ! ਕਿਤਾਬ ਲਿਖਣ ਦਾ ਫ਼ੈਸਲਾ ਇਨ੍ਹਾਂ ਵਿਚੋਂ ਕਿਸੇ ਵੀ ਕਾਰਨ ਕਰ ਕੇ ਨਹੀਂ ਲਿਆ। ਬੋਦੀਆਂ ਹਕੂਮਤਾਂ ਨੂੰ ਨਕਾਰਨ ਦਾ ਫ਼ੈਸਲਾ ਕਰਨ ਪਿੱਛੇ ਕੋਈ ਹੋਰ ਸੀ; ਕੋਈ ਪ੍ਰਬਲ ਦੇਵਤਾ ਸੀ ਜਿਹੜਾ ਹਮੇਸ਼ ਮੇਰਾ ਸਾਥ ਦਿੰਦਾ ਰਿਹਾ, ਬਚਪਨ ਤੋਂ ਮੈਨੂੰ ਹੌਸਲਾ ਦਿੰਦਾ ਰਿਹਾ। ਹੌਲ਼ੀ-ਹੌਲ਼ੀ ਉਸ ਨੇ ਮੈਨੂੰ ਏਨਾ ਨਿਡਰ ਕਰ ਦਿੱਤਾ ਕਿ ਇੱਕ ਦਿਨ ਮੈਨੂੰ ਲੱਗਾ ਮੇਰੀ ਗਤੀ ਨਹੀਂ ਹੋਵੇਗੀ ਜੇ ਮੈਂ ਜ਼ੁਲਮੀ ਹਕੂਮਤਾਂ ਦਾ ਨਾਂਮੋ-ਨਿਸ਼ਾਨ ਮਿਟਾਉਣ ਲਈ ਕਲਮ ਚੁੱਕ ਕੇ ਕੁਝ ਪੰਨੇ ਜ਼ਖ਼ਮੀ ਨਾ ਕੀਤੇ।”
-ਵਿਟੋਰੀਓ ਅਲਫਾਇਰੀ
ਕਿਤਾਬ ਦਾ ਮੁੱਖ ਬੰਦ
“ਬੜੇ ਕਹਿਣਗੇ ਕਿ ਅਲਫਾਇਰੀ ਨੇ ਬਹੁਤ ਬੇਰਸ ਗੱਲਾਂ ਕੇਵਲ ਜ਼ਾਲਮਾਂ ਬਾਰੇ ਲਿਖ ਮਾਰੀਆਂ। ਅਲਫਾਇਰੀ ਦੀ ਲਹੂ ਰੰਗੀ ਕਲਮ, ਜ਼ਹਿਰ ਦੀ ਦਵਾਤ ਵਿਚੋਂ ਸਿਆਹੀ ਭਰਦੀ ਸੀ, ਅਲਫਾਇਰੀ ਇੱਕੋ ਅਕਾਊ ਸੁਰ ਤਾਂ ਅਲਾਪਦਾ ਰਿਹਾ, ਪਰ ਇਹ ਸੰਗੀਤ ਕਿਸੇ ਗ਼ੁਲਾਮ ਨੂੰ ਅਜ਼ਾਦ ਤਾਂ ਕਰਾ ਨਹੀਂ ਸਕਿਆ। ਸਿਆਣੇ ਬੰਦੇ ਹੱਸਣਗੇ ਮੇਰੀ ਲਿਖਤ ਉਪਰ। ਪਰ ਜਿਹੜਾ ਪਵਿੱਤਰ ਕੰਮ ਮੇਰੀ ਰੂਹ ਨੇ ਕਰਨਾ ਚਾਹਿਆ, ਇਹ ਉਹੀ ਕਰੇਗੀ। ਕਦੀ ਨਹੀਂ ਭਟਕੇਗੀ ਇੱਧਰ-ਓਧਰ। ਮੈਨੂੰ ਪਤਾ ਹੈ ਮੇਰਾ ਹੁਨਰ ਕਮਜ਼ੋਰ ਹੈ ਤੇ ਜ਼ਾਲਮ ਹਕੂਮਤਾਂ ਤਕੜੀਆਂ ਹਨ। ਇਮਾਨਦਾਰ ਮਨੁੱਖ ਜੰਮਣਗੇ ਤਾਂ ਦੇਖਣਾ ਮੇਰੇ ਸ਼ਬਦ ਹਵਾ ਵਿਚ ਸੱਜੇ-ਖੱਬੇ ਭਟਕਣਗੇ ਨਹੀਂ। ਆਉਣਗੇ ਅਜਿਹੇ ਬੰਦੇ ਜਿਨ੍ਹਾਂ ਨੂੰ ਪਤਾ ਹੈ ਅਜ਼ਾਦੀ ਕਿੰਨੀ ਪਿਆਰੀ ਹੈ ਤੇ ਜੀਵਨ ਦਾ ਕਿੰਨਾ ਜ਼ਰੂਰੀ ਹਿੱਸਾ ਹੈ।”
ਕੌਣ ਹੁੰਦਾ ਹੈ ਜ਼ਾਲਮ? “ਬੰਦਿਆਂ ਜਾਂ ਘਟਨਾਵਾਂ ਦੇ ਨਾਂ ਉਨ੍ਹਾਂ ਦੀ ਪਰਿਭਾਸ਼ਾ ਨਹੀਂ ਬਣਦੀ ਕਿਉਂਕਿ ਨਾਂ ਬਦਲਦੇ ਨਹੀਂ, ਬੰਦੇ ਤੇ ਘਟਨਾਵਾਂ ਵੀ ਸਮੇਂ ਅਤੇ ਸਥਾਨ ਅਨੁਸਾਰ ਬਦਲਦੇ ਰਹਿੰਦੇ ਹਨ। ਸੋ ਅਸੀਂ ਨਾਂਵਾਂ ਪਿੱਛੇ ਨਹੀਂ ਜਾਵਾਂਗੇ, ਅਸੀਂ ਤਾਂ ਮਨੁੱਖੀ ਸੁਭਾਅ ਦੀ ਕਹਾਣੀ ਛੇੜਾਂਗੇ।”
“ਆਮ ਆਦਮੀ ‘ਜ਼ਾਲਮ’ ਨਹੀਂ ਹੁੰਦਾ, ਹੋਣਾ ਚਾਹੇ ਤਦ ਵੀ ਨਹੀਂ, ਕਿਉਂਕਿ ਉਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜ ਕੁੱਟ ਦਿੰਦਾ ਹੈ ਜਾਂ ਫਿਰ ਕਾਨੂੰਨ ਉਸ ਨੂੰ ਆਪਣੇ ਸ਼ਿਕੰਜੇ ਵਿਚ ਜਕੜ ਲੈਂਦਾ ਹੈ। ਜ਼ਾਲਮ ਸ਼ਬਦ ਦਾ ਵਧੇਰੇ ਸਬੰਧ ਰਾਜਿਆਂ ਨਾਲ਼ ਜੁੜਦਾ ਹੈ। ਰਾਜਾ (ਨਾਂ ਕੋਈ ਰੱਖ ਲਵੋ ਜਾਂ ਕੇਵਲ ‘ਸਰਕਾਰ’ ਆਖ ਲਵੋ) ਜਦੋਂ ਕਿਸੇ ਅੱਗੇ ਜਵਾਬਦੇਹ ਨਾ ਰਹੇ, ਤਦ ਉਸ ਵਰਗਾ ‘ਅੱਤਵਾਦੀ’ ਕੋਈ ਨਹੀਂ ਹੁੰਦਾ। ਪੁਰਾਣੇ ਯੂਨਾਨੀਆਂ ਨੇ ਸਭ ਰਾਜਿਆਂ ਨੂੰ ‘ਜਾਬਰ’ ਕਿਹਾ ਸੀ, ਇਸ ਕਰ ਕੇ ਮੈਂ ਆਖਦਾ ਹਾਂ ਕਿ ‘ਮਰਦ’ ਅਖਵਾਉਣ ਦੇ ਹੱਕਦਾਰ ਯੂਨਾਨੀ ਹੀ ਹਨ। ਸੋ ਜਾਬਰ ਦੀ ਪਰਿਭਾਸ਼ਾ ਇਹ ਹੋਈ, “ਉਹ ਸਭ ਬੰਦੇ, ਨਵੀਨ ਜਾਂ ਪੁਰਾਤਨ, ਧੱਕੇ ਨਾਲ਼ ਜਾਂ ਧੋਖੇ ਨਾਲ਼, ਇੱਥੋਂ ਤਕ ਕਿ ਚਲੋ ਬੇਸ਼ੱਕ ਪਰਜਾ ਦੀ ਸਹਿਮਤੀ ਨਾਲ਼, ਸੱਤਾ ਵਿਚ ਆ ਗਏ ਤੇ ਫਿਰ ਆਪਣੇ ਆਪ ਨੂੰ ਕਨੂੰਨ ਤੋਂ ਉਪਰ ਸਮਝਣ ਲੱਗ ਪਏ, ‘ਜਾਬਰ’ ਅਤੇ ‘ਜ਼ਾਲਮ’ ਹਨ।”
ਅਲਫਾਇਰੀ ਲਿਖਦਾ ਹੈ, ਜੇ ਭੂਤਕਾਲ ਦਾ ਟਾਈਟਸ ਜਾਂ ਟਰਾਜਨ ਜਾਬਰ ਸੀ ਤਾਂ ਸਾਡੇ ਅੱਜ ਦੇ ਨੀਰੋ, ਤਿਬੇਰੀਅਸ ਤੇ ਫਿਲਿਪ ਦੂਜਾ ਜਾਂ ਹੈਨਰੀ ਅਠਵਾਂ ਕੀ ਹੈ? ਧੰਨ ਹੈ ਸਾਡੀ ਪਰਜਾ, ਪੁਰਾਣੇ ਵੇਲ਼ੇ ਦੇ ਜ਼ੁਲਮਾਂ ਦੀਆਂ ਕਹਾਣੀਆਂ ਯਾਦ ਰੱਖਦੀ ਹੈ, ਪਰ ਵਰਤਮਾਨ ਜ਼ੁਲਮ ਬਰਦਾਸ਼ਤ ਕਰੀ ਜਾਂਦੀ ਹੈ। ਜਾਬਰ ਹਕੂਮਤ ਅਧੀਨ ਰਹਿੰਦੀ ਪਰਜਾ ਆਪਣੇ ਆਪ ਨੂੰ ਧੋਖਾ ਦੇਣਾ ਸਹਿਜੇ ਹੀ ਸਿੱਖ ਲੈਂਦੀ ਹੈ।
“ਮੈਂ ਹਰੇਕ ਉਸ ਸਰਕਾਰ ਨੂੰ, ਜਿਹੜੀ ਪਿਤਾ-ਪੁਰਖੀ ਹੋਵੇ ਭਾਵੇਂ ਲੋਕਾਂ ਦੀ ਚੁਣੀ ਹੋਈ, ‘ਜਾਬਰ’ ਕਹਾਂਗਾ ਜਿਹੜੀ ਮਨਮਰਜ਼ੀ ਨਾਲ਼ ਕਿਸੇ ਬੰਦੇ ਤੋਂ ਉਸ ਦੀ ਜਾਨ, ਜਾਇਦਾਦ ਜਾਂ ਉਸ ਦਾ ਸਨਮਾਨ ਖੋਹ ਲਵੇ।”
“ਕੀ ਤੁਸੀਂ ਸੋਚ ਸਕਦੇ ਹੋ ਕਿ ਇਹੋ ਜਿਹੀ ਸਰਕਾਰ ਦੀ ਕਦਰ ਵੀ ਲੋਕ ਕਰ ਸਕਦੇ ਹਨ? ਹਾਂ ਕਰਦੇ ਹਨ। ਜੇ ਲੋਕਾਂ ਨੂੰ ਪਤਾ ਹੈ ਕਿ ਸਾਡੀ ਹਰ ਵਸਤੂ ਬਗੈਰ ਕਾਰਨ ਦੱਸੇ ਖੋਹੀ ਜਾ ਸਕਦੀ ਹੈ, ਤਾਂ ਉਹ ਸਮਝਦੇ ਹਨ ਕਿ ਜੋ ਬਾਕੀ ਕੁਝ ਆਪਣੇ ਕੋਲ਼ ਬਚਿਆ ਹੈ, ਇਹ ਸਰਕਾਰ ਦੀ ਮਿਹਰਬਾਨੀ ਹੈ ਜੇ ਖੁੱਸਿਆ ਨਹੀਂ। ਹੱਥ ਉਪਰ ਰੱਖੀ ਰੋਟੀ ਜੇ ਖਾਧੀ ਗਈ ਤਾਂ ਧੰਨ ਹੈ ਸਾਡੀ ਸਰਕਾਰ, ਇਹ ਰੋਟੀ ਖੋਹੀ ਵੀ ਜਾ ਸਕਦੀ ਹੈ। ਸੋ ਜੋ ਕੁਝ ਖੁੱਸਿਆ ਨਹੀਂ, ਉਹ ਬਾਦਸ਼ਾਹ ਵੱਲੋਂ ਦਿੱਤਾ ਗਿਆ ‘ਤੋਹਫ਼ਾ’ ਸਮਝ ਕੇ ਪਰਜਾ ਰਾਜੇ ਦੇ ਗੁਣ ਗਾਉਂਦੀ ਹੈ।”
ਉਹ ਹੋਰ ਲਿਖਦਾ ਹੈ, ਅਜ਼ਾਦੀ ਉਹ ਨਹੀਂ ਹੁੰਦੀ ਜਿਸ ਵਾਸਤੇ ਲਾeੈਸੈਂਸ ਲੈਣਾ ਪਵੇ। ਅਜ਼ਾਦੀ ਲੀਜ਼ ਉਤੇ ਵੀ ਨਹੀਂ ਦਿੱਤੀ ਜਾਇਆ ਕਰਦੀ ਕਦੀ। ਮੈਂ ਦੂਰ-ਦੂਰ ਘੁੰਮਿਆ। ਯੂਰਪ ਦੇ ਹਰ ਕਿਸੇ ਹਿੱਸੇ ਵਿਚ ਵੱਸਦੇ ਲੋਕਾਂ ਦੇ ਚਿਹਰਿਆਂ ਉਪਰ ਮੈਂ ਗੁਲਾਮੀ ਦੇ ਦਾਗ਼ ਸਾਫ਼ ਵੇਖੇ। ਜਾਬਰ ਸਰਕਾਰਾਂ ਜੇ ਸਮਝ ਰਹੀਆਂ ਹਨ ਕਿ ਸਮੇਂ ਦਾ ਪਹੀਆ ਰੁਕ ਗਿਆ ਹੈ, ਤਾਂ ਉਹ ਲਗਾਤਾਰ ਗ਼ਲਤਫ਼ਹਿਮੀ ਵਿਚ ਹਨ। ਉਨ੍ਹਾਂ ਦੀ ਖ਼ੁਸ਼ੀ ਥੋੜ੍ਹਚਿਰੀ ਹੈ। ਹਰੇਕ ਭਲੇ ਮਨੁੱਖ ਨੂੰ ਮੇਰੀ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਤਬਦੀਲੀ ਅਟੱਲ ਹੈ। ਤੁਸੀਂ ਛੇਤੀ ਹੀ ਆਪਣੀਆਂ ਅੱਖਾਂ ਨਾਲ਼ ਵੇਖੋਗੇ ਕਿ ਅੰਤਰਰਾਸ਼ਟਰੀ ਗ਼ੁਲਾਮੀ, ਅੰਤਰਰਾਸ਼ਟਰੀ ਅਜ਼ਾਦੀ ਵਿਚ ਬਦਲ ਜਾਵੇਗੀ। ਮੇਰਾ ਇਹ ਚੱਟਾਨ ਵਰਗਾ ਪੱਕਾ ਵਿਸ਼ਵਾਸ ਹੈ। ਮਨੁੱਖ ਗ਼ੁਲਾਮ ਨਹੀਂ ਰਹੇਗਾ। ਰਹਿ ਹੀ ਨਹੀਂ ਸਕਦਾ। ਜੇ ਉਹ ਮਨੁੱਖ ਹੈ ਤਾਂ ਅਜ਼ਾਦ ਹੋਵੇਗਾ, ਤੇ ਜੇ ਪਸ਼ੂ ਹੈ, ਤਾਂ ਇੱਕ ਦਿਨ ਮਨੁੱਖ ਬਣੇਗਾ। ਹੋਣੀ ਅਟੱਲ ਹੈ।
ਸੁਣੋ, ਕੋਈ ਵੀ ਸਰਕਾਰ, ਜਿਸ ਦੀ ਜ਼ਿੰਮੇਵਾਰੀ ਕਾਨੂੰਨ ਲਾਗੂ ਕਰਨ ਦੀ ਹੁੰਦੀ ਹੈ, ਜੇ ਕਾਨੂੰਨ ਮਨਮਰਜ਼ੀ ਨਾਲ਼ ਬਣਾਏ ਜਾਂ ਤੋੜੇ, ਮਰਜ਼ੀ ਨਾਲ਼ ਕਾਨੂੰਨ ਦੀ ਆਪਣੀ ਹੀ ਵਿਆਖਿਆ ਸਹੀ ਸਮਝੇ, ਜਾਂ ਕਾਨੂੰਨ ਨੂੰ ਨਜ਼ਰ-ਅੰਦਾਜ਼ ਕਰੇ, ਜਾਂ ਸੰਵਿਧਾਨ ਨੂੰ ਸਸਪੈਂਡ ਕਰ ਦਏ ਤੇ ਸਰਕਾਰ ਨੂੰ ਪਤਾ ਹੋਵੇ ਕਿ ਅਜਿਹਾ ਕਰਨ ਸਦਕਾ ਹੁਕਮਰਾਨਾਂ ਨੂੰ ਕੋਈ ਸਜ਼ਾ ਨਹੀਂ ਹੋਵੇਗੀ, ਤਦ ਇਸੇ ਨੂੰ ‘ਜਬਰ’ ਅਤੇ ‘ਜ਼ੁਲਮ’ ਕਿਹਾ ਜਾਂਦਾ ਹੈ। ਤਾਨਾਸ਼ਾਹ ਹੋਵੇ ਜਾਂ ਗਣਤੰਤਰ, ਇੱਕ ਹੋਵੇ ਜਾਂ ਅਨੇਕ, ਜੋ ਕਾਨੂੰਨ ਨਾਲ਼ ਉਪਰ ਦੱਸਿਆ ਖਿਲਵਾੜ ਕਰਦਾ ਹੈ, ਉਹ ‘ਜ਼ਾਲਮ’ ਹੈ ਤੇ ਜਿਹੜੀ ਪਰਜਾ ਉਸ ਦਾ ਜ਼ੁਲਮ ਬਰਦਾਸ਼ਤ ਕਰਦੀ ਹੈ, ਉਹ ‘ਗ਼ੁਲਾਮ’ ਹੈ। ਹਕੂਮਤ ਦੇਸੀ ਹੋਵੇ ਜਾਂ ਵਿਦੇਸ਼ੀ, ਸਾਰਿਆਂ ਉਪਰ ਇਹੋ ਪਰਿਭਾਸ਼ਾ ਲਾਗੂ ਹੁੰਦੀ ਹੈ।
ਕਾਨੂੰਨ ਕੀ ਹੁੰਦਾ ਹੈ? ਕਾਨੂੰਨ ਇੱਕ ਪ੍ਰਕਾਰ ਦਾ ਸੌਦਾ ਹੈ, ਜਿਸ ਉਪਰ ਪਰਜਾ ਅਤੇ ਹਕੂਮਤ ਦੇ ਦਸਤਖ਼ਤ ਹੁੰਦੇ ਹਨ। ਸੌਦਾ ਇਹ ਹੈ ਕਿ ਪਰਜਾ ਦਾ ਮਾਨ-ਸਨਮਾਨ, ਜਾਨ, ਮਾਲ ਸੁਰੱਖਿਅਤ ਰਹੇਗਾ ਤੇ ਬਦਲੇ ਵਿਚ ਪਰਜਾ ਰਾਜੇ ਦਾ ਮਾਨ-ਸਨਮਾਨ ਕਾਇਮ ਰੱਖੇਗੀ। ਇਹ ਸਮਾਜ ਦਾ ਉਹ ਅਹਿਦਨਾਮਾ ਹੈ ਜਿਹੜਾ ਇੱਕ ਪਾਸੜ ਨਹੀਂ ਚੱਲ ਸਕਦਾ। ਪਰਜਾ ਓਨੀ ਹੀ ਸਨਮਾਨ ਦੀ ਹੱਕਦਾਰ ਰਹੇਗੀ ਜਿੰਨਾ ਰਾਜਾ। ਕੁਝ ਮੂਰਖ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਦੇਸ਼ ਦਾ ਸੰਵਿਧਾਨ ਬੜਾ ਚੰਗਾ ਹੈ। ਪਿਆ ਹੋਵੇ ਚੰਗਾ। ਜੇ ਚੰਗਿਆਈ ਲਾਗੂ ਨਹੀਂ ਹੋਵੇਗੀ ਤਾਂ ਕੀ ਕਰੋਗੇ ਉਸ ਦਾ ਫਿਰ? ਕਾਨੂੰਨ ਕੋਈ ਖਾਣ ਦੀ ਚੀਜ਼ ਨਹੀਂ। ਖਾਣੀ ਤਾਂ ਰੋਟੀ ਹੈ, ਪਰ ਕਾਨੂੰਨ ਜੇ ਸਹੀ ਢੰਗ ਨਾਲ਼ ਲਾਗੂ ਨਾ ਹੋਇਆ ਤਾਂ ਖ਼ੁਰਾਕ ਹਰਾਮ ਹੋ ਜਾਂਦੀ ਹੈ। ਸਭ ਤੋਂ ਭੈੜੀ ਜ਼ਾਲਮ ਸਰਕਾਰ ਉਹ ਹੁੰਦੀ ਹੈ, ਜਿਹੜੀ ਪਰਜਾ ਨੂੰ ਜਵਾਬ ਦੇਣਾ, ਹਿਸਾਬ ਦੇਣਾ ਮੁਨਾਸਬ ਨਾ ਸਮਝੇ। ਇਕੱਲਾ ਨਿਰੰਕੁਸ਼ ਜਾਬਰ ਤਾਨਾਸ਼ਾਹ ਵਧੀਕ ਖ਼ਤਰਨਾਕ ਹੁੰਦਾ ਹੈ। ਜਿਸ ਨੂੰ ਅਸੀਂ ‘ਗਣਤੰਤਰ’ ਨਾਂ ਦੇ ਰੱਖਿਆ ਹੈ, ਉਸ ਵਿਚ ਵਧੀਕ ਗਿਣਤੀ ਵਿਚ ਜਾਬਰ ਹੁੰਦੇ ਹਨ, ਇਸ ਵਿਚ ਜ਼ੁਲਮ ਖਿੰਡ-ਪੁੰਡ ਜਾਂਦਾ ਹੈ, ਇਸ ਲਈ ਖ਼ਤਰਾ ਘਟ ਜਾਂਦਾ ਹੈ। ਬਦਲਾਖੋਰੀ ਦੀ ਸੰਭਾਵਨਾ ਜੇ ਮਿਟਦੀ ਨਹੀਂ ਤਾਂ ਘਟਦੀ ਤਾਂ ਹੈ ਹੀ। ਪਰਜਾਤੰਤਰਾਂ ਵਿਚ ਕਦੀ-ਕਦੀ ਸੁਤੰਤਰਤਾ ਦਾ ਝਲਕਾਰਾ ਦਿਖਾਈ ਪੈਂਦਾ ਹੈ। ਲੋਕ ਭ੍ਰਿਸ਼ਟ, ਮੂਰਖ ਅਤੇ ਗ਼ੁਲਾਮ ਬਣ ਜਾਣ, ਤਦ ਥੋੜ੍ਹੇ ਕੁ ਝਲਕਾਰੇ ਨਾਲ਼ ਵੀ ਸੰਤੁਸ਼ਟ ਹੋ ਜਾਂਦੇ ਹਨ। ਜਦੋਂ ਇਹ ਕਿਤਾਬ ਲਿਖੀ ਜਾ ਰਹੀ ਸੀ, ਮੈਂ ਵੇਖਿਆ ਓਦੋਂ ਫ਼ਰਾਂਸ ਅਨੰਤ ਭ੍ਰਿਸ਼ਟਾਚਾਰ ਦੀ ਗੂੜ੍ਹੀ ਨੀਂਦ ਵਿਚ ਸੁੱਤਾ ਪਿਆ ਸੀ।”
ਅਲਫਾਇਰੀ ਦਾ ਕਥਨ ਹੈ, “ਪੁਰਾਣੇ ਵੇਲ਼ਿਆਂ ਵਿਚ ਰੋਮਨਾਂ ਨੇ ‘ਭੈ’ ਨਾਂ ਦੀ ਦੇਵੀ ਦਾ ਇੱਕ ਮੰਦਰ (ਟੈਂਪਲ ਆਫ਼ ਫੀਅਰ) ਖੜ੍ਹਾ ਕਰ ਕੇ ਓਥੇ ਬਲੀ ਦੇਣੀ ਸ਼ੁਰੂ ਕੀਤੀ ਸੀ ਤਾਂ ਕਿ ਇਹ ਦੇਵੀ, ਡਰ ਤੇ ਖ਼ੌਫ਼ ਸਾਡੇ ਨੇੜੇ ਨਾ ਆਉਣ ਦੇਵੇ। ਅਜੋਕੀਆਂ ਅਦਾਲਤਾਂ ਮੈਨੂੰ ਪੁਰਾਣੇ ਮੰਦਰ ਲੱਗਦੇ ਹਨ। ਮੰਦਰ ਦਾ ਨਾਂ ਹੈ ਮਹਿਲ, ਜਿਹੜੀ ਮੂਰਤੀ ਸਥਾਪਤ ਕੀਤੀ ਉਸ ਦਾ ਨਾਂ ਰੱਖਿਆ-ਰਾਜਾ। ਦਰਬਾਨ, ਅਫ਼ਸਰ, ਜੱਜ ਇਸ ਦੀ ਪੁਜਾਰੀ ਸ਼੍ਰੇਣੀ ਹੈ ਤੇ ਇਹ ਪੁਜਾਰੀ ਪਤਾ ਹੈ, ਕੀ ਬਲੀ ਚੜ੍ਹਾਉਂਦੇ ਹਨ? ਸਾਡੀ ਸੁਤੰਤਰਤਾ, ਨੇਕੀ, ਖਰਾ ਸਨਮਾਨ, ਸਾਡਾ ਆਪਣਾ ਪਿਆਰਾ ਅਤਿ ਸੋਹਣਾ ਤੇ ਸੂਖ਼ਮ ਆਪਾ ਹਰ ਰੋਜ਼ ਇੱਥੇ ਕੁਰਬਾਨ ਹੁੰਦੇ ਹਨ।
ਵਿਦਵਾਨ ਮਾਂਟੇਕ ਆਖਦਾ ਹੈ ਕਿ ਬਾਦਸ਼ਾਹਤ ਦੀ ਨੀਂਹ ਅਤੇ ਸਿਖਰਲਾ ਝੰਡਾ ਸ੍ਵੈਮਾਣ ਵਿਚੋਂ ਉਪਜਦਾ ਹੈ। ਮੈ ਇਹ ਗੱਲ ਨਹੀਂ ਮੰਨਦਾ। ਬਾਦਸ਼ਾਹਤ ਦੀ ਨੀਂਹ ਖ਼ੌਫ਼ ਉਪਰ ਟਿਕਦੀ ਹੈ ਤੇ ਉਸ ਦਾ ਪਰਚਮ ਖ਼ੌਫ਼ਨਾਕ ਹੁੰਦਾ ਹੈ। ਹਰ ਮਨੁੱਖ ਕਿਸੇ ਨਾ ਕਿਸੇ ਵਜ੍ਹਾ ਕਰ ਕੇ ਦੁਖੀ ਹੁੰਦਾ ਹੈ। ਪਰ ਸਰਕਾਰ ਜਿਹੜੀ ਬਣਾਈ ਭਲਾ ਕਰਨ ਲਈ ਸੀ, ਜੇ ਉਹ ਵੀ ਦੁਖੀ ਕਰਨ ਲੱਗੇ, ਤਦ ਜਾਂ ਤਾਂ ਆਦਮੀ ਏਨੇ ਭੈਭੀਤ ਹੋ ਜਾਂਦੇ ਹਨ ਕਿ ਉਹ ਰਾਜੇ ਨੂੰ ‘ਰੱਬ ਤੋਂ ਵੀ ਵੱਡਾ’ ਕਹਿਣ ਲੱਗਦੇ ਹਨ, ਜਾਂ ਫਿਰ ਸਰਕਾਰ ਦੇ ਆਤੰਕ ਤੋਂ ਏਨੇ ਨਿਡਰ ਹੋ ਜਾਂਦੇ ਹਨ ਕਿ ਹਕੂਮਤਾਂ ਪਲ਼ਟ ਦਿੰਦੇ ਹਨ। ਇੱਕੋ ਸਮੇਂ, ਇੱਕੋ ਦੇਸ਼ ਵਿਚ, ਇੱਕੋ ਧਰਮ ਵਾਲ਼ੇ ਲੋਕਾਂ ਦਾ ਇੱਕ ਹਿੱਸਾ ਰਾਜੇ ਦੀ ਬੰਦਗੀ ਕਰਦਾ ਹੈ, ਦੂਜਾ ਹਿੱਸਾ ਬਗ਼ਾਵਤ ਕਰਦਾ ਹੈ।
ਬਾਦਸ਼ਾਹ ਖ਼ੁਦ ਭੈ-ਮੁਕਤ ਨਹੀਂ ਹੁੰਦਾ। ਜੇ ਤਾਂ ਤਾਕਤ ਨੇ ਉਸ ਨੂੰ ਪੂਰਾ ਮੂਰਖ ਕਰ ਦਿੱਤਾ ਹੈ, ਫਿਰ ਤਾਂ ਕਹਾਣੀ ਹੋਰ ਹੈ, ਪਰ ਬੇਲਗਾਮ ਹੁਕਮਰਾਨ ਨੂੰ ਆਪਣੀਆਂ ਕਰਤੂਤਾਂ ਦਾ ਕਿਉਂਕਿ ਪਤਾ ਹੁੰਦਾ ਹੈ, ਇਸ ਲਈ ਉਹ ਜਾਣਦਾ ਹੈ ਕਿ ਅਣਗਣਿਤ ਦਿਲਾਂ ਅੰਦਰ ਬਦਲਾਖੋਰੀ ਦੀ ਅੱਗ ਸੁਲਗਦੀ-ਸੁਲਗਦੀ ਭੜਕ ਵੀ ਸਕਦੀ ਹੈ। ਭੜਕਣੀ ਹੀ ਹੈ ਇੱਕ ਦਿਨ। ਲੋਕ ਡਰਦੇ ਹਨ, ਉਨ੍ਹਾਂ ਕੋਲ ਇੱਕ ਜਾਨ ਬਚੀ ਹੈ ਕੇਵਲ, ਕਿਤੇ ਇਹ ਵੀ ਨਾ ਖੁੱਸ ਜਾਵੇ। ਰਾਜਾ ਡਰਦਾ ਹੈ ਕਿ ਉਸ ਕੋਲ ਸਭ ਕੁਝ ਹੈ, ਕਿਤੇ ਇਹ ਖੁੱਸ ਨਾ ਜਾਵੇ।
ਤਦ ਕਦੀ-ਕਦੀ ਇਸ ਡਰ ਵਿਚ ਉਹ ਕੁਝ ਰਿਆਇਤਾਂ ਦਿੰਦਾ ਹੈ। ਡਰਦੇ ਮਾਰੇ ਲੋਕ ਵਗਾਰਾਂ ਕਰਦੇ ਹਨ, ਅਧਨੰਗੇ ਰਹੀ ਜਾਂਦੇ ਹਨ। ਹਕੂਮਤ ਉਨ੍ਹਾਂ ਦੇ ਘਰਾਂ ਵਿਚੋਂ ਜਵਾਨ ਮੁੰਡੇ ਘੜੀਸ ਕੇ, ਹੱਥਾਂ ਵਿਚ ਹਥਿਆਰ ਫੜਾ ਕੇ ਗੁਆਂਢੀ ਦੇਸ਼ ਉਪਰ ਹੱਲਾ ਕਰਵਾਉਂਦੀ ਹੈ। ਜਿਸ ਦੇਸ਼ ਨਾਲ਼ ਉਹ ਲੜਨ ਗਏ ਹਨ, ਉਹ ਉਨ੍ਹਾਂ ਦਾ ਦੁਸ਼ਮਣ ਨਹੀਂ, ਦੁਸ਼ਮਣ ਤਾਂ ਆਪਣੀ ਹਕੂਮਤ ਹੈ। ਲੋਕ ਵੇਖਦੇ ਹਨ ਕਿ ਇਨਸਾਫ਼ ਖ਼ਰੀਦਿਆ-ਵੇਚਿਆ ਜਾ ਸਕਦਾ ਹੈ, ਨੇਕੀ ਰੁਲ਼ਦੀ ਫਿਰਦੀ ਹੈ, ਗ਼ਰੀਬੀ ਅਤੇ ਵਿਭਚਾਰ ਫ਼ੈਲ ਰਿਹਾ ਹੈ, ਮੁਖ਼ਬਰ ਸਨਮਾਨਿਤ ਹੋ ਰਹੇ ਹਨ, ਬਦੀ ਉਚ ਰੁਤਬਿਆਂ ਉਪਰ ਸੁਸ਼ੋਭਿਤ ਹੈ, ਇਮਾਨਦਾਰੀ ਅਤੇ ਸੱਚਾਈ ਨੂੰ ਅਪਰਾਧੀ ਠਹਿਰਾ ਕੇ ਫਾਹੇ ਲਾਇਆ ਜਾਂਦਾ ਹੈ, ਜਾਇਦਾਦਾਂ ਕੁਰਕ ਕੀਤੀਆਂ ਜਾਂਦੀਆਂ ਹਨ ਤਾਂ ਆਤੰਕ ਫ਼ੈਲਦਾ ਹੈ। ਸਟੇਟ ਵਿਰੁਧ ਕੀਤਾ ਇੱਕ ਕਥਨ ਵੀ ਅਪਰਾਧ ਹੈ, ਕੋਈ ਐਕਸ਼ਨ ਕਰਨਾ ਤਾਂ ਦੂਰ ਦੀ ਗੱਲ।
ਕੁਝ ਲੋਕ ਸੋਚਦੇ ਵੀ ਹਨ ਕਿ ਹਕੂਮਤ ਵਿਰੁਧ ਬੋਲਣ ਦੀ ਬਜਾਏ ਕਾਰਨਾਮੇ ਹੀ ਕਰਨੇ ਚਾਹੀਦੇ ਹਨ। ਇਸ ਦਾ ਨਤੀਜਾ ਇਹ ਨਿਕਲ਼ਦਾ ਹੈ ਕਿ ਨਾ ਕੋਈ ਕੁਸਕਦਾ ਹੈ, ਨਾ ਕਾਰਨਾਮਾ ਹੁੰਦਾ ਹੈ। ਅਸੀਂ ਸਭ ਚੰਗੇ ਜਾਂ ਮਾੜੇ, ਵਿਦਵਾਨ ਤੇ ਜਾਹਲ, ਸਿਆਣੇ ਤੇ ਕਮਲੇ, ਯੋਧੇ ਤੇ ਬੁਜ਼ਦਿਲ, ਕੋਈ ਘੱਟ ਕੋਈ ਵੱਧ, ਸਾਰਿਆਂ ਨੂੰ ਕਾਂਬਾ ਛਿੜ ਜਾਂਦਾ ਹੈ। ਇਹ ਦਹਿਸ਼ਤ ਮਨੁੱਖਾਂ ਨੂੰ ਹਕੂਮਤ ਨਾਲ਼ ਜੋੜੀ ਰੱਖਦੀ ਹੈ।
ਅਜਿਹੀ ਹਕੂਮਤ ਭ੍ਰਿਸ਼ਟ ਬੰਦਿਆਂ ਨੂੰ ਜੱਜ ਨਿਯੁਕਤ ਕਰਦੀ ਹੈ, ਇਮਾਨਦਾਰ ਜੱਜਾਂ ਨੂੰ ਭ੍ਰਿਸ਼ਟ ਕਰਦੀ ਹੈ ਕਿਉਂਕਿ ਜੇ ਜੱਜ ਇਮਾਨਦਾਰ ਰਹਿਣ ਦਿੱਤੇ ਤਾਂ ਉਹ ਪਰਜਾ ਦੀ ਸ਼ਿਕਾਇਤ ਉਪਰ ਹਕੂਮਤ ਨੂੰ ਵੀ ਸਜ਼ਾ ਦੇ ਸਕਦੇ ਹਨ। ਹਕੂਮਤ ਹੈ ਹੀ ਭ੍ਰਿਸ਼ਟ, ਤਾਂ ਸਜ਼ਾਯਾਫ਼ਤਾ ਕਿਉਂ ਹੋਵੇ? ਭ੍ਰਿਸ਼ਟ ਦੇਸ਼ ਵਿਚ ਸਭ ਤੋਂ ਵੱਡਾ ਸਨਮਾਨਯੋਗ ਬੰਦਾ ਉਹੀ ਹੋਵੇਗਾ ਜਿਹੜਾ ਸਭ ਤੋਂ ਵਧੀਕ ਭ੍ਰਿਸ਼ਟ ਹੈ। ਹਰੇਕ ਜਾਬਰ, ਇਨਸਾਫ਼ ਦਾ ਨਾਂ ਸੁਣ ਕੇ ਕੰਬ ਜਾਂਦਾ ਹੈ, ਇਮਾਨਦਾਰ ਬੰਦਾ ਉਸ ਨੂੰ ਲੱਗਦਾ ਹੈ ਧਰੋਹ ਕਮਾਏਗਾ, ਸਾਜ਼ਿਸ਼ ਰਚੇਗਾ। ਸੱਚ ਸੁਣ ਕੇ ਉਸ ਨੂੰ ਕ੍ਰੋਧ ਚੜ੍ਹ ਜਾਂਦਾ ਹੈ। ਉਹ ਸਾਰਾ ਕਾਰਜਭਾਰ ਉਨ੍ਹਾਂ ਬੰਦਿਆਂ ਨੂੰ ਸੰਭਾਲ਼ੇਗਾ ਜਿਹੜੇ ਉਸ ਦੇ ਵਿਸ਼ਵਾਸਪਾਤਰ ਹਨ, ਜੇ ਭ੍ਰਿਸ਼ਟ ਹਨ ਤਾਂ ਕੀ ਹੋਇਆ? ਲੁੱਟਾਂ-ਖੋਹਾਂ ਤੇ ਬਲਾਤਕਾਰਾਂ ਵਿਚ ਇਹ ਵਿਸ਼ਵਾਸਪਾਤਰ ਬੰਦੇ ਕੋਈ ਹੱਦ ਬੰਨਾ ਨਹੀਂ ਵੇਖਦੇ।
ਭਲਾ ਤੇ ਇਮਾਨਦਾਰ ਬੰਦਾ ਤਾਂ ਬਾਦਸ਼ਾਹ ਦੇ ਲਾਗੇ ਨਹੀਂ ਲੱਗਦਾ, ਕਿਉਂਕਿ ਨੇਕੀ ਬੜੀ ਜਲਦੀ ਜ਼ਖ਼ਮੀ ਹੁੰਦੀ ਹੈ। ਬਦ-ਇਖ਼ਲਾਕ ਲੋਕ ਉਸ ਦੇ ਦੁਆਲ਼ੇ ਝੁਰਮਟ ਪਾਈ ਰੱਖਦੇ ਹਨ। ਇਨ੍ਹਾਂ ਲੋਕਾਂ ਵਿਚੋਂ ਦੀ ਰਾਜੇ ਨੇ ਪਰਜਾ ਵੇਖਣੀ ਹੈ। ਸੋ ਇਹੀ ਉਸ ਦੇ ਕੰਨ ਹਨ, ਇਹੀ ਅੱਖਾਂ। ਕਦੀ=ਕਦੀ ਕੋਈ ਇਮਾਨਦਾਰ ਰਾਜਾ ਵੀ ਜੇ ਪਰਜਾ ਨੂੰ ਮਿਲ਼ ਜਾਵੇ, ਤਦ ਵੀ ਭ੍ਰਿਸ਼ਟ ਬੰਦੇ ਤੁਰੰਤ ਇਮਾਨਦਾਰੀ ਦਾ ਲਿਬਾਸ ਪਹਿਨ ਲੈਂਦੇ ਹਨ। ਹੌਲ਼ੀ-ਹੌਲ਼ੀ ਰਾਜਾ ਉਨ੍ਹਾਂ ਉਪਰ ਨਿਰਭਰ ਹੋ ਜਾਂਦਾ ਹੈ। ਵੈਸੇ ਵੀ ਇਮਾਨਦਾਰ ਤੇ ਭਲੇ ਬੰਦੇ ਨਾਲ਼ੋਂ ਭ੍ਰਿਸ਼ਟ ਬੰਦਾ ਵਧੀਕ ਗਤੀਸ਼ੀਲ, ਚੇਤੰਨ ਤੇ ਕਾਰਜਸ਼ੀਲ ਹੁੰਦਾ ਹੈ। ਹਕੂਮਤਾਂ ਲਈ ਅਜਿਹੇ ਬੰਦੇ ਰੱਬ ਬਣ ਕੇ ਬਹੁੜਦੇ ਹਨ। ਚੰਗੀ ਸਰਕਾਰ ਵਿਚ ਵੀ ਲੋਕ ਡਰਦੇ ਹਨ, ਪਰ ਬੰਦਿਆਂ ਤੋਂ ਨਹੀਂ, ਕਾਨੂੰਨ ਤੋਂ ਡਰਦੇ ਹਨ। ਚੰਗੀ ਸਰਕਾਰ ਦਾ ਕਾਨੂੰਨ ਦਿਲ ਵਿਚ ਡਰ ਤਾਂ ਪੈਦਾ ਕਰਦਾ ਹੈ, ਨਫ਼ਰਤ ਪੈਦਾ ਨਹੀਂ ਕਰਦਾ। ਜ਼ਾਲਮ ਸਰਕਾਰ ਦੇ ਹਰ ਅਮਲ ਵਿਚ ਘ੍ਰਿਣਾ ਦੇ ਅੰਸ਼ ਮਿਲ਼ੇ ਹੁੰਦੇ ਹਨ।
ਇੱਥੇ ਸਵਾਲ ਹੈ ਕਿ ਜ਼ਾਲਮ ਹਕੂਮਤ ਵਾਸਤੇ ਵੀ ਸਰਹੱਦਾਂ ‘ਤੇ ਲੋਕ ਬਹਾਦਰੀ ਨਾਲ ਜਾਨਾਂ ਕਿਉਂ ਨਿਛਾਵਰ ਕਰ ਦਿੰਦੇ ਹਨ? ਇਸ ਦਾ ਉਤਰ ਹੈ ਕਿ ਬੁਜ਼ਦਿਲੀ ਅਕਸਰ ਬਹਾਦਰੀ ਦਾ ਲਿਬਾਸ ਪਹਿਨ ਲੈਂਦੀ ਹੈ। ਨਾ ਲੜਨਾ ਚਾਹੁਣ ਵਾਲ਼ਾ ਸਿਪਾਹੀ, ਸਾਹਮਣੇ ਦੁਸ਼ਮਣ ਹਮਲਾਵਰ ਨੂੰ ਵੇਖ ਕੇ ਰੋਹ ਵਿਚ ਆ ਜਾਂਦਾ ਹੈ। ਇਹ ਆਮ ਮਨੁੱਖੀ ਸੁਭਾਅ ਹੈ। ਦੂਜਾ ਇਹ ਕਿ ਜੰਗੀ ਭਗੌੜੇ ਨੂੰ ਤਾਂ ਉਸ ਦੀ ਆਪਣੀ ਸੈਨਾ ਵੀ ਜਿਊਂਦਾ ਨਹੀਂ ਛੱਡਦੀ। ਸਾਹਮਣੇ ਦੁਸ਼ਮਣ ਹੈ, ਉਸ ਨਾਲ਼ ਲੜਨਾ, ਜਿੱਤਣਾ ਜਾਂ ਮਰਨਾ ਸਨਮਾਨਯੋਗ ਹੈ; ਪਿੱਛੇ ਆਪਣੀ ਫ਼ੌਜ ਹੈ ਹਥਿਆਰਬੰਦ, ਉਸ ਹੱਥੋਂ ਵੀ ਮੌਤ ਹੋਵੇਗੀ ਪਰ ਅਪਮਾਨਿਤ ਮੌਤ। ਜੇ ਨਤੀਜਾ ਮੌਤ ਹੈ ਤਾਂ ਸਨਮਾਨਯੋਗ ਮੌਤ ਕਿਉਂ ਨਾ ਮਰੀਏ? ਬੁਜ਼ਦਿਲ ਸਿਪਾਹੀ ਦਾ ਵੀ ਇਹੀ ਤਰਕ ਹੋਵੇਗਾ। ਦੇਸ਼ ਪਿਆਰ ਕਿੱਥੇ ਹੈ ਇੱਥੇ?
ਆਮ ਆਦਮੀ ਏਨਾ ਬੁਜ਼ਦਿਲ ਨਹੀਂ ਹੁੰਦਾ ਜਿੰਨੇ ਦਰਬਾਰ ਵਿਚਲੇ ਅਫ਼ਸਰ। ਇਹ ਅਫ਼ਸਰ ਆਪਣੀ ਬੁਜ਼ਦਿਲੀ ਨੂੰ ਕਦੀ ਹੁਕਮਰਾਨ ਨਾਲ਼ ਪਿਆਰ ਦਾ ਨਾਂ ਦਿੰਦੇ ਹਨ, ਕਦੀ ਸਤਿਕਾਰ ਤੇ ਕਦੀ ਵਫ਼ਾਦਾਰੀ ਦਾ ਨਾਂ। ਸੁਤੰਤਰ ਮਨੁੱਖ ਤਾਂ ਰਾਜੇ ਦੇ ਸਾਹਮਣੇ ਆਉਣ ਲਈ ਤਿਆਰ ਨਹੀਂ, ਕਿਉਂਕਿ ਉਸ ਦੀ ਅਣਖ ਜ਼ਖ਼ਮੀ ਹੋ ਸਕਦੀ ਹੈ। ਮਹਿਲਾਂ ਅੰਦਰ ਸਿਰੇ ਦੇ ਬੁਜ਼ਦਿਲ ਸਿਰ ਝੁਕਾਈ, ਹੱਥ ਬੰਨ੍ਹੀ, ਤਾਬਿਆਦਾਰੀ ਵਿਚ ਲੀਨ ਹਨ, ਪਰ ਬਾਹਰ ਆ ਕੇ ਹੋਰਾਂ ਉਪਰ ਉਹ ਖੂਬ ਰੋਹਬਦਾਬ ਪਾਉਂਦੇ ਹਨ।
ਹੁਕਮਰਾਨ ਇਕੱਲਾ ਹੈ, ਪਰਜਾ ਬਹੁਗਿਣਤੀ ਵਿਚ ਹੈ, ਸੋ ਉਸ ਦੇ ਹਿਤ ਬਹੁਗਿਣਤੀ ਦੇ ਹਿਤਾਂ ਨਾਲ਼ ਟਕਰਾਉਣਗੇ। ਹਕੂਮਤ ਨੂੰ ਉਹ ਬੰਦੇ ਚਾਹੀਦੇ ਹਨ ਜਿਹੜੇ ਰਾਜੇ ਦੀ ਹਮਾਇਤ ਵਿਚ ਬਹੁਗਿਣਤੀ ਦੇ ਖ਼ਿਲਾਫ਼ ਹੋਣ। ਅਜਿਹੇ ਬੰਦਿਆਂ ਨੂੰ ਇਨਾਮ ਮਿਲ਼ਦੇ ਹਨ। ਜਿਹੜਾ ਬੰਦਾ ਬਹੁਤਿਆਂ ਦਾ ਭਲਾ ਕਰਨ ਲਈ ਯਤਨਸ਼ੀਲ ਹੋਵੇ, ਹਕੂਮਤਾਂ ਉਸ ਨੂੰ ਸਜ਼ਾਵਾਂ ਦੇਣਗੀਆਂ। ਇੱਕ ਇਮਾਨਦਾਰ ਬੰਦਾ ਵੀਹਾਂ ਬੇਈਮਾਨਾਂ ਦੀ ਨੀਂਦ ਹਰਾਮ ਕਰੇਗਾ, ਫਿਰ ਉਸ ਨੂੰ ਖ਼ਾਹ-ਮਖ਼ਾਹ ਕਿਉਂ ਬਰਦਾਸ਼ਤ ਕੀਤਾ ਜਾਵੇ? ਹਕੂਮਤਾਂ ਮੂਰਖ ਨਹੀਂ ਹਨ ਭਾਈ!
ਮੈਂ ਜ਼ਾਲਮ ਰਾਜੇ ਨੂੰ ਆਪਣੀ ਪਰਜਾ ਕਤਲ ਕਰਦਿਆਂ ਵੇਖਿਆ ਹੈ, ਪੂਰੇ ਸ਼ਹਿਰ ਨੂੰ ਅੱਗ ਲਾ ਕੇ ਸੁਆਹ ਦਾ ਢੇਰ ਬਣਾਉਂਦਿਆਂ ਵੇਖਿਆ ਹੈ ਤੇ ਫਿਰ ਇਹ ਵੀ ਵੇਖਿਆ ਹੈ ਕਿ ਉਹ ਪਾਦਰੀ ਕੋਲ਼ ਪ੍ਰਾਸ਼ਚਿਤ ਕਰਨ ਗਿਆ ਤੇ ਪਾਦਰੀ ਨੇ ਉਸ ਦੇ ਅਪਰਾਧ ਮਾਫ਼ ਕਰ ਦਿੱਤੇ। ਮੈਂ ਨਹੀਂ ਵੇਖਿਆ ਕੈਥੋਲਿਕ ਮਤ ਨੇ ਕਿਸੇ ਵਿਅਕਤੀ ਨੂੰ ਸੁਤੰਤਰ ਰਹਿਣ ਦਿੱਤਾ ਹੋਵੇ। ਰਾਜਿਆਂ ਨੇ ਆਪਣੀਆਂ ਪਤਨੀਆਂ, ਭਰਾ, ਭੈਣ ਤੇ ਮਾਪੇ ਕਤਲ ਕੀਤੇ। ਨਿਰਸੰਦੇਹ, ਖ਼ੁਦ ਵੀ ਪਿੱਛੋਂ ਤਲਵਾਰ ਦੀ ਭੇਟ ਚੜ੍ਹ ਗਏ, ਕਿਉਂਕਿ ਉਨ੍ਹਾਂ ਦੀ ਕਿਸਮਤ ਇਹੋ ਸੀ, ਪਰ ਇਹ ਦੱਸੋ ਕਿਸੇ ਪੁਜਾਰੀ ਤੋਂ ਲੈ ਕੇ ਪੋਪ ਤਕ ਕਿਸੇ ਨੇ ਉਨ੍ਹਾਂ ਨੂੰ ਲਾਹਨਤ ਪਾਈ ਜਾਂ ਉਨ੍ਹਾਂ ਵਿਰੁੱਧ ਫ਼ਤਵਾ ਦਿੱਤਾ? ਚੋਰ ਅਤੇ ਕੁੱਤੀ ਹਮੇਸ਼ਾਂ ਰਲ਼ੇ ਰਹੇ।
ਮਾਣ-ਸਨਮਾਨ ਕੀ ਹੁੰਦਾ ਹੈ ਭਲਾ? ਇਸ ਦੀ ਪਰਿਭਾਸ਼ਾ ਹੈ ਤਾਂ ਔਖੀ ਪਰ ਕੁਝ ਕੁ ਠੀਕ ਇਹ ਹੈ, “ਮਨੁੱਖ ਦੀ ਤੀਬਰ ਲੋਚਾ ਅਤੇ ਹੱਕ, ਕਿ ਵੱਧ ਤੋਂ ਵੱਧ ਗਿਣਤੀ ਵਿਚ ਲੋਕ ਉਸ ਨੂੰ ਦਿਲੋਂ ਪਿਆਰ ਕਰਨ।” ਧਿਆਨ ਨਾਲ਼ ਕਦੀ ਵੇਖਣਾ ਕਿ ਕੀ ਕਿਸੇ ਹਕੂਮਤ ਵੱਲੋਂ ਦਿੱਤਾ ਸਨਮਾਨ ਚਿਰ ਸਥਾਈ ਹੋ ਸਕਿਆ ਹੈ? ਲੋਕ ਨੇਕੀ ਨੂੰ, ਉਦਾਰਤਾ ਤੇ ਇਮਾਨਦਾਰੀ ਨੂੰ ਪਿਆਰ ਕਰਦੇ ਹਨ। ਇਹੀ ਕਾਰਨ ਹੈ ਕਿ ਸਦੀਆਂ ਤਕ ਮਾਣ-ਸਨਮਾਨ ਉਨ੍ਹਾਂ ਯੋਧਿਆਂ ਨੂੰ ਮਿਲ਼ਿਆ ਹੈ, ਜਿਹੜੇ ਹਕੂਮਤ ਦੇ ਪੱਖ ਦੀ ਥਾਂ ਹਕੂਮਤ ਦੇ ਵਿਰੁੱਧ ਲੜੇ, ਜ਼ਲੀਲ ਹੋਏ, ਬਰਬਾਦ ਹੋਏ ਤੇ ਮਰ ਗਏ। ਸਨਮਾਨ ਦੇ ਹੱਕਦਾਰ ਸਹੀ ਮਨੁੱਖ ਇਹੀ ਹਨ।
ਇਸ ਪਰਿਭਾਸ਼ਾ ਪੱਖੋਂ ਪੁਰਾਤਨ ਯੂਨਾਨੀ ਅਤੇ ਰੋਮਨ ਨਾਗਰਿਕ ਸਨਮਾਨਯੋਗ ਸਨ ਤੇ ਅੱਜ ਸਾਰੇ ਯੂਰਪ ਵਿਚ ਇਹ ਵਡਿੱਤਣ ਕੇਵਲ ਅੰਗਰੇਜ਼ਾਂ ਕੋਲ਼ ਹੈ, ਜਿਹੜੇ ਆਪਣੀ ਹਕੂਮਤ ਦੀਆਂ ਗ਼ਲਤੀਆਂ ਕਾਰਨ ਉਸ ਨੂੰ ਝਿੜਕ ਦਿੰਦੇ ਹਨ। ਲੋਕਤੰਤਰ ਵਿਚ ਵੀ ਜ਼ੁਲਮ ਹੁੰਦਾ ਹੈ ਤੇ ਹਥਿਆਰ ਵੀ ਉਹੀ ਹਨ-ਤਾਨਾਸ਼ਾਹਾਂ ਵਾਲ਼ੇ ਪਰ ਇੱਥੇ ਇੱਕ ਤਾਂ ਤਾਕਤ ਵੰਡੀ ਹੋਈ ਹੁੰਦੀ ਹੈ ਤੇ ਦੂਜੇ ਕੇਵਲ ਇੱਕ ਖ਼ਾਸ ਸਮੇਂ ਲਈ ਸਰਕਾਰ ਬਣਦੀ ਹੈ, ਇਸ ਕਰ ਕੇ ਜ਼ੁਲਮ ਦੀ ਮਾਤਰਾ ਘੱਟ ਜਾਂਦੀ ਹੈ।
ਜ਼ਾਲਮ ਰਾਜੇ ਦੀ ਪਰਜਾ ਦੇ ਅਮੀਰ-ਗ਼ਰੀਬ ਸਾਰੇ ਵਿਆਹ ਕਰਵਾਉਂਦੇ ਹਨ। ਅਮੀਰਾਂ ਦੀ ਤਾਂ ਕਹਾਣੀ ਸਮਝ ਵਿਚ ਆਉਂਦੀ ਹੈ ਕਿ ਉਨ੍ਹਾਂ ਦੀ ਨਾਜਾਇਜ਼ ਜਾਇਦਾਦ ਐਰ-ਗ਼ੈਰ ਸੰਭਾਲਣਗੇ, ਇਸ ਲਈ ਵਿਆਹ ਕਰਵਾਓ। ਪਰ ਗ਼ਰੀਬ ਅਜਿਹਾ ਕਿਉਂ ਕਰਦੇ ਹਨ? ਗ਼ਰੀਬ ਕਿਉਂ ਹੋਰ ਗ਼ਰੀਬ ਅਤੇ ਗ਼ੁਲਾਮ ਪੈਦਾ ਕਰਨ ਹਿਤ ਵਿਆਹ ਕਰਵਾਉਂਦੇ ਹਨ? ਇਸ ਦਾ ਸਿੱਧਾ ਉਤਰ ਇਹੀ ਲੱਗਦਾ ਹੈ ਕਿ ਗ਼ਰੀਬ ਅਤੇ ਗ਼ੁਲਾਮ ਦੀ ਅਕਲ ਪੂਰੀ ਤਰ੍ਹਾਂ ਨਕਾਰੀ ਹੋ ਚੁੱਕੀ ਹੈ। ਉਸ ਨੂੰ ਪਤਾ ਹੀ ਨਹੀਂ ਹੁੰਦਾ ਕੀ ਕਰਨਾ ਹੈ ਕੀ ਨਹੀਂ ਕਰਨਾ। ਪਰ ਕੁਦਰਤ ਦੀ ਸ਼ਾਇਦ ਕੋਈ ਹੋਰ ਮਨਸ਼ਾ ਹੋਵੇ। ਕੁਦਰਤ ਹਰੇਕ ਜ਼ਾਲਮ ਹਕੂਮਤ ਤੋਂ ਉਪਰ ਹੈ, ਇਸ ਕਰ ਕੇ ਕੁਦਰਤ ਗ਼ਰੀਬਾਂ ਤੇ ਗ਼ੁਲਾਮਾਂ ਤੋਂ ਸ਼ਾਇਦ ਕੋਈ ਕੰਮ ਲੈਣ ਦੀ ਇਛੁੱਕ ਹੋਵੇ, ਸ਼ਾਇਦ ਕੁਦਰਤ ਗ਼ਰੀਬਾਂ ਦੇ ਬੱਚਿਆਂ ਰਾਹੀਂ ਨੇਕੀ ਕਰਵਾਏ ਤੇ ਸੁਤੰਤਰਤਾ ਤੋਂ ਵੱਡੀ ਨੇਕੀ ਹੋਰ ਕੋਈ ਨਹੀਂ। ਕਦੀ ਕਦੀ ਗ਼ਰੀਬਾਂ ਅਤੇ ਗ਼ੁਲਾਮਾਂ ਨੂੰ ਇਨ੍ਹਾਂ ਗੱਲਾਂ ਦੀ ਸਮਝ ਪੈ ਜਾਂਦੀ ਹੈ, ਤਾਂ ਵੀ ਮੈਂ ਹਿਸਾਬੀ ਤਕੜਾ ਹਾਂ। ਮੈਨੂੰ ਪਤਾ ਨਹੀਂ ਲੱਗਦਾ ਗ਼ੁਲਾਮ ਕਿਉਂ ਵਿਆਹ ਕਰਵਾ ਲੈਂਦੇ ਹਨ। ਗ਼ੁਲਾਮ ਦੀ ਇਹ ਇੱਛਾ ਤਾਂ ਠੀਕ ਹੈ ਕਿ ਪਤਨੀ ਦੇ ਰੂਪ ਵਿਚ ਉਸ ਦਾ ਸਾਥੀ ਅਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਮੌਤ ਤੋਂ ਇਲਾਵਾ ਕੋਈ ਖੋਹ ਨਾ ਸਕੇ, ਪਰ ਗ਼ੁਲਾਮ ਨੂੰ ਇਹ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਕਿ ਨਾਜਾਇਜ਼ ਢੰਗਾਂ ਨਾਲ਼ ਹਕੂਮਤ ਉਸ ਦੀ ਪਤਨੀ ਨੂੰ ਬੇਵਫ਼ਾ ਵੀ ਕਰ ਸਕਦੀ ਹੈ, ਖੋਹ ਵੀ ਸਕਦੀ ਹੈ, ਬਲਾਤਕਾਰ ਵੀ ਕਰ ਸਕਦੀ ਹੈ। ਸਪੇਨ ਵਿਚ ਇਕ ਬਲਾਤਕਾਰ ਹੋਇਆ ਸੀ ਤੇ ਸਪੇਨ ਉਪਰ ਇਸੇ ਘਟਨਾ ਸਦਕਾ ਵਿਦੇਸ਼ੀ ਰਾਜ ਕਾਇਮ ਹੋ ਗਿਆ ਸੀ।
ਅਮੀਰਾਂ ਅਤੇ ਅਫ਼ਸਰਾਂ ਦੀਆਂ ਔਰਤਾਂ ਨਾਲ਼ ਬਲਾਤਕਾਰ ਨਹੀਂ ਹੋਇਆ ਕਰਦੇ। ਓਥੇ ਸਭ ਕੁਝ ਸਹਿਮਤੀ ਨਾਲ਼ ਹੋ ਜਾਂਦਾ ਹੈ। ਇਹ, ਜਿਸ ਨੂੰ ਅਸੀਂ ਸਭ ਤੋਂ ਵੱਡੀ ਬੇਇੱਜ਼ਤੀ ਸਮਝਦੇ ਹਾਂ, ਅਫ਼ਸਰ ਇਸ ਨੂੰ ਆਪਣੀ ਸ਼ਾਨ ਸਮਝਦੇ ਹਨ। ਮੈਂ ਤੁਹਾਨੂੰ ਜਿਹੜੀ ਗੱਲ ਦੱਸ ਰਿਹਾ ਹਾਂ, ਤੁਸੀਂ ਹੱਸੋਗੇ ਇਹ ਸੁਣ ਕੇ, ਜੇ ਬਾਦਸ਼ਾਹ ਕਿਸੇ ਮਤਹਿਤ ਦੀ ਔਰਤ ਨਾਲ਼ ਕੋਈ ਖੁੱਲ੍ਹ ਲੈ ਲਵੇ ਤੇ ਉਹ ਮਤਹਿਤ ਇਸ ਗੱਲ ਦਾ ਬੁਰਾ ਮਨਾਵੇ ਤੇ ਬਦਲਾ ਲੈਣ ਦੀ ਸੋਚੇ, ਬਾਦਸ਼ਾਹ ਨੂੰ ਨੀਵਾਂ ਵਿਖਾਉਣ ਦਾ ਯਤਨ ਕਰੇ ਤਾਂ ਸਿਆਣੇ ਲੋਕ ਉਸ ਨੂੰ ਸਿੱਧਰਾ, ਗੱਦਾਰ ਤੇ ਪਾਗਲ ਕਰਾਰ ਦੇਣਗੇ, ਕਿਉਂਕਿ ਸਿਆਣੇ ਲੋਕਾਂ ਨੂੰ ਪਤਾ ਹੈ ਕਿ ਉਸ ਨੂੰ ਬਾਦਸ਼ਾਹ ਨੇ ਜੋ ਅੱਯਾਸ਼ੀਆਂ ਕਰਨ ਦੇ ਅਧਿਕਾਰ ਦੇ ਰੱਖੇ ਸਨ, ਉਹ ਇਸ ਕਰ ਕੇ ਥੋੜ੍ਹੇ ਸਨ ਕਿ ਇਹ ਬੰਦਾ ਬਾਕੀਆਂ ਤੋਂ ਉਤਮ ਸੀ? ਬਥੇਰੇ ਉਸ ਤੋਂ ਵਧੀਆ ਬੰਦੇ ਉਸ ਅਫ਼ਸਰੀ ਤੋਂ ਵੰਚਿਤ ਕੀਤੇ ਗਏ ਸਨ, ਜਿਹੜੇ ਉਸ ਅਹੁਦੇ ਲਈ ਵਧੇਰੇ ਯੋਗ ਸਨ। ਫਿਰ ਤਿਲਮਿਲ਼ਾਣ ਦੀ ਥਾਂ ਕਿੱਥੇ ਰਹੀ? ਉਂਜ ਜਿਹੜੀਆਂ ਗੱਲਾਂ ਮੈਂ ਲਿਖ ਰਿਹਾ ਹਾਂ, ਇਨ੍ਹਾਂ ਬਾਰੇ ਸੋਚਦਿਆਂ ਤੇ ਲਿਖਦਿਆਂ ਮੈਨੂੰ ਕਾਂਬਾ ਛਿੜ ਰਿਹਾ ਹੈ।
1803 ਵਿਚ ਜਦੋਂ ਅਲਫਾਇਰੀ ਦੀ ਮੌਤ ਹੋਈ, ਉਦੋਂ ਤਕ ਉਹ ਵੀਹ ਦੁਖਾਂਤ ਨਾਟਕ, ਛੇ ਸੁਖਾਂਤ, ਪੰਜ ਦਾਰਸ਼ਨਿਕ ਕਿਤਾਬਾਂ, ਕੁਝ ਕਵਿਤਾਵਾਂ, ਸ੍ਵੈ-ਜੀਵਨੀ ਅਤੇ ਯੂਨਾਨੀ ਲਾਤੀਨੀ ਭਾਸ਼ਾਵਾਂ ਵਿਚੋਂ ਕੁਝ ਚੰਗੀਆਂ ਰਚਨਾਵਾਂ ਅਨੁਵਾਦ ਕਰ ਚੁੱਕਾ ਸੀ। ਉਸ ਨੇ ਸਟਾਲਬਰ ਦੀ ਰਾਜਕੁਮਾਰੀ ਲਾਊਜ਼ੀ ਨਾਲ਼ ਇਸ਼ਕ ਕੀਤਾ, ਪਰ ਵਿਆਹ ਨਹੀਂ ਕਰਵਾਇਆ। ਉਸ ਨੂੰ ਸਾਂਤਾ-ਕਰੋਚੇ ਗਿਰਜੇ ਵਿਚ ਦਫ਼ਨਾਇਆ ਗਿਆ। ਇਹ ਗਿਰਜਾ ਇਟਲੀ ਦਾ ਸਭ ਤੋਂ ਪ੍ਰਸਿੱਧ ਗਿਰਜ਼ਾ ਹੈ। ਮਾਈਕਲ ਐਂਜਲੋ ਅਤੇ ਮੈਕਿਆਵਲੀ ਵੀ ਇੱਥੇ ਦਫ਼ਨਾਏ ਗਏ ਸਨ। ਇਸ ਲੇਖਕ ਦੀ ਯਾਦਗਰ ਕੈਨੋਵਾ ਨੇ ਬਣਾਈ।
ਅਲਫਾਇਰੀ ਦੀ ਯਾਦਗਰ ਵਿਚ ਵਿਖਾਇਆ ਗਿਆ ਹੈ ਕਿ ਇਟਲੀ ਉਸ ਪਿੱਛੋਂ ਕਿੰਨਾ ਉਦਾਸ ਹੈ। ਜਿਸ ਕੁੜੀ ਨੇ ਉਦਾਸ ਇਟਲੀ ਦੇ ਬੁੱਤ ਵਜੋਂ ਮਾਡਲ ਬਣਨ ਦੀ ਪੇਸ਼ਕਸ਼ ਕੀਤੀ, ਉਹ ਅਲਬਾਨੀਆਂ ਦੀ ਰਾਜਕੁਮਾਰੀ ਸੀ। ਜਿਸ ਅਲਫਾਇਰੀ ਨੇ ਰਾਜਿਆਂ ਅਤੇ ਰਾਜਕੁਮਾਰਾਂ ਦੇ ਡਟ ਕੇ ਖ਼ਿਲਾਫ਼ ਲਿਖਿਆ ਤੇ ਗ਼ੁਲਾਮ ਪਰਜਾ ਨੂੰ ਰੱਜ ਕੇ ਕੋਸਿਆ, ਫਟਕਾਰਿਆ, ਉਸ ਨੂੰ ਰਾਜਿਆਂ ਨੇ ਅਤੇ ਪਰਜਾ ਨੇ ਰੱਜ ਕੇ ਪਿਆਰ ਕੀਤਾ। ਆਪ ਲਿਖਦਾ ਹੈ, “ਮੇਰੇ ਜਿਹੇ ਘੱਟ ਮਿਲ਼ਣਗੇ।”