ਆਜ਼ਾਦੀ ਦੀ ਲੜਾਈ ਵਿਚ ਲਾਲਾ ਹਰਦਿਆਲ ਦਾ ਯੋਗਦਾਨ ਅਭੁੱਲ ਹੈ। ਉਨ੍ਹਾਂ ਦੀ ਬੌਧਿਕ ਸਮਰੱਥਾ ਬਾਰੇ ਤਾਂ ਕਿਸੇ ਨੂੰ ਕੋਈ ਸ਼ੱਕ ਹੈ ਹੀ ਨਹੀਂ ਸੀ, ਜਦੋਂ ਅਮਰੀਕਾ ਦੀ ਧਰਤੀ ਉਤੇ ਆਜ਼ਾਦੀ ਦੀ ਲਹਿਰ ਗਦਰ ਦੇ ਰੂਪ ਵਿਚ ਕਰਵਟ ਲੈ ਰਹੀ ਸੀ ਤਾਂ ਉਸ ਵੇਲੇ ਉਨ੍ਹਾਂ ਵੱਲੋਂ ਕੀਤੀਆਂ ਪਹਿਲਕਦਮੀਆਂ ਨੇ ਉਨ੍ਹਾਂ ਦੀ ਜਥੇਬੰਦਕ ਸਮਰੱਥਾ ਦੇ ਦਰਸ਼ਨ ਵੀ ਕਰਵਾਏ। ਉਦੋਂ ਉਨ੍ਹਾਂ ਗਦਰ ਲਹਿਰ ਦੀ ਧਾਰ ਬੰਨ੍ਹਣ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦਾ ਜੀਵਨ ਲਗਾਤਾਰ ਗਤੀਸ਼ੀਲ ਰਿਹਾ ਅਤੇ ਉਹ ਹਰ ਵਾਰ ਆਪਣੇ ਲਈ ਆਪ ਰਾਸਤੇ ਤਿਆਰ ਕਰਦੇ ਰਹੇ। ਇਸ ਲੇਖ ਵਿਚ ਉਨ੍ਹਾਂ ਦੀ ਇਸੇ ਪ੍ਰਤਿਭਾ ਬਾਰੇ ਗੱਲਾਂ ਕੀਤੀਆਂ ਗਈਆਂ ਹਨ। -ਸੰਪਾਦਕ
ਚਰਨ ਸਿੰਘ ਜੱਜ
1857 ਦੀ ਆਜ਼ਾਦੀ ਦੀ ਪਹਿਲੀ ਜੰਗ ਅਸਫਲ ਹੋਣ ਕਾਰਨ ਅੰਗਰੇਜ਼ ਸਰਕਾਰ ਵੱਲੋਂ ਭਾਰਤੀਆਂ ਵਿਰੁਧ ਦਮਨ ਜ਼ੋਰਾਂ ‘ਤੇ ਸੀ। ਬਰਤਾਨਵੀ ਹਕੂਮਤ ਨੇ ਈਸਟ ਇੰਡੀਆ ਕੰਪਨੀ ਕੋਲੋਂ ਰਾਜ ਲੈ ਕੇ ਸਿੱਧਾ ਆਪਣੇ ਅਧਿਕਾਰ ਹੇਠ ਕਰ ਲਿਆ ਸੀ। ਅਗਲੇ ਸਾਲ 1858 ਵਿਚ ਮਲਕਾ ਵਿਕਟੋਰੀਆ ਦੇ ਐਲਾਨਨਾਮੇ ਰਾਹੀਂ ਭਾਰਤੀਆਂ ਨੂੰ ਵੱਡੇ ਸਬਜ਼ਬਾਗ ਦਿਖਾਏ ਗਏ ਸਨ ਕਿ ਭਾਰਤੀਆਂ ਨੂੰ ਸਰਕਾਰ ਚਲਾਉਣ ਵਿਚ ਹਿੱਸੇਦਾਰ ਬਣਾਇਆ ਜਾਵੇਗਾ। ਅਸਲ ਵਿਚ ਭਾਰਤੀਆਂ ਨੂੰ ਸਰਕਾਰ ਚਲਾਉਣ ਲਈ ਕਲਰਕ, ਪਟਵਾਰੀ, ਅਧਿਆਪਕ, ਸਿਪਾਹੀ, ਸੇਵਾਦਾਰ, ਗੇਟਕੀਪਰ ਵਰਗੀਆਂ ਛੋਟੀਆਂ ਨੌਕਰੀਆਂ ‘ਤੇ ਭਰਤੀ ਕੀਤਾ ਜਾਂਦਾ ਸੀ। ਕਿਸੇ ਵੀ ਉਚੀ ਪਦਵੀ ਉਤੇ ਕਿਸੇ ਭਾਰਤੀ ਨੂੰ ਨਿਯੁਕਤ ਨਹੀਂ ਸੀ ਕੀਤਾ ਜਾਂਦਾ। ਭਾਰਤੀਆਂ ਨੂੰ ਸਿੱਖਿਆ ਦੇਣ, ਉਦਯੋਗਿਕ ਧੰਦੇ ਲਾਉਣ, ਖੇਤੀਬਾੜੀ ਦਾ ਸੁਧਾਰ ਕਰਨ, ਪੇਂਡੂ ਲੋਕਾਂ ਦੇ ਜੀਵਨ ਕਲਿਆਣ ਲਈ ਕੁਝ ਵੀ ਨਹੀਂ ਸੀ ਕੀਤਾ ਜਾਂਦਾ। ਪੇਂਡੂ ਸਾਂਝੀ ਮਲਕੀਅਤ ਅਤੇ ਛੋਟੀ ਤੋਂ ਛੋਟੀ ਪੇਂਡੂ ਦਸਤਕਾਰੀ ਖਤਮ ਕਰ ਦਿੱਤੀ ਗਈ ਸੀ। ਭਾਰਤੀ ਕਿਸਾਨ ਦਾ ਪੈਦਾ ਕੀਤਾ ਹੋਇਆ ਕੱਚਾ ਮਾਲ ਇੰਗਲੈਂਡ ਭੇਜ ਦਿੱਤਾ ਜਾਂਦਾ ਅਤੇ ਉਥੋਂ ਪੱਕਾ ਮਾਲ ਭਾਰਤ ਵਿਚ ਆ ਕੇ ਵਿਕਣ ਲੱਗ ਪਿਆ; ਮਤਲਬ ਭਾਰਤੀ ਲੋਕਾਂ ਦੀ ਦੋਹਰੀ ਲੁੱਟ। ਭਾਰਤੀ ਜ਼ਿਹਨੀ ਤੌਰ ‘ਤੇ ਰਾਜਸੀ ਅਤੇ ਆਰਥਿਕ ਗੁਲਾਮੀ ਦਾ ਸ਼ਿਕਾਰ ਹੋ ਗਿਆ। ਭਵਿਖ ਆਸ ਤੋਂ ਹੀਣਾ ਅਤੇ ਕਾਲਖ ਭਰਿਆ ਜਾਪਦਾ ਸੀ।
ਅਜਿਹੇ ਹਾਲਾਤ ਵਿਚ ਭਾਰਤ ਵਿਚ ਵੱਖ ਵੱਖ ਧਰਮਾਂ ਦੇ ਮੁਖੀਆਂ ਨੇ ਭਾਰਤ ਦੀ ਮੁਕਤੀ ਲਈ ਆਪੋ-ਆਪਣਾ ਧਰਮ ਸੁਰਜੀਤ ਕਰਨ ਦਾ ਫੈਸਲਾ ਕਰ ਲਿਆ। ਪੰਜਾਬ ਵਿਚ ਸਿੰਘ ਸਭਾ ਲਹਿਰ (1879) ਤੇ ਖਾਲਸਾ ਦੀਵਾਨ (1888), ਸਵਾਮੀ ਦਯਾਨੰਦ ਦੀ ਆਰੀਆ ਸਮਾਜ ਲਹਿਰ (1878), ਉਤਰ ਪ੍ਰਦੇਸ਼ ਵਿਚ ਸਰ ਸਯਦ ਅਹਿਮਦ ਖਾਂ ਵੱਲੋਂ ਅਹਿਮਦੀਆ ਲਹਿਰ, ਸਨਾਤਨ ਧਰਮ ਸਭਾ (1889), ਰਾਮਕਿਸ਼ਨ ਲਹਿਰ ਆਦਿ ਦਾ ਜਨਮ ਹੋਇਆ। ਇੰਡੀਅਨ ਨੈਸ਼ਨਲ ਕਾਂਗਰਸ (1885) ਵੀ ਕਾਇਮ ਹੋਈ। ਅਨੇਕਾਂ ਭਾਰਤੀ ਭਾਸ਼ਾਵਾਂ ਅਤੇ ਅੰਗਰੇਜ਼ੀ ਵਿਚ ਅਖ਼ਬਾਰ ਨਿਕਲਣੇ ਸ਼ੁਰੂ ਹੋ ਗਏ। ਲਾਹੌਰ ਵਿਚ ਛਾਪਾਖਾਨਾ ਬਣਨ ਨਾਲ ਪੁਸਤਕਾਂ ਦਾ ਪ੍ਰਕਾਸ਼ਨ ਅਰੰਭ ਹੋਇਆ। ਲਾਹੌਰ ਵਿਚ ਪੰਜਾਬ ਯੂਨੀਵਰਸਿਟੀ ਵੀ ਇਸੇ ਸਮੇਂ ਬਣੀ। ਲਾਲਾ ਹਰਦਿਆਲ ਇਸ ਯੂਨੀਵਰਸਿਟੀ ਵਿਚ ਐਮæਏæ ਕਰਨ ਆਏ। ਉਨ੍ਹਾਂ ਪ੍ਰਾਇਮਰੀ ਵਿਦਿਆ ਕ੍ਰਿਸ਼ਚੀਅਨ ਸਕੂਲ ਤੋਂ ਪਾਸ ਕੀਤੀ ਸੀ ਅਤੇ ਬੀæਏæ ਦੀ ਡਿਗਰੀ ਸੈਫਰਨ ਕਾਲਜ ਦਿੱਲੀ ਤੋਂ ਕੀਤੀ ਸੀ। ਐਮæਏæ ਦੀ ਪੜ੍ਹਾਈ ਲਈ ਉਨ੍ਹਾਂ ਪੰਜਾਬ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ। ਲਾਹੌਰ ਵਿਚ ਕਈ ਸਾਲ ਰਹੇ ਜਿਥੇ ਉਨ੍ਹਾਂ ਵਧੇਰੇ ਕੰਮ ਕੇਵਲ ਉਚੇਰੀ ਸਿੱਖਿਆ ਪ੍ਰਾਪਤੀ ਵਿਚ ਲੰਘਾਏ। ਇਥੇ ਰਹਿੰਦਿਆਂ ਉਨ੍ਹਾਂ ਸਮਾਜ ਵਿਗਿਆਨ, ਰਾਜਨੀਤੀ ਸ਼ਾਸਤਰ, ਧਾਰਮ ਸ਼ਾਸਤਰ ਅਤੇ ਤਰਕਵਾਦ ਦੀਆਂ ਮੂਲ ਸਿਧਾਂਤਕ ਵਿਧੀਆਂ ਦਾ ਅਧਿਐਨ ਕੀਤਾ। ਲਾਲਾ ਹਰਦਿਆਲ ਨੇ ਸਾਰੀ ਉਮਰ ਆਪਣੇ ਅੰਦਰ ਪੈਦਾ ਹੋਈ ਤਰਕਬੋਧ ਦੀ ਵਿਗਿਆਨਕ ਸੋਚ ਤੋਂ ਕੰਮ ਲਿਆ। ਲਾਹੌਰ ਵਿਖੇ ਹੀ ਉਹ ਉਸ ਸਮੇਂਂ ਦੇ ਪ੍ਰਸਿੱਧ ਕਾਨੂੰਨਦਾਨ, ਲੋਕ ਗਾਇਕਾਂ, ਕੌਮੀ ਨੇਤਾਵਾਂ ਲਾਲਾ ਲਾਜਪਤ ਰਾਏ, ਬ੍ਰਹਮੋ ਸਮਾਜ ਦੇ ਸੰਸਥਾਪਕ ਦਯਾਲ ਸਿੰਘ, ਸਵਾਮੀ ਦਯਾਨੰਦ ਸਰਸਵਤੀ, ਰਾਜ ਰਾਮ ਮੋਹਨ ਰਾਏ, ਭਾਈ ਪਰਮਾਨੰਦ, ਰਮੇਸ਼ ਚੰਦਰ ਦੱਤ, ਪ੍ਰਸ਼ੋਤਮ ਪਰਣਜ ਪਾਈ ਅਤੇ ਭਾਈ ਪਰਮਾਨੰਦ ਵਰਗੇ ਮਹਾਨ ਨੇਤਾਵਾਂ ਦੀ ਸੰਗਤ ਪਾ ਕੇ ਹਰਦਿਆਲ ਨੇ ਫੈਸਲਾ ਕਰ ਲਿਆ ਕਿ ਉਸ ਦੀ ਜ਼ਿੰਦਗੀ ਦਾ ਮੁੱਖ ਮੰਤਵ ਨਾ ਵੱਡਾ ਰੁਤਬਾ ਪ੍ਰਾਪਤ ਕਰਨਾ ਹੈ, ਨਾ ਧਨ ਦੌਲਤ ਇਕੱਠੀ ਕਰਨਾ; ਬਲਕਿ ਦੇਸ਼, ਸਮਾਜ ਅਤੇ ਜਨ ਕਲਿਆਣ ਲਈ ਆਪਣੇ ਆਪ ਨੂੰ ਸਮਰਪਣ ਕਰਨਾ ਹੈ।
ਹਰਦਿਆਲ ਵਿਲੱਖਣ, ਅਲੌਕਿਕ ਅਤੇ ਪ੍ਰਤਿਭਾਸ਼ਾਲੀ ਵਿਅਕਤੀ ਸੀ। ਉਨ੍ਹਾਂ ਦਾ ਜੀਵਨ ਨਿਰੰਤਰ ਸੰਘਰਸ਼ਮਈ, ਕਸ਼ਟਮਈ, ਹੁਲਾਸਮਈ ਅਤੇ ਸਦਾ ਹੀ ਉਤਸ਼ਾਹਜਨਕ ਰਿਹਾ। ਉਨ੍ਹਾਂ ਵਿਚ ਨਾਇਕਤਵ ਦੇ ਗੁਣ ਸਨ, ਬੌਧਿਕ ਗੁਣਵੱਤਾ, ਅਦੁੱਤੀ ਯਾਦ ਸ਼ਕਤੀ ਅਤੇ ਅਧਿਐਨ ਕਰਨ ਦੀ ਕਾਬਲੀਅਤ ਸੀ। ਇਤਿਹਾਸ, ਮਿਥਿਹਾਸ, ਧਰਮ, ਅਰਥ ਅਤੇ ਆਤਮ ਚਿੰਤਨ ਕਰਨ ਦੀ ਸਮਰਥਾ ਲਾਜਵਾਬ ਸੀ। ਹਰਦਿਆਲ ਦੇ ਜੀਵਨ ਵਿਚ ਵਿਸ਼ਾਲਤਾ, ਅਤਿ ਡੂੰਘਾਈ, ਉਚਾਈ, ਸੁਹਿਰਦਤਾ, ਇਮਾਨਦਾਰੀ, ਕਰਮਸ਼ੀਲਤਾ, ਸਾਦਗੀ, ਸੰਨਿਆਸ, ਤਿਆਗ, ਪ੍ਰਤੀਬੱਧਤਾ-ਹਰ ਖੇਤਰ ਦੀ ਗੁਣਵੱਤਾ ਸੀ। ਅੰਗਰੇਜ਼ ਖਿਲਾਫ ਭਾਰਤੀ ਆਜ਼ਾਦੀ ਦੀ ਲੜਾਈ ਲੜਨ ਵਾਸਤੇ ਸਾਰੀਆਂ ਸਰਗਰਮੀਆਂ ਦਾ ਕੇਂਦਰ ਬਿੰਦੂ ਲਾਹੌਰ ਸੀ ਜਿਥੇ ਬੰਗਾਲ, ਯੂæਪੀæ ਅਤੇ ਦੱਖਣੀ ਭਾਰਤ ਦੇ ਵਿਦਿਆਰਥੀ ਪੜ੍ਹਨ ਆਉਂਦੇ ਸਨ।
ਉਚੇਰੀ ਸਿੱਖਿਆ ਵਾਸਤੇ ਇੰਗਲੈਂਡ ਦੀ ਯਾਤਰਾ
ਲਾਲਾ ਹਰਦਿਆਲ ਦੀ ਬੌਧਿਕ ਸ਼ੁਹਰਤ ਦੇਸ਼ ਦੇ ਕੋਨੇ ਕੋਨੇ ਵਿਚ ਫੈਲ ਚੁੱਕੀ ਸੀ। ਭਾਰਤ ਦੀ ਅੰਗਰੇਜ਼ ਸਰਕਾਰ ਵੱਲੋਂ ਭਾਰਤ ਦੇ ਹੁਸ਼ਿਆਰ ਹੋਣਹਾਰ ਨੌਜੁਆਨ ਵਿਦਿਆਰਥੀਆਂ ਨੂੰ ਇੰਗਲੈਂਡ ਜਾ ਕੇ ਉਚੇਰੀ ਪੜ੍ਹਾਈ ਕਰਨ ਲਈ ਕੁਝ ਵਜ਼ੀਫੇ ਦਿੱਤੇ ਜਾਂਦੇ ਸਨ। ਪਹਿਲੀ ਵਾਰ ਉਤਰੀ ਭਾਰਤ ਦੇ ਪੰਜਾਬ ਪ੍ਰਾਂਤ ਵਿਚੋਂ ਇਕੋ ਇਕ ਵਜ਼ੀਫਾ ਲਾਲਾ ਹਰਦਿਆਲ ਦੇ ਨਾਂ ‘ਤੇ ਪਾਸ ਹੋਇਆ। ਹਰਦਿਆਲ ਨੇ ਸੇਂਟ ਜੋਹਨ ਕਾਲਜ, ਔਕਸਫੋਰਡ ਵਿਖੇ ਦਾਖਲਾ ਲਿਆ। ਉਨ੍ਹਾਂ ਨੇ ਅਧਿਐਨ ਦਾ ਵਿਸ਼ਾ ਮਾਡਰਨ ਹਿਸਟਰੀ ਚੁਣਿਆ ਜਿਸ ਵਿਚ ਉਨ੍ਹਾਂ ਯੂਰਪੀ ਹਿਸਟਰੀ ਅਤੇ ਬ੍ਰਿਟਿਸ਼ ਇੰਡੀਆ ਦੇ ਤੁਲਨਾਤਮਿਕ ਅਧਿਐਨ ਅਨੁਸਾਰ ਖੋਜ ਕਰਨੀ ਸੀ। ਹਰਦਿਆਲ ਨੇ ਆਪਣੀ ਪ੍ਰਚੰਡ ਤੇਜ਼ ਬੁੱਧੀ ਵਾਲੀ ਵਿਲੱਖਣ ਪ੍ਰਤਿਭਾਸ਼ਾਲੀ ਅਸਾਧਾਰਨ ਯੋਗਤਾ ਨਾਲ ਆਪਣੇ ਜਮਾਤੀਆਂ ਅਤੇ ਅਧਿਆਪਕਾਂ ਨੂੰ ਪ੍ਰਭਾਵਿਤ ਕਰ ਲਿਆ। ਛੇਤੀ ਹੀ ਉਹ ਔਕਸਫੋਰਡ ਵਿਖੇ ਭਾਰਤੀ ਵਿਦਿਆਰਥੀਆਂ ਦੇ ਨਾਇਕ ਬਣ ਗਏ। ਜੋ ਉਨ੍ਹਾਂ ਉਥੇ ਜਾ ਕੇ ਕੀਤਾ, ਉਹ ਸੀ ਸਾਦਾ ਜੀਵਨ ਸ਼ੈਲੀ, ਸਾਧਾਰਨ ਭਾਰਤੀ ਖਾਣਾ, ਸਾਧਾਰਨ ਕਮਰਾ, ਸਾਧਾਰਨ ਪਹਿਰਾਵਾ। ਇੰਗਲੈਂਡ ਰਹਿੰਦਿਆਂ ਈਸਟ ਇੰਡੀਆ ਐਸੋਸੀਏਸ਼ਨ ਦੇ ਜਨਮ ਦਾਤਾ ਭਾਰਤੀ ਨੇਤਾ ਦਾਦਾ ਭਾਈ ਨੈਰੋਜੀ ਅਤੇ ਦੂਜੇ ਸ਼ਿਆਮ ਕ੍ਰਿਸ਼ਨ ਜੀ ਵਰਮਾ ਨਾਲ ਮੁਲਾਕਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਨ੍ਹਾਂ ਆਗੂਆਂ ਨਾਲ ਮਿਲ ਕੇ ਭਾਰਤ ਦੀ ਕੌਮੀ ਲਹਿਰ ਵਿਚ ਭਾਗ ਲੈਣ ਦਾ ਫੈਸਲਾ ਕੀਤਾ ਅਤੇ ਹੋਰ ਪਰਵਾਸੀਆਂ ਨੂੰ ਅਜ਼ਾਦੀ ਸੰਗਰਾਮ ਤੇਜ਼ ਕਰਨ ਲਈ ਲਲਕਾਰਿਆ। ਲੰਦਨ ਵਿਖੇ ਇੰਡੀਆ ਹਾਊਸ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਸਨ ਜਿਥੇ ਭਾਰਤੀ ਲੀਡਰ ਅਤੇ ਵਿਦਿਆਰਥੀਆਂ ਵਿਚਕਾਰ ਭਾਰਤ ਦੀ ਆਜ਼ਾਦੀ ਦੀਆਂ ਵਿਚਾਰਾਂ ਖੁੱਲ੍ਹ ਕੇ ਹੁੰਦੀਆਂ।
ਲਾਲਾ ਹਰਦਿਆਲ ਨੇ ਲੰਦਨ ਪੜ੍ਹਦਿਆਂ ਜਦੋਂ ਵੀਰ ਸਾਵਰਕਰ ਦੀ ਸੰਗਤ ਪ੍ਰਾਪਤ ਕੀਤੀ ਤਾਂ ਦੋਵਾਂ ਦੀਆਂ ਰਾਜਨੀਤਕ ਗਤੀਵਿਧੀਆਂ ਨੇ ਨਵਾਂ ਮੋੜ ਕੱਟਿਆ। ਉਨ੍ਹਾਂ ਨੇ ਰਲ ਕੇ ਆਪਣਾ ਮੁੱਖ ਉਦੇਸ਼ ਭਾਰਤ ਵਿਚ ਬਰਤਾਨਵੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਲਈ ਰਾਜਨੀਤਕ ਚੇਤਨਾ ਪੈਦਾ ਕਰਨ ਦਾ ਬਣਾਇਆ। ਇਸ ਕਾਰਜ ਨੂੰ ਗੁਪਤ ਰੱਖ ਕੇ ਉਹ ਵਿਦਿਆਰਥੀਆਂ ਵਿਚ ਪ੍ਰਚਾਰ ਕਰਦੇ। ਉਨ੍ਹਾਂ ਪਰਵਾਸੀ ਭਾਰਤੀਆਂ ਦੇ ਦਿਲੋ ਦਿਮਾਗ ਵਿਚ ਜਾਗ੍ਰਿਤੀ ਦੇ ਸੱਚੇ ਸੁੱਚੇ ਭਾਵ ਭਰ ਦਿੱਤੇ ਅਤੇ ਵਤਨ ਪਿਆਰ ਦੀ ਜੋਤ ਜਗਣ ਲੱਗੀ। 23 ਫਰਵਰੀ 1907 ਨੂੰ ਇੰਡੀਅਨ ਹੋਮ ਰੂਲ ਸੁਸਾਇਟੀ ਦੀ ਸਾਲਾਨਾ ਬੈਠਕ ਕੀਤੀ। ਪਰਵਾਸੀ ਵੱਡੀ ਗਿਣਤੀ ਵਿਚ ਆਏ ਤੇ ਉਨ੍ਹਾਂ ਆਪਣਾ ਸਮਰਥਨ ਪੇਸ਼ ਕੀਤਾ। ਉਸ ਸਮੇਂ ਸ਼ਿਆਮ ਜੀ ਕਿਸ਼ਨ ਜੀ ਵਰਮਾ ਨੇ ਸਭਾ ਨੂੰ ਦਸ ਹਜ਼ਾਰ ਪੌਂਡ ਦਿੱਤੇ। ਇਸ ਪ੍ਰੇਰਨਾ ਤੋਂ ਖੁਸ਼ ਹੋ ਕੇ ਹਰਦਿਆਲ ਨੇ ਦੇਸ਼ ਅੰਦਰ ਭਾਰਤੀਆਂ ਨੂੰ ਇਕਮੁੱਠ ਕਰਨ ਅਤੇ ਅੰਗਰੇਜ਼ ਸਰਕਾਰ ਵਿਰੁਧ ਪ੍ਰਚਾਰ ਕਰਨ ਦੀ ਯੋਜਨਾ ਬਣਾਈ ਤੇ ਫੈਸਲਾ ਕੀਤਾ ਕਿ ਅੰਗਰੇਜ਼ੀ ਵਿਚ ਨਿਕਲਦੇ ਪਰਚੇ ‘ਸਵਰਾਜ’ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ।
ਹਰਦਿਆਲ ਦੀ ਅਸਲ ਯੋਜਨਾ ਅਜ਼ਾਦੀ ਦੀ ਲੜਾਈ ਨੂੰ ਲੋਕ ਸੰਗਰਾਮ ਬਣਾਉਣਾ ਸੀ। ਉਸ ਸਮੇਂ ਲਾਲਾ ਹਰਦਿਆਲ ਨੇ ਸ੍ਰੀ ਸ਼ਿਆਮ ਜੀ ਕਿਸ਼ਨ ਵਰਮਾ ਨੂੰ ਇਕ ਪੱਤਰ ਵੀ ਦਿੱਤਾ ਸੀ ਜਿਸ ਨੂੰ ਹਰਦਿਆਲ ਨੇ ਹੀ ਤਿਆਰ ਕੀਤਾ ਸੀ। ਇਸ ਨੂੰ ਭਾਰਤ ਦੀ ਸੁਤੰਤਰਤਾ ਲਈ ਪਹਿਲਾ ਦਸਤਾਵੇਜ਼ ਕਹਿ ਸਕਦੇ ਹਾਂ। ਇਸ ਤੋਂ ਬਾਅਦ ਹਰਦਿਆਲ ਵਲੋਂ ਸਾਰੇ ਭਾਰਤੀਆਂ ਨੂੰ ਪ੍ਰੇਰਨਾ ਭਰੇ ਸੁਨੇਹੇ ਲੇਖਾਂ ਦੇ ਰੂਪ ਵਿਚ ਦਿੱਤੇ ਜਾਣ ਲੱਗੇ; ਕਿ ਭਾਰਤ ਦੇ ਨੌਜੁਆਨ ਉਚਤਮ ਚਰਿੱਤਰ ਧਾਰ ਕੇ ਦੇਸ਼ ਦੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਸਮਝਣ ਤੇ ਉਨ੍ਹਾਂ ਦੀਆਂ ਆਰਥਿਕ ਸਮਾਜਕ ਉਲਝਣਾਂ ਨੂੰ ਦੂਰ ਕਰਨ। ਹਰਦਿਆਲ ਹੁਣ ਖੁੱਲ੍ਹ ਕੇ ਭਾਰਤ ਵਿਚਲੀ ਅੰਗਰੇਜ਼ ਸਰਕਾਰ ਵਿਰੁਧ ਬੋਲਣ ਅਤੇ ਲਿਖਣ ਲੱਗ ਪਏ। ਜੂਨ 1907 ਵਿਚ ਸ਼ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਦੇ ਫੜੇ ਜਾਣ ਕਰ ਕੇ ਉਨ੍ਹਾਂ ਨੇ ਅਖ਼ਬਾਰ ਵਿਚ ਲਿਖ ਕੇ ਅਤੇ ਵਿਦਿਆਰਥੀਆਂ ਦੀਆਂ ਮੀਟਿੰਗਾਂ ਵਿਚ ਜੋਸ਼ੀਲੇ ਭਾਸ਼ਣ ਦੇ ਕੇ ਨੌਜੁਆਨਾਂ ਦੀ ਚੇਤਨਾ ਨੂੰ ਪ੍ਰਚੰਡ ਕੀਤਾ। ਉਨ੍ਹਾਂ ਦੀਆਂ ਖਰੀਆਂ ਖਰੀਆਂ ਗੱਲਾਂ ਲੇਖਾਂ ਦੇ ਰੂਪ ਵਿਚ ਇੰਗਲੈਂਡ ਅਤੇ ਲਾਹੌਰ ਦੇ ਅਖਬਾਰਾਂ ਵਿਚ ਛਪਦੀਆਂ ਰਹਿੰਦੀਆਂ ਜਿਨ੍ਹਾਂ ਰਾਹੀਂ ਪੰਜਾਬੀਆਂ ਦੇ ਮਨਾਂ ਅੰਦਰ ਦੇਸ਼ ਪਿਆਰ ਦੀ ਚੇਤਨਾ ਪ੍ਰਚੰਡ ਹੁੰਦੀ ਰਹਿੰਦੀ।
ਇੰਗਲੈਂਡ ਵਿਚ ਰਹਿੰਦੇ ਸ਼ ਸਰਦਾਰ ਸਿੰਘ, ਰੇਵਾ ਭਾਈ, ਮੈਡਮ ਰਾਣਾ ਭੇਖੇ ਜੀ ਰੁਸਤਮ ਅਤੇ ਕੇæਆਰæ ਕਾਮਾ ਆਦਿ ਭਾਰਤੀਆਂ ਦੇ ਯੋਗਦਾਨ ਨੂੰ ਵੀ ਘੱਟ ਕਰ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਇਸੇ ਤਰ੍ਹਾਂ ਜਦੋਂ ਐਸ਼ਆਰæ ਰਾਣਾ ਪੈਰਿਸ ਵਿਖੇ ਸਨ ਤਾਂ ਹਰਦਿਆਲ ਨੇ ਲੰਦਨ ਰਹਿੰਦੇ ਕ੍ਰਾਂਤੀਕਾਰੀ ਭਾਰਤੀਆਂ ਨੂੰ ਰੂਸ ਦੇ ਕ੍ਰਾਂਤੀਕਾਰੀਆਂ ਨੂੰ ਮਿਲਾਉਣ ਲਈ ਆਖਿਆ ਜਿਹੜੇ ਬੰਬ ਬਣਾਉਣ ਅਤੇ ਚਲਾਉਣ ਦੇ ਮਾਹਿਰ ਸਨ। ਮੈਡਮ ਕਾਮਾ ਭਾਰਤ ਦੀ ਕੌਮੀ ਕਾਰਜਾਂ ਦੀ ਕੇਂਦਰ ਮੰਨੀ ਜਾਣ ਵਾਲੀ ਅਜਿਹੀ ਇਸਤਰੀ ਸੀ ਜਿਸ ਨੇ ਵਿਦੇਸ਼ਾਂ ਵਿਚ ਭਾਰਤ ਦੀ ਕੌਮੀ ਲਹਿਰ ਨੂੰ ਹੁਲਾਰਾ ਦਿੱਤਾ।
ਵੀਰ ਸਾਵਰਕਰ ਅਤੇ ਲਾਲਾ ਹਰਦਿਆਲ ਨੇ ਆਪਣੇ ਮੂਲ ਉਦੇਸ਼ ਮਿਥੇ ਕਿ ਅਸੀਂ ਭਾਰਤੀ, ਭਾਰਤ ਵਿਚ ਬਰਤਾਨਵੀ ਹਕੂਮਤ ਦਾ ਅੰਤ ਕਰਨਾ ਹੈ। ਪਿਛੋਂ ਜਾ ਕੇ ਉਨ੍ਹਾਂ ਸਪਸ਼ਟ ਕੀਤਾ ਕਿ ਜੇ ਲੋੜ ਪਈ ‘ਹਥਿਆਰਬੰਦ ਇਨਕਲਾਬ’ ਵੀ ਕੀਤਾ ਜਾ ਸਕਦਾ ਹੈ। ਹਰਦਿਆਲ ਜਦ ਪੈਰਿਸ ਵਿਚ ਸਨ ਤਾਂ ਲੰਦਨ ਵਿਖੇ ਵੀਰ ਸਾਵਰਕਰ ਆਪਣੇ ਵਿਦਰੋਹ ਲਈ ਤਿਆਰੀਆਂ ਕਰ ਰਿਹਾ ਸੀ। ਉਸ ਨੇ ਆਪਣੇ ਸਾਧਨਾਂ ਰਾਹੀਂ ਬੰਦੂਕਾਂ, ਰਾਈਫਲਾਂ, ਗੋਲੀ ਸਿੱਕਾ ਤੇ ਬੰਬ ਇਕੱਠੇ ਕਰਨੇ ਅਰੰਭ ਕਰ ਦਿੱਤੇ ਸਨ। ਵੀਰ ਸਾਵਰਕਰ ਦਾ ਖਾਨਸ਼ਾਮਾ ਜਦ ਪਾਣੀ ਵਾਲੇ ਜਹਾਜ਼ ਰਾਹੀਂ ਬੰਬਈ ਗਿਆ ਤਾਂ ਉਸ ਨੇ ਉਸ ਦੇ ਸਾਮਾਨ ਵਿਚ ਵੀਹ ਆਟੋਮੈਟਿਕ ਬਰਾਊਨਿੰਗ ਰਾਈਫਲਾਂ ਅਸਲੇ ਸਮੇਤ ਪੈਕ ਕਰ ਕੇ ਭੇਜ ਦਿੱਤੀਆਂ। ਇਹ ਗੁਪਤ ਅਸਲਾ ਸਾਵਰਕਰ ਨੇ ਆਪਣੇ ਵੱਡੇ ਭਰਾ ਨੂੰ ਭੇਜਿਆ ਸੀ। ਸਾਵਰਕਰ ਦੇ ਵੱਡੇ ਭਰਾ ਨੂੰ ਬਗਾਵਤ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਕੇ ਦੇਸ਼ ਨਿਕਾਲਾ ਦੇ ਕੇ ਅੰਡੇਮਾਨ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ। ਵੀਰ ਸਾਵਰਕਰ ਨੇ ਇਸ ਘਟਨਾ ਪਿਛੋਂ ਅੰਗਰੇਜ਼ ਸਰਕਾਰ ਵਿਰੁਧ ਆਪਣੀ ਮੁਹਿੰਮ ਹੋਰ ਤੇਜ਼ ਕਰ ਦਿੱਤੀ।
ਪਹਿਲੀ ਜੁਲਾਈ 1909 ਨੂੰ ਦਾਦਾ ਭਾਈ ਨੈਰੋਜੀ ਦੀ ਇੰਡੀਅਨ ਐਸੋਸੀਏਸ਼ਨ ਦੀ ਲੰਦਨ ਵਿਖੇ ਸਾਲਾਨਾ ਬੈਠਕ ਹੋ ਰਹੀ ਸੀ ਜਿਸ ਵਿਚ ਭਾਰਤ ਸਰਕਾਰ ਦੇ ਸਹਾਇਕ ਸਕੱਤਰ ਸਰ ਵਿਲੀਅਮ ਕਰਜ਼ਨ ਵੀ ਸ਼ਾਮਿਲ ਸਨ। ਮਦਨ ਲਾਲ ਢੀਂਗਰਾ ਨੇ ਉਸ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ। ਨਾਲ ਹੀ ਇਸ ਘਟਨਾ ਵਿਚ ਪਾਰਸੀ ਡਾਕਟਰ ਕਵਸ ਲਲਕਲਾ ਦਾ ਵੀ ਕਤਲ ਹੋ ਗਿਆ। ਇਸ ਘਟਨਾ ਤੋਂ ਬਾਅਦ ਮਦਨ ਲਾਲ ਢੀਂਗਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 7 ਅਗਸਤ 1909 ਨੂੰ ਉਸ ਨੂੰ ਫਾਂਸੀ ਦਿੱਤੀ ਗਈ। ਇਸ ਦਲੇਰੀ ਭਰੀ ਕਾਰਵਾਈ ਨੇ ਭਾਰਤੀ ਨੌਜੁਆਨਾਂ ਅੰਦਰ ਉਤਸ਼ਾਹ ਭਰ ਦਿੱਤਾ। ਉਸੇ ਦਿਨ ‘ਡੇਲੀ ਨਿਊਜ਼’ ਵਿਚ ਇਕ ਅੰਗਰੇਜ਼ ਡੇਵਿਡ ਗਾਰਵੇਟ ਦਾ ਬਿਆਨ ਛਪਿਆ ਜਿਸ ਤੋਂ ਸਾਫ ਪਤਾ ਲੱਗਦਾ ਸੀ ਕਿ ਮਦਨ ਲਾਲ ਢੀਂਗਰਾ ਦਾ ਪ੍ਰੇਰਨਾ ਸਰੋਤ ਕੋਈ ਅਜਿਹੀ ਹਸਤੀ ਸੀ ਜਿਸ ਨੇ ਬਰਤਾਨਵੀ ਧਰਤੀ ‘ਤੇ ਰਹਿ ਕੇ ਆਪਣੀ ਸ਼ਕਤੀ ਦਾ ਪਾਸਾਰ ਕੀਤਾ ਹੋਇਆ ਹੈ। ਇਸ ਕਤਲ ਦੀ ਸਾਜ਼ਿਸ਼ ਵਿਚ ਨਾ ਲਾਲਾ ਹਰਦਿਆਲ ਅਤੇ ਨਾ ਹੀ ਵੀਰ ਸਾਵਰਕਰ ਦਾ ਨਾਂ ਆਇਆ। ਹਾਂ, ਉਨ੍ਹਾਂ ਬਾਰੇ ਅਨੇਕਾਂ ਸੂਚਨਾਵਾਂ ਮਿਲਦੀਆਂ ਰਹਿੰਦੀਆਂ ਸਨ ਕਿ ਉਨ੍ਹਾਂ ਦੀ ਉਗਰਵਾਦੀ ਲਹਿਰ ਕੌਮਾਂਤਰੀ ਪੱਧਰ ‘ਤੇ ਪੈਰ ਪਾਸਾਰ ਰਹੀ ਹੈ। ਉਦਾਰਵਾਦੀ ਨੇਤਾਵਾਂ ਵਿਚ ਗੋਪਾਲ ਕ੍ਰਿਸ਼ਨ ਗੋਖਲੇ ਅਤੇ ਮਹਾਤਮਾ ਗਾਂਧੀ ਨੇ ਮਦਨ ਲਾਲ ਢੀਂਗਰਾ ਵੱਲੋਂ ਕੀਤੇ ਕਤਲ ਨੂੰ ਭਾਰਤ ਲਈ ਹਾਨੀਕਾਰਕ ਕਿਹਾ ਅਤੇ ਪਾਗਲਾਂ ਵਾਲਾ ਵਰਤਾਰਾ ਦੱਸਿਆ। ਉਦਾਰਵਾਦੀਆਂ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੇ ਹਮਾਇਤੀਆਂ ਨੂੰ ਪਾਗਲ ਵਹਿਸ਼ੀ ਘ੍ਰਿਣਾਯੋਗ ਕਹਿ ਕੇ ਭੰਡੀ ਪ੍ਰਚਾਰ ਕੀਤਾ। ਹਰਦਿਆਲ, ਵੀਰ ਸਾਵਰਕਰ ਅਤੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਸਾਫ ਐਲਾਨ ਕੀਤਾ ਕਿ ਮਦਨ ਲਾਲ ਢੀਂਗਰਾ ਨੂੰ ਭਾਰਤ ਦੀ ਆਜ਼ਾਦੀ ਦਾ ਸੱਚਾ ਸ਼ਹੀਦ ਮੰਨਣਾ ਪਵੇਗਾ। ਉਨ੍ਹਾਂ ਨੇ ਸਪਸ਼ਟ ਸ਼ਬਦਾਂ ਵਿਚ ਆਖਿਆ ਕਿ ਗੋਪਾਲ ਕ੍ਰਿਸ਼ਨ ਗੋਖਲੇ ਅਤੇ ਮਹਾਤਮਾ ਗਾਂਧੀ ਵਰਗੇ ਉਦਾਰਵਾਦੀ ਨੇਤਾਵਾਂ ਨੇ ਹੀ ਭਾਰਤ ਨੂੰ ਅੰਗਰੇਜ਼ਾਂ ਦੀ ਝੋਲੀ ਪਾਇਆ ਹੋਇਆ ਹੈ। ਅੰਗਰੇਜ਼ ਆਪਣੀ ਸ਼ਕਤੀ ਨਾਲ ਨਹੀਂ, ਉਦਾਰਵਾਦੀ ਆਗੂਆਂ ਦੇ ਸਹਿਯੋਗ ਨਾਲ ਭਾਰਤ ਉਤੇ ਹਕੂਮਤ ਕਰ ਰਹੇ ਹਨ।
ਤੇਜ਼ ਤਰਾਰ ਬੋਲਣ ਵਾਲੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੇ ਇਸ ਤੋਂ ਪਹਿਲਾਂ ਹੀ ਆਪਣੀ ਸਾਰੀ ਜਾਇਦਾਦ ਵੇਚ ਕੇ ਜੋ ਧਨ ਪ੍ਰਾਪਤ ਕੀਤਾ ਸੀ, ਉਸ ਨਾਲ ਉਹ ਇਕ ਕ੍ਰਾਂਤੀਕਾਰੀ ਅਖ਼ਬਾਰ ਕੱਢਣ ਦੇ ਚਾਹਵਾਨ ਸਨ। ਇਸ ਅਖਬਾਰ ਦੇ ਸੰਪਾਦਕ ਉਹ ਲਾਲਾ ਹਰਦਿਆਲ ਨੂੰ ਬਣਾਉਣਾ ਚਾਹੁੰਦੇ ਸਨ। ਜਦੋਂ ਅਖ਼ਬਾਰ ਦੀ ਯੋਜਨਾ ਬਣੀ ਤਾਂ ਮੈਡਮ ਕਾਮਾ ਨੇ ਵੀ ਆਪਣੇ ਸਾਧਨਾਂ ਤੋਂ ਕਾਫੀ ਮਾਲੀ ਸਹਾਇਤਾ ਕੀਤੀ। ‘ਵੰਦੇ ਮਾਤਰਮ’ ਨਾਮ ਦਾ ਪਹਿਲਾ ਸੰਸਕਰਨ 10 ਸਤੰਬਰ 1910 ਨੂੰ ਨਿਕਲਿਆ। ਇਸ ਵਿਚ ਬਹੁਤੀਆਂ ਲਿਖਤਾਂ ਹਰਦਿਆਲ ਦੀਆਂ ਸਨ। ਇਸ ਵਿਚ ਭਾਰਤ ਦੇ ਕਾਂਗਰਸੀ ਉਦਾਰਵਾਦੀ ਲੀਡਰਾਂ ਸਰਵਸ੍ਰੀ ਸੁਰਿੰਦਰਨਾਥ ਬੈਨਰਜੀ ਅਤੇ ਗੋਪਾਲ ਕ੍ਰਿਸ਼ਨ ਗੋਖਲੇ ਦੀ ਸਖਤ ਆਲੋਚਨਾ ਕੀਤੀ ਗਈ ਸੀ। ਇਸੇ ਪਰਚੇ ਵਿਚ ਮਦਨ ਲਾਲ ਢੀਂਗਰਾ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ ਕਿ ਉਹ ਪੁਰਾਤਨ ਕਾਲ ਦੇ ਨਾਇਕ ਵਾਂਗ ਸਨ ਜਿਸ ਨੇ ਆਪਣੇ ਮੁਕੱਦਮੇ ਦੀ ਪੈਰਵਾਈ ਕਰਦਿਆਂ ਸਿੱਧ ਕੀਤਾ ਕਿ ਉਹ ਵੀ ਭਾਰਤ ਦੇ ਰਾਜਪੂਤਾਂ ਅਤੇ ਸਿੱਖਾਂ ਦੀ ਸ਼ਹਾਦਤ ਵਾਂਗ ਨੇਕ ਕੰਮ ਲਈ ਕੁਰਬਾਨ ਹੋ ਰਿਹਾ ਹੈ। ਉਸ ਨੇ ਬਰਤਾਨਵੀ ਸਰਕਾਰ ਨੂੰ ਮੌਤ ਦਾ ਮੂੰਹ ਦਿਖਾ ਦਿੱਤਾ ਹੈ।
ਹਰਦਿਆਲ ਨੇ ਭਾਰਤ ਵਿਚ ਬਰਤਾਨਵੀ ਸਰਕਾਰ ਦੀ ਹਰ ਦਮਨ ਨੀਤੀ ਦੀ ਨਿੰਦਾ ਕੀਤੀ ਅਤੇ ਲੋਕਾਂ ਨੂੰ ਜਾਗ੍ਰਿਤ ਹੋ ਕੇ ਇਸ ਬੇਇਨਸਾਫੀ ਵਿਰੁਧ ਬਗਾਵਤ ਕਰਨ ਲਈ ਪ੍ਰੇਰਨਾ ਦਿੱਤੀ। ਉਧਰ, ਵੀਰ ਸਾਵਰਕਰ ਦਾ ਭੇਜਿਆ ਅਸਲਾ ਭਾਰਤ ਦੇ ਦੇਸ਼ ਭਗਤਾਂ ਕੋਲ ਪੁੱਜ ਗਿਆ ਸੀ। ਉਨ੍ਹਾਂ ਨੇ ਨਾਸਕ ਵਿਖੇ ਅੰਗਰੇਜ਼ ਮੈਜਿਸਟਰੇਟ ਮਿਸਟਰ ਏæਐਚæ ਜੈਕਸਨ ਦਾ ਕਤਲ ਕਰ ਦਿੱਤਾ। ਪਤਾ ਲੱਗਾ ਕਿ ਇਹ ਕਤਲ ਆਟੋਮੈਟਿਕ ਬਰਾਊਨਿੰਗ ਪਿਸਤੌਲ ਨਾਲ ਕੀਤਾ ਗਿਆ ਸੀ। ਹਰਦਿਆਲ ਨੇ ਇਸ ਘਟਨਾ ਅਤੇ ਇਸ ਦੇ ਨਾਇਕਾਂ ਦੀ ਪ੍ਰਸੰਸਾ ਕੀਤੀ। ਇਸ ਤੋਂ ਬਾਅਦ ਵੀਰ ਸਾਵਰਕਰ ਲੰਦਨ ਤੋਂ ਪੈਰਿਸ ਚਲਾ ਗਿਆ ਤਾਂ ਕਿ ਲੰਦਨ ਵਿਚ ਗ੍ਰਿਫ਼ਤਾਰੀ ਨਾ ਹੋ ਜਾਵੇ। ਉਥੇ ਵੀ ਉਸ ਦੀਆਂ ਸਰਗਰਮੀਆਂ ਉਵੇਂ ਹੀ ਜਾਰੀ ਰਹੀਆਂ। ਅਖੀਰ ਸਾਰੇ ਦੋਸਤਾਂ-ਮਿੱਤਰਾਂ ਨਾਲ ਸਲਾਹ ਕੀਤੀ ਕਿ ਪੈਰਿਸ ਵਿਚ ਰਹਿਣ ਨਾਲੋਂ ਭਾਰਤ ਜਾ ਕੇ ਅਜ਼ਾਦੀ ਦੀ ਲੜਾਈ, ਬਾਕੀ ਦੇਸ਼ ਭਗਤਾਂ ਵਾਂਗ ਲੜਨੀ ਚਾਹੀਦੀ ਹੈ। ਹਰਦਿਆਲ ਅਤੇ ਮੈਡਮ ਕਾਮਾ ਨੇ ਕਿਹਾ ਵੀ ਕਿ ਉਹ ਭਾਰਤ ਨਹੀਂ ਜਾ ਸਕਦੇ। ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਵੱਲੋਂ ਜੋ ਅੰਦੋਲਨ ਸ਼ੁਰੂ ਹੈ, ਉਸ ਦੀ ਮੂਲ ਸ਼ਕਤੀ ਉਹ ਹੀ ਹੈ। ਵੀਰ ਸਾਵਰਕਰ ਦਾ ਕਹਿਣਾ ਸੀ ਕਿ ਉਹਨੇ ਹੁਣ ਪੈਰਿਸ ਦੇ ਬਾਗਾਂ ਦੀ ਸੈਰ ਨਹੀਂ ਕਰਨੀ, ਹੁਣ ਮਾਤ ਭੂਮੀ ਯਾਦ ਕਰ ਰਹੀ ਹੈ। ਜਦ ਵੀਰ ਸਾਵਰਕਰ ਰੇਲਵੇ ਸਟੇਸ਼ਨ ‘ਤੇ ਪੁੱਜਾ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਹਿਲੀ ਜੁਲਾਈ 1910 ਨੂੰ ਸਮੁੰਦਰੀ ਜਹਾਜ਼ ਰਾਹੀਂ ਭਾਰਤ ਭੇਜ ਦਿੱਤਾ। ਲਾਲਾ ਹਰਦਿਆਲ ਲਈ ਵੀਰ ਸਾਵਰਕਰ ਦਾ ਵਿਛੋੜਾ ਅਸਹਿ ਸੀ। ਉਸ ਨੂੰ ਪੈਰਿਸ ਵਿਚ ਰਹਿਣਾ ਭਾਰੂ ਜਾਪਣ ਲੱਗ ਪਿਆ।
ਲਾਲਾ ਹਰਦਿਆਲ ਨੇ ਜੋ ਸੋਚਿਆ ਸੀ, ਉਹ ਪੂਰਾ ਨਾ ਹੁੰਦਾ ਦੇਖ ਕੇ ਮਾਯੂਸੀ ਦੇ ਆਲਮ ਵਿਚ ਫਸਿਆ ਮਹਿਸੂਸ ਕਰਨ ਲੱਗ ਪਏ। ਇਸ ਤੋਂ ਬਾਅਦ ਉਹ ਅਫਰੀਕੀ ਦੇਸ਼ ਅਲਜੀਰੀਆ ਦੇ ਮਾਰਟੀਨੀਕੀਓ ਸ਼ਹਿਰ ਚਲੇ ਗਏ। ਉਥੇ ਗ੍ਰਿਫ਼ਤਾਰੀ ਦਾ ਵੀ ਡਰ ਨਹੀਂ ਸੀ। ਉਥੇ ਉਨ੍ਹਾਂ ਨੂੰ ਭਾਈ ਪਰਮਾਨੰਦ ਇਹ ਪ੍ਰੇਰਨਾ ਦੇਣ ਵਿਚ ਸਫਲ ਹੋਏ ਕਿ ਉਹ ਅਮਰੀਕਾ ਜਾ ਕੇ ਆਪਣੇ ਮੂਲ ਸਿਧਾਂਤਕ ਵੇਰਵਿਆਂ ਦਾ ਪ੍ਰਚਾਰ ਕਰਨ ਜਿਥੇ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਨਹੀਂ ਹੋ ਸਕਦੀ ਅਤੇ ਉਹ ਆਪਣੇ ਮਿਸ਼ਨ ਵਿਚ ਵੀ ਕਾਮਯਾਬ ਹੋ ਸਕਦੇ ਹਨ। ਉਨ੍ਹਾਂ ਇਸ ਬਾਰੇ ਪੁਨਰ-ਮੁਲੰਕਣ ਕੀਤਾ ਅਤੇ ਆਪਣੇ ਜੀਵਨ ਮਿਸ਼ਨ ਦੀ ਪੂਰਤੀ ਲਈ ਅਮਰੀਕਾ ਜਾਣ ਦਾ ਫੈਸਲਾ ਕਰ ਲਿਆ।
ਅਮਰੀਕਾ ਪੁੱਜਣਾ
ਜਨਵਰੀ 1911 ਵਿਚ ਹਰਦਿਆਲ ਦਾ ਅਮਰੀਕਾ ਪੁੱਜਣਾ, ਉਸ ਦੇ ਆਪਣੇ ਅਤੇ ਉਸ ਦੇ ਕੌਮੀ ਜੀਵਨ ਲਈ ਇਨਕਲਾਬੀ ਫੈਸਲਾ ਸੀ। ਉਸ ਦਾ ਪਹਿਲਾ ਟਿਕਾਣਾ ਮੈਸਾਚੂਸਟ ਕੈਂਬਰਿਜ ਸੀ। ਉਨ੍ਹਾਂ ਦੀ ਮੁੱਖ ਯੋਜਨਾ ਹਾਵਰਡ ਯੂਨੀਵਰਸਿਟੀ ਵਿਚ ਖੁਦ-ਮੁਖਤਾਰ ਖੋਜਾਰਥੀ ਵਜੋਂ ਕੰਮ ਕਰਨਾ ਸੀ। ਉਂਜ ਉਥੇ ਉਨ੍ਹਾਂ ਕਿਸੇ ਕੋਰਸ ਵਿਚ ਦਾਖਲਾ ਨਹੀਂ ਲਿਆ ਪਰ ਲਾਇਬ੍ਰੇਰੀ ਵਰਤਣ ਦੀ ਆਗਿਆ ਲੈ ਲਈ। ਉਹ ਆਪਣਾ ਧਿਆਨ ਭਾਸ਼ਾ, ਸਾਹਿਤ ਅਤੇ ਦਾਰਸ਼ਨਿਕ ਵਿਸ਼ਿਆਂ ਵੱਲ ਕੇਂਦਰਤ ਕਰਨਾ ਚਾਹੁੰਦੇ ਸਨ, ਤੇ ਨਾਲੋ ਨਾਲ ਭਾਰਤੀ ਕੌਮੀਅਤ ਦੇ ਹਿੱਤਾਂ ਲਈ ਵੀ ਯੋਜਨਾਵਾਂ ਤਿਆਰ ਕਰਨਾ ਚਾਹੁੰਦੇ ਸਨ। ਉਥੇ ਇਕ ਪਰਵਾਸੀ ਪੰਜਾਬੀ ਤੇਜਾ ਸਿੰਘ ਨਾਲ ਮੁਲਾਕਾਤ ਹੋਈ ਜਿਸ ਨੇ ਕਾਰਖਾਨਿਆਂ ਅਤੇ ਖੇਤਾਂ ਵਿਚ ਕੰਮ ਕਰਨ ਵਾਲੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਕਿਸੇ ਸੰਸਥਾ ਦੀ ਸਥਾਪਨਾ ਦਾ ਸੁਝਾਅ ਰੱਖਿਆ। ਹਰਦਿਆਲ ਵੀ ਇਨ੍ਹਾਂ ਲੀਹਾਂ ਉਤੇ ਹੀ ਸੋਚ ਰਿਹਾ ਸੀ। ਉਹ ਕੁਝ ਸਮੇਂ ਪਿੱਛੋਂ ਕੈਲੀਫੋਰਨੀਆ ਆ ਗਿਆ। ਅਪ੍ਰੈਲ 1911 ਤੋਂ ਉਨ੍ਹਾਂ ਨੇ ਬਰਕਲੇ ਰਹਿਣਾ ਅਰੰਭ ਕੀਤਾ ਅਤੇ ਫਿਰ ਕਲਕੱਤਾ ਤੋਂ ਨਿਕਲਦੇ ਪਰਚੇ ‘ਮਾਡਰਨ ਰੀਵਿਊ’ ਲਈ ਲੇਖ ਭੇਜਿਆ ਜਿਸ ਵਿਚ ਕਿਹਾ ਗਿਆ ਸੀ ਕਿ ਅਮਰੀਕਾ ਹੀ ਅਜਿਹਾ ਰਾਸ਼ਟਰ ਹੈ ਜਿਥੇ ਰਹਿ ਕੇ ਉਹ ਭਾਰਤ ਵਿਚ ਬਰਤਾਨਵੀ ਸਾਮਰਾਜ ਦਾ ਅੰਤ ਕਰਨ ਲਈ ਖੁਲ੍ਹ ਕੇ ਕੰਮ ਕਰ ਸਕਦਾ ਹੈ। ਇਸ ਲੇਖ ਵਿਚ ਅਮਰੀਕਾ ਰਹਿੰਦੇ ਭਾਰਤੀਆਂ ਨੂੰ ਚਾਰ ਵਰਗਾਂ ਵਿਚ ਵੰਡਿਆ-ਸਭ ਤੋਂ ਪਹਿਲਾਂ ਸਿੱਖ, ਫਿਰ ਸੁਆਮੀ (ਪੁਰਾਤਨ ਭਾਰਤੀ), ਤੀਜੇ ਵਿਦਿਆਰਥੀ ਤੇ ਚੌਥੇ ਜਾਸੂਸ। ਭਾਰਤੀ ਖੁੱਲ੍ਹੇ-ਡੁੱਲ੍ਹੇ ਸੁਭਾਅ ਵਾਲੇ ਸਨ। ਇਨ੍ਹਾਂ ਵਿਚ ਏਕਤਾ ਸੀ ਅਤੇ ਲੋਕ ਰਾਜ ਵਿਚ ਜਿਉਣ ਦੀ ਪ੍ਰਬਲ ਇੱਛਾ ਸੀ। ਉਨ੍ਹਾਂ ਅਮਰੀਕਾ ਰਹਿੰਦੇ ਪੰਜਾਬੀ ਸਿੱਖ ਭਰਾਵਾਂ ਦੀਆਂ ਮੁੱਖ ਸਮੱਸਿਆਵਾਂ ਵੱਲ ਦੁਨੀਆਂ ਦਾ ਧਿਆਨ ਕੇਂਦਰਤ ਕਰਵਾਇਆ ਅਤੇ ਕਿਹਾ ਕਿ ਸਿੱਖ ਭਰਾਵਾਂ ਨੂੰ ਮਜ਼੍ਹਬੀ ਦ੍ਰਿਸ਼ਟੀ ਤੋਂ ਘਟਾ ਕੇ ਦੇਖਣ ਦੀ ਥਾਂ ਕਿਸਾਨੀ ਦ੍ਰਿਸ਼ਟੀ ਤੋਂ ਬਰਾਬਰ ਸਮਝਣਾ ਚਾਹੀਦਾ ਹੈ। ਉਨ੍ਹਾਂ ਅਮਰੀਕਨ ਲੋਕਾਂ ਨੂੰ ਦੱਸਿਆ ਕਿ ਭਾਰਤੀਆਂ ਨੂੰ ਜੇਕਰ ਗਿਆਨ ਤੇ ਉਤਸ਼ਾਹ ਦਿੱਤਾ ਜਾਵੇ, ਕੰਮ ਕਰਨ ਦੇ ਮੌਕੇ ਅਤੇ ਪੂਰਨ ਅਜ਼ਾਦੀ ਦਿੱਤੀ ਜਾਵੇ ਤਾਂ ਇਹ ਅਮਰੀਕੀ ਸਮਾਜ ਦੇ ਅਟੁੱਟ ਅੰਗ ਬਣ ਸਕਦੇ ਹਨ। ਇਹ ਉਨ੍ਹਾਂ ਦੀ ਖਾਸੀਅਤ ਰਹੀ ਕਿ ਉਨ੍ਹਾਂ ਪੱਛਮੀ ਸਭਿਅਤਾ ਦੀਆਂ ਚੰਗੀਆਂ ਗੱਲਾਂ ਦੀ ਵਡਿਆਈ ਕੀਤੀ, ਭੈੜੀਆਂ ਨੂੰ ਨਿੰਦਿਆ ਵੀ। ਉਹ ਵਾਰ ਵਾਰ ਇਸ ਗੱਲ ਉਪਰ ਜ਼ੋਰ ਦਿੰਦੇ ਸਨ ਕਿ ਭਾਰਤੀਆਂ ਦੀਆਂ ਨੈਤਿਕ ਗੱਲਾਂ ਹੀ ਉਨ੍ਹਾਂ ਦਾ ਮਾਣ-ਸਨਮਾਨ ਹੈ।
ਹਰਦਿਆਲ ਦੇ ਜੀਵਨ ਵਿਚ ਸੰਕਟ ਅਤੇ ਸੰਘਰਸ਼ ਦੀ ਅਵਸਥਾ ਹਮੇਸ਼ਾ ਬਣੀ ਰਹੀ। ਉਨ੍ਹਾਂ ਕੈਲੀਫੋਰਨੀਆ ਵਿਚ ਰਹਿੰਦਿਆਂ ਸਟੈਨਫੋਰਡ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿਚ ਪ੍ਰਵੇਸ਼ ਕੀਤਾ। ਉਥੇ ਉਨ੍ਹਾਂ ਨੂੰ 8 ਜਨਵਰੀ ਤੋਂ 15 ਮਈ ਤਕ ਭਾਰਤੀ ਦਰਸ਼ਨ ਲਈ ਨਿਯੁਕਤ ਕੀਤਾ ਗਿਆ। ਉਹ ਯੂਨੀਵਰਸਿਟੀ ਦੀ ਪੜ੍ਹਾਈ ਸਮੇਂ ਤੋਂ ਲਿਖਦੇ ਆ ਰਹੇ ਸਨ ਪਰ ਜਦ ਉਨ੍ਹਾਂ ਦਾ ਇਕ ਲੇਖ ‘ਦੁਨੀਆ ਕਿਸ ਦੀ ਉਡੀਕ ਕਰ ਰਹੀ ਹੈ?’ ‘ਓਪਨ ਕੋਰਟ’ ਨਾਂ ਦੇ ਰਸਾਲੇ ਵਿਚ ਪ੍ਰਕਾਸ਼ਤ ਹੋਇਆ ਤਾਂ ਉਸ ਸਮੇਂ ਤੋਂ ਉਹ ਪ੍ਰਸਿੱਧ ਲੇਖਕ ਬਣ ਗਏ। ਇਸ ਲੇਖ ਨੂੰ ਅਮਰੀਕਨਾਂ ਨੇ ਬਹੁਤ ਪਸੰਦ ਕੀਤਾ। ਉਸ ਦਾ ਸਾਰੰਸ਼ ਸੀ, ‘ਅਸੀਂ ਬੇਚੈਨੀ ਅਤੇ ਪਰਿਵਰਤਨ ਕਾਲ ਵਿਚੋਂ ਲੰਘ ਰਹੇ ਹਾਂ। ਪੁਰਾਤਨ ਜੋ ਵੀ ਹੈ, ਉਹ ਨਵੇਂ ਰੂਪ ਵਿਚ ਬਦਲ ਰਿਹਾ ਹੈ। ਸਮੇਂ ਦਾ ਜੀਵ ਆਪਣੀ ਜੰਮਣ-ਪੀੜਾ ਝੱਲ ਰਿਹਾ ਹੈ। ਆਦਰਸ਼ਪਾਲਕ ਮਸੀਹਾ ਅਜੇ ਬਾਹਰ ਨਹੀਂ ਆਇਆ ਜਿਸ ਨੇ ਮਾਨਵਤਾ ਦਾ ਕਲਿਆਣ ਕਰਨਾ ਹੈ ਅਤੇ ਜਿਸ ਨੇ ਸਭਿਅਤਾ ਨੂੰ ਬਰਬਾਦੀ ਤੇ ਉਦਾਸਹੀਣਤਾ ਦੀ ਦਲ ਦਲ ਵਿਚੋਂ ਕੱਢ ਕੇ ਮਾਨਵਤਾ ਨੂੰ ਸੰਵੇਦਨਾ ਦੀ ਵਿਕਾਸਮਈ ਸਥਿਤੀ ਵਿਚ ਲਿਆਉਣਾ ਹੈ। ਵਿਗਿਆਨ ਦੀ ਨਵੀਂ ਸ਼ਰਾਬ ਨੇ ਧਰਮ ਦੀਆਂ ਪੁਰਾਣੀਆਂ ਬੋਤਲਾਂ ਨੂੰ ਭੰਨ ਦਿੱਤਾ ਹੈ। ਬੌਧਿਕਤਾ ਦੇ ਵਿਕਾਸ ਨੇ ਨੈਤਿਕਤਾ ਚਰਿੱਤਰ ਵਰਗੇ ਖੇਤਰ ਨੂੰ ਮਾਤ ਪਾ ਦਿੱਤੀ ਹੈ। ਆਦਰਸ਼ਵਾਦ ਨੇ ਤਾਂ ਹੁਣ ਵਿਅਕਤੀਵਾਦ ਦੀਆਂ ਝੂਠੀਆਂ ਗੱਪਾਂ, ਝੂਠੀਆਂ ਖੁਸ਼ੀਆਂ, ਵਿਚਾਰ, ਸੰਕੀਰਨਤਾ ਅੱਗੇ ਗੋਡੇ ਟੇਕ ਦਿੱਤੇ ਹਨ। ਮਾਨਵਤਾ ਦੀ ਉਸਾਰੀ ਕਰਨ ਲਈ ਵਿਅਕਤੀ ਦੇ ਚਰਿੱਤਰ ਦੀ ਉਸਾਰੀ ਜ਼ਰੂਰੀ ਹੈ। ਹੁਣ ਅਜਿਹਾ ਮਸੀਹਾ ਚਾਹੀਦਾ ਹੈ ਜੋ ਆਪਾ ਕੁਰਬਾਨ ਕਰ ਕੇ ਸਮਾਜ ਕਲਿਆਣ ਲਈ ਲੋਕਾਂ ਨੂੰ ਸੰਗਠਤ ਕਰ ਸਕੇ।’ ਇਸ ਦੇ ਨਾਲ ਹੀ ਉਨ੍ਹਾਂ ਸੇਂਟ ਫਰਾਂਸਿਸ, ਸੇਂਟ ਰੋਜ਼, ਰੂਸੋ, ਵਾਲਟੇਅਰ, ਮਾਰਕਸ, ਬਾਕਪਨੀਨ, ਮੈਜ਼ਿਨੀ ਤੇ ਹਕੀਲੇ ਵਰਗੇ ਵਿਦਵਾਨਾਂ ਦੀ ਸਿੱਖਿਆ ਗ੍ਰਹਿਣ ਕਰਨ ਉਪਰ ਜ਼ੋਰ ਦਿੱਤਾ।
ਸ਼੍ਰੇਣੀ ਸੰਘਰਸ਼ ਸਬੰਧੀ ਉਨ੍ਹਾਂ ਦੇ ਵਿਚਾਰ ਸਪਸ਼ਟ ਸਨ ਕਿ ਸਮਾਜ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਹੈ। ਇਸ ਵੰਡ ਦਾ ਆਧਾਰ ਕੋਈ ਨਾ ਕੋਈ ਪੱਕੀ ਹੱਦਬੰਦੀ ਹੈ। ਮਾਰਕਸੀ ਸਿਧਾਂਤਾਂ ਸਬੰਧੀ ਹਰਦਿਆਲ ਦਾ ਅਧਿਐਨ ਪੂਰਾ ਨਹੀਂ ਸੀ, ਫਿਰ ਵੀ ਉਹ ਐਨਾ ਤਾਂ ਕਹਿੰਦਾ ਹੀ ਹੈ ਕਿ ਕਿਰਤੀ ਕਾਮਿਆਂ ਨੂੰ ਉਨ੍ਹਾਂ ਦੀ ਗਾੜ੍ਹੇ ਪਸੀਨੇ ਦੀ ਕਮਾਈ ਤੋਂ ਵਾਂਝਾ ਕੀਤਾ ਜਾਂਦਾ ਹੈ। ਕਾਰਖਾਨੇਦਾਰ ਅਤੇ ਜਗੀਰਦਾਰ, ਕਿਰਤੀਆਂ ਦੀ ਕਮਾਈ ਨਾਲ ਮੋਟੀ ਕਮਾਈ ਕਰ ਕੇ ਮੋਟੀ ਚਰਬੀ ਵਾਲੇ ਬਣ ਜਾਂਦੇ ਹਨ। ਸਮਾਜ ਦਾ ਗਰੀਬ ਵਰਗ ਤਾਂ ਹੀ ਦੁੱਖਾਂ ਮੁਸੀਬਤਾਂ ਨਾਲ ਮਾਰਿਆ ਰਹਿੰਦਾ ਹੈ, ਜਦ ਕਿਰਤੀਆਂ ਦੀ ਕਮਾਈ ਵਿਚੋਂ ਪੈਦਾਵਾਰ ਦਾ ਵੱਡਾ ਹਿੱਸਾ ਲਾਲਚੀ ਸਰਮਾਏਦਾਰਾਂ ਲਈ ਛੱਡ ਦਿੱਤਾ ਜਾਂਦਾ ਹੈ। ਫਿਰ ਵੀ ਹਰਦਿਆਲ ਮਾਰਕਸਵਾਦੀ ਪ੍ਰਤਿਭਾਸ਼ਾਲੀ ਵਿਗਿਆਨਕ, ਬੌਧਿਕਤਾ ਨੂੰ ਸਵੀਕਾਰਦੇ ਹਨ। ਉਨ੍ਹਾਂ ਦੀ ਦ੍ਰਿਸ਼ਟੀ ਵਿਚ ਮਾਰਕਸ ਮਾਨਵ ਸਨੇਹੀ ਸਨ ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਕੰਮ ਕੀਤਾ। ਹਰਦਿਆਲ ਨੇ ਮਾਰਕਸ ਨੂੰ ਬੁੱਧ ਅਤੇ ਈਸਾ ਦੇ ਬਰਾਬਰ ਦਾ ਦਾਰਸ਼ਨਿਕ ਕਿਹਾ।
ਹਰਦਿਆਲ ਨੇ ਅਮਰੀਕਾ ਵਿਚ ਪਰਵਾਸੀ ਕਿਰਤੀਆਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਛੇ ਨੁਕਤੇ ਰੱਖੇ: (1) ਮਜ਼ਦੂਰ ਏਕਤਾ (2) ਪੂਰਨ ਆਦਰਸ਼ ਪਾਲਣ ਦੇ ਸੰਕਲਪ (3) ਚੰਗੇ ਕਿਰਤੀ ਕਾਮੇ ਤੇ ਇਮਾਨਦਾਰ ਨੇਤਾ (4) ਮਜ਼ਦੂਰਾਂ ਕਿਸਾਨਾਂ ਇਸਤਰੀ ਪੁਰਸ਼ਾਂ ਵੱਲੋਂ ਵੱਖ ਵੱਖ ਤੌਰ ‘ਤੇ ਚਲਾਈਆਂ ਜਾ ਰਹੀਆਂ ਲਹਿਰਾਂ ਦੀ ਏਕਤਾ (5) ਸਿਰਜਣਾਤਮਕ ਸਿੱਖਿਆ ਤੇ ਵਿਧਾਨ (6) ਆਪਸੀ ਭਾਈਚਾਰੇ ਦਾ ਮਿਲਵਰਤਣ ਦਾ ਅਹਿਸਾਸ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਸੁਚੇਤ ਕੀਤਾ ਕਿ ਉਹ ਫੁੱਟ ਦਾ ਸ਼ਿਕਾਰ ਨਾ ਹੋਣ, ਮਿਲ ਕੇ ਏਕਤਾ ਸਥਾਪਤ ਕਰਨ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ।
(ਬਾਕੀ ਅਗਲੇ ਅੰਕ ਵਿਚ)
Leave a Reply