ਕਾਮਾਗਾਟਾ ਮਾਰੂ ਦੀ ਮੁਲਕ-ਬਦਰ ਮੂੰਹਜ਼ੋਰ ਵਿਰਾਸਤ

ਦਲਜੀਤ ਅਮੀ
ਫੋਨ: 91-97811-21873
ਮੌਜੂਦਾ ਦੌਰ ਵਿਚ ਸਫ਼ਰਯਾਫ਼ਤਾ ਆਬਾਦੀ ਦੇ ਹਿਜਰਤ, ਬੇਘਰੀ, ਬੇਵਸੀ, ਮਜਬੂਰੀਆਂ ਅਤੇ ਮੌਕਿਆਂ ਦੇ ਸੁਆਲ ਅਫ਼ਰੀਕਾ ਅਤੇ ਯੂਰਪ ਵਿਚਕਾਰਲੇ ਠੰਢੇ ਸਮੁੰਦਰ ਵਿਚ ਆ ਜੁੜੇ ਹਨ। ਦੂਜੇ ਪਾਸੇ ਆਵਾਸੀ ਨੇਮਾਂ ਦੀ ਸਖਤੀ ਅਤੇ ਹਥਿਆਰਾਂ ਦੀ ਪਹਿਰੇਦਾਰੀ ਨਾਲ ਹਕੂਮਤਾਂ ਸਰਹੱਦਾਂ ਨੂੰ ਕੰਧਾਂ ਵਿਚ ਤਬਦੀਲ ਕਰ ਰਹੀਆਂ ਹਨ। ਇੱਕ ਪਾਸੇ ਗੂਗਲ ਦੁਨੀਆਂ ਦੇ ਹਰ ਖੱਲ੍ਹ-ਖੂੰਜੇ ਵਿਚ ਛੋਟੀ ਤੋਂ ਛੋਟੀ ਨਿਸ਼ਾਨੀ ਦੱਸ ਕੇ ਚੱਤੇ ਪਹਿਰ ਰਾਹ ਦਰਸਾਵਾ ਬਣਿਆ ਹੋਇਆ ਅਤੇ ਦੂਜੇ ਪਾਸੇ ਰੂਮ ਸਾਗਰ ਵਿਚ ਤਰਦੀਆਂ ਲਾਸ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਇਸ ਵੇਲੇ ਅਮਰੀਕੀ-ਯੂਰਪੀ ਮੁਲਕ ਅਫਰੀਕਾ ਦੇ ਹਰ ਚੱਪੇ-ਚੱਪੇ ਦੀ ਨਿਗਰਾਨੀ ਕਰ ਰਹੇ ਹਨ। ਜੰਗੀ ਮੁਹਿੰਮਾਂ ਵਿਚ ਹਜ਼ਾਰਾਂ ਮੀਲ ਦੂਰ ਬੈਠ ਕੇ ਸ਼ੱਕੀਆਂ ਦੀ ਹਰ ਹਰਕਤ ਦੇਖੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਬੇਮਨੁੱਖੀ ਮਸ਼ੀਨਾਂ ਨਾਲ ਚਿੱਤ ਕੀਤਾ ਜਾ ਰਿਹਾ ਹੈ। ਇਨ੍ਹਾਂ ਬੇਮਨੁੱਖੀ ਮਸ਼ੀਨਾਂ ਬਾਰੇ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਨਜ਼ਰ ਵਿਚ ਆਏ ਬਿਨਾਂ ਇਹ ਕੀੜੀ ਤੱਕ ਦੇਖ ਸਕਦੀਆਂ ਹਨ। ਦੂਜਾ ਪਾਸਾ ਇਹ ਹੈ ਕਿ ਹਿਜਰਤ ਲਈ ਮਜਬੂਰ ਆਬਾਦੀ ਆਪਣੇ ਕਲਬੂਤਾਂ ਵਿਚ ਸਾਹ ਚੱਲਦਾ ਰੱਖਣ ਲਈ ਕਿਸੇ ਵੀ ਸੂਈ ਦੇ ਨੱਕੇ ਵਿਚੋਂ ਨਿਕਲਣ ਲਈ ਤਿਆਰ ਹੈ। ਉਨ੍ਹਾਂ ਲਈ ਹਰ ਮੌਕਾ ਜ਼ਿੰਦਗੀ ਦਾ ਆਖਰੀ ਮੌਕਾ ਹੈ।
ਇਟਲੀ ਦੇ ਸਮੁੰਦਰ ਵਿਚ ਮੱਛੀਆਂ ਫੜਨ ਵਾਲੀ ਕਿਸ਼ਤੀ ਡੁੱਬ ਗਈ ਜਿਸ ਵਿਚ ਹਿਜਰਤਯਾਫ਼ਤਾ ਮੁਸਾਫ਼ਰ ਸਨ। ਤਕਰੀਬਨ 950 ਮੁਸਾਫ਼ਰਾਂ ਦੇ ਡੁੱਬ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਅਠਾਈ ਯੂਰਪੀ ਮੁਲਕਾਂ ਦੇ ਗ੍ਰਹਿ ਮੰਤਰੀ ਅਤੇ ਆਹਲਾ ਪੁਲਿਸ ਅਧਿਕਾਰੀ ਰੂਮ ਸਾਗਰ ਵਿਚ ਵਾਪਰਦੇ ਹਾਦਸਿਆਂ ਨਾਲ ਨਜਿੱਠਣ ਲਈ ਲੂਯਮਵਰਗ ਵਿਚ ਹੰਗਾਮੀ ਬੈਠਕ ਕਰ ਰਹੇ ਹਨ। ਹਾਦਸੇ ਦੇ ਅੰਕੜਿਆਂ ਦੀ ਬਦੌਲਤ ਇਹ ਹੰਗਾਮੀ ਬੈਠਕ ਹੋਈ ਅਤੇ ਇਸ ਨੂੰ ਖ਼ਬਰ ਦਾ ਰੁਤਬਾ ਮਿਲਿਆ ਹੈ। ਰੂਮ ਸਾਗਰ ਵਿਚ ਡੁੱਬ ਜਾਣ ਵਾਲਿਆਂ ਦੀ ਤ੍ਰਾਸਦੀ ਅੰਕੜਿਆਂ ਵਿਚ ਨਹੀਂ, ਸਗੋਂ ਬਚ ਜਾਣ ਵਾਲਿਆਂ ਦੇ ਚਿਹਰਿਆਂ ਉਤੇ ਉਕਰੀ ਹੋਈ ਹੈ। ਉਨ੍ਹਾਂ ਦੇ ਚਿਹਰਿਆਂ ਉਤੇ ਦਰਜ ਹੋਇਆ ਖ਼ੌਫ਼ ਤਾਂ ਮਨੁੱਖੀ ਸੰਵੇਦਨਾ ਨੇ ਪੜ੍ਹਨਾ ਹੈ ਪਰ ਇਹ ਸੁਆਲ ਪੁੱਛ ਲਿਆ ਜਾਣਾ ਚਾਹੀਦਾ ਹੈ ਕਿ Ḕਇਹ ਭੁੱਖਾਂ ਦੇ ਮਾਰੇ ਕੌਣ ਹਨ ਜੋ ਲਾਰੇ ਬੰਨ੍ਹ ਤੁਰੇ ਹਨ?Ḕ ਇਨ੍ਹਾਂ ਜਿਉਣ-ਯੋਗਿਆਂ ਨੂੰ ਮੌਤ ਦੇ ਮੂੰਹ ਸਿਰਫ ਭੁੱਖਾਂ ਨੇ ਪਾਇਆ ਹੈ ਜਾਂ ਬੰਬਾਂ ਅਤੇ ਵਿਕਾਸ ਨੇ ਕੋਈ ਹਿੱਸਾ ਪਾਇਆ ਹੈ? ਇਨ੍ਹਾਂ ਨੂੰ ਉਨ੍ਹਾਂ ਰਾਹਾਂ ਉਤੇ ਤੁਰਨਾ ਪਿਆ ਹੈ ਜਿਨ੍ਹਾਂ ਦੀ ਸਾਰ ਇਹ ਨਹੀਂ ਜਾਣਦੇ। ਇਹ ਤਾਂ ਸਿਰਫ ਉਹ ਜਾਣਦੇ ਕਿ ਕਿਹਦੇ ਆਸਰੇ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਅਤੇ ਟਰੱਕਾਂ ਦੇ ਤਹਿਖਾਨਿਆਂ ਜਾਂ ਕਾਰਾਂ ਦੀਆਂ ਡਿੱਗੀਆਂ ਵਿਚ ਸਫਰ ਕੀਤਾ ਜਾਂਦਾ ਹੈ। ਇਹ ਅੰਦਾਜ਼ਾ ਤਾਂ ਬਾਅਦ ਵਿਚ ਲਗਾਇਆ ਜਾਵੇਗਾ ਕਿ ਇਸ ਤਜਰਬੇ ਵਿਚ ਬਚ ਜਾਣ ਵਾਲਿਆਂ ਦਾ ਕੀ ਖੁੱਸ ਗਿਆ? ਹਾਲੇ ਤਾਂ ਇਹ ਤੈਅ ਕਰਨਾ ਔਖਾ ਹੈ ਕਿ ਇਸ ਹਾਦਸੇ ਦੇ ਆਰ-ਪਾਰ ਖੜ੍ਹੀ ਲੋਕਾਈ ਲਈ ਚੰਗੇ-ਮੰਦੇ ਭਾਗਾਂ ਵਿਚਕਾਰਲੀ ਲਕੀਰ ਕਿੱਥੇ ਹੈ? ਮਨੁੱਖੀ ਇਤਿਹਾਸ ਵਿਚ ਸ਼ਾਇਦ ਕਦੇ ਇਹ ਵੀ ਦਰਜ ਹੋਵੇਗਾ ਕਿ ਇਸ ਤ੍ਰਾਸਦੀ ਦੀ ਮਾਰ ਹੇਠ ਆਈ ਲੋਕਾਈ ਅੰਦਰ ਬੁਜ਼ਦਿਲੀ ਅਤੇ ਜਿਉਂਦੇ ਰਹਿਣ ਦੀ ਰੀਝ ਰਲਗੱਡ ਕਿਵੇਂ ਹੁੰਦੀ ਰਹੀ।
ਜੇ ਇਸ ਤ੍ਰਾਸਦੀ ਨੂੰ ਇਟਲੀ ਵਿਚ ਹੋਏ ਹਾਦਸੇ ਤੱਕ ਮਹਿਦੂਦ ਕਰਨਾ ਕੁਤਾਹੀ ਹੋਵੇਗੀ ਤਾਂ ਅਫਰੀਕਾ ਤੱਕ ਮਹਿਦੂਦ ਕਰਨਾ ਵੀ ਭੁੱਲ ਹੋਵੇਗੀ। ਕਦੇ-ਕਦੇ ਤਾਂ ਪੰਜਾਬ ਵਿਚ ਮਾਲਟਾ ਕਾਂਡ ਨੂੰ ਯਾਦ ਕਰ ਲਿਆ ਜਾਂਦਾ ਹੈ ਜਿਸ ਵਿਚ ਦੱਖਣੀ ਏਸ਼ੀਆ ਦੇ ਸਾਰੇ ਮੁਲਕਾਂ ਦੇ ਜੀਅ ਇਸੇ ਤਰ੍ਹਾਂ ਇਟਲੀ ਦੇ ਸਮੁੰਦਰ ਵਿਚ ਡੁੱਬੇ ਸਨ। ਜੇ ਇਸ ਤ੍ਰਾਸਦੀ ਨੂੰ ਇਤਿਹਾਸ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇੱਕ ਪਾਸੇ ਕਾਮਾਗਾਟਾ ਮਾਰੂ ਅਤੇ ਦੂਜੇ ਪਾਸੇ ਫੈਂਚ ਫਾਨੋ ਦੀ ਅਲਜੀਰੀਆ ਤੋਂ ਫਰਾਂਸ ਬਾਰੇ ਲਿਖੀ ਕਿਤਾਬ ਵੱਡੀ ਲੜੀ ਦੀਆਂ ਦੋ ਕੜੀਆਂ ਜਾਪਦੀਆਂ ਹਨ। ਕਾਮਾਗਾਟਾ ਮਾਰੂ ਦੀ ਮੌਜੂਦਾ ਜੂਨ ਰੂਮ ਸਾਗਰ ਵਿਚ ਤੈਰਦੇ ਲਾਵਾਰਿਸ ਜਹਾਜ ਹਨ ਜਿਨ੍ਹਾਂ ਨੂੰ ਛੱਡ ਕੇ ਤਸਕਰ ਫਰਾਰ ਹੋ ਜਾਂਦੇ ਹਨ ਅਤੇ ਸਰਕਾਰਾਂ ਕੰਢੇ ਨਹੀਂ ਲੱਗਣ ਦਿੰਦੀਆਂ। ਜਨਵਰੀ ਦੇ ਮਹੀਨੇ ਦੋ ਵਾਰ ਹੋਇਆ ਕਿ ਮਨੁੱਖੀ ਤਸਕਰ ਮੁਸਾਫ਼ਰਾਂ ਨਾਲ ਭਰਿਆ ਮਾਲ ਜਹਾਜ ਸਮੁੰਦਰ ਦੇ ਵਿਚਕਾਰ ਛੱਡ ਕੇ ਫਰਾਰ ਹੋ ਗਏ। ਮੁਸਾਫ਼ਰਾਂ ਤੋਂ ਜਹਾਜ ਤੱਕ ਦੀ ਕੀਮਤ ਵਸੂਲ ਚੁੱਕੇ ਤਸਕਰ ਸਿਰਫ਼ ਇਸ ਧੰਦੇ ਦੇ ਅਰਥਚਾਰੇ ਦੀ ਦੱਸ ਨਹੀਂ ਪਾਉਂਦੇ ਸਗੋਂ ਇਸ ਦੀ ਕਰੂਰਤਾਂ ਦਾ ਭੇਤ ਵੀ ਖੋਲ੍ਹਦੇ ਹਨ। ਉਹ ਜਹਾਜ ਨੂੰ ਕੰਢੇ ਨਾਲ ਟਕਰਾਉਣ ਲਈ ਛੱਡ ਦਿੰਦੇ ਹਨ। ਸਮੁੰਦਰੀ ਫ਼ੌਜਾਂ ਇਨ੍ਹਾਂ ਲਾਵਾਰਿਸ ਜਹਾਜਾਂ ਨੂੰ ਕਬਜ਼ੇ ਵਿਚ ਲੈ ਲੈਂਦੀਆਂ ਹਨ। ਇਸ ਤੋਂ ਬਾਅਦ ਇਹ ਜਹਾਜਾਂ ਨੂੰ ਵਾਪਸ ਭੇਜਣ ਦੀ ਮਸ਼ਕ ਸ਼ੁਰੂ ਹੁੰਦੀ ਹੈ। ਦਵਾਈਆਂ ਅਤੇ ਖਾਣ-ਪੀਣ ਦਾ ਕੁਝ ਬੰਦੋਬਸਤ ਸਮੁੰਦਰ ਦੇ ਅੰਦਰ ਹੀ ਸਮੁੰਦਰੀ ਫ਼ੌਜਾਂ ਕਰਦੀਆਂ ਹਨ। ਇਸ ਤੋਂ ਬਾਅਦ ਕਾਗ਼ਜ਼ੀ ਕਾਰਵਾਈਆਂ ਹੁੰਦੀਆਂ ਹਨ। ਪਨਾਹ ਦੇਣ ਤੋਂ ਲੈ ਕੇ ਵਾਪਸ ਭੇਜਣ ਜਾਂ ਗ਼ੈਰ-ਕਾਨੂੰਨੀ ਢੰਗ ਨਾਲ ਮੁਲਕ ਵਿਚ ਦਾਖ਼ਲ ਹੋਣ ਖਿਲਾਫ ਅਦਾਲਤੀ ਕਾਰਵਾਈਆਂ ਦਾ ਸਿਲਸਿਲਾ ਚੱਲਦਾ ਹੈ। ਇਸ ਤਰ੍ਹਾਂ ਸਿਰਫ਼ ਇਟਲੀ ਵਿਚ ਇੱਕ ਸਾਲ ਦੇ ਅੰਦਰ 1,70,000 ਮੁਸਾਫ਼ਰਾਂ ਨੂੰ ਨਜ਼ਰਬੰਦ ਕੀਤਾ ਗਿਆ। ਜੇ ਅਠਾਈ ਮੁਲਕ ਹੰਗਾਮੀ ਬੈਠਕ ਵਿਚ ਸ਼ਾਮਿਲ ਹੋਏ ਹਨ ਤਾਂ ਇਸ ਅੰਕੜੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਪੂਰਾ ਤਰੱਦਦ ਕੀਤਾ ਜਾਂਦਾ ਹੈ ਕਿ ਕਾਗ਼ਜ਼ੀ ਕਾਰਵਾਈ ਨਾ ਕਰਨੀ ਪਵੇ। ਇਨ੍ਹਾਂ ਮੁਸਾਫ਼ਰਾਂ ਦੀ ਸਮੁੰਦਰ ਵਿਚ ਮੌਤ ਨੂੰ ਯੂਰਪੀ ਮੁਲਕ ਨਜ਼ਰਅੰਦਾਜ਼ ਕਰਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਇਨ੍ਹਾਂ ਦੇ ਸਮੁੰਦਰ ਵਿਚ ਮਰ ਜਾਣ ਨੂੰ ਬਿਹਤਰ ਮੰਨਦੇ ਹਨ। ਇਸ ਤਰ੍ਹਾਂ ਉਹ ਕਾਗ਼ਜ਼ੀ ਕਾਰਵਾਈ ਅਤੇ ਆਵਾਸੀਆਂ ਦੇ ਬੋਝ ਤੋਂ ਬਚ ਜਾਂਦੇ ਹਨ। ਉਹ ਇਸੇ ਤੱਥ ਵਿਚੋਂ ਤਸੱਲੀ ਲੱਭਦੇ ਹਨ ਕਿ ਸਮੁੰਦਰ ਦੇ ਬਰਫ਼ੀਲੇ ਪਾਣੀਆਂ ਨੇ ਉਨ੍ਹਾਂ ਦੇ ਹੱਥ ਖ਼ੂਨ ਨਾਲ ਲਿਬੜਨ ਤੋਂ ਬਚਾ ਲਏ ਹਨ। ਜੇ ਮੌਜੂਦਾ ਦੌਰ ਵਿਚ ਜੰਗਬਾਜ਼ ਮੁਲਕਾਂ ਨੇ ਆਪਣੇ ਫ਼ੌਜੀਆਂ ਦੀਆਂ ਮੌਤਾਂ ਦੀ ਗਿਣਤੀ ਘਟਾ ਕੇ ਆਵਾਮੀ ਰਾਏ ਜੰਗੀ ਮੁਹਿੰਮਾਂ ਦੇ ਪੱਖ ਵਿਚ ਉਸਾਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ ਤਾਂ ਉਹ ਆਪਣੀਆਂ ਨੀਤੀਆਂ ਕਾਰਨ ਵਹਿੰਦੇ ਖ਼ੂਨ ਤੋਂ ਵੀ ਹੱਥ ਬਚਾਉਣ ਦਾ ਸਿਰਤੋੜ ਤਰਦੱਦ ਕਰ ਰਹੇ ਹਨ।
ਖੋਜੀ ਪੱਤਰਕਾਰਾਂ ਦੇ ਕੌਮਾਂਤਰੀ ਅਦਾਰੇ (ਇੰਟਰਨੈਸ਼ਨਲ ਕਨਸੋਰਟੀਅਮ ਆਫ਼ ਇੰਵੈਸਟੀਗੇਟਿੰਗ ਜਰਨਲਿਸਟ) ਮੁਤਾਬਕ ਪਿਛਲੇ ਪੰਜ ਸਾਲਾਂ ਦੌਰਾਨ ਵਰਲਡ ਬੈਂਕ ਦੀ ਵਿਕਾਸ ਯੋਜਨਾਵਾਂ ਦੇ ਨਤੀਜੇ ਵਜੋਂ 14 ਮੁਲਕਾਂ ਵਿਚ 34 ਲੱਖ ਲੋਕ ਹਿਜਰਤ ਕਰਨ ਲਈ ਮਜਬੂਰ ਹੋਏ ਹਨ। ਵਰਲਡ ਬੈਂਕ ਇਨ੍ਹਾਂ ਲੋਕਾਂ ਦੀ ਰਾਖੀ ਕਰਨ ਵਿਚ ਨਾਕਾਮਯਾਬ ਰਿਹਾ ਹੈ। ਵਰਲਡ ਬੈਂਕ ਅਤੇ ਇਸ ਦੇ ਸਹਿਯੋਗੀ ਵਿੱਤੀ ਅਦਾਰਿਆਂ ਨੇ ਮਨੁੱਖੀ ਹਕੂਕ ਦੇ ਉਲੰਘਣ, ਬਲਾਤਕਾਰ, ਕਤਲ ਅਤੇ ਤਸ਼ੱਦਦ ਦੇ ਇਲਜ਼ਾਮਾਂ ਵਿਚ ਘਿਰੀਆਂ ਸਰਕਾਰਾਂ ਅਤੇ ਕੰਪਨੀਆਂ ਦੀਆਂ ਯੋਜਨਾਵਾਂ ਵਿਚ ਸਰਮਾਇਆ ਲਗਾਇਆ ਹੈ। ਇਲਜ਼ਾਮਾਂ ਦੀ ਤਸਦੀਕ ਕਰਦੇ ਸਬੂਤ ਹੋਣ ਦੇ ਬਾਵਜੂਦ ਵਰਲਡ ਬੈਂਕ ਨੇ ਆਪਣੀ ਵਿੱਤੀ ਹਮਾਇਤ ਜਾਰੀ ਰੱਖੀ ਹੈ। ਇਥੋਪੀਆ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਦੁਨੀਆਂ ਦੇ ਸਭ ਤੋਂ ਜੋਖ਼ਮ ਭਰੀਆਂ ਕਰਾਰ ਦਿੱਤੀਆਂ ਗਈਆਂ ਯੋਜਨਾਵਾਂ ਵਿਚ ਪੰਜਾਹ ਅਰਬ ਅਮਰੀਕੀ ਡਾਲਰ ਖ਼ਰਚੇ ਗਏ ਸਨ। ਇਨ੍ਹਾਂ ਯੋਜਨਾਵਾਂ ਰਾਹੀਂ ਹੁੰਦੇ ਚੌਗਿਰਦੇ ਅਤੇ ਸਮਾਜਕ ਨੁਕਸਾਨ ਨੂੰ Ḕਬੇਮਿਸਾਲ ਅਤੇ ਬੇਮੋੜḔ ਕਰਾਰ ਦਿੱਤਾ ਜਾ ਚੁੱਕਾ ਹੈ।
ਮੌਜੂਦਾ ਹਾਲਾਤ ਵਿਚ ਅਮੀਰ ਮੁਲਕਾਂ ਨੇ ਵਪਾਰ ਅਤੇ ਜੰਗ ਨੂੰ ਰਲਗੱਡ ਕੀਤਾ ਹੈ ਜਿਸ ਦਾ ਪ੍ਰਗਟਾਵਾ ਉਨ੍ਹਾਂ ਦੇ ਸਰਹੱਦਾਂ ਨਾਲ ਲੱਗਦੇ ਸਮੁੰਦਰਾਂ ਵਿਚ ਹੁੰਦਾ ਹੈ। ਸਰਹੱਦਾਂ ਉਤੇ ਤਾਇਨਾਤ ਗਾਰਦਾਂ ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਕਰਨ ਅਤੇ ਕਾਗ਼ਜ਼ੀ-ਅਦਾਲਤੀ ਕਾਰਵਾਈ ਤੋਂ ਬਚਣ ਲਈ ਲਾਸ਼ਾਂ ਦੇ ਪੰਚਨਾਮੇ ਕਰਨ ਨੂੰ ਤਰਜੀਹ ਦਿੰਦੀਆਂ ਹਨ। ਇਸੇ ਸੋਚ ਦਾ ਪ੍ਰਗਟਾਵਾ ਯੂਰਪੀ ਮੁਲਕ ਰੂਮ ਸਾਗਰ ਵਿਚ ਕਰ ਰਹੇ ਹਨ। ਇਨ੍ਹਾਂ ਮੁਲਕਾਂ ਨੇ ਗ਼ਰੀਬ ਮੁਲਕਾਂ ਦੇ ਬੰਦੇ ਅੰਦਰ ਅੱਗ ਲਗਾਈ ਹੈ ਜੋ ਕਿਸੇ ਵੀ ਭੱਠੀ ਵਿਚ ਪੈਣ ਨੂੰ ਤਿਆਰ ਹੈ। ਹੁਣ ਇਨ੍ਹਾਂ ਮੁਲਕਾਂ ਦਾ ਤਰਦੱਦ ਇਸੇ ਮਸ਼ਕ ਵਿਚ ਲੱਗਿਆ ਹੈ ਕਿ ਸਮੁੰਦਰ ਵਿਚ ਡੁੱਬਦੀਆਂ ਲਾਸ਼ਾਂ ਯੂਰਪੀ ਸਰਕਾਰਾਂ ਦੇ ਸਿਰ ਕਤਲ ਬਣ ਕੇ ਨਾ ਪੈਣ। ਇਹ ਖ਼ੁਦਕੁਸ਼ੀ ਹੋਣ ਜਾਂ ਗਲਤੀ ਹੋਣ ਪਰ ਯੂਰਪੀ ਮੁਲਕਾਂ ਦਾ ਮਨੁੱਖੀ ਹਕੂਕ ਦੀ ਰਾਖੀ ਦਾ ਬਹੀ-ਖ਼ਾਤਾ ਖਰਾਬ ਨਾ ਕਰਨ।
ਇੱਕ ਪਾਸੇ ਆਪਣੇ ਸਲੀਕੇ ਦੇ ਬਹੀ-ਖ਼ਾਤੇ ਸੁਥਰੇ ਰੱਖਣ ਦਾ ਤਰੱਦਦ ਹੈ ਅਤੇ ਦੂਜੇ ਪਾਸੇ ਜੰਗੀ ਮੁਹਿੰਮਾਂ ਤੇ ਵਿੱਤੀ ਪੂੰਜੀ ਦਾ ਹਮਲਾਵਰ ਖ਼ਾਸਾ ਹੈ ਜੋ ਬੰਦੇ ਨੂੰ ਮੁਲਕ-ਬਦਰ ਕਰ ਰਿਹਾ ਹੈ। ਇਹ ਧਾਰਨਾ ਵੀ ਵਿਚਾਰ ਦੀ ਮੰਗ ਕਰਦੀ ਹੈ ਕਿ ਮੁਲਕ ਨਾਮ ਦੀ ਪਛਾਣ ਬੰਦੇ ਨੂੰ ਬੱਦੂ ਬਣਾ ਰਹੀ ਹੈ। ਮੁਕਾਮੀ ਸਰਕਾਰਾਂ ਵਿਦੇਸ਼ੀ ਪੂੰਜੀ ਦੇ ਪੱਖ ਵਿਚ ਖੜ੍ਹ ਗਈਆਂ ਹਨ ਅਤੇ ਵਿਕਾਸ ਯੋਜਨਾਵਾਂ ਲਈ ਕੁਦਰਤੀ ਸਰੋਤਾਂ ਅਤੇ ਜ਼ਮੀਨ ਉਤੇ ਦਾਅਵੇਦਾਰੀ ਤੋਂ ਮਹਿਰੂਮ ਹੋ ਰਿਹਾ ਬੰਦਾ ਹਰ ਥਾਂ ਬੇਮੁਲਕ ਹੈ। ਇਨ੍ਹਾਂ ਹਾਲਾਤ ਵਿਚ ਪੈਂਦਾ ਹੁੰਦੀ ਬੇਕਿਰਕ ਹਿੰਸਾ ਬੰਦੇ ਨੂੰ ਅਜਿਹੀ ਖ਼ਾਨਾਜੰਗੀ ਦਾ ਸ਼ਿਕਾਰ ਬਣਾਉਂਦੀ ਹੈ ਕਿ ਇਸ ਦੀਆਂ ਪਰਤਾਂ ਖੋਲ੍ਹਣਾ ਬੰਦੇ ਦੇ ਵੱਸੋਂ ਬਾਹਰ ਹੋ ਜਾਂਦਾ ਹੈ। ਇਸ ਬੰਦੇ ਨੂੰ ਕਾਰਾਂ ਦੀਆਂ ਡਿੱਗੀਆਂ, ਟਰੱਕਾਂ ਦੇ ਤਹਿਖ਼ਾਨੇ, ਮਨੁੱਖੀ ਤਸਕਰੀ, ਠੰਢੇ ਸਮੁੰਦਰਾਂ ਦੇ ਗੋਤੇ ਅਤੇ ਅਮੀਰ ਮੁਲਕਾਂ ਦੇ ਰਿਸ਼ਵਤਖ਼ੋਰ ਮੁਲਾਜ਼ਮ ਜ਼ਿੰਦਗੀ ਦਾ ਆਖ਼ਰੀ ਮੌਕਾ ਮੁਹੱਈਆ ਕਰਦੇ ਹਨ। ਦੁਨੀਆਂ ਭਰ ਦੇ ਹਥਿਆਰ, ਜੇਲ੍ਹਾਂ, ਥਾਣੇ, ਕਾਨੂੰਨ ਅਤੇ ਪਾਬੰਦੀਆਂ ਬੰਦੇ ਨੂੰ ਇਸ ਮੌਕੇ ਨੂੰ ਹਾਮੀ ਭਰਨ ਤੋਂ ਨਹੀਂ ਰੋਕ ਸਕਦੇ। ਜੇ ਕੋਈ ਗੋਦੀ ਚੁੱਕੇ ਬੱਚਿਆਂ ਨਾਲ ਚਾਰ ਕੱਪੜਿਆਂ ਵਿਚ ਰੂਮ ਸਾਗਰ ਵਿਚ ਤਰਦੇ ਤਸਕਰਾਂ ਦੇ ਜਹਾਜ ਵਿਚ ਸਵਾਰ ਹੋ ਸਕਦੀ ਹੈ ਤਾਂ ਉਸ ਕੋਲ ਗੁਆਉਣ ਲਈ ਕੀ ਬਚਿਆ ਹੈ? ਇਹ ਬਿਨਾਂ ਹਥਿਆਰਾਂ ਤੋਂ ਚੱਲਦਾ ਜਹਾਦ ਜਾਪਦਾ ਹੈ ਜਿਸ ਵਿਚ ਸ਼ਹਾਦਤ, ਹੂਰਾਂ, ਜੰਨਤ ਅਤੇ ਤਹੂਰ ਮੌਤ ਤੋਂ ਬਾਅਦ ਨਹੀਂ ਮਿਲਣਾ ਸਗੋਂ ਥੁੜ੍ਹਾਂ ਦਾ ਤੋੜ ਫਾਨੀ ਸੰਸਾਰ ਵਿਚ ਲੱਭਣ ਲਈ ਸਭ ਕੁਝ ਦਾਅ ਉਤੇ ਲਗਾ ਦਿੱਤਾ ਗਿਆ ਹੈ।
ਇਹ ਮਨੁੱਖੀ ਜਹਾਦ ਹੈ ਜੋ ਹਰ ਰੰਗ, ਨਸਲ, ਬੋਲੀ ਅਤੇ ਸੋਚ ਦੀਆਂ ਹੱਦਾਂ ਪਾਰ ਕਰ ਕੇ ਮਨੁੱਖ ਨੰਗੇ ਧੜ ਕਰ ਰਿਹਾ ਹੈ। ਸੀਰੀਆ ਵਿਚੋਂ ਜਾਨ ਬਚਾ ਕੇ, ਇਥੋਪੀਆ ਵਿਚ ਉਜੜ ਕੇ, ਲੀਬੀਆ ਤੋਂ ਭੱਜ ਕੇ ਅਤੇ ਬੰਗਲਾਦੇਸ਼ੀ ਦੀ ਮੰਦਹਾਲੀ ਤੋਂ ਪਰੇਸ਼ਾਨ ਹੋ ਕੇ ਬੰਦੇ ਇਟਲੀ ਵਿਚ ਮਾਲਟਾ ਨੂੰ ਜਾਂਦੀ ਕਿਸ਼ਤੀ ਵਿਚ ਇਕੱਠੇ ਹੋ ਜਾਂਦੇ ਹਨ। ਰੂਮ ਸਾਗਰ ਵਿਚ ਮੱਛੀਆਂ ਦੀ ਖ਼ੁਰਾਕ ਬਣ ਗਏ ਜੀਆਂ ਦੀ ਪਛਾਣ ਕਿਸੇ ਮੁਲਕ ਨਾਲ ਨਹੀਂ ਜੁੜਦੀ। ਇਨ੍ਹਾਂ ਦੀ ਮੁਲਕ-ਬਦਰੀ ਮੁਲਕ ਨਾਮ ਦੀ ਧਾਰਨਾ ਉਤੇ ਸੁਆਲ ਹੈ। ਮੁਲਕ ਮਨੁੱਖ ਨੇ ਬਣਾਇਆ ਹੈ ਜੋ ਆਪਣੀ ਤਾਕਤ ਦਾ ਕੋਹਜਾ ਪ੍ਰਗਟਾਵਾ ਮਨੁੱਖੀ ਪਿੰਡੇ ਉਤੇ ਕਰ ਰਿਹਾ ਹੈ। ਕੱਲ੍ਹ ਦੇ ਗ਼ੁਲਾਮ ਮੁਲਕ ਮੌਜੂਦਾ ਦੌਰ ਵਿਚ ਬਸਤਾਨ ਮੁਲਕਾਂ ਦੇ ਦਰਬਾਨ ਬਣ ਗਏ ਹਨ। ਕਾਨੂੰਨੀ ਦੀ ਹਰ ਤਬਦੀਲੀ ਅਤੇ ਹਰ ਰਿਆਇਤ ਉਤੇ ਦਾਅਵੇਦਾਰੀ ਵਿਚ ਪਹਿਲ ਬਸਤਾਨ ਮੁਲਕਾਂ ਨੂੰ ਮਿਲ ਰਹੀ ਹੈ। ਜਦੋਂ ਇਸ ਹਾਲਤ ਵਿਚ ਮਨੁੱਖ ਅੰਦਰਲੀ ਖ਼ਾਨਾਜੰਗੀ ਘਰ ਅਤੇ ਰਿਸ਼ਤੇਦਾਰੀਆਂ ਵਰਗੀ ਹਰ ਧਾਰਨਾ ਨੂੰ ਬੇਮਾਅਨਾ ਕਰਦੀ ਹੋਈ ਆਖ਼ਰੀ ਮੌਕੇ ਦੀ ਭਾਲ ਵਿਚ ਹੈ ਤਾਂ ਰੂਮ ਸਾਗਰ ਵਿਚ ਤਰਦੀਆਂ ਲਾਸ਼ਾਂ ਦਾ ਲਾਵਾਰਿਸ ਰਹਿ ਜਾਣਾ ਸੁਭਾਵਿਕ ਵੀ ਹੋ ਸਕਦਾ ਹੈ। ਉਂਜ ਇੰਟਰਨੈਸ਼ਨਲ ਕਨਸੋਰਟੀਅਮ ਆਫ਼ ਇੰਵੈਸਟੀਗੇਟਿੰਗ ਜਰਨਲਿਸਟ ਦੇ ਅਧਿਐਨ ਦਾ ਵਿਸ਼ਾ ਬਣੇ ਜਿਨ੍ਹਾਂ 14 ਮੁਲਕਾਂ ਵਿਚ ਇੱਕ ਨਾਮ ਭਾਰਤ ਹੈ। ਰੂਮ ਸਾਗਰ ਵਿਚ ਕਾਮਾਗਾਟਾ ਮਾਰੂ ਦੀ ਵਿਰਾਸਤ ਗੋਤੇ ਖਾ ਰਹੀ ਹੈ। ਕੀ ਇਹ ਵਿਰਾਸਤ ਜੂਹਬੰਦ ਕੀਤੇ ਜਾਣ ਦੇ ਹਰ ਤਰੱਦਦ ਤੋਂ ਨਾਬਰ ਹੈ? ਜੇ ਨਾਬਰ ਹੈ ਤਾਂ ਇਹ ਵਿਰਾਸਤ ਕਿਸ ਦੀ ਹੈ?