ਰੇਤ ਮਾਫੀਆ ਖਿਲਾਫ ਮੋਰਚਾ ਲਾਉਣ ਵਾਲੇ ਬੈਂਸ ਭਰਾਵਾਂ ਨੂੰ ਸਰਕਾਰ ਨੇ ਘੇਰਿਆ

ਲੁਧਿਆਣਾ: ਪੰਜਾਬ ਵਿਚ ਰੇਤ ਮਾਫੀਆ ਖਿਲਾਫ ਮੋਰਚਾ ਲਾਉਣ ਵਾਲੇ ਵਿਧਾਇਕ ਬੈਂਸ ਭਰਾਵਾਂ ਨੂੰ ਪੰਜਾਬ ਸਰਕਾਰ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਬੈਂਸ ਭਰਾਵਾਂ ਕੋਲੋਂ ਐਸਕਾਰਟ ਜਿਪਸੀਆਂ ਵਾਪਸ ਮੰਗਣ ਤੋਂ ਬਾਅਦ ਦੋਵਾਂ ਉਤੇ ਕਤਲ ਦੀ ਕੋਸ਼ਿਸ਼ ਤੇ ਲੁੱਟ ਕਰਨ ਵਰਗੀਆਂ ਗੰਭੀਰ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਸੱਤਿਆਗ੍ਰਹਿ ਕਾਰਨ ਸੂਬੇ ਵਿਚ ਹੋਈ ਕਿਰਕਿਰੀ ਪਿੱਛੋਂ ਹੁਣ ਸਰਕਾਰ ਨੇ ਡੈਮੇਜ ਕੰਟਰੋਲ ਕਰਨ ਲਈ ਵਿਧਾਇਕ ਬੈਂਸ ਤੇ ਟੀਮ ਇਨਸਾਫ਼ ਦੇ ਮੈਂਬਰਾਂ ਉਤੇ ਕਾਉਂਟਰ ਅਟੈਕ ਸ਼ੁਰੂ ਕਰ ਦਿੱਤਾ ਹੈ।
ਸੱਤਿਆਗ੍ਰਹਿ ਵਾਲੇ ਦਿਨ ਪਹਿਲਾਂ ਪੁਲਿਸ ਨੇ ਬੈਂਸ ਭਰਾਵਾਂ ਤੇ ਉਨ੍ਹਾਂ ਦੇ ਗ੍ਰਿਫ਼ਤਾਰ ਹੋਏ ਸਮਰੱਥਕਾਂ ਉਤੇ ਮਾਈਨਿੰਗ ਐਕਟ, ਰੇਤ ਚੋਰੀ, ਸਰਕਾਰੀ ਕੰਮ ਵਿਚ ਵਿਘਨ ਪਾਉਣ, ਸਰਕਾਰ ਦੇ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਵਰਗੀਆਂ ਵੱਖ-ਵੱਖ ਧਾਰਾਵਾਂ ਵਿਚ ਕੇਸ ਦਰਜ ਕੀਤਾ ਸੀ, ਜਿਸ ਤੋਂ 24 ਘੰਟੇ ਬਾਅਦ ਹੀ ਪੁਲਿਸ ਨੇ ਸਪਲੀਮੈਂਟਰੀ ਬਿਆਨ ਦਰਜ ਕਰਕੇ ਵਿਧਾਇਕ ਬੈਂਸ ਸਮੇਤ ਸਾਰੇ ਹੀ ਸਮਰੱਥਕਾਂ ਉਤੇ ਕਤਲ ਦੀ ਕੋਸ਼ਿਸ਼ ਕਰਨ ਦੀ ਕੇਸ ਦਰਜ ਕੀਤਾ ਗਿਆ ਤੇ ਹੁਣ ਪੁਲਿਸ ਵੱਲੋਂ ਮਾਈਨਿੰਗ ਅਫ਼ਸਰਾਂ ਕੋਲੋਂ ਪੈਸੇ ਲੁੱਟਣ ਦਾ ਕੇਸ ਦਰਜ ਕਰ ਟੀਮ ਇਨਸਾਫ਼ ਦੇ ਮੈਂਬਰਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ, ਵਿਧਾਇਕ ਬੈਂਸ ਭਰਾਵਾਂ ਤੇ ਉਨ੍ਹਾਂ ਦੇ ਸਮਰੱਥਕਾਂ ਉਤੇ ਕੇਸ ਦਰਜ ਕਰਨ ਵਾਲੇ ਪੁਲਿਸ ਮੁਲਾਜ਼ਮ ਖੁੱਲ੍ਹ ਕੇ ਕੁਝ ਵੀ ਨਹੀਂ ਕਹਿ ਰਹੇ ਪਰ ਅੰਦਰਖਾਤੇ ਪੁਲਿਸ ਦੇ ਉਚ ਅਧਿਕਾਰੀ ਵੀ ਮੰਨਦੇ ਹਨ ਕਿ ਉਨ੍ਹਾਂ ਨੂੰ ਜੋ ਸਰਕਾਰ ਨੇ ਆਦੇਸ਼ ਦਿੱਤੇ ਹਨ, ਉਸ ਉਤੇ ਹੀ ਕੰਮ ਕੀਤਾ ਹੈ। ਦਰਅਸਲ, ਬੈਂਸ ਭਰਾਵਾਂ ਨੇ ਟੀਮ ਇਨਸਾਫ਼ ਬਣਾ ਕੇ 20 ਅਪਰੈਲ ਤੋਂ ਰੇਤ ਮਾਫ਼ੀਆ ਦੇ ਖ਼ਿਲਾਫ਼ ਸੱਤਿਆਗ੍ਰਹਿ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਲਗਾਤਾਰ ਪੁਲਿਸ ਨੇ ਵਾਰ-ਵਾਰ ਬੈਂਸ ਤੇ ਉਨ੍ਹਾਂ ਦੇ ਸਮਰੱਥਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਬੈਂਸ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਸੀ, ਪਰ ਬੈਂਸ ਦੇ ਸਮਰੱਥਕ ਉਤੇ ਇਸਦਾ ਕੋਈ ਅਸਰ ਨਹੀਂ ਦਿਖਿਆ।
ਇਸ ਤੋਂ ਬਾਅਦ ਬੈਂਸ ਭਰਾਵਾਂ ਨੇ ਟੀਮ ਇਨਸਾਫ਼ ਦੇ ਨਾਲ ਤਿੰਨ ਦਿਨ ਪਹਿਲਾਂ ਹੀ 17 ਅਪਰੈਲ ਨੂੰ ਹੀ ਪਿੰਡ ਚੂਹੜਵਾਲ ਤੋਂ ਰੇਤ ਦੀ ਖੱਡ ਵਿਚ ਉਤਰ ਕੇ ਰੇਤ ਭਰੀ ਤੇ ਆਪਣੇ ਸੱਤਿਆਗ੍ਰਹਿ ਦੀ ਸ਼ੁਰੂਆਤ ਕਰ ਦਿੱਤੀ ਸੀ। ਇਸ ਸੱਤਿਆਗ੍ਰਹਿ ਦੇ ਸ਼ੁਰੂ ਹੋਣ ਦੀ ਸੂਹ ਨਾ ਤਾਂ ਪੁਲਿਸ ਨੂੰ ਲੱਗ ਸਕੀ ਤੇ ਨਾ ਹੀ ਸਰਕਾਰ ਦੇ ਖੁਫੀਆ ਵਿਭਾਗ ਨੂੰ ਜਿਸ ਤੋਂ ਬਾਅਦ ਬੈਂਸ ਦੇ ਕੰਮ ਦੀ ਪੂਰੇ ਸੂਬੇ ਵਿਚ ਕਾਂਗਰਸ ਤੇ ਭਾਜਪਾ ਦੇ ਕੁਝ ਆਗੂਆਂ ਨੇ ਪ੍ਰਸ਼ੰਸਾ ਕੀਤੀ ਸੀ। ਜਿਸ ਕਾਰਨ ਸਰਕਾਰ ਦੀ ਲਗਾਤਾਰ ਇਸ ਮੁੱਦੇ ‘ਤੇ ਕਿਰਕਿਰੀ ਹੋ ਰਹੀ ਸੀ। ਜੇਲ੍ਹ ਭੇਜੇ ਬੈਂਸ ਤੇ ਉਨ੍ਹਾਂ ਦੇ ਸਮਰੱਥਕਾਂ ਦੇ ਹੌਂਸਲੇ ਬੁਲੰਦ ਦੇਖ ਕੇ ਸਰਕਾਰ ਨੇ ਬੀਤੀ ਦਿਨੀਂ ਵਿਧਾਇਕ ਬੈਂਸ ਤੇ ਉਨ੍ਹਾਂ ਦੇ ਸਮਰੱਥਕਾਂ ਨੂੰ ਸਬਕ ਸਿਖਾਉਣ ਲਈ ਉਨ੍ਹਾਂ ‘ਤੇ ਕਤਲ ਦੀ ਕੋਸ਼ਿਸ਼ ਤੇ ਲੁੱਟ ਕਰਨ ਦਾ ਕੇਸ ਵੀ ਦਰਜ ਕਰ ਦਿੱਤਾ ਹੈ। ਅਸਲ ਵਿਚ ਬੈਂਸ ਭਰਾਵਾਂ ਤੇ ਉਨ੍ਹਾਂ ਦੇ ਸਮਰੱਥਕਾਂ ਉਤੇ ਕਤਲ ਦੀ ਕੋਸ਼ਿਸ਼ ਤੇ ਲੁੱਟ ਕਰਨ ਦਾ ਕੇਸ ਦਰਜ ਕਰ ਸਰਕਾਰ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਇਕ ਤਾਂ ਬੈਂਸ ਤੇ ਉਨ੍ਹਾਂ ਦੇ ਸਮਰੱਥਕ ਇਨ੍ਹਾਂ ਸੰਗੀਨ ਧਾਰਾਵਾਂ ਕਾਰਨ ਲੰਬੇ ਸਮੇਂ ਤੱਕ ਜੇਲ੍ਹ ਵਿਚ ਰਹਿਣਗੇ ਤੇ ਉਨ੍ਹਾਂ ਦਾ ਬਾਕੀ ਜ਼ਿਲ੍ਹਿਆਂ ਵਿਚ ਸੱਤਿਆਗ੍ਰਹਿ ਠੰਢੇ ਬਸਤੇ ਵਿਚ ਚਲਾ ਜਾਏਗਾ। ਦੂਜਾ ਜਿਨ੍ਹਾਂ ਬੈਂਸ ਸਮਰੱਥਕਾਂ ਉਤੇ ਵੀ ਸੰਗੀਨ ਧਾਰਾਵਾਂ ਵਿਚ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਦਾ ਮਨੋਬਲ ਟੁੱਟੇਗਾ ਤੇ ਦੂਜੀਆਂ ਥਾਵਾਂ ਉਤੇ ਜਨਸਮਰੱਥਨ ਲੈਣਾ ਬੈਂਸ ਭਰਾਵਾਂ ਨੂੰ ਸੌਖਾ ਨਹੀਂ ਰਹੇਗਾ।
___________________________________________________
ਬਾਦਲ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ: ਡਾæ ਗਾਂਧੀ
ਪਟਿਆਲਾ: ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਨੇ ਰੇਤ ਮਾਫ਼ੀਏ ਖ਼ਿਲਾਫ਼ ਸੰਘਰਸ਼ ਕਰ ਰਹੇ ਲੁਧਿਆਣਾ ਦੇ ਵਿਧਾਇਕ ਬੈਂਸ ਭਰਾਵਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਦੱਸਿਆ ਹੈ। ਡਾæ ਗਾਂਧੀ ਨੇ ਕਿਹਾ ਕਿ ਬੈਂਸ ਭਰਾਵਾਂ ਨੇ ਰੇਤ ਮਾਫ਼ੀਆ ਖ਼ਿਲਾਫ਼ ਆਪਣੇ ਸਮਰਥਕਾਂ ਸਮੇਤ ਆਵਾਜ਼ ਬੁਲੰਦ ਕਰਨ ਦੇ ਉਪਰਾਲੇ ਨੂੰ ਸਰਕਾਰ ਵੱਲੋਂ ਪੁਲਿਸ ਤੇ ਸੱਤਾ ਦੇ ਜ਼ੋਰ ਉਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਜੋ ਲੋਕਤੰਤਰ ਦੇ ਹੱਕਾਂ ਉਤੇ ਹਮਲਾ ਹੈ। ਅਕਾਲੀ-ਭਾਜਪਾ ਸਰਕਾਰ ਦੇ ਆਗੂਆਂ ਨੇ ਪੰਜਾਬ ਦੇ ਸਾਰੇ ਉਦਯੋਗਾਂ ਤੋਂ ਬਾਅਦ ਹੁਣ ਕੁਦਰਤੀ ਵਸੀਲਿਆਂ ‘ਤੇ ਵੀ ਕਬਜ਼ਾ ਕਰ ਲਿਆ ਹੈ, ਜਿਸ ਦੇ ਚੱਲਦਿਆਂ ਪੰਜਾਬ ਅੰਦਰ ਹੁਣ ਮਜ਼ਦੂਰ ਵਰਗ ਕੰਮਾਂ ਤੋਂ ਵਿਹਲਾ ਹੋ ਕੇ ਰੋਟੀ ਤੋਂ ਵੀ ਮੁਥਾਜ ਹੋ ਗਿਆ ਹੈ।