ਓਮ ਪੁਰੀ ਦਾ ਪੂਰਾ ਸੱਚ

ਮਸ਼ਹੂਰ ਅਦਾਕਾਰ ਓਮ ਪੁਰੀ ਦੀ ਨਵੀਂ ਫਿਲਮ ‘ਜੈ ਓ ਡੈਮੋਕਰੇਸੀ’ ਹੁਣੇ ਹੁਣੇ ਰਿਲੀਜ਼ ਹੋਈ ਹੈ। ਇਸ ਕਮੈਡੀ ਫਿਲਮ ਵਿਚ ਭਾਰਤ ਦੇ ‘ਜਮਹੂਰੀ ਢਾਂਚੇ’ ਉਤੇ ਤਿੱਖੀਆਂ ਚੋਟਾਂ ਕੀਤੀਆਂ ਗਈਆਂ ਹਨ। ਇਸ ਫਿਲਮ ਦੇ ਪਟਕਥਾ ਲੇਖਕ ਅਤੇ ਡਾਇਰੈਕਟਰ ਰਣਜੀਤ ਕਪੂਰ ਹਨ

ਅਤੇ ਇਸ ਫਿਲਮ ਵਿਚ ਓਮ ਪੁਰੀ ਤੋਂ ਇਲਾਵਾ ਅਨੂ ਕਪੂਰ, ਸਤੀਸ਼ ਕੌਸ਼ਿਕ, ਸੀਮਾ ਬਿਸਵਾਸ, ਬੈਂਜਾਮਿਨ ਗਿਲਾਨੀ ਵਰਗੇ ਅਦਾਕਾਰਾਂ ਨੇ ਕਿਰਦਾਰ ਨਿਭਾਏ ਹਨ। ਓਮ ਪੁਰੀ ਨੇ ਕਿਹਾ ਹੈ ਕਿ ਇਸ ਫਿਲਮ ਵਿਚ ਭਾਰਤੀ ਜਮਹੂਰੀਅਤ ਦੇ ਕਈ ਪੱਖ ਉਜਾਗਰ ਕੀਤੇ ਗਏ ਹਨ। ਨਾਲ ਹੀ ਉਹ ਦੱਸਦਾ ਹੈ ਕਿ ਉਹ ਆਉਂਦੇ ਸਮੇਂ ਵਿਚ ਆਪਣੀ ਸਵੈ-ਜੀਵਨੀ ਛਪਾਉਣ ਬਾਰੇ ਸੋਚ ਰਿਹਾ ਹੈ। ਯਾਦ ਰਹੇ ਕਿ ਓਮ ਪੁਰੀ ਦੀ ਪਤਨੀ ਨੰਦਿਤਾ ਪੁਰੀ ਨੇ ਉਸ ਦੀ ਜੀਵਨੀ ‘ਅਨਲਾਈਕਲੀ ਹੀਰੋ ਓਮ ਪੁਰੀ’ ਲਿਖੀ ਸੀ। ਓਮ ਪੁਰੀ ਮੁਤਾਬਕ ਇਸ ਕਿਤਾਬ ਵਿਚ ਵਧੇਰੇ ਚਰਚਾ ਉਨ੍ਹਾਂ ਦੋਹਾਂ ਦੇ ਰਿਸ਼ਤਿਆਂ ਬਾਰੇ ਹੀ ਸੀ, ਪਰ ਉਸ ਦੀ ਸਵੈ-ਜੀਵਨੀ ਵਿਚ ਉਹ ਆਪਣੀ ਜ਼ਿੰਦਗੀ ਪੂਰਾ ਸੱਚ ਬਿਆਨ ਕਰ ਰਿਹਾ ਹੈ। ਓਮ ਪੁਰੀ ਦਾ ਕਹਿਣਾ ਹੈ ਕਿ ਉਹ ਇਹ ਸਵੈ-ਜੀਵਨੀ ਖੁਦ ਨਹੀਂ ਲਿਖੇਗਾ, ਸਗੋਂ ਕਿਸੇ ਲਿਖਕ ਦੀ ਮਦਦ ਨਾਲ ਉਸ ਨੂੰ ਲਿਖਵਾਏਗਾ। ਉਹ ਦੱਸਦਾ ਹੈ ਕਿ ਅਦਾਕਾਰੀ ਦੀ ਦੁਨੀਆਂ ਨੇ ਉਸ ਨੂੰ ਬੜਾ ਕੁਝ ਦਿਤਾ ਹੈ। ਉਹ ਪੰਜਾਬ ਦੇ ਛੋਟੇ ਜਿਹੇ ਕਸਬੇ ਸਨੌਰ (ਪਟਿਆਲਾ) ਤੋਂ ਉਠ ਕੇ ਦੁਨੀਆਂ ਦੇ ਮਹਾਂ ਨਗਰਾਂ ਤੱਕ ਪਹੁੰਚ ਗਿਆ। ਆਪਣੀ ਪਤਨੀ ਨਾਲ ਝਗੜੇ ਬਾਰੇ ਉਹ ਪੂਰੀ ਸਾਫ਼ਗੋਈ ਨਾਲ ਕਹਿੰਦਾ ਹੈ, “ਹਰ ਘਰ ਵਿਚ ਮਾੜੇ ਮੋਟੇ ਲੜਾਈ ਝਗੜੇ ਤਾਂ ਚਲਦੇ ਹੀ ਰਹਿੰਦੇ ਹਨ। ਇਸ ਗੱਡੀ ਨੂੰ ਲੀਹ ਉਤੇ ਪਾਈ ਰੱਖਣ ਲਈ ਬੰਦੇ ਨੂੰ ਬੜਾ ਕੁਝ ਕਰਨਾ ਅਤੇ ਜਰਨਾ ਪੈਂਦਾ ਹੈ।”

ਸਿਆਣੀ ਸਵਰਾ
ਆਪਣੀ ਅਦਾਕਾਰੀ ਨਾਲ ਦਰਸ਼ਕਾਂ ਅਤੇ ਆਲੋਚਕਾਂ ਦਾ ਇਕੋ ਜਿਹਾ ਧਿਆਨ ਖਿੱਚਣ ਵਾਲੀ ਕੁੜੀ ਸਵਰਾ ਭਾਸਕਰ ਪਾਕਿਸਤਾਨ ਦਾ ਗੇੜਾ ਮਾਰ ਕੇ ਆਈ ਹੈ। ਉਹ ਉਥੇ ਆਪਣੀ ਨਵੀਂ ਫਿਲਮ ਦੀ ਤਿਆਰੀ ਖਾਤਰ ਗਈ ਸੀ। ਇਸ ਫਿਲਮ ਵਿਚ ਉਸ ਦਾ ਕਿਰਦਾਰ ਪਾਕਿਸਤਾਨੀ ਪਿਛੋਕੜ ਵਾਲਾ ਹੈ ਅਤੇ ਸਵਰਾ ਚਾਹੁੰਦੀ ਸੀ ਕਿ ਉਹ ਪਾਕਿਸਤਾਨ ਦੇ ਮਾਹੌਲ ਨੂੰ ਉਥੇ ਜਾ ਕੇ ਵੇਖੇ ਅਤੇ ਸਮਝੇ। ਉਥੇ ਉਹ ਕਈ ਅਹਿਮ ਸ਼ਖਸੀਅਤਾਂ ਨੂੰ ਮਿਲੀ। ਇਹੀ ਨਹੀਂ, ਉਹਨੇ ਇਸਲਾਮਾਬਾਦ ਵਿਚ ਹੋਏ ਤਿੰਨ ਰੋਜ਼ਾ ਸੰਗੀਤ ਮੇਲੇ ਵਿਚ ਵੀ ਸ਼ਿਰਕਤ ਕੀਤੀ। ਕਾਇਦੇ-ਆਜ਼ਮ ਯੂਨੀਵਰਸਿਟੀ ਵਿਚ ਉਹਨੇ ਤਕਰੀਰ ਵੀ ਕੀਤੀ। ਉਥੇ ਉਸ ਨੂੰ ਮਾਨਵ ਵਿਗਿਆਨ ਵਿਭਾਗ ਨੇ ਸੱਦਿਆ ਸੀ। ਇਸ ਤੋਂ ਇਲਾਵਾ ਉਸ ਨੇ ਪਾਕਿਸਤਾਨੀ ਅਦਾਕਾਰ ਨੌਮਨ ਇਜਾਜ਼ ਦੇ ਕਾਮੇਡੀ ਸ਼ੋਅ ਵਿਚ ਵੀ ਹਾਜ਼ਰੀ ਲੁਆਈ।
ਪਾਕਿਸਤਾਨ ਦੌਰੇ ਬਾਰੇ ਪੁੱਛਣ ‘ਤੇ ਸਵਰਾ ਭਾਸਕਰ ਦੱਸਦੀ ਹੈ ਕਿ ਉਹ ਆਪਣੇ ਕਿਰਦਾਰ ਨੂੰ ਹਕੀਕਤ ਨਾਲ ਜੋੜਨ ਖਾਤਰ ਹੀ ਪਾਕਿਸਤਾਨ ਦਾ ਗੇੜਾ ਲਾ ਕੇ ਆਈ ਹੈ। ਆਪਣੀਆਂ ਪਹਿਲੀਆਂ ਫਿਲਮਾਂ ਵਿਚ ਵੀ ਸਵਰਾ ਇੰਨੀ ਹੀ ਮਿਹਨਤ ਕਰਦੀ ਰਹੀ ਹੈ। ‘ਤਨੂ ਵੈੱਡਸ ਮਨੂ’ ਵਿਚ ਉਸ ਦਾ ਰੋਲ ਭਾਵੇਂ ਮੁਕਾਬਲਤਨ ਛੋਟਾ ਸੀ, ਪਰ ਉਸ ਨੇ ਆਪਣੀ ਅਦਾਕਾਰੀ ਦੇ ਸਿਰ ‘ਤੇ ਫਿਲਮ ਵਿਚ ਆਪਣੀ ਭਰਪੂਰ ਲੁਆਈ। ਹੁਣ ਉਹ ਆਪਣੀ ਨਵੀਂ ਫਿਲਮ ‘ਪ੍ਰੇਮ ਰਤਨ ਧਨ ਪਾਇਓ’ ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਇਹ ਫਿਲਮ ਨਵੰਬਰ ਵਿਚ ਰਿਲੀਜ਼ ਹੋਣੀ ਹੈ ਅਤੇ ਇਸ ਦੇ ਮੁੱਖ ਕਲਾਕਾਰ ਸਲਮਾਨ ਖਾਨ ਅਤੇ ਸੋਨਮ ਕਪੂਰ ਹਨ। ਸਵਰਾ ਦੀ ਜੋੜੀ ਅਦਾਕਾਰ ਨੀਲ ਨਿਤਿਨ ਮੁਕੇਸ਼ ਨਾਲ ਬਣਾਈ ਗਈ ਹੈ। ਇਸ ਤੋਂ ਪਹਿਲਾਂ ਸਵਰਾ ਦੀ ਫਿਲਮ ‘ਐਕਸ’ ਚਰਚਾ ਵਿਚ ਰਹੀ। ਇਹ ਫਿਲਮ 11 ਫਿਲਮਸਾਜ਼ਾਂ ਨੇ ਮਿਲ ਕੇ ਬਣਾਈ ਹੈ ਅਤੇ ਇਹ ਫਿਲਮ ਆਪਣੇ ਆਪ ਵਿਚ ਨਵਾਂ ਅਤੇ ਵੱਖਰਾ ਤਜਰਬਾ ਹੈ। ਇਸ ਫਿਲਮ ਦੇ 11 ਹਿੱਸੇ ਹਨ। ਹਰ ਹਿੱਸਾ ਇਕ ਫਿਲਮਸਾਜ਼ ਦੀ ਡਾਇਰੈਕਸ਼ਨ ਹੇਠ ਤਿਆਰ ਕੀਤਾ ਗਿਆ ਹੈ। ਉਂਝ ਇਨ੍ਹਾਂ 11 ਹਿੱਸਿਆਂ ਦੀ ਕਹਾਣੀ ਵੱਖਰੀ ਵੱਖਰੀ ਨਹੀਂ, ਸਗੋਂ ਇਹ 11 ਹਿੱਸੇ ਇਕ ਕਹਾਣੀ ਵਿਚ ਹੀ ਪਰੋਏ ਹੋਏ ਹਨ। ਇਸ ਫਿਲਮ ਵਿਚ ਮੁੱਖ ਕਿਰਦਾਰ ਰਜਿਤ ਸ਼ਰਮਾ ਨੇ ਨਿਭਾਇਆ ਹੈ।