ਕੱਲ੍ਹ ਸੋਚਾਂਗੀ

‘ਕੱਲ੍ਹ ਸੋਚਾਂਗੀ’ ਘਰ ਦੀ ਕਹਾਣੀ ਹੈ ਜਿਹੜੀ ਸਿਰਫ ਇਕ ਘਰ ਤੱਕ ਸੀਮਤ ਨਹੀਂ ਰਹਿੰਦੀ ਹੈ। ਇਹ ਅਸਲ ਵਿਚ ਘਰ-ਘਰ ਦੀ ਕਹਾਣੀ ਹੈ, ਬੱਸ! ਮਾਸਾ-ਰੱਤੀ ਫਰਕ ਨਾਲ। ਹੋਰ ਰਚਨਾਵਾਂ ਵਾਂਗ ਕਾਨਾ ਸਿੰਘ ਨੇ ਇਸ ਲੇਖ ਵਿਚ ਵੀ ਬਿਰਤਾਂਤ ਦਾ ਰੰਗ ਖੂਬ ਬੰਨ੍ਹਿਆ ਹੈ। ਉਹ ਆਪਣੀ ਉਸੇ ਨਿਵੇਕਲੀ ਜਿਹੀ ਛੋਹ ਨਾਲ ਲਿਖਤ ਵਿਚ ਆਈਆਂ ਸਾਧਾਰਨ ਗੱਲਾਂ ਨੂੰ ਵੀ ਸਾਧਾਰਨ ਨਹੀਂ ਰਹਿਣ ਦਿੰਦੀ।

ਉਹਦੀ ਹਰ ਲਿਖਤ ਵਿਚ ਕਹਾਣੀ ਹੁੰਦੀ ਹੈ ਅਤੇ ਇਸ ਵਿਚ ਨਾਟਕ ਦੀਆਂ ਲੜੀਆਂ ਵੀ ਘੜੀ-ਮੁੜੀ ਝਾਤੀਆਂ ਮਾਰਦੀਆਂ ਹਨ। -ਸੰਪਾਦਕ

ਕਾਨਾ ਸਿੰਘ
ਫੋਨ:+91-95019-44944
ਸੱਤ ਸਾਲ ਹੋ ਗਏ ਹਨ ਦੀਪੀ ਪੁੱਤਰ ਨੂੰ ਆਪਣੀ ਗ੍ਰਹਿਸਥੀ ਅਰੰਭਿਆਂ। ਉਹ ਵੱਖ, ਨਿਵੇਕਲਾ ਅਤੇ ਬਿਲਕੁਲ ਸੁਤੰਤਰ ਵਿਆਹੁਤਾ ਜੀਵਨ ਜੀਵੇ, ਇਹ ਮੇਰਾ ਫ਼ੈਸਲਾ ਸੀ। ਪੁੱਤਰ ਦਾ ਵੱਖਰੇ ਰਹਿਣ ਦਾ ਹੀਆ ਨਹੀਂ ਸੀ ਪੈ ਰਿਹਾ। ਬਿਰਧ ਅਤੇ ਕੱਲ-ਮੁਕੱਲੀ ਮਾਂ ਤੋਂ ਅੱਡ ਰਹਿਣ ਨਾਲ ਉਸ ਨੂੰ ਆਪਣਾ-ਆਪ ਦੋਸ਼ੀ ਲੱਗ ਰਿਹਾ ਸੀ। ਉਸ ਨੂੰ ਇਸ ਭਾਵਨਾ ਤੋਂ ਮੁਕਤ ਕਰਨ ਲਈ ਮੈਂ ਕੁਝ ਮਿੱਤਰਾਂ-ਸਬੰਧੀਆਂ ਨੂੰ ਦਾਅਵਤ ਦੇ ਕੇ ਐਲਾਨ ਕੀਤਾ ਕਿ ਇਹ ਮੇਰਾ ਦੋ-ਟੁੱਕ ਫ਼ੈਸਲਾ ਹੈ ਤੇ ਉਹ ਸਾਰੇ ਮੇਰੇ ਸਰਵਣ ਪੁੱਤਰ ਨੂੰ ਆਸ਼ੀਰਵਾਦ ਦੇਣ ਕਿ ਉਹ ਵਧੇ-ਫੁਲੇ ਤੇ ਆਪਣਾ ਖੁਦ ਦਾ ਨਿਵੇਕਲਾ ਘਰ ਬਣਾਏ ਤਾਂ ਜੁ ਆਉਂਦੇ ਵਰ੍ਹੇ ਇਸੇ ਦਿਨ ਅਸੀਂ ਸਾਰੇ ਉਸ ਦੇ ਘਰ ਦੇ ਮਹਿਮਾਨ ਹੋਈਏ।
ਇਸ ਤੋਂ ਚਾਲੀ ਸਾਲ ਪਹਿਲਾਂ ਮੇਰੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਹੋਈ ਸੀ। ਪੇਕੇ ਦਿੱਲੀ ਤੇ ਸਹੁਰੇ ਜੰਮੂ। ਮੁੰਬਈ ਵਿਚ ਮੈਂ ਤੇ ਮੇਰੇ ਡਾਕਟਰ ਪਤੀ ਨੇ ਗ੍ਰਹਿਸਥੀ ਜੀਵਨ ਅਰੰਭਿਆ। ਬਿਲਕੁਲ ਸੁਤੰਤਰ। ਆਮਦਨੀ ਦੇ ਮੁਤਾਬਕ ਹੀ ਅਸਾਂ ਕਿਰਸਾਂ ਤੇ ਕਿਫ਼ਾਇਤਾਂ ਨਾਲ ਘਰ ਬਣਾਇਆ।
ਸਭ ਤੋਂ ਪਹਿਲਾਂ ਮਕਾਨ ਦੇ ਮਾਸਿਕ ਕਿਰਾਏ ਦੀ ਰਕਮ ਇਕ ਪਾਸੇ ਕੀਤੀ ਜਾਂਦੀ ਤੇ ਫਿਰ ਕਦੇ ਕੋਈ ਕੱਪੜਾ ਤੇ ਕਦੇ ਭਾਂਡਾ। ਸਟੀਲ ਦੇ ਭਾਂਡਿਆਂ ਦੀ ਸ਼ੁਰੂਆਤ ਹੀ ਹੋਈ ਸੀ। ਬੜੇ ਮਹਿੰਗੇ ਲਗਦੇ। ਜੇ ਇਕ ਮਹੀਨੇ ਪਤੀਲਾ ਖਰੀਦ ਸਕੇ ਤਾਂ ਦੂਜੇ ਮਹੀਨੇ ਢੱਕਣ। ਰਸੋਈ ਨੂੰ ਅੱਪ-ਡੇਟ ਕਰਦਿਆਂ ਸੱਤ ਸਾਲ ਲੱਗ ਗਏ ਤੇ ਫਿਰ ਕਿਤੇ ਜਾ ਕੇ ਸਟੋਵ ਤੋਂ ਗੈਸ-ਚੁਲ੍ਹੇ ਦੀ ਵਾਰੀ ਆਈ। ਸੋਫ਼ਾ, ਕਾਲੀਨ, ਫਰਿੱਜ਼, ਟੀæਵੀæ ਹਰ ਵਸਤੂ ਦੀ ਖਰੀਦਦਾਰੀ ‘ਤੇ ਚਾਅ ਅਤੇ ਉਮਾਹ ਦੀਆਂ ਤਰੰਗਾਂ। ਮਿੱਤਰਾਂ ਨਾਲ ਖੁਸ਼ੀਆਂ ਵੰਡਾਂਦਿਆਂ ਰੱਜ ਨਾ ਆਉਂਦਾ।
ਕਿਰਾਏ ਦੇ ਇਕ-ਕਮਰੀ ਘਰ ਤੋਂ ਉਠ ਕੇ ਫਲੈਟ ਵਿਚ ਗਏ। ਆਪਣਾ ਫਲੈਟ ਸਾਂਤਾਕਰੂਜ਼ ਵਿਚ। ਪਹਿਲਾਂ ਇਕ ਤੇ ਫਿਰ ਫਿਲਮ ਸਿਟੀ ਵਿਚ ਦੂਜਾ ਵੀ। ਗ੍ਰਹਿਸਥੀ ਦੇ ਉਹ ਸ਼ੁਰੂਆਤ ਦੇ ਦਿਨ ਅਤੇ ਫਿਰ ਪੌੜੀ-ਦਰ-ਪੌੜੀ ਉਪਰ ਉਠਣਾ ਸਾਡੀ ਯਾਦ ਦੇ ਸੁਨਹਿਰੀ ਪਲ ਰਹੇ ਹਨ।
ਘਰ-ਸੰਪੱਤੀ, ਜ਼ਮੀਨ ਜਾਇਦਾਦ ਦੇ ਵਾਰਸ ਬਾਲਕ ਹੀ ਹੁੰਦੇ ਹਨ। ਹਰ ਮਾਪਾ ਬੱਚਿਆਂ ਲਈ ਹੀ ਧਨ ਜੋੜਦਾ-ਸੰਜੋੜਦਾ, ਸਾਂਭਦਾ-ਸੰਭਾਲਦਾ, ਵਧਾਂਦਾ ਅਤੇ ਬਚਾਂਦਾ ਹੈ।
ਮੇਰੇ ਬੱਚੇ ਵੀ ਸਾਡੇ ਵਾਂਗ ਹੀ ਆਪਣੇ ਬਲ-ਬੁੱਤੇ ਨਿਵੇਕਲੀ ਗ੍ਰਹਿਸਥੀ ਅਰੰਭਣ ਅਤੇ ਉਸ ਸਾਰੇ ਅਨੁਭਵ ਵਿਚੋਂ ਲੰਘਦੇ ਹੋਏ ਨਿੱਕੀਆਂ-ਨਿੱਕੀਆਂ ਪ੍ਰਾਪਤੀਆਂ ਦੇ ਜਸ਼ਨ ਮੰਨਾਂਦੇ ਸਵੈ-ਭਰੋਸੇ ਦਾ ਅਨੰਦ ਮਾਨਣ; ਮੈਂ ਇੱਦਾਂ ਹੀ ਸੋਚਿਆ ਤੇ ਚਾਹਿਆ ਸੀ, ਤੇ ਹੁਣ ਮੇਰੀ ਇਸ ਚਾਹਤ ਨੂੰ ਫਲ ਲੱਗਣ ਦੀ ਘੜੀ ਆ ਗਈ ਸੀ।
ਬੱਚੇ ਘਰੋਂ ਕੱਢੇ ਨਹੀਂ ਸਨ ਗਏ। ਘਰ ਉਨ੍ਹਾਂ ਦਾ ਹੀ ਹੈ ਅਤੇ ਮੈਂ ਇਸ ਘਰ ਦੀ ਆਰਜ਼ੀ ਰਖਵਾਲਣ। ਇਕਲੌਤਾ ਮਾਪਾ!
ਇਸ ਭਾਵਨਾ ਦਾ ਸੰਚਾਰ ਵੀ ਮੈਂ ਪੁੱਤਰ ਤੇ ਉਸ ਦੇ ਪਰਿਵਾਰ ਨਾਲ ਗਾਹੇ-ਬਗਾਹੇ ਕਰਦੀ ਰਹਿੰਦੀ ਹਾਂ। ਪੁੱਤਰ ਦਾ ਘਰ ਦੂਰ ਨਹੀਂ। ਬੱਸ ਚਾਰ ਕੁ ਮੀਲਾਂ ਜਾਂ ਪੰਦਰਾਂ ਕੁ ਮਿੰਟਾਂ ਦੀ ਵਿੱਥ ‘ਤੇ ਹੈ। ਉਹ ਅਕਸਰ ਆਣ ਮਿਲਦੇ ਹਨ। ਉਨ੍ਹਾਂ ਦਾ ਸੌਣ-ਕਮਰਾ ਉਂਜ ਦਾ ਉਂਜ ਹੀ ਤਿਆਰ ਮਿਲਦਾ ਹੈ, ਉਨ੍ਹਾਂ ਨੂੰ। ਰਹਿ ਵੀ ਜਾਂਦੇ ਹਨ ਰਾਤ-ਬਰਾਤੇ। ਜੇ ਆਏ ਹੋਣ ਤਾਂ ਉਨ੍ਹਾਂ ਦੇ ਵਾਕਫ਼-ਮਿੱਤਰ ਵੀ ਆਣ ਮਿਲਦੇ ਹਨ। ਘਰ ਰੌਣਕ-ਰੌਣਕ ਹੋ ਜਾਂਦਾ ਹੈ।
ਸਿਹਤ ਪੱਖੋਂ ਮੇਰੇ ਨੈਣ-ਪ੍ਰਾਣ ਠੀਕ-ਠਾਕ ਹਨ। ਰੁਝੇਵੇਂ ਵੀ ਬਹੁਤ ਹਨ। ਉਡੀਕ ਲਈ ਮੇਰੇ ਕੋਲ ਵਿਹਲ ਨਹੀਂ। ਮੇਰਾ ਪੁੱਤਰ-ਨੂੰਹ ਉਤੇ ਤੇ ਉਨ੍ਹਾਂ ਦਾ ਮੇਰੇ ਉਤੇ ਕੋਈ ਦਬਾਅ ਵੀ ਨਹੀਂ। ਬਰਾਬਰੀ ਦਾ ਰਿਸ਼ਤਾ ਹੈ। ਫਿਰ ਵੀ ਕੁਝ ਹੈ ਜੋ ਨਹੀਂ ਹੋਣਾ ਚਾਹੀਦਾ।
ਮੇਰੀ ਕੋਈ ਕਿਤਾਬ ਪ੍ਰਕਾਸ਼ਿਤ ਹੋਵੇ, ਉਨ੍ਹਾਂ ਨੂੰ ਦਿਖਾਵਾਂ, ਉਹ ‘ਚੰਗੀ ਹੈ’ ਆਖ ਇਕ ਪਾਸੇ ਰੱਖ ਦਿੰਦੇ ਹਨ। ਕਿਸੇ ਅਖਬਾਰ ਜਾਂ ਰਸਾਲੇ ਵਿਚ ਕੋਈ ਰਚਨਾ ਛਪੇ, ਅਖਬਾਰ ਵਿਚ ਛਪਦੇ ਮੇਰੇ ਕਿਸੇ ਕਾਲਮ ਦੀ ਚਰਚਾ ਕਰਾਂ ਜਾਂ ਚਿੱਤ-ਚੇਤੇ ਦੇ ਕਿਸੇ ਲੇਖ ਦੀ ਗੱਲ ਕਰਾਂ ਜੋ ਲੇਖ ਦੀਪੀ ਪੁੱਤਰ ਦੇ ਹੀ ਬਾਲਪਨ ਦੀ ਕਿਸੇ ਸੁਖਾਵੀਂ-ਅਸੁਖਾਵੀਂ ਘਟਨਾ ਨਾਲ ਸਬੰਧਤ ਹੋਵੇ, ਤਾਂ ਵੀ ਪੁੱਤਰ ਦਾ ਹੁੰਗਾਰਾ ‘ਅੱਛਾ ਹੈ’, ਵਰਗਾ ਰਸਮੀ ਜਿਹਾ ਹੀ ਹੁੰਦਾ ਹੈ।
ਕਿਸੇ ਸਾਕ-ਸਬੰਧੀ, ਵੀਰ-ਭੈਣ ਦਾ ਫੋਨ ਆਵੇ, ਮੈਂ ਪੁੱਤਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੀ ਨਹੀਂ ਥੱਕਦੀ। ਪੁੱਤਰ ਸਣੇ ਪਰਿਵਾਰ ਜਦੋਂ ਆਵੇ ਤਾਂ ਗੱਲ ਛੇੜਦੀ ਹਾਂ। ਉਹ ਪਤੀ-ਪਤਨੀ ਹੂੰ-ਹਾਂ ਕਰਦੇ ਨਾਂਹ ਵਰਗਾ ਹੁੰਗਾਰਾ ਭਰਦੇ ਹਨ। ਫਿਰ ਆਪਸ ਵਿਚ ਹੀ ਰੁਝ ਜਾਂਦੇ ਹਨ। ਆਪਣੇ ਰੁਝੇਵਿਆਂ ਦਾ ਵੀ ਘੱਟ-ਵੱਧ ਹੀ ਜ਼ਿਕਰ ਕਰਦੇ ਹਨ। ਅਜਿਹੇ ਵੇਲੇ ਉਨ੍ਹਾਂ ਦੀ ਆਉਂਦ ਰਸਮੀ ਜਿਹੀ ਲੱਗਣ ‘ਤੇ ਮੈਂ ਉਦਾਸ ਹੋ ਜਾਂਦੀ ਹਾਂ, ਖਾਲੀ-ਖਾਲੀ। ਇਹ ਖਾਲੀਪਣ ਮੇਰੀ ਬਾਲ-ਪੋਤਰੀ ਆਪਣੀਆਂ ਕਿਲਕਾਰੀਆਂ ਨਾਲ ਭਰ ਦਿੰਦੀ ਹੈ। ਉਹ ਸਾਰੀ-ਸਬੂਤੀ ਮਿਲਦੀ ਹੈ। ਪਿਉ ਨੂੰ ਕਹਿੰਦੀ ਹੈ, ਕੰਪਿਊਟਰ ਦਾ ਕੰਮ ਕਰ ਲੈ ਤੇ ਮਾਂ ਨੂੰ ਕਹਿੰਦੀ ਹੈ, ਤੈਨੂੰ ਪਾਪਾ ਬੁਲਾ ਰਿਹਾ ਹੈ। ਉਹਨੂੰ ਦਾਦੀ ਪੂਰੀ ਦੀ ਪੂਰੀ ਆਪਣੇ ਲਈ ਚਾਹੀਦੀ ਹੁੰਦੀ ਹੈ।
ਮੈਂ ਵੱਡੀ ਹੋ ਕੇ ‘ਦਾਦੀ’ ਬਣਾਂਗੀ, ਜ਼ਾਵੀਆ ਦਾ ਸੁਪਨਾ ਹੈ। ਦਾਦੀ ਵਾਂਗ ਸਾੜ੍ਹੀ ਬੰਨ੍ਹ-ਬੰਨ੍ਹ, ਹਾਰ-ਕਲਿੱਪ ਪਾ-ਲਟਕਾਅ ਤੇ ਐਨਕ ਲਾ, ਖ਼ੁਦ ਨੂੰ ਸ਼ੀਸ਼ੇ ਵਿਚ ਨਿਹਾਰਦੀ, ‘ਵੇਖੋ, ਮੈਂ ਦਾਦੀ ਬਣ ਗਈ’ ਗਾਉਣ ਲਗਦੀ ਹੈ। ਮੇਰੇ ਨਾਲ ਤਾਸ਼ ਖੇਡਦੀ, ਘਰ-ਘਰ ਖੇਡਦੀ, ਲੂਡੋ ਖੇਡਦੀ ਨੂੰ ਰੱਜ ਨਹੀਂ ਆਉਂਦਾ। ਉਦੋਂ ਜਿਵੇਂ ਸਾਰੀ ਕਾਇਨਾਤ ਵਿਚ ਅਸੀਂ ਦੋਵੇਂ ਹੋਈਏ, ਮੈਂ ਅਨੰਦੋ-ਅਨੰਦ ਹੋ ਜਾਂਦੀ ਹਾਂ। ਪਿਛੇ ਜਿਹੇ ਜ਼ਾਵੀਆ ਪੋਤਰੀ ਆਈ ਤਾਂ ਮੈਂ ਠੀਕ ਨਹੀਂ ਸਾਂ। ਬੁਖਾਰ ਸੀ। ਸੱਟ ਵੀ ਗੁੱਝੀ ਲੱਗੀ ਸੀ।
“ਦਾਦੀ, ਤੂੰ ਹੋਰ ਬੁੱਢੀ ਨਾ ਹੋ, ਤੂੰ ਬੁੱਢੀ ਹੋ ਕੇ ਮਰ ਜਾਵੇਂਗੀ। ਫਿਰ ਮੈਂ ਕੀ ਕਰਾਂਗੀ?”
ਜ਼ਾਵੀਆ ਰੋਣ ਲੱਗ ਪਈ। ਜ਼ਾਰੋ-ਜ਼ਾਰ।
“ਮੈਂ ਠੀਕ ਹੋ ਜਾਵਾਂਗੀ। ਤੇ ਜੇ ਮਰ ਵੀ ਗਈ ਤਾਂ ਤੇਰੇ ਘਰ ਛੋਟੀ ਬੇਬੀ ਬਣ ਕੇ ਆ ਜਾਵਾਂਗੀ। ਤੂੰ ਖੂਬ ਖਾ ਪੀ ਅਤੇ ਛੇਤੀ ਵੱਡੀ ਹੋ ਜਾ।” ਮੇਰੇ ਕਹਿਣ ਦੀ ਦੇਰ ਸੀ ਕਿ ਪੋਤੀ ਖਿੜ ਗਈ।
“ਠੀਕ ਹੈ ਫਿਰ ਮੈਂ ਦਾਦੀ ਬੇਬੀ ਨੂੰ ਖਿਡਾਵਾਂਗੀ। ਦੁੱਧ ਪਿਆਵਾਂਗੀ। ਮੈਂ ਦਾਦੀ-ਬੇਬੀ ਨੂੰ ਬਿਲਕੁਲ ਨਹੀਂ ਡਾਂਟਾਂਗੀ। ਮੈਂ ਦਾਦੀ-ਬੇਬੀ ਨੂੰ ਸ਼ਰਾਰਤਾਂ ਵੀ ਕਰਨ ਦਿਆਂਗੀ।” ਆਖ-ਆਖ ਉਹ ਆਪਣੇ ਮਾਪਿਆਂ ਨੂੰ ਛੇੜਨ ਲੱਗੀ।
ਹੁਣ ਜ਼ਾਵੀਆ ਦਾਦੀ-ਬੇਬੀ ਨੂੰ ਕਦੇ ਲੋਰੀ ਦੇ ਕੇ ਸੁਆਉਂਦੀ ਹੈ, ਕਦੇ ਖੇਡ-ਖੇਡ ਵਿਚ ਨੁਹਾਉਂਦੀ, ਖਾਣਾ ਖੁਆਉਂਦੀ, ਸੁਆਉਂਦੀ, ਸਕੂਲ ਲਈ ਤਿਆਰ ਕਰਦੀ, ਕਦੇ ਉਸ ਦੀ ਕੰਘੀ ਕਰਦੀ, ਰਿਬਨ ਪੁਆਉਂਦੀ ਤੇ ਕਦੇ ‘ਚੰਗੇ ਬੱਚੇ ਆਖੇ ਲਗਦੇ ਨੇ’ ਕਹਿ ਕੇ ਆਪਣੀ ਹਰ ਗੱਲ ਮਨਵਾਉਂਦੀ ਵੀ ਹੈ।
ਜ਼ਾਵੀਆ ਕਦੇ ਮੇਰੀ ਡਾਕਟਰ ਬਣ ਕੇ ਮੈਨੂੰ ਦਵਾਈ ਖਾਣ ਲਈ ਵੀ ਮਜਬੂਰ ਕਰ ਦਿੰਦੀ ਹੈ ਤੇ ਮੈਨੂੰ ਉਸ ਦੀ ‘ਝੂਠ-ਮੂਠ’ ਦੀ ਗੋਲੀ ਖਾਣੀ ਪੈਂਦੀ ਹੈ। ਕਹਾਣੀਆਂ ਸੁਣਦੀ ਤੇ ਅੱਗਿਉਂ ਆਪ ਵੀ ਘੜ-ਘੜ ਸੁਣਾਉਂਦੀ, ਟੱਪਿਆਂ ਦੋਹਿਆਂ ਵਿਚ ਦਾਦੀ ਨਾਲ ਝਈਆਂ ਲੈਂਦੀ ਜ਼ਾਵੀਆ ਦੀ ਰਚਨਾਤਮਕਤਾ ‘ਤੇ ਮੈਂ ਦੰਗ ਰਹਿ ਜਾਂਦੀ ਹਾਂ।
ਜ਼ਾਵੀਆ ਆਵੇ ਸਹੀ, ਮੈਂ ਸਾਰੇ ਰੁਝੇਵੇਂ ਪਾਸੇ ਕਰ ਦਿੰਦੀ ਹਾਂ। ਹੋਰ ਤਾਂ ਹੋਰ, ਜੇ ਕਿਸੇ ਸਖੀ-ਮਿੱਤਰ ਦਾ ਫੋਨ ਆਵੇ, ਮਿਲਣ ਆਉਣ ਲਈ ਤਾਂ ਮੈਨੂੰ ਉਨ੍ਹਾਂ ਦੀ ਮਿਲਣੀ ਅਗੇਤਰੇ ਪਾਉਣੀ ਪੈਂਦੀ ਹੈ।
ਜ਼ਾਵੀਆ ਆਪਣੀ ਦਾਦੀ ਨੂੰ ਕਿਸੇ ਨਾਲ ਨਹੀਂ ਵੰਡਾ ਸਕਦੀ। ਬੱਚਿਆਂ ਨੇ ਪਿਕਨਿਕ ਦੇ ਸਾਥ ਦੀ ਦਾਅਵਤ ਦਿੱਤੀ। ਸ਼ਿਮਲੇ ਜਾਣਾ ਸੀ। ਪੋਤੀ ਜ਼ਾਵੀਆ ਦਾ ਸਾਥ ਮਾਣਨ ਖਾਤਰ ਮੈਂ ਆਪਣੇ ਰੁਝੇਵੇਂ ਪਾਸੇ ਪਾ ਦਿੱਤੇ ਤੇ ਤਿਆਰ ਹੋ ਗਈ। ਸ਼ਿਮਲੇ ਵਿਚ ਜ਼ਾਵੀਆ ਨਾਲ ਖੇਡਦਿਆਂ ਮੈਂ ਡਿੱਗ ਪਈ। ਸੱਟ ਲੱਗ ਗਈ। ਗੋਡੇ-ਅਰਕਾਂ ਝਰੀਠੇ ਗਏ। ਮੋਚ ਵੀ ਆ ਗਈ। ਬੜੀ ਤਕਲੀਫ਼ ਵਿਚ ਹਫ਼ਤਾ ਲੰਘਿਆ।
ਹਫ਼ਤੇ ਦੇ ਪੰਜ ਦਿਨ ਪੁੱਤਰ ਬਹੁਤ ਰੁਝਿਆ ਹੁੰਦਾ ਹੈ। ਨਿੱਜੀ ਕਾਰੋਬਾਰ। ਉਸ ਨੂੰ ਮੇਰਾ ਹਾਲ ਪੁੱਛਣ ਦਾ ਖ਼ਿਆਲ ਹੀ ਨਹੀਂ ਆਇਆ। ਉਂਜ ਪੁੱਛਣਾ-ਪੁਛਾਉਣਾ ਰਸਮੀ ਹੀ ਤਾਂ ਹੁੰਦਾ ਹੈ। ਕੀ ਬੱਚਿਆਂ ਦੇ ਪੁੱਛ ਲੈਣ ਨਾਲ ਮੇਰੀ ਤਕਲੀਫ਼ ਘਟ ਜਾਣੀ ਸੀ? ਪਰ ਮਨ ਹੈ ਕਿ ਮੰਨਦਾ ਨਹੀਂ। ਅੰਦਰ ਦਾ ਬਜ਼ੁਰਗ ਅਣਗੌਲੇ ਜਾਣ ‘ਤੇ ਉਦਾਸ ਹੋ ਜਾਂਦਾ ਹੈ।
ਸ਼ਨਿਚਰਵਾਰ ਵੀ ਲੰਘ ਗਿਆ। ਬੱਚੇ ਮਿਲਣ ਨਹੀਂ ਆਏ। ਜ਼ਾਵੀਆ ਡਾਢੀ ਯਾਦ ਆਈ। ਮੈਂ ਹੀ ਮਿਲਣ ਚਲੀ ਗਈ। ਐਤਵਾਰ, ਰਾਤ ਦੇ ਅੱਠ ਵਜੇ।
ਨੂੰਹ ਤੋਂ ਪਤਾ ਲੱਗਾ ਕਿ ਪੁੱਤਰ ਦਿੱਲੀ ਗਿਆ ਹੈ ਕਿਸੇ ਮੀਟਿੰਗ ਲਈ, ਤੇ ਦੋ ਦਿਨਾਂ ਬਾਅਦ ਆਵੇਗਾ। ਜਾਣ ਤੋਂ ਪਹਿਲਾਂ ਬੇਟੇ ਨੇ ਫੋਨ ਵੀ ਨਹੀਂ ਕੀਤਾ। ਸ਼ਾਇਦ ਮੀਟਿੰਗ ਵਿਚ ਪੇਪਰ ਪੜ੍ਹਨ ਦੀ ਤਿਆਰੀ ਕਰਦਾ ਰਿਹਾ ਹੋਣਾ ਹੈ। ਸੌ ਤਾਂ ਝਮੇਲੇ ਨੇ ਉਸ ਦੇ। ਮਸ਼ਗੂਲ ਹੋਣੈ। ਮੈਂ ਮਨ ਨੂੰ ਸਮਝਾਉਂਦੀ ਹਾਂ।
ਰਾਤੀਂ ਪੁੱਤਰ ਦੇ ਘਰ ਰਹਿ ਕੇ ਮੈਂ ਜ਼ਾਵੀਆ ਦੀਆਂ ਖੇਡਾਂ ਦਾ ਅਨੰਦ ਮਾਣਨਾ ਚਾਹੁੰਦੀ ਸਾਂ। ਜ਼ਾਵੀਆ ਦੇਰ ਰਾਤ ਤੱਕ ਮੈਥੋਂ ਕਹਾਣੀਆਂ ਸੁਣਦੀ ਹੈ, ਪਰ ਅੱਜ ਛੇਤੀ ਸੌਂ ਗਈ ਹੈ। ਰੋਜ਼ ਗਾਰਡਨ ਵਿਚ ਰੱਜ ਕੇ ਖੇਡੀ-ਦੌੜੀ ਸੀ, ਨੂੰਹ ਨੇ ਦੱਸਿਆ ਹੈ।
ਮੇਰੀ ਨੂੰਹ ਰਿਚਾ ਆਪਣੇ ਮਹਿਮਾਨ-ਮਿੱਤਰਾਂ ਨਾਲ ਰੁੱਝੀ ਹੋਈ ਹੈ। ਮੈਂ ਰੋਸਈ ਵਿਚ ਉਸ ਦਾ ਹੱਥ ਵੰਡਾਣਾ ਚਾਹੁੰਦੀ ਹਾਂ, ਪਰ ਉਹ ਮੈਨੂੰ ਆਰਾਮ ਨਾਲ ਸੌਣ ਕਮਰੇ ਵਿਚ ਪੈ ਜਾਣ ਲਈ ਕਹਿੰਦੀ ਹੈ। ਘੂਕ ਸੁੱਤੀ ਪਈ ਜ਼ਾਵੀਆ ਦੇ ਸਿਰਹਾਣੇ ਪਈ ਮੈਂ ਆਪਣੇ-ਆਪ ਨੂੰ ਛੁਟਿਆਇਆ ਤੇ ਅਣਚਾਹਿਆ ਮਹਿਸੂਸ ਕਰਦੀ ਹਾਂ। ਸਾਰੀ ਰਾਤ ਮੈਂ ਸੌਂ ਨਾ ਸਕੀ। ਸਵੇਰ-ਸਾਰ ਘਰ ਪਰਤਣ ਦੀ ਕੀਤੀ।
ਮੇਰੇ ਘਰੋਗੀ ਕੰਮਾਂ ਦੀ ਮਦਦਗਾਰ, ਬਬੀਤਾ ਠੀਕ ਅੱਠ ਵਜੇ ਹਾਜ਼ਰ ਹੋ ਜਾਂਦੀ ਹੈ। ਜ਼ਾਵੀਆ ਅਜੇ ਵੀ ਸੌਂ ਰਹੀ ਹੈ। ਭਰੇ ਮਨ ਨਾਲ ਮੈਂ ਰਿਚਾ ਤੋਂ ਵਿਦਾਇਗੀ ਲੈਂਦੀ ਹਾਂ।
ਰਿਕਸ਼ਾ ਕਰ ਕੇ ਘਰ ਪਰਤ ਆਈ ਹਾਂ। ਦਾਖਲ ਹੁੰਦਿਆਂ ਹੀ ਵਿਹੜੇ ਵਿਚ ਲੱਗੇ ਨਿੰਬੂ ਅਤੇ ਅਨਾਰ ਦੇ ਰੁੱਖਾਂ ਉਤੇ ਚਹਿਕਦੀਆਂ ਬੁਲਬੁਲਾਂ ਦੇ ਸ਼ੋਰ ਨੇ ਮੇਰਾ ਧਿਆਨ ਖਿੱਚ ਲਿਆ ਹੈ। ਨਰ ਤੇ ਮਦੀਨ ਆਪਣੇ ਤਿੰਨ ਨਿੱਕੇ-ਨਿੱਕੇ ਬੋਟਾਂ ਦੇ ਮੂੰਹਾਂ ਵਿਚ ਚੋਗਾ ਪਾ ਰਹੇ ਹਨ। ਬੋਟਾਂ ਦੇ ਖੁੱਲ੍ਹੇ ਮਲੂਕ ਵਾਤ ਤੇ ਚੂੰ-ਚੂੰ ਦੇ ਨਾਲ ਉਨ੍ਹਾਂ ਦੀ ਨਿੱਕੀ-ਨਿੱਕੀ ਫੁਦਕ ਮੇਰਾ ਮਨ ਮੋਹ ਲੈਂਦੀ ਹੈ। ਬੁਲਬੁਲ-ਮਾਪੇ ਉਨ੍ਹਾਂ ਨੂੰ ਚੁਗਣਾ ਤੇ ਉਡਣਾ ਸਿੱਖਾ ਰਹੇ ਹਨ। ਕਦੇ ਵਿਹੜੇ ਦੀ ਬੰਨੀ ਉਤੇ, ਕਦੇ ਬਰਾਂਡੇ ਦੀਆਂ ਕੁਰਸੀਆਂ ਅਤੇ ਕਦੇ ਜ਼ਾਵੀਆ ਦੀ ਪੀਂਘ ਉਪਰ ਝੂਟਦੇ-ਫੁਦਕਦੇ, ਅਰ ਨਿੱਕੀ-ਨਿੱਕੀ ਉਡਾਣ ਭਰਦੇ ਬੁਲਬੁਲਾਂ ਦੇ ਬੋਟ ਮੇਰੀ ਉਦਾਸੀ ਨੂੰ ਛੂ-ਮੰਤਰ ਕਰ ਦਿੰਦੇ ਹਨ।
ਰਸੋਈ ਵਿਚ ਜਾ ਕੇ ਮੈਂ ਚਾਹ ਦਾ ਕੱਪ ਬਣਾਉਣ ਹੀ ਲੱਗੀ ਹਾਂ ਕਿ ਬੇਚੈਨ ਬੁਲਬੁਲਾਂ ਦੀ ਲਗਾਤਾਰ ਚੀਕ-ਚਹਿਚਹਾਟ ਸੁਣ ਕੇ ਮੈਂ ਵਿਹੜੇ ਵਿਚ ਦੌੜ ਆਉਂਦੀ ਹਾਂ।
ਬਨੇਰੇ ਉਪਰ ਬਿੱਲੀ ਬੈਠੀ ਹੈ। ਬੋਟਾਂ ‘ਤੇ ਸ਼ਿਸ਼ਤ ਲਗਾਈ। ਪੂਰੀ ਤਾਕ ਵਿਚ। ਮੈਂ ਬਿੱਲੀ ਨੂੰ ਸ਼ਿਸ਼ਕਾਰ ਕੇ ਭਜਾ ਦਿੰਦੀ ਹਾਂ। ਬੁਲਬਲਾਂ ਦਾ ਜੋੜਾ ਸ਼ਾਂਤ ਹੋ ਗਿਆ ਹੈ।
ਅੱਜ ਦਾ ਦਿਨ ਮੈਂ ਕਿਧਰੇ ਨਹੀਂ ਜਾਣਾ। ਘਰ ਹੀ ਰਹਾਂਗੀ। ਬੁਲਬੁਲਾਂ ਨੂੰ ਮੇਰੀ ਲੋੜ ਹੈ। ਉਨ੍ਹਾਂ ਦੇ ਬੋਟ ਖੰਭ ਸੁਆਰ ਰਹੇ ਹਨ। ਬੱਸ ਉਡੇ ਕਿ ਉਡੇ। ਉਹ ਛੇਤੀ ਹੀ ਉਡਾਰੀ ਮਾਰ ਜਾਣਗੇ। ਸ਼ਾਮੀ ਜਾਂ ਭਲਕੇ।
ਬੁਲਬੁਲ-ਜੋੜਾ ਮੁੜ ਇਕੱਲਾ ਰਹਿ ਜਾਵੇਗਾ। ਕੀ ਉਹ ਉਦਾਸ ਹੋਵੇਗਾ? ਕੀ ਉਸ ਨੂੰ ਸ਼ਿਕਵਾ ਹੋਵੇਗਾ ਕਿ ਉਡ ਗਏ ਬੋਟਾਂ ਨੇ ਮੁੜ ਪਿੱਛੇ ਪਰਤ ਕੇ ਨਹੀਂ ਤੱਕਿਆ?æææਨਹੀਂ ਨਹੀਂ।
ਪੰਛੀ ਯਾਦ ਦੇ ਸਹਾਰੇ ਨਹੀਂ ਜਿਉਂਦੇ। ਉਹ ਪਿੱਛੇ ਪਰਤ ਕੇ ਨਹੀਂ ਝੂਰਦੇ। ਤੇ ਮੈਂ?æææਮੇਰੇ ਕੋਲ ਯਾਦਾਂ ਦੇ ਬਿਨਾਂ ਹੋਰ ਹੈ ਹੀ ਕੀ? ਜਿਉਂ ਜਿਉਂ ਉਮਰ ਵਧਦੀ ਜਾਂਦੀ ਹੈ, ਯਾਦਾਂ ਦੀ ਪਕੜ ਮਜ਼ਬੂਤ ਹੁੰਦੀ ਜਾਂਦੀ ਹੈ।
ਚੇਤਾ ਚੇਤਾ ਚੇਤਾ! ਚੇਤਾ ਹੀ ਮੈਨੂੰ ਆਪਣੀ ਸਗਲੀ ਪੂੰਜੀ ਲੱਗਦਾ ਹੈ। ਇਹ ਵਰਦਾਨ ਹੈ ਕਿ ਸਰਾਪ?
ਇਹ ਮੈਂ ਕੱਲ੍ਹ ਸੋਚਾਂਗੀ। ਅੱਜ ਮੇਰਾ ਵਿਹੜਾ ਬੁਲਬੁਲਾਂ ਤੇ ਉਨ੍ਹਾਂ ਦੇ ਬੋਟਾਂ ਨਾਲ ਭਰਿਆ-ਭਕੁੰਨਾ ਚਹਿਕ ਰਿਹਾ ਹੈ।
ਬੋਟਾਂ ਦੀਆਂ ਕੋਰੀਆਂ ਕਿਲਕਾਰੀਆਂ ਨਾਲ ਇਕਸੁਰ, ਖੁਸ਼ ਹਾਂ ਮੈਂ, ਖਿੜੀ-ਖਿੜੀ। ਹੁਣੇ ਹੀ ਫੋਨ ਕਰ ਕੇ ਮੈਂ ਇਸ ਖੇੜੇ ਦਾ ਅਨੁਭਵ ਜ਼ਾਵੀਆ ਨਾਲ ਸਾਂਝਾ ਕਰਾਂਗੀ।æææਕਿਤਨੀ ਖੁਸ਼ ਹੋਵੇਗੀ ਉਹ।æææਅਨੰਦੋ-ਅਨੰਦ!
#