ਇਸਮਤ/ਮੰਟੋ ਦੀ ਦੁਨੀਆਂ ਤੋਂ ਆਈ ਪ੍ਰਾਹੁਣੀ

ਗੁਲਜ਼ਾਰ ਸਿੰਘ ਸੰਧੂ
ਰੈਡ ਕਰਾਸ ਰਾਹੀਂ ਪਰਿਵਾਰ ਨਿਯੋਜਨ ਸੰਸਥਾਵਾਂ ਨਾਲ ਦੋ ਦਹਾਕੇ ਲੰਮੀ ਸਾਂਝ ਮੈਨੂੰ ਕਈ ਵਾਰ ਵਿਚਿਤਰ ਦੁਨੀਆਂ ਵਿਚ ਲੈ ਵੜਦੀ ਹੈ। ਮੁੰਬਈ ਤੋਂ ਚੰਡੀਗੜ੍ਹ ਦੇ ਦੌਰੇ ਉਤੇ ਆਈ ਮੁੱਖ ਦਫਤਰ ਦੀ ਲਿੰਗ ਵਿਦਿਆ ਨਿਰਦੇਸ਼ਕ ਡਾæ ਅਮੀਤਾ ਧਾਨੂੰ ਨਾਲ ਸੱਜਰੀ ਮਿਲਣੀ ਨੇ ਮੁੰਬਈ ਦੇ ਸੈਕਸ ਵਰਕਰਾਂ ਦਾ ਪਰਦਾ ਚੁੱਕਿਆ। ਉਹ ਲਿੰਗ ਸੇਵਕਾਂ ਨੂੰ ਅੰਗਰੇਜ਼ੀ ਵਿਚ ਸੈਕਸ ਵਰਕਰ ਕਹਿੰਦੇ ਹਨ। ਅੱਜ ਦੇ ਦਿਨ ਮੁੰਬਈ ਵਿਚ ਇਨ੍ਹਾਂ ਦੀ ਗਿਣਤੀ 34,000 ਹੈ ਜਿਸ ਵਿਚ ਮਰਦ ਸੇਵਕ ਵੀ ਸ਼ਾਮਲ ਹਨ। ਇਨ੍ਹਾਂ ਨਾਲ ਨੌਂ ਸਮਾਜ ਸੇਵੀ ਸੰਸਥਾਵਾਂ ਤਾਲ-ਮੇਲ ਰਖਦੀਆਂ ਹਨ। ਕੰਮ ਦੇ ਖੇਤਰ ਵੰਡੇ ਹੋਏ ਹਨ। ਇਸ ਕੰਮ ਲਈ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ ਇੰਡੀਆ ਨੂੰ ਮਾਇਕ ਸਹਾਇਤਾ ਬਿੱਲ ਗੇਟ ਦੀ ਸਥਾਪਤ ਕੀਤੀ ਫੈਮਿਲੀ ਹੈਲਥ ਇੰਟਰਨੈਸ਼ਨਲ ਤੋਂ ਮਿਲਦੀ ਸੀ। ਕੰਮ ਔਖਾ ਵੀ ਸੀ ਤੇ ਨਹੀਂ ਵੀ। ਔਖਾ ਇਸ ਲਈ ਕਿ ਸੈਕਸ ਵਰਕਰ ਥੋੜ੍ਹੇ ਕੀਤੇ ਆਪਣੇ ਮਨ ਦੀ ਗੱਲ ਨਹੀਂ ਸਨ ਦਸਦੇ। ਸੌਖਾ ਇਸ ਲਈ ਕਿ ਜਦੋਂ ਉਹ ਸਮਾਜ ਸੇਵੀ ਸੰਸਥਾਵਾਂ ਦੇ ਕਾਮਿਆਂ ਨਾਲ ਖੁਲ੍ਹ ਜਾਂਦੇ ਸਨ ਤਾਂ ਆਪਣੇ ਜੀਵਨ ਦੇ ਸਾਰੇ ਕਵਾੜ ਖੋਲ੍ਹ ਦਿੰਦੇ ਸਨ। ਅੱਧੀ ਸਦੀ ਪਹਿਲਾਂ ਉਰਦੂ ਲੇਖਕਾਂ ਇਸਮਤ ਚੁਗਤਾਈ ਤੇ ਸਆਦਤ ਹਸਨ ਮੰਟੋ ਨੇ ਇਨ੍ਹਾਂ ਦੇ ਜੀਵਨ ਦੇ ਗੁਪਤ ਅਤੇ ਰੌਚਕ ਭੇਤ ਆਪਣੀਆਂ ਕਹਾਣੀਆਂ ਵਿਚ ਪੇਸ਼ ਕੀਤੇ ਸਨ।
ਜਿਹੜੀਆਂ ਗੱਲਾਂ ਨੂੰ ਲਿਖਤੀ ਰੂਪ ਵਿਚ ਲਿਆਉਣ ਸਮੇਂ ਇਸਮਤ ਚੁਗਤਾਈ ਤੇ ਮੰਟੋ ਉਤੇ ਮੁਕੱਦਮੇ ਚਲੇ, ਉਹ ਗੱਲਾਂ ਅਮੀਤਾ ਧਾਨੂੰ ਵਰਗੇ ਲਿੰਗ ਅਧਿਆਪਕ ਤੇ ਨਿਰਦੇਸ਼ਕ ਨਿਸ਼ੰਗ ਕਰਦੇ ਹਨ। ਅਮੀਤਾ ਨੇ ਦਸਿਆ ਕਿ ਇਸਤਰੀ ਸੇਵਕਾਂ ਦਾ ਰੇਟ ਅੱਜ ਕਲ ਪੰਜ ਸੌ ਤੋਂ ਪੰਜ ਹਜ਼ਾਰ ਤੱਕ ਹੈ। ਮਰਦਾਂ ਦੀ ਲਿੰਗ ਭੁੱਖ ਦਾ ਵਧਾਇਆ ਹੋਇਆ। ਉਹ ਇਹ ਧੰਦਾ ਛਡਣਾ ਚਾਹੁੰਦੀਆਂ ਹੋਈਆਂ ਵੀ ਨਹੀਂ ਛਡਦੀਆਂ। ਕਿਸੇ ਕੋਲ ਇਸ ਤੋਂ ਦਸ ਗੁਣਾ ਘੱਟ ਪੈਸਿਆਂ ਵਾਲਾ ਵੀ ਬਦਲ ਨਹੀਂ ਜਿਹੜਾ ਉਨ੍ਹਾਂ ਨੂੰ ਭਾਉਂਦਾ ਹੋਵੇ। ਪੂੰਜੀਪਤੀ ਇਸਤਰੀਆਂ ਨਾਲ ਸਬੰਧ ਰਖਣ ਵਾਲੇ ਮਰਦ ਸੈਕਸ ਵਰਕਰਾਂ ਦਾ ਰੇਟ ਤਾਂ ਇਸ ਤੋਂ ਵੀ ਕਈ ਗੁਣਾ ਵੱਧ ਹੈ।
ਇਸਤਰੀ ਵਰਕਰਾਂ ਤੋਂ ਇਹ ਵੀ ਪਤਾ ਲਗਿਆ ਕਿ ਕਿਸੇ ਬੇਸੁਰੇ ਮਰਦ ਨਾਲ ਸੌਣ ਤੋਂ ਪਹਿਲਾਂ ਗੁਟਕਾ ਆਦਿ ਨਸ਼ਾ ਲੈ ਕੇ ਉਸ ਦੇ ਕੋਝ ਨੂੰ ਭੁਲਾਉਣਾ ਪੈਂਦਾ ਹੈ। ਜਿਸ ਤੋਂ ਸਪਸ਼ਟ ਹੈ ਕਿ ਪੈਸੇ ਦੇ ਬਾਵਜੂਦ ਉਨ੍ਹਾਂ ਨੂੰ ਇਹ ਧੰਦਾ ਉਕਾ ਹੀ ਪਸੰਦ ਨਹੀਂ। ਭਾਵੇਂ ਉਪਰੋਂ ਉਹ ਸਮਾਜ ਸੇਵੀ ਵਰਕਰਾਂ ਨੂੰ ਬੜੀਆਂ ਚੰਚਲ ਤੇ ਹਸਮੁਖ ਹੋਣ ਦਾ ਪ੍ਰਭਾਵ ਦਿੰਦੀਆਂ ਹਨ। ਮਰਦ ਲਭਣ ਦੀਆਂ ਜੁਗਤਾਂ ਅਨੁਸਾਰ ਉਨ੍ਹਾਂ ਦੀ ਵੰਡ ਕੀਤੀ ਜਾਂਦੀ ਹੈ। ਗਸ਼ਤੀ ਅੱਡੇ ‘ਤੇ ਉਡੀਕਣ ਵਾਲੀਆਂ, ਗਲੀ ਵਿਚ ਖਲੋਣ ਵਾਲੀਆਂ ਜਾਂ ਸਥਿਰ ਤੇ ਕੋਠੇ ਵਾਲੀਆਂ ਜਿਨ੍ਹਾਂ ਨੂੰ ਗ੍ਰਹਿ ਸੇਵਕਾਵਾਂ ਕਹਿ ਸਕਦੇ ਹਾਂ। ਉਨ੍ਹਾਂ ਦੇ ਵੱਡੇ ਗਾਹਕ ਚੈਂਬੂਰ ਤੇ ਮੱਲਾਦ ਮਾਲਵਨ ਤੋਂ ਆਉਂਦੇ ਹਨ। ਇਸ ਧੰਦੇ ਲਈ ਵਧੇਰੇ ਇਸਤਰੀਆਂ ਨਿਪਾਲ ਤੋਂ ਆਉਂਦੀਆਂ ਸਨ ਤੇ ਹੁਣ ਉਨ੍ਹਾਂ ਦੀ ਥਾਂ ਬੰਗਲਾਦੇਸ਼ ਤੇ ਦੱਖਣੀ ਭਾਰਤ ਵਾਲੀਆਂ ਨੇ ਲੈ ਲਈ ਹੈ।
ਕੀ ਅਮੀਰ ਤੇ ਕੀ ਗਰੀਬ ਸੇਵਕਾਵਾਂ ਆਪਣੇ ਧੰਦੇ ਦੀ ਪ੍ਰਫੁੱਲਤਾ ਲਈ ਦਿਨ ਵਿਚ ਇਕ ਤੋਂ ਦੋ ਘੰਟੇ ਤੱਕ ਪੂਜਾ ਕਰਦੀਆਂ ਹਨ। ਉਨ੍ਹਾਂ ਦੀ ਦੇਵੀ ਦਾ ਨਾਂ ਯੈਲਾ ਮਾਂ ਹੈ। ਉਂਜ ਉਨ੍ਹਾਂ ਔਰਤਾਂ ਦਾ ਵੀ ਘਾਟਾ ਨਹੀਂ ਜੋ ਇਸ ਧੰਦੇ ਤੋਂ ਬੇਹਦ ਖੁਸ਼ ਹਨ। ਬਾਕੀ ਧੰਦਿਆਂ ਨੂੰ ਟਿੱਚ ਸਮਝਣ ਵਾਲੀਆਂ।
ਅਮੀਤਾ ਨੇ ਇਹ ਵੀ ਮੰਨਿਆ ਕਿ ਉਹ ਉਨ੍ਹਾਂ ਵਿਚੋਂ ਕਈਆਂ ਨੂੰ ਇਸ ਧੰਦੇ ਨਾਲੋਂ ਤੋੜ ਕੇ ਪੀਅਰ ਐਜੂਕੇਟਰ ਭਾਵ ਕੁਲੀਨ ਸਹਾਇਕਾਂ ਦੀ ਸ਼੍ਰੇਣੀ ਵਿਚ ਲਿਆਉਣ ਵਿਚ ਸਫਲ ਹੋਈ ਹੈ। ਭਾਵੇਂ ਉਨ੍ਹਾਂ ਨੂੰ ਸੰਸਥਾ ਵਲੋਂ ਕੇਵਲ 1500 ਰੁਪਏ ਮਹੀਨਾ ਦਿੱਤੇ ਜਾਂਦੇ ਹਨ ਪਰ ਉਹ ਇਸ ਜ਼ਿੰਮੇਵਾਰੀ ਨੂੰ ਸਮਾਜ ਸੁਧਾਰ ਦਾ ਕੰਮ ਸਮਝ ਕੇ ਨਿਭਾਉਂਦੀਆਂ ਹਨ।
ਅਮੀਤਾ ਕੋਲ ਦੇਵਦਾਸੀਆਂ ਤੇ ਹੀਜੜਿਆਂ ਦੀ ਸ਼੍ਰੇਣੀ ਵੰਡ ਵੀ ਹੈ। ਦੇਵਦਾਸੀਆਂ ਸਭ ਤੋਂ ਪਹਿਲਾਂ ਪੁਜਾਰੀ ਲੋਕਾਂ ਦਾ ਬੁੱਤਾ ਸਾਰਦੀਆਂ ਹਨ, ਫੇਰ ਜ਼ਿੰਮੀਦਾਰਾਂ ਤੇ ਦੂਜੇ ਅਮੀਰਾਂ ਦਾ ਤੇ ਅੰਤ ਵਿਚ ਗਰੀਬ ਵੇਸਵਾ ਦਾ ਜੀਵਨ ਪ੍ਰਵਾਨ ਕਰ ਲੈਂਦੀਆਂ ਹਨ। ਹੀਜੜਿਆਂ ਵਿਚ ਮੰਗਤਾ ਵਰਗ ਵੀ ਹੈ, ਵਧਾਈ ਸ਼੍ਰੇਣੀ ਵੀ ਤੇ ਲਿੰਗ ਸੇਵਕ ਸ਼੍ਰੇਣੀ ਵੀ।
ਅਮੀਤਾ ਧਾਨੂੰ ਇਕ ਦਹਾਕਾ ਇਸ ਪ੍ਰਾਜੈਕਟ ਉਤੇ ਕੰਮ ਕਰਦੀ ਰਹੀ ਹੈ ਪਰ ਉਸ ਦੇ ਪਤੀ ਨੂੰ ਹੀ ਨਹੀਂ ਉਸ ਦੀ ਇੱਕੋ ਇੱਕ ਧੀ ਤੇ ਇੱਕੋ ਇੱਕ ਪੁਤਰ ਨੂੰ ਵੀ ਪੂਰਾ ਵਿਸ਼ਵਾਸ ਰਿਹਾ ਹੈ। ਭਾਵੇਂ ਦੋਵੇਂ ਬੱਚੇ ਕਿਸ਼ੋਰ ਅਵਸਥਾ ਵਿਚੋਂ ਲੰਘ ਰਹੇ ਸਨ ਪਰ ਅਮੀਤਾ ਦੋਨਾਂ ਨੂੰ ਲਿੰਗ ਸੇਵਕਾਵਾਂ ਦੇ ਜੀਵਨ ਬਾਰੇ ਦਸਦੀ ਰਹਿੰਦੀ ਸੀ ਤੇ ਮੌਕਾ ਤਾੜ ਕੇ ਮਿਲਾ ਵੀ ਛਡਦੀ ਸੀ। ਇਨ੍ਹਾਂ ਸੈਕਸ ਵਰਕਰਾਂ ਦੇ ਜੀਵਨ ਬਾਰੇ ਨਿਸ਼ੰਗ ਲਿਖਣ ਵਾਲੇ ਕੋਈ ਮੰਟੋ ਜਾਂ ਇਸਮਤ ਕਦੋਂ ਪ੍ਰਗਟ ਹੁੰਦੇ ਹਨ, ਕਹਿ ਨਹੀਂ ਸਕਦੇ।
ਜਸਟਿਸ ਐਸ ਐਸ ਕੰਗ ਦੇ ਤੁਰ ਜਾਣ ‘ਤੇ
ਕੇਰਲ ਦੇ ਸਾਬਕਾ ਰਾਜਪਾਲ ਜਸਟਿਸ ਸੁਖਦੇਵ ਸਿੰਘ ਕੰਗ ਅਤੇ ਮੈਂ ਇੱਕੋ ਸਮੇਂ ਇਕ ਹੀ ਪਿੰਡ ਵਿਚ ਰਹਿ ਕੇ ਇਕ ਹੀ ਸਕੂਲ ਵਿਚ ਪੜ੍ਹਦੇ ਰਹੇ ਹਾਂ। ਦੇਸ਼ ਵੰਡ ਤੋਂ ਥੋੜ੍ਹਾ ਪਹਿਲਾਂ ਏ ਐਸ ਹਾਈ ਸਕੂਲ ਖੰਨਾ ਵਿਚ। ਸਾਥੋਂ ਵੱਡਾ ਤੇ ਸਿਆਣਾ ਹੋਣ ਦੇ ਨਾਤੇ ਅਸੀਂ ਉਸ ਦੀ ਸੰਗਤ ਵੀ ਮਾਣੀ ਹੈ ਤੇ ਨੇਤਰਤਵ ਵੀ। ਬੁਧੀਮਾਨ ਕੰਗ ਨੇ ਵਕਾਲਤ ਪੜ੍ਹੀ, ਵਕਾਲਤ ਕੀਤੀ ਅਤੇ ਛੇਤੀ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਦੀ ਉਪਾਧੀ ਉਤੇ ਪਹੁੰਚਿਆ। ਫੇਰ ਇੱਕ ਇੱਕ ਕਰਕੇ ਕਸ਼ਮੀਰ ਚੀਫ ਜਸਟਿਸ ਜੰਮੂ, ਡਿਪਟੀ ਐਡਵੋਕੇਟ ਜਨਰਲ ਪੰਜਾਬ ਮੈਂਬਰ ਹਿਊਮਨ ਰਾਈਟਸ ਕਮਿਸ਼ਨ, ਭਾਰਤ ਸਰਕਾਰ ਤੇ ਰਾਜਪਾਲ, ਕੇਰਲ ਦੇ ਉਚਤਮ ਅਹੁਦਿਆਂ ਤੇ ਪਹੁੰਚਣ ਵਾਲਾ ਉਹ ਇੱਕਲਾ ਹੀ ਸੀ। ਉਸ ਦਾ ਖੰਨਾ ਮੰਡੀ ਦੇ ਧਨੀ ਸਰਦਾਰਾਂ ਦੇ ਘਰ ਵਿਆਹ ਹੋਇਆ ਤੇ ਉਹ ਨਵਰੀਤ ਸਿੰਘ ਕੰਗ, ਨਵਜੋਤ ਕੌਰ ਤੇ ਨਵਜੀਤ ਕੌਰ ਤਿੰਨ ਬਹੁਤ ਹੀ ਜ਼ਹੀਨ ਬੱਚਿਆਂ ਦਾ ਪਿਤਾ ਬਣਿਆ। ਮੈਂ ਵੀ ਅਪਣੇ ਆਪ ਨੂੰ ਇਸ ਪਰਿਵਾਰ ਦੇ ਮੈਂਬਰਾਂ ਵਿਚ ਸ਼ਾਮਲ ਕਰਨ ਦਾ ਮਾਣ ਲੈਂਦਾ ਰਿਹਾ ਹਾਂ ਅਤੇ ਲੋੜ ਪੈਣ ਉਤੇ ਸਰਪ੍ਰਸਤੀ ਮਾਣਦਾ ਆਇਆ ਹਾਂ।
ਨਾਮੀ ਕਰਾਮੀ ਤੇ ਉਚੇ ਅਹੁਦਿਆਂ ਤੋਂ ਵਿਹਲਾ ਹੋ ਕੇ ਉਸ ਨੇ ਸਾਹਿਤ ਕਲਾ ਤੇ ਸਭਿਆਚਾਰ ਦੇ ਖੇਤਰ ਵਿਚ ਆਪਣੀ ਦਿਲਚਸਪੀ ਜਾਰੀ ਰੱਖੀ ਤੇ ਹਾਲ ਵਿਚ ਹੀ ਸਥਾਪਤ ਹੋਈ ਮੰਟੋ ਫਾਊਂਡੇਸ਼ਨ ਦੀ ਪ੍ਰਧਾਨਗੀ ਪ੍ਰਵਾਨ ਕੀਤੀ। ਉਹ ਵੀ ਉਦੋਂ ਜਦੋਂ ਉਸ ਦੀ ਸਿਹਤ ਪੂਰਾ ਸਾਥ ਨਹੀਂ ਸੀ ਦੇ ਰਹੀ। ਮੈਨੂੰ ਉਸ ਦੀ ਨੇੜਤਾ ਦਾ ਮਾਣ ਸੀ ਜਿਹੜਾ ਉਸ ਦੇ ਅਕਾਲ ਚਲਾਣੇ ਤੋਂ ਪਿਛੋਂ ਉਸ ਦੇ ਪਿੱਛੇ ਰਹਿ ਗਏ ਪਰਿਵਾਰ ਤੋਂ ਮਿਲਦਾ ਰਹੇਗਾ। ਖਾਸ ਕਰਕੇ ਉਸ ਦੀ ਪਤਨੀ ਤੇ ਸਾਡੀ ਭੈਣ ਰਣਬੀਰ ਕੌਰ ਤੋਂ। ਆਮੀਨ!
ਅੰਤਿਕਾ:
(ਈਸ਼ਵਰ ਚਿੱਤਰਕਾਰ)
ਤੂੰ ਖੁਸ਼ ਰਹੇਂ ਹਮੇਸ਼ਾ
ਇਹ ਆਖਦੇ ਹੋਏ ਉਹ,
ਬਿਰਹੋਂ ਦੀ ਅੱਗ
ਸਾਡੀ ਝੋਲੀ ਵਿਚ ਪਾ ਗਏ।

Be the first to comment

Leave a Reply

Your email address will not be published.