‘ਮਜੇ ਵੱਖ ਨੇ ਪੋਰੀਆਂ ਪੋਰੀਆਂ ਦੇæææ’

ਲੰਘੀ 28 ਮਾਰਚ ਦੇ ਪੰਜਾਬ ਟਾਈਮਜ਼ ਵਿਚ ਛਪਿਆ ਤਰਲੋਚਨ ਸਿੰਘ ਦੁਪਾਲਪੁਰ ਦਾ ਲੇਖ ‘ਮਜ਼ੇ ਵੱਖ ਨੇ ਪੋਰੀਆਂ ਪੋਰੀਆਂ ਦੇ’ ਪੜ੍ਹ ਕੇ ਬਹੁਤ ਹੈਰਾਨੀ ਹੋਈ। ਦੁਪਾਲਪੁਰ ਹੁਰੀਂ ਵਿਦਵਾਨ ਲੇਖਕ ਹਨ। ਉਨ੍ਹਾਂ ਦੇ ਬਹੁਤ ਵਧੀਆ ਲੇਖ ਅਤੇ ਕਾਵਿ-ਵਿਅੰਗ ਪੜ੍ਹਨ ਨੂੰ ਅਕਸਰ ਮਿਲਦੇ ਰਹਿੰਦੇ ਹਨ।

ਦੁਪਾਲਪੁਰ ਹੁਰੀਂ ਜਾਣਦੇ ਹਨ ਕਿ ਕਿਸੇ ਕਾਵਿ ਰਚਨਾ ਦੇ ਬੰਦ ਨੂੰ ਤੋੜ-ਮਰੋੜ ਕੇ ਲਿਖਣਾ ਜਿਥੇ ਰਚਨਾ ਦੇ ਅਰਥ ਬਦਲ ਦਿੰਦਾ ਹੈ, ਉਥੇ ਅਜਿਹਾ ਕਰਨਾ ਰਚਨਾ ਦੇ ਲੇਖਕ ਨਾਲ ਵੀ ਇਕ ਤਰ੍ਹਾਂ ਦੀ ਬੇਇਨਸਾਫੀ ਹੈ। ਉਨ੍ਹਾਂ ਨੇ ਆਪਣੇ ਲੇਖ ਵਿਚ ਵਾਰਿਸ ਸ਼ਾਹ ਦੇ ਨਾਮ ਨਾਲ ਜੋ ਬੰਦ ‘ਵਾਰਿਸ ਸ਼ਾਹ ਤੂੰ ਘੁੰਮ ਕੇ ਵੇਖ ਦੁਨੀਆਂ, ਮਜ਼ੇ ਵੱਖ ਨੇ ਪੋਰੀਆਂ ਪੋਰੀਆਂ ਦੇ’ ਲਿਖਿਆ ਹੈ, ਉਹ ਵਾਰਿਸ ਸ਼ਾਹ ਦੇ ਕਿੱਸੇ ਵਿਚ ਕਿਤੇ ਨਹੀਂ ਮਿਲਦਾ। ਵਾਰਸ ਸ਼ਾਹ ਦੀ ਹੀਰ, ਹੀਰ-ਰਾਂਝੇ ਦੀ ਕਹਾਣੀ ਨਾਲੋਂ ਵੀ ਅੱਗੇ ਜਾ ਕੇ ਉਸ ਵੇਲੇ ਦਾ ਭੂਗੋਲਿਕ, ਸਮਾਜਿਕ ਅਤੇ ਵਾਤਾਵਰਣਕ ਦਸਤਾਵੇਜ਼ ਹੈ। ਵਾਰਸ ਸ਼ਾਹ ਨੇ ਆਪਣੀ ਇਸ ਰਚਨਾ ਵਿਚ ਇੰਨਾ ਗਿਆਨ ਭਰ ਦਿੱਤਾ ਹੈ ਕਿ ਇਸ ਦੀਆਂ ਤੁਕਾਂ, ਅਖੌਤਾਂ ਦੇ ਰੂਪ ਵਿਚ, ਸ਼ਹਿਰੀ ਅਤੇ ਪੇਂਡੂ, ਪੜ੍ਹੇ ਲਿਖੇ ਅਤੇ ਅਨਪੜ੍ਹ ਪੰਜਾਬੀਆਂ ਦੇ ਮੂੰਹਾਂ ‘ਤੇ ਅੱਟਲ ਸੱਚਾਈਆਂ ਦਾ ਪ੍ਰਮਾਣ ਬਣ ਕੇ ਚੜ੍ਹੀਆਂ ਹੋਈਆਂ ਹਨ। ਵਾਰਸ ਸ਼ਾਹ ਦੀ ਹੀਰ, ਜੋ ਵੱਖ-ਵੱਖ ਪ੍ਰਕਾਸ਼ਕ ਹੁਣ ਤੱਕ ਅਨੇਕ ਵਾਰ ਛਾਪ ਚੁਕੇ ਹਨ, ਵਿਚ ਥੋੜੇ ਬਹੁਤ ਫਰਕ ਜ਼ਰੂਰ ਹਨ, ਪਰ ਕਿਸੇ ਵੀ ਤੁਕ ਦਾ ਮੂਲ ਭਾਵ ਬਦਲਿਆ ਨਜ਼ਰ ਨਹੀਂ ਆਉਂਦਾ। ਉਪਰੋਕਤ ਬੰਦ ਜਿਸ ਨੂੰ ਦੁਪਾਲਪੁਰ ਨੇ ਸ਼ਾਇਦ ਆਪਣੀ ਲੋੜ ਅਨੁਸਾਰ ਬਦਲ ਲਿਆ, ਹਕੀਕਤ ਵਿਚ ਇਸ ਤਰ੍ਹਾਂ ਹੈ, “ਵਾਰਸ ਸ਼ਾਹ ਮੀਆਂ ਗੰਨਾ ਚੱਖ ਸਾਰਾ, ਮਜ਼ੇ ਵੱਖ ਨੇ ਪੋਰੀਆਂ ਪੋਰੀਆਂ ਦੇ।” ਜਿਸ ਨੇ ਹੀਰ ਵਾਰਸ ਸ਼ਾਹ ਨਹੀਂ ਪੜ੍ਹੀ ਹੋਈ, ਉਹ ਦੁਪਾਲਪੁਰ ਦੇ ਲੇਖ ਵਿਚ ਛਪੀਆਂ ਉਪਰੋਕਤ ਤੁਕਾਂ ਪੜ੍ਹ ਕੇ ਸੋਚੇਗਾ ਕਿ ਜਦੋਂ ਪਹਿਲੀ ਸਤਰ ਵਿਚ ਗੰਨੇ ਦਾ ਕੋਈ ਜ਼ਿਕਰ ਨਹੀਂ ਤਾਂ ਇਥੇ ਪੋਰੀਆਂ ਪੋਰੀਆਂ ਤੋਂ ਕੀ ਭਾਵ ਹੈ? ਅਤੇ ਉਸ ਦੀ ਸੋਚ ਦੇ ਕਟਹਿਰੇ ਵਿਚ ਖੜ੍ਹਾ ਹੋਵੇਗਾ ਵਾਰਸ ਸ਼ਾਹ। ਸੋ ਕਿਸੇ ਵੀ ਲੇਖਕ ਨੂੰ ਆਪਣੀ ਲਿਖਤ ਵਿਚ ਕਿਸੇ ਵਿਦਵਾਨ ਦਾ ਕਥਨ ਜਾਂ ਸਤਰਾਂ ਦਿੰਦਿਆਂ ਇਹ ਧਿਆਨ ਜਰੂਰ ਰਖਣਾ ਚਾਹੀਦਾ ਹੈ ਕਿ ਮੂਲ ਰਚਨਾ ਨਾਲ ਛੇੜ-ਛਾੜ ਨਾ ਹੋਵੇ।
ਪੰਜਾਬ ਟਾਈਮਜ਼ ਨਿਰਸੰਦੇਹ ਇਕ ਵਧੀਆ ਅਖਬਾਰ ਹੈ ਅਤੇ ਇਸ ਦੇ ਪਾਠਕਾਂ ਦੀ ਗਿਣਤੀ ਦੇਸ਼-ਵਿਦੇਸ਼ ਵਿਚ ਬਹੁਤ ਵੱਡੀ ਹੈ। ਅਖਬਾਰ ਵਿਚੋਂ ਹਲਕੀ-ਫੁਲਕੀ ਜਾਣਕਾਰੀ ਪ੍ਰਾਪਤ ਕਰਨ ਵਾਲੇ ਪਾਠਕਾਂ ਤੋਂ ਇਲਾਵਾ ਇਸ ਨੂੰ ਨੀਝ ਨਾਲ ਪੜ੍ਹਨ ਵਾਲੇ ਪਾਠਕ ਵੀ ਹਨ। ਉਨ੍ਹਾਂ ਵਿਚੋਂ ਬਹੁਗਿਣਤੀ ਪਾਠਕਾਂ ਦੀ ਰੂਚੀ ਖਬਰਾਂ ਪੜ੍ਹਨ ਦੇ ਨਾਲ ਇਨ੍ਹਾਂ ਵਿਚਲੀ ਸੱਚਾਈ ਜਾਣਨ, ਸੰਪਾਦਕੀ, ਸਾਹਿਤਕ ਸਮੱਗਰੀ ਅਤੇ ਚਲੰਤ ਮਸਲਿਆਂ ਬਾਬਤ ਸੰਵਾਦ ਰਚਾਉਂਦੇ ਲੇਖਾਂ ਵਿਚ ਹੁੰਦੀ ਹੈ। ਕਈ ਵਾਰ ਹਲਕੇ-ਫੁਲਕੇ ਜਾਪਦੇ ਲੇਖ ਵੀ ਗੰਭੀਰ ਸਮੱਸਿਆ ਵੱਲ ਇਸ਼ਾਰਾ ਕਰ ਜਾਂਦੇ ਹਨ। ਉਮੀਦ ਹੈ, ਸ਼ ਦੁਪਾਲਪੁਰ ਇਹ ਖਿਆਲ ਰੱਖਣਗੇ ਕਿ ਭਵਿੱਖ ‘ਚ ਅਜਿਹੀ ਗਲਤੀ ਨਾ ਹੋਵੇ।
-ਵੇਦ ਪ੍ਰਕਾਸ਼ ਸੋਨੀ