‘ਆਪ’ ਦੀ ਲੜਾਈ ਵਿਚ ਭਗਵੰਤ ਮਾਨ ਦੀਆਂ ਮੌਜਾਂ

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂਆਂ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਨ, ਆਨੰਦ ਕੁਮਾਰ ਤੇ ਅਜੀਤ ਝਾਅ ਦੀ ਪਾਰਟੀ ਵਿਚੋਂ ਪੱਕੀ ਛੁੱਟੀ ਪਿੱਛੋਂ ਇਨ੍ਹਾਂ ‘ਬਾਗੀਆਂ’ ਦੇ ਹਮਾਇਤੀਆਂ ਨੂੰ ਵੀ ਖੂੰਜੇ ਲਾਉਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਾਗੀ ਧੜੇ ਦੀ ਹਮਾਇਤ ਕਰਨ ਵਾਲੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾæ ਧਰਮਵੀਰ ਗਾਂਧੀ ਨੂੰ ਪਾਰਟੀ ਦੇ ਸੰਸਦੀ ਦਲ ਦੇ ਨੇਤਾ ਦੇ ਅਹੁਦੇ ਤੋਂ ਲਾਂਭੇ ਕਰ ਕੇ ਇਹ ਅਹੁਦਾ ਸੰਗਰੂਰ ਹਲਕੇ ਦੇ ਲੋਕ ਸਭਾ ਮੈਂਬਰ ਤੇ ਸ੍ਰੀ ਕੇਜਰੀਵਾਲ ਦੇ ਕੱਟੜ ਹਮਾਇਤੀ ਭਗਵੰਤ ਮਾਨ ਨੂੰ ਦੇ ਦਿੱਤਾ ਹੈ।

ਡਾæ ਗਾਂਧੀ ਨੂੰ ਕੋਰ ਕਮੇਟੀ ਤੋਂ ਵੀ ਹਟਾ ਦਿੱਤਾ ਗਿਆ ਹੈ। ਡਾæ ਗਾਂਧੀ ਨੇ ਸ੍ਰੀ ਪ੍ਰਸ਼ਾਂਤ ਭੂਸ਼ਨ, ਯੋਗੇਂਦਰ ਯਾਦਵ ਤੇ ਹੋਰਨਾਂ ਨੂੰ ਕੱਢਣ ਦੀ ਕਾਰਵਾਈ ਦਾ ਵਿਰੋਧ ਕੀਤਾ ਸੀ ਤੇ ਬਾਗ਼ੀਆਂ ਵਲੋਂ ਬੀਤੇ ਦਿਨੀਂ ਗੁੜਗਾਉਂ ਵਿਖੇ ਕੀਤੇ ਸਵਰਾਜ ਸੰਵਾਦ ਦੌਰਾਨ ਵੀ ਹਮਦਰਦੀ ਪੱਤਰ ਭੇਜਿਆ ਸੀ।
ਪਾਰਟੀ ਦੇ ਬੁਲਾਰੇ ਤੇ ਦਿੱਲੀ ਦੇ ਇੰਚਾਰਜ ਆਸ਼ੂਤੋਸ਼ ਨੇ ਕਿਹਾ ਹੈ ਕਿ ਡਾæ ਗਾਂਧੀ ਨੂੰ ਹਟਾਉਣ ਦਾ ਫ਼ੈਸਲਾ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਕੀਤਾ ਹੈ। ‘ਆਪ’ ਦੀ ਸਟੇਟ ਆਰਗੇਨਾਈਜ਼ਿੰਗ ਕਮੇਟੀ ਦੇ ਮੈਂਬਰ ਪ੍ਰੋæ ਮਨਜੀਤ ਸਿੰਘ ਨੇ ਵੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਮੁਖੀ ਦੇ ਨਾਂ ਲਿਖੇ ਪੱਤਰ ਵਿਚ ਦੋਸ਼ ਲਾਇਆ ਹੈ ਕਿ ਪਾਰਟੀ ਅੰਦਰ ਸਵਰਾਜ ਜਾਂ ਅੰਦਰੂਨੀ ਜਮਹੂਰੀਅਤ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਉਨ੍ਹਾਂ ਯੋਗੇਂਦਰ ਯਾਦਵ ਸਮੇਤ ਹੋਰ ਆਗੂਆਂ ਨੂੰ ਕੱਢਣ ਤੇ ਡਾæ ਧਰਮਵੀਰ ਗਾਂਧੀ ਨੂੰ ਸੰਸਦੀ ਦਲ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਦਾ ਵਿਰੋਧ ਕੀਤਾ। ਗ਼ੌਰਤਲਬ ਹੈ ਕਿ ਪ੍ਰੋæ ਮਨਜੀਤ ਸਿੰਘ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ।
ਡਾæ ਗਾਂਧੀ ਦਾ ਕਹਿਣਾ ਹੈ ਕਿ ਅਹੁਦੇ ਤੋਂ ਲਾਂਭੇ ਕਰਨ ਦੇ ਫੈਸਲੇ ਨਾਲ ਨਾ ਤਾਂ ਉਨ੍ਹਾਂ ਨੂੰ ਹੈਰਾਨੀ ਹੋਈ ਹੈ, ਤੇ ਨਾ ਉਹ ਆਪਣੇ ਨਿਸ਼ਾਨੇ ਤੋਂ ਪਿੱਛੇ ਹਟਣਗੇ। ਉਹ ਕਿਸੇ ਬੰਦੇ ਜਾਂ ਸ਼ਖ਼ਸੀਅਤ ਦੇ ਪਿਛਲੱਗ ਨਹੀਂ ਹਨ, ਸਗੋਂ ‘ਆਪ’ ਦੇ ਅਸੂਲਾਂ ਦੇ ਕਾਇਲ ਹਨ। ਉਨ੍ਹਾਂ ਵਾਰ-ਵਾਰ ਕਿਹਾ ਕਿ ਬਾਨੀ ਮੈਂਬਰਾਂ ਪ੍ਰਸ਼ਾਂਦ ਭੂਸ਼ਨ, ਯੋਗੇਂਦਰ ਯਾਦਵ, ਆਨੰਦ ਕੁਮਾਰ ਤੇ ਪ੍ਰੋæ ਝਾਅ ਨੂੰ ਬਾਹਰ ਕਰਨ ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੂਜੇ ਪਾਸੇ ‘ਆਪ’ ਦੇ ਪੰਜਾਬ ਤੋਂ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਡਾæ ਧਰਮਵੀਰ ਗਾਂਧੀ ਨੂੰ ਬਦਲਣ ਨਾਲ ਪਾਰਟੀ ‘ਤੇ ਕੋਈ ਮਾੜਾ ਅਸਰ ਨਹੀਂ ਪਵੇਗਾ।
ਦੱਸਣਯੋਗ ਹੈ ਕਿ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਨ ਨੂੰ ਪਾਰਟੀ ਵਿਚੋਂ ਕੱਢਣ ਤੋਂ ਪਹਿਲਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਇਸ ਨੋਟਿਸ ਦਾ ਜਵਾਬ ਉਡੀਕੇ ਬਿਨਾਂ ਇਨ੍ਹਾਂ ਨੂੰ ਬਾਹਰ ਦਾ ਰਾਸਤਾ ਦਿਖਾ ਦਿੱਤਾ। ਹਾਲਾਂਕਿ ਇਨ੍ਹਾਂ ਆਗੂਆਂ ਨੇ ਇਸ ਨੋਟਿਸ ਦਾ ਜਵਾਬ ਦੇਣ ਦੀ ਥਾਂ ਇਸ ਦਾ ਮਜ਼ਾਕ ਉਡਾਇਆ ਸੀ। ਪ੍ਰਸ਼ਾਂਤ ਭੂਸ਼ਨ ਨੇ ਰਾਸ਼ਟਰੀ ਅਨੁਸ਼ਾਸਨੀ ਕਮੇਟੀ ਵਲੋਂ ਜਾਰੀ ਕਾਰਨ ਦੱਸੋ ਨੋਟਿਸ ਲਈ ਪਾਰਟੀ ਲੀਡਰਸ਼ਿਪ ਉਤੇ ਤਿੱਖੇ ਹਮਲੇ ਕੀਤੇ ਸਨ। ਉਨ੍ਹਾਂ ਕਮੇਟੀ ਦੇ ਮੈਂਬਰਾਂ ਪੰਕਜ ਗੁਪਤਾ ‘ਤੇ ਦੋਸ਼ ਲਾਏ ਸਨ ਕਿ ਉਸ ਨੇ ਸ਼ੱਕੀ ਕੰਪਨੀਆਂ ਤੋਂ ਦਾਨ ਲਿਆ ਜਦਕਿ ਆਸ਼ੀਸ਼ ਖੇਤਾਨ ਨੇ ਕੰਪਨੀ ਦੇ ਹੱਕ ਵਿਚ ਪੈਸੇ ਲੈ ਕੇ ਖ਼ਬਰਾਂ (ਪੇਡ ਨਿਊਜ਼) ਲਵਾਈਆਂ ਸਨ। ਉਧਰ ਯੋਗੇਂਦਰ ਯਾਦਵ ਨੇ ਕਿਹਾ ਹੈ ਕਿ ਕੇਜਰੀਵਾਲ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਕਿਸੇ ਨਾਲ ਕੋਈ ਸਲਾਹ ਨਹੀਂ ਕੀਤੀ। ਜਦੋਂ ਗੰਭੀਰ ਦੋਸ਼ ਲੱਗੇ ਸਨ ਤਾਂ ਉਸ ਨੂੰ ਲੋਕਪਾਲ ਹਵਾਲੇ ਕਰਨ ਦੀ ਥਾਂ ਐਡਮਿਰਲ ਰਾਮਦਾਸ ਨੂੰ ਹੀ ਲਾਂਭੇ ਕਰ ਦਿੱਤਾ ਗਿਆ।