ਸਰਹੱਦ ਨਹੀਂ ਸੰਗੀਤ

-ਜਗਜੀਤ ਸਿੰਘ ਸੇਖੋਂ
ਗਜ਼ਲ ਗਾਇਕ ਗੁਲਾਮ ਅਲੀ ਪਹਿਲਾ ਅਜਿਹਾ ਪਾਕਿਸਤਾਨੀ ਕਲਾਕਾਰ ਹੋ ਨਿਬੜਿਆ ਹੈ ਜਿਸ ਨੇ ਮੰਦਰਾਂ ਦੇ ਸ਼ਹਿਰ ਵਾਰਾਣਸੀ ਦੇ ਸੰਕਟ ਮੋਚਨ ਮੰਦਰ ਵਿਚ ਆਪਣੀ ਕਲਾ ਦਾ ਜਲੌਅ ਦਿਖਾਇਆ। ਐਤਕੀਂ ਸਾਲਾਨਾ ‘ਸੰਕਟ ਮੋਚਨ ਸੰਗੀਤ ਸਮਾਰੋਹ’ ਦੌਰਾਨ ਉਨ੍ਹਾਂ ਆਪਣੇ ਫਨ ਦਾ ਮੁਜ਼ਾਹਰਾ ਕਰ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।

ਬਾਅਦ ਵਿਚ ਹੋਈਆਂ ਗੱਲਾਂ-ਬਾਤਾਂ ਦੌਰਾਨ ਉਨ੍ਹਾਂ ਕਿਹਾ ਕਿ ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ। ਅਸਲ ਵਿਚ ਉਨ੍ਹਾਂ ਨੂੰ ਜਿਹੜਾ ਸਵਾਲ ਕੀਤਾ ਗਿਆ ਸੀ, ਉਸ ਦਾ ਪ੍ਰਸੰਗ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਨਾਲ ਜੁੜਿਆ ਹੋਇਆ ਸੀ।
ਸੱਚਮੁੱਚ ਸੰਗੀਤ ਅਤੇ ਸੁਰਾਂ ਦੀ ਕੋਈ ਸਰਹੱਦ ਨਹੀਂ ਹੁੰਦੀ। ਹਰ ਕਲਾਕਾਰ ਸਦਾ ਇਹੀ ਕਹਿੰਦਾ ਆਇਆ ਹੈ, ਪਰ 25 ਅਪਰੈਲ ਨੂੰ ਪਾਕਿਸਤਾਨ ਦੇ ਨੌਜਵਾਨ ਗਾਇਕ ਆਤਿਫ ਅਸਲਮ ਦਾ ਪੁਣੇ ਵਿਖੇ ਹੋਣ ਵਾਲਾ ਪ੍ਰੋਗਰਾਮ ਸ਼ਿਵ ਸੈਨਾ ਦੇ ਡਰਾਵੇ ਕਾਰਨ ਰੱਦ ਕਰ ਦਿੱਤਾ ਗਿਆ। ਸ਼ਿਵ ਸੈਨਾ ਪਾਕਿਸਤਾਨ ਅਤੇ ਮੁਸਲਮਾਨਾਂ ਬਾਰੇ ਬੜਾ ਤਅੱਸਬ ਰੱਖਦੀ ਹੈ ਅਤੇ ਕੋਈ ਵੀ ਅਜਿਹਾ ਪ੍ਰੋਗਰਾਮ ਸਿਰੇ ਨਹੀਂ ਚੜ੍ਹਨ ਦਿੰਦੀ ਜਿਸ ਵਿਚ ਕਿਸੇ ਪਾਕਿਸਤਾਨੀ ਕਲਾਕਾਰ ਨੇ ਸ਼ਿਰਕਤ ਕਰਨੀ ਹੋਵੇ। ਇਸੇ ਕਰ ਕੇ ਹੁਣ ਗੁਲਾਮ ਅਲੀ ਵਰਗੇ ਚੋਟੀ ਦੇ ਕਲਾਕਾਰਾਂ ਲਈ ਇਹ ਸਭ ਤੋਂ ਵੱਡਾ ਸਵਾਲ ਬਣ ਕੇ ਸਾਹਮਣੇ ਆਣ ਖਲੋਇਆ ਹੈ, ਕਿਉਂਕਿ ਉਹ ਬਾਅਦ ਵਿਚ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਮਿਲੇ ਸਨ। ਇਸ ਮੁਲਾਕਾਤ ਦੇ ਵੇਰਵੇ ਭਾਵੇਂ ਕਿਸੇ ਨੂੰ ਦੱਸੇ ਨਹੀਂ ਗਏ, ਪਰ ਸਵਾਲਾਂ ਦਾ ਸਵਾਲ ਇਹ ਬਣ ਰਿਹਾ ਹੈ ਕਿ, ਕੀ ਗੁਲਾਮ ਅਲੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਪਾਕਿਸਤਾਨੀ ਕਲਾਕਾਰਾਂ ਦੇ ਪ੍ਰੋਗਰਾਮ ਡੱਕਣ ਦਾ ਮਾਮਲਾ ਉਠਾਇਆ ਹੋਵੇਗਾ ਜਾਂ ਨਹੀਂ?
ਵਾਰਾਣਸੀ ਵਿਚ ਹੋਏ ਸੰਗੀਤ ਸਮਾਰੋਹ ਵਿਚ ਉਘੇ ਸਰੋਦ ਵਾਦਕ ਅਮਜਦ ਅਲੀ ਖ਼ਾਨ ਨੇ ਵੀ ਸ਼ਿਰਕਤ ਕੀਤੀ ਸੀ। ਉਨ੍ਹਾਂ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਾਂਝ ਦਾ ਜ਼ਿਕਰ ਕਰਦਿਆਂ ਇਹੀ ਕਿਹਾ ਕਿ ਕੋਈ ਸਰਹੱਦ ਸੰਗੀਤ ਦੀਆਂ ਸੁਰਾਂ ਨੂੰ ਡੱਕ ਨਹੀਂ ਸਕਦੀ। ਉਂਜ ਸੱਚ ਇਹ ਹੈ ਕਿ ਉਨ੍ਹਾਂ ਪਾਕਿਸਤਾਨੀ ਕਲਾਕਾਰਾਂ ਦੇ ਪ੍ਰੋਗਰਾਮ ਡੱਕਣ ਖਿਲਾਫ ਆਵਾਜ਼ ਨਹੀਂ ਉਠਾਈ। ਇਹੀ ਹਾਲ ਹੋਰ ਕਲਾਕਾਰਾਂ ਦਾ ਹੈ। ਕਲਾਕਾਰਾਂ ਦੀ ਇਸੇ ਖਾਮੋਸ਼ੀ ਕਰ ਕੇ ਸ਼ਿਵ ਸੈਨਿਕ ਹਰ ਵਾਰ ਅਜਿਹੇ ਪ੍ਰੋਗਰਾਮ ਡੱਕਣ ਵਿਚ ਕਾਮਯਾਬ ਹੋ ਜਾਂਦੇ ਹਨ। ਇਨ੍ਹਾਂ ਹਿੰਦੂ ਜਥੇਬੰਦੀਆਂ ਦੇ ਸਤਾਏ ਸੰਸਾਰ ਪ੍ਰਸਿੱਧ ਚਿੱਤਰਕਾਰ ਮਕਬੂਲ ਫ਼ਿਦਾ ਹੁਸੈਨ ਨੇ ਤਾਂ ਰੋਸ ਵਜੋਂ ਭਾਰਤ ਸਦਾ ਸਦਾ ਲਈ ਛੱਡ ਦਿੱਤਾ ਸੀ ਅਤੇ ਜਲਾਵਤਨੀ ਦੌਰਾਨ ਹੀ ਉਸ ਦੀ ਮੌਤ ਹੋ ਗਈ ਸੀ।
_____________________________

ਦੋ ਪ੍ਰਧਾਨ ਮੰਤਰੀਆਂ ਦੀ ਖਾਮੋਸ਼ੀ ਦੀ ਦਾਸਤਾਨ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜਥੇਬੰਦੀ ਭਾਜਪਾ ਦੇ ਆਗੂ ਆਏ ਦਿਨ ਮੁਸਲਮਾਨਾਂ ਤੇ ਹੋਰ ਘੱਟ-ਗਿਣਤੀਆਂ ਖਿਲਾਫ ਭੜਕਾਊ ਭਾਸ਼ਣ ਦਾਗਦੇ ਰਹਿੰਦੇ ਹਨ। ਇਸ ਬਾਰੇ ਮੋਦੀ ਨੇ ਖੁੱਲ੍ਹ ਕੇ ਕਦੀ ਕੁਝ ਨਹੀਂ ਆਖਿਆ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜਦੋਂ ਅਹਿਮ ਮਸਲਿਆਂ ਬਾਰੇ ਖਾਮੋਸ਼ੀ ਧਾਰਨ ਕਰ ਲੈਂਦੇ ਸਨ ਤਾਂ ਮੋਦੀ ਤੁਰੰਤ ਬਿਆਨ ਦਾਗਦੇ ਹੁੰਦੇ ਸਨ। ਇਹ ਸੱਚ ਹੈ ਕਿ ਮਨਮੋਹਨ ਸਿੰਘ ਭਾਵੇਂ ਖੁਦ ਇਮਾਨਦਾਰੀ ਦਾ ਬੋਝ ਚੁੱਕੀ ਫਿਰਦੇ ਰਹੇ, ਪਰ ਉਨ੍ਹਾਂ ਦੇ ਨੱਕ ਥੱਲੇ ਉਨ੍ਹਾਂ ਦੇ ਮੰਤਰੀ ਘਪਲਾ-ਦਰ-ਘਪਲਾ ਕਰੀ ਗਏ। ਮਨਮੋਹਨ ਸਿੰਘ ਵਾਂਗ ਹੁਣ ਮੋਦੀ ਵੀ ਖਾਮੋਸ਼ ਹੋ ਗਏ ਹਨ।