ਅਨਿਆਂ ਦਾ ਪਹਿਲਾ ਪਾਠ

ਉਰੂਗੁਏ ਨਿਵਾਸੀ ਉਘੇ ਲਾਤੀਨੀ ਅਮਰੀਕੀ ਲੇਖਕ-ਪੱਤਰਕਾਰ ਐਡੁਆਰਡੋ ਗਾਲਿਆਨੋ ਦਾ ਲੰਘੀ 13 ਅਪਰੈਲ ਨੂੰ ਦੇਹਾਂਤ ਹੋ ਗਿਆ। ਉਹ ਲੇਖਣੀ ਅਤੇ ਪੱਤਰਕਾਰੀ ਦੇ ਖੇਤਰ ਵਿਚ ਦਲੇਰੀ ਦੀ ਮਿਸਾਲ ਸਨ। ਰਾਜਕੀ ਦਮਨ ਨੂੰ ਬਹੁਤ ਨੇੜਿਉਂ ਦੇਖਣ ਵਾਲੇ, ਆਵਾਮੀ ਸੰਘਰਸ਼ਾਂ ਦਾ ਅਡੋਲ ਰਹਿ ਕੇ ਸਾਥ ਦੇਣ ਵਾਲੇ ਅਤੇ ਤਬਦੀਲੀ ਦੀ ਉਮੀਦ ਨੂੰ ਹਮੇਸ਼ਾ ਜ਼ਿੰਦਾ ਰੱਖਣ ਵਾਲੇ ਗਾਲਿਆਨੋ ਦਾ ਸਦੀਵੀ ਵਿਛੋੜਾ ਉਦਾਸ ਕਰਨ ਵਾਲਾ ਹੈ।

ਉਨ੍ਹਾਂ ਦੀ ਕਿਤਾਬ ‘ਓਪਨ ਵੇਨਜ਼ ਆਫ ਲੈਟਿਨ ਅਮੈਰਿਕਾ’ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ। ਦੁਨੀਆਂ ਜਿਸ ਢਾਂਚੇ ਉਪਰ ਚੱਲ ਰਹੀ ਹੈ ਅਤੇ ਇਸ ਬਾਰੇ ਵਿਚ ਜੋ ਝੂਠ ਪ੍ਰਚਾਰਿਆ ਜਾਂਦਾ ਹੈ, ਗਾਲਿਆਨੋ ਨੇ ਤਾ-ਉਮਰ ਆਪਣੀ ਲੇਖਣੀ ਵਿਚ ਉਸ ਨੂੰ ਬਹੁਤ ਬਾਰੀਕੀ ਨਾਲ ਪੇਸ਼ ਕੀਤਾ ਹੈ; ਇਹ ਭਾਵੇਂ ਉਸ ਦੀਆਂ ਡਾਇਰੀਨੁਮਾ ਕਿਤਾਬਾਂ ਹੋਣ ਜਾਂ ਲਾਤੀਨੀ ਅਮਰੀਕਾ (ਮੈਮਰੀਜ਼ ਆਫ ਫਾਇਰ) ਅਤੇ ਦੁਨੀਆਂ (ਮਿਰਰਜ਼) ਦੇ ਇਤਿਹਾਸ ਨੂੰ ਮੁੜ ਲਿਖਣਾ ਹੋਵੇ। ਉਸ ਨੂੰ ਸ਼ਰਧਾਂਜਲੀ ਵਜੋਂ ਉਸ ਦੀ ਕਿਤਾਬ ‘ਅੱਪਸਾਈਡ ਡਾਊਨ’ ਵਿਚੋਂ ਕੁਝ ਅੰਸ਼ ਪਾਠਕਾਂ ਦੀ ਨਜ਼ਰ ਕੀਤੇ ਜਾ ਰਹੇ ਹਨ। ਇਸ ਲਿਖਤ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। -ਸੰਪਾਦਕ

ਐਡੁਆਰਡੋ ਗਾਲਿਆਨੋ
ਰੰਗ-ਬਰੰਗੀ ਇਸ਼ਤਿਹਾਰਬਾਜ਼ੀ ਸੈਨਤਾਂ ਮਾਰਦੀ ਹੈ ਕਿ ਆਓ, ਖਰੀਦੋ ਅਤੇ ਖ਼ਰਚ ਕਰੋ; ਨਾਲ ਹੀ ਅੱਜ ਦੀ ਅਰਥ-ਵਿਵਸਥਾ ਇਉਂ ਰੋਕਦੀ ਹੈ, ਜਿਵੇਂ ਕਹਿ ਰਹੀ ਹੋਵੇ- ਚਲਦੇ ਬਣੋ, ਨੇੜੇ ਨਾ ਫਟਕਿਓ! ਖ਼ਰੀਦਣ-ਖ਼ਰਚਣ ਦੇ ਇਹ ਸੱਦੇ ਜੋ ਸਾਡੇ ਸਾਰਿਆਂ ਉਪਰ ਥੋਪ ਦਿੱਤੇ ਗਏ ਹਨ, ਠੀਕ ਉਸੇ ਵਕਤ ਜ਼ਿਆਦਾਤਰ ਲੋਕਾਂ ਦੀ ਪਹੁੰਚ ਤੋਂ ਬਾਹਰ ਵੀ ਰੱਖੇ ਗਏ ਹਨ। ਨਿਉਂਦਾ ਦੇ ਕੇ ਦੁਰਕਾਰਨ ਵਾਲਾ ਬਾਜ਼ਾਰੀ ਹਿਸਾਬ-ਕਿਤਾਬ ਦਾ ਕੁਲ ਜਮਾਂ-ਜੋੜ ਇਹੀ ਬਣਦਾ ਹੈ ਕਿ ਕੁਝ ਹੋਰ ਕਦਮ ਜੁਰਮ ਵੱਲ ਵਧ ਜਾਂਦੇ ਹਨ। ਅਖਬਾਰਾਂ ਵਿਚ ਆਏ ਦਿਨ ਛਪ ਰਹੀਆਂ ਜੁਰਮ ਦੀਆਂ ਖਬਰਾਂ ਸਾਡੇ ਵਕਤ ਦੇ ਐਸੇ ਹੀ ਵਿਅੰਗਾਂ ਨੂੰ ਕਿਸੇ ਆਰਥਿਕ ਜਾਂ ਸਿਆਸੀ ਰਪਟ ਤੋਂ ਕਿਤੇ ਜ਼ਿਆਦਾ ਉਜਾਗਰ ਕਰਦੀਆਂ ਹਨ!
ਆਪਣੀ ਬਾਜ਼ਾਰੂ ਸਜ-ਧਜ ਦੀ ਦਾਅਵਤ ਵਿਚ ਇਹ ਦੁਨੀਆਂ ਸਾਰਿਆਂ ਨੂੰ ਖਿੱਚਦੀ ਅਤੇ ਬੁਲਾਉਂਦੀ ਤਾਂ ਹੈ, ਲੇਕਿਨ ਬਹੁਤਿਆਂ ਲਈ ਆਪਣਾ ਦਰਵਾਜ਼ਾ ਬੰਦ ਹੀ ਰੱਖਦੀ ਹੈ। ਇਸ ਤਰ੍ਹਾਂ, ਇਥੇ ਇਕੋ ਸਮੇਂ ਬਰਾਬਰੀ ਅਤੇ ਨਾਬਰਾਬਰੀ- ਦੋਹਾਂ ਦੀ ਖੇਡ ਖੇਡੀ ਜਾਂਦੀ ਹੈ। ਸਾਰਿਆਂ ਨੂੰ ਇੱਕੋ ਤਰ੍ਹਾਂ ਦੀ ਸੋਚ ਅਤੇ ਆਦਤਾਂ ਵਿਚ ਢਾਲਦੇ ਹੋਏ ਜਿਥੇ ‘ਬਰਾਬਰੀ’ ਦਾ ਡੰਡਾ ਚਲਾਇਆ ਜਾਂਦਾ ਹੈ, ਉਥੇ ਜਦੋਂ ਸਾਰਿਆਂ ਨੂੰ ਬਰਾਬਰ ਮੌਕੇ ਦੇਣ ਦੀ ਗੱਲ ਆਉਂਦੀ ਹੈ ਤਾਂ ਇਥੇ ਮੌਜੂਦ ਨਾਬਰਾਬਰੀ ਲੁਕੋਇਆਂ ਵੀ ਨਹੀਂ ਲੁਕਦੀ।
‘ਬਰਾਬਰੀ’ ਦਾ ਡੰਡਾ ਅਤੇ ਨਾਬਰਾਬਰੀ: ਸਿਰਫ਼ ਖ਼ਰੀਦਣ ਅਤੇ ਖ਼ਰਚਣ ਦਾ ਹੁਕਮ ਦੇਣ ਵਾਲੀ ਸੋਚ ਅੱਜ ਸਾਡੇ ਸਾਰਿਆਂ ਉਪਰ ਬੁਰੀ ਤਰ੍ਹਾਂ ਹਾਵੀ ਹੈ। ਕੁੱਲ ਆਲਮ ਵਿਚ ਅੱਜ ਜੋ ਨਾਬਰਾਬਰੀ ਦਾ ਪ੍ਰਬੰਧ ਕਾਇਮ ਕੀਤਾ ਜਾ ਰਿਹਾ ਹੈ, ਉਸ ਨੂੰ ਇਸ ਸੋਚ ਤੋਂ ਅਲੱਗ ਕਰ ਕੇ ਦੇਖਿਆ ਹੀ ਨਹੀਂ ਜਾ ਸਕਦਾ। ਇਸ ਤਰ੍ਹਾਂ ਇਕ ਦੂਜੇ ਦੀਆਂ ਜੜ੍ਹਾਂ ਵਿਚ ਤੇਲ ਦਿੰਦੀਆਂ ਅਤੇ ਚਿਹਰਾ ਸ਼ਿੰਗਾਰਦੀਆਂ-ਲੁਕੋਂਦੀਆਂ ਇਨ੍ਹਾਂ ਦੋ ਜੌੜੀਆਂ ਭੈਣਾਂ ਦੀ ਹਕੂਮਤ ਬਿਨਾਂ ਕਿਸੇ ਭੇਦਭਾਵ ਦੇ ਸਾਡੇ ਸਾਰਿਆਂ ਉਪਰ ਲੱਦ ਦਿੱਤੀ ਗਈ ਹੈ।
ਸਾਰਿਆਂ ਨੂੰ ਇੱਕੋ ਜਿਹਾ ਬਣਾ ਦੇਣ ‘ਤੇ ਤੁਲਿਆ ਇਹ ਪ੍ਰਬੰਧ ਇਨਸਾਨੀਅਨ ਦੇ ਸਭ ਤੋਂ ਖ਼ੂਬਸੂਰਤ ਅਹਿਸਾਸ ਨੂੰ ਖ਼ਤਮ ਕਰ ਰਿਹਾ ਹੈ; ਉਹ ਅਹਿਸਾਸ ਜਿਸ ਦੇ ਸਾਡੇ ਸਾਰਿਆਂ ਵਿਚ ਮੌਜੂਦ ਕਈ-ਕਈ ਰੰਗ ਆਪਸ ਵਿਚ ਕਿਤੇ ਡੂੰਘੇ ਜੁੜੇ ਹੋਏ ਹਨ। ਆਖਿਰ, ਇਸ ਦੁਨੀਆਂ ਦਾ ਸਭ ਤੋਂ ਵੱਡਾ ਖ਼ਜ਼ਾਨਾ ਇਸ ਇੱਕੋ ਦੁਨੀਆਂ ਵਿਚ ਵਸੇ ਬਹੁਤ ਸਾਰੇ ਵੱਖੋ-ਵੱਖਰੇ ਸੰਸਾਰ ਹੀ ਤਾਂ ਹਨ, ਜਿਨ੍ਹਾਂ ਦੇ ਆਪਣੇ ਅਲੱਗ-ਅਲੱਗ ਸੰਗੀਤ, ਦੁੱਖ-ਦਰਦ, ਰੰਗ, ਜ਼ਿੰਦਗੀ ਜਿਉਣ, ਕੁਝ ਕਹਿਣ, ਸੋਚਣ, ਕੁਝ ਵਜਾਉਣ, ਖਾਣ, ਕੰਮ ਕਰਨ, ਨੱਚਣ-ਗਾਉਣ, ਖੇਡਣ, ਮੁਹੱਬਤ ਕਰਨ, ਪੀੜਾ ਝੱਲਣ ਅਤੇ ਖੁਸ਼ੀ ਮਨਾਉਣ ਦੇ ਹਜ਼ਾਰਾਂ ਤਰੀਕੇ ਹਨ ਜਿਨ੍ਹਾਂ ਨੂੰ ਅਸੀਂ ਧਰਤੀ ਉਪਰ ਆਪਣੇ ਲੱਖਾਂ ਵਰ੍ਹਿਆਂ ਦੇ ਸਫਰ ਦੌਰਾਨ ਤਲਾਸ਼ਿਆ ਹੈ।
ਸਾਨੂੰ ਸਾਰਿਆਂ ਨੂੰ ਮਹਿਜ਼ ਮੂੰਹ ਬਣਾਈ ਤਮਾਸ਼ਾ ਦੇਖਦੇ ਰਹਿਣ ਵਾਲਿਆਂ ਵਿਚ ਤਬਦੀਲ ਕਰ ਦੇਣ ਵਾਲਾ ‘ਬਰਾਬਰ’ ਪ੍ਰਬੰਧ ਕਿਸੇ ਹਿਸਾਬ-ਕਿਤਾਬ ਵਿਚ ਆਉਂਦਾ ਹੀ ਨਹੀਂ। ਐਸਾ ਕੋਈ ਕੰਪਿਊਟਰ ਨਹੀਂ ਬਣਿਆ ਜੋ ਇਹ ਦੱਸ ਸਕੇ ਕਿ ਕਿਵੇਂ ‘ਮਾਸ ਕਲਚਰ’ ਦਾ ਕਾਰੋਬਾਰ ਸਾਡੇ ਸਤਰੰਗੇ ਸੰਸਾਰਾਂ ਤੇ ਸਨਮਾਨ ਦੇ ਬੁਨਿਆਦੀ ਹੱਕ ਉਪਰ ਰੋਜ਼ ਹੀ ਡਾਕੇ ਮਾਰਦਾ ਹੈ। ਹਾਲਾਂਕਿ ਹਕੀਕਤ ਇਹੀ ਹੈ ਕਿ ਇਸ ਕਾਰੋਬਾਰ ਦੀ 2ਜੀ-3ਜੀ ਫਰਾਡ1 ਤਰੱਕੀ’ (ਮੂਲ ਲਿਖਤ ਵਿਚ ਇਸਤੇਮਾਲ ਕੀਤੇ ਸ਼ਬਦਾਂ ਦਾ ਇਥੇ ਭਾਵ ਹੈ- ਵਿਨਾਸ਼ਕਾਰੀ ਵਿਕਾਸ ਹੋਵੇਗਾ। ਹਿੰਦੁਸਤਾਨ ਦੇ ਪ੍ਰਸੰਗ ਵਿਚ ਇਸ ਨੂੰ ਹੋਰ ਢੁੱਕਵਾਂ ਬਣਾਉਣ ਲਈ ‘2ਜੀ-3ਜੀ ਫਰਾਡ1 ਤਰੱਕੀ’ ਵਾਕੰਸ਼ ਦਾ ਇਸਤੇਮਾਲ ਕੀਤਾ ਗਿਆ ਹੈ) ਨੇ ਸਾਡੀ ਦੇਖਣੀ-ਸੋਚਣੀ ਖਤਮ ਕਰ ਦਿੱਤੀ ਹੈ। ਹਾਲ ਇਹ ਹੈ ਕਿ ਵਕਤ ਆਪਣੇ ਇਤਿਹਾਸ ਤੋਂ ਅਤੇ ਥਾਂਵਾਂ ਆਪਣੀਆਂ ਅਦਭੁੱਤ ਵੰਨ-ਸੁਵੰਨਤਾਵਾਂ ਤੋਂ ਖਾਲੀ ਤੇ ਅਣਜਾਣ ਬਣਨ ਲੱਗ ਗਈਆਂ ਹਨ। ਦੁਨੀਆਂ ਦੇ ਮਾਲਕ ਲੋਕ ਉਹੀ ਹਨ ਜਿਨ੍ਹਾਂ ਦੇ ਹੱਥ ਵਿਚ ਸੰਚਾਰ-ਸੂਚਨਾ ਦੇ ‘ਵੱਡੇ’ ਮਾਧਿਅਮਾਂ ਦੀ ਲਗਾਮ ਹੈ, ਉਹ ਸਾਨੂੰ ਖ਼ੁਦ ਨੂੰ ਹਮੇਸ਼ਾ ਇਕ ਹੀ ਸ਼ੀਸ਼ੇ ਵਿਚ ਦੇਖਦੇ ਰਹਿਣ ਦੀ ਇਜਾਜ਼ਤ ਦਿੰਦੇ ਹਨ। ਉਹੀ ਸ਼ੀਸ਼ਾ ਜਿਥੇ ਦੂਜੇ ਪਾਸਿਉਂ ਸਿਰਫ਼ ਖ਼ਰੀਦਣ ਅਤੇ ਖ਼ਰਚਣ ਦੀਆਂ ਨਸੀਹਤਾਂ-ਸਿਖਿਆਵਾਂ ਨਿਕਲਦੀਆਂ ਹਨ।
ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੈ, ਉਹ ਕੁਝ ਨਹੀਂ ਹਨ। ਜਿਨ੍ਹਾਂ ਦੇ ਕੋਲ ਕਾਰ ਨਹੀਂ ਹੈ, ਜੋ ਬਰੈਂਡਿਡ ਜੁੱਤੀ ਜਾਂ ਵਿਦੇਸ਼ੀ ਪਰਫਿਊਮ ਇਸਤੇਮਾਲ ਨਹੀਂ ਕਰਦੇ, ਉਹ ਤਾਂ ਬੱਸ ਜਿਉਣ ਦਾ ਦਿਖਾਵਾ ਹੀ ਕਰ ਰਹੇ ਹਨ। ਦਰਾਮਦ ਉਪਰ ਪਲਦੀ ਆਰਥਿਕਤਾ ਅਤੇ ਆਡੰਬਰ ਦਾ ਪਸਾਰਾ ਕਰਦੀ ਸੰਸਕ੍ਰਿਤੀ! ਐਸੇ ਹੀ ਬਕਵਾਸਾਂ ਦੇ ਰਾਜ ਵਿਚ ਸਾਨੂੰ ਸਾਰਿਆਂ ਨੂੰ ਧੱਕ-ਧੱਕ ਕੇ ਇਕ ਵੱਡੇ ਜਹਾਜ ਉਪਰ ਬਿਠਾ ਦਿੱਤਾ ਗਿਆ ਹੈ। ਖ਼ਪਤਵਾਦ ਦਾ ਰਟਣ-ਮੰਤਰ ਕਰਵਾਉਂਦਾ ਇਹ ਜਹਾਜ ਮੰਡੀ ਦੀਆਂ ਉਠਦੀਆਂ-ਮਚਲਦੀਆਂ ਲਹਿਰਾਂ ਨਾਪਦਾ ਹੈ। ਜ਼ਾਹਿਰ ਹੈ, ਜ਼ਿਆਦਾਤਰ ਲੋਕ ਇਸ ਜਹਾਜ ਤੋਂ ਬਾਹਰ ਸੁੱਟ ਦਿੱਤੇ ਜਾਣ ਲਈ ਸਰਾਪੇ ਹੋਏ ਹਨ, ਲੇਕਿਨ ਸਫ਼ਰ ਦਾ ਭਰਪੂਰ ਮਜ਼ਾ ਲੈਣ ਦਾ ਖ਼ਰਚ ਜੋ ਵਿਦੇਸ਼ੀ ਕਰਜ਼ੇ ਲੈ ਕੇ ਚੁਕਾਇਆ ਜਾਂਦਾ ਹੈ, ਸਾਰਿਆਂ ਦੇ ਸਿਰ ਚੜ੍ਹਦਾ ਹੈ। ਕਰਜ਼ੇ ਦੀ ਰਕਮ ਨਾਲ ਇਹ ਇੰਤਜ਼ਾਮ ਕੀਤਾ ਜਾਂਦਾ ਹੈ ਕਿ ਇਕ ਬਹੁਤ ਹੀ ਨਿੱਕਾ ਜਿਹਾ, ਸਿਮਟਿਆ ਜਿਹਾ ਤਬਕਾ ਖੁਦ ਨੂੰ ‘ਨਵੇਂ ਫੈਸ਼ਨ’ ਦੀਆਂ ਤਮਾਮ ਗ਼ੈਰ-ਜ਼ਰੂਰੀ ਚੀਜ਼ਾਂ ਨਾਲ ਲੱਦ ਲਵੇ। ਇਹ ਸਾਡੇ ਉਸ ਮੱਧਵਰਗ ਲਈ ਹੁੰਦੀਆਂ ਹਨ ਜੋ ਕੁਝ ਵੀ ਖਰੀਦ ਕੇ ‘ਵੱਡਾ’ ਅਤੇ ਹਾਈ-ਫਾਈ ਨਜ਼ਰ ਆਉਣਾ ਚਾਹੁੰਦਾ ਹੈ ਅਤੇ ਉਸ ਉਚ ਤਬਕੇ ਲਈ ਵੀ ਜੋ ਆਪਣੇ ਵਰਗੇ ਲੋਕਾਂ ਦੀ ਨਕਲ ਕਰ ਕੇ ਉਨ੍ਹਾਂ ਤੋਂ ਵੀ ਉਚਾ ਹੋ ਜਾਣ ਦੀਆਂ ਜੁਗਤਾਂ ਲਾਉਂਦਾ ਰਹਿੰਦਾ ਹੈ। ਫਿਰ ਟੀæਵੀæ ਤਾਂ ਹੈ ਹੀ ਇਨ੍ਹਾਂ ਸਾਰੇ ਤਬਕਿਆਂ ਨੂੰ ਵਿਸ਼ਵਾਸ ਦਿਵਾਉਣ ਲਈ, ਕਿ ਉਹ ਤਮਾਮ ਮੰਗਾਂ ਕਿੰਨੀਆਂ ਜ਼ਰੂਰੀ ਹਨ ਜੋ ਦਰਅਸਲ, ਦੁਨੀਆਂ ਦਾ ਉਤਰੀ ਹਿੱਸਾ ਬੇਰੋਕ ਬਣਾਉਂਦਾ ਹੈ ਤੇ ਪੂਰੀ ਕਾਮਯਾਬੀ ਨਾਲ ਦੱਖਣੀ ਹਿੱਸੇ ਨੂੰ ਭੇਜਦਾ ਰਹਿੰਦਾ ਹੈ। (ਉਤਰ ਤੇ ਦੱਖਣ ਦਾ ਇਥੇ ਭਾਵ ਧਰਤੀ ਉਪਰ ਮੌਜੂਦ ਵਸੀਲਿਆਂ ਦੀ ਵੰਡ ਤੋਂ ਹੈ)
ਲਾਤੀਨੀ ਅਮਰੀਕਾ ਦੇ ਉਨ੍ਹਾਂ ਕਰੋੜਾਂ ਬੱਚਿਆਂ ਦੀ ਇਸ ਜ਼ਿੰਦਗੀ ਦੇ ਕੀ ਮਾਅਨੇ ਹਨ ਜੋ ਇਸ ਸਮੁੱਚੇ ਦੌਰ ਵਿਚ ਵੱਡੇ ਹੋ ਰਹੇ ਹਨ ਅਤੇ ਬੇਕਾਰੀ ਤੇ ਫ਼ਾਕਾਕਸ਼ੀ ਦੇਖਣ ਲਈ ਜਵਾਨ ਹੋ ਰਹੇ ਹਨ। ਇਸ਼ਤਿਹਾਰਬਾਜ਼ੀ ਦੀ ਦੁਨੀਆਂ ਬੜੀ ਵਚਿੱਤਰ ਹੈ। ਇਹ ਮੰਗ ਵਧਾਉਂਦੀ ਹੈ ਜਾਂ ਹਿੰਸਾ? ਟੈਲੀਵਿਜ਼ਨ ਵੀ ਮੰਡੀ ਨੂੰ ਆਪਣੀਆਂ ਪੂਰੀਆਂ ਸੇਵਾਵਾਂ ਦਿੰਦਾ ਹੈ। ਇਹ ਸਾਨੂੰ ਵਸਤਾਂ ਦੀ ਇਸ਼ਤਿਹਾਰਬਾਜ਼ੀ ਦੇ ਢੇਰ ‘ਤੇ ਬਿਠਾ ਕੇ ਸਾਨੂੰ ਜ਼ਿੰਦਗੀ ਦੇ ਚੰਗੀ-ਭਲੀ ਚਲਦੇ ਰਹਿਣ ਦਾ ਭਰਮ ਪਾਲਣਾ ਸਿਖਾਉਂਦਾ ਹੈ, ਨਾਲ ਹੀ ਰੋਜ਼ ਹਿੰਸਾ ਦੀ ਆਡੀਓ-ਵਿਜ਼ੂਅਲ ਖ਼ੁਰਾਕ ਵੀ ਦਿੰਦਾ ਹੈ। ਇਸ ਦੀ ਆਦਤ ਸਾਨੂੰ Ḕਵੀਡੀਓ ਗੇਮਾਂḔ ਰਾਹੀਂ ਪਹਿਲਾਂ ਹੀ ਪੈ ਚੁੱਕੀ ਹੈ। ਜੁਰਮ ਟੀæਵੀæ ਉਪਰ ਆਉਣ ਵਾਲਾ ਸਭ ਤੋਂ ਰੌਚਕ ਪ੍ਰੋਗਰਾਮ ਬਣ ਗਿਆ ਹੈ। ਵੀਡੀਓ ਗੇਮਾਂ ਦੀ ਹਿੰਸਾ ਨਾਲ ਲਬਰੇਜ਼ ਦੁਨੀਆਂ ਸਾਨੂੰ ਨਿੱਤ ਅਤੇ ਜ਼ਿਆਦਾ ਹਿੰਸਕ ਤੇ ਵਹਿਸ਼ੀ ਬਣਨ ਦੇ ਨਵੇਂ ਗੁਰ-ਮੰਤਰ ਸਿਖਾਉਂਦੀ ਹੈ। ਜਿਵੇਂ ‘ਮਾਰੋ ਉਨ੍ਹਾਂ ਨੂੰ, ਇਸ ਤੋਂ ਪਹਿਲਾਂ ਕਿ ਉਹ ਤੁਹਾਨੂੰ ਮਾਰ ਦੇਣḔ ਜਾਂ Ḕਤੁਸੀਂ ਇਕੱਲੇ ਹੋ, ਸਿਰਫ਼ ਆਪਣੇ ਉਪਰ ਭਰੋਸਾ ਰੱਖੋ।Ḕ ਇਸ ਸਾਰੀ ਉਥਲ-ਪੁਥਲ ਦੇ ਗਵਾਹ ਬਣ ਰਹੇ ਆਧੁਨਿਕ ਸ਼ਹਿਰ ਵਧ-ਫੁੱਲ ਰਹੇ ਹਨ। ਲਾਤੀਨੀ ਅਮਰੀਕਾ ਦੇ ਸ਼ਹਿਰ ਵਧ ਕੇ ਦੁਨੀਆਂ ਦੇ ਮਹਾਂ ਸ਼ਹਿਰਾਂ ਵਿਚ ਸ਼ੁਮਾਰ ਹੋ ਰਹੇ ਹਨ। ਵਧਦੇ-ਫੁੱਲਦੇ ਸ਼ਹਿਰਾਂ ਨਾਲ ਜੁਰਮ ਵੀ ਉਸ ਤੋਂ ਜਾਂ ਉਸ ਤੋਂ ਵੀ ਕਿਤੇ ਜ਼ਿਆਦਾ ਹੋਸ਼ ਉਡਾ ਦੇਣ ਵਾਲੀ ਰਫਤਾਰ ਨਾਲ ਵਧ ਰਹੇ ਹਨ।
ਅੱਜ ਦੀ ਆਰਥਿਕਤਾ ਨੂੰ ਜ਼ਰੂਰਤ ਹੈ ਵਧ ਰਹੀ ਪੈਦਾਵਾਰ ਦੀ ਖ਼ਪਤ ਦੀ ਅਤੇ ਲਾਭ ਬਣਾਈ ਰੱਖਣ ਲਈ ਮੰਡੀ ਦਾ ਵਧਾਰਾ ਕਰਦੇ ਜਾਣ ਦੀ। ਨਾਲ ਹੀ ਲਾਗਤ-ਖ਼ਰਚ ਘੱਟ ਬਣਾਈ ਰੱਖਣ ਲਈ ਇਹ ਸਭ ਤੋਂ ਸਸਤੇ ਕਿਰਤੀ ਅਤੇ ਕੱਚਾ ਮਾਲ ਵੀ ਭਾਲਦੀ ਹੈ। ਇਹ ਅੰਤਰ-ਵਿਰੋਧ ਹੀ ਮੰਡੀ ਦਾ ਮੂਲ-ਮੰਤਰ ਹੈ ਜੋ ਸਾਨੂੰ ਨਿੱਤ ਵਧਦੀਆਂ ਕੀਮਤਾਂ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਘੱਟੋ-ਘੱਟ ਮਜ਼ਦੂਰੀ ਵੀ ਅਦਾ ਨਾ ਕਰਨ ਦੇ ਆਮ ਬਣਦੇ ਜਾ ਰਹੇ ਮਾਮਲਿਆਂ ਵਿਚ ਨਜ਼ਰ ਆਉਂਦਾ ਹੈ। ਇਹ ਅੰਤਰ-ਵਿਰੋਧ ਹੀ ਦੁਨੀਆਂ ਦੇ ਦੋ ਨਾਬਰਾਬਰ ਹਿੱਸਿਆਂ ਵਿਚ ਵੰਡੇ ਰਹਿਣ ਦੀ ਜੜ੍ਹ ਹੈ, ਜਦੋਂ ਵਿਕਸਤ ਉਤਰੀ ਹਿੱਸਾ (ਸਾਮਰਾਜਵਾਦ) ਦੱਖਣੀ ਤੇ ਪੂਰਬੀ ਹਿੱਸਿਆਂ ਨੂੰ ਆਪਣੀਆਂ ਕੰਪਨੀਆਂ ਦੇ ਖਰੀਦਦਾਰ ਬਣਾ ਰਿਹਾ ਹੈ। ਇਹ ਸਾਮਰਾਜਵਾਦ ਦਾ ਨਵਾਂ ਰੂਪ ਹੈ ਜੋ ਵੱਡੇ ਅਤੇ ਵਿਕਸਤ ਮੁਲਕਾਂ ਦੀ ਮੰਡੀਵਾਦੀ ਧੌਂਸ ਤੋਂ ਜ਼ਾਹਿਰ ਹੁੰਦਾ ਹੈ। ਖ਼ਰੀਦਦਾਰ ਵਧਾਉਂਦੇ ਰਹਿਣ ਦੀ ਇਸ ਅੰਨ੍ਹੀ ਰਫ਼ਤਾਰ ਨਾਲ ਵਧਦੀ ਹੈ ਤਾਂ ਸਿਰਫ਼ ਹਾਸ਼ੀਏ ਉਪਰ ਧੱਕੇ ਲੋਕਾਂ ਦੀ ਤਾਦਾਦ, ਜੋ ਮੁਜਰਿਮ ਬਣਨ ਲਈ ਮਜਬੂਰ ਹਨ। ਸਭ ਕੁਝ ਖ਼ਰੀਦ ਲੈਣ ਦੀ ਇਸ ਸਨਕ ਵਿਚ ਹਰ ਬੰਦਾ ਉਹ ਸਾਰਾ ਕੁਝ ਖ਼ਰੀਦ ਲੈਣਾ ਚਾਹੁੰਦਾ ਹੈ ਜੋ ਉਹ ਦੂਜਿਆਂ ਕੋਲ ਦੇਖਦਾ ਹੈ ਅਤੇ ਇਸ ਦੇ ਲਈ ਉਸ ਨੂੰ ਹਿੰਸਾ ਤੋਂ ਵੀ ਕੋਈ ਪਰਹੇਜ਼ ਨਹੀਂ ਹੈ। ਸਾਰੇ ਹੀ ਇਸ ਆਪਾਧਾਪੀ ਅਤੇ ਮੁਕਾਬਲੇ ਲਈ ਖ਼ੁਦ ਨੂੰ ਤਿਆਰ ਕਰ ਰਹੇ ਹਨ। ਕੋਈ ਵੀ ਕਦੇ ਵੀ ਮਾਰਿਆ ਜਾ ਸਕਦਾ ਹੈ, ਉਹ ਲੋਕ ਜੋ ਭੁੱਖ ਨਾਲ ਮਰ ਰਹੇ ਹਨ ਅਤੇ ਉਹ ਵੀ ਜਿਨ੍ਹਾਂ ਦੇ ਕੋਲ ਲੋੜ ਤੋਂ ਜ਼ਿਆਦਾ ਖਾਣ ਲਈ ਹੈ।
ਸਭਿਆਚਾਰਕ ਵੰਨ-ਸੁਵੰਨਤਾਵਾਂ ਖ਼ਤਮ ਕਰ ਕੇ ਸਾਰਿਆਂ ਨੂੰ ਇੱਕੋ ਜਿਹਾ ਖ਼ਰੀਦਦਾਰ ਬਣਾ ਦੇਣ ਦਾ ਇਹ ਸਮੁੱਚਾ ਅਮਲ ਕਿਵੇਂ ਕੰਮ ਕਰ ਰਿਹਾ ਹੈ, ਇਸ ਨੂੰ ਅੰਕੜਿਆਂ ਨਾਲ ਨਹੀਂ ਦਿਖਾਇਆ ਜਾ ਸਕਦਾ। ਹਾਲਾਂਕਿ ਇਸ ਦੇ ਉਲਟ ਇਸ ਪ੍ਰਬੰਧ ਦੀ ਆਰਥਿਕ ਨਾਬਰਾਬਰੀ ਨੂੰ ਬਿਆਨ ਕਰਨ ਲਈ ਬਥੇਰੇ ਅੰਕੜੇ ਹਨ। ਅਸੀਂ ਇਸ ਨੂੰ ਦੇਖ ਸਕਦੇ ਹਾਂ। ਇਸ ਸਮੁੱਚੇ ਪ੍ਰਬੰਧ ਨੂੰ ਬਰਕਰਾਰ ਰੱਖਣ ਲਈ ਸੰਸਾਰ ਬੈਂਕ ਇਸ ਕੌੜੀ ਸੱਚਾਈ ਨੂੰ ਸਵੀਕਾਰ ਕਰਦਾ ਹੈ। ਨਾਲ ਹੀ ਸੰਯੁਕਤ ਰਾਸ਼ਟਰ ਦੀਆਂ ਕਈ ਜਥੇਬੰਦੀਆਂ ਵੀ ਇਸ ਦੀ ਤਸਦੀਕ ਕਰਦੀਆਂ ਹਨ। ਦੁਨੀਆਂ ਦਾ ਅਰਥਚਾਰਾ ਕਦੇ ਵੀ ਐਨੀ ਨਾਬਰਾਬਰੀ ਵਧਾਉਣ ਵਾਲਾ ਨਹੀਂ ਰਿਹਾ ਅਤੇ ਨਾ ਕਦੇ ਦੁਨੀਆਂ ਨੇ ਐਨਾ ਕਰੂਰ ਅਨਿਆਂ ਦੇਖਿਆ ਸੀ। 1960 ਵਿਚ ਦੁਨੀਆਂ ਦੀ ਆਬਾਦੀ ਦਾ ਸਭ ਤੋਂ ਅਮੀਰ 20 ਫ਼ੀਸਦੀ ਹਿੱਸਾ ਸਭ ਤੋਂ ਗ਼ਰੀਬ 20 ਫ਼ੀਸਦੀ ਦੇ ਮੁਕਾਬਲੇ 30 ਗੁਣਾਂ ਜ਼ਿਆਦਾ ਅਮੀਰ ਅਤੇ ਸਾਧਨ-ਸੰਪਨ ਸੀ। ਇਸ ਤੋਂ ਬਾਅਦ ਤਾਂ ਇਹ ਪਾੜਾ ਹੋਰ ਵਧਦਾ ਗਿਆ ਹੈ।