ਹਿਮਾਚਲ ਵਿਚ ਕਾਂਗਰਸ ਦੀ ਵਾਪਸੀ
ਨਵੀਂ ਦਿੱਲੀ: ਗੁਜਰਾਤ ਵਿਚ ਚੰਗਾ ਪ੍ਰਦਰਸ਼ਨ ਜਾਰੀ ਰੱਖਦਿਆਂ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਲਗਾਤਾਰ ਤੀਜੀ ਵਾਰ ਸੱਤਾ ‘ਤੇ ਕਾਬਜ਼ ਹੋ ਗਈ ਹੈ। ਗੁਜਰਾਤ ਵਿਚ ਕੁਲ 182 ਸੀਟਾਂ ਵਿਚੋਂ ਭਾਜਪਾ ਨੂੰ 115 ਤੇ ਕਾਂਗਰਸ ਨੂੰ 61 ਸੀਟਾਂ ਮਿਲੀਆਂ। 2007 ਦੀਆਂ ਚੋਣਾਂ ਦੇ ਮੁਕਾਬਲੇ ਭਾਜਪਾ ਨੂੰ ਦੋ ਸੀਟਾਂ ਦਾ ਨੁਕਸਾਨ ਤੇ ਕਾਂਗਰਸ ਨੂੰ ਦੋ ਸੀਟਾਂ ਦਾ ਲਾਭ ਹੋਇਆ ਹੈ। ਐਨæਸੀæਪੀæ ਨੂੰ ਦੋ ਤੇ ਜਨਤਾ ਦਲ (ਯੂ) ਨੂੰ ਇਕ ਜਦਕਿ ਕੇਸ਼ੂਭਾਈ ਪਟੇਲ ਦੀ ਗੁਜਰਾਤ ਪਰਿਵਰਤਨ ਪਾਰਟੀ (ਜੀæਪੀæਪੀæ) ਨੂੰ ਤਿੰਨ ਸੀਟਾਂ ‘ਤੇ ਸਬਰ ਕਰਨਾ ਪਿਆ।
ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਝੰਡਾ ਗੱਡਣ ਵਾਲੇ ਤੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਸੰਭਾਵੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪਾਰਟੀ ਮੁੜ ਛਾ ਗਈ। ਸ੍ਰੀ ਮੋਦੀ ਨੇ ਆਪਣੇ ਹਲਕੇ ਮਨੀਨਗਰ ਵਿਚ ਕਾਂਗਰਸੀ ਉਮੀਦਵਾਰ ਸ਼ਵੇਤਾ ਭੱਟ ਨੂੰ 86,373 ਵੋਟਾਂ ਨਾਲ ਹਰਾਇਆ। 62 ਸਾਲਾ ਇਸ ਆਗੂ ਨੇ ਆਪਣੀ ਜਿੱਤ ਛੇ ਕਰੋੜ ਗੁਜਰਾਤੀਆਂ ਤੇ ਦੇਸ਼ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਸਮਰਪਿਤ ਕੀਤੀ ਜੋ ਉਨ੍ਹਾਂ ਦੇ ਚੰਗੇ ਪ੍ਰਸ਼ਾਸਨ ਤੇ ਵਿਕਾਸ ਦੀ ਪ੍ਰਸ਼ੰਸਾ ਕਰਦੇ ਹਨ।
2002 ਦੇ ਗੋਧਰਾ ਕਾਂਡ ਮਗਰੋਂ ਹੋਏ ਦੰਗਿਆਂ ਲਈ ਮੁਆਫੀ ਮੰਗਣ ਤੋਂ ਇਨਕਾਰ ਕਰਨ ਵਾਲੇ ਮੁੱਖ ਮੰਤਰੀ ਨੇ ਜਿੱਤ ਮਗਰੋਂ ਕਿਹਾ ਕਿ ਜੇਕਰ ਉਨ੍ਹਾਂ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਇਸ ਲਈ ਉਹ ਪ੍ਰਦੇਸ਼ ਦੇ ਛੇ ਕਰੋੜ ਗੁਜਰਾਤੀਆਂ ਤੋਂ ਮੁਆਫੀ ਮੰਗਦੇ ਹਨ। ਜਿੱਤ ਮਗਰੋਂ 45 ਮਿੰਟ ਤੱਕ ਦਿੱਤੇ ਭਾਸ਼ਨ ਵਿਚ ਉਨ੍ਹਾਂ ਆਪਣੇ ਸਮਰਥਕਾਂ ਨੂੰ ਕਿਹਾ ਕਿ ਗਲਤੀ ਨਾਲ ਵੀ ਭਵਿੱਖ ਵਿਚ ਕੋਈ ਗਲਤੀ ਨਹੀਂ ਹੋਵੇਗੀ। ਉਨ੍ਹਾਂ ਭਵਿੱਖ ਦੀ ਰਾਜਨੀਤਕ ਯੋਜਨਾ ਬਾਰੇ ਕੋਈ ਸੰਕੇਤ ਨਹੀਂ ਦਿੱਤਾ।
ਉਧਰ, ਸੀਨੀਅਰ ਆਗੂ ਵੀਰਭੱਦਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਬਾਵਜੂਦ ਸੱਤਾ ਵਿਰੋਧੀ ਲਹਿਰ ‘ਤੇ ਸਵਾਰ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ 68 ਸੀਟਾਂ ਵਿਚੋਂ 36 ‘ਤੇ ਜਿੱਤ ਪ੍ਰਾਪਤ ਕਰਕੇ ਭਾਜਪਾ ਤੋਂ ਸੱਤਾ ਖੋਹ ਲਈ। ਹਿਮਾਚਲ ਪ੍ਰਦੇਸ਼ ਵਿਚ ਜ਼ਬਰਦਸਤ ਟੱਕਰ ਹੋਣ ਦੀਆਂ ਕਿਆਸਅਰਾਈਆਂ ਨੂੰ ਗਲਤ ਸਾਬਤ ਕਰਦਿਆਂ ਕਾਂਗਰਸ ਨੇ ਰਾਜ ਦੀਆਂ 68 ਸੀਟਾਂ ਵਿਚੋਂ 36 ‘ਤੇ ਜਿੱਤ ਦਰਜ ਕਰਕੇ ਬਹੁਮਤ ਹਾਸਲ ਕਰ ਲਿਆ। ਇਸ ਦੇ ਨਾਲ ਹੀ ਰਾਜ ਦਾ 1977 ਮਗਰੋਂ ਹੁਣ ਤੱਕ ਕਿਸੇ ਵੀ ਪਾਰਟੀ ਵੱਲੋਂ ਲਗਾਤਾਰ ਦੂਜੀ ਵਾਰ ਸਰਕਾਰ ਨਾ ਬਣ ਸਕਣ ਦਾ ਰਿਕਾਰਡ ਬਰਕਰਾਰ ਰਿਹਾ।
ਸੱਤਾਧਾਰੀ ਭਾਜਪਾ ਨੂੰ ਇਸ ਵਾਰ 26 ਸੀਟਾਂ ਮਿਲੀਆਂ ਜਦਕਿ ਹਿਮਾਚਲ ਲੋਕਹਿਤ ਪਾਰਟੀ ਨੇ ਇਕ ਤੇ ਆਜ਼ਾਦ ਦੇ ਖਾਤੇ ਵਿਚ ਪੰਜ ਸੀਟਾਂ ਗਈਆਂ ਹਨ। ਇਨ੍ਹਾਂ ਵਿਚੋਂ ਬਹੁਤੇ ਕਾਂਗਰਸ ਤੇ ਭਾਜਪਾ ਦੇ ਬਾਗੀ ਹਨ। ਉਂਜ ਕਾਂਗਰਸ ਪਿਛਲੀਆਂ ਚੋਣਾਂ ਵਿਚ ਉਸ ਨੂੰ ਬੇਦਖਲ ਕਰਨ ਵਾਲੀ ਭਾਜਪਾ ਦੇ ਰਿਕਾਰਡ ਦੀ ਬਰਾਬਰੀ ਨਹੀਂ ਕਰ ਸਕੀ। 2007 ਦੀਆਂ ਚੋਣਾਂ ਵਿਚ ਭਾਜਪਾ ਨੂੰ 41 ਤੇ ਕਾਂਗਰਸ ਨੂੰ 23 ਸੀਟਾਂ ਮਿਲੀਆਂ ਸਨ। ਰਾਜ ਵਿਚ ਕਿਸੇ ਪਾਰਟੀ ਜਾਂ ਗਠਜੋੜ ਨੂੰ ਸਰਕਾਰ ਬਣਾਉਣ ਲਈ 35 ਸੀਟਾਂ ਦੀ ਲੋੜ ਹੈ।
ਪੰਜ ਵਾਰ ਹਿਮਾਚਲ ਦੇ ਮੁੱਖ ਮੰਤਰੀ ਰਹੇ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ 78 ਸਾਲਾ ਵੀਰਭੱਦਰ ਸਿੰਘ ਨੇ ਸ਼ਿਮਲਾ (ਦੇਹਾਤੀ) ਸੀਟ ‘ਤੇ ਜਿੱਤ ਦਰਜ ਕਰ ਲਈ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਭਾਜਪਾ ਦੇ ਈਸ਼ਵਰ ਰੋਹਨ ਨੂੰ 20 ਹਜ਼ਾਰ ਵੋਟਾਂ ਨਾਲ ਹਰਾਇਆ। ਚੋਣ ਨਤੀਜਿਆਂ ਤੋਂ ਸਾਫ ਹੈ ਕਿ ਉਨ੍ਹਾਂ ਨਾਲ ਸਬੰਧਤ ਸੀਡੀ ਕਾਂਡ ਦਾ ਵੀ ਕੋਈ ਅਸਰ ਨਹੀਂ ਹੋਇਆ ਜਿਸ ਕਾਰਨ ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਪਿਆ ਸੀ।
_____________________________________ ਮੋਦੀ ਨੇ ਨਵੇਂ ਦਫ਼ਤਰ ‘ਤੇ ਡੇਢ ਸੌ ਕਰੋੜ ਖਰਚਿਆ
ਅਹਿਮਦਾਬਾਦ: ਗੁਜਰਾਤ ਵਿਚ ਹੈਟ੍ਰਿਕ ਲਾਉਣ ਵਾਲੇ ਨਰਿੰਦਰ ਮੋਦੀ ਨੇ ਆਪਣੇ ਲਈ ਨਵਾਂ ਦਫ਼ਤਰ ਬਣਾਇਆ ਹੈ। ਇਹ ਦਫ਼ਤਰ ਰਾਜਧਾਨੀ ਗਾਂਧੀਨਗਰ ਵਿਚ ਬਣਾਇਆ ਗਿਆ ਹੈ। ਮੋਦੀ ਜਲਦੀ ਹੀ ਇਸ ਨਵੇਂ ਦਫ਼ਤਰ ਵਿਚ ਸ਼ਿਫਟ ਹੋ ਜਾਣਗੇ। ਦਫ਼ਤਰ ਦੇ ਨਿਰਮਾਣ ‘ਤੇ ਕਰੀਬ 150 ਕਰੋੜ ਰੁਪਏ ਖਰਚ ਹੋ ਗਏ ਹਨ।ਇਹ ਦਫ਼ਤਰ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਬਣ ਕੇ ਤਿਆਰ ਹੋ ਗਿਆ ਹੈ।
ਇਸ ਦਫ਼ਤਰ ਨੂੰ ‘ਪੰਚਮੂਰਤੀ’ ਦਾ ਨਾਂ ਦਿੱਤਾ ਗਿਆ ਹੈ। ਇਹ ਚਾਰ ਮੰਜ਼ਲਾ ਦਫ਼ਤਰ 35 ਹਜ਼ਾਰ ਵਰਗ ਫੁੱਟ ਵਿਚ ਫੈਲਿਆ ਹੈ। ਇਸ ਦਾ ਨਿਰਮਾਣ ਰੋਡ ਐਂਡ ਬਿਲਡਿੰਗ ਵਿਭਾਗ ਨੇ ਕਰਵਾਇਆ ਹੈ। ਇਸ ਦਾ ਡਿਜ਼ਾਈਨ ਅਹਿਮਦਾਬਾਦ ਦੇ ਇਕ ਆਰਕੀਟੈਕਟ ਨੇ ਤਿਆਰ ਕੀਤਾ। ਇਸ ਆਰਕੀਟੈਕਟ ਨੇ ਹੀ ਹਾਈ ਕੋਰਟ, ਅਮਲ ਡੇਅਰੀ ਸਮੇਤ ਕਾਰਪੋਰੇਟ ਦਫ਼ਤਰਾਂ ਨੂੰ ਡਿਜ਼ਾਈਨ ਕੀਤਾ ਸੀ। ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਦਫ਼ਤਰ ਦੇ ਦਰਵਾਜ਼ਿਆਂ ਤੇ ਖਿੜਕੀਆਂ ਵਿਚ ਬੁਲਟ ਪਰੂਫ ਸ਼ੀਸ਼ਿਆਂ ਦਾ ਇਸਤੇਮਾਲ ਕੀਤਾ ਗਿਆ ਹੈ।
ਪੂਰੀ ਤਰ੍ਹਾਂ ਏæਸੀæ ਵਾਲੇ ਇਸ ਦਫ਼ਤਰ ਵਿਚ ਇਕ ਪਾਸੇ ਕਮਰਾ ਬਣਾਇਆ ਗਿਆ ਹੈ ਜਿਸ ਵਿਚ ਕੈਬਨਿਟ ਦੀਆਂ ਬੈਠਕਾਂ ਹੋਣਗੀਆਂ। ਇਸ ਕਮਰੇ ਵਿਚ ਸੀæਸੀæਟੀæਵੀæ ਕੈਮਰੇ ਲਾਏ ਗਏ ਹਨ। ਮੋਦੀ ਦਾ ਦਫ਼ਤਰ ਸਿੱਧਾ ਵਿਧਾਨ ਸਭਾ ਦੀ ਪਹਿਲੀ ਮੰਜ਼ਲ ਨਾਲ ਜੁੜਿਆ ਹੋਵੇਗਾ ਜਿਥੋਂ ਮੁੱਖ ਮੰਤਰੀ, ਮੰਤਰੀ ਤੇ ਵਿਧਾਇਕ ਸਿੱਧੇ ਵਿਧਾਨ ਸਭਾ ਦੇ ਸੈਂਟਰ ਹਾਲ ਵਿਚ ਦਾਖਲ ਹੋ ਸਕਣਗੇ। ਮੋਦੀ ਨੇ ਆਪ ਨਵੇਂ ਦਫ਼ਤਰ ਦੇ ਡਿਜ਼ਾਈਨ ਦੀ ਹਰ ਜਾਣਕਾਰੀ ਲਈ।
Leave a Reply