ਸੁਖਬੀਰ ਬਾਦਲ ਦਾ ਬਿਜਲੀ ਵੇਚਣ ਵਾਲਾ ਸੁਪਨਾ ਟੁੱਟਿਆ

ਚੰਡੀਗੜ੍ਹ: ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿਚੋਂ ਵਾਧੂ ਬਿਜਲੀ ਵੇਚਣ ਦਾ ਸੁਪਨਾ ਪੂਰਾ ਹੋਣ ਦੀ ਆਸ ਅਜੇ ਦੂਰ-ਦੂਰ ਤੱਕ ਦਿਖਾਈ ਨਹੀਂ ਦਿੰਦੀ। ਇਥੋਂ ਤੱਕ ਕਿ ਪੰਜਾਬ ਦੇ ਲੋਕਾਂ ਨੂੰ ਵੀ ਗਰਮੀਆਂ ਦੇ ਇਸ ਸੀਜ਼ਨ ਵਿਚ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ।

ਕੇਂਦਰੀ ਬਿਜਲੀ ਅਥਾਰਟੀ ਦੀ ਸਾਲਾਨਾ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਬਿਜਲੀ ਦੀ ਸੰਭਾਵਤ ਮੰਗ ਮੁਤਾਬਕ ਬਿਜਲੀ ਪੈਦਾਵਾਰ ਦੀ ਸੰਭਾਵਨਾ ਘੱਟ ਹੈ। ਰਿਪੋਰਟ ਮੁਤਾਬਕ ਦੇਸ਼ ਦੇ ਉੱਤਰੀ ਤੇ ਪੱਛਮੀ ਗਰਿੱਡ ਬਿਜਲੀ ਘਾਟ ਤੋਂ ਜ਼ਿਆਦਾ ਪ੍ਰਭਾਵਿਤ ਹਨ, ਜਦੋਂਕਿ ਦੱਖਣੀ ਤੇ ਪੂਰਬੀ ਗਰਿੱਡਾਂ ਦੀ ਸਥਿਤੀ ਕਾਫ਼ੀ ਸੁਖਾਵੀਂ ਹੈ। ਉੱਤਰੀ ਸੂਬਿਆਂ ਵਿਚ ਬਿਜਲੀ ਦੀ ਘਾਟ 12 ਫ਼ੀਸਦੀ, ਪੱਛਮੀ ਸੂਬਿਆਂ ਵਿਚ 10 ਫ਼ੀਸਦੀ, ਪੂਰਬੀ ਸੂਬਿਆਂ ਵਿਚ 9 ਫ਼ੀਸਦੀ ਤੇ ਦੱਖਣੀ ਸੂਬਿਆਂ ਵਿਚ 9æ5 ਫ਼ੀਸਦੀ ਹੈ। ਜ਼ਿਆਦਾ ਗਰਮੀ ਵਿਚ ਇਸ ਘਾਟ ਡੇਢ ਗੁਣਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪਰਮਾਣੂ ਪ੍ਰਾਜੈਕਟਾਂ ਵੱਧ ਧਿਆਨ ਦੇਣ ਦੀ ਲੋੜ ਹੈ।
ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਤਾਪ ਬਿਜਲੀ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਪਹਿਲੇ ਯੂਨਿਟ ਵੱਲੋਂ ਰੋਜ਼ਾਨਾ ਬਿਜਲੀ ਤਿਆਰ ਕੀਤੀ ਜਾਣ ਲੱਗੀ ਹੈ ਤੇ ਪ੍ਰਬੰਧਕਾਂ ਵੱਲੋਂ ਇਸ ਦੇ ਦੂਜੇ ਯੂਨਿਟ ਰਾਹੀਂ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਬਿਜਲੀ ਪੈਦਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਗਰਮੀ ਦੇ ਇਸ ਸੀਜ਼ਨ ਦੌਰਾਨ ਪੰਜਾਬ ਵਿਚ ਬਿਜਲੀ ਦੀ 12 ਫ਼ੀਸਦੀ ਘਾਟ ਰਹਿਣ ਦਾ ਖ਼ਦਸ਼ਾ ਹੈ।
ਇਸ ਕਰਕੇ ਸਨਅਤਾਂ ਤੇ ਖੇਤੀਬਾੜੀ ਉਤੇ ਪ੍ਰਭਾਵ ਪੈਣ ਦੇ ਆਸਾਰ ਹਨ। ਪੰਜਾਬ ਵਿਚ ਸਰਕਾਰ ਵੱਲੋਂ ਭਾਵੇਂ ਵੱਧ ਬਿਜਲੀ ਪੈਦਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪਿਛਲੇ ਸਾਲ ਉਦਯੋਗਾਂ ਉਤੇ ਹਫ਼ਤੇ ਦੌਰਾਨ ਤਿੰਨ-ਤਿੰਨ ਦਿਨ ਦਾ ਕੱਟ ਵੀ ਲੱਗਦਾ ਰਿਹਾ ਹੈ ਤੇ ਖੇਤੀ ਸੈਕਟਰ ਨੂੰ ਵੀ ਰੋਜ਼ਾਨਾ ਅੱਠ ਘੰਟੇ ਦੀ ਬਜਾਏ ਛੇ ਘੰਟੇ ਦੀ ਸਪਲਾਈ ਹੀ ਮਿਲਦੀ ਰਹੀ ਹੈ, ਕਿਉਂਕਿ ਸਰਕਾਰ ਵੱਲੋਂ ਐਲਾਨੇ ਨਵੇਂ ਥਰਮਲ ਪਲਾਂਟਾਂ ਵਿਚ ਅਜੇ ਤੱਕ ਬਿਜਲੀ ਦੀ ਪੈਦਾਵਾਰ ਸ਼ੁਰੂ ਨਹੀਂ ਹੋ ਸਕੀ। ਹਾਲ ਹੀ ਵਿਚ ਸਨਅਤਕਾਰਾਂ ਦੀ ਮੀਟਿੰਗ ਦੌਰਾਨ ਪੰਜਾਬ ਦੇ ਉਦਯੋਗਿਕ ਫਰੰਟ ਉਤੇ ਪਛੜੇ ਹੋਣ ਦਾ ਸਭ ਤੋਂ ਵੱਡਾ ਕਾਰਨ ਬਿਜਲੀ ਦੀ ਘਾਟ ਨੂੰ ਹੀ ਦੱਸਿਆ ਗਿਆ ਹੈ।
ਬਿਜਲੀ ਸਪਲਾਈ ਦੀ ਘਾਟ ਕਾਰਨ ਕਈ ਉਦਯੋਗਿਕ ਯੂਨਿਟਾਂ ਦੂਜੇ ਸੂਬਿਆਂ ਵਿਚ ਚਲੀਆਂ ਗਈਆਂ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੀ ਐਲਾਨਾਂ ਦੇ ਬਾਵਜੂਦ ਲੋਕਾਂ ਨੂੰ ਤਸੱਲੀਬਖ਼ਸ਼ ਬਿਜਲੀ ਸਪਲਾਈ ਮੁਹੱਈਆ ਨਹੀਂ ਕਰਾ ਸਕੀ। ਪਿਛਲੇ ਹਫ਼ਤੇ ਬਿਜਲੀ ਦਰਾਂ ਵਿਚ ਕੀਤਾ ਵਾਧਾ ਵੀ ਲੋਕਾਂ ਲਈ ਆਫ਼ਤ ਹੈ। ਪਾਵਰਕੌਮ ਦਾ ਕਹਿਣਾ ਹੈ ਕਿ ਉਹ ਇਸ ਵਾਧੇ ਦੇ ਬਾਵਜੂਦ ਆਪਣੇ ਗੋਡੇ-ਗੋਡੇ ਚੜ੍ਹੇ ਕਰਜ਼ੇ ਵਿਚੋਂ ਨਹੀਂ ਨਿਕਲ ਸਕੇਗਾ। ਸਿੱਟੇ ਵਜੋਂ ਅਜੇ ਤੱਕ ਪਾਵਰਕੌਮ ਵੱਲੋਂ ਨਵੇਂ ਲੱਗ ਰਹੇ ਥਰਮਲ ਪਲਾਂਟਾਂ ਲਈ ਕੋਲੇ ਦੇ ਬਲਾਕਾਂ ਦਾ ਵੀ ਪ੍ਰਬੰਧ ਨਹੀਂ ਕੀਤਾ ਜਾ ਸਕਿਆ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਪੀæਐਸ਼ਪੀæਸੀæਐਲ਼) ਦੇ ਡਾਇਰੈਕਟਰ ਡਿਸਟਰੀਬਿਊਸ਼ਨ ਕੇæਐਲ਼ ਸ਼ਰਮਾ ਦਾ ਕਹਿਣਾ ਹੈ ਕਿ ਪਾਵਰ ਕਾਰਪੋਰੇਸ਼ਨ ਵੱਲੋਂ ਵਪਾਰਕ, ਖੇਤੀਬਾੜੀ, ਘਰੇਲੂ ਤੇ ਹੋਰਨਾਂ ਖੇਤਰਾਂ ਲਈ ਲੋੜੀਂਦੀ ਬਿਜਲੀ ਲਈ ਪਹਿਲਾਂ ਹੀ ਵਿਆਪਕ ਬੰਦੋਬਸਤ ਕਰ ਲਏ ਗਏ ਹਨ।
ਇਸ ਕਰਕੇ ਗਰਮੀ ਦੇ ਸੀਜ਼ਨ ਦੌਰਾਨ ਖ਼ਪਤਕਾਰਾਂ ਨੂੰ ਕੋਈ ਵੀ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ। ਟੀਐਸਪੀਐਲ ਤਲਵੰਡੀ ਸਾਬੋ ਦੇ ਇਕ ਅਧਿਕਾਰੀ ਡਾæ ਵਿਸ਼ਾਲ ਅਗਰਵਾਲ ਨੇ ਦੱਸਿਆ ਕਿ ਤਾਪ ਬਿਜਲੀ ਘਰ ਦੇ ਪਹਿਲੇ ਯੂਨਿਟ ਤੋਂ 660 ਮੈਗਾਵਾਟ ਬਿਜਲੀ ਪੈਦਾਵਾਰ ਹੋਣੀ ਸ਼ੁਰੂ ਹੋ ਗਈ ਹੈ, ਜਦੋਂਕਿ ਦੂਸਰੇ ਯੂਨਿਟ ਨੇ ਅਗਲੇ ਦੋ ਮਹੀਨਿਆਂ ਤੋਂ ਪਹਿਲਾਂ ਬਾਕਾਇਦਾ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ। ਉਨ੍ਹਾਂ ਦੱਸਿਆ ਕਿ ਤਾਪ ਬਿਜਲੀ ਘਰ ਵਿਚ 660 ਮੈਗਾਵਾਟ ਦੇ ਤਿੰਨ ਵੱਖ-ਵੱਖ ਯੂਨਿਟਾਂ ਨੇ ਕੰਮ ਕਰਨਾ ਹੈ, ਜਦੋਂਕਿ ਤੀਜੇ ਯੂਨਿਟ ਦੇ ਇਸ ਸਾਲ ਦੇ ਅੰਤ ਤੱਕ ਚਾਲੂ ਹੋਣ ਦੀ ਸੰਭਾਵਨਾ ਹੈ।