ਫਿਲਮ ‘ਨਾਨਕ ਸ਼ਾਹ ਫਕੀਰ’ ਇਸ ਦੇ ਪ੍ਰੋਡਿਊਸਰ ਹਰਿੰਦਰ ਸਿੰਘ ਸਿੱਕਾ ਨੇ ਜਨਤਕ ਵਿਰੋਧ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹਦਾਇਤ ‘ਤੇ ਅਖੀਰ ਸਿਨੇਮਾਂਘਰਾਂ ਤੋਂ ਉਤਰਵਾ ਦਿਤੀ ਹੈ। ਇਸ ਨਾਲ ਇਸ ਫਿਲਮ ਤੋਂ ਪਿਆ ਵਾ-ਵਰੋਲਾ ਸ਼ਾਂਤ ਹੋ ਗਿਆ ਜਾਪਦਾ ਹੈ।
ਮੈਂ ਇਸ ਗੱਲ ਦੇ ਬਿਲਕੁਲ ਹੱਕ ਵਿਚ ਨਹੀਂ ਹਾਂ ਕਿ ਗੁਰੂ ਸਾਹਿਬਾਨ ਦਾ ਕਿਰਦਾਰ ਕੋਈ ਵਿਅਕਤੀ ਨਿਭਾਵੇ ਜਾਂ ਗੁਰੂ ਸਾਹਿਬਾਨ ਦੀਆਂ ਸ਼ਖਸੀਅਤਾਂ ਨੂੰ ਫਿਲਮ ਵਿਚ ਕਿਸੇ ਪ੍ਰਛਾਵੇਂ ਦੇ ਰੂਪ ਵਿਚ ਜਾਂ ਕੰਪਿਊਟਰੀ ਚਿਤਰ ਦੇ ਰੂਪ ਵਿਚ ਵਿਖਾਇਆ ਜਾਵੇ, ਜਿਵੇਂ ਕਿ ਇਸ ਫਿਲਮ ਵਿਚ ਦਿਖਾਇਆ ਗਿਆ ਹੈ। ਇਹ ਮਾਮਲਾ ਭਾਵੇਂ ਸ਼ਾਂਤ ਹੋ ਗਿਆ ਹੈ ਪਰ ਇਸ ਨੇ ਕਈ ਸਵਾਲ ਵੀ ਸਾਡੇ ਸਾਹਮਣੇ ਲਿਆ ਖੜੇ ਕੀਤੇ ਹਨ। ਗੁਰੂ ਕੇ ਸਿੱਖ ਨੂੰ ਬੁਤ ਪੂਜਾ ਦੀ ਮੁਕੰਮਲ ਮਨਾਹੀ ਹੈ ਪਰ ਅਸੀਂ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਤਾਂ ਕੀ ਇਹ ਨਹੀਂ ਜਾਪਦਾ ਕਿ ਅਸਿੱਧੇ ਤੌਰ ‘ਤੇ ਅਸੀਂ ਅਜ ਵੀ ਬੁਤ ਪੂਜਾ ਕਰੀ ਜਾ ਰਹੇ ਹਾਂ। ਗੁਰੂ ਸਾਹਿਬਾਨ ਦੀਆਂ ਤਸਵੀਰਾਂ ਅਸੀਂ ਨਾ ਸਿਰਫ ਘਰ-ਘਰ ਹੀ ਦੇਖਦੇ ਹਾਂ ਸਗੋਂ ਬਹੁਤ ਸਾਰੇ ਗੁਰਦੁਆਰਿਆਂ ਵਿਚ ਵੀ ਦੇਖੀਆਂ ਜਾ ਸਕਦੀਆਂ ਹਨ, ਹਾਲਾਂਕਿ ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਕਿ ਇਹ ਤਸਵੀਰਾਂ ਅਸਲੀ ਨਹੀਂ ਸਗੋਂ ਚਿੱਤਰਕਾਰ ਦੀ ਕਲਪਨਾ ਮਾਤਰ ਹਨ। ਇਕ ਵਾਰ ਕਿਸੇ ਚਿੱਤਰਕਾਰ ਨੂੰ ਕਿਸੇ ਨੇ ਪੁਛਿਆ, ਤੁਸੀਂ ਗੁਰੂ ਨਾਨਕ ਦੇਵ ਜੀ ਦੀ ਜੋ ਤਸਵੀਰ ਬਣਾਈ ਹੈ, ਇਹ ਉਨ੍ਹਾਂ ਦੀ ਸ਼ਖਸੀਅਤ ਨਾਲ ਤਾਂ ਢੁਕਦੀ ਨਹੀਂ। ਚਿੱਤਰਕਾਰ ਦਾ ਜਵਾਬ ਸੀ, ਮੈਂ ਤਾਂ ਉਹ ਕੁਝ ਬਣਾਇਆ ਹੈ ਜੋ ਲੋਕ ਵੇਖਣਾ ਚਾਹੁੰਦੇ ਹਨ। ਕਈ ਘਰਾਂ ਵਿਚ ਤਾਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਅਗੇ ਧੂਫ-ਬੱਤੀ ਹੁੰਦੀ ਵੀ ਵੇਖੀ ਜਾ ਸਕਦੀ ਹੈ। ਪੰਜਾਬ ਵਿਚ ਬੱਸਾਂ ਵਿਚ ਵੀ ਡਰਾਈਵਰਾਂ ਨੂੰ ਇਹੋ ਕੁਝ ਕਰਦਿਆਂ ਵੇਖਿਆ ਜਾ ਸਕਦਾ ਹੈ। ਕੀ ਇਹ ਸਭ ਬੁਤ-ਪੂਜਾ ਨਹੀਂ?
ਦਸ਼ਮੇਸ਼ ਪਿਤਾ ਨੇ ਅਗੋਂ ਗੁਰੂ ਪ੍ਰਥਾ ਬੰਦ ਕਰ ਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਅਤੇ ਇਸ ਨੂੰ ਸ਼ਬਦ ਗੁਰੂ ਮੰਨਣ ਦਾ ਹੁਕਮ ਕੀਤਾ ਸੀ। ਅਸੀਂ ਗੁਰੂ ਗੰ੍ਰਥ ਸਾਹਿਬ ਅਗੇ ਮੱਥਾ ਟੇਕਦੇ ਹਾਂ। ਮਾਇਆ ਵੀ ਭੇਟ ਕਰਦੇ ਹਾਂ ਪਰ ਸਵਾਲ ਇਹ ਹੈ ਕਿ ਗੁਰੂ ਗੰ੍ਰਥ ਸਾਹਿਬ ਵਿਚ ਦਿਤੀ ਸਿੱਖਿਆ ਉਪਰ ਕਿੰਨਾ ਕੁ ਅਮਲ ਕਰਦੇ ਹਾਂ? ਜੇ ਸੱਚਮੁਚ ਅਮਲ ਕਰਦੇ ਹੁੰਦੇ ਤਾਂ ਗੁਰਘਰਾਂ ਵਿਚ ਚੌਧਰਾਂ ਦੀਆਂ ਲੜਾਈਆਂ ਕਿਉਂ ਹੁੰਦੀਆਂ? ਕੀ ਅਸੀਂ ਗੁਰੂ ਗੰ੍ਰਥ ਸਾਹਿਬ ਨੂੰ ਕਿਸੇ ਬੁਤ ਨਿਆਈਂ ਹੀ ਨਹੀਂ ਸਮਝ ਲਿਆ। ਇਕ ਹੋਰ ਗੱਲ ਅਸੀਂ ਅਕਸਰ ਦੇਖਦੇ ਹਾਂ ਕਿ ਗੁਰੁ ਗੰ੍ਰਥ ਸਾਹਿਬ ਅਗੇ ਮੱਥਾ ਟੇਕਣ ਅਤੇ ਮਾਇਆ ਭੇਟਾ ਕਰਨ ਉਪਰੰਤ ਸੰਗਤਾਂ ਰਾਗੀ-ਢਾਡੀ ਜਥਿਆਂ ਨੂੰ ਵੀ ਮਾਇਆ ਭੇਟ ਕਰਦੀਆਂ ਹਨ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਰਾਗੀਆਂ ਵਾਲੇ ਤਖਤ ‘ਤੇ ਕੋਈ ਰਾਗੀ ਨਾ ਹੋਣ ‘ਤੇ ਵੀ ਸੰਗਤਾਂ ਉਥੇ ਮਾਇਆ ਰਖੀ ਜਾਂਦੀਆ ਹਨ। ਇਸ ਨੂੰ ਭਲਾ ਕੀ ਆਖਿਆ ਜਾਵੇ?
ਮੰਦਰਾਂ ਵਿਚ ਤਾਂ ਪੁਜਾਰੀ ਦੇਵੀ-ਦੇਵਤਿਆਂ ਨੂੰ ਭੋਗ ਲਵਾਉਂਦੇ ਹੀ ਹਨ ਪਰ ਅਚੰਭਾ ਉਦੋਂ ਹੁੰਦਾ ਹੈ ਜਦੋਂ ਗੁਰਦੁਆਰਿਆਂ ਵਿਚ ਵੀ ਗੰ੍ਰਥੀ ਸਿੰਘ ਲੰਗਰ-ਪ੍ਰਸ਼ਾਦੇ ਦਾ ਭੋਗ ਲਵਾਉਂਦੇ ਹਨ। ਹੋਰ ਵੀ ਬਹੁਤ ਸਾਰੀਆਂ ਗੱਲਾਂ ਜੋ ਅਜੋਕੇ ਸਿੱਖਾਂ ਵਿਚ ਆ ਰਹੀ ਬੁਤ-ਪ੍ਰਸਤੀ ਦੀ ਬਿਰਤੀ ਵਲ ਸੰਕੇਤ ਕਰਦੀਆਂ ਹਨ। ਮੇਰਾ ਇਥੇ ਮਨੋਰਥ ਸਿਰਫ ਇਨਾ ਹੀ ਹੈ ਕਿ ਅਸੀਂ ਇਨ੍ਹਾਂ ਗੱਲਾਂ ‘ਤੇ ਵਿਚਾਰ ਕਰੀਏ ਅਤੇ ਗੁਰੂ ਦਾ ਹੁਕਮ ਮੰਨੀਏਂ।
-ਮਨਜੀਤ ਸਿੰਘ
ਯੂਨੀਅਨ ਸਿਟੀ, ਕੈਲੀਫੋਰਨੀਆ