ਕਾਨਾ ਸਿੰਘ ਦਾ ‘ਕੱਲ ਸੋਚਾਂਗੀ’

ਸੰਪਾਦਕ ਜੀ,
ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਦੇ ਉਦਮ ਸਦਕਾ ਸਾਨੂੰ ਮਿਆਰੀ, ਦਿਲਚਸਪ ਅਤੇ ਸਿੱਖਿਆਦਾਇਕ ਲਿਖਤਾਂ ‘ਪੰਜਾਬ ਟਾਈਮਜ਼’ ਵਿਚ ਪੜ੍ਹਨ ਨੂੰ ਮਿਲਦੀਆਂ ਹਨ। ਕਿਸ-ਕਿਸ ਦੀ ਗੱਲ ਕਰੀਏ, ਸਾਰੇ ਹੀ ਲੇਖਕ ਇਕ ਤੋਂ ਇਕ ਵੱਧ ਹਨ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ।

ਵੀਰਵਾਰ ਨੂੰ ਕੁਝ ਉਦਾਸ ਸਾਂ ਘਰ ਦੇ ਮਾਹੌਲ ਕਰਕੇ ਕਿ ਮੇਰੇ ਪਤੀ ਸਟੋਰ ਤੋਂ ਪੰਜਾਬ ਟਾਈਮਜ਼ ਲੈ ਆਏ। ਹੋਰ ਕੁਝ ਵੀ ਪੜ੍ਹਨ ਤੋਂ ਪਹਿਲਾਂ ਮੈਂ ਗੁਰਬਚਨ ਸਿੰਘ ਭੁੱਲਰ ਦਾ ਲੇਖ ‘ਤਿਆਰੀ ਕਿਥੋਂ ਦੀ ਖਿੱਚੀ ਐ, ਜੁਆਨਾ!’ ਪੜ੍ਹਨਾ ਸ਼ੁਰੂ ਕੀਤਾ। ਲੇਖ ਦੇ ਅਖੀਰ ਵਿਚ “ਪਰਤਾਪ ਸਿਉਂ ਨੂੰ ਕਹੀਂ, ਘੋੜੀ ਸੇਠਾਂ ਦੇ ਘਰ ਦੇ ਆਵੇ।” ਵਾਕ ਪੜ੍ਹਿਆ ਤਾਂ ਮਨ ਕੁਝ ਟਿਕਾਣੇ ਜਿਹਾ ਆ ਗਿਆ। ਜਾਪਿਆ ‘ਸਤਿਯੁਗੀ ਬੰਦੇ’ ਹਰ ਯੁਗ ਵਿਚ ਹੀ ਦਿਲਾਂ ਨੂੰ ਠੰਢ ਪਾਉਂਦੇ ਹਨ। ਉਦਾਸੀ ਕੁਝ ਹੱਦ ਤਕ ਘੱਟ ਹੋ ਗਈ।
ਅਗਲਾ ਲੇਖ ਜਿਹੜਾ ਮੈਂ ਪੜ੍ਹਿਆ, ਉਹ ਸੀ ਕਾਨਾ ਸਿੰਘ ਦਾ ‘ਕੱਲ ਸੋਚਾਂਗੀ’। ਜਦੋਂ ਤੋਂ ਕਾਨਾ ਸਿੰਘ ਦੇ ਲੇਖ ਪੰਜਾਬ ਟਾਈਮਜ਼ ਵਿਚ ਛਪਣੇ ਸ਼ੁਰੂ ਹੋਏ ਹਨ, ਮੈਂ ਸ਼ਾਇਦ ਹੀ ਉਸ ਦਾ ਕੋਈ ਲੇਖ ਨਾ ਪੜ੍ਹਿਆ ਹੋਵੇ। ਮੈਂ ਉਸ ਦੇ ਲੇਖ ਆਪ ਹੀ ਨਹੀਂ ਪੜ੍ਹੇ, ਸਗੋਂ ਹੋਰਨਾਂ ਨੂੰ ਵੀ ਪੜ੍ਹਾਏ ਹਨ।
ਜਿਵੇਂ ਕਿ ਮੈਂ ਉਪਰ ਜ਼ਿਕਰ ਕੀਤਾ ਹੈ, ਮਨ ਸਵੇਰ ਤੋਂ ਕੁਝ ਉਦਾਸ ਸੀ। ਜਿਉਂ-ਜਿਉਂ ਕਾਨਾ ਸਿੰਘ ਦਾ ਇਹ ਲੇਖ ਮੈਂ ਪੜ੍ਹਦੀ ਗਈ, ਮਨ ਸਗੋਂ ਹੋਰ ਉਦਾਸ ਹੁੰਦਾ ਗਿਆ। ਫਿਰ ਗਾਇਕ ਸੂਫੀ ਬਲਬੀਰ ਦੀ ਇਹ ਸਤਰ ਚੇਤੇ ਆਈ, ‘ਕਿਉਂ ਚੀਜ਼ ਫਾਲਤੂ ਲਗਣ ਲਗ ਪਏ ਬੁਢੜੇ ਮਾਪੇ ਵੇ।’ ਜਾਵੀਆ ਬਾਰੇ ਪੜ੍ਹਿਆ ਤਾਂ ਆਪਣੇ ਪੋਤਾ-ਪੋਤੀ ਅੱਖਾਂ ਸਾਹਮਣੇ ਆ ਗਏ। ਉਹੀ ਪੋਤਾ-ਪੋਤੀ ਜਿਹੜੇ ਗੋਦੀ ‘ਚੋਂ ਨਹੀਂ ਸੀ ਨਿਕਲਦੇ, ਹੁਣ ਕੋਲੋਂ ਦੀ ਚੁਪ ਕਰਕੇ ਲੰਘ ਜਾਂਦੇ ਹਨ। ਉਨ੍ਹਾਂ ਦੇ ਮਾਂ-ਪਿਓ ਯਾਨਿ ਸਾਡੇ ਪੁੱਤਰ-ਨੂੰਹ ਤਾਂ ਪਹਿਲਾਂ ਹੀ ਘਰ ਓਪਰਿਆਂ ਵਾਂਗ ਰਹਿੰਦੇ ਸਨ। ਅਸੀਂ ਕਾਨਾ ਸਿੰਘ ਜਿੰਨਾ ਜ਼ੇਰਾ ਨਾ ਕਰ ਸਕੇ ਕਿ ਪੁੱਤਰ ਨੂੰ ਆਪਣਾ ਵਖਰਾ ਘਰ ਲੈਣ ਲਈ ਆਖ ਸਕਦੇ।
ਜਦੋਂ ਲੇਖ ਵਿਚ ਕਾਨਾ ਸਿੰਘ ਨੂੰ ਆਪਣੇ ਪੁੱਤਰ ਦੇ ਘਰੋਂ ਉਦਾਸ ਪਰਤਦਿਆਂ ਪੜ੍ਹਿਆ ਤਾਂ ਸੱਚ ਜਾਣਿਓ, ਅੱਖਾਂ ਵਿਚੋਂ ਆਪ-ਮੁਹਾਰੇ ਹੰਝੂ ਵਹਿ ਤੁਰੇ। ਪਰ ਫਿਰ ਜਦੋਂ ਕਾਨਾ ਸਿੰਘ ਨੂੰ ਬੁਲਬੁਲਾਂ ਤੇ ਉਨ੍ਹਾਂ ਦੇ ਬੋਟਾਂ ਨਾਲ ਰੁਝਿਆਂ ਵੇਖਿਆ ਤਾਂ ਮਨ ਹੋਰ ਦਾ ਹੋਰ ਹੀ ਹੋ ਗਿਆ। ਉਸ ਦੀ ਗੱਲ ਝੱਟ ਸਮਝ ਆ ਗਈ ਕਿ ਬੋਟਾਂ ਨੇ ਤਾਂ ਇਕ ਦਿਨ ਉਡਾਰੀ ਮਾਰ ਹੀ ਜਾਣਾ ਹੁੰਦਾ ਹੈ। ਉਹ ਕਦੀ ਪਿਛੇ ਮੁੜ ਕੇ ਨਹੀਂ ਦੇਖਦੇ ਕਿ ਮਾਪੇ ਉਨ੍ਹਾਂ ਨੂੰ ਪਏ ਉਡੀਕਦੇ ਹਨ। ਆਪਣੇ ਪਤੀ ਨੂੰ ਇਹ ਲੇਖ ਪੜ੍ਹਾਇਆ ਤਾਂ ਉਨ੍ਹਾਂ ਚਿਹਰੇ ‘ਤੇ ਮੁਸਕੜੀ ਲਿਆਉਂਦਿਆਂ ਮੈਨੂੰ ਘੁਟ ਲਿਆ। ਕਾਨਾ ਸਿੰਘ ਦਾ ਬਹੁਤ ਧੰਨਵਾਦ, ਜਿਨ੍ਹਾਂ ਇਹ ਨਿੱਕੀ ਜਿਹੀ ਗੱਲ ਸਮਝਾ ਕੇ ਸਾਡੀ ਉਦਾਸੀ ਦੂਰ ਕਰ ਦਿਤੀ।
-ਅਜੀਤ ਕੌਰ
ਨਿਊ ਯਾਰਕ