ਸੰਗੀਤ ਦੂਤ ਰਵੀ ਸ਼ੰਕਰ

ਪ੍ਰਤਾਪ ਸਿੰਘ ਵਿਰਕ
91-78383-63555
ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਭਾਰਤੀ ਸ਼ਾਸਤਰੀ ਸੰਗੀਤ ਰਾਹੀਂ ਕੌਮਾਂਤਰੀ ਸੰਗੀਤ ਜਗਤ ਵਿਚ ਛਾਏ ਸਿਤਾਰਵਾਦਕ ਪੰਡਿਤ ਰਵੀ ਸ਼ੰਕਰ ਦੀ ਕਲਾ ਦਾ ਆਗਾਜ਼ ਨੱਚਣ ਨਾਲ ਹੋਇਆ ਸੀ। ਉਹ ਆਪਣੇ ਭਰਾ ਦੇ ਗਰੁੱਪ ਵਿਚ ਕੰਮ ਕਰਦੇ ਸਨ ਪਰ 1938 ਵਿਚ ਉਨ੍ਹਾਂ ਨਾਚ ਛੱਡ ਕੇ ਸਿਤਾਰ ਅਪਣਾ ਲਈ ਅਤੇ ਸੰਗੀਤਕਾਰ ਅਲਾਉਦੀਨ ਖਾਨ ਦੀ ਸ਼ਾਗਿਰਦੀ ਕਰ ਲਈ। 1944 ਵਿਚ ਉਨ੍ਹਾਂ ਆਪਣੀ ਪੜ੍ਹਾਈ ਮੁਕੰਮਲ ਕੀਤੀ ਅਤੇ ਫਿਰ ਮੁੜ ਕੇ ਪਿੱਛੇ ਨਹੀਂ ਦੇਖਿਆ। ਉਨ੍ਹਾਂ ਮਿਸਾਲੀ ਫਿਲਮਸਾਜ਼ ਸੱਤਿਆਜੀਤ ਰੇਅ ਦੀ ‘ਅੱਪੂ ਤ੍ਰੈਲੜੀ’ ਲਈ ਸੰਗੀਤ ਦਿੱਤਾ। 1949 ਤੋਂ 1956 ਤੱਕ ਉਨ੍ਹਾਂ ਆਲ ਇੰਡੀਆ ਰੇਡੀਓ (ਨਵੀਂ ਦਿੱਲੀ) ਲਈ ਵੀ ਕੰਮ ਕੀਤਾ।
1952 ਵਿਚ ਜਦੋਂ ਪੱਛਮ ਦਾ ਮਸ਼ਹੂਰ ਵਾਇਲਨਵਾਦਕ ਯਹਿਦੀ ਮੈਨੂਹਿਨ ਭਾਰਤ ਆਇਆ ਤਾਂ ਰਵੀ ਸ਼ੰਕਰ ਦੀ ਮੁਲਤਾਕਾਤ ਉਨ੍ਹਾਂ ਨਾਲ ਹੋਈ। ਉਨ੍ਹਾਂ ਰਵੀ ਨੂੰ 1955 ਵਿਚ ਅਮਰੀਕਾ ਸੱਦਿਆ। ਕੁਝ ਘਰੇਲੂ ਕਾਰਨਾਂ ਕਰ ਕੇ ਉਹ ਆਪ ਅਮਰੀਕਾ ਨਹੀਂ ਪੁੱਜ ਸਕੇ ਪਰ ਆਪਣੇ ਗੁਰੂਦੇਵ ਅਲਾਉਦੀਨ ਖਾਨ ਦੇ ਬੇਟੇ ਅਲੀ ਅਕਬਰ ਖਾਨ ਨੂੰ ਭੇਜ ਦਿੱਤਾ। ਅਲੀ ਅਕਬਰ ਖਾਨ ਨੇ ਉਨ੍ਹਾਂ ਨੂੰ ਪੱਛਮੀ ਲੋਕਾਂ ਦੇ ਸੰਗੀਤ-ਪ੍ਰੇਮ ਦੇ ਅਜਿਹੇ ਕਿੱਸੇ ਸੁਣਾਏ, ਕਿ ਉਨ੍ਹਾਂ ਪੱਛਮ ਦੇ ਦੌਰੇ ਲਈ ਰੇਡੀਓ ਦੀ ਨੌਕਰੀ ਛੱਡ ਦਿੱਤੀ। 1956 ਵਿਚ ਉਨ੍ਹਾਂ ਪਿਰਸ ਵਿਚ ਆਪਣਾ ਪ੍ਰੋਗਰਾਮ ਪੇਸ਼ ਕੀਤਾ। 1961 ਵਿਚ ਉਹ ਗੈਰ-ਭਾਰਤੀ ਫਿਲਮਾਂ ਲਈ ਸੰਗੀਤ ਨਾਲ ਸ਼ਿੰਗਾਰਨ ਵਾਲੇ ਪਹਿਲੇ ਭਾਰਤੀ ਬਣ ਗਏ। ਫਿਰ ‘ਦਿ ਬੀਟਲਜ਼’ ਵਾਲਾ ਜਾਰਜ ਹੈਰਸਿਨ ਉਨ੍ਹਾਂ ਦਾ ਦੋਸਤ ਬਣ ਗਿਆ। ਦੋਵੇਂ 1966 ਵਿਚ ਲੰਡਨ ਵਿਚ ਮਿਲੇ ਸਨ। ਦੋਹਾਂ ਦੀ ਜੁਗਲਬੰਦੀ ਨਾਲ ਰਵੀ ਸ਼ੰਕਰ ਦੀ ‘ਬਹਿ ਜਾ ਬਹਿ ਜਾ’ ਹੋ ਗਈ ਅਤੇ ਉਹ ਪੱਛਮ ਵਿਚ ਬਹੁਤ ਮਸ਼ਹੂਰ ਹੋ ਗਏ। 1968 ਵਿਚ ਉਨ੍ਹਾਂ ਦੀ ਸਵੈਜੀਵਨੀ ‘ਮਾਈ ਮਿਊਜਿਕ ਮਾਈ ਲਾਈਫ’ ਛਪੀ ਤਾਂ ਇਹ ਮਸ਼ਹੂਰੀ ਦੂਣ-ਸਵਾਈ ਹੋ ਗਈ। ਅਕਤੂਬਰ 1970 ਵਿਚ ਰਵੀ ਸ਼ੰਕਰ ਨੂੰ ਕੈਲੀਫੋਰਨੀਆ ਇੰਸਟੀਚਿਊਟ ਆਫ ਆਰਟਸ ਵਿਚ ਭਾਰਤੀ ਸੰਗੀਤ ਵਿਭਾਗ ਦੇ ਮੁਖੀ ਵਾਲੀ ਗੱਦੀ ਮਿਲ ਗਈ। ਇਸ ਤੋਂ ਪਹਿਲਾਂ ਉਹ ਨਿਊ ਯਾਰਕ ਦੇ ਸਿਟੀ ਕਾਲਜ, ਯੂਨੀਵਰਸਿਟੀ ਆਫ ਕੈਲੀਫੋਰਨੀਆ (ਲਾਸ ਏਂਜਲਸ) ਅਤੇ ਹੋਰ ਕਈ ਸੰਸਥਾਵਾਂ ਵਿਚ ਪੜ੍ਹਾਉਂਦੇ ਰਹੇ ਸਨ। ਇਹ ਉਹ ਦੌਰ ਸੀ ਜਦੋਂ ਉਹ ਸਾਲ ਵਿਚ 25 ਤੋਂ 40 ਤੱਕ ਪ੍ਰੋਗਰਾਮ ਪੇਸ਼ ਕਰਦੇ ਅਤੇ ਧੁੰਮਾਂ ਪਾਈ ਰੱਖਦੇ। ਉਨ੍ਹਾਂ ਆਪਣੀ ਧੀ ਅਨੁਸ਼ਕਾ ਸ਼ੰਕਰ ਨਾਲ ਕਈ ਯਾਦਗਾਰੀ ਪ੍ਰੋਗਰਾਮ ਪੇਸ਼ ਕੀਤੇ। ਉਨ੍ਹਾਂ ਦਾ ਆਖਰੀ ਪ੍ਰੋਗਰਾਮ ਵੀ ਅਨੁਸ਼ਕਾ ਨਾਲ ਹੀ ਸੀ। ਲੌਂਗ ਬੀਚ (ਕੈਲੀਫੋਰਨੀਆ) ਦੇ ਟੇਰੇਸ ਥਿਏਟਰ ਵਿਚ ਇਹ ਪ੍ਰੋਗਰਾਮ 4 ਨਵੰਬਰ 2012 ਨੂੰ ਪੇਸ਼ ਕੀਤਾ ਗਿਆ ਸੀ। ਪਰਿਵਾਰਕ ਫਰੰਟ ਉਤੇ ਰਵੀ ਸ਼ੰਕਰ ਨੇ ਬਹੁਤ ਉਤਰਾਅ-ਚੜ੍ਹਾਅ ਦੇਖੇ। ਉਨ੍ਹਾਂ ਦਾ ਪਹਿਲਾ ਵਿਆਹ 1941 ਵਿਚ ਉਸਤਾਦ ਅਲਾਉਦੀਨ ਖਾਨ ਦੀ ਧੀ ਅੱਨਾਪੂਰਨਾ ਦੇਵੀ ਨਾਲ ਹੋਇਆ। ਉਨ੍ਹਾਂ ਦੇ ਘਰ ਪੁੱਤਰ ਸ਼ੁਬੇਂਦਰ ਸ਼ੰਕਰ ਨੇ ਜਨਮ ਲਿਆ। ਇਹ ਵਿਆਹ ਬਹੁਤੀ ਦੇਰ ਕਾਇਮ ਨਾ ਰਿਹਾ ਅਤੇ ਛੇਤੀ ਹੀ ਰਵੀ ਅਤੇ ਅੱਨਾਪੂਰਨਾ ਵੱਖ ਹੋ ਗਏ 1992 ਵਿਚ ਸ਼ੁਬੇਂਦਰ ਸ਼ੰਕਰ ਦੀ ਮੋਤ ਹੋ ਗਈ। ਉਹ ਆਪਣੇ ਪਿਤਾ ਦੇ ਪ੍ਰੋਗਰਾਮਾਂ ਵਿਚ ਸਦਾ ਸ਼ਾਮਲ ਹੁੰਦਾ ਰਿਹਾ। ਉਂਜ ਉਸ ਨੇ ਸੋਲੋ ਪੇਸ਼ਕਾਰੀ ਕਦੀ ਵੀ ਨਾ ਦਿੱਤੀ। ਰਵੀ ਨੇ ਦੂਜਾ ਵਿਆਹ ਕਮਲਾ ਸ਼ਾਸਤਰੀ ਨਾਲ ਕਰਵਾਇਆ। ਕਮਲਾ ਡਾਂਸਰ ਸੀ। ਇਹ ਵਿਆਹ 1981 ਤੱਕ ਚੱਲਿਆ। ਵਿਚ-ਵਿਚਾਲੇ ਨਿਊ ਯਾਰਕ ਦੀ ਮਸ਼ਹੂਰ ਕੰਸਰਟ ਪ੍ਰੋਡਿਊਸਰ ਸੂਅ ਜੋਨਸ ਨਾਲ ਨੇੜਤਾ ਵਧ ਗਈ ਅਤੇ ਦੋਵੇਂ ਇਕੱਠੇ ਰਹਿਣ ਲੱਗ ਪਏ। ਇਸੇ ਦੌਰਾਨ ਜੋੜੀ ਦੇ ਘਰ 1979 ਵਿਚ ਧੀ ਨੇ ਜਨਮ ਲਿਆ ਜਿਸ ਦਾ ਨਾਂ ਨੋਰਾ ਰੱਖਿਆ। ਇਸ ਕੁੜੀ ਨੇ ਮਗਰੋਂ ਸੰਗੀਤ ਦੇ ਖੇਤਰ ਵਿਚ ਬੜੀਆਂ ਧੁੰਮਾਂ ਪਾਈਆਂ ਅਤੇ 2003 ਵਿਚ ਅੱਠ ਗਰੈਮੀ ਇਨਾਮ ਜਿੱਤੇ। ਸੂਅ ਅਤੇ ਰਵੀ 1986 ਤੱਕ ਇਕੱਠੇ ਰਹੇ। ਇਸ ਤੋਂ ਬਾਅਦ ਰਵੀ ਸ਼ੰਕਰ, ਸੁਕੰਨਿਆ ਰਾਜਨ ਨਾਲ ਰਹਿਣ ਲੱਗ ਪਏ। ਦੋਹਾਂ ਦੇ ਘਰ ਅਨੁਸ਼ਕਾ ਨੇ 1981 ਵਿਚ ਜਨਮ ਲਿਆ। ਬਾਅਦ ਵਿਚ ਸੁਕੰਨਿਆ ਨਾਲ ਉਨ੍ਹਾਂ 1989 ਵਿਚ ਵਿਆਹ ਕਰਵਾ ਲਿਆ। ਹੁਣ ਉਹ ਸਾਰੇ ਟੱਬਰ ਸਮੇਤ ਅਮਰੀਕਾ ਵਿਚ ਰਹਿ ਰਹੇ ਸਨ।
1996 ਵਿਚ ਉਨ੍ਹਾਂ ਇਕ ਹੋਰ ਸਵੈਜੀਵਨੀ ‘ਰਾਗ ਮਾਲਾ’ ਲਿਖੀ। ਉਨ੍ਹਾਂ ਬਹੁਤ ਸਾਰੇ ਇਨਾਮ ਵੀ ਹਾਸਲ ਕੀਤੇ। ਇਨ੍ਹਾਂ ਵਿਚ ਵੱਕਾਰੀ ਗਰੈਮੀ ਇਨਾਮ ਵੀ ਸ਼ਾਮਲ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮ ਭੂਸ਼ਣ’ ਤੇ ‘ਪਦਮ ਵਿਭੂਸ਼ਣ’ ਤੋਂ ਇਲਾਵਾ ਸਭ ਤੋਂ ਵੱਡੇ ਸਿਵਲ ਇਨਾਮ ‘ਭਾਰਤ ਰਤਨ’ ਨਾਲ ਨਵਾਜਿਆ। ਹੁਣ ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਸੁਕੰਨਿਆ, ਧੀਆਂ ਨੋਰਾ ਜੋਨਸ ਤੇ ਅਨੁਸ਼ਕਾ ਸ਼ੰਕਰ ਰਾਈਟ, ਅਨੁਸ਼ਕਾ ਦਾ ਪਤੀ ਜੋਅ ਰਾਈਟ, ਤਿੰਨ ਦੋਹਤੇ ਤੇ ਚਾਰ ਪੜਦੋਹਤੇ-ਪੜਦੋਹਤੀਆਂ ਹਨ।
ਰਵੀ ਸ਼ੰਕਰ ਨੇ ਆਪਣੇ ਵਿਲੱਖਣ ਸਫ਼ਰ ਦੀ ਸ਼ੁਰੂਆਤ ਗੰਗਾ ਕਿਨਾਰਿਓਂ ਕੀਤੀ ਸੀ ਅਤੇ ਆਪਣੇ ਫਨ ਨਾਲ ਉਨ੍ਹਾਂ ਪੱਛਮੀ ਦੇਸ਼ਾਂ ਤੱਕ ਲੋਕਾਂ ਦੇ ਦਿਲ ਜਿੱਤ ਲਏ। ਉਨ੍ਹਾਂ ਭਾਰਤੀ ਸ਼ਾਸਤਰੀ ਸੰਗੀਤ ਨੂੰ ਯੂਰਪ ਅਤੇ ਪੱਛਮੀ ਦੇਸ਼ਾਂ ਵਿਚ ਜੋ ਮੁਕਾਮ ਦਿਵਾਇਆ, ਉਹ ਪਹਿਲਾਂ ਕਿਸੇ ਭਾਰਤੀ ਕਲਾਕਾਰ ਦੇ ਹਿੱਸੇ ਨਹੀਂ ਆਇਆ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਸਾਰਿਆਂ ਨੇ ਉਨ੍ਹਾਂ ਨੂੰ ‘ਸੰਗੀਤ ਦੂਤ’ ਕਹਿ ਕੇ ਮਾਣ ਦਿੱਤਾ।

Be the first to comment

Leave a Reply

Your email address will not be published.