ਬਲਜੀਤ ਬਾਸੀ
ਪਰਮਾਤਮਾ ਦੇ ਬੇਅੰਤ ਹੋਣ ਦੀ ਸਿਫਤ ਸਲਾਹ ਵਜੋਂ ਪਾਰਾਵਾਰ ਸ਼ਬਦ ਦੀ ਧਾਰਮਕ ਸਾਹਿਤ ਵਿਚ ਖਾਸ ਕਰਕੇ ਤੇ ਬੋਲਚਾਲ ਵਿਚ ਆਮ ਕਰਕੇ ਚੋਖੀ ਵਰਤੋਂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ “ਅੰਤੁ ਨ ਪਾਰਾਵਾਰੁ” ਉਕਤੀ ਅਨੇਕਾਂ ਵਾਰ ਆਈ ਹੈ, ਮਸਲਨ ਗੁਰੂ ਨਾਨਕ ਦੇਵ ਜੀ ਦੀ ਇਹ ਤੁਕ, “ਲਿਖੁ ਨਾਮੁ ਸਾਲਾਹ ਲਿਖੁ ਅੰਤੁ ਨ ਪਾਰਾਵਾਰੁ॥” ਅਕਾਲ ਉਸਤਿਤ ਵਿਚ ਵੀ ਇਸ ਤਰ੍ਹਾਂ ਦੇ ਭਾਵ ਹਨ, “ਪੂਰਨ ਅਵਤਾਰ ਨਿਰਾਧਾਰ ਹੈ ਨ ਪਾਰਾਵਾਰ ਪਾਈਐ ਨ ਪਾਰ ਪੈ ਅਪਾਰ ਕੈ ਬਖਾਨੀਐ॥” ਪਰਮਾਤਮਾ ਦਾ ਪਾਰਾਵਾਰ ਪਾਉਣ ਦਾ ਦਾਅਵਾ ਤਾਂ ਗੁਰੂਆਂ ਭਗਤਾਂ ਨੇ ਵੀ ਨਹੀਂ ਕੀਤਾ ਪਰ ਆਪਾਂ ਅੱਜ ਪਾਰਾਵਾਰ ਸ਼ਬਦ ਦਾ ਪਾਰਾਵਾਰ ਪਾਉਣ ਦਾ ਜਤਨ ਕਰਦੇ ਹਾਂ।
ਇਸ ਸ਼ਬਦ ਦਾ ਅਰਥ ਹੈ ਆਰ ਪਾਰ, ਕਿਸੇ ਜਲ ਭੰਡਾਰ ਦੇ ਦੋਨੋਂ ਤਟ, ਸੀਮਾ, ਅੰਤ। ਜਿਸ ਚੀਜ਼ ਦਾ ਨਾ ਆਰ ਮਲੂਮ ਹੋਵੇ ਨਾ ਪਾਰ ਉਹ ਬੇਅੰਤ ਹੀ ਕਹੀ ਜਾਵੇਗੀ। ਪਾਰਾਵਾਰ ਸ਼ਬਦ ਦੋ ਜੁਜ਼ਾਂ ਤੋਂ ਬਣਿਆ ਹੈ, ਪਾਰ+ਅਵਾਰ। ਅਵਾਰ ਦਾ ਭਾਵ ਹੈ ਇਸ ਪਾਰ, ਨੇੜਲਾ ਕਿਨਾਰਾ, ਉਰਲਾ ਪਾਸਾ, ਦਰਿਆ ਆਦਿ ਦਾ ਏਧਰਲਾ ਪਾਸਾ। ਇਸ ਤਰ੍ਹਾਂ ਦੋਨੋਂ ਸ਼ਬਦ ਜੁੜ ਕੇ ਜੋ ਭਾਵ ਦਿੰਦੇ ਹਨ, ਉਸ ਦਾ ਇਕ ਅਰਥ ਸੀਮਾ, ਅੰਤ, ਸਿਰਾ ਹੀ ਬਣਦਾ ਹੈ, “ਨਾਨਕ ਅੰਤ ਨ ਜਾਪਨੀ ਹਰਿ ਤਾਕੇ ਪਾਰਾਵਾਰ” ਵਿਚ ਪਾਰਾਵਾਰ ਦੀ ਥਾਂ ਹੱਦ ਜਾਂ ਸੀਮਾ ਲਾ ਕੇ ਦੇਖੋ ਸਹੀ ਅਰਥ ਹਥਿਆਉਣਗੇ। ਇਸ ਤਰ੍ਹਾਂ Ḕਨਾ ਪਾਰਾਵਾਰḔ ਦਾ ਅਰਥ ਉਰਲੇ ਜਾਂ ਪਰਲੇ ਕੰਢਿਆਂ ਤੋਂ ਬਗੈਰ ਜਾਂ ਕਹਿ ਲਵੋ ਬੇਕਿਨਾਰਾ ਬਣਦਾ ਹੈ। ਸੰਸਕ੍ਰਿਤ ਵਿਚ ਪਾਰਾਵਾਰ ਦਾ ਇਕ ਅਰਥ ਸਮੁੰਦਰ ਵੀ ਹੈ। ਪਾਰਾਵਾਰ ਸ਼ਬਦ ਆਮ ਬੋਲਚਾਲ ਵਿਚ ਵੀ ਅੰਤ ਦੇ ਅਰਥਾਂ ਵਜੋਂ ਵਰਤ ਲਿਆ ਜਾਂਦਾ ਹੈ ਜਿਵੇਂ ਦੇਸ਼ ਵਿਚ ਗੁਰਬਤ ਦਾ ਕੋਈ ਪਾਰਾਵਾਰ ਨਹੀਂ।
ਲਿਲੀ ਟਰਨਰ ਅਤੇ ਮੋਨੀਅਰ ਵਿਲੀਅਮਜ਼ ਅਨੁਸਾਰ ਸ਼ਬਦ ਦਾ ਦੂਜਾ ਜੁਜ਼ ‘ਅਵਾਰ’ ਸ਼ਬਦ ਅਪਾਰ ਦਾ ਬਦਲਿਆ ਰੂਪ ਹੈ। ḔਵḔ ਤੇ ḔਪḔ ਧੁਨੀਆਂ ਅਕਸਰ ਹੀ ਆਪਸ ਵਿਚ ਵਟ ਜਾਂਦੀਆ ਹਨ। ਅਪ ਵਿਚ ਦੂਰ, ਕਿਨਾਰਾ, ਪਾਣੀ, ਸਮੁੰਦਰ ਆਦਿ ਦੇ ਭਾਵ ਹਨ ਤੇ ਅਵ ਦੇ ਵੀ ਲਗਭਗ ਇਹੋ ਹਨ। ਅਵਾਰ ਦੇ ਸੰਕੁਚਤ ਰੂਪ ਵਾਰ ਜਾਂ ਇਸ ਦੇ ਕੁਝ ਰੁਪਾਂਤਰਾਂ ਦਾ ਕਈ ਭਾਰਤੀ ਆਰਿਆਈ ਭਾਸ਼ਾਵਾਂ ਵਿਚ ਅਰਥ ਉਰਲਾ ਕਿਨਾਰਾ ਆਦਿ ਹੈ। ਹਿੰਦੀ ਵਿਚ ਵਾਰਪਾਰ ਦਾ ਮਤਲਬ ਉਰਲਾ-ਪਰਲਾ ਕਿਨਾਰਾ ਹੈ। ਪੰਜਾਬੀ ਵਿਚ ਵੀ ਕਿਧਰੇ ਕਿਧਰੇ ਅਜਿਹੇ ਅਰਥ ਦੇਖਣ ਨੂੰ ਮਿਲਦੇ ਹਨ। ਗੁਰੂ ਅਮਰ ਦਾਸ ਦੀ ਇਸ ਤੁਕ ਵਿਚ ਕਾਹਨ ਸਿੰਘ ਨੇ ਵਾਰ ਦਾ ਅਰਥ ਅੰਤ, ਸਿਰਾ ਦਰਸਾਇਆ ਹੈ, “ਹਰਿ ਜੀਓ ਲੇਖੈ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰ॥” ਅਵਾਰ ਤੋਂ ਹੀ ‘ਓਰ’ ਸ਼ਬਦ ਬਣਿਆ ਜਿਸ ਵਿਚ ਵੀ ਪਾਸਾ, ਦਿਸ਼ਾ, ਤਰਫ ਦਾ ਭਾਵ ਹੈ। ਇਹ ਸ਼ਬਦ ਆਮ ਤੌਰ ‘ਤੇ ਤਾਂ ਹਿੰਦੀ ਵਿਚ ਹੀ ਵਰਤਿਆ ਜਾਂਦਾ ਹੈ ਜਿਵੇਂ “ਕਿਸ ਓਰ ਜਾ ਰਹੇ ਹੋ?” ਗੁਰੂ ਗ੍ਰੰਥ ਸਾਹਿਬ ਵਿਚ ਵੀ ਇਹ ਸ਼ਬਦ ਇਨ੍ਹਾਂ ਅਰਥਾਂ ਵਿਚ ਆਇਆ ਹੈ, “ਭੀਤਿ ਊਪਰੇ ਕੇਤਕੁ ਧਾਈਐ ਅੰਤ ਓਰ ਕੋ ਆਹਾ॥” (ਗੁਰੂ ਅਰਜਨ ਦੇਵ) ਅਰਥਾਤ ਕੰਧ ‘ਤੇ ਕਿਥੋਂ ਤੱਕ ਦੌੜਿਆ ਜਾ ਸਕਦਾ ਹੈ, ਆਖਰ ਉਸ ਦਾ ਅਖੀਰਲਾ ਸਿਰਾ ਆ ਹੀ ਜਾਣਾ ਹੈ। ਹੋਰ ਦੇਖੋ, “ਕਥਨੀ ਕਥਉ ਨ ਆਵੈ ਓਰ॥” -ਜਪੁ।
ਠੇਠ ਪੰਜਾਬੀ ਵਿਚ ਇਸ ਦਾ ਵਰਤੀਂਦਾ ਰੂਪ ਹੈ, ਉਰੇ। ਇਸ ਦਾ ਭਾਵ ਹੈ ਬੋਲਣਹਾਰੇ ਦੇ ਦ੍ਰਿਸ਼ਟੀਕੋਣ ਤੋਂ ਉਸ ਵੱਲ ਦਾ ਪਾਸਾ, “ਉਰੇ ਆਈਂ ਜ਼ਰਾ।” ਮਲਵਈ ਵਿਚ ਉਰੇ ਸ਼ਬਦ ਦਾ ਅਰਥ ਬੋਲਣਹਾਰੇ ਦਾ ਰਹਿਣ ਸਥਾਨ, ਨਗਰ ਆਦਿ ਜਾਂ ਕਹਿ ਲਵੋ ‘ਏਥੇ ਵੀ ਹੈ’ ਜਿਵੇਂ “ਉਹ ਉਰੇ ਰਹਿੰਦਾ ਹੈ।” ਅਮਰੀਕਾ ਵਿਚ ਰਹਿੰਦਾ ਮਲਵਈ ਕੁਝ ਇਸ ਤਰ੍ਹਾਂ ਕਹੇਗਾ, “ਉਰੇ ਤਾਂ ਭਾਈ ਬਹੁਤ ਕੰਮ ਲੈਂਦੇ ਨੇ।” ਇਸ ਦਾ ਇਕ ਅਰਥ Ḕਇਹ ਲੋਕḔ ਵੀ ਹੁੰਦਾ ਹੈ। ਇਸੇ ਦਾ ਇਕ ਹੋਰ ਰੂਪ ਹੈ ਉਰਾਂਹ। ਇਸ ਤੋਂ ਹੀ ਇਕ ਵਿਸ਼ੇਸ਼ਣ ਬਣਿਆ ਹੈ, ਉਰਲਾ ਅਰਥਾਤ ਬੋਲਣਹਾਰੇ ਵੱਲ ਦਾ, ਜਿਵੇਂ ਨਦੀ ਦਾ ਉਰਲਾ ਕਿਨਾਰਾ। ‘ਓਰ’ ਦੀ ਰ ਧੁਨੀ ੜ ਵਿਚ ਬਦਲ ਕੇ ਓੜ ਸ਼ਬਦ ਬਣ ਗਿਆ, ਜਿਸ ਦਾ ਅਰਥ ਸ਼ਰਣ ਜਿਹਾ ਹੈ, “ਜਨ ਨਾਨਕ ਓੜਿ ਤੁਹਾਰੀ ਪਰਿਓ ਆਇਓ ਸਰਣਾਗਿਓ॥” (ਗੁਰੂ ਅਰਜਨ ਦੇਵ) ਇਸ ਦਾ ਅਰਥ ਤਰਫ, ਦਿਸ਼ਾ ਵੀ ਹੈ। ਓੜ ਤੋਂ ਅੱਗੇ ਓੜਕ ਸ਼ਬਦ ਬਣ ਗਿਆ ਜਿਸ ਦਾ ਅਰਥ, ਅਖੀਰ, ਛੇਕੜ ਅੰਤ, ਸਿਰਾ ਹੁੰਦਾ ਹੈ, “ਓੜਕ ਓੜਕ ਭਾਲਿ ਥਕੇ ਵੇਦ ਕਹਿਨ ਇਕ ਵਾਤ॥” ਅਵਾਰ ਦਾ ਹੋਰ ਵਿਉਤਪਤ ਰੂਪ ਹੈ ਆਰ। ਇਹ ਸ਼ਬਦ ਸੁਤੰਤਰ ਤੌਰ ‘ਤੇ ਘਟ ਹੀ ਵਰਤਿਆ ਜਾਂਦਾ ਹੈ, ਬਹੁਤਾ ਆਰ-ਪਾਰ ਸ਼ਬਦ ਜੁੱਟ ਵਿਚ ਹੀ ਕੈਦ ਰਹਿੰਦਾ ਹੈ। ਹਾਂ, ਇਸ ਬੁਝਾਰਤ ਵਿਚ ਜ਼ਰੂਰ ਇਸ ਦੀ ਸੁਤੰਤਰ ਹਸਤੀ ਨਜ਼ਰ ਆਉਂਦੀ ਹੈ, “ਆਰ ਢਾਂਗਾ, ਪਾਰ ਢਾਂਗਾ ਵਿਚ ਟੱਲਮਟੱਲੀਆਂæææ।” ਅਵਾਰ ਸ਼ਬਦ ਦਾ ਧਾਤੂ ਹੈ ‘ਵ੍ਰ’ ਜਿਸ ਵਿਚ ਉਪਰ ਉਠਣਾ, ਤਰ ਕਰਨਾ, ਬਰਸਣਾ ਆਦਿ ਦੇ ਭਾਵ ਹਨ। (ਮੀਂਹ ਦਾ) ਵਸਣਾ, ਵਰਖਾ ਜਿਹੇ ਸ਼ਬਦ ਵੀ ਇਸ ਦੀ ਪੈਦਾਵਾਰ ਹਨ। ਇਸ ਤੋਂ ਬੇਸ਼ੁਮਾਰ ਹੋਰ ਸ਼ਬਦ ਬਣੇ ਹਨ ਜਿਨ੍ਹਾਂ ਦੀ ਵਿਆਖਿਆ ਸਮੇਂ ਸਮੇਂ ਹੁੰਦੀ ਰਹੇਗੀ।
ਪਾਰਾਵਰ ਵਿਚਲੇ ਪਾਰ ਸ਼ਬਦ ਦਾ ਪ੍ਰਚਲਤ ਅਰਥ ਹੈ ਦਰਿਆ ਆਦਿ ਦਾ ਪਰਲਾ ਕੰਢਾ ਤੇ ਵਿਸਤ੍ਰਿਤ ਅਰਥ ਹੋਇਆ ਦਰਿਆ ਆਦਿ ਦਾ ਪਰਲਾ ਪਾਸਾ ਜਾਂ ਇਲਾਕਾ। ਪਾਰ ਤੋਂ ਅਸਲ ਵਿਚ ਅੱਗੇ ਵਧਣ ਦਾ ਭਾਵ ਹੈ। ਧਿਆਨ ਦਿਓ, ਅੱਗੇ ਵਧਣ ਨਾਲ ਹੀ ਦਰਿਆ ਆਦਿ ਨੂੰ ਪਾਰ ਕਰ ਸਕੀਦਾ ਹੈ। “ਬੁਲ੍ਹੇ ਸ਼ਾਹ ਦੀ ਸੁਣੋ ਹਕਾਇਤ, ਹਾਦੀ ਪਕੜਿਆ ਹੋਗ ਹਦਾਇਤ। ਮੇਰਾ ਮੁਰਸ਼ਦ ਸ਼ਾਹ ਅਨਾਇਤ, ਉਹ ਲੰਘਾਇ ਪਾਰ।” ਅੱਗੇ ਵਧਣ ਦੇ ਭਾਵ ਤੋਂ ਕਿਸੇ ਚੀਜ਼ ਦੇ ਵਿਚ ਦੀ ਲੰਘਣ ਦਾ ਭਾਵ ਵੀ ਆ ਜਾਂਦਾ ਹੈ। ਇਸੇ ਲਈ ਇਸ ਦਾ ਇਕ ਅਰਥ ਪਾੜ ਜਾਂ ਸੰਨ੍ਹ ਵੀ ਹੈ, “ਇਸ ਕੋ ਪਾਰ ਦਯੋ ਦਰਸਾਵੋ।” “ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ॥” (ਗੁਰੂ ਅਰਜਨ ਦੇਵ) ਦੁਆਬੇ ਵਿਚ ਮਾਲਵੇ ਨੂੰ ਪਾਰ ਕਿਹਾ ਜਾਂਦਾ ਹੈ ਅਰਥਾਤ ਦੁਆਬੇ ਦੇ ਨਜ਼ਰੀਏ ਤੋਂ ਸਤਲੁਜ ਦੇ ਪਾਰਲਾ ਇਲਾਕਾ। ਮੇਰੇ ਪਿੰਡ ਸਾਡੇ ਗੁਆਂਢ ਦੀ ਇਕ ਔਰਤ ਪਾਰ ਤੋਂ ਵਿਆਹੀ ਆਈ ਸੀ। ਹੋਰ ਗੁਆਂਢਣਾਂ ਉਸ ਦੇ ਤੌਰ ਤਰੀਕਿਆਂ ਦੀ ਨਿਖੇਧੀ ਕਰਦੀਆਂ ਕਹਿੰਦੀਆਂ ਰਹਿੰਦੀਆਂ, “ਪਾਰੋਂ ਆਈ ਹੈ ਨਾ।” ਪਾਰ ਤੋਂ ਬਣਿਆ ਅਪਾਰ ਪਾਰ ਦੇ ਵਿਪਰੀਤ ਭਾਵ ਦਿੰਦਾ ਹੈ ਮਤਲਬ ਉਰਲਾ ਪਾਸਾ। ਇਸ ਦਾ ਅਰਥ ਹੈ ਜਿਸ ਦਾ ਕੋਈ ਸਿਰਾ ਜਾਂ ਕਿਨਾਰਾ ਨਹੀਂ, ਹੈ ਵੀ। “ਆਪੇ ਸਾਗਰ ਬੋਹਿਥਾ ਆਪੇ ਪਾਰ ਅਪਾਰ॥” (ਗੁਰੂ ਨਾਨਕ ਦੇਵ) ਬੇਅੰਤ ਅਸੀਮ ਦੇ ਅਰਥਾਂ ਵਿਚ, “ਅਪਾਰ ਅਗਮ ਗੋਬਿੰਦ ਠਾਕੁਰ” (ਗੁਰੂ ਅਰਜਨ ਦੇਵ) ਗ਼ ਸ਼ ਰਿਆਲ ਨੇ ਇਸ ਦੇ ਟਾਕਰੇ ਵਿਚ ਫਾਰਸੀ ਦੀ Ḕਮੁਹੀਤ-ਏ-ਬੇਕਰਾਂḔ ਉਕਤੀ ਪੇਸ਼ ਕੀਤੀ ਹੈ ਜਿਸ ਦਾ ਸ਼ਾਬਦਿਕ ਅਰਥ ਕੰਢਿਆਂ ਤੋਂ ਰਹਿਤ ਸਮੁੰਦਰ ਹੈ ਜੋ ਪਰਮਾਤਮਾ ਦੇ ਅਥਾਹ ਹੋਣ ਦੀ ਲਖਾਇਕ ਉਪਾਧੀ ਹੈ, “ਤੂ ਹੈ ਮਹੀਤ-ਏ-ਬੇਕਰਾਂ, ਮੈਂ ਹੂੰ ਜ਼ਰਾ ਸੀ ਆਬ ਜੋ” (ਛੋਟੀ ਨਦੀ)। ਇਹ ਸ਼ਬਦ ਪਰਮਾਤਮਾ ਤੋਂ ਇਲਾਵਾ ਧਰਤੀ ਅਤੇ ਅਕਾਸ਼ ਦੇ ਵਿਸ਼ੇਸ਼ਣ ਵਜੋਂ ਵੀ ਵਰਤਿਆ ਜਾਂਦਾ ਹੈ। ਇਸੇ ਤੋਂ ਅਪਰੰਪਾਰ ਸ਼ਬਦ ਬਣਿਆ ਅਰਥਾਤ ਜਿਸ ਦਾ ਪਾਰ ਨਾ ਪਾਇਆ ਜਾ ਸਕੇ, “ਆਦਿ ਪੁਰਖ ਅਪਰੰਪਾਰ ਦੇਵ” (ਗੁਰੂ ਅਰਜਨ ਦੇਵ) ਅਤੇ “ਕਹੁ ਨਾਨਕ ਅਪਰੰਪਾਰ ਮਾਨੁ” (ਗੁਰੂ ਨਾਨਕ ਦੇਵ)। ਪਾਰ ਤੋਂ ਹੀ ਪਰਲਾ ਤੇ ਪਾਰਲਾ ਸ਼ਬਦਾਂ ਦਾ ਨਿਰਮਾਣ ਹੋਇਆ। ਇਸ ਸ਼ਬਦ ਦੀ ਇਕ ਵਰਤੋਂ ਦੇਖੋ, “ਉਹ ਤਾਂ ਪਰਲੇ ਦਰਜੇ ਦਾ ਬੇਈਮਾਨ ਹੈ।” ਪਾਰ ਜਾਂ ਪਰ ਅਗੇਤਰ-ਪਿਛੇਤਰ ਲੱਗ ਕੇ ਅਨੇਕਾਂ ਸ਼ਬਦ ਬਣੇ ਹਨ, ਕੁਝ ਗਿਣਾਉਂਦੇ ਹਾਂ, ਪਾਰਗਾਮੀ, ਪਾਰ ਉਤਾਰਾ, ਪਾਰਬ੍ਰਹਮ, ਪਾਰਦਰਸ਼ਕ, ਪਰਜੀਵੀ, ਪਰੰਪਰਾ ਆਦਿ। ਹੋਰ ਤਾਂ ਹੋਰ ਪਾਰ ਬੁਲਾਉਣਾ ਮੁਹਾਵਰਾ ਵੀ ਬਣ ਗਿਆ ਹੈ। ਪਾਰ ਦਾ ਧਾਤੂ ਹੈ ‘ਪ੍ਰ’ ਜਿਸ ਵਿਚ ਅੱਗੇ ਵਧਣ ਦਾ ਭਾਵ ਹੈ। ਇਸ ਧਾਤੂ ਦਾ ਵੀ ਅਸਲ ਵਿਚ ਕੋਈ ਪਾਰਾਵਾਰ ਨਹੀਂ। ਇਸ ਤੋਂ ਪ੍ਰਗਤੀ ਤੇ ਹੋਰ ਕਿੰਨੇ ਸਾਰੇ ਸ਼ਬਦ ਬਣੇ ਹਨ। ਇਸ ਦੇ ਅਨੇਕਾਂ ਭਾਰੋਪੀ ਰਿਸ਼ਤੇਦਾਰ ਹਨ, ਜਿਨ੍ਹਾਂ ਦੀ ਨਿਸ਼ਾਨਦੇਹੀ ਫਿਰ ਕਦੇ ਕੀਤੀ ਜਾਵੇਗੀ।
ਪਾਰ ਤੇ ਅਵਾਰ/ਅਪਾਰ ਦੇ ਜੋੜ ਤੋਂ ਕੁਝ ਹੋਰ ਨਿੱਤ ਵਰਤੀਂਦੇ ਸ਼ਬਦ ਬਣੇ ਹਨ ਜਿਨ੍ਹਾਂ ਦੇ ਜ਼ਿਕਰ ਤੋਂ ਬਿਨਾਂ ਇਹ ਚਰਚਾ ਅਧੂਰੀ ਹੈ। ਉਰਵਾਰ ਸ਼ਬਦ ਦਾ ਅਰਥ ਹੈ ਦਰਿਆ ਦਾ ਉਰਲਾ ਕਿਨਾਰਾ ਜਾਂ ਪਾਸਾ, “ਧਾਤੁਰ ਬਾਜੀ ਪਲਚਿ ਰਹੇ ਨਾ ਉਰਵਾਰੁ ਨ ਪਾਰ।” (ਗੁਰੂ ਅਮਰ ਦਾਸ) ਇਥੇ ਉਰਵਾਰ ਤੋਂ ਭਾਵ ਇਹ ਲੋਕ ਹੈ। Ḕਉਰਵਾਰ ਪਾਰḔ ਦਾ ਅਰਥ ਹੈ ਇਹ ਲੋਕ ਤੇ ਪ੍ਰਲੋਕ, “ਉਰਵਾਰ ਪਾਰ ਕੇ ਦਾਨੀਆ” (ਭਗਤ ਰਵਿਦਾਸ) ਉਵਾਰ ਦਾ ਸੰਕੁਚਿਤ ਰੂਪ ਉਰਾਰ ਹੈ। Ḕਉਰਾ-ਪਰਾḔ ਦਾ ਅਰਥ ਹੈ, ਫੁਟਕਲ ਚੀਜ਼ਾਂ। ਮੇਰੀ ਬੀਬੀ ਉਰਾ-ਪਰਾ ਪਾ ਕੇ ਬਹੁਤ ਜ਼ਾਇਕੇਦਾਰ ਚਾਹ ਬਣਾਇਆ ਕਰਦੀ ਸੀ। ਪੁਲਿਸ ਆਈ ਤੇ ਸ਼ਰਾਬ ਕਢਣ ਵਾਲਿਆਂ ਨੇ ਸਾਰਾ ਸਮਾਨ ਉਰੇ-ਪਰੇ ਕਰ ਦਿੱਤਾ। ਇਸ ਸ਼ਬਦ ਜੁੱਟ ਦਾ ਇਕ ਤੀਜੀ ਡਿਗਰੀ ਦਾ ਰੂਪ ਹੈ ‘ਉਰਲਮ-ਪਰਲਮ’ ਮੈਂ ਵੀ ਤਾਂ ਉਰਲਮ-ਪਰਲਮ ਹੀ ਮਾਰ ਰਿਹਾ ਹਾਂ!