ਧਰਮ ਨਿਰਪੇਖਤਾ, ਸਮਾਜਿਕ ਨਿਆਉਂ ਅਤੇ ਗਦਰੀ ਯੋਧੇ

ਡਾæ ਗੁਰਨਾਮ ਕੌਰ, ਕੈਨੇਡਾ
‘ਪੰਜਾਬ ਟਾਈਮਜ਼’ ਦੇ 18 ਅਪਰੈਲ ਦੇ ਅੰਕ ਵਿਚ ‘ਮੋਦੀ ਦਾ ਮਿਹਣਾ’ ਸਿਰਲੇਖ ਹੇਠ ਸੰਪਾਦਕੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਮੋਦੀ ਨੇ ਆਪਣੇ ਜਰਮਨ ਦੌਰੇ ਸਮੇਂ ‘ਸੰਸਕ੍ਰਿਤ ਦੇ ਬਹਾਨੇ ਧਰਮ ਨਿਰਪੇਖੀਆਂ ਨੂੰ ਮਿਹਣਾ ਮਾਰਿਆ ਹੈ ਕਿ ਸੰਸਕ੍ਰਿਤ ਅਤੇ ਧਰਮ ਨਿਰਪੱਖਤਾ ਨਾਲੋ ਨਾਲ ਨਹੀਂ ਚੱਲ ਸਕਦੇ।’

ਇਸੇ ਸੰਦਰਭ ‘ਚ ਅੱਗੇ ਲਿਖਿਆ ਹੈ, ‘ਭਾਰਤ ‘ਚ ਧਰਮ ਨਿਰਪੱਖਤਾ ਦਾ ਅਰਥ ਹਰ ਧਰਮ ਦੇ ਬਰਾਬਰ ਸਤਿਕਾਰ ਤੋਂ ਲਿਆ ਜਾਂਦਾ ਹੈ। ਇਸ ਸਿਲਸਿਲੇ ਵਿਚ 20ਵੀਂ ਸਦੀ ਦੇ ਸਭ ਤੋਂ ਮਹਾਨ ਧਰਮ ਨਿਰਪੇਖੀ ਸਾਬਤ ਹੋਏ ਗਦਰੀ ਯੋਧਿਆਂ ਦਾ ਜ਼ਿਕਰ ਕਰਨਾ ਬਣਦਾ ਹੈ। ਪਰਦੇਸੀਂ ਬੈਠੇ ਇਨ੍ਹਾਂ ਯੋਧਿਆਂ ਜਦੋਂ ਆਪਣਾ ਵਤਨ ਆਜ਼ਾਦ ਕਰਵਾਉਣ ਦੀ ਮੁਹਿੰਮ ਵਿੱਢੀ ਤਾਂ ਧਰਮ ਨੂੰ ਨਿਜੀ ਮਸਲਾ ਮੰਨਿਆ ਅਤੇ ਇਕ-ਦੂਜੇ ਦੇ ਧਰਮ ਨੂੰ ਬਰਾਬਰ ਦਾ ਸਤਿਕਾਰ ਦੇਣ ਦਾ ਪ੍ਰਣ ਦ੍ਰਿੜਾਇਆ। ਇਹ ਜ਼ਿਕਰ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਗਦਰੀ ਯੋਧਿਆਂ, ਜਿਨ੍ਹਾਂ ‘ਚੋਂ ਬਹੁਤੇ ਸਿੱਖ ਪਿਛੋਕੜ ਵਾਲੇ ਸਨ, ਨੂੰ ਸਿੱਖ ਸਾਬਤ ਕਰਨ ਲਈ ਅੱਜ-ਕਲ੍ਹ ਮੁਹਿੰਮਾਂ ਛਿੜੀਆਂ ਹੋਈਆਂ ਹਨ ਅਤੇ ਮੋਦੀ ਵਾਂਗ ਸਿੱਖ ਭਾਈਚਾਰੇ ਨਾਲ ਸਬੰਧਤ ਇਕ ਸਿੱਖ ਤਬਕੇ ਨੂੰ ਵੀ ਧਰਮ ਨਿਰਪੱਖਤਾ ਬਾਬਤ ਕੁਝ ਵਧੇਰੇ ਹੀ ਇਤਰਾਜ਼ ਹਨ।
ਇਹ ਸੰਪਾਦਕੀ ਪੜ੍ਹ ਕੇ ਮੇਰੇ ਮਨ ਵਿਚ ਕਈ ਪ੍ਰਸ਼ਨ ਪੈਦਾ ਹੋਏ ਹਨ, ਜਿਨ੍ਹਾਂ ਵਿਚੋਂ ਕੁਝ ਪ੍ਰਸ਼ਨ ਆਰæ ਐਸ਼ ਐਸ਼ ਵਲੋਂ ਨਿੱਤ ਦਿਹਾੜੇ ਰੰਗ-ਬਿਰੰਗੇ ਕੀਤੇ ਜਾਣ ਵਾਲੇ ਐਲਾਨਨਾਮਿਆਂ ਨਾਲ ਸਬੰਧਤ ਹਨ ਜਿਵੇਂ ਹਿੰਦੁਸਤਾਨ ਵਿਚ ਰਹਿਣ ਵਾਲੇ ਸਾਰੇ ਹਿੰਦੂ ਹਨ, ਮਿਸ਼ਨਰੀਆਂ ਨੂੰ ਹਿੰਦੁਸਤਾਨ ਛੱਡ ਕੇ ਵਾਪਸ ਚਲੇ ਜਾਣਾ ਚਾਹੀਦਾ ਹੈ, ਮੁਸਲਮਾਨਾਂ ਨੂੰ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ, ਵਗੈਰਾ ਵਗੈਰਾ। ਉਪਰ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਅਤੇ ਸੰਪਾਦਕੀ ਵਿਚ ਗਦਰੀ ਬਾਬਿਆਂ ਨੂੰ ਸਿੱਖ ਸਾਬਤ ਕਰਨ ਉਤੇ ਇਤਰਾਜ਼ਾਂ ਸਬੰਧੀ ਹਨ। ਉਪਰ ਦੱਸੇ ਇਹ ਸਾਰੇ ਮੁੱਦੇ ਵਾਰ-ਵਾਰ ਉਠ ਰਹੇ ਹਨ।
ਕੈਨੇਡਾ ‘ਚ ਤਨਖਾਹਦਾਰ ਪ੍ਰਚਾਰਕ ਇਸਾਈ ਧਰਮ ਦੇ ਪ੍ਰਚਾਰ ਹਿਤ ਛਪੇ ਹੋਏ ਕਿਤਾਬਚੇ ਲੈ ਕੇ ਸਮੇਂ ਸਮੇਂ, ਖਾਸ ਕਰਕੇ ਜਦੋਂ ਉਨ੍ਹਾਂ ਦਾ ਕੋਈ ਇਕੱਠ ਹੋਣਾ ਹੋਵੇ, ਵੱਖ ਵੱਖ ਗਿਰਜਾ-ਘਰਾਂ ਜਾਂ ਸੰਸਥਾਵਾਂ ਵਲੋਂ ਆਮ ਹੀ ਘਰ-ਘਰ ਆ ਕੇ ਸੰਪਰਕ ਕਰਦੇ ਹਨ। ਉਨ੍ਹਾਂ ਵਿਚ ਭਾਰਤੀ ਕੈਨੇਡੀਆਨ ਵੀ ਹੁੰਦੇ ਹਨ ਅਤੇ ਗੋਰੇ ਲੋਕ ਵੀ ਹੁੰਦੇ ਹਨ। ਆਮ ਤੌਰ ‘ਤੇ ਦੋ ਜਾਣੇ ਇਸਤਰੀ ਜਾਂ ਪੁਰਸ਼ ਹੁੰਦੇ ਹਨ। ਇਸ ‘ਗੁੱਡ ਫਰਾਈ ਡੇ’ ਤੋਂ ਦੋ ਕੁ ਦਿਨ ਪਹਿਲਾਂ ਸਾਡੇ ਦਰਵਾਜ਼ੇ ‘ਤੇ ਇੱਕ ਗੋਰੀ ਇਸਤਰੀ ਤੇ ਪੁਰਸ਼ ਨੇ ਦਸਤਕ ਦਿੱਤੀ ਤਾਂ ਮੈਂ ਬਾਹਰ ਨਿਕਲੀ। ਉਨ੍ਹਾਂ ਨੇ ਮੈਨੂੰ ‘ਵਿਸ਼’ ਕੀਤਾ ਤਾਂ ਮੈਂ ਅੰਗਰੇਜ਼ੀ ਵਿਚ ਉਤਰ ਦਿੱਤਾ। ਉਹ ਇਸ ਗੱਲ ਤੋਂ ਖੁਸ਼ ਹੋਏ ਕਿ ਮੈਂ ਉਨ੍ਹਾਂ ਦੀ ਅੰਗਰੇਜ਼ੀ ਵਿਚ ਕੀਤੀ ਗੱਲਬਾਤ ਚੰਗੀ ਤਰ੍ਹਾਂ ਸਮਝ ਰਹੀ ਸਾਂ। ਪਹਿਲੀ ਗੱਲ ਉਨ੍ਹਾਂ ਨੇ ਇਹ ਕਹੀ ਕਿ ਕੈਨੇਡਾ ਇੱਕ ਸੈਕੂਲਰ (ਧਰਮ-ਨਿਰਪੇਖ) ਮੁਲਕ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਸਾਂਝੇ ਭਾਈਚਾਰੇ ਦੇ ਤੌਰ ‘ਤੇ ਰਹਿੰਦੇ ਹਨ। ਉਨ੍ਹਾਂ ਨੇ ਕੀਤੇ ਜਾਣ ਵਾਲੇ ਇਕੱਠ ਵਿਚ ਆਉਣ ਲਈ ਸੱਦਾ ਦਿੰਦਿਆਂ ਪੰਜਾਬੀ ਤੇ ਅੰਗਰੇਜ਼ੀ ਵਿਚ ਛਪੇ ਪੈਂਫਲੈਟ ਦਿੱਤੇ ਅਤੇ ਨਾਲ ਹੀ ਕਿਹਾ ਕਿ ਤੁਹਾਨੂੰ ਤੁਹਾਡੀ ਬੋਲੀ ਵਿਚ ਸਭ ਕੁਝ ਸਮਝਾਇਆ ਜਾਵੇਗਾ ਅਤੇ ਦੁਨੀਆਂ ਦੀਆਂ ਬਹੁਤ ਬੋਲੀਆਂ ‘ਚ ਸੰਦੇਸ਼ ਸਮਝਾਇਆ ਜਾਵੇਗਾ। ਉਨ੍ਹਾਂ ਨੇ ਕੁਝ ਪੰਨਿਆਂ ਦੇ ਛਪੇ ਇੱਕ ਕਿਤਾਬਚੇ ਵਿਚੋਂ ਅਧਿਆਤਮਕਤਾ ਨਾਲ ਸਬੰਧਤ ਕੁਝ ਟੂਕਾਂ ਪੜ੍ਹਦਿਆਂ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਸਭ ਨਿਰੋਲ ‘ਸਪਿਰਚੁਅਲ’ ਅਰਥਾਤ ਅਧਿਆਤਮਕ ਹੈ ਜਿਸ ਦੀ ਮਨੁੱਖਤਾ ਨੂੰ ਜ਼ਰੂਰਤ ਹੈ, ਅਧਿਆਤਮਕਤਾ ਤੋਂ ਬਿਨਾਂ ਇਸ ਵਿਚ ਹੋਰ ਕੁਝ ਨਹੀਂ ਹੈ। ਜਦੋਂ ਮੈਂ ਵਿਸ਼ੇ ਨਾਲ ਸਬੰਧਤ ਬਾਣੀ ਦੀਆਂ ਕੁਝ ਤੁਕਾਂ ਦੱਸਦਿਆਂ ਅਰਥ ਸਮਝਾਇਆ ਕਿ ਸਿੱਖ ਧਰਮ ਵੀ ਸਾਂਝੀਵਾਲਤਾ, ਮਨੁੱਖੀ ਭਾਈਚਾਰੇ ਦੀ ਸਹਿਹੋਂਦ ਵਿਚ ਵਿਸ਼ਵਾਸ ਕਰਦਾ ਹੈ ਤਾਂ ਉਨ੍ਹਾਂ ਨੇ ਕੋਈ ਕਿੰਤੂ-ਪ੍ਰੰਤੂ ਨਹੀਂ ਕੀਤਾ। ਜਾਂਦੇ ਸਮੇਂ ਮੈਨੂੰ ਮੇਰੇ ਨਾਂ ਦੇ ਅਰਥ ਪੁੱਛੇ ਤੇ ਇਹ ਵੀ ਪੁੱਛਿਆ ਕਿ ਅਸੀਂ ਕਿਸੇ ਨੂੰ ਮਿਲਣ ਵੇਲੇ ਕੀ ਕਹਿੰਦੇ ਹਾਂ ਅਤੇ ਅਲਵਿਦਾ ਵੇਲੇ ਆਪਣੀ ਬੋਲੀ ਵਿਚ ਕੀ ਕਹਿੰਦੇ ਹਾਂ। ਜਦੋਂ ਮੈਂ ਦੱਸਿਆ ਕਿ ਅਸੀਂ ‘ਸਤਿ ਸ੍ਰੀ ਅਕਾਲ’ ਬੋਲਦੇ ਹਾਂ ਤਾਂ ਉਨ੍ਹਾਂ ਨੇ ਇਸ ਸ਼ਬਦ ਨੂੰ ਪੂਰਾ ਰੱਟਾ ਲਾਇਆ, ਹੱਥ ਜੋੜ ਕੇ ਕਹਿਣ ਦਾ ਅਭਿਆਸ ਕੀਤਾ ਅਤੇ ਬੜੇ ਪਿਆਰ ਨਾਲ ਮੇਰੇ ਕੋਲੋਂ ਵਿਦਾ ਲਈ।
ਹਿੰਦੂ, ਹਿੰਦੀ ਤੇ ਹਿੰਦੁਸਤਾਨ ਦੇ ਵਿਸਤ੍ਰਿਤ ਅਰਥਾਂ ‘ਚ ਪੈਣ ਨਾਲੋਂ ਇਹ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਹਿੰਦੂਤਵ ਦੇ ਮੁੱਦਈ ਕਿਹੜੇ ਹਿੰਦੂਆਂ ਦੀ ਗੱਲ ਕਰਦੇ ਹਨ? ਸਵਰਨ ਜਾਤੀਆਂ ਜਾਂ ਉਨ੍ਹਾਂ ਹਿੰਦੂ ਕਹੀਆਂ ਜਾਣ ਵਾਲੀਆਂ ਪੱਛੜੀਆਂ ਅਤੇ ਦਲਿਤ ਜਾਤੀਆਂ ਨਾਲ ਸਬੰਧਤ ਭਾਰਤ ਵਾਸੀਆਂ ਦੀ, ਜਿਨ੍ਹਾਂ ਨੂੰ ਸਦੀਆਂ ਤੋਂ ਆਮ ਮਨੁੱਖ ਵਾਲਾ ਦਰਜ਼ਾ ਵੀ ਨਹੀਂ ਦਿੱਤਾ ਜਾਂਦਾ ਰਿਹਾ? ਅਤੇ ਜਿਨ੍ਹਾਂ ਦੀ ਗਿਣਤੀ ਭਾਰਤੀ ਮੁੱਠੀ ਭਰ ਸਵਰਨ ਜਾਤੀਆਂ ਨਾਲੋਂ ਕਈ ਗੁਣਾਂ ਵੱਧ ਹੈ। ਉਨ੍ਹਾਂ ਦੱਬੇ ਕੁਚਲੇ ਲੋਕਾਂ ਪ੍ਰਤੀ ਜੋ ਰਵੱਈਆ ਰਿਹਾ ਹੈ, ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਮਿਲ ਜਾਂਦੀਆਂ ਹਨ। ਭਗਤ ਨਾਮਦੇਵ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ, ਜਾਤ ਦੇ ‘ਛੀਂਬਾ’ ਸਨ ਅਤੇ ਹਿੰਦੂ ਸ਼ਾਸਤਰਾਂ ਵਿਚ ਦਿੱਤੀ ਵਰਣ-ਵੰਡ ਅਨੁਸਾਰ ਬ੍ਰਾਹਮਣ ਅਤੇ ਖੱਤਰੀ ਜਾਤ ਹੀ ਸਵਰਣ ਜਾਤਾਂ ਵਿਚ ਸ਼ਾਮਲ ਹਨ, ਬਾਕੀ ਸਭ ਜਾਤਾਂ ਨੀਵਾਂ ਦਰਜਾ ਰੱਖਦੀਆਂ ਹਨ।
ਭਗਤ ਨਾਮ ਦੇਵ ਰਾਗ ਮਲਾਰ ਵਿਚ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ, ਹੇ ਸੁਹਣੇ ਰਾਮ ਤੂੰ ਮੈਨੂੰ ਆਪਣੇ ਮਨ ਤੋਂ ਨਾ ਵਿਸਾਰੀਂ, ਮੈਨੂੰ ਭੁਲਾਵੀਂ ਨਾ। ਉਹ ਅੱਗੇ ਬਿਆਨ ਕਰਦੇ ਹਨ ਕਿ ਉਨ੍ਹਾਂ ਪੰਡਿਤਾਂ ਨੂੰ ਇਹ ਵਹਿਮ ਹੋ ਗਿਆ ਹੈ ਕਿ ਇਹ ਉਚੀ ਜਾਤ ਦੇ ਹਨ, ਇਸ ਲਈ ਇਹ ਸਾਰੇ ਮੇਰੇ ਨਾਲ ਗੁੱਸੇ ਹੋ ਗਏ ਹਨ (ਕਿਉਂਕਿ ਪੰਡਤ ਇਹ ਬਰਦਾਸ਼ਤ ਹੀ ਨਹੀਂ ਕਰ ਸਕਦਾ ਸੀ ਕਿ ਉਨ੍ਹਾਂ ਵਲੋਂ ਥਾਪੀ ਗਈ ਛੋਟੀ ਕਹੀ ਜਾਣ ਵਾਲੀ ਜਾਤ ਦਾ ਕੋਈ ਵਿਅਕਤੀ ਪਰਮਾਤਮਾ ਦਾ ਨਾਮ ਜਪਣ ਜਾਂ ਉਸ ਦੀ ਭਗਤੀ ਜਾਂ ਪੂਜਾ ਆਦਿ ਕਰਨ ਦਾ ਹੱਕ ਵੀ ਰੱਖਦਾ ਹੈ। ਇਸ ਕਿਸਮ ਦੀਆਂ ਉਦਾਹਰਣਾਂ ਹਿੰਦੂ ਸ਼ਾਸਤਰਾਂ, ਰਮਾਇਣ ਅਤੇ ਮਹਾਂਭਾਰਤ ਵਰਗੇ ਗ੍ਰੰਥਾਂ ਵਿਚੋਂ ਆਮ ਮਿਲ ਜਾਂਦੀਆਂ ਹਨ ਜਿਥੇ ਗੈਰ-ਬ੍ਰਾਹਮਣ ਜਾਂ ਗੈਰ-ਖੱਤਰੀ ਨੂੰ ਯੱਗ, ਪੂਜਾ ਆਦਿ ਕਰਨ ਅਤੇ ਸ਼ਾਸਤਰ ਤੇ ਸ਼ਸਤਰ ਵਿਦਿਆ ਸਿੱਖਣ ਦੇ ਅਧਿਕਾਰ ਤੋਂ ਮਹਿਰੂਮ ਰੱਖਿਆ ਗਿਆ ਹੈ। ਨਾ ਹੀ ਉਨ੍ਹਾਂ ਨੂੰ ਧਰਮ ਗ੍ਰੰਥ ਪੜ੍ਹਨ, ਧਾਰਮਿਕ ਸਿੱਖਿਆ ਲੈਣ ਜਾਂ ਸੰਸਕ੍ਰਿਤ ਬੋਲੀ ਪੜ੍ਹਨ-ਸਿੱਖਣ ਦਾ ਅਧਿਕਾਰ ਸੀ)। ਭਗਤ ਨਾਮ ਦੇਵ ਕਹਿੰਦੇ ਹਨ, ਉਨ੍ਹਾਂ ਨੇ ਅਛੂਤ ਅਛੂਤ ਆਖ ਆਖ ਕੇ ਮੈਨੂੰ ਮਾਰ-ਕੁੱਟ ਕੇ ਉਠਾ ਦਿੱਤਾ ਹੈ; ਹੇ ਮੇਰੇ ਬੀਠੁਲਾ (ਪਰਮਾਤਮਾ) ਪਿਤਾ ਉਨ੍ਹਾਂ ਅੱਗੇ ਮੇਰੀ ਇਕੱਲੇ ਦੀ ਕੋਈ ਵਾਹ ਨਹੀਂ ਚਲਦੀ,
ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ॥
ਤੂ ਨ ਬਿਸਾਰੇ ਰਾਮਈਆ॥੧॥ਰਹਾਉ॥
ਆਲਾਵੰਤੀ ਇਹੁ ਭ੍ਰਮੁ ਜੋ ਹੈ
ਮੁਝ ਊਪਰਿ ਸਭ ਕੋਪਿਲਾ॥
ਸੂਦੁ ਸੂਦੁ ਕਰਿ ਮਾਰਿ ਉਠਾਇਓ
ਕਹਾ ਕਰਉ ਬਾਪ ਬੀਠੁਲਾ॥੧॥
(ਪੰਨਾ ੧੨੯੨)
ਭਗਤ ਨਾਮ ਦੇਵ ਅੱਗੇ ਆਪਣੇ ਪਰਮਾਤਮਾ ਨੂੰ ਸੰਬੋਧਨ ਕਰਦੇ ਹਨ, ਹੇ ਰੱਬ ਜੀ ਜੇ ਤੂੰ ਮੈਨੂੰ ਮਰਨ ਉਪਰੰਤ ਮੁਕਤੀ ਦੇ ਦਿੱਤੀ ਤਾਂ ਤੇਰੀ ਇਸ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ। ਭਾਵ ਜੋ ਕੁਝ ਮਿਲਣਾ ਹੈ ਉਹ ਜਿਉਂਦਿਆਂ ਮਿਲੇ; ਜਿਉਂਦਿਆਂ ਤਾਂ ਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ ਅਤੇ ਉਨ੍ਹਾਂ ਦੇ ਮੈਨੂੰ ਨੀਚ ਕਹਿਣ ਨਾਲ ਤੇਰੀ ਹੀ ਇੱਜ਼ਤ ਘੱਟ ਰਹੀ ਹੈ (ਕਿਉਂਕਿ ਪਰਮਾਤਮਾ ਦੀ ਭਗਤੀ ਕਰਨ ਵਾਲਾ ਕੋਈ ਨੀਚ ਕਿਵੇਂ ਰਹਿ ਸਕਦਾ ਹੈ। ਗੁਰਬਾਣੀ ਅਨੁਸਾਰ ਹਰ ਇੱਕ ਅੰਦਰ ਉਸ ਅਕਾਲ ਪੁਰਖ ਦੀ ਜੋਤਿ ਵੱਸ ਰਹੀ ਹੈ, ਫਿਰ ਕੋਈ ਵੀ ਮਨੁੱਖ ਜਨਮ ਕਰਕੇ ਉਚਾ ਜਾਂ ਨੀਵਾਂ ਕਿਵੇਂ ਹੋਇਆ? ਅਤੇ ‘ਹਰਿ’ ਦਾ ਜਨ ਹਰਿ ਜੇਹਾ ਹੋ ਜਾਂਦਾ ਹੈ, ਅਰਥਾਤ ਜਿਸ ਕਿਸਮ ਦੇ ਇਸ਼ਟ ਦੀ ਮਨੁੱਖ ਅਰਾਧਨਾ ਕਰਦਾ ਹੈ, ਉਹ ਉਸੇ ਇਸ਼ਟ ਦਾ ਰੂਪ ਹੋ ਜਾਂਦਾ ਹੈ, ਉਸ ਵਰਗਾ ਹੀ ਹੋ ਜਾਂਦਾ ਹੈ)। ਭਗਤ ਨਾਮ ਦੇਵ ਕਹਿੰਦੇ ਹਨ ਕਿ ਹੇ ਪਰਮਾਤਮਾ! ਤੂੰ ਜੋ ਬਹੁਤ ਬਲੀ ਤੇ ਬੇਅੰਤ ਹੈ, ਸਭ ਤੇ ਕਿਰਪਾ ਕਰਨ ਵਾਲਾ ਅਤੇ ਮਿਹਰ ਦਾ ਘਰ ਹੈਂ, ਤੂੰ ਮੇਰੀ ਨਾਮਦੇਵ ਦੀ ਅਰਦਾਸ ਸੁਣ ਕੇ ਦੇਹੁਰਾ ਮੇਰੇ ਵੱਲ ਫੇਰ ਦਿੱਤਾ ਅਤੇ ਪਾਂਡਿਆਂ ਵੱਲ ਪਿੱਠ ਹੋ ਗਈ,
ਮੂਏ ਹੂਏ ਜਉ ਮੁਕਤਿ ਦੇਹੁਗੇ
ਮੁਕਤਿ ਨ ਜਾਨੈ ਕੋਇਲਾ॥
ਏ ਪੰਡੀਆ ਮੋ ਕਉ ਢੇਢ ਕਹਤ
ਤੇਰੀ ਪੈਜ ਪਿਛੰਉਡੀ ਹੋਇਲਾ॥੨॥
ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ
ਅਤਿਭੁਜ ਭਇਓ ਅਪਾਰਲਾ॥
ਫੇਰਿ ਦੀਆ ਦੇਹੁਰਾ ਨਾਮੇ ਕਉ
ਪੰਡੀਅਨ ਕਉ ਪਿਛਵਾਰਲਾ॥੩॥੨॥
(ਪੰਨਾ ੧੨੯੨-੯੩)
ਭਗਤ ਨਾਮਦੇਵ ਦੇ ਸ਼ਬਦ ਦੇ ਨਾਲ ਹੀ ਅੱਗੇ ਇਸੇ ਰਾਗ ਵਿਚ ਭਗਤ ਰਵੀਦਾਸ ਦਾ ਸ਼ਬਦ ਹੈ। ਭਗਤ ਰਵਿਦਾਸ ਵੀ ਵਰਣ ਵੰਡ ਅਨੁਸਾਰ ਉਸ ਜਾਤ ਨਾਲ ਸਬੰਧਤ ਹਨ ਜਿਸ ਨੂੰ ਹਿੰਦੂ ਸ਼ਾਸਤਰਾਂ ਅਨੁਸਾਰ ਬਹੁਤ ਨੀਵਾਂ ਸਮਝਿਆ ਜਾਂਦਾ ਹੈ ਅਤੇ ਭਗਤ ਰਵਿਦਾਸ ਦੱਸਦੇ ਹਨ, ਹੇ ਨਗਰ ਦੇ ਰਹਿਣ ਵਾਲਿਓ! ਇਹ ਗੱਲ ਤਾਂ ਮੰਨੀ ਹੋਈ ਹੈ ਕਿ ਮੇਰੀ ਜਾਤ ਚਮਿਆਰ ਹੈ (ਜਿਸ ਨੂੰ ਨਗਰ ਨਿਵਾਸੀ ਨੀਵੀਂ ਸਮਝਦੇ ਹਨ)। ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਦਾ ਸਿਮਰਨ ਕਰਦਾ ਹਾਂ। ਗੰਗਾ ਦੇ ਪਾਣੀ ਤੋਂ ਬਣਾਇਆ ਹੋਇਆ (ਗੰਗਾ ਦੇ ਪਾਣੀ ਨੂੰ ਪਵਿੱਤਰ ਸਮਝਿਆ ਜਾਂਦਾ ਹੈ) ਸ਼ਰਾਬ ਵੀ ਸੰਤ-ਜਨ (ਗੁਰਮੁਖਿ) ਨਹੀਂ ਪੀਂਦੇ। ਅਪਵਿੱਤਰ ਸ਼ਰਾਬ ਅਤੇ ਹੋਰ ਗੰਦਾ ਪਾਣੀ ਗੰਗਾ ਵਿਚ ਮਿਲ ਕੇ ਵੱਖਰੇ ਨਹੀਂ ਰਹਿੰਦੇ। ਤਾੜੀ ਦੇ ਰੁੱਖ ਅਪਵਿੱਤਰ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਰੁੱਖਾ ਤੋਂ ਬਣੇ ਕਾਗਜ਼ਾਂ ਨੂੰ ਵੀ ਅਪਵਿੱਤਰ ਮੰਨਿਆ ਜਾਂਦਾ ਹੈ ਪਰ ਜਦੋਂ ਉਨ੍ਹਾਂ ਕਾਗਜ਼ਾਂ ‘ਤੇ ਪਰਮਾਤਮਾ ਦਾ ਨਾਮ ਲਿਖਿਆ ਜਾਂਦਾ ਹੈ ਤਾਂ ਇਹ ਲੋਕ ਉਨ੍ਹਾਂ ਦੀ ਪੂਜਾ ਕਰਦੇ ਹਨ। (ਇਸੇ ਤਰ੍ਹਾ ਪਰਮਾਤਮਾ ਦੀ ਭਗਤੀ ਕਰਨ ਵਾਲਾ ਪਵਿੱਤਰ ਹੋ ਜਾਂਦਾ ਹੈ।)
ਭਗਤ ਰਵਿਦਾਸ ਅੱਗੇ ਬਿਆਨ ਕਰਦੇ ਹਨ ਕਿ ਮੇਰੀ ਜਾਤ ਦੇ ਲੋਕ ਚੰਮ ਕੁੱਟਣ ਤੇ ਵੱਢਣ ਵਾਲੇ ਬਨਾਰਸ ਦੇ ਆਸ-ਪਾਸ ਵੱਸੇ ਹੋਏ ਹਨ ਅਤੇ ਹਰ ਰੋਜ਼ ਮੋਏ ਹੋਏ ਪਸ਼ੂਆਂ ਨੂੰ ਢੋਂਦੇ ਹਨ ਅਰਥਾਤ ਨਗਰ ਤੋਂ ਬਾਹਰ ਲੈ ਜਾ ਕੇ ਸਮੇਟਣ ਦਾ ਕੰਮ ਕਰਦੇ ਹਨ। ਪਰ ਉਸ ਜਾਤ ਵਿਚ ਪੈਦਾ ਹੋਇਆ ਤੇਰਾ ਇਹ ਸੇਵਕ ਰਵਿਦਾਸ ਤੇਰਾ ਨਾਮ ਸਿਮਰਨ ਕਰਦਾ ਹੈ, ਤੇਰੇ ਓਟ-ਆਸਰੇ ਵਿਚ ਆਇਆ ਹੈ, ਹੁਣ ਆਪਣੇ ਆਪ ਨੂੰ ਵੱਡਾ ਅਖਵਾਉਣ ਵਾਲੇ ਇਹ ਬ੍ਰਾਹਮਣ ਉਸ ਨੂੰ ਨਮਸਕਾਰ ਕਰਦੇ ਹਨ। ਜਿਹੜੇ ਮਨੁੱਖ ਉਸ ਪਰਮਾਤਮਾ ਦਾ ਸਿਮਰਨ ਕਰਦੇ ਹਨ, ਉਸ ਦੇ ਸੇਵਕ ਬਣ ਜਾਂਦੇ ਹਨ, ਉਨ੍ਹਾਂ ਨੂੰ ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਨਜ਼ਰ ਆਉਂਦਾ ਅਰਥਾਤ ਉਹ ਉਸ ਤੋਂ ਬਿਨਾ ਕਿਸੇ ਹੋਰ ਦੇ ਭੈ ਵਿਚ ਨਹੀਂ ਜਿਉਂਦੇ। ਉਨ੍ਹਾਂ ਨੂੰ ਉਹ ਇੱਕ ਪਰਮਾਤਮਾ ਹੀ ਅਨੇਕ ਰੂਪਾਂ ਵਿਚ ਵਿਆਪਕ ਨਜ਼ਰ ਆਉਂਦਾ ਹੈ, ਉਹ ਇੱਕ ਹੀ ਘਟ ਘਟ ਅੰਦਰ, ਹਰ ਸਰੀਰ ਵਿਚ ਵਾਪਰ ਰਿਹਾ ਨਜ਼ਰ ਆਉਂਦਾ ਹੈ। ਭਗਤ ਰਵਿਦਾਸ ਭਗਤ ਨਾਮਦੇਵ ਦਾ ਜ਼ਿਕਰ ਕਰਦੇ ਹਨ ਕਿ ਜਿਸ ਨਾਮਦੇਵ ਦੇ ਘਰ ਵਿਚ ਅਕਾਲ ਪੁਰਖ ਦਾ ਜਸ ਲਿਖਿਆ ਜਾ ਰਿਹਾ ਹੈ, ਉਸ ਦੀ ਸਿਫਤਿ-ਸਾਲਾਹ ਲਿਖੀ ਜਾ ਰਹੀ ਹੈ, ਉਥੇ ਕੁਝ ਹੋਰ ਨਜ਼ਰ ਨਹੀਂ ਆਉਂਦਾ; ਭਾਵੇਂ ਉਚੀ ਜਾਤ ਵਾਲਿਆਂ ਦੀ ਨਿਗਾਹ ਵਿਚ ਉਸ ਦੀ ਜਾਤ ਛੀਂਬਾ ਹੈ ਅਤੇ ਉਹ ਅਛੂਤ ਹੈ। ਵਿਆਸ ਰਿਸ਼ੀ, ਸਨਕ ਆਦਿ ਵਲੋਂ ਲਿਖਿਆ ਮਿਲਦਾ ਹੈ ਕਿ ਪਰਮਾਤਮਾ ਦੇ ਨਾਮ ਦੀ ਵਡਿਆਈ ਸੱਤਾਂ ਦੀਪਾਂ ਵਿਚ ਹੁੰਦੀ ਹੈ ਭਾਵ ਸਾਰੇ ਸੰਸਾਰ ਵਿਚ ਪਰਮਾਤਮਾ ਦੇ ਨਾਮ ਦੀ ਹੀ ਉਪਮਾ ਹੁੰਦੀ ਹੈ,
ਨਾਗਰ ਜਨਾਂ ਮੇਰੀ ਜਾਤਿ
ਬਿਖਿਆਤ ਚੰਮਾਰੰ॥
ਰਿਦੈ ਰਾਮ ਗੋਬਿੰਦ ਗੁਨ ਸਾਰੰ॥੧॥ਰਹਾਉ॥
ਸੁਰਸੁਰੀ ਸਲਲ ਕ੍ਰਿਤ ਬਾਰੁਨੀ
ਰੇ ਸੰਤ ਜਨ ਕਰਤ ਨਹੀ ਪਾਨੰ॥
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ
ਸੁਰਸਰੀ ਮਿਲਤ ਨਹਿ ਹੋਇ ਆਨੰ॥੧॥
ਤਰ ਤਾਰਿ ਅਪਵਿਤ੍ਰ ਕਰਿ ਮਾਨੀਐ
ਰੇ ਜੈਸੇ ਕਾਗਰਾ ਕਰਤ ਬੀਚਾਰੰ॥
ਭਗਤਿ ਭਾਗਉਤੁ ਲਿਖੀਐ
ਤਿਹ ਊਪਰੈ ਪੂਜੀਐ ਕਰਿ ਨਮਸਕਾਰੰ॥੨॥
ਹਰਿ ਜਪਤ ਤੇਊ ਜਨਾ ਪਦਮ ਕਵਲਾਸਪਤਿ
ਤਾਸ ਸਮ ਤੁਲਿ ਨਹੀ ਆਨ ਕੋਊ॥
ਏਕ ਹੀ ਏਕ ਅਨੇਕ ਹੋਇ ਬਿਸਥਰਿਓ
ਆਨ ਰੇ ਆਨ ਭਰਪੂਰਿ ਸੋਊ॥ਰਹਾਉ॥
ਜਾ ਕੈ ਭਾਗਵਤੁ ਲੇਖੀਐ
ਅਵਰੁ ਨਹੀ ਪੇਖੀਐ
ਤਾਸ ਕੀ ਜਾਤਿ ਆਛੋਪ ਛੀਪਾ॥
ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ
ਨਾਮ ਕੀ ਨਾਮਨਾ ਸਪਤ ਦੀਪਾ॥੧॥
(ਪੰਨਾ ੧੨੯੩)
ਭਗਤ ਰਵਿਦਾਸ ਨੇ ਅੱਗੇ ਭਗਤ ਕਬੀਰ ਦਾ ਜ਼ਿਕਰ ਕੀਤਾ ਹੈ ਕਿ ਜਿਸ ਦੀ ਜਾਤ ਦੇ ਲੋਕ ਮੁਸਲਮਾਨ ਬਣ ਕੇ ਈਦ ਬਕਰੀਦ ਵੇਲੇ ਹੁਣ ਗਊਆਂ ਹਲਾਲ ਕਰਦੇ ਹਨ ਅਤੇ ਜਿਨ੍ਹਾਂ ਦੇ ਘਰਾਂ ਵਿਚ ਹੁਣ ਸ਼ੇਖਾਂ, ਸ਼ਹੀਦਾਂ ਅਤੇ ਪੀਰਾਂ ਦੀ ਮਾਨਤਾ ਹੁੰਦੀ ਹੈ, ਜਿਸ ਦੀ ਜਾਤ ਦੇ ਵੱਡੇ ਬਜ਼ੁਰਗਾਂ ਨੇ ਇਹ ਕਰ ਕੇ ਦਿਖਾਇਆ (ਭਾਵ ਹਕੂਮਤੀ ਭੈ ਕਾਰਨ ਮੁਸਲਮਾਨ ਧਰਮ ਅਖਤਿਆਰ ਕਰ ਲਿਆ), ਉਨ੍ਹਾਂ ਦੀ ਜਾਤ ਵਿਚ ਪੈਦਾ ਹੋਏ ਉਨ੍ਹਾਂ ਦੇ ਪੁੱਤਰ ਭਗਤ ਕਬੀਰ ਤੋਂ ਅਜਿਹੀ ਸਰ ਆਈ ਕਿ ਉਹ (ਮੁਸਲਮਾਨੀ ਹਕੂਮਤ ਤੋਂ ਨਿਡਰ ਹੋ ਕੇ) ਪਰਮਾਤਮਾ ਦਾ ਨਾਮ ਸਿਮਰ ਕੇ ਸਾਰੇ ਸੰਸਾਰ ਵਿਚ ਪ੍ਰਸਿੱਧ ਹੋ ਗਿਆ,
ਜਾ ਕੈ ਈਦਿ ਬਕਰੀਦ
ਕੁਲ ਗਊ ਰੇ ਬਧੁ ਕਰਹਿ
ਮਾਨੀਅਹਿ ਸੇਖ ਸਹੀਦ ਪੀਰਾ॥
ਜਾ ਕੈ ਬਾਪ ਵੈਸੀ ਕਰੀ ਪੂਤ
ਐਸੀ ਸਰੀ ਤਿਹੂ ਰੇ
ਲੋਕ ਪਰਸਿਧ ਕਬੀਰਾ॥੨॥
(ਪੰਨਾ ੧੨੯੩)
ਅੱਗੇ ਭਗਤ ਰਵਿਦਾਸ ਆਪਣਾ ਜ਼ਿਕਰ ਕਰਦੇ ਹਨ ਕਿ ਪਰਮਾਤਮਾ ਦੀ ਭਗਤੀ ਕਰਨ ਨਾਲ ਇੱਜ਼ਤ ਮਿਲਦੀ ਹੈ। ਕਹਿੰਦੇ ਹਨ, ਜਿਸ ਦੇ ਖਾਨਦਾਨ ਦੇ ਨੀਵੇਂ ਕਹੇ ਜਾਣ ਵਾਲੇ ਲੋਕ ਬਨਾਰਸ ਦੇ ਆਸ-ਪਾਸ ਵੱਸਦੇ ਹਨ ਅਤੇ ਅਜੇ ਤਕ ਮੋਏ ਹੋਏ ਪਸ਼ੂ ਢੋਂਦੇ ਹਨ, ਉਨ੍ਹਾਂ ਦੀ ਕੁਲ ਵਿਚ ਪੈਦਾ ਹੋਏ ਰਵਿਦਾਸ ਨੂੰ, ਜੋ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਦਾ ਦਾਸ ਬਣ ਗਿਆ ਹੈ, ਸ਼ਾਸਤਰਾਂ ਅਨੁਸਾਰ ਚੱਲਣ ਵਾਲੇ ਬ੍ਰਾਹਮਣ (ਸਿਮਰਤੀਆਂ, ਸ਼ਾਸਤਰਾਂ ਵਿਚ ਹੀ ਦਿੱਤੇ ਵਰਣ-ਆਸ਼ਰਮ ਧਰਮ ਅਨੁਸਾਰ ਜਾਤ-ਪਾਤ ਦੀ ਵੰਡ ਕੀਤੀ ਹੋਈ ਹੈ ਜਿਸ ਦਾ ਪਾਲਣ ਬ੍ਰਾਹਮਣ ਕਰਦੇ ਹਨ ਅਤੇ ਦੂਸਰਿਆਂ ਨੂੰ ਕਰਨ ਲਈ ਕਹਿੰਦੇ ਹਨ) ਨਮਸਕਾਰ ਕਰਦੇ ਹਨ,
ਜਾ ਕੇ ਕੁਟੰਭ ਕੇ
ਢੇਢ ਸਭ ਢੋਰ ਢੋਵੰਤ ਫਿਰਹਿ
ਅਜਹੁ ਬੰਨਾਰਸੀਆਸ ਪਾਸਾ॥
ਆਚਾਰ ਸਹਿਤ ਬਿਪ੍ਰ
ਕਰਹਿ ਡੰਡਉਤਿ ਤਿਨ ਤਨੈ
ਰਵਿਦਾਸ ਦਾਸਾਨ ਦਾਸਾ॥੩॥੨॥
(ਪੰਨਾ ੧੨੯੩)
(ਚਲਦਾ)