ਵਾਦੀ ਬਣੀ ਮੈਦਾਨ-ਏ-ਜੰਗ

ਸ੍ਰੀਨਗਰ (ਗੁਰਵਿੰਦਰ ਸਿੰਘ ਵਿਰਕ): ਕਸ਼ਮੀਰ ਘਾਟੀ ਵਿਚ ਅਮਨ ਕਾਨੂੰਨ ਦੀ ਗੱਡੀ ਮੁੜ ਲੀਹੋਂ ਲੱਥਣ ਲੱਗੀ ਹੈ। ਹੁਰੀਅਤ ਕਾਨਫਰੰਸ ਦੇ ਗਰਮਖਿਆਲ ਧੜੇ ਦੇ ਮੁਖੀ ਸਈਦ ਅਲੀ ਸ਼ਾਹ ਗਿਲਾਨੀ ਤੇ ਮਸੱਰਤ ਆਲਮ ਦੀ ਗ੍ਰਿਫਤਾਰੀ ਪਿੱਛੋਂ ਵਾਦੀ ਵਿਚ ਵੱਡੇ ਪੱਧਰ ‘ਤੇ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਹਨ। ਫੌਜੀ ਕਾਰਵਾਈ ਦੌਰਾਨ ਤ੍ਰਾਲ ਖੇਤਰ ਵਿਚ ਦੋ ਨੌਜਵਾਨਾਂ ਦੀ ਮੌਤ ਪਿੱਛੋਂ ਹਾਲਾਤ ਹੋ ਵਿਗੜ ਗਏ ਹਨ। ਇਸ ਘਟਨਾ ਨੇ ਕਸ਼ਮੀਰੀ ਵੱਖਵਾਦੀਆਂ ਦੇ ਸਾਰੇ ਧੜਿਆਂ ਨੂੰ ਇਕਜੁੱਟ ਕਰ ਦਿੱਤਾ ਹੈ।

ਰੋਸ ਪ੍ਰਦਰਸ਼ਨਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਸਈਦ ਅਲੀ ਸ਼ਾਹ ਗਿਲਾਨੀ ਤੇ ਮੀਰਵਾਈਜ਼ ਉਮਰ ਫਾਰੂਕ ਸਮੇਤ ਹੋਰ ਵੱਖਵਾਦੀਆਂ ਨੂੰ ਵੀ ਘਰਾਂ ਵਿਚ ਨਜ਼ਰਬੰਦ ਕੀਤਾ ਹੋਇਆ ਹੈ।
ਉਧਰ ਜਮਾਤ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ਨੇ ਪਾਕਿਸਤਾਨ ਫੌਜ ਨੂੰ ਘਾਟੀ ਵਿਚ ਜਹਾਦ ਛੇੜਨ ਦਾ ਸੱਦਾ ਦਿੱਤਾ ਹੈ। ਹਾਫ਼ਿਜ਼ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਆਜ਼ਾਦੀ ਲਈ ਸੰਘਰਸ਼ ਹੋਰ ਤੇਜ਼ ਹੋਵੇਗਾ ਤੇ ਭਾਰਤ ਕਸ਼ਮੀਰ ਨੂੰ ਛੱਡਣ ਲਈ ਮਜਬੂਰ ਹੋ ਜਾਵੇਗਾ। ਛੇ ਹਫ਼ਤੇ ਪਹਿਲਾਂ ਮੁਫ਼ਤੀ ਮੁਹੰਮਦ ਸਈਦ ਦੀ ਅਗਵਾਈ ਹੇਠ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀæਡੀæਪੀæ) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੁਲੀਸ਼ਨ ਸਰਕਾਰ ਹੋਂਦ ਵਿਚ ਆਉਂਦਿਆਂ ਹੀ ਮੁੱਖ ਮੰਤਰੀ ਨੇ ਵੱਖਵਾਦੀ ਆਗੂ ਮਸੱਰਤ ਆਲਮ ਨੂੰ ਨਜ਼ਰਬੰਦੀ ਤੋਂ ਰਿਹਾ ਕਰ ਦਿੱਤਾ ਸੀ। ਮਸੱਰਤ ਖਿਲਾਫ ਜੰਗ ਛੇੜਨ ਸਣੇ ਦਰਜਨਾਂ ਮਾਮਲੇ ਦਰਜ ਹਨ ਤੇ ਉਸ ਉਪਰ 10 ਲੱਖ ਰੁਪਏ ਦਾ ਇਨਾਮ ਵੀ ਸੀ। ਮਸੱਰਤ ਦੀ ਰਿਹਾਈ ਪਿੱਛੋਂ ਪਾਲਾਬੰਦੀ ਇਕ ਵਾਰ ਫਿਰ ਤਿੱਖੀ ਹੋ ਗਈ ਸੀ। ਇਸੇ ਦੌਰਾਨ ਘਾਟੀ ਵਿਚ ਇਕ ਰੈਲੀ ਦੌਰਾਨ ਮਸੱਰਤ ਨੇ ਆਪਣੇ ਸਾਥੀਆਂ ਨਾਲ ਰਲ ਕੇ ਨਾ ਸਿਰਫ ਭਾਰਤ ਵਿਰੁਧ ਨਾਅਰੇ ਲਗਾਏ, ਸਗੋਂ ਪਾਕਿਸਤਾਨ ਦਾ ਝੰਡਾ ਵੀ ਲਹਿਰਾਇਆ। ਇਸ ਨੂੰ ਵੇਖਦਿਆਂ ਉਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਦੇ ਰੋਸ ਵਜੋਂ ਸਈਦ ਅਲੀ ਸ਼ਾਹ ਗਿਲਾਨੀ ਵਲੋਂ ਘਾਟੀ ਵਿਚ ਬੰਦ ਦਾ ਸੱਦਾ ਦਿੱਤਾ, ਤੇ ਇਸ ਦੌਰਾਨ ਹਿੰਸਕ ਹੋਈ ਭੀੜ ਨੇ ਸੁਰੱਖਿਆ ਬਲਾਂ ਉਤੇ ਸਖ਼ਤ ਪਥਰਾਅ ਕੀਤਾ ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਪੀæਡੀæਪੀæ-ਭਾਜਪਾ ਸਰਕਾਰ ਵਲੋਂ ਪਹਿਲੀ ਮਾਰਚ ਨੂੰ ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਵਲੋਂ ਰਿਆਸਤ ਵਿਚ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹਨ ਦਾ ਸਿਹਰਾ ਪਾਕਿਸਤਾਨ ਸਰਕਾਰ ਤੇ ਵੱਖਵਾਦੀ ਆਗੂਆਂ ਨੂੰ ਦੇਣ ਨਾਲ ਵਿਵਾਦ ਪੈਦਾ ਹੋ ਗਿਆ ਸੀ ਤੇ ਮੁਲਕ ਦੀ ਸੰਸਦ ਵਿਚ ਮੋਦੀ ਸਰਕਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਕੁਝ ਦਿਨ ਬਾਅਦ ਪੀæਡੀæਪੀæ ਦੇ ਅੱਠ ਵਿਧਾਇਕਾਂ ਨੇ ਅਫ਼ਜ਼ਲ ਗੁਰੂ ਦੀਆਂ ਨਿਸ਼ਾਨੀਆਂ ਉਸ ਦੇ ਪਰਿਵਾਰ ਨੂੰ ਸੌਂਪਣ ਦਾ ਮਤਾ ਭੇਜ ਦਿੱਤਾ ਜਿਸ ਨੇ ਇਕ ਹੋਰ ਵਿਵਾਦ ਨੂੰ ਜਨਮ ਦੇ ਦਿੱਤਾ। ਰਿਹਾਈ ਤੋਂ ਪਹਿਲਾ ਇਹ ਸਪਸ਼ਟ ਸੀ ਕਿ ਮਸੱਰਤ ਆਲਮ ਵਿਚ ਜਨਤਕ ਗੜਬੜੀ ਪੈਦਾ ਕਰਨ ਤੇ ਭਾਰਤ-ਵਿਰੋਧੀ ਭਾਵਨਾਵਾਂ ਭੜਕਾਉਣ ਦੀ ਭਰਪੂਰ ਸਮਰੱਥਾ ਹੈ। ਇਸ ਦੇ ਬਾਵਜੂਦ ਮੁਫ਼ਤੀ ਸਈਦ ਨੇ ਭਾਜਪਾ ਦੀ ਨਾਰਾਜ਼ਗੀ ਮੁੱਲ ਲੈ ਕੇ ਵੀ ਉਸ ਨੂੰ ਚਾਰ ਸਾਲਾਂ ਤੋਂ ਚਲੀ ਆ ਰਹੀ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਸੀ।
ਮਸੱਰਤ ਚਾਰ ਕੁ ਹਫ਼ਤੇ ਤਾਂ ਖ਼ਾਮੋਸ਼ ਰਿਹਾ, ਪਰ ਤ੍ਰਾਲ ਘਟਨਾ ਦੇ ਖਿਲਾਫ ਵੱਖਵਾਦੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਵਲੋਂ ਸ੍ਰੀਨਗਰ ਵਿਚ ਕੀਤੀ ਗਈ ਰੈਲੀ ਦੌਰਾਨ ਉਸ ਨੇ ਖੂਬ ਸਰਗਰਮੀ ਵਿੱਢੀ। ਹੁਣ ਪੀæਡੀæਪੀæ ਉਸ ਦੇ ਮਾਮਲੇ ਵਿਚ ਖ਼ੁਦ ਨੂੰ ਕਸੂਤਾ ਫਸਿਆ ਮਹਿਸੂਸ ਕਰ ਰਹੀ ਹੈ। ਉਂਜ, ਵਾਦੀ ਵਿਚ ਪਾਕਿਸਤਾਨੀ ਝੰਡੇ ਲਹਿਰਾਉਣੇ ਜਾਂ ਭਾਰਤ-ਵਿਰੋਧੀ ਨਾਅਰੇਬਾਜ਼ੀ ਕੋਈ ਨਵਾਂ ਘਟਨਾਕ੍ਰਮ ਨਹੀਂ। ਸਰਕਾਰਾਂ ਬਹੁਤੀ ਵਾਰ ਅਜਿਹੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਵੀ ਕਰਦੀਆਂ ਆਈਆਂ ਹਨ, ਪਰ ਹੁਣ ਸਰਕਾਰ ਵਿਚ ਭਾਜਪਾ ਦੀ ਭਾਈਵਾਲੀ ਨੇ ਪੀæਡੀæਪੀæ ਲਈ ਮਾਮਲੇ ਨੂੰ ਨਜ਼ਰਅੰਦਾਜ਼ ਕਰਨ ਦੀ ਗੁੰਜਾਇਸ਼ ਨਹੀਂ ਛੱਡੀ। ਦੋਵਾਂ ਦੇ ਹਿੱਤ ਆਪੋ ਵਿਚ ਟਕਰਾਉਂਦੇ ਹਨ। ਪਾਕਿਸਤਾਨ ਨੇ ਭਾਵੇਂ ਹਾਲਾਤ ਨੂੰ ਦੇਖਦੇ ਹੋਏ ਕਿਸੇ ਸਮੇਂ ਭਾਰਤ ਨਾਲ ਸ਼ਿਮਲਾ ਸਮਝੌਤਾ ਕੀਤਾ ਸੀ ਅਤੇ ਲਾਹੌਰ ਅਹਿਦਨਾਮਾ ਹੋਂਦ ਵਿਚ ਆਇਆ ਸੀ, ਇਸ ਦੇ ਬਾਵਜੂਦ ਪਾਕਿਸਤਾਨ ਕਸ਼ਮੀਰ ਪ੍ਰਤੀ ਆਪਣੇ ਇਰਾਦਿਆਂ ਤੋਂ ਪਿਛਾਂਹ ਨਹੀਂ ਹੋਇਆ।
ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਕਿ ਪਾਕਿਸਤਾਨ ਵਿਚ ਕਾਇਮ ਸਿਖਲਾਈ ਕੈਂਪਾਂ ਵਿਚੋਂ ਅਤਿਵਾਦੀਆਂ ਨੂੰ ਲਗਾਤਾਰ ਜੰਮੂ ਕਸ਼ਮੀਰ ਵਿਚ ਭੇਜਿਆ ਜਾਂਦਾ ਹੈ। ਜਦੋਂ ਤੋਂ ਨਵੀਂ ਸਰਕਾਰ ਹੋਂਦ ਵਿਚ ਆਈ ਹੈ, ਉਦੋਂ ਤੋਂ ਪਾਕਿਸਤਾਨ ਤੋਂ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤਿਵਾਦੀਆਂ ਦੀਆਂ ਪੁਲਿਸ ਅਤੇ ਫ਼ੌਜ ਨਾਲ ਝੜਪਾਂ ਵਧ ਚੁੱਕੀਆਂ ਹਨ।
ਪਾਕਿ ਫ਼ੌਜ ਨਾਲ ਗੰਢ-ਤੁੱਪ ਕਬੂਲੀ: ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੇ ਪਾਕਿਸਤਾਨੀ ਫ਼ੌਜ ਨਾਲ ਆਪਣੀ ਮਿਲੀ ਭੁਗਤ ਤੇ ਫ਼ੌਜ ਦੀ ਜੰਮੂ ਕਸ਼ਮੀਰ ਵਿਚ ਦਖ਼ਲਅੰਦਾਜ਼ੀ ਕਬੂਲਦਿਆਂ ਕਿਹਾ ਕਿ ਉਸ ਦੀ ਜਥੇਬੰਦੀ ਪਾਕਿਸਤਾਨੀ ਫ਼ੌਜ ਦੀਆਂ ਕਸ਼ਮੀਰੀ ਲੋਕਾਂ ਦੀ ਮਦਦ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦੀ ਹੈ। ਹਾਫਿਜ਼ ਸਈਦ ਮੁੰਬਈ ਉਤੇ ਹੋਏ 26/11 ਹਮਲਿਆਂ ਦਾ ਮੁੱਖ ਦੋਸ਼ੀ ਹੈ। ਇਕ ਪਾਕਿਸਤਾਨੀ ਟੀæਵੀæ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਉਸ ਨੇ ਖ਼ੁਲਾਸਾ ਕੀਤਾ ਹੈ ਕਿ ਕਸ਼ਮੀਰੀਆਂ ਦੀ ਮਦਦ ਕਰਨ ਵਾਲੀ ਪਾਕਿਸਤਾਨੀ ਫ਼ੌਜ ਦੀ ਉਨ੍ਹਾਂ ਦਾ ਸੰਗਠਨ ਮਦਦ ਕਰਦਾ ਹੈ।
_____________________________________
ਗੱਠਜੋੜ ਦਾ ਤਜਰਬਾ ਪੁੱਠਾ ਪਿਆ
ਜੰਮੂ ਕਸ਼ਮੀਰ ਵਿਚ ਦੋ ਵਿਚਾਰਧਾਰਾ ਵਿਰੋਧੀ ਪਾਰਟੀਆਂ ਨੇ ਗੱਠਜੋੜ ਦਾ ਤਜਰਬਾ ਕੀਤਾ ਸੀ। ਪੀæਡੀæਪੀæ ਤੇ ਭਾਜਪਾ ਧਰਮ ਤੇ ਸੋਚ ਪੱਖੋਂ ਵੱਖਰੀ ਵਿਚਾਰਧਾਰਾ ਨਾਲ ਸਬੰਧਤ ਹਨ। ਪੀæਡੀæਪੀæ ਜਿਥੇ ਖੱਬੇ ਪੱਖੀਆਂ ਨਾਲ ਨਰਮੀ ਦੀ ਹਮਾਇਤੀ ਹੈ ਉਥੇ ਕੱਟੜ ਹਿੰਦੂ ਜਥੇਬੰਦੀ ਆਰæਐਸ਼ਐਸ਼ ਦੀ ਸੋਚ ‘ਤੇ ਪਹਿਰਾ ਦਿੰਦੀ ਆ ਰਹੀ ਭਾਜਪਾ ਇਸ ਦਾ ਵਿਰੋਧ ਕਰ ਰਹੀ ਹੈ। ਮੁੱਖ ਮੰਤਰੀ ਮੁਫ਼ਤੀ ਦੀ ਇਹ ਨੀਤੀ ਵੀ ਰਹੀ ਹੈ ਕਿ ਘਾਟੀ ਵਿਚ ਬੈਠੇ ਅਤਿਵਾਦੀਆਂ ਸਮੇਤ ਪਾਕਿਸਤਾਨ ਨੂੰ ਰਿਝਾਉਣ ਦੀਆਂ ਨੀਤੀਆਂ ਅਪਨਾਈਆਂ ਜਾਣ, ਤਾਂ ਜੋ ਉਹ ਹਰ ਤਰ੍ਹਾਂ ਦੇ ਆਪਣੇ ਹਮਲੇ ਘਟਾ ਦੇਣ। ਦੂਜੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਸ਼ਮੀਰੀ ਪੰਡਿਤਾਂ ਦੇ ਪਰਿਵਾਰਾਂ ਲਈ ਵੱਖਰੀਆਂ ਕਾਲੋਨੀਆਂ ਵਸਾਏ ਜਾਣ ਦੀ ਤਜਵੀਜ਼ ਵੀ ਹੈ। ਅਤਿਵਾਦੀ ਗਰੁੱਪ ਭਾਜਪਾ ਦੀ ਇਸ ਯੋਜਨਾ ਖਿਲਾਫ ਚਿਤਾਵਨੀ ਦੇ ਰਹੇ ਹਨ।