-ਜਤਿੰਦਰ ਪਨੂੰ
ਅਸੀਂ ਉਨ੍ਹਾਂ ਲੋਕਾਂ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦੇ, ਜਿਹੜੇ ਇਤਿਹਾਸ ਨੂੰ ਸਿਰਫ ਰਾਜਿਆਂ ਦੇ ਨਾਂਵਾਂ ਅਤੇ ਉਨ੍ਹਾਂ ਵਲੋਂ ਕੀਤੇ ਰਾਜ ਦੇ ਕੈਲੰਡਰ ਵਾਲੇ ਸਾਲਾਂ ਦੀ ਗਿਣਤੀ ਤੱਕ ਸੀਮਤ ਸਮਝਦੇ ਹਨ। ਹੁਣ ਵਾਲੇ ਕੈਲੰਡਰ ਜਦੋਂ ਹਾਲੇ ਚਾਲੂ ਨਹੀਂ ਸਨ ਹੋਏ, ਇਤਿਹਾਸ ਵਿਚ ਉਦੋਂ ਵੀ ਲੋਕ ਵੱਸਦੇ ਸਨ ਤੇ ਰਾਜੇ ਰਾਜ ਕਰਦੇ ਸਨ।
ਉਦੋਂ ਕੌਣ ਰਾਜਾ ਕਿੰਨਾ ਸਮਾਂ ਰਾਜ ਕਰਦਾ ਰਿਹਾ, ਇਸ ਨੂੰ ਮਿਣਨ-ਮਾਪਣ ਲਈ ਹੁਣ ਵਾਲੇ ਵੱਡੇ ਇਤਿਹਾਸਕਾਰ ਉਸ ਰਾਜ ਦਾ ਸਮਾਂ ਲਿਖਣ ਵੇਲੇ ਉਸ ਦੇ ਨਾਲ ਅੰਗਰੇਜ਼ੀ ਵਿਚ ‘ਬੀ ਸੀ’ ਅਤੇ ਹਿੰਦੀ ਤੇ ਪੰਜਾਬੀ ਵਿਚ ‘ਈਸਾ ਪੂਰਬ’ ਲਿਖ ਛੱਡਦੇ ਹਨ। ਈਸਾ ਦੇ ਪੈਦਾ ਹੋਣ ਤੋਂ ਪਹਿਲਾਂ ਵਾਲਿਆਂ ਨੂੰ ਇਸ ਦਾ ਨਹੀਂ ਸੀ ਪਤਾ ਕਿ ਈਸਾ ਨੇ ਆਉਣਾ ਹੈ, ਇਸ ਲਈ ਆਪਣੇ ਸਮੇਂ ਦਾ ਹਿਸਾਬ ‘ਜਲੂਸੀ ਸਾਲ’ ਨਾਲ ਰੱਖਦੇ ਸਨ ਤੇ ਜਲੂਸੀ ਸਾਲ ਹਰ ਰਾਜੇ ਵਲੋਂ ਆਪਣੇ ਤਾਜ ਦੀ ਵਰ੍ਹੇਗੰਢ ਮੌਕੇ ਕੱਢੇ ਜਾਣ ਵਾਲੇ ਜਲੂਸ ਤੋਂ ਮੰਨਿਆ ਜਾਂਦਾ ਸੀ। ਫਿਰ ਅਸੀਂ ਉਸੇ ਰਾਜ ਦਾ ਸਮਾਂ ‘ਈਸਾ ਪੂਰਬ’ ਨਾਲ ਜੋੜ ਲਿਆ ਤੇ ਇਹ ਵਹਿਮ ਕਰਨ ਲਗ ਪਏ ਕਿ ਸਾਨੂੰ ਇਤਿਹਾਸ ਦੀ ਸਮਝ ਲੱਗ ਗਈ ਹੈ। ਇਤਿਹਾਸ ਸਿਰਫ ਰਾਜਿਆਂ ਨਾਲ ਬੱਝਾ ਨਹੀਂ ਹੁੰਦਾ, ਇਸ ਨੂੰ ਮਨੁੱਖੀ ਵਿਕਾਸ ਦੇ ਯੁਗਾਂ ਅਤੇ ਪੜਾਵਾਂ ਤੋਂ ਵੀ ਗਿਣਨਾ ਚਾਹੀਦਾ ਹੈ।
ਪਿਛਲੇ ਦਿਨੀਂ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਆਪਣੇ ਵਿਦੇਸ਼ ਦੌਰੇ ਦੌਰਾਨ ਉਥੇ ਆਈਆਂ ਭੀੜਾਂ ਅੱਗੇ ਕਈ ਪੱਖਾਂ ਤੋਂ ਸਿਰਫ ਝੂਠ ਦਾ ਗੁਤਾਵਾ ਕਰਨ ਲੱਗਾ ਹੋਇਆ ਸੀ, ਉਦੋਂ ਵੀ ਇਤਿਹਾਸ ਆਪਣੀ ਯਾਦ ਤਾਜ਼ਾ ਕਰਵਾ ਰਿਹਾ ਸੀ ਅਤੇ ਇਸ ਦੀ ਝਲਕ ਦਿੱਲੀ ਤੋਂ ਮਸਾਂ ਪੌਣੇ ਦੋ ਸੌ ਕਿਲੋਮੀਟਰ ਦੂਰ ਤੋਂ ਮਿਲ ਗਈ ਸੀ। ਵਿਦੇਸ਼ ਵਿਚ ਝੂਠ ਦੇ ਗੁਤਾਵੇ ਦੀ ਗੱਲ ਅਸੀਂ ਇਸ ਕਰ ਕੇ ਕਹੀ ਹੈ ਕਿ ਤੱਥਾਂ ਨੂੰ ਤੋੜ-ਮਰੋੜ ਕੇ ਆਪਣੇ ਮੂੰਹੋਂ ਆਪ ਮੀਂਆਂ-ਮਿੱਠੂ ਬਣਨ ਦੇ ਸੁਭਾਅ ਮੁਤਾਬਕ ਇਸ ਵਾਰ ਨਰਿੰਦਰ ਮੋਦੀ ਇਹ ਕਹਿੰਦਾ ਰਿਹਾ ਕਿ ਬਤਾਲੀ ਸਾਲਾਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਕੈਨੇਡਾ ਆਇਆ ਹੈ। ਇਹ ਵੀ ਕੋਰਾ ਝੂਠ ਹੈ। ਪੰਜ ਸਾਲ ਪਹਿਲਾਂ ਜੂਨ 2010 ਵਿਚ ਵੀ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਕੈਨੇਡਾ ਵਿਚ ਹੋਏ ਜੀ-20 ਸਮਾਗਮ ਵਿਚ ਹਿੱਸਾ ਲੈਣ ਪਿੱਛੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਸਾਂਝਾ ਬਿਆਨ ਜਾਰੀ ਕੀਤਾ ਸੀ। ਅਸੀਂ ਉਸ ਗੱਪ-ਗੇੜ ਵਿਚ ਫਸਣ ਦੀ ਥਾਂ ਇਹ ਦੱਸਣ ਦੀ ਖੁਸ਼ੀ ਮਹਿਸੂਸ ਕਰਾਂਗੇ ਕਿ ਉਸ ਦੇ ਵਿਦੇਸ਼ ਦੌਰੇ ਦੌਰਾਨ ਦਿੱਲੀ ਤੋਂ ਪੌਣੇ ਦੋ ਸੌ ਕਿਲੋਮੀਟਰ ਦੂਰ ਹਰਿਆਣੇ ਦੇ ਹਿਸਾਰ ਜ਼ਿਲ੍ਹੇ ਵਿਚ ਰੱਖੀਖੇੜੀ ਪਿੰਡ ਦੇ ਸਿਵਿਆਂ ਤੋਂ ਇਤਿਹਾਸ ਨੇ ਫਿਰ ਸਿਰ ਚੁੱਕਿਆ ਹੈ। ਉਥੇ ਸ਼ਮਸ਼ਾਨ ਘਾਟ ਵਾਲੇ ਖੰਡਰ ਪੁੱਟਣ ਤੋਂ ਪੰਜ ਹਜ਼ਾਰ ਸਾਲ ਪੁਰਾਣੀ ਸਿੰਧ ਘਾਟੀ ਦੀ ਉਸ ਸੱਭਿਅਤਾ ਦੇ ਦਰਸ਼ਨ ਹੋਏ ਹਨ, ਜਿਹੜੀ ਮੋਹੰਜੋਦੜੋ, ਹੜੱਪਾ ਤੋਂ ਸਾਡੇ ਪੰਜਾਬ ਦੇ ਸਰਹੰਦ ਤੇ ਖਮਾਣੋਂ ਵਿਚਾਲੇ ਉਚਾ ਪਿੰਡ ਸੰਘੋਲ ਤੱਕ ਫੈਲੀ ਸਾਬਤ ਹੁੰਦੀ ਹੈ। ਸਾਨੂੰ ਇਹ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਮਹਾਨ ਸੱਭਿਅਤਾ ਦੇ ਵਾਰਸ ਲੋਕ ਹਾਂ, ਜਿਸ ਦੇ ਨਾਗਰਿਕ ਉਦੋਂ ਪੱਕੇ ਘਰਾਂ ਵਿਚ ਰਹਿਣ ਦੇ ਯੋਗ ਹੋ ਚੁੱਕੇ ਸਨ, ਜਦੋਂ ਅੱਜ ਦੇ ਵਿਕਸਤ ਦੇਸ਼ਾਂ ਵਾਲਿਆਂ ਦੇ ਵੱਡਿਆਂ ਨੂੰ ਅਜੇ ਕੱਪੜੇ ਪਾਉਣੇ ਨਹੀਂ ਸੀ ਆਏ ਅਤੇ ਜੰਗਲਾਂ ਵਿਚ ਨੰਗੇ ਫਿਰਦੇ ਸਨ। ਸਾਡੀ ਸਿੰਧ ਘਾਟੀ ਵਾਲੀ ਮਹਾਨ ਸੱਭਿਅਤਾ ਦੇ ਸਬੂਤ ਲੱਭਣ ਦਾ ਤਾਜ਼ਾ ਯਤਨ ਸਿਰੇ ਚਾੜ੍ਹਨ ਲਈ ਲੱਗੀ ਹੋਈ ਟੀਮ ਵਿਚ ਸਿਰਫ ਭਾਰਤੀ ਹੀ ਨਹੀਂ, ਦੱਖਣੀ ਕੋਰੀਆ ਤੋਂ ਆਏ ਹੋਏ ਮਾਹਰ ਵੀ ਹਨ।
ਜਦੋਂ ਅਸੀਂ ਕਹਿੰਦੇ ਹਾਂ ਕਿ ‘ਸਾਨੂੰ ਇਹ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਮਹਾਨ ਸੱਭਿਅਤਾ ਦੇ ਵਾਰਸ ਲੋਕ ਹਾਂ’, ਤਾਂ ਸਿਰ ਵਿਚ ਠੰਢਾ ਪਾਣੀ ਪਾ ਕੇ ਇਹ ਵੀ ਸੋਚਣਾ ਚਾਹੀਦਾ ਹੈ ਕਿ ਉਸ ਮਹਾਨ ਸੱਭਿਅਤਾ ਵਾਲਾ ਭਾਰਤ ਦੇਸ਼ ਬਾਕੀਆਂ ਤੋਂ ਅੱਗੇ ਜਾਂਦਾ ਪਿਛੇ ਕਿਉਂ ਰਹਿ ਗਿਆ ਸੀ? ਜਦੋਂ ਅਸੀਂ ਇਸ ਪੱਖ ਵੱਲ ਧਿਆਨ ਮਾਰਨ ਦਾ ਯਤਨ ਕਰਾਂਗੇ ਤਾਂ ਪਤਾ ਲੱਗੇਗਾ ਕਿ ਜੋ ਕੁਝ ਭਾਰਤ ਵਿਚ ਹੁਣ ਹੁੰਦਾ ਪਿਆ ਹੈ, ਉਦੋਂ ਵੀ ਏਸੇ ਨੇ ਬੇੜਾ ਗਰਕ ਕੀਤਾ ਸੀ।
ਸਾਨੂੰ ਇਤਿਹਾਸ ਦਾ ਨਾਇਕ ਪ੍ਰਿਥਵੀ ਰਾਜ ਚੌਹਾਨ ਬੜਾ ਚੰਗਾ ਲੱਗਦਾ ਹੈ ਤੇ ਜੈ ਚੰਦ ਨੂੰ ਵੱਡਾ ਗੱਦਾਰ ਕਹਿ ਕੇ ਅਸੀਂ ਤਸੱਲੀ ਕਰ ਲੈਂਦੇ ਹਾਂ, ਪਰ ਉਹ ਦੋਵੇਂ ਸਕੀ ਮਾਸੀ ਦੇ ਪੁੱਤਰ ਸਨ, ਆਖਰ ਜੈ ਚੰਦ ਨੂੰ ਗੱਦਾਰ ਬਣਨ ਲਈ ਕਿਸ ਨੇ ਮਜਬੂਰ ਕੀਤਾ ਸੀ? ਇਹ ਸਾਰਾ ਮਾਹੌਲ ਉਸ ਪ੍ਰਿਥਵੀ ਰਾਜ ਚੌਹਾਨ ਦੀ ਜ਼ੋਰਾਵਰੀ ਦਾ ਨਤੀਜਾ ਸੀ, ਜਿਸ ਨੂੰ ਅਸੀਂ ਆਪਣਾ ਨਾਇਕ ਮੰਨੀ ਜਾਂਦੇ ਹਾਂ। ਪ੍ਰਿਥਵੀ ਰਾਜ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਹਰ ਵਾਰ ਇਹੋ ਕੁਝ ਹੁੰਦਾ ਰਿਹਾ ਹੈ। ਲਾਹੌਰ ਦਾ ਸਰਬ-ਸਾਂਝਾ ਕਿਹਾ ਜਾਂਦਾ ਰਾਜ ਰਣਜੀਤ ਸਿੰਘ ਦੇ ਕੋੜਮੇ ਤੋਂ ਅੰਗਰੇਜ਼ ਇਸ ਲਈ ਖੋਹ ਸਕੇ ਸਨ ਕਿ ਪੰਜਾਬ ਦੇ ਬਾਕੀ ਸਿੱਖ ਰਾਜੇ ਉਨ੍ਹਾਂ ਦੇ ਨਾਲ ਨਹੀਂ ਸਨ ਖੜੋਤੇ, ਪਰ ਨਾਲ ਕਿਉਂ ਨਹੀਂ ਸਨ, ਇਸ ਬਾਰੇ ਕੋਈ ਗੱਲ ਨਹੀਂ ਕਰਦਾ। ਜਿਹੜਾ ਸਿੱਖ ਰਾਜਾ ਅੰਗਰੇਜ਼ਾਂ ਦੀ ਸ਼ਰਣ ਵਿਚ ਸਭ ਤੋਂ ਪਹਿਲਾਂ ਗਿਆ, ਉਹ ਜੀਂਦ ਵਾਲਾ ਭਾਗ ਸਿੰਘ ਸੀ ਤੇ ਉਹ ਓਪਰਾ ਨਹੀਂ, ਰਣਜੀਤ ਸਿੰਘ ਦਾ ਸਕਾ ਮਾਮਾ ਸੀ। ਜਦੋਂ ਮਾਮੇ ਨੇ ਵੇਖਿਆ ਕਿ ਰਣਜੀਤ ਸਿੰਘ ਨੇ ਆਪਣੀ ਸੱਸ ਦਾ ਲਿਹਾਜ ਨਹੀਂ ਕੀਤਾ ਅਤੇ ਉਸ ਦੀ ਰਿਆਸਤ ਖੋਹਣ ਲਈ ਵਿਚਾਰੀ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਹੈ, ਮਾਮੇ ਨੂੰ ਇਹ ਗੱਲ ਸੁੱਝ ਗਈ ਕਿ ਆਪਣੀ ਤਾਕਤ ਵਧਾ ਰਿਹਾ ਭਾਣਜਾ ਖੈਰ ਰੱਖਣ ਵਾਲਾ ਨਹੀਂ। ਇਸ ਤੋਂ ਡਰ ਕੇ ਉਹ ਅੰਗਰੇਜ਼ ਦੀ ਸ਼ਰਣ ਗਿਆ ਸੀ। ਇਸ ਤੋਂ ਪਹਿਲਾਂ ਲਾਹੌਰ ਦਰਬਾਰ ਦੀ ਫੌਜ ਫਰੀਦਕੋਟ ਉਤੇ ਚੜ੍ਹਾਈ ਕਰ ਕੇ ਕਾਬਜ਼ ਹੋ ਚੁੱਕੀ ਸੀ, ਜਿਸ ਨੂੰ ਛੁਡਾਉਣ ਲਈ ਉਥੋਂ ਦੇ ਰਾਜੇ ਨੇ ਅੰਗਰੇਜ਼ ਦੀ ਮਦਦ ਲਈ ਤੇ ਉਸ ਦੇ ਪਿਛੋਂ ਉਸ ਨੇ ਅੰਗਰੇਜ਼ਾਂ ਨੂੰ ਆਪਣੇ ਸਰਪ੍ਰਸਤ ਮੰਨ ਕੇ ਉਨ੍ਹਾਂ ਦਾ ਸਾਥ ਦਿੱਤਾ ਸੀ। ਜੇ ਕਦੇ ਰਣਜੀਤ ਸਿੰਘ ਨੇ ਫਰੀਦਕੋਟ ਦੀ ਰਿਆਸਤ ਉਤੇ ਹਮਲੇ ਤੇ ਆਪਣੀ ਸੱਸ ਦੀ ਰਿਆਸਤ ਖੋਹਣ ਦਾ ਯਤਨ ਨਾ ਕੀਤਾ ਹੁੰਦਾ ਤਾਂ ਅੰਗਰੇਜ਼ਾਂ ਦਾ ਪੱਕਾ ਡੇਰਾ ਪੰਜਾਬ ਵਿਚ ਲੱਗਣ ਵਾਲੇ ਅਗਲੇ ਹਾਲਾਤ ਵੀ ਏਨੇ ਸੌਖੇ ਇਸ ਰਾਜ ਵਿਚ ਨਹੀਂ ਸਨ ਬਣ ਸਕਣੇ।
ਸਾਨੂੰ ਸਕੂਲੀ ਪੜ੍ਹਾਈ ਦੇ ਸਮੇਂ ਤੋਂ ਸਮਰਾਟ ਅਸ਼ੋਕ ਦੀ ਮਹਾਨਤਾ ਪੜ੍ਹਾਈ ਗਈ ਹੈ, ਜਿਸ ਵਿਚ ਕਾਲਿੰਗਾ ਦੀ ਲੜਾਈ ਦਾ ਜ਼ਿਕਰ ਖਾਸ ਮਾਅਨੇ ਰੱਖਦਾ ਹੈ। ਉਨ੍ਹਾਂ ਮਾਅਨਿਆਂ ਨੂੰ ਸਿਰਫ ਏਥੋਂ ਤੱਕ ਸੀਮਤ ਕਰਨ ਦਾ ਯਤਨ ਕੀਤਾ ਜਾਂਦਾ ਹੈ ਕਿ ਅਸ਼ੋਕ ਏਨਾ ਮਹਾਨ ਸੀ ਕਿ ਇੱਕੋ ਜੰਗ ਲੜਨ ਪਿੱਛੋਂ ਉਥੇ ਵਗਿਆ ਖੂਨ ਵੇਖ ਕੇ ਉਸ ਦਾ ਮਨ ਉਦਾਸ ਹੋ ਗਿਆ ਤੇ ਫਿਰ ਉਹ ਸ਼ਾਂਤੀ ਦਾ ਦੂਤ ਬਣ ਕੇ ਹੋਰਨਾਂ ਨੂੰ ਉਪਦੇਸ਼ ਦੇਂਦਾ ਰਿਹਾ ਸੀ। ਏਨੀ ਗੱਲ ਕਹਿਣ ਨਾਲ ਇਤਿਹਾਸ ਦੇ ਵਰਕੇ ਨਹੀਂ ਪਲਟੇ ਜਾ ਸਕਦੇ। ਇਸ ਪ੍ਰਚਾਰ ਹੇਠ ਅਸ਼ੋਕ ਵੱਲੋਂ ਲੜੀ ਗਈ ਉਸ ਜੰਗ ਦਾ ਕਾਰਨ ਅਣਗੌਲਿਆ ਕੀਤਾ ਜਾ ਰਿਹਾ ਹੈ। ਅਸ਼ੋਕ ਦੇ ਕੋਲ ਬੜੇ ਲੰਮੇ-ਚੌੜੇ ਦੇਸ਼ ਦਾ ਰਾਜ ਸੀ। ਭਾਰਤ ਦੇ ਦੱਖਣੀ ਪਾਸੇ ਇੱਕ ਥਾਂ, ਜਿੱਧਰ ਅੱਜ ਵਾਲਾ ਉੜੀਸਾ ਹੈ, ਇੱਕ ਰਿਆਸਤ ਕਾਲਿੰਗਾ ਹੁੰਦੀ ਸੀ, ਜਿਹੜੀ ਅਸ਼ੋਕ ਦੇ ਏਡੇ ਵੱਡੇ ਰਾਜ ਅੱਗੇ ਹੱਥ ਦੀ ਸਭ ਤੋਂ ਛੋਟੀ ਉਂਗਲ ਚੀਚੀ ਵੀ ਨਹੀਂ, ਚੀਚੀ ਦਾ ਪੋਟਾ ਜਾਪਦੀ ਸੀ। ਮਹਾਨ ਅਸ਼ੋਕ ਤੋਂ ਉਹ ਆਜ਼ਾਦ ਰਿਆਸਤ ਸਹਾਰੀ ਨਹੀਂ ਸੀ ਗਈ ਤੇ ਕਬਜ਼ਾ ਕਰਨ ਤੁਰ ਪਿਆ ਸੀ। ਅੱਗੋਂ ਉਸ ਛੋਟੀ ਜਿਹੀ ਰਿਆਸਤ ਦੇ ਲੋਕਾਂ ਦੀ ਅਣਖ ਜਾਗ ਪਈ ਤੇ ਉਹ ਜਾਨ ਹੂਲਵੀਂ ਜੰਗ ਲੜੇ ਸਨ। ਹਜ਼ਾਰਾਂ ਲੋਕਾਂ ਨੂੰ ਆਪਣਾ ਰਾਜ ਹੋਰ ਵੱਡਾ ਕਰ ਲੈਣ ਦੇ ਲਾਲਚ ਦੀ ਭੇਟ ਚਾੜ੍ਹ ਕੇ ਅਸ਼ੋਕ ਨੂੰ ਸ਼ਾਂਤੀ ਦਾ ਚੇਤਾ ਆ ਗਿਆ। ਇਤਿਹਾਸ ਵਿਚ ਅਸ਼ੋਕ ਨਾਇਕ ਬਣ ਗਿਆ ਤੇ ਉਹ ਲੋਕ ਅਣਗੌਲੇ ਕਰ ਕੇ ਇਹ ਗੱਲ ਲੁਕਾ ਲਈ ਗਈ ਕਿ ਲੜ ਮਰਨ ਲਈ ਉਨ੍ਹਾਂ ਨੂੰ ‘ਮਹਾਨ ਅਸ਼ੋਕ’ ਨੇ ਹੀ ਮਜਬੂਰ ਕੀਤਾ ਸੀ।
ਆਓ! ਰਤਾ ਸਾਡੇ ਸਮੇਂ ਦੀ ਕਹਾਣੀ ਫੋਲ ਕੇ ਵੇਖੀਏ। ਭਾਰਤ ਨੂੰ ਰਵਾਇਤ ਮੁਤਾਬਕ ਹਿੰਦੁਸਤਾਨ ਇਸ ਲਈ ਕਿਹਾ ਜਾਂਦਾ ਹੈ ਕਿ ਮੱਧ ਏਸ਼ੀਆ ਵੱਲੋਂ ਆਉਂਦੇ ਲੋਕਾਂ ਨੂੰ ‘ਸਿੰਧ’ ਨਹੀਂ ਸੀ ਕਹਿਣਾ ਆਉਂਦਾ ਅਤੇ ‘ਹਿੰਦ’ ਕਹਿੰਦੇ ਹੁੰਦੇ ਸਨ। ਬਾਅਦ ਵਿਚ ਜਦੋਂ ਉਨ੍ਹਾਂ ਤੋਂ ਵੀ ਪਰੇ ਯੂਰਪ ਵਾਲੇ ਆਏ, ਉਹ ਹਿੰਦ ਤੇ ਸਿੰਧ ਦੋਵੇਂ ਸ਼ਬਦ ਕਹਿਣ ਦੀ ਥਾਂ ਏਥੋਂ ਦੇ ਮਹਾਨ ਦਰਿਆ ਸਿੰਧ ਨੂੰ ‘ਇੰਡਸ’ ਆਖਣ ਕਰ ਕੇ ਭਾਰਤ ਨੂੰ ਵੀ ‘ਇੰਡੀਆ’ ਕਹਿੰਦੇ ਸਨ। ਛੇਵੀਂ ਸਦੀ ਤੱਕ ਹਿੰਦੂ ਸ਼ਬਦ ਵੀ ਭਾਰਤ ਵਿਚ ਕਿਸੇ ਨੇ ਨਹੀਂ ਸੀ ਸੁਣਿਆ। ਹੁਣ ਇਸ ਭਾਰਤ ਨੂੰ ਬਦੋ-ਬਦੀ ਹਿੰਦੁਸਤਾਨ ਨਾਲ ਜੋੜ ਕੇ ‘ਹਿੰਦੂ-ਸਤਾਨ’ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਭਾਜਪਾ ਅਤੇ ਇਸ ਦੇ ਪਿੱਛੇ ਖੜੇ ਆਰ ਐਸ ਐਸ ਵਾਲੇ ਇਹ ਕਹਿਣ ਤੋਂ ਨਹੀਂ ਝਿਜਕਦੇ ਕਿ ਜੇ ਦੇਸ਼ ਦਾ ਨਾਂ ‘ਹਿੰਦੁਸਤਾਨ’ ਹੈ ਤਾਂ ਏਥੇ ਵੱਸਣ ਵਾਲਾ ਹਰ ਨਾਗਰਿਕ ਵੀ ‘ਹਿੰਦੂ’ ਮੰਨਿਆ ਜਾਣਾ ਚਾਹੀਦਾ ਹੈ। ‘ਹਿੰਦੁਸਤਾਨ’ ਇਸ ਦੇਸ਼ ਦਾ ਨਾਂ ਸਿਰਫ ਰਵਾਇਤੀ ਹੈ, ਭਾਰਤ ਦੇ ਸੰਵਿਧਾਨ ਵਿਚ ਇਸ ਦੀ ਕੋਈ ਮਾਨਤਾ ਨਹੀਂ। ਸੰਵਿਧਾਨ ਦੇ ਮੁੱਢ ਵਿਚ ਅੰਗਰੇਜ਼ੀ ਵਿਚ ਦਰਜ ਹੈ ਕਿ ‘ਇੰਡੀਆ, ਦੈਟ ਇਜ਼ ਭਾਰਤ’, ਫਿਰ ਅੱਗੇ ਹਿੰਦੀ ਵਿਚ ਲਿਖਿਆ ਹੈ ਕਿ ‘ਭਾਰਤ, ਅਰਥਾਤ ਇੰਡੀਆ, ਰਾਜਯੋਂ ਕਾ ਸੰਘ ਹੋਗਾ’। ਸਾਡੇ ਦੇਸ਼ ਦਾ ਸੰਵਿਧਾਨ ਬਣਾਉਣ ਵਾਲੇ ਲੋਕ ਇਸ ਪੱਖੋਂ ਬੜੇ ਸਿਆਣੇ ਨਿਕਲੇ ਕਿ ਉਨ੍ਹਾਂ ਨੇ ਅੱਧੀ-ਪੌਣੀ ਸਦੀ ਲੰਘਾ ਕੇ ਵੀ ਜਿਹੜੀ ‘ਹਿੰਦੁਸਤਾਨ’ ਦੀ ਧਾਰਨਾ ਤੋਂ ਪੁਆੜਾ ਪੈਣਾ ਸੀ, ਉਹ ਇਸ ਵਿਚ ਨਹੀਂ ਸੀ ਲਿਖੀ।
ਸੰਵਿਧਾਨ ਬਣਾਉਣ ਵਾਲੇ ਲੋਕ ਸਿਆਣੇ ਸਨ, ਪਰ ਜਿਨ੍ਹਾਂ ਕੋਲ ਇਸ ਵੇਲੇ ਭਾਰਤ ਦੀ ਕਮਾਨ ਹੈ, ਉਹ ਮੁੜ ਕੇ ਉਹੋ ਕੁਝ ਕਰ ਰਹੇ ਹਨ, ਜਿਸ ਨੇ ਸੰਸਾਰ ਦੀ ਇਸ ਮਹਾਨ ਸੱਭਿਅਤਾ ਦੇ ਵਾਰਸ ਭਾਰਤ ਦੇਸ਼ ਨੂੰ ਬਾਕੀ ਦੁਨੀਆਂ ਤੋਂ ਅੱਗੇ-ਅੱਗੇ ਜਾ ਰਹੇ ਨੂੰ ਕੱਖੋਂ ਹੌਲਾ ਕਰ ਦਿੱਤਾ ਸੀ। ਕਦੇ ਕਿਸੇ ਧਰਮ ਅਸਥਾਨ ਦੀ ਭੰਨ-ਤੋੜ ਅਤੇ ਕਦੇ ਕਿਸੇ ਧਰਮ ਦੇ ਪੈਰੋਕਾਰਾਂ ਉਤੇ ਗੱਦਾਰੀ ਦੇ ਦੋਸ਼ ਲਾਉਂਦੇ ਭਾਸ਼ਣ ਕਰੀ ਜਾਣ ਦਾ ਸਿੱਟਾ ਇਹੋ ਨਿਕਲੇਗਾ। ਕਿਸੇ ਇੱਕ ਰਾਜ ਵਿਚ ਜਿੱਥੇ ਵਿਰੋਧੀ ਪਾਰਟੀ ਦੀ ਸਰਕਾਰ ਹੈ, ਉਸ ਨੂੰ ਝਟਕਾਉਣ ਤੇ ਆਪਣਾ ਕਬਜ਼ਾ ਜਮਾਉਣ ਲਈ ਪਾਪੜ ਵੇਲਣ ਨਾਲ ਪੁਰਾਣੇ ਸਮੇਂ ਦੀ ਕਾਲਿੰਗਾ ਦੀ ਲੜਾਈ ਵਰਗੀ ਸਿੱਧੀ ਜੰਗ ਦਾ ਮੁੱਢ ਤਾਂ ਨਹੀਂ ਬਣੇਗਾ, ਪਰ ਮਾਨਸਿਕਤਾ ਵਿਚ ਇਹੋ ਜਿਹਾ ਕਿੱਲ ਠੋਕ ਦੇਵੇਗਾ ਕਿ ਉਹ ਲੋਕ ਦਿੱਲੀ ਵੱਲ ਵੇਖਣ ਦੀ ਥਾਂ ਦਿੱਲੀ ਤੋਂ ਦੂਰ ਰਹਿਣ ਦੀ ਸੋਚਣ ਲੱਗਣਗੇ। ਮੁੱਢਲੇ ਦੌਰ ਵਾਲੇ ਜੈ ਚੰਦ ਅਤੇ ਉਨੀਵੀਂ ਸਦੀ ਦੇ ਫਰੀਦਕੋਟੀਏ ਪਹਾੜਾ ਸਿੰਘ ਪੈਦਾ ਹੋਣ ਤੋਂ ਰੋਕਣ ਦੀ ਲੋੜ ਹੈ, ਪਰ ਰਾਜ ਕਰਦੀ ਧਿਰ ਤਾਂ ਰਾਜਾ ਅਸ਼ੋਕ ਤੋਂ ਪਹਿਲਾਂ ਦੇ ਉਸ ਪਿਛੋਕੜ ਨੂੰ ਵੀ ਭੁਲਾਈ ਫਿਰਦੀ ਹੈ, ਜਿਸ ਦੀ ਝਲਕ ਹੁਣ ਦਿੱਲੀ ਤੋਂ ਪੌਣੇ ਦੋ ਸੌ ਕਿਲੋਮੀਟਰ ਦੂਰ ਇੱਕ ਪਿੰਡ ਦੀਆਂ ਮੜ੍ਹੀਆਂ ਦਾ ਸੀਨਾ ਪਾੜ ਕੇ ਦਿਖਾਈ ਦਿੱਤੀ ਹੈ।
ਅਲਾਮਾ ਇਕਬਾਲ ਨੇ ਜਦੋਂ ਤਰਾਨਾ-ਇ-ਹਿੰਦੀ ਲਿਖਿਆ ਤਾਂ ਦੋ ਗੱਲਾਂ ਇਸ ਵਿਚ ਉਚੇਚੀਆਂ ਲਿਖ ਦਿੱਤੀਆਂ ਸਨ, ਜਿਹੜੀਆਂ ਅੱਜ ਵੀ ਵੱਡੇ ਅਰਥ ਰੱਖਦੀਆਂ ਹਨ। ਪਹਿਲੀ ਇਹ ਕਿ “ਯੂਨਾਨ-ਓ-ਮਿਸਰ-ਓ-ਰੂਮਾ, ਸਬ ਮਿਟ ਗਏ ਜਹਾਂ ਸੇ, ਅਬ ਤਕ ਮਗਰ ਹੈ ਬਾਕੀ, ਨਾਮ-ਓ-ਨਿਸ਼ਾਂ ਹਮਾਰਾ” ਇਸ ਤੋਂ ਭਾਵ ਇਹ ਹੈ ਕਿ ਯੂਨਾਨ, ਮਿਸਰ ਤੇ ਰੋਮ ਦੇ ਸਾਮਰਾਜ ਦੁਨੀਆਂ ਤੋਂ ਮਿਟ ਗਏ, ਪਰ ਸਾਡਾ ਨਾਮ ਤੇ ਨਿਸ਼ਾਨ ਅੱਜ ਵੀ ਕਾਇਮ ਹੈ। ਦੂਸਰੀ ਇਹ ਵੀ ਲਿਖ ਦਿੱਤੀ ਕਿ ‘ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ’ ਹਸਤੀ ਦੇ ਨਾ ਮਿਟਣ ਪਿੱਛੇ ਜਿਹੜੀ ਰਾਜ਼ ਦੀ ‘ਬਾਤ’ ਹੈ, ਜੇ ਉਸ ਨੂੰ ਸਮਝ ਲਿਆ ਜਾਵੇ ਤਾਂ ਘੱਟ-ਗਿਣਤੀਆਂ ਵਿਰੁਧ ਨਿੱਤ ਦਿਨ ਦੀ ਚਾਂਦਮਾਰੀ ਤੇ ਰਾਜਨੀਤੀ ਵਿਚ ‘ਮੈਂ ਹੀ ਮੈਂ’ ਦਾ ਏਜੰਡਾ ਨਹੀਂ ਚੱਲ ਸਕਦਾ। ਇੱਕ ਧਰਮ ਦਾ ਦੂਸਰਿਆਂ ਉਤੇ ਗਲਬਾ ਪਾਉਣ ਦਾ ਯਤਨ, ਇੱਕ ਪਾਰਟੀ ਦੇ ਮੂਹਰੇ ਬਾਕੀਆਂ ਦੀ ਸਫ ਵਲ੍ਹੇਟਣ ਤੇ ਪਾਰਟੀ ਅੰਦਰ ਵੀ ਇੱਕ ਧਿਰ ਦੇ ਨਾਂ ਉਤੇ ਇੱਕ ਧਾੜ ਵਲੋਂ ਬਾਕੀਆਂ ਨੂੰ ਖੂੰਜੇ ਲਾ ਦੇਣ ਦਾ ਅਰਥ ਇਹੋ ਨਿਕਲਦਾ ਹੈ। ਸਿੰਧ ਘਾਟੀ ਦੀ ਸੱਭਿਅਤਾ ਦੇ ਵਾਰਸ ਭਾਰਤ ਨੇ ‘ਯੂਨਾਨ, ਮਿਸਰ, ਰੋਮ’ ਵਾਂਗ ਇਤਿਹਾਸ ਦੇ ਕੂੜੇਦਾਨ ਵਿਚ ਪੈਣ ਤੋਂ ਬਚਣਾ ਹੈ ਤਾਂ ਇਹ ਚਾਲੇ ਰਾਜਸੀ ਲੀਡਰਾਂ ਨੂੰ ਛੱਡਣੇ ਹੋਣਗੇ।