ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਵਿਚ ਗ਼ੈਰਕਾਨੂੰਨੀ ਹਥਿਆਰ ਤੇ ਮੋਬਾਈਲ ਪਹੁੰਚਣ ਦੀਆਂ ਘਟਨਾਵਾਂ ਨੇ ਸਰਕਾਰ ਦੇ ਸਮੁੱਚੇ ਜੇਲ੍ਹ ਪ੍ਰਬੰਧ ਤੇ ਦਾਅਵਿਆਂ ਬਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚ ਸਿਰਫ਼ ਪਿਸਤੌਲ ਹੀ ਨਹੀਂ ਸਗੋਂ ਮੋਬਾਈਲ ਤੇ ਨਸ਼ਿਆਂ ਦੀ ਸਪਲਾਈ ਵੀ ਬੇਰੋਕ ਹੋ ਰਹੀ ਹੈ।
ਜੇਲ੍ਹਾਂ ਵਿਚ ਮੋਬਾਈਲ ਫੋਨ ਦੀਆਂ ਘੰਟੀਆਂ ਵੱਜਣੀਆਂ ਆਮ ਗੱਲ ਹੈ ਤੇ ‘ਚਿੱਟੇ’ ਦੀ ਵਰਤੋਂ ਵੀ ਖੂਬ ਹੁੰਦੀ ਹੈ। ਕੇਂਦਰੀ ਜੇਲ੍ਹ ਬਠਿੰਡਾ ਵਿਚ ਗੈਂਗਵਾਰ ਦੌਰਾਨ ਪਿਸਤੌਲ ਨਾਲ ਗੋਲੀਆਂ ਚਲਾਉਣ ਤੇ ਪੱਟੀ ਜੇਲ੍ਹ ਵਿਚ ਵਿਸਾਖੀ ਮੌਕੇ ਡਾਂਸਰਾਂ ਨਚਾਉਣ ਦੇ ਮਾਮਲੇ ਪਿੱਛੋਂ ਕਈ ਖੁਲਾਸੇ ਹੋ ਰਹੇ ਹਨ। ਗੈਂਗਸਟਰ ਕੁਲਬੀਰ ਨਰੂਆਣਾ ਕੋਲ 12 ਬੋਰ ਦਾ ਦੇਸੀ ਪਿਸਤੌਲ ਪਹੁੰਚਣ ਬਾਰੇ ਪੁਲਿਸ ਅਜੇ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਹੀ ਘੜ ਰਹੀ ਹੈ। ਸਰਕਾਰ ਨੇ ਭਾਵੇਂ ਇਸ ਮਾਮਲੇ ਦੀ ਨਿਆਇਕ ਜਾਂਚ ਦੇ ਹੁਕਮ ਦਿੱਤੇ ਹਨ ਪਰ ਅਜਿਹਾ ਵਰਤਾਰਾ ਸਿਰਫ ਇਸ ਕੇਂਦਰੀ ਜੇਲ੍ਹ ਤੱਕ ਹੀ ਸੀਮਤ ਨਹੀਂ ਹੈ।
ਜੇਲ੍ਹਾਂ ਵਿਚ ਕੈਦੀਆਂ ਤੱਕ ਗ਼ੈਰਕਾਨੂੰਨੀ ਹਥਿਆਰ ਤੇ ਮੋਬਾਈਲ ਪਹੁੰਚਣੇ ਜੇਲ੍ਹ ਅਧਿਕਾਰੀਆਂ ਤੇ ਰਸੂਖ਼ਵਾਨਾਂ ਦੀ ਉਨ੍ਹਾਂ ਉੱਤੇ ‘ਮਿਹਰ-ਏ-ਨਜ਼ਰ’ ਦਾ ਸੰਕੇਤ ਜ਼ਰੂਰ ਦਿੰਦੇ ਹਨ। ਜੇਲ੍ਹਾਂ ਵਿਚ ਜਿਥੇ ਗੁਪਤ ਅੰਗਾਂ ਰਾਹੀਂ ਨਸ਼ੀਲੇ ਪਦਾਰਥ ਲਿਜਾਣ ਦੇ ਖੁਲਾਸੇ ਹੋਏ ਹਨ, ਉਥੇ ਰਿਸ਼ਤੇਦਾਰ ਵੱਖ-ਵੱਖ ਤਰੀਕਿਆਂ ਰਾਹੀਂ ਜੇਲ੍ਹਾਂ ਵਿਚ ਆਪਣਿਆਂ ਤੱਕ ਨਸ਼ੇ ਪਹੁੰਚਾ ਰਹੇ ਹਨ।
ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ (ਜੇਲ੍ਹਾਂ) ਤੋਂ ਹਾਸਲ ਅੰਕੜਿਆਂ ਅਨੁਸਾਰ ਸਿਰਫ਼ ਕੇਂਦਰੀ ਜੇਲ੍ਹ ਬਠਿੰਡਾ ਵਿਚੋਂ ਹੀ ਪਿਛਲੇ ਵਰ੍ਹੇ 11 ਮੋਬਾਈਲ ਫੋਨ, ਦੋ ਬੈਟਰੀਆਂ ਤੇ ਇਕ ਚਾਰਜਰ ਬਰਾਮਦ ਹੋਇਆ ਹੈ। ਇਥੋਂ ਚਿੱਟੇ ਰੰਗ ਦਾ ਨਸ਼ੀਲਾ ਪਾਊਡਰ ਤੇ ਅਫੀਮ ਵੀ ਫੜੀ ਗਈ ਹੈ। ਸੰਕੇਤ ਮਿਲੇ ਹਨ ਕਿ ਅਪਰਾਧੀਆਂ ਵੱਲੋਂ ਇਸ ਜੇਲ੍ਹ ਅੰਦਰ ਹਥਿਆਰਾਂ ਤੋਂ ਇਲਾਵਾ ਨਸ਼ੇ ਤੇ ਮੋਬਾਈਲ ਫੋਨ ਲਿਜਾਣੇ ਆਮ ਗੱਲ ਹੈ।
ਇਸ ਸਾਰੀ ਪ੍ਰਕਿਰਿਆ ਦੌਰਾਨ ਜੇਲ੍ਹ ਸਟਾਫ਼ ਦੀ ਮਿਲੀਭੁਗਤ ਦੇ ਸੰਕੇਤ ਸਾਹਮਣੇ ਆ ਰਹੇ ਹਨ। ਮਿਲੇ ਵੇਰਵਿਆਂ ਅਨੁਸਾਰ ਬਠਿੰਡਾ ਜੇਲ੍ਹ ਵਿਚ 10 ਸਾਲ ਦੀ ਕੈਦ ਭੁਗਤ ਰਹੇ ਇਕ ਅਪਰਾਧੀ ਕੋਲੋਂ ਪਿਛਲੇ ਵਰ੍ਹੇ ਸਿਮ ਸਮੇਤ ਮੋਬਾਈਲ ਬਰਾਮਦ ਹੋਇਆ ਸੀ। ਇਸੇ ਤਰ੍ਹਾਂ ਬੈਰਕ ਨੰਬਰ ਦੋ ਵਿਚੋਂ ਇਕ ਮੋਬਾਈਲ ਫੋਨ ‘ਲਾਵਾਰਸ’ ਹਾਲਤ ਵਿਚ ਬਰਾਮਦ ਹੋਇਆ ਸੀ। ਇਸ ਜੇਲ੍ਹ ਵਿਚ ਸੱਤ ਸਾਲ ਦੀ ਕੈਦ ਭੁਗਤ ਰਹੇ ਇਕ ਕੈਦੀ ਨੂੰ ਮੋਬਾਈਲ ਉਤੇ ਗੱਲਾਂ ਕਰਦਿਆਂ ਦੇਖਿਆ ਗਿਆ, ਜਦੋਂ ਸਟਾਫ਼ ਨੇ ਉਸ ਦਾ ਪਿੱਛਾ ਕੀਤਾ ਤਾਂ ਕੈਦੀ ਨੇ ਮੋਬਾਈਲ ਸੀਵਰੇਜ ਵਿਚ ਸੁੱਟ ਦਿੱਤਾ। ਇਸ ਨੂੰ ਬਾਅਦ ਵਿਚ ਸੀਵਰੇਜ ਵਿਚੋਂ ਬਰਾਮਦ ਕੀਤਾ ਗਿਆ। ਇਸੇ ਦਿਨ ਹੀ ਨਸ਼ੇ ਦੇ ਕੇਸ ਵਿਚ ਫੜਿਆ ਇਕ ਹਵਾਲਾਤੀ ਜਦੋਂ ਪੇਸ਼ੀ ਭੁਗਤ ਕੇ ਵਾਪਸ ਜੇਲ੍ਹ ਆਇਆ ਤਾਂ ਉਸ ਕੋਲੋਂ ਇਕ ਮੋਬਾਈਲ ਬਰਾਮਦ ਕੀਤਾ ਗਿਆ ਸੀ।
ਪਿਛਲੇ ਵਰ੍ਹੇ 9 ਅਪਰੈਲ ਨੂੰ ਜਦੋਂ ਇਸ ਜੇਲ੍ਹ ਦੀਆਂ 30 ਚੱਕੀਆਂ ਦੀ ਤਲਾਸ਼ੀ ਲਈ ਤਾਂ ਦੂਜੇ ਹਾਤੇ ਦੀ ਚੱਕੀ ਨੰਬਰ 3 ਦੇ ਬਾਹਰ ਬਣੇ ਛੱਜੇ ਉਪਰੋਂ ਮੋਬਾਈਲ ਫੋਨ ਤੇ ਬੈਟਰੀ ਬਰਾਮਦ ਹੋਈ ਸੀ। ਇਸੇ ਤਰ੍ਹਾਂ 10 ਮਈ ਨੂੰ ਇਸ ਜੇਲ੍ਹ ਦੀ ਬੈਰਕ ਨੰਬਰ ਤਿੰਨ ਵਿਚ ਇਕ ਕੈਦੀ ਸ਼ਰੇਆਮ ਮੋਬਾਈਲ ਫੋਨ ਉਪਰ ਗੱਪਸ਼ੱਪ ਕਰਦਾ ਫੜਿਆ ਗਿਆ ਸੀ। ਕੈਦੀ ਨੇ ਸਟਾਫ਼ ਨੂੰ ਦੇਖ ਕੇ ਮੋਬਾਈਲ ਬਾਹਰ ਸੁੱਟ ਦਿੱਤਾ ਸੀ।
ਇਸ ਜੇਲ੍ਹ ਦੀ ਬੈਰਕ ਨੰਬਰ ਵਿਚੋਂ 27 ਜੁਲਾਈ 2014 ਨੂੰ ਤਲਾਸ਼ੀ ਦੌਰਾਨ ਇਕ ਕੈਦੀ ਦੇ ਬਿਸਤਰੇ ਕੋਲੋਂ ਲੱਕੜ ਦੀ ਸਾਬਣਦਾਨੀ ਬਰਾਮਦ ਹੋਈ, ਜਿਸ ਨੂੰ ਤੋੜਨ ‘ਤੇ ਇਸ ਵਿਚੋਂ ਬੈਟਰੀ, ਚਾਰਜਰ ਤੇ ਸਿਮ ਸਮੇਤ ਮੋਬਾਈਲ ਬਰਾਮਦ ਹੋਇਆ। ਇਸ ਜੇਲ੍ਹ ਦੇ ਦੋ ਕੈਦੀਆਂ ਕੋਲੋਂ ਅੱਠ ਅਗਸਤ ਨੂੰ ਮੋਬਾਈਲ ਫੋਨ ਫੜਿਆ ਸੀ। ਜੇਲ੍ਹ ਵਿਚੋਂ 24 ਸਤੰਬਰ ਨੂੰ ਮੇਨਹੋਲ ਕੋਲੋਂ ਟੇਪ ਵਿਚ ਲਪੇਟਿਆ ਇਕ ਪਾਰਸਲ ਮਿਲਿਆ ਸੀ, ਜਿਸ ਵਿਚੋਂ ਇਕ ਮੋਬਾਈਲ ਫੋਨ ਤੇ ਚਾਰਜਰ, ਚਾਰ ਬੀੜੀਆਂ ਦੇ ਬੰਡਲ ਤੇ ਦੋ ਤਾਲੇ ਬਰਾਮਦ ਹੋਏ ਸਨ। ਬਠਿੰਡਾ ਜੇਲ੍ਹ ਵਿਚੋਂ ਪਿਛਲੇ ਵਰ੍ਹੇ ਪੰਜ ਅਕਤੂਬਰ ਨੂੰ ਦੋ ਹਵਾਲਾਤੀਆਂ ਕੋਲੋਂ ਦੋ ਮੋਬਾਈਲ ਫੋਨ ਬਰਾਮਦ ਹੋਏ ਸਨ। ਸੂਤਰਾਂ ਅਨੁਸਾਰ ਜੇਲ੍ਹਾਂ ਵਿਚ ਅਕਸਰ ਕਾਲੇ ਰੰਗ ਦੇ ਮੋਬਾਈਲ ਫੋਨ ਹੀ ਸਪਲਾਈ ਕੀਤੇ ਜਾਂਦੇ ਹਨ। ਬਠਿੰਡਾ ਜੇਲ੍ਹ ਨਸ਼ੀਲੇ ਪਦਾਰਥਾਂ ਤੋਂ ਵੀ ਨਹੀਂ ਬਚੀ। ਪਿਛਲੇ ਵਰ੍ਹੇ ਮਾਰਚ ਦੌਰਾਨ ਇਸ ਜੇਲ੍ਹ ਵਿਚੋਂ ਚਿੱਟੇ ਰੰਗ ਦਾ ਪਾਊਡਰ ਮਿਲਿਆ ਸੀ। ਜੁਲਾਈ ਵਿਚ ਇਕ ਗ੍ਰਾਮ ਨਸ਼ੀਲਾ ਪਾਊਡਰ, ਸਤੰਬਰ ਵਿਚ ਚਿੱਟੇ ਪਾਊਡਰ ਦੀਆਂ ਅੱਠ ਪੁੜੀਆਂ ਤੇ ਅਕਤੂਬਰ ਵਿਚ ਅਫੀਮ ਬਰਾਮਦ ਹੋਈ ਸੀ। ਵਿਸਾਖੀ ਵਾਲੇ ਦਿਨ ਬਿਨਾਂ ਪ੍ਰਵਾਨਗੀ ਤੋਂ ਨਾਚ ਕਰਵਾਉਣ ਦੇ ਮਾਮਲੇ ਵਿਚ ਜਿਥੇ ਪੱਟੀ ਜੇਲ੍ਹ ਚਰਚਾ ਵਿਚ ਹੈ, ਉਥੇ ਇਸ ਜੇਲ੍ਹ ਵਿਚੋਂ ਪਿਛਲੇ ਵਰ੍ਹੇ ਕਾਲੇ ਰੰਗ ਦਾ ਪਦਾਰਥ ਵੀ ਬਰਾਮਦ ਹੋਇਆ ਸੀ।
______________________________________
ਜੇਲ੍ਹ ‘ਚ ਡਾਂਸਰ ਨਚਾਉਣ ਦੇ ਕੇਸ ਵਿਚ ਘਿਰਿਆ ਵਿਭਾਗ
ਪੱਟੀ: ਪੱਟੀ ਸਬ ਜੇਲ੍ਹ ਅੰਦਰ ਵਿਸਾਖੀ ਵਾਲੇ ਦਿਨ ਕੈਦੀਆਂ ਲਈ ਮਨੋਰੰਜਨ ਦੇ ਪ੍ਰੋਗਰਾਮ ਦੌਰਾਨ ਡਾਂਸਰਾਂ ਨਚਾਉਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਪੱਟੀ ਦੇ ਕਾਂਗਰਸੀ ਆਗੂ ਸੁਖਰਾਜ ਸਿੰਘ ਦੇ ਕਾਤਲਾਂ ਸਰਵਨ ਸਿੰਘ, ਹਰਚਰਨ ਸਿੰਘ ਤੇ ਹੋਰ ਦੋਸ਼ੀ ਜੋ ਸ਼ਜਾ ਭੁਗਤ ਰਹੇ ਹਨ, ਖੁਲ੍ਹੇਆਮ ਕਾਨੂੰਨ ਦੀ ਧੱਜੀਆਂ ਉਡਾਉਂਦੇ ਹੋਏ ਕੁਰਸੀਆਂ ਉਪਰ ਮੁੱਖ ਮਹਿਮਾਨਾਂ ਦੀ ਤਰ੍ਹਾਂ ਜੇਲ੍ਹ ਸੁਪਰਡੈਂਟ ਨਾਲ ਬੈਠੇ ਹੋਏ ਹਨ। ਇਨ੍ਹਾਂ ਕੈਦੀਆਂ ਨੇ ਜੇਲ੍ਹ ਸੁਪਰਡੈਂਟ ਦਵਿੰਦਰ ਸਿੰਘ ਦੀ ਮੁਸ਼ਿਕਲ ਵਧਾ ਦਿੱਤੀ ਹੈ। ਕੁਰਸੀਆਂ ਉਤੇ ਬੈਠੇ ਨਜ਼ਰ ਆ ਰਹੇ ਕੈਦੀ ਕਤਲ ਕੇਸਾਂ ਵਿਚ ਬੰਦ ਹਨ। ਦੱਸਣਯੋਗ ਹੈ ਕਿ ਵਿਸਾਖੀ ਵਾਲੇ ਦਿਨ ਪੱਟੀ ਜੇਲ੍ਹ ਵਿਚ ਇਕ ਪ੍ਰੋਗਰਾਮ ਦੌਰਾਨ ਡਾਂਸਰਾਂ ਬੁਲਾਈਆਂ ਗਈਆਂ ਸਨ ਤੇ ਇਸ ਵਿਚ ਕੈਦੀਆਂ ਤੇ ਜੇਲ੍ਹ ਅਧਿਕਾਰੀਆਂ ਨੇ ਇਕੱਠੇ ਬੈਠ ਕੇ ਪ੍ਰੋਗਰਾਮ ਦਾ ਅਨੰਦ ਮਾਣਿਆਂ। ਇਸ ਘਟਨਾ ਪਿੱਛੋਂ ਕਈ ਅਹਿਮ ਖੁਲਾਸੇ ਹੋਏ ਹਨ। ਇਹ ਵੀ ਪਤਾ ਲੱਗਾ ਹੈ ਕਿ ਜੇਲ੍ਹ ਸੁਪਰਡੈਂਟ ਇਨ੍ਹਾਂ ਕੁਝ ਕੈਦੀਆਂ ਉਪਰ ਇਸ ਕਦਰ ਮਿਹਰਬਾਨ ਹਨ ਕਿ ਇਨ੍ਹਾਂ ਨੂੰ ਸਭ ਸੁੱਖ ਸਹੂਲਤਾਂ ਪ੍ਰਾਪਤ ਹਨ। ਡੀæਸੀæ ਤਰਨਤਾਰਨ ਨੇ ਐਸ਼ਡੀæਐਮæ ਪੱਟੀ ਨੂੰ ਇਸ ਸਾਰੇ ਕਾਰੇ ਦੀ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ।