ਕਹਾਣੀਕਾਰ ਬੂਟਾ ਸਿੰਘ (1919-1983) ਦੀ ਕਹਾਣੀ “ਇਹ ਪਿੰਡ ਹੈ” ਵਿਚ ਪੁਰਾਣੇ ਪੰਜਾਬ ਦੇ ਝਲਕਾਰੇ ਪੈਂਦੇ ਹਨ। ਜਿਸ ਤਰ੍ਹਾਂ ਦੇ ਸਹਿਜ ਪਿਆਰ ਦਾ ਕਿੱਸਾ ਇਸ ਕਹਾਣੀ ਵਿਚ ਨਮੂਦਾਰ ਹੋਇਆ ਹੈ, ਉਸ ਤਰ੍ਹਾਂ ਦੇ ਬਥੇਰੇ ਕਿੱਸੇ ਉਸ ਵੇਲੇ ਦੇ ਪੰਜਾਬ ਬਾਰੇ ਸੁਣਨ ਨੂੰ ਮਿਲਦੇ ਹਨ। ਅਜਿਹੇ ਕਈ ਦਿਲ ਚੀਰਵੇਂ ਰੋਸਿਆਂ ਦਾ ਜ਼ਿਕਰ ਵੀ ਛਿੜਦਾ ਰਹਿੰਦਾ ਹੈ ਜੋ ਨਿੱਕੀ ਜਿਹੀ ਗੱਲ ਪਿੱਛੇ ਅਕਸਰ “ਬਾਤ ਦਾ ਬਤੰਗੜ” ਬਣ ਜਾਂਦੇ ਹਨ।
ਕਹਾਣੀਕਾਰ ਨੇ ਇਸ ਸਹਿਜ ਪਿਆਰ ਅਤੇ ਰੋਸੇ ਨੂੰ ਬਿਆਨ ਕਰਦਿਆਂ ਪੰਜਾਬ ਦੇ ਉਸ ਦੌਰ ਨੂੰ ਆਪਣੀ ਰਚਨਾ ਵਿਚ ਬੰਨ੍ਹ ਕੇ ਬਿਠਾ ਲਿਆ ਲਗਦਾ ਹੈ। -ਸੰਪਾਦਕ
ਬੂਟਾ ਸਿੰਘ
ਜਿਸ ਦਿਨ ਦਾ ਇਕਬਾਲ ਆਇਆ ਸੀ, ਉਸ ਦੀ ਮਾਸੀ ਦੀ ਅੱਡੀ ਭੋਇੰ “ਤੇ ਨਹੀਂ ਸੀ ਲਗਦੀ ਤੇ ਉਸ ਨੂੰ ਇੰਝ ਜਾਪਦਾ ਸੀ ਜਿਵੇਂ ਵਰ੍ਹਿਆਂ ਦੀਆਂ ਉਡੀਕਾਂ ਬਾਅਦ ਉਸ ਦੇ ਘਰ ਇਕ ਹੋਰ ਪੁੱਤਰ ਨੇ ਜਨਮ ਲਿਆ ਹੈ। ਉਹ ਸਾਰਾ-ਸਾਰਾ ਦਿਨ ਇਕਬਾਲ ਦੇ ਆਹਰ ਵਿਚ ਲੱਗੀ ਰਹਿੰਦੀ, ਦਿਹਾੜੀ ਵਿਚ ਕਿੰਨੀ-ਕਿੰਨੀ ਵਾਰੀ ਉਸ ਲਈ ਚਾਹ ਬਣਾਂਦੀ, ਵੰਨ-ਸਵੰਨੇ ਚੌਲ ਬਣਾ ਬਣਾ ਰੱਖਦੀ। ਕਦੇ ਖੀਰ, ਕਦੇ ਕੜਾਹ ਤੇ ਸਬਜ਼ੀਆਂ ਵਿਚ ਘਿਓ ਪਾ-ਪਾ ਦੇਂਦੀ, ਤੇ ਸੋਚਦੀ, ਕਿਤੇ ਇਕਬਾਲ ਦੀ ਖ਼ਾਤਰਦਾਰੀ ਵਿਚ ਕਸਰ ਨਾ ਰਹਿ ਜਾਵੇ। ਕਿੰਨੇ ਵਰ੍ਹਿਆਂ ਬਾਅਦ ਉਹ ਉਸ ਦੇ ਘਰ ਆਇਆ ਹੈ। ਉਸ ਵੱਲ ਕਿੰਨੀਆਂ ਚਿੱਠੀਆਂ ਪਵਾਈਆਂ ਤੇ ਕਿੰਨੇ ਸਾਲ ਹੀ ਸੁਨੇਹੇ ਭੇਜਦੀ ਰਹੀ, ਸੁਨੇਹਿਆਂ ਤੇ ਖ਼ਤਾਂ ਦਾ ਜਵਾਬ ਇਹੀ ਮਿਲਦਾ ਕਿ ਉਹ ਅਜੇ ਪੜ੍ਹ ਰਿਹਾ ਹੈ, ਉਸ ਦੀ ਨੌਕਰੀ ਨਹੀਂ ਲੱਗੀ, ਅਜੇ ਨੌਕਰੀ ਨਵੀਂ ਹੈ। ਉਹ ਇਸ ਵਰ੍ਹੇ ਦੀਆਂ ਛੁੱਟੀਆਂ ਵਿਚ ਆਵੇਗਾ, ਪਰ ਉਹ ਵਰ੍ਹਾ ਵੀ ਮਾਸੀ ਦਾ ਉਡੀਕ ਵਿਚ ਲੰਘ ਜਾਂਦਾ।
ਜਿਸ ਦਿਨ ਦਾ ਇਕਬਾਲ ਆਇਆ ਸੀ, ਉਹ ਘਰ ਦਾ ਕੰਮ ਭੱਜ-ਭੱਜ ਕਰਦੀ, ਕਿਤੇ ਇਕ ਘੜੀ ਨਾ ਠਹਿਰਦੀ ਤੇ ਘਰ ਨੂੰ ਜਲਦੀ ਮੁੜਨ ਦੀ ਕਰਦੀ। ਕਿਤੇ ਬਾਲ ਦੀ ਚਾਹ ਦਾ ਵੇਲਾ ਨਾ ਲੰਘ ਜਾਵੇ, ਕਿਤੇ ਉਹ ਪੜ੍ਹਦਾ-ਪੜ੍ਹਦਾ ਭੁੱਖਾ ਨਾ ਸੌਂ ਜਾਵੇ, ਉਹ ਤਿਹਾਇਆ ਨਾ ਬੈਠਾ ਹੋਵੇ। ਉਸ ਦੇ ਮਨ ਵਿਚ ਸਦਾ ਇਹੀ ਖਿਆਲ ਰਹਿੰਦੇ, ਹਾਲਾਂਕਿ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਸ ਦੀ ਧੀ ਨਾਮੀ ਵੀ ਉਸ ਵਾਂਗ ਆਪਣੇ ਮਾਸੀ ਦੇ ਪੁੱਤ ਦਾ ਖਿਆਲ ਰੱਖਦੀ ਹੈ।
ਮਾਸੀ ਜਿਥੇ ਵੀ ਜਾਂਦੀ, ਇਕਬਾਲ ਦੀਆਂ ਗੱਲਾਂ ਛੋਹ ਬਹਿੰਦੀ। ਜੇ ਉਹ ਭੱਠੀ ‘ਤੇ ਜਾਂਦੀ ਤਾਂ ਇਕਬਾਲ ਦੇ ਸੋਹਲੇ ਗਾਉਂਦੀ, ਜੇ ਖੇਤਾਂ ਵਿਚ ਜਾਂਦੀ ਤਾਂ ਕਾਮਿਆਂ ਨੂੰ ਆਖਦੀ, “ਝਬਦੇ ਰੋਟੀ ਫੁੱਟੋ, ਮੈਂ ਅਜੇ ਜਾ ਕੇ ਆਪਣੇ ਬਾਲੇ ਲਈ ਰੋਟੀ ਪਕਾਉਣੀ ਹੈ। ਉਹ ਪਾਹੜੂ ਮੁੰਡਾ ਹੈ, ਭੁੱਖ ਨਹੀਂ ਜਰ ਸਕਦਾ।” ਜੇ ਉਹ ਗੰਗੀ ਝਿਊਰੀ ਦੇ ਘਰ ਜਾਂਦੀ ਤਾਂ ਆਖਦੀ, “ਗੰਗੀਏ ਸਾਡਾ ਪਾਣੀ ਦੋ ਵੇਰ ਭਰਿਆ ਕਰ, ਤੈਨੂੰ ਪਤਾ ਨਹੀਂ ਮੇਰਾ ਬਾਲਾ ਆਇਆ ਹੋਇਆ ਈ, ਤੇ ਉਹ ਸੱਜਰਾ ਪਾਣੀ ਪੀ ਕੇ ਖੁਸ਼ ਹੁੰਦਾ ਏ। ਮੈਂ ਤੈਨੂੰ ਦੂਣੇ ਪੈਸੇ ਦੇ ਦਿਆਂਗੀ। ਗੰਗੀਏ ਤੂੰ ਨਹੀਂ ਜਾਣਦੀ, ਮੇਰਾ ਬਾਲਾ ਬੜਾ ਮਲੂਕ ਈ।” ਸੰਤੂ ਖਰਾਸੀਏ ਨੂੰ ਆਖਦੀ, “ਵੇ ਆਟਾ ਚੰਗਾ ਪੀਹਵੀਂ, ਕਿਤੇ ਮੇਰਾ ਬਾਲਾ ਬਿਮਾਰ ਨਾ ਹੋ ਜਾਵੇ, ਉਹ ਦਿੱਲੀ ਦਾ ਰਹਿਣ ਵਾਲਾ ਸੋਹਲ ਜਿਹਾ ਮੁੰਡਾ ਈ।”
ਇਸੇ ਤਰ੍ਹਾਂ ਮਾਸੀ ਸਾਰਾ ਸਾਰਾ ਦਿਨ ਇਕਬਾਲ ਵਾਸਤੇ ਕੁਝ ਨਾ ਕੁਝ ਕਰਦੀ ਰਹਿੰਦੀ, ਤੇ ਜਿਥੇ ਜਾਂਦੀ, ਆਪਣੇ ਬਾਲੇ ਦੀਆਂ ਸਿਫ਼ਤਾਂ ਛੋਹ ਬੈਠਦੀ। ਉਸ ਨੇ ਸਾਰੇ ਪਿੰਡ ਨੂੰ ਆਪਣੇ ਬਾਲੇ ਦੀਆਂ ਗੱਲਾਂ ਸੁਣਾਈਆਂ ਸਨ, ਪਰ ਉਸ ਦਾ ਢਿੱਡ ਅਜੇ ਹੌਲਾ ਨਹੀਂ ਸੀ ਹੋਇਆ। ਉਹ ਆਉਂਦੀ-ਜਾਂਦੀ ਆਪਣੀ ਗੁਆਂਢਣ ਸੁੰਦਰ ਕੌਰ ਦੀ ਡਿਓਢੀ ਵਿਚ ਜ਼ਰੂਰ ਝਾਤ ਮਾਰ ਜਾਂਦੀ, ਪਰ ਉਹ ਦੋ-ਤਿੰਨ ਦਿਨਾਂ ਤੋਂ ਉਸ ਦੀ ਨਜ਼ਰੇ ਨਹੀਂ ਸੀ ਚੜ੍ਹੀ। ਸੁੰਦਰ ਕੌਰ ਭਾਵੇਂ ਉਸ ਦੇ ਸ਼ਰੀਕੇ ਵਿਚੋਂ ਨੂੰਹ ਲਗਦੀ ਸੀ, ਤੇ ਬਾਲਾ ਵੀ ਉਸ ਦਾ ਦੂਰੋਂ-ਨੇੜਿਓਂ ਕੁਝ ਲਗਦਾ ਸੀ, ਪਰ ਉਹ ਚਾਹੁੰਦੀ ਸੀ ਕਿ ਇਕ ਵਾਰੀ ਬਾਲੇ ਦੀਆਂ ਸਾਰੀਆਂ ਸਿਫ਼ਤਾਂ ਸੁੰਦਰ ਕੌਰ ਨੂੰ ਸੁਣਾ ਜਾਵੇ। ਉਹ ਸੋਚਦੀ, ਕੀ ਹੋਇਆ ਜੇ ਸੁੰਦਰ ਕੌਰ ਦਾ ਸੁਭਾਅ ਬਹੁਤ ਚੰਗਾ ਹੈ, ਪਰ ਹੈ ਤਾਂ ਸ਼ਰੀਕਣੀ। ਉਹ ਸ਼ਰੀਕਣ ਦਾ ਦਿਲ ਬਾਲੇ ਦੀਆਂ ਸਿਫ਼ਤਾਂ ਸੁਣਾ-ਸੁਣਾ ਲੂਹ ਦੇਣਾ ਚਾਹੁੰਦੀ ਸੀ। ਉਹ ਸੋਚਦੀ, ਸੁੰਦਰ ਕੌਰ ਨੂੰ ਬੜਾ ਮਾਣ ਹੈ, ਉਸ ਦੀ ਨਨਾਣ ਮਨੋ ਜਿਹੀ ਪਿੰਡ ਵਿਚ ਸਿਆਣੀ ਕੁੜੀ ਨਹੀਂ, ਪਰ ਬਾਲੇ ਜਿਹਾ ਮੁੰਡਾ ਸਾਰੇ ਪਿੰਡ ਕੀ, ਉਸ ਦੀ ਜੱਦ ਵਿਚ ਨਹੀਂ ਹੋ ਸਕਦਾ।
ਤੇਜਾ ਸਿੰਘ ਲੰਬੜ ਨੇ ਮਰ-ਮਰ ਕੇ ਆਪਣਾ ਮੁੰਡਾ ਠਾਣੇਦਾਰ ਲਵਾਇਆ ਹੈ। ਚੌਧਰੀ ਹਰਸਾ ਸਿੰਘ ਦਾ ਜਿੰਦਰ ਵਲੈਤੋਂ ਹੋ ਕੇ ਵੀ ਤਹਿਸੀਲਦਾਰ ਹੀ ਲੱਗਾ ਹੈ, ਠਾਣੇਦਾਰੀ ਤੇ ਤਹਿਸੀਲਦਾਰੀ ਵੀ ਭਲਾ ਅੱਜ ਕੱਲ੍ਹ ਕੋਈ ਨੌਕਰੀਆਂ ਨੇ, ਪਰ ਮੇਰਾ ਬਾਲਾ ਬਿਨਾਂ ਕਿਸੇ ਸਿਫ਼ਾਰਸ਼ੋਂ ਏਡੀ ਛੋਟੀ ਉਮਰ ਵਿਚ ਵੱਡਾ ਅਫਸਰ ਲੱਗ ਗਿਆ ਹੈ। ਬਾਲੇ ਜਿਹਾ ਕੋਈ ਹੋ ਕੇ ਦੱਸੇ। ਇਹੋ ਜਿਹੀਆਂ ਗੱਲਾਂ ਉਹ ਸੋਚਦੀ ਹੀ ਰਹਿੰਦੀ ਤੇ ਚਾਹੁੰਦੀ, ਇਕ ਵਾਰੀ ਸੁੰਦਰ ਕੌਰ ਨੂੰ ਬਾਲੇ ਦੀਆਂ ਗੱਲਾਂ ਸੁਣਾ ਆਪਣਾ ਜੀਅ ਹੌਲਾ ਕਰ ਲਏ।
ਉਸ ਲੰਘਦੀ-ਲੰਘਦੀ ਨੇ ਜਦ ਫਿਰ ਸੁੰਦਰ ਕੌਰ ਦੀ ਡਿਓਢੀ ਵਿਚ ਝਾਤ ਮਾਰੀ ਤਾਂ ਉਸ ਨੂੰ ਦੋਵੇਂ ਨਨਾਣ-ਭਰਜਾਈ ਬੈਠੀਆਂ ਦਿਸੀਆਂ। ਜਦ ਉਹ ਜ਼ਰਾ ਅਗੇਰੇ ਹੋਈ, ਤਾਂ ਸੁੰਦਰ ਕੌਰ ਨੇ ਦੂਰੋਂ ਹੀ ਸਿਰ ਨਿਵਾ ਮੱਥਾ ਟੇਕਿਆ ਤੇ ਕਿਹਾ, “ਤਾਈ ਜੀ, ਤੁਸੀਂ ਤੇ ਹੁਣ ਨਜ਼ਰ ਹੀ ਨਹੀਂ ਆਉਂਦੇ, ਪਤਾ ਨਹੀਂ ਕਿਥੇ ਰਹਿੰਦੇ ਹੋ। ਮੈਂ ਅਜੇ ਤੁਹਾਡੀਆਂ ਹੀ ਗੱਲਾਂ ਮਨੋ ਨਾਲ ਕਰਦੀ ਪਈ ਸਾਂ, ਤੁਹਾਡੀ ਤੇ ਉਮਰ ਬੜੀ ਵੱਡੀ ਏææææ।”
“ਪੁੱਤ ਕੀ ਦੱਸਾਂ, ਤੈਨੂੰ ਸ਼ੈਤ ਪਤਾ ਹੋਵੇ, ਦੋ-ਤਿੰਨ ਦਿਨਾਂ ਦਾ ਇਕਬਾਲ ਆਇਆ ਹੋਇਆ ਏ। ਉਸ ਦੀ ਰੋਟੀ ਵਿਚੋਂ ਵਿਹਲ ਹੀ ਨਹੀਂ ਮਿਲਦੀ।”
“ਵੱਡੇ ਤਾਇਆ ਜੀ ਦਾ ਮੁੰਡਾ।”
“ਆਹੋ ਪੁੱਤ।”
“ਕੱਲ੍ਹ ਕੁਝ ਉਸ ਦਾ ਝੌਲਾ ਜਿਹਾ ਪਿਆ, ਜਦ ਉਹ ਤੁਹਾਡਾ ਬੂਹਾ ਲੰਘ ਰਿਹਾ ਸੀ, ਫਿਰ ਖਿਆਲ ਕੀਤਾ ਮਤੇ ਕੋਈ ਹੋਰ ਨਾ ਹੋਵੇ, ਵੇਖਿਆਂ ਵੀ ਕਈ ਵਰ੍ਹੇ ਹੋ ਗਏ ਨੇ।”
“ਆਹੋ ਪੁੱਤ ਸਾਡੇ ਘਰ ਵੀ ਤਾਂ ਉਹ ਛਿਆਂ-ਸੱਤਾਂ ਵਰ੍ਹਿਆਂ ਪਿਛੋਂ ਆਇਆ ਹੈ।” ਮਾਸੀ ਨੇ ਪੀੜ੍ਹੀ ਉਤੇ ਬੈਠਦਿਆਂ ਕਿਹਾ।
“ਤੈਨੂੰ ਕੀ ਦੱਸਾਂ ਸੁੰਦਰ ਕੌਰੇ, ਮੇਰੀ ਭੈਣ ਨੇ ਪਿਛਲੇ ਜਨਮ ਵਿਚ ਮੋਤੀ ਦਾਨ ਕੀਤੇ ਹੋਣੇ ਨੇ, ਜਿਸ ਦੇ ਘਰ ਬਾਲਾ ਜੰਮਿਆ ਈ। ਮੈਂ ਸੁਣਿਆ, ਉਸ ਦੀ ਏਨੀ ਵਾਕਬੀ ਹੋ ਗਈ ਏ, ਪਈ ਵੱਡੇ-ਵੱਡੇ ਅਬਸਰ ਉਸਨੂੰ ਮਿਲਣ ਆਉਂਦੇ ਨੇ, ਸਾਰੀ ਦਿੱਲੀ ਵਿਚ ਗਿੱਲ ਸਾਹਿਬ, ਗਿੱਲ ਸਾਹਿਬ ਹੁੰਦੀ ਫਿਰਦੀ ਏ। ਅਜੇ ਵਿਚਾਰੇ ਦੀ ਉਮਰ ਵੀ ਕੀ ਏ, ਮਸਾਂ ਮੇਰੀ ਨਾਮੀ ਨਾਲੋਂ ਪੰਜ ਵਰ੍ਹੇ ਵੱਡਾ ਤੇ ਨਾਮੀ ਅੱਸੂ ਵਿਚ ਜਾ ਕੇ ਕਿਤੇ ਵੀਹਾਂ ਵਰ੍ਹਿਆਂ ਦੀ ਹੋਣੀ ਹੈ। ਕੁੜੇ ਜੇ ਕਦੀ ਤੂੰ ਉਸ ਦੀਆਂ ਗੱਲਾਂ ਸੁਣੇ, ਤੈਨੂੰ ਪਤਾ ਲੱਗੇ, ਉਹ ਤਾਂ ਅਗੰਮੀ ਗੱਲਾਂ ਕਰਦਾ ਈ। ਮੈਂ ਤਾਂ ਉਸ ਦੇ ਮੂੰਹ ਵੱਲ ਵੇਖਦੀ ਹੀ ਰਹਿੰਦੀ ਹਾਂ। ਉਸ ਦਾ ਕੋਈ ਡਿਮਾਗ ਏ ਪੁੱਤ, ਵਾਰੇ ਜਾਈਏ ਜੰਮਣ ਵਾਲੀ ਦੇ। ਅੱਠ ਸੌ ਪੂਰਾ ਤਨਖਾਹ ਲੈਂਦਾ ਏ। ਵੱਡੀਆਂ-ਵੱਡੀਆਂ ਜਾਗੀਰਾਂ ਵਾਲੇ ਉਸ ਪਿਛੇ ਧੀਆਂ ਦੇ ਡੋਲੇ ਲਈ ਫਿਰਦੇ ਨੇ, ਪਰ ਇਹ ਐਡਾ ਹਠੀ ਹੈ, ਵਿਆਹ ਦਾ ਨਾਂ ਹੀ ਨਹੀਂ ਲੈਂਦਾ। ਕੁੜੇ ਤੂੰ ਜਾਣਦੀ ਏਂ ਨਾ ਰਾਹੋਂ ਵਾਲੇ ਕਪਤਾਨਾਂ ਨੂੰ, ਉਨ੍ਹਾਂ ਦਾ ਵੱਡਾ ਆਪਣੀ ਪੋਤਰੀ ਲਈ ਤਰਲੇ ਕਰਦਾ ਗਿਆ ਈ, ਪਰ ਇਸ ਚੰਦਰੇ ਨੇ ਇਕੋ ਨਾਂਹ ਹੀ ਰੱਖੀ ਹੈ।”
“ਤਾਈ ਜੀ, ਖੌਰੇ ਕਿਸੇ ਸ਼ਹਿਰਨ ਵੱਲ ਉਸ ਦਾ ਧਿਆਨ ਹੋਵੇ।” ਸੁੰਦਰ ਕੌਰ ਨੇ ਗੱਲ ਟੁਕਦਿਆਂ ਕਿਹਾ।
“ਸ਼ਹਿਰਨਾਂ ਨੂੰ ਅਸਾਂ ਮੁਆਤਾ ਲਾਣਾ ਏ, ਇਹ ਤਾਂ ਨਿਰੀਆਂ ਪਾਪੇ ਚਟਣੀਆਂ ਹੁੰਦੀਆਂ ਨੇ। ਤਲੀ ਮੇਂ ਆਇਆ ਗਲੀ ਮੇਂ ਖਾਇਆ, ਨਾ ਸ਼ਰਮ ਨਾ ਹਯਾ, ਨਾ ਸਹੁਰਿਆਂ ਦੀ ਨਾ ਪੇਕਿਆਂ ਦੀ। ਪੁੱਤਰ ਤੈਨੂੰ ਕੀ ਦੱਸਾਂ, ਭਾਪਿਆਂ ਦੀਆਂ ਕੁੜੀਆਂ ਤਾਂ ਮੁੰਡੇ ਦਾ ਖਹਿੜਾ ਹੀ ਨਹੀਂ ਛੱਡਦੀਆਂ। ਨਾਲ ਬਹਿ-ਬਹਿ ਫੋਟਵਾਂ ਲੁਹਾਂਦੀਆਂ ਨੇ ਤੇ ਆਖਦੀਆਂ ਨੇ, ਗਿੱਲ ਜੀ, ਸਾਡੇ ਘਰ ਵੀ ਕਦੇ ਦਰਸ਼ਨ ਦੇਣੇ। ਲੋਹੜਾ ਪੈ ਜਾਵੇ ਇਨ੍ਹਾਂ ਸ਼ਹਿਰਨਾਂ ਨੂੰ, ਤੇ ਅੱਗ ਲੱਗੇ ਅਜਿਹੇ ਮਾਪਿਆਂ ਨੂੰ, ਜਿਨ੍ਹਾਂ ਸ਼ਰਮਾਂ ਹਯਾਵਾਂ ਵੇਚ ਖਾਧੀਆਂ ਨੇ। ਸਾਡਾ ਮੁੰਡਾ ਈ ਸਾਈਂ ਲੋਕ ਏ, ਨਹੀਂ ਤਾਂ ਇਨ੍ਹਾਂ ਭਾਪਣਾਂ ਵੱਲੋਂ ਕੋਈ ਕਸਰ ਨਹੀਂ। ਜੇ ਟਾਂਕਾ ਲੱਗਾ, ਮੈਂ ਤੈਨੂੰ ਉਹਦੀਆਂ ਸਾਰੀਆਂ ਲੱਥੀਆਂ ਫੋਟਵਾਂ ਵਖਾਵਾਂਗੀ।”
ਗੱਲਾਂ ਸੁਣਦੀ ਕੋਲ ਬੈਠੀ ਮਨੋ ਸੋਚ ਰਹੀ ਸੀ, ਮਾਵਾਂ-ਧੀਆਂ ਨੂੰ ਇਕਬਾਲ ਦਾ ਖਬਤ ਪੈ ਗਿਆ ਹੈ। ਧੀ ਆਉਂਦੀ ਹੈ ਤਾਂ ਵੀਰ ਬਾਲੇ ਦੇ ਹੀ ਗੌਣ ਗਾਉਂਦੀ ਹੈ। ਮਾਂ ਨੂੰ ਬਾਲੇ ਬਿਨਾਂ ਹੋਰ ਕੁਝ ਸੁਝਦਾ ਹੀ ਨਹੀਂ। ਵੀਰ ਬਾਲੇ ਨੂੰ ਸਾਰੀ ਦਿੱਲੀ ਸਲਾਮਾਂ ਕਰਦੀ ਹੈ। ਇਨ੍ਹਾਂ ਲਈ ਬਾਲਾ ਅਰਸ਼ੋਂ ਟੁੱਟਾ ਨਵਾਂ ਤਾਰਾ ਹੈ। ਮੇਰੀ ਭਾਬੀ ਦਾ ਵੱਡਾ ਵੀਰ ਕਪਤਾਨ ਲੱਗਾ ਹੈ, ਪਰ ਉਸ ਵਿਚਾਰੀ ਨੇ ਕਦੇ ਐਡੀਆਂ ਚੌੜਾਂ ਕਰ ਕੇ ਨਹੀਂ ਦੱਸੀਆਂ। ਦੋਵੇਂ ਮਾਵਾਂ-ਧੀਆਂ ਹੋਛੀਆਂ ਨੇ ਹੋਛੀਆਂ। ਕੱਲ੍ਹ ਲੰਘਦਾ ਵੇਖਿਆ, ਸੁੱਕੇ ਹੋਏ ਲੱਕ ਵਾਲਾ, ਜਾਨ ਤੇ ਗਿੱਲ ਸਾਹਿਬ ਵਿਚ ਲਭਦੀ ਨਹੀਂ, ਕੁੜੀਆਂ ਖਬਰੇ ਕਿਹੜੀ ਗੱਲ ਪਿੱਛੇ ਮਰਦੀਆਂ ਨੇ। ਖਰੋਚੇ ਮੂੰਹ ਉਤੇ ਖਿਲਰੀ ਦਾੜ੍ਹੀ ਇੰਜ ਲਗਦੀ ਏ ਜਿਵੇਂ ਜੁਲਾਹੇ ਦਾ ਕੁਚ ਹੋਵੇ। ਮੇਰਾ ਬਾਲਾ ਸਾਡਾ ਬਾਲਾ, ਲੋਕੀਂ ਕੰਜਰ ਪੈਸੇ ਉਤੇ ਮਰਦੇ ਨੇ, ਨਹੀਂ ਤਾਂ ਗਿੱਲ ਸਾਹਿਬ ਦੀ ਵਜਾ ਤਾਂ ਵੇਖੋ।
ਮਾਸੀ ਅਜੇ ਵੀ ਸੁੰਦਰ ਕੌਰ ਨਾਲ ਗੱਲਾਂ ਕਰੀ ਜਾਂਦੀ ਸੀ ਤੇ ਉਹ ਵਿਚਾਰੀ ਨਾਲੋ-ਨਾਲ ਹਾਂ-ਹੂੰ ਕਰਦੀ ਪਈ ਸੀ, “ਚੰਦਰੇ ਨੂੰ ਰੋਜ਼ ਸਮਝਾਨੀ ਆਂ, ਚਾਹ ਛੱਡ ਤੇ ਲੱਸੀ ਦੁੱਧ ਪੀਆ ਕਰ, ਪਰ ਔਂਤਰਾ ਮੰਨਦਾ ਹੀ ਨਹੀਂ। ਇਕ ਵਾਰੀ ਬੁੱਕਲ ਵਿਚ ਵੜਿਆ ਹੀ ਚਾਹ ਪੀ ਲੈਂਦਾ ਤੇ ਦੂਜੀ ਵਾਰੀ ਘੜੀ ਵੇਖ ਨਹਾਉਣ ਧੋਣ ਪਿਛੋਂ ਝੱਟ ਚਾਹ ਪੀਣ ਬਹਿ ਜਾਂਦਾ ਹੈ। ਚਾਹ ਦੀ ਆਦਤ ਰੱਬ ਕਰ ਕੇ ਕਿਸੇ ਨੂੰ ਲੱਗ ਨਾ ਜਾਵੇ।”
“ਤਾਈ ਫਿਰ ਤੇ ਸਾਡੇ ਅਮਲੀ ਵਰਗਾ ਹੋਇਆ।”
“ਨਹੀਂ ਪੁੱਤ ਅਜਿਹੀ ਗੱਲ ਤਾਂ ਨਹੀਂ, ਜ਼ਰਾ ਪੜ੍ਹਾਈ ਕਰ ਕੇ ਚਾਹ ਬਹੁਤੀ ਪੀਣੀ ਪੈਂਦੀ ਏ। ਹੱਛਾ ਜਿਉਂਦਾ ਰਹੇ, ਬਥੇਰੀ ਤਨਖਾਹ ਲੈਂਦਾ ਹੈ, ਕਿਹੜਾ ਕੋਈ ਭੁੱਖਾ ਨੰਗਾ ਹੈ। ਲੈ ਮੈਂ ਹੁਣ ਜਾਂਦੀ ਹਾਂ, ਕਿਤੇ ਵਿਚਾਰਾ ਚਾਹ ਦੀ ਉਡੀਕ ਨਾ ਕਰਦਾ ਹੋਵੇ।”
ਜਦ ਮਾਸੀ ਘਰ ਪਹੁੰਚੀ ਤਾਂ ਉਸ ਵੇਖਿਆ, ਨਾਮੀ ਇਕਬਾਲ ਨੂੰ ਚਾਹ ਬਣਾ ਕੇ ਦੇ ਰਹੀ ਹੈ ਤੇ ਨਾਲ ਉਸ ਦੀਆਂ ਕਿਤਾਬਾਂ ਫੋਲਦੀ ਗੱਲਾਂ ਕਰਦੀ ਜਾਂਦੀ ਏæææ”ਵੀਰਿਆ ਇਹ ਸ਼ਹਿਰਨਾਂ ਤੇ ਨਿਰੀਆਂ ਚਟਕੋ-ਮਟਕੋ ਹੁੰਦੀਆਂ ਨੇ, ਤੂੰ ਕਦੇ ਮਨੋ ਨੂੰ ਵੇਖੇਂ, ਤੈਨੂੰ ਸ਼ਹਿਰਨਾਂ ਭੁੱਲ ਜਾਣ। ਮੇਰੇ ਨਾਲ ਪੜ੍ਹਦੀ ਸੀ ਤੇ ਅੱਠਵੀਂ ਵਿਚੋਂ ਫਸਟ ਆਈ ਸੀ। ਉਸ ਨੂੰ ਦਸ ਰੁਪਈਏ ਇਨਾਮ ਵੀ ਮਿਲਿਆ ਸੀ। ਤੂੰ ਕੀ ਜਾਣੇਂ, ਉਸ ਦੇ ਗੁਣਾਂ ਨੂੰ। ਨਵੇਂ ਸੂਰਜ ਨਵੀਆਂ ਬੁਣਤੀਆਂ ਕੱਢਦੀ ਆ, ਵੱਡੀਆਂ-ਵੱਡੀਆਂ ਸਿਆਣੀਆਂ ਉਸ ਤੋਂ ਪੁੱਛਣ ਆਉਂਦੀਆਂ ਨੇ, ਜਦ ਕਿਸੇ ਦੇ ਘਰ ਪਾਠ ਹੁੰਦਾ ਏ ਤਾਂ ਮਨੋ ਨੂੰ ਸਾਝਰੇ ਵਾਰੀ ਦਿੱਤੀ ਜਾਂਦੀ ਏ। ਇਧਰ ਮਨੋ ਪਾਠ ਕਰਨ ਬੈਠੀ, ਉਧਰ ਪਿੰਡ “ਕੱਠਾ ਹੋਇਆ। ਬੁੱਢੇ-ਬੁੱਢੀਆਂ ਤਾਂ ਇਕ ਪਾਸੇ, ਜਵਾਨ ਮੁੰਡੇ ਜਿਨ੍ਹਾਂ ਕਦੇ ਗੁਰਦੁਆਰੇ ਵੜ ਨਹੀਂ ਡਿੱਠਾ, ਉਹ ਵੀ ਕਈ-ਕਈ ਘੰਟੇ ਮਨੋ ਦਾ ਪਾਠ ਸੁਣਦੇ ਰਹਿੰਦੇ ਨੇ। ਉਸ ਚੰਦਰੀ ਦੇ ਕੋਈ ਬੋਲ ਨੇ, ਜਦ ਗੌਂਦੀ ਏ, ਕਾਲਜਾ ਧੂ ਲੈਂਦੀ ਏ। ਬੋਲੀ ਤੇ ਵੀਰਿਆ ਉਸ ਦੇ ਮੂੰਹੋਂ ਨਵੀਂ ਤੋਂ ਨਵੀਂ ਨਿਕਲਦੀ ਏ। ਜਿੰਨੀਆਂ ਤੂੰ ਗੀਤਾਂ ਦੀਆਂ ਕਿਤਾਬਾਂ ਚੁੱਕੀ ਫਿਰਨੈ, ਉਹ ਉਸ ਸਭ ਪੁਰਾਣੀਆਂ ਕਰ ਛੱਡੀਆਂ ਨੇ।”
ਜਦ ਨਾਮੀ ਗੱਲਾਂ ਕਰ ਰਹੀ ਸੀ ਤਾਂ ਇਕਬਾਲ ਚਾਹ ਪੀਂਦਾ ਸੋਚ ਰਿਹਾ ਸੀ, “ਮਨੋ ਦੀਆਂ ਏਨੀਆਂ ਸਿਫਤਾਂ ਨਾਮੀ ਕਿਉਂ ਕਰਦੀ ਹੈ, ਉਹ ਆਮ ਕੁੜੀਆਂ ਜਿਹੀ ਕੁੜੀ ਹੈ। ਹਾਂ, ਹੈਂਕੜ ਜ਼ਰੂਰ ਬਹੁਤ ਹੈ। ਕਿਸੇ ਨੂੰ ਨੱਕ ਥੱਲੇ ਨਹੀਂ ਲਿਆਉਂਦੀ, ਅੰਨ੍ਹਿਆਂ ਵਿਚੋਂ ਕਾਣਾ ਰਾਜਾ। ਜਿਥੇ ਰੁੱਖ ਨਹੀਂ, ਉਥੇ ਰਿੰਡ ਪ੍ਰਧਾਨ ਹੈ। ਜ਼ਰਾ ਮੂੰਹ-ਮੱਥੇ ਲਗਦੀ ਹੈ, ਚਾਰ ਅੱਖਰ ਵੀ ਪੜ੍ਹ ਗਈ ਹੈ ਤੇ ਆਵਾਜ਼ ਕੁਝ ਚੰਗੀ ਸੂ, ਸਾਰਾ ਪਿੰਡ ਉਲਟਿਆ ਫਿਰਦਾ ਏ। ਕਰਨ ਵੀ ਕੀ, ਵਿਚਾਰਿਆਂ ਕਦੇ ਕੁਝ ਵੇਖਿਆ ਨਹੀਂ। ਅਜਿਹੀਆਂ ਸੈਂਕੜੇ ਮਨੋ ਦਿੱਲੀ ਦੀਆਂ ਗਲੀਆਂ ਵਿਚ ਰੁਲਦੀਆਂ ਫਿਰਦੀਆਂ ਨੇ।”
ਨਾਮੀ ਅਜੇ ਵੀ ਆਪਣੇ ਧਿਆਨ ਗੱਲਾਂ ਕਰੀ ਜਾਂਦੀ ਸੀ, “ਵੀਰਿਆ ਅੱਜ ਚੇਤ ਦੀ ਪੂਰਨਮਾਸ਼ੀ ਆ, ਵੇਖੀਂ ਮਨੋ ਕਿੱਦਾਂ ਗਿੱਧਾ ਪਾਂਦੀ ਆ। ਸਹੁੰ ਗੁਰੂ ਦੀ, ਜੇ ਤੂੰ ਉਸ ਨੂੰ ਗਿੱਧਾ ਪਾਉਂਦੀ ਨੂੰ ਵੇਖੇਂ, ਤੈਨੂੰ ਦਿੱਲੀ ਭੁੱਲ ਜਾਏ।”
“ਨਾਮੀਏ ਛੱਡ ਮਨੋ ਨੂੰ, ਤੂੰ ਜਾਹ ਮੈਂ ਹੁਣ ਪੜ੍ਹਨਾ ਏਂ।” ਇਹ ਸੁਣ ਮਾਸੀ ਨੂੰ ਗੁੱਸਾ ਆ ਗਿਆ ਤੇ ਉਸ ਕਿਹਾ, “ਛੱਡ ਨੀ ਕੁੜੇ, ਤੂੰ ਕੀ ਮਨੋ ਦੀ ਸਿਰ-ਖਪਾਈ ਲੈ ਬੈਠੀ ਹੈਂ? ਜਾਹ, ਜਾ ਕੇ ਕੰਮ ਕਰ, ਮੁੰਡੇ ਨੂੰ ਅਰਮਾਨ ਕਰਨ ਦੇ। ਜਦ ਵੇਖੀਏ, ਇਹ ਕੁੜੀ ਮਨੋ ਦੇ ਹੀ ਸੋਹਲੇ ਗਾਉਂਦੀ ਰਹਿੰਦੀ ਹੈ।”
ਜਦ ਮਾਸੀ ਚਲੀ ਗਈ ਤਾਂ ਇਕਬਾਲ ਫਿਰ ਸੋਚਣ ਲੱਗ ਪਿਆ, ਮਨੋ ਆਮ ਕੁੜੀ ਹੈ, ਪਰ ਉਸ ਵਿਚ ਕਸ਼ਿਸ਼ ਕੁਝ ਆਮ ਕੁੜੀਆਂ ਨਾਲੋਂ ਵੱਧ ਹੈ। ਉਸ ਨੂੰ ਯਾਦ ਆ ਗਿਆ ਜਦ ਉਹ ਆਪਣੇ ਕੋਠੇ ਉਤੇ ਖਲੋਤਾ ਪੜ੍ਹ ਰਿਹਾ ਸੀ ਤਾਂ ਉਸ ਨੇ ਮਨੋ ਦੇ ਵਿਹੜੇ ਵਿਚ ਝਾਤ ਪਾਈ। ਉਹ ਆਪਣੀ ਤਿੰਨ ਕੁ ਵਰ੍ਹਿਆਂ ਦੀ ਭਤੀਜੀ ਨਾਲ ਖੇਡਦੀ ਤੇ ਗਾਉਂਦੀ ਪਈ ਸੀ। ਉਸ ਦਾ ਸਾਰਾ ਗੌਣ ਉਹ ਸੁਣ ਨਹੀਂ ਸੀ ਸਕਿਆ, ਪਰ ਇਕ ਤੁਕ ਅਜੇ ਵੀ ਉਸ ਦੇ ਕੰਨਾਂ ਵਿਚ ਪਈ ਗੂੰਜਦੀ ਸੀ।
ਝਾਤੀਆਂ ਨਾ ਮਾਰ ਵੈਰੀਆ,
ਕਿਸੇ ਵੇਖ ਲਿਆ ਮਰ ਜਾਊਂਗੀ।
ਸਾਰਾ ਦਿਨ ਉਹ ਇਸ ਤੁਕ ਨੂੰ ਹੀ ਦੁਹਰਾਂਦਾ ਰਿਹਾ, ਉਸ ਨੂੰ ਵਾਰ ਵਾਰ ਮਨੋ ਦੀ ਬੋਲੀ ਯਾਦ ਆਉਂਦੀ। ਉਹ ਕਿਤਾਬ ਖੋਲ੍ਹਦਾ ਤਾਂ ਉਸ ਵਿਚੋਂ ਉਸ ਨੂੰ ਮਨੋ ਦਾ ਅਕਸ ਦਿਸਦਾ। ਉਹ ਸੋਚਦਾ ਕਿ ਉਸ ਦੀ ਜ਼ਿੰਦਗੀ ਵਿਚ ਕਈ ਕੁੜੀਆਂ ਆਈਆਂ ਨੇ, ਪਰ ਕੋਈ ਉਸ ਦੀ ਦਿਮਾਗੀ ਉਲਝਣ ਨਹੀਂ ਬਣੀ। ਆਖਰ ਮਨੋ ਹੈ ਕੀ? ਸਾਧਾਰਨ ਜਿਹੀ ਕੁੜੀ ਹੈ। ਜਿਉਂ-ਜਿਉਂ ਉਹ ਮਨੋ ਨੂੰ ਸਾਧਾਰਨ ਕਹਿ ਕੇ ਭੁੱਲਣ ਦਾ ਯਤਨ ਕਰਦਾ, ਤਿਉਂ ਤਿਉਂ ਉਹ ਉਸ ਦੇ ਦਿਮਾਗ ਉਤੇ ਛਾਈ ਜਾਂਦੀ।
ਉਸ ਨੂੰ ਇਹ ਵੀ ਯਾਦ ਸੀ ਕਿ ਜਦ ਉਹ ਭਾਬੀ ਸੁੰਦਰ ਕੌਰ ਨੂੰ ਮਿਲਣ ਗਿਆ ਤਾਂ ਭਾਬੀ ਨੇ ਉਸ ਦਾ ਕਿੱਡਾ ਆਦਰ ਕੀਤਾ ਸੀ, ਪਰ ਮਨੋ ਨੇ ਉਸ ਵੱਲ ਤੱਕਿਆ ਵੀ ਨਹੀਂ ਸੀ। ਕਿੱਡੀ ਹੰਕਾਰੀ ਹੋਈ ਕੁੜੀ ਹੈ। ਜਦ ਭਾਬੀ ਨੇ ਕਿਹਾ, “ਮਨਜੀਤ, ਵੀਰੇ ਨੂੰ ਦੁੱਧ ਦਾ ਗਲਾਸ ਲਿਆ ਕੇ ਪਿਲਾ, ਤਾਂ ਉਹ ਝੱਟ ਪੱਟ ਦੁੱਧ ਗਲਾਸ ਵਿਚ ਪਾ ਲਿਆਈ ਸੀ।
“ਮਨਜੀਤ ਮੈਂ ਏਨਾ ਦੁੱਧ ਨਹੀਂ ਪੀ ਸਕਦਾ।” ਉਹ ਦੁੱਧ ਦਾ ਗਲਾਸ ਫੜੀ ਖਲੋਤੀ ਰਹੀ ਤੇ ਮੂੰਹੋਂ ਕੁਝ ਨਾ ਬੋਲੀ, ਪਰ ਉਸ ਦੀਆਂ ਅੱਖਾਂ ਵਿਚ ਕਿੰਨੀ ਮੁਸਕਰਾਹਟ ਸੀ ਤੇ ਅੱਖਾਂ ਕਹਿ ਰਹੀਆਂ ਸਨ, “ਇਹ ਕੋਈ ਬਹੁਤਾ ਨਹੀਂ, ਜੱਟਾਂ ਦੇ ਪੁੱਤ ਹੋ।”
“ਕਾਕਾ ਪੀ ਵੀ ਲੈ, ਸਾਨੂੰ ਪਤਾ ਹੈ ਤੂੰ ਚਾਹ ਦਾ ਪਿਆਕ ਹੈਂ, ਪਰ ਅੱਜ ਅਸਾਂ ਤੈਨੂੰ ਦੁੱਧ ਹੀ ਪਿਆਣਾ ਏ।” ਉਧਰ ਮਨੋ ਦੀਆਂ ਅੱਖਾਂ ਕਹਿ ਰਹੀਆਂ ਸਨ, “ਚਾਹ ਪੀ-ਪੀ ਮੂੰਹ ਸੁੱਕ ਕੇ ਸਿੱਪੀ ਹੋ ਗਿਆ ਈ, ਦੁੱਧ ਪੀ ਤੇ ਨਖਰੇ ਨਾ ਕਰ।” ਇਕਬਾਲ ਨੂੰ ਯਾਦ ਸੀ, ਜਦ ਉਸ ਨੇ ਮਨੋ ਕੋਲੋਂ ਦੁੱਧ ਵਾਲਾ ਗਲਾਸ ਫੜਿਆ ਤਾਂ ਉਸ ਦੀਆਂ ਅੱਖਾਂ ਵਿਚ ਪ੍ਰਸੰਨਤਾ ਦੀ ਕਿੰਨੀ ਚਮਕ ਸੀ।
ਇਕਬਾਲ ਅਜਿਹੀਆਂ ਗੱਲਾਂ ਸੋਚਦਾ-ਸੋਚਦਾ ਮੂੰਹ ਉਤੇ ਕਿਤਾਬ ਰੱਖ ਸੌਂ ਗਿਆ। ਜਦ ਉਹ ਉਠਿਆ ਤਾਂ ਉਸ ਵੇਖਿਆ, ਡੂੰਘੀਆਂ ਤਰਕਾਲਾਂ ਪਈਆਂ ਹੋਈਆਂ ਸਨ ਤੇ ਨਾਮੀ ਉਸ ਨੂੰ ਕਹਿ ਰਹੀ ਸੀ, “ਵੀਰਿਆ ਰੋਟੀ ਜਲਦੀ ਖਾ ਲੈ, ਅੱਜ ਅਸਾਂ ਛੱਪੜ ਕੰਢੇ ਗਿੱਧਾ ਪਾਉਣ ਜਾਣਾ ਏਂ।”
ਉਹ ਰੋਟੀ ਖਾਂਦਾ ਸੋਚ ਰਿਹਾ ਸੀ ਕਿ ਅੱਜ ਉਸ ਨੇ ਇਕ ਸਫ਼ਾ ਵੀ ਪੜ੍ਹ ਕੇ ਨਹੀਂ ਵੇਖਿਆ, ਪਰ ਇਸ ਖਿਆਲ ਨਾਲ ਉਸ ਦੇ ਮਨ ਵਿਚੋਂ ਇਹ ਹੂਕ ਉਠ ਰਹੀ ਸੀ:
ਕਿਸੇ ਵੇਖ ਲਿਆ ਮਰ ਜਾਊਂਗੀ,
ਝਾਤੀਆਂ ਨਾ ਮਾਰ ਵੈਰੀਆ!
ਉਸ ਦਾ ਦਿਮਾਗ ਇਸ ਤਰ੍ਹਾਂ ਦਾ ਹੋ ਰਿਹਾ ਸੀ, ਜਿਵੇਂ ਕਿਸੇ ਮਣਾਂ-ਮੂੰਹੀਂ ਭਾਰ ਰੱਖ ਦਿੱਤਾ ਹੋਵੇ। ਉਸ ਨੂੰ ਹਰ ਪਾਸਿਓਂ ਬਾਰੀਕ ਜਿਹੀ ਆਵਾਜ਼ ਆ ਰਹੀ ਸੀ, ਉਹ ਆਪਣੀ ਤਬੀਅਤ ਠੀਕ ਕਰਨ ਵਾਸਤੇ ਬਾਹਰ ਨਿਕਲ ਗਿਆ।
ਚੌਦ੍ਹਵੀਂ ਦਾ ਚੰਨ ਪੂਰੇ ਨਿਖਾਰ ਉਤੇ ਸੀ। ਪੱਕੀਆਂ ਫਸਲਾਂ ਵਿਚੋਂ ਮਿੱਠੀ-ਮਿੱਠੀ ਖੁਸ਼ਬੋ ਆਉਂਦੀ ਪਈ ਸੀ। ਚੰਨ ਦਾ ਅਕਸ ਛੱਪੜ ਵਿਚੋਂ ਦੋਹਰਾ ਹੋ-ਹੋ ਪੈਂਦਾ ਸੀ। ਜਿਉਂ ਜਿਉਂ ਇਕਬਾਲ ਦੇ ਮੂੰਹ ਨੂੰ ਠੰਢੀ ਹਵਾ ਲਗਦੀ, ਉਸ ਦੇ ਮਨ ਨੂੰ ਸ਼ਾਂਤੀ ਆਉਂਦੀ। ਉਹ ਸਿਰੋਂ ਪੱਗ ਲਾਹ, ਟਾਹਲੀਆਂ ਦੇ ਸਾਏ ਥੱਲੇ ਖਲੋ ਗਿਆ। ਜਦ ਉਸ ਸੱਜੇ ਪਾਸੇ ਧਿਆਨ ਕੀਤਾ ਤਾਂ ਉਸ ਨੂੰ ਪਤਾ ਲੱਗਾ, ਸਾਰੇ ਪਿੰਡ ਦੀਆਂ ਜਨਾਨੀਆਂ ‘ਕੱਠੀਆਂ ਹੋਈਆਂ ਸਨ ਤੇ ਜ਼ੋਰ ਜ਼ੋਰ ਨਾਲ ਤਾੜੀਆਂ ਮਾਰ ਰਹੀਆਂ ਸਨ।
ਪੈਰਾਂ ਦੀ ਘੁਮਕਾਰ ਤੇ ਰੌਲੇ ਵਿਚ ਉਸ ਤੋਂ ਕੋਈ ਆਵਾਜ਼ ਪਛਾਤੀ ਨਾ ਗਈ। ਉਹ ਕਈ ਵਾਰੀ ਆਪਣਾ ਸਾਹ ਘੁੱਟ-ਘੁੱਟ ਆਵਾਜ਼ਾਂ ਦੀ ਪਛਾਣ ਕਰਦਾ, ਪਰ ਉਸ ਨੂੰ ਪਤਾ ਕੁਝ ਨਾ ਲੱਗਦਾ।
ਏਨੇ ਚਿਰ ਵਿਚ ਇਕ ਵਾਰ ਫਿਰ ਰੌਲਾ ਪੈ ਗਿਆ ਤੇ ਵਿਚੋਂ ਇਕ ਨੇ ਕਿਹਾ, “ਨੀ ਪਿੜ ਜ਼ਰਾ ਖੁੱਲ੍ਹਾ ਕਰ ਦਿਓ, ਮਨੋ ਆ ਗਈ ਏ। ਗਿੱਧੇ ਦਾ ਸਵਾਦ ਹੁਣ ਆਉਣਾ ਏ।”
“ਨਾ ਬੀਬੀ ਮੈਂ ਨਹੀਂ ਗਿੱਧਾ ਪਾ ਸਕਦੀ, ਮੇਰਾ ਅੱਜ ਸਿਰ ਦੁਖਦਾ ਏ।”
“ਲੈ ਪੁੱਤ, ਮੈਂ ਅੱਜ ਵਰ੍ਹਿਆਂ ਪਿੱਛੋਂ ਆਈ ਹਾਂ, ਤਾਂ ਤੇਰਾ ਸਿਰ ਦੁਖਣ ਲੱਗ ਪਿਆ ਹੈ। ਕੋਈ ਨਵੀਂ ਬੋਲੀ ਪਾਵੀਂ,” ਮਾਈ ਸਾਹਬ ਕੌਰ ਨੇ ਆਪਣੀ ਡੰਗੋਰੀ ਨੂੰ ਖੱਬੇ ਹੱਥ ਵਿਚ ਫੜਦਿਆਂ ਕਿਹਾ।
ਪਿੜ ਖੁੱਲ੍ਹਾ ਹੋ ਗਿਆ। ਮਨੋ ਨੂੰ ਸਾਰੀਆਂ ਨੇ ਧੱਕ ਕੇ ਅੱਗੇ ਕੀਤਾ, ਤਾੜੀਆਂ ਦੀ ਤਾਲ ਇਕ ਸੁਰ ਹੋ ਗਈ ਤੇ ਸਭ ਦੇ ਸਾਹ ਘੁੱਟੇ ਗਏ। ਮਨੋ ਨੇ ਆਪਣੀ ਚੁੰਨੀ ਸਿੱਧੀ ਕੀਤੀ ਤੇ ਬੋਲੀ ਪਈ:
ਬਾਰ੍ਹੀਂ ਵਰ੍ਹੀਂ ਖੱਟਣ ਗਿਆ,
ਤੇ ਖਟ ਕੇ ਲਿਆਂਦੇ ਮਣਕੇ।
ਵੇ ਬਾਰੀ ਵਿਚ ਦੁੱਧ ਰਿੜਕਾਂ,
ਦੁੱਧ ਪੀ ਜਾ ਭੂਆ ਦਾ ਪੁੱਤ ਬਣ ਕੇ।
ਬੋਲੀ ਦੇ ਨਾਲ ਹੀ ਮਨੋ ਦੋਹਰੀ ਹੋ ਗਈ ਤੇ ਉਸ ਨੇ ਸਾਰੇ ਪਿੜ ਦਾ ਗੇੜਾ ਦੋ ਵਾਰੀ ਲਾਇਆ। ਜਵਾਨ ਤਾਂ ਇਕ ਪਾਸੇ, ਮਾਈ ਸਾਹਿਬ ਕੌਰ ਨੂੰ ਵੀ ਇੰਜ ਜਾਪਿਆ, ਜਿਵੇਂ ਉਸ ਦੇ ਮੂੰਹ ਉਤੋਂ ਸਾਰੀਆਂ ਝੁਰੜੀਆਂ ਗਾਇਬ ਹੋ ਗਈਆਂ ਨੇ, ਤੇ ਉਹ ਵੀਹਾਂ ਵਰ੍ਹਿਆਂ ਦੀ ਹੋ ਗਈ ਹੋਵੇ। ਉਹ ਸੋਚ ਰਹੀ ਸੀ, “ਵਾਹ ਵੇ ਫੌਜੀਆ ਚੰਦਰਿਆ, ਜਿਹਾ ਇਕ ਵਾਰੀ ਗਿਓਂ ਫੇਰ ਨਾ ਆਇਓਂ, ਸਾਰੀ ਉਮਰ ਤੇਰਾ ਰਾਹ ਹੀ ਤੱਕਦੀ ਰਹੀ।”
“ਬੀਬੀ ਭੈਣ ਇਕ ਬੋਲੀ ਹੋਰ ਪਾ।” ਨਾਮੀ ਮਨੋ ਨੂੰ ਕਹਿ ਰਹੀ ਸੀ। ਇਕ ਵਾਰੀ ਤਾੜੀਆਂ ਦਾ ਫਿਰ ਜ਼ੋਰ ਹੋਇਆ ਤੇ ਮਨੋ ਨੇ ਆਪਣੀ ਚੁੰਨੀ ਵਲ੍ਹੇਟ ਇਕ ਹੋਰ ਬੋਲੀ ਪਾਈ:
ਜੇ ਮੁੰਡਿਆਂ ਤੂੰ ਨੱਚਦੀ ਵੇਖਣਾ,
ਕੜੀਆਂ ਲਿਆ ਦੇ ਭੈਣ ਦੀਆਂ
ਚੁਬਾਰੇ ਮੰਜੀ ਡਾਹ ਲੈ, ਧਮਕਾਂ ਪੈਣਗੀਆਂ।
ਮਨੋ ਬੋਲੀ ਦੇ ਨਾਲ ਦੋਹਰੀ ਹੋ ਗਈ ਤੇ ਗਿੱਧਾ ਪਾਉਂਦੀ ਦੇ ਸੱਜਰੇ ਧੋਤੇ ਕੇਸ ਖੁੱਲ੍ਹ ਗਏ। ਕੇਸ ਉਹਦੇ ਦੁਆਲੇ ਹੋ, ਉਹਦੀਆਂ ਬਾਹਵਾਂ ਵਿਚੋਂ ਉਚੇ ਹੋ ਹੋ ਲੰਘਦੇ।
ਗਿੱਧਾ ਖਤਮ ਹੋਣ ਵਿਚ ਹੀ ਨਹੀਂ ਸੀ ਆਉਂਦਾ, ਨਵੀਆਂ ਨਵੀਆਂ ਬੋਲੀਆਂ ਪਾਈਆਂ ਜਾਂਦੀਆਂ। ਇਕਬਾਲ ਸੋਚ ਰਿਹਾ ਸੀ, ਸ਼ਹਿਰੀ ਜ਼ਿੰਦਗੀ ਵਿਚ ਕਿੰਨਾ ਓਪਰਾਪਨ ਹੈ, ਅਸਲੀਅਤ ਲੁਕਾ ਉਸ ਉਤੇ ਵਰਕ ਚੜ੍ਹਾ ਚੜ੍ਹਾ ਪੇਸ਼ ਕੀਤੀ ਜਾਂਦੀ ਹੈ। ਹਰ ਥਾਂ ਧੋਖੇ ਦੇਣ ਦੇ ਜਤਨ ਕੀਤੇ ਜਾਂਦੇ ਨੇ, ਤੇ ਪਿੰਡ ਵਿਚ ਜੀਵਨ ਦਾ ਅਸਲੀ ਰੂਪ ਮਿਲਦਾ ਹੈ, ਜਿਥੇ ਮਨੋ ਵਰਗੇ ਧੜਕਦੇ ਦਿਲ ਕੁਦਰਤ ਦੀ ਗੋਦ ਵਿਚ ਪਲਦੇ ਨੇ। ਮਨੋ ਮਨੋ ਹੈ, ਤੂੰ ਨਾਮੀਏ ਸੱਚ ਆਖਿਆ ਸੀ। ਜਦ ਉਹ ਅੱਗੇ ਵਧਿਆ ਤਾਂ ਉਸ ਵੇਖਿਆ, ਸਭ ਜਨਾਨੀਆਂ ਘਰਾਂ ਨੂੰ ਜਾ ਰਹੀਆਂ ਨੇ ਤੇ ਸਭ ਤੋਂ ਪਿਛੋਂ ਕੁਝ ਫਾਸਲੇ ‘ਤੇ ਨਾਮੀ ਤੇ ਮਨੋ ਕਿੰਗੜੀ ਪਾਈ ਜਾ ਰਹੀਆਂ ਸਨ। ਪਤਾ ਨਹੀਂ, ਇਕਬਾਲ ਦੇ ਸੋਚਾਂ ਭਰੇ ਦਿਮਾਗ ਨੂੰ ਕੀ ਹੋਇਆ, ਤੇ ਉਹ ਭੱਜ ਕੇ ਉਨ੍ਹਾਂ ਨਾਲ ਜਾ ਰਲਿਆ। ਉਸ ਜਾਂਦਿਆਂ ਹੀ ਮਨੋ ਦਾ ਹੱਥ ਫੜ ਲਿਆ, ਇਸ ਤੋਂ ਪਹਿਲਾਂ ਕਿ ਉਹ ਕੋਈ ਗੱਲ ਕਰਦਾ, ਮਨੋ ਨੇ ਖਿੱਚ ਕੇ ਚੁਪੇੜ ਉਸ ਦੇ ਮੂੰਹ ਉਤੇ ਮਾਰੀ ਤੇ ਕਿਹਾ, “ਇਹ ਪਿੰਡ ਹੈ, ਸ਼ਹਿਰ ਨਹੀਂ।”
ਇਕਬਾਲ ਠਠੰਬਰ ਗਿਆ ਤੇ ਉਸ ਦੇ ਮੂੰਹੋਂ ਇੰਨਾ ਹੀ ਨਿਕਲਿਆ, “ਮਨਜੀਤ, ਤੂੰ ਗਲਤ ਸਮਝੀ ਹੈਂ।”
ਅਗਲੇ ਦਿਨ ਇਕਬਾਲ ਪਿੰਡੋਂ ਚਲਾ ਗਿਆ ਤੇ ਫਿਰ ਕਦੇ ਪਿੰਡ ਨਾ ਆਇਆ। ਉਸ ਦਿਨ ਪਿੱਛੋਂ ਨਾ ਮਨੋ ਕਦੇ ਪਾਠ ਕਰਨ ਬੈਠੀ, ਤੇ ਨਾ ਉਸ ਦੇ ਮੂੰਹ ਉਤੇ ਕਿਸੇ ਪਹਿਲੇ ਵਰਗੀ ਮੁਸਕਰਾਹਟ ਹੀ ਵੇਖੀ।