ਮਹੂਰਤ

ਬੌਬ ਖਹਿਰਾ ਮਿਸ਼ੀਗਨ
ਫੋਨ: 734-925-0177

ਹਿੰਦੂ ਧਰਮ ਵਿਚ ਇਹ ਸਦੀਆਂ ਤੋਂ ਚਲਿਆ ਆ ਰਿਹਾ ਹੈ ਕਿ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੰਡਿਤ ਕੋਲੋਂ ਮਹੂਰਤ ਦਾ ਦਿਨ ਤੇ ਟਾਈਮ ਕਢਵਾਇਆ ਜਾਂਦਾ ਹੈ, ਪੂਜਾ ਕੀਤੀ ਜਾਂਦੀ ਹੈ। ਜਿਹੜੇ ਲੋਕ ਹਿੰਦੂ ਧਰਮ ਨੂੰ ਮੰਨਦੇ ਹਨ, ਉਹ ਭਾਵੇਂ ਡਾਕਟਰ-ਇੰਜੀਨੀਅਰ ਹੋਣ ਜਾਂ ਕਿਸੇ ਉਚੇ ਅਹੁਦੇ ‘ਤੇ, ਮੰਤਰੀ ਹੋਵੇ ਜਾਂ ਸੰਤਰੀ, ਕੋਈ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਵੀ ਕਿਉਂ ਨਾ ਹੋਵੇ, ਉਹ ਪੰਡਿਤ ਦੇ ਦੱਸੇ ਮੁਤਾਬਕ ਹੀ ਸਭ ਕੁਝ ਕਰਦਾ ਹੈ।

ਪੰਡਿਤ ਨੇ ਡਰ ਹੀ ਅਜਿਹਾ ਪਾਇਆ ਹੁੰਦਾ ਹੈ ਕਿ ਜੇ ਇਸ ਤਰ੍ਹਾਂ ਨਾ ਕੀਤਾ ਗਿਆ, ਤਾਂ ਕੋਈ ਵੱਡਾ ਅਨਰਥ ਹੋ ਜਾਵੇਗਾ! ਜੇ ਕਿਤੇ ਕੁਝ ਗਲਤ ਹੋ ਜਾਵੇ ਤਾਂ ਫਿਰ ਪੰਡਿਤ ਜੀ ਹੋਰ ਦਕਸ਼ਣਾ ਲੈ ਕੇ ਉਪਾਅ ਵੀ ਕਰ ਦਿੰਦੇ ਹਨ।
ਹੁਣ ਸਵਾਲ ਹੈ ਕਿ ਜਿਹੜੇ ਡਾਕਟਰ, ਇੰਜੀਨੀਅਰ ਜਾਂ ਹੋਰ ਵੱਡੀਆਂ ਪੋਸਟਾਂ ‘ਤੇ ਅਫ਼ਸਰ ਲੱਗੇ ਹੋਏ ਹਨ, ਉਨ੍ਹਾਂ ਦੇ ਦਿਮਾਗ਼ ਵਿਚ ਕਦੀ ਨਹੀਂ ਆਉਂਦਾ ਕਿ ਪੰਡਿਤ ਨੂੰ ਚੰਗੇ ਦਿਨ ਬਾਰੇ ਕਿਵੇਂ ਪਤਾ ਹੈ, ਤੇ ਕਿਸ ਟਾਈਮ ਉਤੇ ਮਹੂਰਤ ਕਰਨਾ ਸ਼ੁਭ ਹੈ? ਪੰਡਿਤ ਕੋਲ ਐਸੀ ਕਿਹੜੀ ਅੱਖ ਹੈ ਜੋ ਵੇਖ ਸਕਦੀ ਹੈ, ਜਾਂ ਕਿਹੜੀ ਐਸੀ ਵੱਖਰੀ ਕਿਤਾਬ ਹੈ ਜੋ ਇਹ ਸਭ ਕੁਝ ਦੱਸ ਦਿੰਦੀ ਹੈ ਜੋ ਅੱਜ ਤੱਕ ਕਿਸੇ ਸਾਇੰਸਦਾਨ ਨੂੰ ਨਹੀਂ ਲੱਭੀ? ਕੋਈ ਜੋਤਸ਼ੀ ਜਾਂ ਪੰਡਿਤ ਨਵ-ਜਨਮੇ ਬੱਚੇ ਦਾ ਟੇਵਾ ਲਾਉਂਦਾ ਹੈ, ਉਸ ਦੀ ਜਨਮ ਪੱਤਰੀ ਤੇ ਕੁੰਡਲੀ ਤਿਆਰ ਕਰਦਾ ਹੈ ਅਤੇ ਫਿਰ ਅੰਧ-ਵਿਸ਼ਵਾਸੀ ਮਾਪੇ ਉਸ ਬੱਚੇ ਨੂੰ ਉਸ ਟੇਵੇ ਦੇ ਹਿਸਾਬ ਨਾਲ ਪਾਲਦੇ-ਪੋਸਦੇ ਹਨ, ਤੇ ਬੱਚੇ ਨੂੰ ਉਸ ਪੰਡਿਤ/ਜੋਤਸ਼ੀ ਦੀ ਸੋਚ ਦਾ ਗੁਲਾਮ ਬਣਾ ਦਿੰਦੇ ਹਨ। ਬੱਚਾ ਵੱਡਾ ਹੋ ਕੇ ਵੀ ਉਸ ਜੋਤਸ਼ੀ/ਪੰਡਿਤ ਦੀ ਸੋਚ ਤੋਂ ਅੱਗੇ ਨਹੀਂ ਜਾਂਦਾ, ਚਾਹੇ ਉਹ ਜ਼ਿੰਦਗੀ ਦੇ ਕਿਸੇ ਵੀ ਮੁਕਾਮ ‘ਤੇ ਕਿਉਂ ਨਾ ਪੁੱਜ ਜਾਵੇ! ਇਉਂ ਇਨ੍ਹਾਂ ਪੰਡਿਤਾਂ/ਜੋਤਸ਼ੀਆਂ ਦਾ ਕਾਰੋਬਾਰ ਲਗਾਤਾਰ ਚਲਦਾ ਰਹਿੰਦਾ ਹੈ। ਕਈ ਸਦੀਆਂ ਤੋਂ ਇਹੀ ਸਭ ਹੋ ਰਿਹਾ ਹੈ। ਜਦ ਤੱਕ ਲੋਕ ਸਿਆਣੇ ਤੇ ਸਮਝਦਾਰ ਨਹੀਂ ਬਣ ਜਾਂਦੇ, ਉਨ੍ਹਾਂ ਦੀ ਸੋਚ ਨਹੀਂ ਬਦਲਦੀ, ਉਹ ਡਰ ਤੇ ਲਾਲਚ ਤੋਂ ਉਪਰ ਨਹੀਂ ਉਠਦੇ, ਸ਼ਾਇਦ ਇਸੇ ਤਰ੍ਹਾਂ ਹੀ ਹੁੰਦਾ ਰਹੇਗਾ।
ਸਿੱਖ ਧਰਮ ਦੇ ਮੋਢੀਆਂ ਨੇ ਇਨ੍ਹਾਂ ਪਾਖੰਡਾਂ ਖਿਲਾਫ ਲੋਕਾਂ ਨੂੰ ਸੁਚੇਤ ਕੀਤਾ ਸੀ, ਪਰ ਹੁਣ ਸਿੱਖਾਂ ਨੇ ਵੀ ਹਿੰਦੂਆਂ ਦੀ ਰੀਸੇ ਇਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ ਹੋਇਆ ਹੈ। ਕੁਝ ਨਾਂਵਾਂ ਦਾ ਫਰਕ ਹੈ, ਕੁਝ ਢੰਗ-ਤਰੀਕੇ ਬਦਲੇ ਹਨ, ਬਾਕੀ ਸਭ ਕੁਝ ਉਨ੍ਹਾਂ ਦੇ ਪੂਰਨਿਆਂ ‘ਤੇ ਹੀ ਹੋ ਰਿਹਾ ਹੈ। ਜਦੋਂ ਬੱਚਾ ਜੰਮਦਾ ਹੈ ਤਾਂ ਬਹੁਤ ਸਾਰੇ ਲੋਕ ਬੱਚੇ ਨੂੰ ਗੁਰਦੁਆਰੇ ਲੈ ਕੇ ਜਾਂਦੇ ਹਨ, ਗੁਰਦੁਆਰੇ ਦੇ ਭਾਈ ਕੋਲੋਂ ਨਾਮ ਦਾ ਪਹਿਲਾ ਅੱਖਰ ਕਢਵਾਉਂਦੇ ਹਨ ਤੇ ਫਿਰ ਉਸ ਪਹਿਲੇ ਅੱਖਰ ਦੇ ਹਿਸਾਬ ਨਾਲ ਬੱਚੇ ਦਾ ਨਾਮ ਰੱਖਿਆ ਜਾਂਦਾ ਹੈ। ਹੁਣ ਸੋਚੋ, ਪੰਜਾਬੀ ਦੇ ਕੁੱਲ 35 ਅੱਖਰ ਹਨ, ਬਾਣੀ ਇਨ੍ਹਾਂ 35 ਅੱਖਰਾਂ ਵਿਚ ਹੀ ਲਿਖੀ ਤੇ ਪੜ੍ਹੀ ਜਾਂਦੀ ਹੈ, ਜੇ ਇਨ੍ਹਾਂ 35 ਅੱਖਰਾਂ ਵਿਚੋਂ ਸਾਰੇ ਹੀ ਅੱਖਰ ਬਾਣੀ ਵਿਚ ਮੌਜੂਦ ਹਨ, ਫਿਰ ਕਿਸੇ ਇਕ ਅੱਖਰ ਦੀ ਮਹੱਤਤਾ ਵਧੇਰੇ ਕਿਸ ਤਰ੍ਹਾਂ ਹੋਈ? ਅਸੀਂ ਬੱਚੇ ਦਾ ਨਾਂ ਜਿਸ ਵੀ ਅੱਖਰ ਤੋਂ ਰੱਖਾਂਗੇ, ਉਹ ਬਾਣੀ ਵਿਚ ਜ਼ਰੂਰ ਹੋਵੇਗਾ। ਇਹ ਵੀ ਸੋਚੋ ਕਿ ਗੁਰਦੁਆਰੇ ਦਾ ਭਾਈ ਜੋ ਤਨਖਾਹ ਲੈ ਕੇ ਬਾਣੀ ਪੜ੍ਹਦਾ ਹੈ, ਅਰਦਾਸ ਕਰਨ ਦੇ ਪੈਸੇ ਵੱਖਰੇ ਲੈਂਦਾ ਹੈ, ਅਖੰਡਪਾਠ ਕਰਨ ਦੀ ਵੀ ਉਹਦੀ ਵੱਖਰੀ ਫੀਸ (ਭੇਟਾ) ਹੈ, ਫੇਰੇ ਕਰਾਉਣ ਦੀ ਵੱਖਰੀ ਤੇ ਕੀਰਤਨ ਕਰਨ ਦੀ ਵੱਖਰੀ; ਫਿਰ ਉਸ ਵਲੋਂ ਨਾਂ ਲਈ ਕੱਢਿਆ ਇਕ ਅੱਖਰ ਕਿਸ ਤਰ੍ਹਾਂ ਸ਼ੁਭ ਹੋ ਗਿਆ? ਜਿਸ ਮਾਂ ਨੇ 9 ਮਹੀਨੇ ਬੱਚੇ ਨੂੰ ਆਪਣੀ ਕੁੱਖ ਵਿਚ ਰੱਖਿਆ, ਅਤਿਅੰਤ ਦਰਦ ਸਹਿ ਕੇ ਉਸ ਨੂੰ ਜੰਮਿਆ ਤੇ ਅੱਗੇ ਪਾਲਣ-ਪੋਸਣ ਤੇ ਹੋਰ ਵੀ ਕਿੰਨਾ ਕੁਝ ਉਸ ਨੇ ਹੀ ਕਰਨਾ ਹੈ, ਫਿਰ ਉਹ ਮਾਂ ਕਿਉਂ ਨਹੀਂ ਉਸ ਬੱਚੇ ਦਾ ਨਾਮ ਰੱਖ ਸਕਦੀ? ਉਹ ਪਿਤਾ ਜਿਸ ਨੇ ਜ਼ਿੰਦਗੀ ਦੇ ਕਦਮ-ਕਦਮ ‘ਤੇ ਉਸ ਬੱਚੇ ਲਈ ਆਪਣਾ ਖੂਨ ਪਸੀਨਾ ਇਕ ਕਰਨਾ ਹੈ, ਉਹ ਕਿਉਂ ਨਹੀਂ ਆਪਣੇ ਬੱਚੇ ਦਾ ਨਾਮ ਰੱਖ ਸਕਦਾ? ਦਰਅਸਲ ਇਹ ਸਭ ਦੇਖਾ-ਦੇਖੀ ਹੀ ਹੋ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਕਦੇ ਵੀ ਕੋਈ ਵੀ ਇਸ ਬਾਰੇ ਨਹੀਂ ਸੋਚਦਾ ਕਿ ਇਹ ਸਭ ਕਿੰਨਾ ਕੁ ਸਹੀ ਹੈ।
ਇਕ ਗੱਲ ਹੋਰ ਵੀ ਸਿੱਖਾਂ ਵਿਚ ਹੈ ਹਿੰਦੂਆਂ ਵਾਂਗ (ਵੈਸੇ ਤਾਂ ਤਕਰੀਬਨ ਸਭ ਕੁਝ ਹੀ ਹੈ) ਕਿ ਕੋਈ ਮਕਾਨ ਬਣਾਉਣਾ ਹੋਵੇ, ਭਾਵੇਂ ਤੂੜੀ ਵਾਲਾ ਕੋਠਾ ਹੀ ਕਿਉਂ ਨਾ ਪਾਉਣਾ ਹੋਵੇ, ਤੇ ਭਾਵੇਂ ਨਵਾਂ ਗੁਰਦੁਆਰਾ ਬਣਾਉਣਾ ਹੋਵੇ, ਨੀਂਹ ਪੁੱਟਣ ਤੋਂ ਪਹਿਲਾਂ ਤੇਲ ਚੋਇਆ ਜਾਂਦਾ ਹੈ ਤੇ ਨਾਰੀਅਲ ਵੀ ਤੋੜਿਆ ਜਾਂਦਾ ਹੈ, ਅਰਦਾਸ ਕੀਤੀ ਜਾਂਦੀ ਹੈ, ਫਿਰ ਕਿਤੇ ਜਾ ਕੇ ਨੀਂਹ ਪੁੱਟੀ ਜਾਂਦੀ ਹੈ। ਫਿਰ ਬਦਲਿਆ ਕੀ ਹੈ? ਪਹਿਲਾਂ ਪੂਜਾ ਲਈ ਪੰਡਿਤ ਆਉਂਦਾ ਸੀ, ਹੁਣ ਅਰਦਾਸ ਲਈ ਭਾਈ ਆਉਂਦਾ ਹੈ। ਅਗਲੇ ਆਪਣੀ ਫੀਸ ਲੈ ਕੇ ਤੁਰਦੇ ਬਣਦੇ ਹਨ। ਮਗਰੋਂ ਜੋ ਕੁਝ ਮਰਜ਼ੀ ਹੋਵੇ, ਕੋਈ ਦੁਰਘਟਨਾ ਹੋ ਜਾਵੇ, ਖਰਾਬ ਮੌਸਮ ਹੋਣ ਕਰ ਕੇ ਕੋਈ ਹੋਰ ਪ੍ਰੇਸ਼ਾਨੀ ਆ ਜਾਵੇ, ਕਦੇ ਕੋਈ ਭਾਈ ਜਾਂ ਪੰਡਿਤ ਨੂੰ ਜਾ ਕੇ ਨਹੀਂ ਪੁੱਛੇਗਾ, ਤੂੰ ਪੂਜਾ ਕੀਤੀ ਸੀ ਜਾਂ ਅਰਦਾਸ ਕੀਤੀ ਸੀ, ਫਿਰ ਇਸ ਤਰ੍ਹਾਂ ਕਿਉਂ ਹੋਇਆ?
ਇਹ ਗੱਲਾਂ ਸਾਡੇ ਹਿੰਦੂ-ਸਿੱਖ ਸਮਾਜ ਵਿਚ ਰੋਜ਼ਾਨਾ ਵਾਪਰਦੀਆਂ ਹਨ, ਪਰ ਕਦੇ ਕੋਈ ਨਹੀਂ ਸੋਚਦਾ ਇਨ੍ਹਾਂ ਬਾਰੇ, ਇਕ-ਦੂਜੇ ਦੀ ਦੇਖਾ-ਦੇਖੀ ਸਭ ਇਹੀ ਕੁਝ ਕਰੀ ਜਾਂਦੇ ਹਨ। ਇਸ ਲੇਖ ਦਾ ਇਕੋ ਹੀ ਮਕਸਦ ਹੈ ਕਿ ਤੁਸੀਂ ਇਕ-ਦੂਜੇ ਦੀ ਦੇਖਾ-ਦੇਖੀ ਕੀਤੀਆਂ ਜਾ ਰਹੀਆਂ ਇਨ੍ਹਾਂ ਕਾਰਵਾਈਆਂ ਬਾਰੇ ਸੋਚੋ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੋਚੋ ਕਿ ਇਹ ਕਰਨਾ ਜ਼ਰੂਰੀ ਹੈ? ਜੇ ਜ਼ਰੂਰੀ ਹੈ ਤਾਂ ਕਿਉਂ? ਤੇ ਕਿਵੇਂ? ਕੋਈ ਵੀ ਦਿਨ ਚੰਗਾ ਜਾਂ ਮਾੜਾ ਨਹੀਂ, ਆਮ ਜਾਂ ਖਾਸ ਨਹੀਂ, ਇਸ ਨੂੰ ਚੰਗਾ ਜਾਂ ਮਾੜਾ ਅਸੀਂ ਆਪ ਬਣਾਉਂਦੇ ਹਾਂ, ਜਾਂ ਕੋਈ ਸਾਡਾ ਦੁਸ਼ਮਣ ਜਾਂ ਸ਼ੁਭਚਿੰਤਕ ਬਣਾਉਂਦਾ ਹੈ। ਇਸੇ ਤਰ੍ਹਾਂ ਕਿਸੇ ਕੰਮ ਲਈ ਕੋਈ ਖਾਸ ਟਾਈਮ ਨਹੀਂ ਹੁੰਦਾ। ਹਾਂ, ਮੌਸਮ ਦੇ ਹਿਸਾਬ ਨਾਲ ਤਾਂ ਜ਼ਰੂਰ ਦੇਖਣਾ ਪਵੇਗਾ, ਕਿਸੇ ਪੰਡਿਤ ਜਾਂ ਜੋਤਸ਼ੀ ਦੇ ਦੱਸਣ ਦੇ ਹਿਸਾਬ ਨਾਲ ਨਹੀਂ। ਇਸ ਲਈ ਇਨ੍ਹਾਂ ਚੱਕਰਾਂ ਵਿਚ ਆਪਣਾ ਸਮਾਂ ਅਤੇ ਪੈਸਾ ਬਰਬਾਦ ਨਾ ਕਰੋ। ਜੇ ਤੁਸੀਂ ਸੱਚੇ ਦਿਲੋਂ ਸ਼ਾਂਤ ਦਿਮਾਗ਼ ਨਾਲ ਸੋਚੋਗੇ ਤਾਂ ਸ਼ਰਤੀਆ ਤੁਹਾਨੂੰ ਜਵਾਬ ਮਿਲੇਗਾ ਕਿ ਇਨ੍ਹਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ। ਕਿਸੇ ਮਹੂਰਤ ਦਾ ਕੋਈ ਮਤਲਬ ਨਹੀਂ। ਅਜਿਹੀ ਝੂਠੀ ਤਸੱਲੀ ਤੋਂ ਬਿਨਾਂ ਹੀ ਆਪਣੀ ਸੋਚ ਦਾ ਦਾਇਰਾ ਵੱਡਾ ਕਰੋ। ਜੇ ਕੋਈ ਦਾਅਵਾ ਕਰਦਾ ਹੈ ਕਿ ਪੂਜਾ ਜਾਂ ਅਰਦਾਸ ਨਾਲ ਸਭ ਕੁਝ ਠੀਕ ਕਰ ਸਕਦਾ ਹੈ, ਤਾਂ ਉਹ ਤਰਕਸ਼ੀਲ ਸੁਸਾਇਟੀ (ਭਾਰਤ) ਵਲੋਂ ਰੱਖਿਆ ਇਕ ਕਰੋੜ ਰੁਪਏ ਦਾ ਇਨਾਮ ਜਿੱਤ ਸਕਦਾ ਹੈ।