ਧੂਰੀ ਚੋਣ ਹਾਰਨ ਪਿੱਛੋਂ ਪੰਜਾਬ ਕਾਂਗਰਸ ਦਾ ਕਲੇਸ਼ ਸਿਖਰਾਂ ਉਤੇ

ਚੰਡੀਗੜ੍ਹ: ਧੂਰੀ ਜ਼ਿਮਨੀ ਚੋਣ ਹਾਰਨ ਪਿੱਛੋਂ ਆਤਮਮੰਥਨ ਦੀ ਥਾਂ ਪੰਜਾਬ ਕਾਂਗਰਸ ਵਿਚਲੀ ਫੁੱਟ ਨੇ ਹੋਰ ਵਿਰਾਟ ਰੂਪ ਧਾਰ ਲਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਪਾਰਟੀ ਦੇ ਲੋਕ ਸਭਾ ਵਿਚ ਉਪ ਆਗੂ ਕੈਪਟਨ ਅਮਰਿੰਦਰ ਸਿੰਘ ਖੁੱਲ੍ਹ ਕੇ ਇਕ-ਦੂਜੇ ਖਿਲਾਫ ਨਿੱਤਰ ਆਏ ਹਨ। ਦੋਵਾਂ ਆਗੂਆਂ ਨੇ ਇਕ-ਦੂਜੇ ਨੂੰ ਆਤਮ-ਚਿੰਤਨ ਕਰਨ ਦੀ ਸਲਾਹ ਦਿੱਤੀ ਹੈ।

ਦੱਸਣਯੋਗ ਹੈ ਕਿ ਦੋਵਾਂ ਆਗੂਆਂ ਵਿਚਾਲੇ ਧੂਰੀ ਜ਼ਿਮਨੀ ਚੋਣ ਤੋਂ ਪਹਿਲਾਂ ਅਸਿੱਧੀ ਲੜਾਈ ਚੱਲ ਰਹੀ ਸੀ ਤੇ ਉਹ ਇਕ-ਦੂਜੇ ਦਾ ਨਾਂ ਲਏ ਬਗੈਰ ਹਮਲੇ ਕਰ ਰਹੇ ਸਨ ਪਰ ਚੋਣਾਂ ਵਿਚ ਹੋਈ ਪਾਰਟੀ ਦੀ ਤਕੜੀ ਹਾਰ ਤੋਂ ਬਾਅਦ ਦੋਵਾਂ ਵਿਚਾਲੇ ਲੜਾਈ ਇਕਦਮ ਤੇਜ਼ ਹੋ ਗਈ ਹੈ। ਸ਼ ਬਾਜਵਾ ਨੇ ਜਿਥੇ ਦਾਅਵਾ ਕੀਤਾ ਹੈ ਕਿ ਪਾਰਟੀ ਅੰਦਰ ਕੋਈ ਧੜੇਬਾਜ਼ੀ ਨਹੀਂ ਹੈ ਤੇ ਇਕ ਆਗੂ (ਕੈਪਟਨ) ਹੀ ਸਾਰਾ ਕੰਮ ਖਰਾਬ ਕਰ ਰਿਹਾ ਹੈ, ਜਿਸ ਖ਼ਿਲਾਫ਼ ਪਾਰਟੀ ਹਾਈਕਮਾਂਡ ਸਖਤ ਅੁਨਸ਼ਾਸ਼ਨੀ ਕਾਰਵਾਈ ਕਰੇਗੀ। ਕੈਪਟਨ ਅਮਰਿੰਦਰ ਸਿੰਘ ਨੇ ਸ਼ ਬਾਜਵਾ ਵਿਰੁੱਧ ਸਖ਼ਤ ਹਮਲਾ ਕਰਦਿਆਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿਸ ਅਧਾਰ ਉਤੇ ਉਨ੍ਹਾਂ ਵਿਰੁੱਧ ਕਾਰਵਾਈ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਅਗਵਾਈ ਵਿਚ ਹੋਈਆਂ ਹਾਰਾਂ ਕਾਰਨ ਉਨ੍ਹਾਂ ਦੇ ਅਹੁਦੇ ‘ਤੇ ਬਣੇ ਰਹਿਣ ਦੇ ਆਸਾਰ ਨਹੀਂ ਹਨ ਤੇ ਉਨ੍ਹਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਸ਼ ਬਾਜਵਾ ਨੇ ਪਾਰਟੀ ਦੀ ਕਮਾਂਡ ਸੰਭਾਲੀ ਹੈ, ਉਸੇ ਦਿਨ ਤੋਂ ਪਾਰਟੀ ਲਗਾਤਾਰ ਨਿੱਘਰਦੀ ਗਈ ਹੈ ਤੇ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਦੇ ਮੁੜ ਸੰਭਲਣ ਦੀ ਆਸ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਸਮੇਂ ਪੰਜਾਬ ਵਿਚ ਹਾਕਮ ਧਿਰ ਖਿਲਾਫ ਸਥਾਪਤੀ ਵਿਰੋਧੀ ਤਕੜਾ ਰੁਝਾਨ ਸੀ ਪਰ ਸ਼ ਬਾਜਵਾ ਇਸ ਦਾ ਲਾਹਾ ਲੈਣ ਵਿਚ ਅਸਫਲ ਰਹੇ। ਇਸ ਦਾ ਫ਼ਾਇਦਾ ਆਮ ਆਦਮੀ ਪਾਰਟੀ ਲੈ ਗਈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਦੇ ਜ਼ਿਲ੍ਹੇ ਗੁਰਦਾਸਪੁਰ ਵਿਚ ਹੀ ਨਹੀਂ ਸਗੋਂ ਉਨ੍ਹਾਂ ਦੇ ਕਾਦੀਆਂ ਵਿਧਾਨ ਸਭਾ ਹਲਕੇ ਵਿਚ ਵੀ ਪਾਰਟੀ ਦੀ ਮਾੜੀ ਕਾਰਗਜ਼ਾਰੀ ਰਹੀ। ਉਹ ਇਸ ਦਾ ਦੋਸ਼ ਹੋਰਾਂ ‘ਤੇ ਮੜ੍ਹਨ ਦਾ ਯਤਨ ਕਰਦੇ ਹਨ, ਪਰ ਇਸ ਦੀ ਥਾਂ ਉਨ੍ਹਾਂ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਤੋਂ ਬਾਅਦ ਸ਼ ਬਾਜਵਾ ਨੇ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਬਿਆਨ ਵਿਚ ਕੈਪਟਨ ਦਾ ਨਾਂ ਤੱਕ ਨਹੀਂ ਲਿਆ ਪਰ ਕੈਪਟਨ ਨੇ ਖੁਦ ਮੰਨ ਲਿਆ ਹੈ ਕਿ ਉਨ੍ਹਾਂ ਦੀਆਂ ਗਲਤ ਕਾਰਵਾਈਆਂ ਕਰਕੇ ਪਾਰਟੀ ਨੂੰ ਨੁਕਸਾਨ ਪੁੱਜਾ ਹੈ। ਉਨ੍ਹਾਂ ਦੀ ਨਾਂਹ ਪੱਖੀ ਪਹੁੰਚ ਸਾਬਤ ਕਰਦੀ ਹੈ ਕਿ ਉਹ ਸੱਤਾ ਦਾ ਭੁੱਖਾ ਹੈ। ਉਨ੍ਹਾਂ ਗਿਣੇ-ਮਿਥੇ ਢੰਗ ਨਾਲ ਧੁਰੀ ਜ਼ਿਮਨੀ ਚੋਣ ਸਾਬੋਤਾਜ ਕੀਤੀ ਤੇ ਅਜਿਹੇ ਬਿਆਨ ਦਿੱਤੇ ਕਿ ਪਾਰਟੀ ਹੇਠਲੀ ਪੱਧਰ ਤੱਕ ਵੰਡੀ ਹੋਈ ਹੈ। ਉਹ ਅਜਿਹੀ ਬਿਆਨਬਾਜ਼ੀ ਖਾਸ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਕਰਦੇ ਹਨ।
___________________________________________________
ਕਿਸਾਨ ਰੈਲੀ ਵਿਚ ਵੀ ਧੜੇਬੰਦੀ ਨੇ ਪਿੱਛਾ ਨਾ ਛੱਡਿਆ
ਨਵੀਂ ਦਿੱਲੀ: ਕਾਂਗਰਸ ਵੱਲੋਂ 19 ਅਪ੍ਰੈਲ ਨੂੰ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿਚ ਕੀਤੀ ਕਿਸਾਨ ਰੈਲੀ ਵਿਚ ਵੀ ਸੂਬਾਈ ਪੱਧਰ ਉਤੇ ਧੜੇਬੰਦੀ ਸਪੱਸ਼ਟ ਨਜ਼ਰ ਆਈ। ਕਾਂਗਰਸ ਪਾਰਟੀ ਵੱਲੋਂ ਇਥੇ ਭੂਮੀ ਗ੍ਰਹਿਣ ਆਰਡੀਨੈਂਸ ਖ਼ਿਲਾਫ਼ ਕੀਤੀ ਰੈਲੀ ਦੇ ਬੁਲਾਰਿਆਂ ਵਿਚੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਗ਼ੈਰਹਾਜ਼ਰੀ ਰੜਕਦੀ ਰਹੀ। ਕੈਪਟਨ ਦੇ ਵਿਸ਼ਵਾਸਪਾਤਰ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਕੈਪਟਨ ਦੀ ਘਾਟ ਪੂਰਨ ਦੀ ਕੋਸ਼ਿਸ਼ ਕੀਤੀ ਪਰ ਲੋਕ ਹੈਰਾਨ ਸਨ ਕਿ ਕੀ ਕੈਪਟਨ ਤੇ ਸ਼ੀਲਾ ਦੀਕਸ਼ਤ ਨੂੰ ਇਸ ਲਈ ਮਾਈਕ ਤੋਂ ਦੂਰ ਰੱਖਿਆ ਗਿਆ ਕਿਉਂਕਿ ਇਨ੍ਹਾਂ ਦੋਹਾਂ ਨੇ ਹਾਲ ਹੀ ਵਿਚ ਰਾਹੁਲ ਗਾਂਧੀ ਨੂੰ ਪਾਰਟੀ ਦਾ ਪ੍ਰਧਾਨ ਬਣਾਏ ਜਾਣ ਦਾ ਵਿਰੋਧ ਕੀਤਾ ਸੀ ਤੇ ਸੋਨੀਆ ਗਾਂਧੀ ਦੇ ਹੀ ਪ੍ਰਧਾਨ ਬਣੇ ਰਹਿਣ ਦੀ ਹਮਾਇਤ ਕੀਤੀ ਸੀ। ਪੰਜਾਬ ਵਿਚੋਂ 20 ਹਜ਼ਾਰ ਵਰਕਰ ਲੈ ਕੇ ਰੈਲੀ ਵਿਚ ਪੁੱਜੇ ਸੂਬਾਈ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸ੍ਰੀ ਜਾਖੜ ਨੇ ਰੈਲੀ ਨੂੰ ਸੰਬੋਧਨ ਕੀਤਾ।
_______________________________________________________
ਕਲੇਸ਼ ਨਿਬੇੜਨ ਲਈ ਹਾਈਕਮਾਨ ਵਲੋਂ ਸਖਤੀ ਦੀ ਤਿਆਰੀ
ਨਵੀਂ ਦਿੱਲੀ: ਪੰਜਾਬ ਕਾਂਗਰਸੀ ਇਕਾਈ ਵਿਚਲਾ ਕਲੇਸ਼ ਖਤਮ ਕਰਨ ਲਈ ਪਾਰਟੀ ਹਾਈਕਮਾਨ ਸਖਤੀ ਕਰਨ ਦੇ ਰੌਂਅ ਵਿਚ ਹੈ। ਪਾਰਟੀ ਦੇ ਬੁਲਾਰੇ ਪੀæਸੀæ ਚਾਕੋ ਨੇ ਮੰਨਿਆ ਕਿ ਪੰਜਾਬ ਕਾਂਗਰਸ ਵਿਚ ਲੜਾਈ ਸਿਖਰਾਂ ‘ਤੇ ਹੈ ਤੇ ਹਾਲਤ ਨੂੰ ਸੁਧਾਰਨ ਲਈ ਛੇਤੀ ਹੀ ਢੁਕਵੇਂ ਕਦਮ ਚੁੱਕੇ ਜਾਣਗੇ। ਪਾਰਟੀ ਦੇ ਇਕ ਸੀਨੀਅਰ ਆਗੂ ਦਾ ਵੀ ਕਹਿਣਾ ਹੈ ਕਿ ਰਾਹੁਲ ਗਾਂਧੀ ਦੇ ਵਤਨ ਵਾਪਸ ਆਉਣ ‘ਤੇ ਪੰਜਾਬ ਕਾਂਗਰਸ ਵਿਚ ਚੱਲ ਰਹੀ ਖਿੱਚੋਤਾਣ ਦਾ ਮੁੱਦਾ ਉਨ੍ਹਾਂ ਦੇ ਮੁੱਖ ਏਜੰਡੇ ਹੈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਦਾ ਕਹਿਣਾ ਸੀ ਇਹ ਪਾਰਟੀ ਦੇ ਹਿੱਤ ਵਿਚ ਨਹੀਂ ਹੈ ਕਿ ਦੋਵੇਂ ਆਗੂ ਵਾਰ-ਵਾਰ ਕਹਿਣ ਦੇ ਬਾਵਜੂਦ ਬਿਆਨਬਾਜ਼ੀ ਕਰਨ। ਇਸ ਮਾਮਲੇ ‘ਤੇ ਪਾਰਟੀ ਹਾਈ ਕਮਾਂਡ ਸਖ਼ਤੀ ਵਰਤੇਗੀ।