ਇਕਪਾਸੜ ਰਹੇ ਕਬੱਡੀ ਵਿਸ਼ਵ ਕੱਪ ਦੇ ਮੈਚ

ਪ੍ਰਿੰæ ਸਰਵਣ ਸਿੰਘ
ਭਾਰਤ ਦੀ ਟੀਮ ਕਬੱਡੀ ਵਿਸ਼ਵ ਕੱਪ ਜਿੱਤਣ ਵਿਚ ਹੈਟ ਟ੍ਰਿਕ ਤਾਂ ਮਾਰ ਗਈ ਪਰ ਮੈਚ ਕਾਂਟੇਦਾਰ ਨਹੀਂ ਹੋ ਸਕੇ। ਪੰਜਾਬੀ ਖਿਡਾਰੀਆਂ ਨਾਲ ਲੈਸ ਭਾਰਤੀ ਟੀਮ ਨੇ ਲਗਾਤਾਰ ਤੀਜੀ ਵਾਰ ਕੱਪ ਜਿੱਤਿਆ। ਵਿਸ਼ਵ ਕੱਪ ਦੇ ਬਹੁਤੇ ਮੈਚਾਂ ਦਾ ਪੱਧਰ ਮਸੀਂ ਪਿੰਡਾਂ ਦੇ ਟੂਰਨਾਮੈਂਟਾਂ ਵਰਗਾ ਰਿਹਾ। ਕਈ ਟੀਮਾਂ ਬੇਹੱਦ ਕਮਜ਼ੋਰ ਸਨ। ਫਾਈਨਲ ਮੈਚ ਤਾਂ ਹਰ ਵਾਰ ਹੀ ਇਕਪਾਸੜ ਹੋਏ। ਪਹਿਲੇ ਵਿਸ਼ਵ ਕੱਪ ਦੇ ਫਾਈਨਲ ਵਿਚ ਭਾਰਤੀ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ 58-24 ਅੰਕਾਂ ਨਾਲ ਹਰਾਇਆ ਸੀ। ਦੂਜੇ ਕੱਪ ਦੇ ਫਾਈਨਲ ਵਿਚ ਉਸ ਨੇ ਕੈਨੇਡਾ ਦੀ ਟੀਮ ਨੂੰ 59-25 ਅੰਕਾਂ ਨਾਲ ਅਤੇ ਤੀਜੇ ਕੱਪ ਵਿਚ ਪਾਕਿਸਤਾਨ ਦੀ ਟੀਮ ਨੂੰ ਫਿਰ 59-22 ਅੰਕਾਂ ਦੇ ਵੱਡੇ ਫਰਕ ਨਾਲ ਹਰਾਇਆ। ਦਰਸ਼ਕ ਇਸ ਆਸ ਨਾਲ ਲੁਧਿਆਣੇ ਜਾਂਦੇ ਰਹੇ ਕਿ ਫਾਈਨਲ ਮੈਚ ਬੜਾ ਫਸਵਾਂ ਤੇ ਕਾਂਟੇਦਾਰ ਹੋਵੇਗਾ। ਦੇਸ਼ ਵਿਦੇਸ਼, ਖ਼ਾਸ ਕਰ ਪਾਕਿਸਤਾਨ ਦੇ ਦਰਸ਼ਕ ਵੱਡੀ ਗਿਣਤੀ ਵਿਚ ਟੀæ ਵੀæ ਰਾਹੀਂ ਜੁੜਦੇ ਰਹੇ ਕਿ ਵੇਖੀਏ ਪਾਕਿਸਤਾਨ ਭਾਰਤ ਨੂੰ ਹਰਾਉਂਦਾ ਹੈ ਜਾਂ ਨਹੀਂ? ਪਰ ਹਰ ਵਾਰ ਸ਼ੁਰੂ ਵਿਚ ਹੀ ਭਾਰਤੀ ਟੀਮ ਨੂੰ ਚੋਖੇ ਅੰਕ ਮਿਲਣ ਸਦਕਾ ਫਾਈਨਲ ਮੈਚਾਂ ਦਾ ਸੁਆਦ ਮਾਰਿਆ ਜਾਂਦਾ ਰਿਹਾ। ਖੇਡ ਕੋਈ ਵੀ ਹੋਵੇ ਜਦੋਂ ਤਕ ਮੁਕਾਬਲਾ ਬਰਾਬਰ ਦਾ ਨਾ ਹੋਵੇ ਦਰਸ਼ਕਾਂ ਨੂੰ ਮੈਚ ਵੇਖਣ ਦਾ ਅਨੰਦ ਨਹੀਂ ਆਉਂਦਾ।
2010 ਵਿਚ ਹੋਏ ਪਹਿਲੇ ਕਬੱਡੀ ਵਿਸ਼ਵ ਕੱਪ ਵਿਚ 9 ਟੀਮਾਂ ਸ਼ਾਮਲ ਹੋਈਆਂ ਸਨ। ਉਨ੍ਹਾਂ ਨੇ 8 ਥਾਂਵਾਂ ‘ਤੇ 20 ਮੈਚ ਖੇਡੇ ਸਨ ਪਰ ਬਰਾਬਰ ਦੇ ਕਾਂਟੇਦਾਰ ਮੈਚ ਸਿਰਫ਼ 2 ਹੀ ਹੋਏ ਸਨ। ਅੰਮ੍ਰਿਤਸਰ ਵਿਚ ਖੇਡਿਆ ਇਟਲੀ ਤੇ ਅਮਰੀਕਾ ਦਾ ਮੈਚ ਸਭ ਤੋਂ ਫਸਵਾਂ ਰਿਹਾ ਸੀ ਜੋ ਇਟਲੀ ਨੇ 45-43 ਅੰਕਾਂ ਨਾਲ ਜਿੱਤਿਆ ਸੀ। ਇਕ ਹੋਰ ਮੈਚ ਵਿਚ ਇਟਲੀ ਦੀ ਟੀਮ ਨੇ ਆਸਟ੍ਰੇਲੀਆ ਦੀ ਟੀਮ ਨੂੰ 47-43 ਅੰਕਾਂ ਨਾਲ ਹਰਾਇਆ ਸੀ। ਤਕੜੀਆਂ ਟੀਮਾਂ ਵਿਰੁਧ ਬਾਕੀ ਮੈਚ ਇਕਤਰਫ਼ਾ ਹੀ ਰਹੇ ਸਨ।
2011 ਵਿਚ ਖੇਡੇ ਗਏ ਦੂਜੇ ਕੱਪ ਵਿਚ 14 ਮੁਲਕਾਂ ਦੀਆਂ ਟੀਮਾਂ ਸ਼ਾਮਲ ਹੋਈਆਂ ਸਨ। ਉਨ੍ਹਾਂ ਨੇ 16 ਥਾਂਵਾਂ ਉਤੇ 44 ਮੈਚ ਖੇਡੇ ਸਨ ਪਰ ਗਹਿਗੱਡਵਾਂ ਮੈਚ ਪਾਕਿਸਤਾਨ ਬਨਾਮ ਅਮਰੀਕਾ ਦਾ ਹੀ ਹੋਇਆ ਸੀ ਜੋ ਅਮਰੀਕਾ ਦੀ ਟੀਮ ਨੇ 43-41 ਅੰਕਾਂ ਨਾਲ ਜਿੱਤਿਆ ਸੀ। ਫਿਰ ਅਮਰੀਕਾ ਦੀ ਟੀਮ ਡੋਪ ਟੈਸਟਾਂ ਵਿਚ ਫਸ ਗਈ ਤੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਮੁਕਾਬਲੇ ਦਾ ਇਕ ਹੋਰ ਮੈਚ ਪਾਕਿਸਤਾਨ ਬਨਾਮ ਕੈਨੇਡਾ ਦੀਆਂ ਟੀਮਾਂ ਵਿਚਕਾਰ ਹੋਇਆ ਸੀ ਜੋ ਕੈਨੇਡਾ ਨੇ ਜਿੱਤਿਆ। ਪਿੱਛੋਂ ਕੈਨੇਡਾ ਦੀ ਟੀਮ ਵੀ ਡੋਪ ਟੈਸਟਾਂ ਦੇ ਅੜਿੱਕੇ ਆ ਗਈ। ਇੰਗਲੈਂਡ ਦੀ ਟੀਮ ਦੇ ਤਾਂ 10 ਖਿਡਾਰੀ ਡੋਪ ਟੈਸਟਾਂ ਵਿਚ ਫੇਲ੍ਹ ਹੋਏ। ਭਾਰਤ ਦੇ 20 ਖਿਡਾਰੀ ਟੀਮ ਚੁਣਨ ਵੇਲੇ ਡੋਪੀ ਨਿਕਲੇ ਤੇ ਇਕ ਖਿਡਾਰੀ ਕੱਪ ਖੇਡਦਿਆਂ ਡਰੱਗੀ ਨਿਕਲਿਆ। 3 ਟੀਮਾਂ ਨੂੰ ਛੱਡ ਕੇ 13 ਟੀਮਾਂ ਨੂੰ ਡੋਪ ਦੀ ਮਾਰ ਪਈ। ਉਨ੍ਹਾਂ ਨੂੰ ਲਗਭਗ ਸਵਾ ਕਰੋੜ ਰੁਪਏ ਦੇ ਜੁਰਮਾਨੇ ਹੋਏ। ਲੜਕੀਆਂ ਦੀਆਂ 4 ਟੀਮਾਂ ਨੇ 7 ਮੈਚ ਖੇਡੇ ਸਨ। ਭਾਰਤੀ ਟੀਮ ਵਧੇਰੇ ਤਕੜੀ ਤੇ ਬਾਕੀ ਦੀਆਂ ਟੀਮਾਂ ਕਾਫੀ ਕਮਜ਼ੋਰ ਹੋਣ ਕਾਰਨ ਮੈਚ ਇਕਤਰਫ਼ਾ ਹੀ ਰਹੇ ਸਨ ਤੇ ਭਾਰਤੀ ਟੀਮ ਚੋਖੇ ਨੰਬਰਾਂ ਦੇ ਫਰਕ ਨਾਲ ਕੱਪ ਜਿੱਤੀ ਸੀ।
ਪਹਿਲੀ ਦਸੰਬਰ ਤੋਂ 15 ਦਸੰਬਰ ਤਕ ਹੋਏ ਤੀਜੇ ਕਬੱਡੀ ਵਿਸ਼ਵ ਕੱਪ ਵਿਚ ਮਰਦਾਂ ਦੀਆਂ ਟੀਮਾਂ ਭਾਵੇਂ 15 ਸਨ ਪਰ 13 ਥਾਂਵਾਂ ਉਤੇ ਮੈਚ 25 ਹੀ ਖੇਡੇ ਗਏ। ਉਨ੍ਹਾਂ ਵਿਚੋਂ ਅਮਰੀਕਾ ਤੇ ਇਰਾਨ ਦਾ ਮੈਚ ਹੀ ਕਾਂਟੇਦਾਰ ਹੋਇਆ ਜੋ ਇਰਾਨ ਦੀ ਟੀਮ ਨੇ 45-41 ਅੰਕਾਂ ਨਾਲ ਜਿੱਤਿਆ। ਇਰਾਨ ਬਨਾਮ ਕੈਨੇਡਾ ਦਾ ਮੈਚ ਖਹਿਵਾਂ ਹੋਣ ਦੀ ਆਸ ਸੀ ਪਰ ਉਹ ਮੀਂਹ ਨੇ ਖਰਾਬ ਕਰ ਦਿੱਤਾ। ਉਹ ਮੈਚ ਕੈਨੇਡਾ ਨੇ 51-35 ਅੰਕਾਂ ਦੇ ਫਰਕ ਨਾਲ ਜਿੱਤਿਆ। ਬਾਕੀ ਮੈਚ ਇਕਪਾਸੜ ਹੀ ਸਿੱਧ ਹੋਏ। ਇਹੋ ਕਾਰਨ ਹੈ ਕਿ ਕੁਝ ਥਾਂਵਾਂ ਉਤੇ ਓਨੇ ਦਰਸ਼ਕ ਨਹੀਂ ਜੁੜੇ ਜਿੰਨੇ ਜੁੜਨੇ ਚਾਹੀਦੇ ਸਨ। ਕਈ ਥਾਂਈਂ ਦਰਸ਼ਕ ‘ਕੱਠੇ ਕਰਨ ਲਈ ‘ਜੁਗਾੜ’ ਵੀ ਕਰਨਾ ਪਿਆ ਜਿਵੇਂ ਸਿਆਸੀ ਰੈਲੀਆਂ ਲਈ ਕੀਤਾ ਜਾਂਦਾ ਹੈ। ਸਿਆਸੀ ਨੇਤਾਵਾਂ ਦੀਆਂ ਡਿਊਟੀਆਂ ਲੱਗੀਆਂ, ਪਈ ਦੋ-ਦੋ ਹਜ਼ਾਰ ਬੰਦੇ ਲਾਜ਼ਮੀ ਲਿਆਓ!
ਲੜਕੀਆਂ ਦੀਆਂ 7 ਟੀਮਾਂ ਦੇ 13 ਮੈਚ ਸਨ ਪਰ ਮੁਕਾਬਲੇ ਦਾ ਮੈਚ ਇਕ ਅੱਧਾ ਹੀ ਹੋ ਸਕਿਆ। ਭਾਰਤ ਤੇ ਭਾਰਤੀ ਕੁੜੀਆਂ ਨਾਲ ਲੈਸ ਮਲੇਸ਼ੀਆ ਦੀਆਂ ਟੀਮਾਂ ਏਨੀਆਂ ਤਕੜੀਆਂ ਸਨ ਕਿ ਹੋਰ ਟੀਮਾਂ ਉਨ੍ਹਾਂ ਦੇ ਨੇੜ ਤੇੜੇ ਵੀ ਨਹੀਂ ਸਨ। ਭੇਤ ਦੀ ਗੱਲ ਇਹ ਹੈ ਕਿ ਜਗਤਪੁਰ ਅਕੈਡਮੀ ਦੀਆਂ ਜਿਹੜੀਆਂ ਕੁੜੀਆਂ ਭਾਰਤ ਦੀ ਟੀਮ ਵਿਚ ਆਉਣ ਜੋਗੀਆਂ ਨਹੀਂ ਸਨ ਉਹ ਮਲੇਸ਼ੀਆ ਵੱਲੋਂ ਖਿਡਾ ਲਈਆਂ ਗਈਆਂ ਕਿ ਦੂਜਾ ਇਨਾਮ ਕਿਤੇ ਵਿਦੇਸ਼ੀ ਟੀਮ ਨੂੰ ਨਾ ਚਲਾ ਜਾਵੇ। ਇਹ ਟੀਮਾਂ ਬਾਕੀ ਟੀਮਾਂ ਨੂੰ ਜਾਣ ਬੁੱਝ ਕੇ ਰਿਆਇਤੀ ਅੰਕ ਦਿੰਦੀਆਂ ਵੇਖੀਆਂ ਗਈਆਂ! ਸਿਰਫ਼ ਇੰਗਲੈਂਡ ਤੇ ਡੈਨਮਾਰਕ ਦੀਆਂ ਮੇਮਾਂ ਦਾ ਮੈਚ ਹੀ ਮੁਕਾਬਲੇ ਦਾ ਹੋ ਸਕਿਆ ਜੋ ਡੈਨਮਾਰਕ ਨੇ ਇੰਗਲੈਂਡ ਨੂੰ 36-28 ਅੰਕਾਂ ਨਾਲ ਹਰਾ ਕੇ ਜਿੱਤਿਆ। ਭਾਰਤ ਦੀ ਟੀਮ ਡੈਨਮਾਰਕ ਨੂੰ 60-17, ਕੈਨੇਡਾ ਨੂੰ 62-16, ਇੰਗਲੈਂਡ ਨੂੰ 56-7 ਤੇ ਮਲੇਸ਼ੀਆ ਨੂੰ 72-12 ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਦੂਜੀ ਵਾਰ ਵਿਸ਼ਵ ਕੱਪ ਜਿੱਤੀ।
ਭਾਰਤ ਦੇ ਮੁੰਡਿਆਂ ਦੀ ਟੀਮ ਇੰਗਲੈਂਡ ਦੀ ਟੀਮ ਨੂੰ 57-28, ਅਫ਼ਗ਼ਾਨਿਸਤਾਨ ਨੂੰ 73-24, ਡੈਨਮਾਰਕ ਨੂੰ 73-28 ਤੇ ਇਰਾਨ ਨੂੰ 72-23 ਅੰਕਾਂ ਨਾਲ ਹਰਾ ਕੇ ਫਾਈਨਲ ਵਿਚ ਪੁੱਜੀ ਸੀ। ਉਹ ਚਾਹੁੰਦੀ ਤਾਂ ਅੰਕਾਂ ਦਾ ਏਦੂੰ ਵੀ ਵੱਡਾ ਫਰਕ ਪਾ ਸਕਦੀ ਸੀ। ਤਕੜੇ ਖਿਡਾਰੀ ਪਹਿਲਾਂ ਖਿਡਾਏ ਹੀ ਨਹੀਂ ਗਏ। ਫਾਈਨਲ ਵਿਚ ਉਸ ਨੇ ਪਾਕਿਸਤਾਨ ਦੀ ਉਸ ਟੀਮ ਨੂੰ 59-22 ਅੰਕਾਂ ਨਾਲ ਹਰਾ ਦਿੱਤਾ ਜਿਹੜੀ ਸੀਅਰਾ ਲਿਓਨ ਦੀ ਟੀਮ ਨੂੰ 55-12, ਸਕਾਟਲੈਂਡ ਨੂੰ 61-21, ਇਟਲੀ ਨੂੰ 66-20 ਤੇ ਕੈਨੇਡਾ ਨੂੰ 53-27 ਅੰਕਾਂ ਨਾਲ ਹਰਾ ਕੇ ਫਾਈਨਲ ਵਿਚ ਪੁੱਜੀ ਸੀ। ਪਹਿਲੇ ਮੈਚਾਂ ਵਿਚ ਪਾਕਿਸਤਾਨੀ ਸ਼ੁਗਲੇ ਕਰਦੇ ਰਹੇ ਸਨ ਪਰ ਫਾਈਨਲ ਵਿਚ ਭਾਰਤੀ ਖਿਡਾਰੀਆਂ ਵਿਰੁਧ ਝੱਗ ਵਾਂਗ ਬਹਿ ਗਏ!
ਪ੍ਰਬੰਧਕ ਜੋ ਮਰਜ਼ੀ ਕਹੀ ਜਾਣ ਕਿ ਵੇਖ ਲਓ ਕਿੰਨੇ ਮੁਲਕਾਂ ਦੀਆਂ ਕਬੱਡੀ ਟੀਮਾਂ ਵਿਸ਼ਵ ਕੱਪ ਖੇਡਣ ਆਈਆਂ? ਪਰ ਅਸਲੀਅਤ ਇਹ ਹੈ ਕਿ ਵਿਸ਼ਵ ਕੱਪ ਖੇਡਣ ਲਈ ਤਕੜੀਆਂ ਮਿਆਰੀ ਟੀਮਾਂ ਅਜੇ ਉਂਗਲਾਂ ‘ਤੇ ਗਿਣਨ ਜੋਗੀਆਂ ਵੀ ਨਹੀਂ ਬਣੀਆਂ। ਕਿਹਾ ਜਾ ਰਿਹੈ ਕਿ ਅਗਲੇ ਕਬੱਡੀ ਵਿਸ਼ਵ ਕੱਪ ਵਿਚ 25 ਮੁਲਕਾਂ ਦੀਆਂ ਟੀਮਾਂ ਖਿਡਾਈਆਂ ਜਾਣਗੀਆਂ। ਜੇ ਉਨ੍ਹਾਂ ਦੇ ਮੈਚ ਪਹਿਲੇ ਵਿਸ਼ਵ ਕੱਪਾਂ ਵਾਂਗ ਇਕਤਰਫ਼ਾ ਹੀ ਹੋਣੇ ਹਨ ਤਾਂ ਬਹੁਤੀਆਂ ਟੀਮਾਂ ਦਾ ਕਿਰਾਇਆ ਭਾੜਾ ਪੱਟਣ ਦੀ ਲੋੜ ਨਹੀਂ। ਵਿਸ਼ਵ ਕੱਪ ਭਾਵੇਂ ਅੱਠ ਟੀਮਾਂ ਦਾ ਹੀ ਹੋਵੇ ਪਰ ਮੈਚ ਮੁਕਾਬਲੇ ਦੇ ਹੋਣ ਜਿਨ੍ਹਾਂ ਨੂੰ ਦਰਸ਼ਕ ਰੂਹ ਨਾਲ ਵੇਖਣ। ਫਿਰ ‘ਕੱਠ ਕਰਨ ਲਈ ਕੋਈ  ਹੋਰ ‘ਜੁਗਾੜ’ ਨਹੀਂ ਕਰਨਾ ਪਵੇਗਾ। ਨਾ ਅਕਸ਼ੈ ਕੁਮਾਰ ਸੱਦਣਾ ਪਵੇਗਾ, ਨਾ ਕੈਟਰੀਨਾ ਕੈਫ ਨਚਾਉਣੀ ਪਵੇਗੀ। ਮੁਕਾਬਲੇ ਦੇ ਮੈਚਾਂ ਵਿਚ ਖੁਦ ਏਨੀ ਖਿੱਚ ਹੋਵੇਗੀ ਕਿ ਦਰਸ਼ਕ ਆਪੇ ਭੱਜੇ ਆਉਣਗੇ। ਸਮਾਂ ਆ ਗਿਆ ਹੈ ਕਿ ਕਬੱਡੀ ਦੇ ਵਿਸ਼ਵ ਕੱਪ ਭਾਵੇਂ ਦੋਂਹ ਸਾਲੀਂ ਹੋਣ ਪਰ ਕਬੱਡੀ ਦੀ ਵਿਸ਼ਵ ਲੀਗ ਹਰ ਸਾਲ ਹੋਵੇ ਤੇ ਲੀਗ ਸ਼ੁਰੂ ਕਰਨ ਲਈ ਸੁਹਿਰਦ ਕਬੱਡੀ ਮਾਹਿਰਾਂ ਨੂੰ ਭਰੋਸੇ ਵਿਚ ਲਿਆ ਜਾਵੇ।

Be the first to comment

Leave a Reply

Your email address will not be published.