ਪੰਜਾਬੀ ਪੁੱਤਰ ‘ਨਰਮ ਗਰਮ ਧਰਮ’

ਦੁਨੀਆਂ ਦਾ ਅਜਿਹਾ ਸ਼ਾਇਦ ਹੀ ਕੋਈ ਖਿੱਤਾ ਜਾਂ ਕਿੱਤਾ ਹੋਵੇ ਜਿੱਥੇ ਪੰਜਾਬੀਆਂ ਨੇ ਆਪਣੀ ਕਾਮਯਾਬੀ ਦਾ ਝੰਡਾ ਨਾ ਲਹਿਰਾਇਆ ਹੋਵੇ। ਬਾਲੀਵੁੱਡ ਦੀਆਂ ਸਿਰਕੱਢ ਹਸਤੀਆਂ ਵਿਚੋਂ ਜੇ ਪੰਜਾਬੀਆਂ ਦੀ ਗਿਣਤੀ ਕੀਤੀ ਜਾਵੇ ਤਾਂ ਪ੍ਰਿਥਵੀ ਰਾਜ ਕਪੂਰ, ਦਾਰਾ ਸਿੰਘ, ਬੀæਆਰæ ਚੋਪੜਾ, ਯਸ਼ ਚੋਪੜਾ, ਮੁਹੰਮਦ ਰਫ਼ੀ, ਮਹਿੰਦਰ ਕਪੂਰ, ਆਈæਐਸ਼ ਜੌਹਰ, ਰਾਜੇਸ਼ ਖੰਨਾ, ਮਨਮੋਹਨ ਸਿੰਘ, ਹਰਮੀਤ ਸਿੰਘ, ਸੋਨੂੰ ਸੂਦ, ਜਿੰਮੀ ਸ਼ੇਰਗਿੱਲ ਤੇ ਅਨੇਕਾਂ ਅਜਿਹੇ ਹੋਰ ਨਾਂ ਹਨ ਜਿਨ੍ਹਾਂ ਨੇ ਆਪੋ-ਆਪਣੀ ਵਿਲੱਖਣ ਕਲਾ ਤੇ ਅੰਦਾਜ਼ ਸਦਕਾ ਪੰਜਾਬ ਦਾ ਨਾਂ ਬਾਲੀਵੁੱਡ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਰੋਸ਼ਨ ਕੀਤਾ ਹੈ। ਅਜਿਹਾ ਹੀ ਇਕ ਮਹਾਨ ਅਦਾਕਾਰ ਤੇ ਪੰਜਾਬ ਦੀ ਮਿੱਟੀ ਨਾਲ ਡਾਹਢਾ ਮੋਹ ਰੱਖਣ ਵਾਲਾ ਸ਼ਖ਼ਸ ਹੈ ਧਰਮਿੰਦਰ ਜਿਸ ਨੂੰ ਸਿਨੇ ਪ੍ਰੇਮੀ ‘ਨਰਮ ਗਰਮ ਧਰਮ’ ਦੇ ਨਾਂ ਨਾਲ ਜਾਣਦੇ ਹਨ।
ਅੱਠ ਦਸੰਬਰ, 1935 ਨੂੰ ਲੁਧਿਆਣਾ ਨੇੜਲੇ ਪਿੰਡ ਸਾਹਨੇਵਾਲ ਦੇ ਵਾਸੀ ਕੇਵਲ ਕ੍ਰਿਸ਼ਨ ਦਿਓਲ ਦੇ ਘਰ ਜਨਮੇ ਧਰਮਿੰਦਰ ਨੂੰ ਨਿੱਕੀ ਉਮਰ ਤੋਂ ਹੀ ਫ਼ਿਲਮਾਂ ਵਿਚ ਕੰਮ ਕਰਨ ਦਾ ਸ਼ੌਕ ਪੈ ਗਿਆ ਸੀ ਤੇ ਜਦ ਮੁੰਬਈ ਜਾ ਕੇ ‘ਫ਼ਿਲਮ ਫੇਅਰ’ ਵੱਲੋਂ ਕਰਵਾਏ ‘ਟੇਲੈਂਟ ਹੰਟ’ ਮੁਕਾਬਲੇ ਵਿਚ ਉਸ ਨੇ ਆਪਣੀ ਅਭਿਨੈ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਸੀ ਹਰ ਕੋਈ ਦੰਗ ਰਹਿ ਗਿਆ ਸੀ। ਸੰਨ 1954 ਵਿਚ ਧਰਮਿੰਦਰ ਸਿਰਫ 19 ਵਰ੍ਹਿਆਂ ਦਾ ਸੀ ਜਦੋਂ ਉਸ ਦਾ ਵਿਆਹ ਪਰਕਾਸ਼ ਕੌਰ ਨਾਲ ਹੋ ਗਿਆ ਤੇ ਉਸ ਵੇਲੇ ਉਹ ਟਿਊਬਵੈੱਲ ਦੇ ਬੋਰ ਕਰਨ ਵਾਲੀ ਇਕ ਅਮਰੀਕੀ ਕੰਪਨੀ ਵਿਚ ਮੁਲਾਜ਼ਮਤ ਕਰਦਾ ਸੀ।
‘ਟੇਲੈਂਟ ਹੰਟ’ ਵਿਚ ਪਹਿਲਾ ਇਨਾਮ ਪ੍ਰਾਪਤ ਕਰਨ ਮਗਰੋਂ ਉਸ ਨੂੰ 1955 ਵਿਚ ਛੋਟੀਆਂ-ਮੋਟੀਆਂ ਭੂਮਿਕਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਜੋ ਉਸ ਦਾ ਗੁਜ਼ਾਰਾ ਤਾਂ ਤੋਰਦੀਆਂ ਰਹੀਆਂ ਪਰ ਉਸ ਨੂੰ ਉਹ ਪਛਾਣ ਨਾ ਦੁਆ ਸਕੀਆਂ ਜਿਸ ਦੀ ਖਾਤਰ ਕਰੜੀ ਮਿਹਨਤ ਕਰ ਰਿਹਾ ਸੀ। ਮਿਹਨਤ, ਲਗਨ ਤੇ ਸਿਰੜ ਦਾ ਪੱਲਾ ਨਾ ਛੱਡਣ ਵਾਲੇ ਇਸ ਪੰਜਾਬੀ ਗੱਭਰੂ ਦਾ ਸੁਪਨਾ ਉਸ ਵੇਲੇ ਹਕੀਕਤ ਹੋ ਨਿੱਬੜਿਆ ਜਦ ਨਿਰਦੇਸ਼ਕ ਅਰਜੁਨ ਹਿੰਗੋਰਾਨੀ ਦੀ ਫ਼ਿਲਮ ‘ਦਿਲ ਭੀ ਤੇਰਾ ਹਮ ਭੀ ਤੇਰੇ’ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਵਿਚ ਉਸ ਨੇ ਪਹਿਲੀ ਵਾਰ ਬਤੌਰ ਨਾਇਕ ਕੰਮ ਕੀਤਾ ਸੀ। ਫ਼ਿਲਮ ਸੁਪਰ-ਡੁਪਰ ਹਿੱਟ ਰਹੀ ਤੇ ਬਾਲੀਵੁੱਡ ਨੂੰ ਉਸ ਦਾ ਨਵਾਂ ਰੁਮਾਂਟਿਕ ਹੀਰੋ ਮਿਲ ਗਿਆ।
‘ਅਨਪੜ੍ਹ, ਬੰਦਿਨੀ, ਸੂਰਤ ਔਰ ਸੀਰਤ, ਕਾਗ਼ਜ਼ ਕੇ ਫੂਲ, ਮਮਤਾ, ਅਨੁਪਮਾ ਫ਼ਿਲਮਾਂ ਵਿਚ ਆਪਣੀ ਦਮਦਾਰ ਅਦਾਕਾਰੀ ਦਾ ਮੁਜ਼ਾਹਰਾ ਕਰਨ ਤੋਂ ਬਾਅਦ ਜਦ 1966 ਵਿਚ ਧਰਮਿੰਦਰ ਨੇ ਨਿਰਦੇਸ਼ਕ ਓæਪੀæ ਰਲਹਨ ਦੀ ਫ਼ਿਲਮ ‘ਫੂਲ ਔਰ ਪੱਥਰ’ ਲਈ ਕਮੀਜ਼ ਉਤਾਰ ਕੇ ਡੌਲ੍ਹੇ ਵਿਖਾਉਂਦਿਆਂ ਹੋਇਆਂ ਫਾਈਟ ਸੀਨ ਕੀਤਾ ਤਾਂ ਦਰਸ਼ਕਾਂ ਨੇ ਇਕ ਐਕਸ਼ਨ ਹੀਰੋ ਵਜੋਂ ਉਸ ਨੂੰ ‘ਹੀ-ਮੈਨ’ ਦਾ ਖ਼ਿਤਾਬ ਦਿੰਦਿਆਂ ਸਿਰ-ਅੱਖਾਂ ‘ਤੇ ਚੁੱਕ ਲਿਆ। ਇਸ ਪਿੱਛੋਂ ਧਰਮ ਨੇ ‘ਨਰਮ’ ਦੀ ਥਾਂ ‘ਗਰਮ’ ਹੁੰਦਿਆਂ ਹੋਇਆਂ ਕਾਫ਼ੀ ਐਕਸ਼ਨ ਫ਼ਿਲਮਾਂ ਦਿੱਤੀਆਂ ਪਰ ਨਾਲ ਹੀ ‘ਸੱਤਿਆਕਾਮ’ ਤੇ ‘ਖਾਮੋਸ਼ੀ’ ਜਿਹੀਆਂ ਸੰਜੀਦਾ ਫ਼ਿਲਮਾਂ ਰਾਹੀਂ ਆਪਣੀ ਲਾਜਵਾਬ ਅਦਾਕਾਰੀ ਦਾ ਸਿਖਰ ਵਿਖਾਉਣ ਵਿਚ ਵੀ ਕੋਈ ਕਸਰ ਨਾ ਛੱਡੀ।
ਹੁਣ ਤਕ 300 ਤੋਂ ਵੀ ਵੱਧ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਪੰਜਾਬੀਆਂ ਦੇ ਲਾਡਲੇ ‘ਧਰਮ ਭਾਅ ਜੀ’ ਨੇ ਤੀਹ ਤੋਂ ਵੀ ਵੱਧ ਫ਼ਿਲਮਾਂ ‘ਡਰੀਮ ਗਰਲ’ ਹੇਮਾ ਮਾਲਿਨੀ ਨਾਲ ਕੀਤੀਆਂ ਹਨ ਜਿਨ੍ਹਾਂ ਵਿਚ ਸ਼ੋਅਲੇ, ਸ਼ਰਾਫਤ, ਰਾਜਾ ਜਾਨੀ, ਸੀਤਾ ਔਰ ਗੀਤਾ, ਦਿ ਬਰਨਿੰਗ ਟਰੇਨ, ਚਰਸ, ਜੁਗਨੂੰ, ਪ੍ਰਤਿੱਗਿਆ ਤੇ ਦੋਸਤ ਦੇ ਨਾਂ ਪ੍ਰਮੁੱਖ ਹਨ। 1980 ਵਿਚ ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਵਿਆਹ ਕੀਤਾ ਤੇ ਉਨ੍ਹਾਂ ਦੇ ਘਰ ਦੋ ਧੀਆਂ ਈਸ਼ਾ ਦਿਓਲ ਤੇ ਆਹਨਾ ਦਿਓਲ ਹੋਈਆਂ। ਪਰਕਾਸ਼ ਕੌਰ ਕੋਲੋਂ ਧਰਮਿੰਦਰ ਦੇ ਸੰਨੀ ਤੇ ਬੌਬੀ ਦਿਓਲ ਦੋ ਪੁੱਤ ਪਹਿਲਾਂ ਹੀ ਸਨ।
ਐਕਸ਼ਨ ਭਰਪੂਰ ਫ਼ਿਲਮਾਂ ਕਰਕੇ ਧਰਮਿੰਦਰ ਨੇ ਭਾਵੇਂ ਕਾਫ਼ੀ ਸ਼ੋਹਰਤ ਖੱਟੀ ਹੈ ਪਰ ਉਸ ਦੀ ਕਾਮੇਡੀ ਵੀ ਬੇਹੱਦ ਕਮਾਲ ਦੀ ਹੈ। ਸ਼ੋਅਲੇ, ਸਮਰਾਟ, ਧਰਮਵੀਰ, ਲੋਹਾ, ਹਕੂਮਤ, ਐਲਾਨ-ਏ-ਜੰਗ, ਵਤਨ ਕੇ ਰਖਵਾਲੇ ਤੇ ਆਂਖੇਂ ਜਿਹੀਆਂ ਐਕਸ਼ਨ ਭਰਪੂਰ ਫ਼ਿਲਮਾਂ ਦੇਣ ਦੇ ਨਾਲ-ਨਾਲ ਉਸ ਨੇ ਚੁਪਕੇ- ਚੁਪਕੇ, ਨੌਕਰ ਬੀਵੀ ਕਾ ਤੇ ਯਮਲਾ ਪਗਲਾ ਦੀਵਾਨਾ ਜਿਹੀਆਂ ਬਿਹਤਰੀਨ ਕਾਮੇਡੀ ਫ਼ਿਲਮਾਂ ਵੀ ਭਾਰਤੀ ਦਰਸ਼ਕਾਂ ਦੀ ਝੋਲੀ ਪਾਈਆਂ।
ਫ਼ਿਲਮ ਪ੍ਰਤਿੱਗਿਆ ਨੂੰ ਬਤੌਰ ਸਹਿ-ਨਿਰਮਾਤਾ ਬਣਾਉਣ ਤੋਂ ਬਾਅਦ ‘ਵਿਜੇਤਾ ਫ਼ਿਲਮਜ਼’ ਦੇ ਨਾਂ  ਹੇਠ ਹੁਣ ਤਕ ਧਰਮਿੰਦਰ ਨੇ ਬਤੌਰ ਨਿਰਮਾਤਾ ਬੇਤਾਬ, ਬਰਸਾਤ, ਘਾਇਲ, ਘਾਤਕ, ਦਿਲਲਗੀ ਤੇ ਯਮਲਾ ਪਗਲਾ ਦੀਵਾਨਾ ਜਿਹੀਆਂ ਹਿੱਟ ਫ਼ਿਲਮਾਂ ਬਣਾਈਆਂ ਹਨ ਤੇ ਉਹ ਅੱਜਕੱਲ੍ਹ ਯਮਲਾ ਪਗਲਾ ਦੀਵਾਨਾ-2 ਦੀ ਸ਼ੂਟਿੰਗ ਵਿਚ ਲੰਦਨ ਵਿਖੇ ਮਸ਼ਰੂਫ ਹੈ। ਉਸ ਨੂੰ ਖ਼ੁਸ਼ੀ ਹੈ ਕਿ ਇਸ ਫ਼ਿਲਮ ਵਿਚ ਨਾ ਕੇਵਲ ਉਸ ਦੇ ਪੁੱਤ ਸੰਨੀ ਦਿਓਲ ਤੇ ਬੌਬੀ ਦਿਓਲ ਉਸ ਨਾਲ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ ਸਗੋਂ ਉਸ ਦਾ ਪੋਤਾ (ਸੰਨੀ ਦਾ ਪੁੱਤ) ਕਰਨ ਦਿਓਲ ਵੀ ਬਤੌਰ ਨਿਰਮਾਣ ਸਹਾਇਕ ਬਾਲੀਵੁੱਡ ਵਿਚ ਕਦਮ ਰੱਖਣ ਜਾ ਰਿਹਾ ਹੈ।

Be the first to comment

Leave a Reply

Your email address will not be published.