ਦਖਣੀ ਅਮਰੀਕਾ ਦੇ ਸਿੱਖ

ਗੁਲਜ਼ਾਰ ਸਿੰਘ ਸੰਧੂ
ਵੀਹ ਕੁ ਸਾਲ ਪਹਿਲਾਂ ਬੱਸ ਵਿਚ ਕੈਲੀਫੋਰਨੀਆ ਜਾਂਦਿਆਂ ਮੈਨੂੰ ਇਕ ਯੁਵਤੀ ਮਿਲ ਗਈ। ਉਹ ਚਿਹਰੇ-ਮੁਹਰੇ ਤੋਂ ਪੰਜਾਬਣ ਸੀ ਪਰ ਹੈ ਸੀ ਅਮਰੀਕਨ। ਉਸ ਨੇ ਦੱਸਿਆ ਕਿ ਉਸ ਦਾ ਨਾਨਾ ਇੰਡੇ ਸਿੰਘ ਸਿੱਖ ਸੀ ਤੇ ਨਾਨੀ ਮੈਕਸੀਕਨ। ਮੇਰੇ ਕਹਿਣ ‘ਤੇ ਉਸ ਨੇ ਮੇਰੀ ਡਾਇਰੀ ਵਿਚ ਆਪਣਾ ਤੇ ਨਾਨੇ ਦਾ ਨਾਂ ਲਿਖਿਆ ਜੋ ਕ੍ਰਮਵਾਰ ਜੈਨੇਲ ਲੂਇਸ ਤੇ ਇੰਦਰ ਸਿੰਘ ਸੀ।

ਉਹ ਆਪਣੇ ਟਿਕਾਣੇ ਉਤੇ ਬੱਸੋਂ ਉਤਰ ਗਈ।
ਮੈ ਸੈਨ ਡੀਆਗੋ ਪਹੁੰਚ ਕੇ ਆਪਣੇ ਮੇਜ਼ਬਾਨ ਨੂੰ ਕਿਹਾ ਕਿ ਮੈਨੂੰ ਮੈਕਸੀਕੋ ਵਿਖਾ ਲਿਆਵੇ। ਉਹਨੇ ਕਿਸੇ ਟੋਗਾ ਸਿੰਘ ਦੀ ਘਰ ਵਾਲੀ ਬਚਨ ਕੌਰ ਨੂੰ ਟੈਲੀਫੋਨ ਕੀਤਾ ਤਾਂ ਉਸ ਨੇ ਦੱਸਿਆ, ਮੌਸਮ ਖਰਾਬ ਹੋਣ ਕਾਰਨ ਅਸੀਂ ਉਸੇ ਦਿਨ ਨਹੀਂ ਸੀ ਮੁੜ ਸਕਦੇ। ਮੈਂ ਅਗਲੇ ਦਿਨ ਵਾਲੀ ਉਡਾਣ ਦੀ ਟਿਕਟ ਲੈ ਰੱਖੀ ਸੀ।
ਮੈਂ ਬਚਨ ਕੌਰ ਨਾਲ ਟੈਲੀਫੋਨ ਤੇ ਹੀ ਗੱਲਾਂ ਕੀਤੀਆਂ। ਪਤਾ ਲੱਗਿਆ ਕਿ ਉਸ ਦੇ ਪਤੀ ਦਾ ਨਾਂ ਤੇਗ ਸਿੰਘ ਤੇ ਉਹ ਉਹਦੇ ਨਾਲੋਂ 25 ਸਾਲ ਵੱਡਾ ਹੋਣ ਕਾਰਨ ਚਲਾਣਾ ਕਰ ਚੁੱਕਾ ਸੀ।
ਬੀਬੀ ਦੇ ਦੱਸਣ ਅਨੁਸਾਰ ਐਲ ਸੈਂਟਰੋ ਪਹੁੰਚਣ ਵਾਲੇ ਪੰਜਾਬੀ ਕਿਸਾਨ 1909 ਤੋਂ 1913 ਤੱਕ ਆਉਂਦੇ ਰਹੇ। ਏਥੇ ਉਹ ਖੇਤਾਂ ਵਿਚ ਕੰਮ ਕਰਦੇ ਸਨ ਪਰ ਉਨ੍ਹਾਂ ਨੂੰ ਜ਼ਮੀਨ ਖ਼ਰੀਦਣ ਦਾ ਹੱਕ ਨਹੀਂ ਸੀ। ਜ਼ਮੀਨ ਖ਼ਰੀਦਣ ਦੇ ਲਾਲਚ ਵਿਚ ਉਨ੍ਹਾਂ ਚੋਂ ਬਹੁਤਿਆਂ ਨੇ ਉਥੋਂ ਦੀਆਂ ਮੈਕਸੀਕਨਾਂ ਨਾਲ ਵਿਆਹ ਕਰਵਾ ਲਏ ਸਨ। ਵਿਆਹ ਕਰਵਾਉਣ ਤਕ ਉਹ ਬਿਰਧ ਹੋ ਜਾਂਦੇ ਤੇ ਉਨ੍ਹਾਂ ਵਿਚੋਂ ਕਈਆਂ ਨੂੰ ਮੁੜ ਦੇਸ਼ ਜਾਣਾ ਨਸੀਬ ਨਹੀਂ ਹੋਇਆ। ਉਹ ਬੜੇ ਭੈੜੇ ਸਮੇਂ ਸਨ। ਸਥਾਨਕ ਲੋਕ ਪੰਜਾਬੀਆਂ ਨਾਲ ਈਰਖਾ ਵੀ ਕਰਦੇ ਸਨ।
ਉਥੋਂ ਦੇ ਲੋਕਾਂ ਬਾਰੇ ਜਾਨਣ ਲਈ ਐਲ ਸੈਂਟਰੋ ਦੀ ਫੇਰੀ ਜ਼ਰੂਰੀ ਸੀ। ਓਥੋਂ ਦੇ ਗੁਰਦੁਆਰੇ ਤੇ ਪਿੰਡਾਂ ਦੀ। ਓਥੋਂ ਦੇ ਖੇਤਾਂ ਤੇ ਪੰਚਾਇਤ ਘਰਾਂ ਦੀ। ਮੌਸਮ ਦੀ ਖ਼ਰਾਬੀ ਨੇ ਮੇਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਸੀ। ਮੈਨੂੰ ਇਸ ਦਾ ਝੋਰਾ ਵੀ ਸੀ।
ਹੁਣ ਇਹ ਝੋਰਾ ਕਿਸੇ ਹੱਦ ਤੱਕ ਸਵਰਨ ਸਿੰਘ ਕਾਹਲੋਂ ਦੀ ਅੰਗਰੇਜ਼ੀ ਪੁਸਤਕ ‘ਸਿੱਖਸ ਇਨ ਲੇਟਿਨ ਅਮੈਰੀਕਾ’ ਨੇ ਦੂਰ ਕਰ ਦਿੱਤਾ ਹੈ। ਇਸ ਵਿਚ ਮੈਕਸੀਕੋ ਵਿਚ ਰਹਿੰਦੇ ਸਿੱਖਾਂ ਬਾਰੇ ਵੀ ਇਕ ਕਾਂਡ ਹੈ। ਉਸ ਨੇ ਅਰਜਨਟਾਈਨਾ, ਬਰਤਾਨਵੀ ਹਾਂਡੂਰਸ, ਬੌਲੀਵੀਆ, ਬਰਾਜ਼ੀਲ, ਕਿਊਬਾ, ਪਨਾਮਾ ਤੇ ਇਕੂਆਡੋਰ ਦੇ ਸਿੱਖਾਂ ਬਾਰੇ ਵੀ ਖੂਬ ਜਾਣਕਾਰੀ ਦਿੱਤੀ ਹੈ। ਜਿੱਥੇ ਮੈਕਸੀਕੋ ਵਾਲੇ ਕਾਂਡ ਨੇ ਮੈਨੂੰ ਐਲ ਸੈਂਟਰੋ ਦੀ ਬਚਨ ਕੌਰ ਚੇਤੇ ਕਰਵਾ ਦਿੱਤੀ, ਇਕੂਆਡੋਰ ਦੇ ਸਿੱਖਾਂ ਬਾਰੇ ਪੜ੍ਹਦਿਆਂ ਮੈਨੂੰ ਪੰਜਾਬ ਦੇ ਕਾਲੇ ਦੌਰ ਦੇ ਉਹ ਖਾਲਿਸਤਾਨੀ ਚੇਤੇ ਕਰਵਾ ਦਿੱਤੇ ਹਨ ਜਿਨ੍ਹਾਂ ਨੇ ਇਕੂਆਡੋਰ ਦੇ ਕਿਸੇ ਸਥਾਨ ਉਤੇ ਖਾਲਿਸਤਾਨੀ ਝੰਡਾ ਝੁਲਾ ਰਖਿਆ ਸੀ।
ਕਾਹਲੋਂ ਦਾ ਦਸਤਾਵੇਜ਼ ਸਿੱਕੇਬੰਦ ਹੈ। ਉਸ ਨੇ ਦੁਰੇਡੇ ਵਸਦੇ ਸਿੱਖਾਂ ਦੇ ਰਿਵਾਜਾਂ ਤੇ ਰਹਿਣ-ਸਹਿਣ ਬਾਰੇ ਹੀ ਨਹੀਂ ਉਨ੍ਹਾਂ ਦੇ ਧੁਰ ਅੰਦਰ ਵਸੀ ਹੋਈ ਸਿੱਖ ਸ਼ਕਤੀ ਬਾਰੇ ਵੀ ਲਿਖਿਆ ਹੈ। ਇਹ ਸ਼ਕਤੀ ਉਨ੍ਹਾਂ ਨੂੰ ਨਵੀਆਂ ਥਾਂਵਾਂ ਦੇ ਜੰਗਲਾਂ ਤੇ ਛੰਭਾਂ ਵਿਚ ਖੇਤੀ ਕਰਨ ਦੇ ਯੋਗ ਹੀ ਨਹੀਂ ਉਨ੍ਹਾਂ ਦੇ ਮਨਾਂ ਨੂੰ ਜਿੱਤਣ ਦੇ ਯੋਗ ਵੀ ਬਣਾਉਂਦੀ ਰਹੀ ਹੈ। ਪੁਸਤਕ ਵਿਚ ਉਨ੍ਹਾਂ ਦੇ ਉਦਮੀ, ਸਿਰੜੀ ਤੇ ਈਮਾਨਦਾਰ ਸੁਭਾਅ ਬਾਰੇ ਖੂਬ ਟਿਪਣੀਆਂ ਹਨ।
ਇਹ ਲੋਕ ਕਿਵੇਂ ਸਰਹਦਾਂ ਉਤੇ ਲਗੀਆਂ ਕੰਡਿਆਲੀਆਂ ਵਾੜਾਂ ਟਪ ਕੇ ਅਤੇ ਅਜਿਹੇ ਜਹਾਜਾਂ ਚੜ੍ਹ ਕੇ ਗਏ ਜਿਹੜੇ ਡੁੱਬਦੇ ਵੀ ਰਹੇ ਹਨ। ਅਜਿਹੀਆਂ ਥਾਂਵਾਂ ਉਤੇ ਜਿਥੇ ਉਨ੍ਹਾਂ ਨੂੰ ਆਪਣੇ ਵੰਸ਼ ਜਾਤੀ ਜਾਂ ਗੋਤ ਦਾ ਕੋਈ ਵੀ ਜੀਅ 20-30 ਮੀਲ ਤੱਕ ਨਹੀਂ ਸੀ ਦਿਸਦਾ। ਉਨ੍ਹਾਂ ਵਿਚੋਂ ਕਈਆਂ ਨੂੰ ਇਹ ਵੀ ਨਹੀਂ ਪਤਾ ਕਿ ਧਰਮ ਤੇ ਜਾਤ ਕੀ ਹੁੰਦੀ ਹੈ। ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਨਾਂਵਾਂ ਤੇ ਉਨ੍ਹਾਂ ਦੇ ਸਟੋਰਾਂ ਜਾਂ ਡਿਸਕੋ ਸੈਂਟਰਾਂ ਉਤੇ ‘ਸਿੰਘ ਜਾਂ ਖਾਲਸਾ’ ਕਿਉਂ ਲਿਖਿਆ ਗਿਆ ਹੈ। ਜੇ ਉਨ੍ਹਾਂ ਨੂੰ ਛਡ ਦੇਈਏ ਜਿਹੜੇ ਯੋਗੀ ਭਜਨ ਦੇ ਖੋਲ੍ਹੇ ਯੋਗਾ ਸੈਂਟਰਾਂ ਦੇ ਪ੍ਰਭਾਵ ਅਧੀਨ ਰਾਮਰਤਨ ਸਿੰਘ, ਸਤਿਗੁਰੂ ਸਿੰਘ ਜਾਂ ਗੁਰੂਦਾਸ ਸਿੰਘ ਬਣੇ ਉਨ੍ਹਾਂ ਦਾ ਕੋਈ ਅੰਤ ਨਹੀਂ ਜਿਹੜੇ ਬਤਨ ਸਿੰਘ ਤੋਂ ਬੂਟੋਨ ਸਿੰਘ, ਜਾਂ ਤਰਲੋਕ ਸਿੰਘ ਤੋਂ ਟੋਲੋਕ ਸਿੰਘ, ਚੰਨਣ ਤੋਂ ਚੇਨੌਨ ਸਿੰਘ ਤੇ ਰਾਮ ਸਿੰਘ ਤੋਂ ਰੋਮ ਸਿੰਘ ਹੋ ਚੁੱਕੇ ਹਨ। ਕੁਝ ਏਸੇ ਤਰ੍ਹਾਂ ਜਿਵੇਂ ਬਚਨ ਕੌਰ ਦਾ ਪਤੀ ਤੇਗ ਸਿੰਘ ਤੋਂ ਟੋਗਾ ਸਿੰਘ ਹੋ ਗਿਆ ਸੀ ਤੇ ਲੂਈਸ ਦਾ ਨਾਨਾ ਇੰਦਰ ਸਿੰਘ ਤੋਂ ਇੰਡੇ ਸਿੰਘ।
ਇਥੇ ਗੈਰ ਪੰਜਾਬੀ ਮਾਂਵਾਂ ਦੇ ਪੁਤ ਜੌਰਜ ਸਿੰਘ, ਫਿਲਿੱਪ ਸਿੰਘ ਤੇ ਡਗਲਸ ਸਿੰਘ ਹਨ। ਇਹ ਵੀ ਕਿ ਨਾਂਵਾਂ ਨਾਲ ਸਿੰਘ ਲਾਉਣ ਦੀ ਪ੍ਰਥਾ ਮਰਦਾਂ ਵਿਚ ਤਾਂ ਹੈ ਪਰ ਮਹਿਲਾਵਾਂ ਵਿਚ ਉਕਾ ਹੀ ਨਹੀਂ। ਉਹ ਲੀਐਡਰਾਂ, ਕੋਰੀਨਾ, ਜ਼ੋਰੀਨਾ ਤੇ ਦੇਗੀਨਾ ਹੀ ਰਹਿੰਦੀਆਂ ਹਨ। ਉਨ੍ਹਾਂ ਦੇ ਨਾਂ ਨਾਲ ਕੌਰ ਨਹੀਂ ਲਗਦਾ। ਪਰ ਉਹ ਵੀ ਪੁੱਤਰ ਦੇ ਨਾਂ ਨਾਲ ਸਿੰਘ ਲਾਉਣਾ ਨਹੀਂ ਭੁੱਲਦੀਆਂ।
ਕਾਹਲੋਂ ਦੀ ਪੁਸਤਕ ਵਿਚ ਸੌ ਤੋਂ ਵਧ ਤਸਵੀਰਾਂ ਹਨ। ਇਨ੍ਹਾਂ ਵਿਚ ਪਤਿਤ ਸਿੰਘ ਬਹੁਤੇ ਹਨ, ਜਿਨ੍ਹਾਂ ਦੇ ਗੋਤ ਭੁੱਲਰ, ਗਿੱਲ, ਸੰਧੂ, ਧਾਲੀਵਾਲ ਹਨ। ਇਕ ਤਸਵੀਰ ਅਰਜਨਟਾਈਨਾ ਦੇ ਰੋਜ਼ਾਰੀਓ ਸਥਿੱਤ ਗੁਰਦੁਆਰੇ ਦੀ ਹੈ ਜਿਸ ਵਿਚ ਗੁਰਸਿੱਖ ਲਾੜਾ ਤਿੰਨ ਫੁਟੀ ਕਿਰਪਾਨ ਨਾਲ ਚੌਕੜੀ ਮਾਰ ਕੇ ਲਾੜੀ ਤੋਂ ਬਿਨਾ ਹੀ ਬੈਠਾ ਹੈ। ਉਸ ਦੀ ਹੋਣ ਵਾਲੀ ਵਹੁਟੀ ਨੇ ਉਸ ਨੂੰ ਸਿੱਧੀ ਗਿਰਜਾ ਘਰ ਹੀ ਮਿਲਣਾ ਹੈ ਜਿਥੇ ਸ਼ਾਦੀ ਦੀ ਪਾਰਟੀ ਵਿਚ ਮੌਜ ਮੇਲਾ ਹੋਣਾ ਹੈ। ਕੁਲ ਮਿਲਾ ਕੇ ਇਹ ਪੁਸਤਕ ਸਿੱਖੀ ਭਾਵਨਾ ਵਾਲੀ ਹੈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਯੋਗੀ ਭਜਨ ਵਰਗਾ ਸੁਹਾਗਾ ਵਰਤਣ ਦੀ ਆਸ ਰਖਦੀ ਹੈ। ਪੜ੍ਹਨ ਤੇ ਮਾਨਣ ਵਾਲੀ।
ਨਾਬਾਲਗ ਵੀ ਬਾਲਗਾਂ ਵਾਲੀ ਸਜ਼ਾ ਭੁਗਤਣਗੇ: ਕੇਂਦਰੀ ਕੈਬੀਨਟ ਨੇ 16 ਤੋਂ 18 ਸਾਲ ਦੇ ਨਾਬਾਲਗਾਂ ਵਲੋਂ ਕੀਤੇ ਜਾਣ ਵਾਲੇ ਕਤਲ, ਡਕੈਤੀ, ਬਲਾਤਕਾਰ ਅਤੇ ਉਧਾਲਿਆਂ ਵਰਗੇ ਗੰਭੀਰ ਅਪਰਾਧ ਕੀਤੇ ਜਾਣ ਦੀ ਸੂਰਤ ਵਿਚ ਉਨ੍ਹਾਂ ਵਿਰੁਧ ਬਾਲਗਾਂ ਵਾਂਗ ਮੁਕਦਮੇ ਚਲਾਏ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੁਝ ਲੋੜੀਂਦੀਆਂ ਸ਼ਰਤਾਂ ਦੇ ਬਾਵਜੂਦ ਅੱਗੇ ਤੋਂ ਅਜਿਹੇ ਅਪਰਾਧੀਆਂ ਨੂੰ ਬਾਲਗਾਂ ਵਾਲੀਆਂ ਸਜ਼ਾਵਾਂ ਭੁਗਤਣੀਆਂ ਪੈਣਗੀਆਂ। ਕੈਬੀਨਟ ਦੇ ਇਸ ਫੈਸਲੇ ਦਾ ਭਰਵਾਂ ਸਵਾਗਤ ਹੋਣਾ ਚਾਹੀਦਾ ਹੈ ਤੇ ਆਸ ਹੈ ਕਿ ਸੰਸਦ ਤੋਂ ਇਸ ਨੂੰ ਲੋੜੀਂਦੀ ਮਨਜ਼ੂਰੀ ਮਿਲ ਜਾਵੇਗੀ।
ਅੰਤਿਕਾ: (ਹਾਫਿਜ਼ ਜਲੰਧਰੀ)
ਜਿਸ ਨੇ ਇਸ ਦੌਰ ਕੇ ਇਨਸਾਂ ਕੀਏ ਹੈਂ ਪੈਦਾ
ਵੁਹੀ ਮੇਰਾ ਭੀ ਖੁਦਾ ਹੋ ਮੁਝੇ ਮਨਜ਼ੂਰ ਨਹੀਂ।