ਅਦੀਲ ਹੁਸੈਨ ਪਾਕਿਸਤਾਨ ਦਾ ਪ੍ਰਤਿਭਾਸ਼ਾਲੀ ਕਲਾਕਾਰ ਹੈ। ਉਹ ਅਦਾਕਾਰ ਤਾਂ ਹੈ ਹੀ, ਫੋਟੋਗ੍ਰਾਫਰ ਵੀ ਅਤੇ ਫਿਲਮਸਾਜ਼ ਵੀ। ਪਾਕਿਸਤਾਨੀ ਟੀæਵੀæ ਚੈਨਲਾਂ ‘ਤੇ ਕਈ ਚੰਗੇ ਲੜੀਵਾਰਾਂ ਤੋਂ ਬਾਅਦ ਹੁਣ 2015 ਵਿਚ ਉਹ ਫਿਲਮ ‘ਹੋ ਮਨ ਹਾਂ’ ਵਿਚ ਨਜ਼ਰ ਆਵੇਗਾ। ਇਸ ਫਿਲਮ ਦੀ ਹੀਰੋਇਨ ਮਹੀਰਾ ਖ਼ਾਨ ਹੈ ਅਤੇ ਇਹ ਫਿਲਮ ਫਿਲਮਸਾਜ਼ ਅਸੀਮ ਰਜ਼ਾ ਵੱਲੋਂ ਬਣਾਈ ਜਾ ਰਹੀ ਹੈ।
ਅਸੀਮ ਰਜ਼ਾ ਦੀ ਵੀ ਇਹ ਪਲੇਠੀ ਫਿਲਮ ਹੈ। ਉਂਝ ਉਹ ਹੁਣ ਤੱਕ ਕਈ ਮਸ਼ਹੂਰ ਇਸ਼ਤਿਹਾਰੀ ਫਿਲਮਾਂ ਬਣਾ ਕੇ ਨਾਮਣਾ ਖੱਟ ਚੁੱਕਾ ਹੈ। ਅਦੀਲ ਹੁਸੈਨ ਦੀ ਸਹਿਜ ਅਦਾਕਾਰੀ ਦੇਖ ਕੇ ਹੀ ਉਸ ਨੇ ਅਦੀਲ ਨੂੰ ਆਪਣੀ ਫਿਲਮ ਲਈ ਸਾਈਨ ਕੀਤਾ ਹੈ। ਪਹਿਲਾਂ-ਪਹਿਲ ਅਦੀਲ ਨੇ ਸਭ ਦਾ ਧਿਆਨ ਉਦੋਂ ਖਿੱਚਿਆ ਸੀ ਜਦੋਂ ‘ਕਾਰਾ ਫਿਲਮ ਮੇਲੇ’ ਵਿਚ ਟੈਲੀ ਫਿਲਮ ‘ਦੁਨੀਆਂ ਗੋਲ ਹੈ’ ਦਿਖਾਈ ਗਈ ਸੀ। ਇਸ ਤੋਂ ਬਾਅਦ ਉਸ ਨੇ ਕਾਰ ਦੇ ਇਸ਼ਤਿਹਾਰ ਬਾਰੇ ਫਿਲਮ ‘ਕਾਰ ਟੂ ਕਾਰ’ ਖੁਦ ਬਣਾਈ। ਪਿੱਛੋਂ ਉਸ ਲਈ ਟੈਲੀਵਿਜ਼ਨ ਦਾ ਰਾਹ ਮੋਕਲਾ ਹੋ ਗਿਆ। ‘ਦਮ’ ਟੀæਵੀæ ਲੜੀਵਾਰ ਨੇ ਸਫ਼ਲਤਾ ਦੇ ਝੰਡੇ ਗੱਡ ਦਿੱਤੇ। ਇਹ ਲੜੀਵਾਰ 2010 ਵਿਚ ਨਸ਼ਰ ਹੋਇਆ ਸੀ ਅਤੇ ਇਸ ਵਿਚ ਸਨਮ ਬਲੋਚ, ਅਮੀਨਾ ਸ਼ੇਖ, ਨਿਮਰਾ ਬੁੱਚਾ, ਸਨਮ ਸਈਦ ਉਸ ਦੀਆਂ ਸਾਥੀ ਕਲਾਕਾਰ ਸਨ। ਇਸ ਤੋਂ ਬਾਅਦ ਉਸ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ ਅਤੇ ‘ਮੇਰਾ ਨਸੀਬ’, ‘ਮੋਰਾ ਪੀਆ’, ‘ਜੀਆ ਨਾ ਜਾਏ’, ‘ਸਿਲਵਟੇਂ’, ‘ਸ਼ੱਕ’, ‘ਮੁਹੱਬਤ ਸਬ ਕਾ ਸਿਤਾਰਾ ਹੈ’ ਵਰਗੇ ਲੜੀਵਾਰਾਂ ਵਿਚ ਕੰਮ ਕੀਤਾ। ਅਦੀਲ ਦੱਸਦਾ ਹੈ ਕਿ ਪਹਿਲਾਂ ਪਹਿਲ ਉਸ ਦਾ ਇਰਾਦਾ ਨਹੀਂ ਸੀ ਕਿ ਅਦਾਕਾਰੀ ਨੂੰ ਕਰੀਅਰ ਬਣਾਇਆ ਜਾਵੇ। ਉਸ ਦੇ ਘਰਵਾਲੇ ਤਾਂ ਚਾਹੁੰਦੇ ਸਨ ਕਿ ਉਹ ਵਿਦੇਸ਼ ਵਿਚ ਪੜ੍ਹੇ ਅਤੇ ਵਧੀਆ ਨੌਕਰੀ ਕਰੇ। ਅਦਾਕਾਰੀ ਵਾਲਾ ਸ਼ੌਕ ਤਾਂ ਨੌਕਰੀ ਕਰਦਿਆਂ ਵੀ ਪੂਰਾ ਕੀਤਾ ਜਾ ਸਕਦਾ ਸੀ, ਪਰ ਫਿਲਮ ‘ਦੁਨੀਆਂ ਗੋਲ ਹੈ’ ਤੋਂ ਬਾਅਦ ਉਸ ਨੇ ਸੁਚੇਤ ਰੂਪ ਵਿਚ ਅਦਾਕਾਰੀ ਨੂੰ ਕਰੀਅਰ ਬਣਾ ਲਿਆ ਅਤੇ ਸਫ਼ਲਤਾ ਹਾਸਲ ਕੀਤੀ। ਆਪਣੀ ਸਫ਼ਲਤਾ ਨੂੰ ਉਹਨੇ ਸਿਰ ਉਤੇ ਨਹੀਂ ਚੜ੍ਹਨ ਦਿੱਤਾ। ‘ਦਮ’ ਲੜੀਵਾਰ ਵਿਚ ਨਿਭਾਏ ਜੁਨੈਦ ਦਾ ਕਿਰਦਾਰ ਉਸ ਨੂੰ ਬਹੁਤ ਪਸੰਦ ਆਇਆ ਸੀ। ਇਹ ਕਿਰਦਾਰ ਉਸ ਨੇ ਨਿਭਾਇਆ ਵੀ ਪੂਰੀ ਰੂਹ ਨਾਲ ਸੀ। ਉਂਝ ਤਾਂ ਉਸ ਦੀ ਆਪਣੇ ਸਾਰੇ ਸਹਿਯੋਗੀ ਅਦਾਕਾਰਾਂ ਨਾਲ ਖੂਬ ਬਣਦੀ ਹੈ ਪਰ ਅਮੀਨਾ ਸ਼ੇਖ ਦੇ ਪੁਰ-ਖਲੂਸ ਸੁਭਾਅ ਤੋਂ ਉਹ ਬਹੁਤ ਪ੍ਰਭਾਵਤ ਹੈ। ਅਦੀਲ ਮੁਤਾਬਕ ਉਸ ਨੂੰ ਅਮੀਨਾ ਨਾਲ ਕੰਮ ਕਰਨਾ ਚੰਗਾ ਲੱਗਦਾ ਹੈ। ਦੋਹਾਂ ਨੇ ਕਈ ਲੜੀਵਾਰਾਂ ਵਿਚ ਇਕੱਠਿਆ ਕੰਮ ਕੀਤਾ ਹੈ। ਸਾਇਰਾ ਯੂਸਫ਼ ਅਤੇ ਮੀਰਾ ਸੇਠੀ ਨੂੰ ਬਹੁਤ ਚੰਗੀਆਂ ਅਦਾਕਾਰਾ ਤਸੱਵਰ ਕਰਦਾ ਹੈ। ਇਹ ਦੋਵੇਂ ਭਾਵੇਂ ਉਸ ਤੋਂ ਬਾਅਦ ਇਸ ਖੇਤਰ ਵਿਚ ਆਈਆਂ, ਪਰ ਅਦੀਲ ਦਾ ਆਖਣਾ ਹੈ ਕਿ ਉਸ ਨੇ ਇਨ੍ਹਾਂ ਤੋਂ ਵੀ ਬਹੁਤ ਕੁਝ ਸਿੱØਖਿਆ ਹੈ।