ਬਲਜੀਤ ਬਾਸੀ
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਿਛਲੀ ਸਤੰਬਰ ਚੀਨ ਗਏ ਤਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੰਡ ਲਈ ਵਰਤੇ ਜਾਂਦੇ ਸ਼ਬਦ ḔਚੀਨੀḔ ਬਾਰੇ ਕੁਝ ਇਸ ਤਰ੍ਹਾਂ ਕਿਹਾ, “ਚੀਨ ਦੇ ਕਾਰਨ ਹੀ ਭਾਰਤ ਵਿਚ ਸ਼ੱਕਰ ਦਾ ਨਾਂ ਚੀਨੀ ਪਿਆ ਹੈ। ਚੀਨ ਦੀ ਤਕਨੀਕ ਨਾਲ ਹੀ ਅਸੀਂ ਸ਼ੱਕਰ ਨੂੰ ਸ਼ੁੱਧ ਅਤੇ ਨਵੇਂ ਰੰਗ-ਢੰਗ ਵਿਚ ਤਿਆਰ ਕਰ ਸਕੇ ਸਾਂ।
ਇਸ ਲਈ ਭਾਰਤ ਦੇ ਲੋਕ ਸ਼ੱਕਰ ਨੂੰ ਚੀਨੀ ਕਹਿੰਦੇ ਹਨ।” ਖੁਦ ਮੋਦੀ ਅਤੇ ਉਸ ਦੇ ਸਰਪ੍ਰਸਤ ਸੰਗਠਨ ਆਮ ਤੌਰ ‘ਤੇ ਹਰ ਨਵੀਂ ਚੀਜ਼ ਸ਼ੁਰੂ ਕਰਨ ਦਾ ਸਿਹਰਾ ਭਾਰਤ ਨੂੰ ਹੀ ਦਿੰਦੇ ਹਨ ਪਰ ਰਾਜਨੀਤੀ ਦੇ ਆਕਾਵਾਂ ਦੀ ਸ਼ਾਇਦ ਇਹ ਮਜਬੂਰੀ ਵੀ ਹੁੰਦੀ ਹੈ ਕਿ ਉਹ “ਜਿਥੇ ਦੇਖਾਂ ਤਵਾ ਪਰਾਤ, ਉਥੇ ਗਾਵਾਂ ਸਾਰੀ ਰਾਤ” ਕਹਾਵਤ ਅਨੁਸਾਰ ਆਪਣੇ ਮੇਜ਼ਬਾਨਾਂ ਦੀ ਲੋੜੋਂ ਵਧ ਸਿਫਤ ਕਰ ਦਿੰਦੇ ਹਨ।
ਆਮ ਤੌਰ ‘ਤੇ ਚਿੱਟੀ ਦਾਣੇਦਾਰ ਖੰਡ ਨੂੰ ਚੀਨੀ ਆਖ ਦਿੰਦੇ ਹਨ। ਪੰਜਾਬ ਵਿਚ ਇਹ ਸ਼ਬਦ ਪਿੰਡਾਂ ਨਾਲੋਂ ਸ਼ਹਿਰਾਂ ਵਿਚ ਵਧੇਰੇ ਵਰਤਿਆ ਜਾਂਦਾ ਹੈ। ਉਂਜ ਵਧੇਰੇ ਮੈਲ ਵਾਲੀ ਖੰਡ ਨੂੰ ਕੱਚੀ ਚੀਨੀ ਅਤੇ ਕੱਢੀ ਹੋਈ ਮੈਲ ਵਾਲੀ ਖੰਡ ਨੂੰ ਪੱਕੀ ਚੀਨੀ ਵੀ ਆਖਿਆ ਜਾਂਦਾ ਹੈ। ਖੰਡ ਲਈ ਚੀਨੀ ਸ਼ਬਦ ਦੇ ਪ੍ਰਯੋਗ ਬਾਰੇ ਵæ ਲ਼ ਸਮਿਥ ਦਾ ਲਿਖਿਆ ਇਕ ਖੋਜ-ਪੱਤਰ ਮੇਰੇ ਹੱਥ ਲੱਗਾ ਹੈ। ਹਥਲਾ ਕਾਲਮ ਲਿਖਣ ਲਈ ਮੈਂ ਇਸ ਤੋਂ ਸਹਾਇਤਾ ਲਈ ਹੈ। ਹਿੰਦੀ ਦੇ ਕੋਸ਼ ‘ਸ਼ਬਦ ਸਾਗਰ’ ਅਨੁਸਾਰ ਚੀਨੀ ਸ਼ਬਦ ਜਾਂ ਤਾਂ ਚੀਨ (ਦੇਸ਼) ਤੋਂ ਬਣਿਆ ਹੈ ਜਾਂ ਸੰਸਕ੍ਰਿਤ ḔਸਿਤḔ ਤੋਂ। ਸੰਸਕ੍ਰਿਤ ਸਿਤ ਦਾ ਅਰਥ ਵੀ ਖੰਡ ਹੁੰਦਾ ਹੈ। ਇਕ ਹੋਰ ਵਿਦਵਾਨ ਅਨੁਸਾਰ ਚੀਨੀ ਫਾਰਸੀ ਸ਼ਬਦ Ḕਸ਼ੀਰਨੀḔ ਦਾ ਵਿਗੜਿਆ ਰੂਪ ਹੈ ਜਿਸ ਦਾ ਅਰਥ ਮਿੱਠਾ ਹੁੰਦਾ ਹੈ ਪਰ ਬਹੁਤਿਆਂ ਨੇ ਇਸ ਨੂੰ ਰੱਦ ਕੀਤਾ ਹੈ।
‘ਸ਼ਬਦ ਸਾਗਰ’ ਅਨੁਸਾਰ ਦਾਣੇਦਾਰ ਖੰਡ ਬਾਹਰਲੇ ਦੇਸ਼ ਤੋਂ ਆਈ ਸੀ ਇਸ ਲਈ ਹਿੰਦੂ ਇਸ ਨੂੰ ਅਧਾਰਮਿਕ ਸਮਝਦੇ ਹੋਏ ਇਸ ਦੀ ਵਰਤੋਂ ਨਹੀਂ ਸਨ ਕਰਦੇ। ਨੈਪਾਲੀ, ਬੰਗਾਲੀ, ਤਾਮਿਲ, ਅਸਾਮੀ ਭਾਸ਼ਾਵਾਂ ਵਿਚ ਚੀਨੀ ਸ਼ਬਦ ਦੀ ਵਰਤੋਂ ਆਮ ਹੈ। ਇਕ ਬੰਗਾਲੀ ਕੋਸ਼ ਅਨੁਸਾਰ ਚੀਨੀ ਸ਼ਬਦ ਕਾਲਪਨਿਕ ਸੰਸਕ੍ਰਿਤ ਸ਼ਬਦ ḔਚਿਨੀਆḔ ਤੋਂ ਬਣਿਆ ਹੈ ਕਿਉਂਕਿ ਇਸ ਪ੍ਰਕਾਰ ਦੀ ਖੰਡ ਚੀਨ ਵਿਚ ਬਣਦੀ ਸੀ। ਗ਼ ਚæ ਗੋਸਵਾਮੀ ਅਨੁਸਾਰ ਇਹ ਸ਼ਬਦ ਸੰਸਕ੍ਰਿਤ ਚੈਨਿਕਾ, ਮਤਲਬ ਚੀਨ ਨਾਲ ਸਬੰਧਤ, ਤੋਂ ਬਣਿਆ ਹੈ। ਕੁਝ ਵੀ ਹੋਵੇ, ਸਾਰਿਆ ਵਿਚ ਇਕ ਗੱਲ ਦੀ ਸਾਂਝ ਹੈ ਕਿ ਇਸ ਸ਼ਬਦ ਦਾ ਚੀਨ ਦੇਸ਼ ਨਾਲ ਸਬੰਧ ਹੈ।
ਹੈਰਾਨੀ ਵਾਲੀ ਗੱਲ ਹੈ ਕਿ ਸਾਡੀਆ ਭਾਸ਼ਾਵਾਂ ਵਿਚ ਸ਼ੱਕਰ ਜਿਹੇ ਪਦਾਰਥਾਂ ਲਈ ਇੰਨੇ ਸ਼ਬਦਾਂ ਦੇ ਹੁੰਦਿਆਂ ਚੀਨ ਨਾਲ ਸਬੰਧਤ ਇਸ ਸ਼ਬਦ ਨੂੰ ਅਪਨਾਉਣ ਦੀ ਕੀ ਲੋੜ ਸੀ? ਪੱਛਮੀ ਭਾਰਤ ਦੀਆਂ ਆਰਿਆਈ ਭਾਸ਼ਾਵਾਂ ਵਿਚ ਆਮ ਤੌਰ ‘ਤੇ ਇਹੀ ਸ਼ਬਦ ਪ੍ਰਚਲਿਤ ਹਨ ਜਿਨ੍ਹਾਂ ਦੀ ਚਰਚਾ ਅਸੀਂ ਪਿਛਲੇ ਲੇਖਾਂ ਵਿਚ ਕਰ ਆਏ ਹਾਂ। ਬਲਕਿ ਯੂਰਪੀਅਨਾਂ ਸਮੇਤ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਦੇ ਖੰਡ ਲਈ ਸ਼ਬਦ ਵੀ ਇਨ੍ਹਾਂ ਸ਼ਬਦਾਂ ‘ਤੇ ਆਧਾਰਤ ਹਨ। ਤਾਅਜੁਬ ਹੈ ਕਿ ਪ੍ਰਾਚੀਨ ਤੋਂ ਹੀ ਸ਼ੱਕਰ ਭਾਰਤ ਵਿਚ ਬਣਾਈ ਜਾਂਦੀ ਰਹੀ ਹੈ ਅਤੇ ਭਾਰਤ ਹੀ ਮੁੱਖ ਤੌਰ ‘ਤੇ ਸ਼ੱਕਰ ਦਾ ਨਿਰਯਾਤ ਕਰਦਾ ਰਿਹਾ ਹੈ ਜਦਕਿ ਚੀਨ ਨੇ ਕਦੇ ਵੀ ਇਸ ਉਤਪਾਦ ਦਾ ਬਹੁਤੀ ਮਾਤਰਾ ਵਿਚ ਨਿਰਯਾਤ ਨਹੀਂ ਕੀਤਾ। ਇਸ ਪੱਖ ਨੂੰ ਵਿਚਾਰਿਆਂ ਚੀਨੀ ਸ਼ਬਦ ਨੂੰ ਇਸ ਲਈ ਚੀਨੀ ਕਹਿਣਾ ਕਿ ਇਹ ਇਹ ਚੀਨ ਤੋਂ ਆਈ ਹੈ, ਤਾਰਕਿਕ ਨਹੀਂ ਲਗਦਾ। ਤਾਂਗ ਦੇ ਕਾਲ ਤੱਕ ਚੀਨ ਵਿਚ ਅੰਕੁਰਿਤ ਜੌਂਅ ਆਦਿ ਜਿਹੇ ਅਨਾਜ ਜਾਂ ਫਿਰ ਪਾਣੀ ਵਿਚ ਉਗਦੇ ਗੰਨੇ ਵਰਗੇ ਪੌਦਿਆਂ ਤੋਂ ਹੀ ਮਿੱਠਾ ਬਣਾਇਆ ਜਾਂਦਾ ਸੀ।
ਹਰਸ਼ ਦੇ ਜ਼ਮਾਨੇ ਵਿਚ ਹਿਊਨ ਸਾਂਗ ਭਾਰਤ ਆਇਆ ਤਾਂ ਉਹ ਗੰਧਾਰ ਦੇ ਇਲਾਕੇ ਵਿਚ ਬੀਜੇ ਜਾ ਰਹੇ ਗੰਨੇ ਅਤੇ ਉਸ ਤੋਂ ਬਣਦੇ ਠੋਸ ਮਿੱਠੇ ਨੂੰ ਦੇਖ ਕੇ ਚਕ੍ਰਿਤ ਰਹਿ ਗਿਆ। ਚੀਨ ਵਿਚ ਉਸ ਜ਼ਮਾਨੇ (ਸੱਤਵੀਂ ਸਦੀ) ਵਿਚ ਸ਼ਹਿਦ ਦਾ ਕੇਕ ਬਣਾਇਆ ਜਾਂਦਾ ਸੀ ਜੋ ਛੇਤੀ ਹੀ ਢਿਲਕ ਜਾਂਦਾ ਸੀ ਪਰ ਭਾਰਤ ਤੋਂ ਮੰਗਵਾਈ ਸ਼ੱਕਰ ਵਰਤਣ ਨਾਲ ਬਹੁਤ ਸਥੂਲ ਬਣ ਜਾਂਦਾ ਸੀ। ਇਸ ਲਈ ਮਗਧ ਤੋਂ ਵੱਡੀ ਮਾਤਰਾ ਵਿਚ ਖੰਡ ਚੀਨ ਵਿਚ ਦਰਾਮਦ ਹੋਣ ਲੱਗੀ। ਆਖਰ ਹਰਸ਼ ਦੇ ਕਾਲ ਵਿਚ ਚੀਨ ਨੇ ਇਕ ਦੂਤ ਭਾਰਤ ਭੇਜਿਆ ਜਿਸ ਨੂੰ ਸ਼ੱਕਰ ਦੀ ਤਕਨੀਕ ਚੋਰੀ ਕਰਨ ਲਈ ਆਖਿਆ ਗਿਆ। ਇਸ ਜਾਸੂਸੀ ਕਾਰਨ ਤਾਂਗ ਦੇ ਜ਼ਮਾਨੇ ਵਿਚ ਚੀਨ ਵਧੀਆ ਖੰਡ ਬਣਾਉਣ ਲੱਗਾ। ਫਿਰ ਤਾਂ ਚੀਨੀ ਲੋਕ ਬਹੁਤ ਵੱਡੀ ਮਾਤਰਾ ਵਿਚ ਗੰਨੇ ਤੋਂ ਸ਼ੱਕਰ ਬਣਾਉਣ ਦੇ ਕੰਮੀਂ ਲੱਗ ਗਏ। ਪਰ ਤਾਂ ਵੀ ਇਹ ਖੰਡ ਬਹੁਤੀ ਉਮਦਾ ਨਹੀਂ ਸੀ। ਚੀਨੀ ਲੋਕ ਕਦੇ ਵੀ ਮਿੱਠੀਆਂ ਚੀਜ਼ਾਂ ਦੇ ਸ਼ੌਕੀਨ ਨਹੀਂ ਰਹੇ, ਅੱਜ ਵੀ ਨਹੀਂ। ਇਕ ਚੀਨੀ ਲੇਖਕ ਦਾ ਕਹਿਣਾ ਹੈ ਕਿ ਮਿੱਠੀਆਂ ਚੀਜ਼ਾਂ ਤਾਂ ਉਜੱਡ ਅਤੇ ਪੇਂਡੂ ਲੋਕ ਖਾਂਦੇ ਹਨ। ਖੰਡ ਨੂੰ ਚੀਨੀ ਕਹਿਣ ਦਾ ਮਤਲਬ ਇਹ ਨਹੀਂ ਕਿ ਖੰਡ ਚੀਨ ਤੋਂ ਆਈ ਹੈ। ਕਈ ਥਾਂਵਾਂ ‘ਤੇ ਮੂੰਗਫਲੀ ਨੂੰ ਚੀਨਾ ਬਦਾਮ ਕਿਹਾ ਜਾਂਦਾ ਹੈ ਪਰ ਜਿਵੇਂ ਅਸੀਂ ਮੂੰਗਫਲੀ ਵਾਲੇ ਲੇਖ ਵਿਚ ਦੱਸਿਆ ਸੀ, ਮੂੰਗਫਲੀ ਤਾਂ ਦੱਖਣੀ ਅਮਰੀਕਾ ਤੋਂ ਆਈ ਹੈ। ਮੈਕਸੀਕੋ ਦੇ ਲੋਕ ਬੋਲਚਾਲ ਵਿਚ ਮੂੰਗਫਲੀ ਨੂੰ ḔਚੀਨੋḔ ਆਖਦੇ ਸਨ, ਉਨ੍ਹਾਂ ਦਾ ਭਾਵ ਸੀ ਚੀਨੀਆਂ ਵਾਂਗ ਝੁਰੜੀਦਾਰ ਹੋਣ ਕਰਕੇ ਮੂੰਗਫਲੀ ਦੀ ਛਿੱਲ ਅਜਿਹੀ ਹੁੰਦੀ ਹੈ। ਮੂੰਗਫਲੀ ਲਈ ਇਹੀ ਨਾਂ ਮਲਾਇਆ ਥਾਣੀ ਹੁੰਦਾ ਹੋਇਆ ਭਾਰਤ ਵਿਚ ਪੁੱਜ ਗਿਆ ਪਰ ਨਾਲ ਬਦਾਮ ਲੱਗ ਗਿਆ।
ਭਾਰਤ ਵਿਚ ਖੰਡ ਨੂੰ ਚੀਨੀ ਕਹਿਣ ਪਿਛੇ ਜ਼ਰੂਰ ਕੋਈ ਵਿਸ਼ੇਸ਼ ਕਾਰਨ ਹੋਵੇਗਾ। ਤੁਲਸੀ ਦਾਸ ਅਤੇ ਮੁਹੰਮਦ ਜਾਇਸੀ ਦੀਆਂ ਲਿਖਤਾਂ ਵਿਚ ਚੀਨੀ ਸ਼ਬਦ ਨਹੀਂ ਮਿਲਦਾ ਤੇ ਨਾਂ ਹੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਪੁਰਾਤਨ ਪੰਜਾਬੀ ਸਾਹਿਤ ਵਿਚ। ਹਾਂ, ਸੋਲ੍ਹਵੀਂ ਸਦੀ ਦੇ ਕਵੀ ਸੂਰਦਾਸ ਨੇ ਇਹ ਸ਼ਬਦ ਵਰਤਿਆ ਹੈ। ਬੰਗਾਲੀ ਵਿਚ 16ਵੀਂ ਸਦੀ ਤੋਂ ਚੀਨੀ ਸ਼ਬਦ ਦੀ ਖੂਬ ਵਰਤੋਂ ਹੋ ਰਹੀ ਹੈ। ਅੱਜ ਵੀ ਬੰਗਾਲੀ ਖੰਡ ਨੂੰ ਚੀਨੀ ਵਜੋਂ ਹੀ ਜਾਣਦੇ ਹਨ। ਇਸ ਭਾਸ਼ਾ ਵਿਚ ਚੀਨਾਰੀਕੇਲਾ ਦਾ ਮਤਲਬ ਹੈ- ਨਾਰੀਅਲ ਦੀ ਮਿਠਾਈ; ਤੇ ਚੀਨੀਪਾਨ ਦਾ ਮਤਲਬ ਹੈ- ਮਿੱਠਾ ਪਾਣੀ।
14ਵੀਂ ਸਦੀ ਦੇ ਇਕ ਮੈਥਿਲੀ ਕਵੀ ਜਿਓਤਿਰਸਵਰ ਨੇ ਇਸ ਸ਼ਬਦ ਦੀ ਵਰਤੋਂ ਕੀਤੀ ਹੈ। ਲਗਦਾ ਹੈ ਕਿ ਭਾਰਤ ਵਿਚ ਤੇਰ੍ਹਵੀਂ ਸਦੀ ਦੇ ਆਸ-ਪਾਸ ਚੀਨੀ ਸ਼ਬਦ ਵਰਤਿਆ ਜਾਣ ਲੱਗਾ ਤੇ ਐਨ ਇਸੇ ਸਮੇਂ ਹੀ ਇਕ ਨਵੀਂ ਕਿਸਮ ਦੀ ਖੰਡ ਬਣਾਈ ਜਾਣ ਲੱਗੀ ਸੀ। ਅੱਠਵੀਂ ਸਦੀ ਦੇ ਸ਼ੁਰੂ ਵਿਚ ਅਫਰਾਤ ਦੇ ਇਲਾਕੇ ਵਿਚ ਨੈਸਤੋਰੀਅਨ ਭਿਖਸ਼ੂਆਂ ਨੇ ਵਧੀਆ, ਸੁæਧ ਤੇ ਚਿੱਟੀ ਕਿਸਮ ਦੀ ਖੰਡ ਬਣਾਈ। ਅੱਗੋਂ ਮਿਸਰ ਨੇ ਖੰਡ ਨੂੰ ਹੋਰ ਵਧੀਆ ਬਣਾਉਣ ਵਿਚ ਬਹੁਤ ਮਾਅਰਕੇ ਮਾਰੇ। ਮਿਸਰ ਕਪੜੇ ਰੰਗਣ, ਸ਼ੀਸ਼ਾ ਬਣਾਉਣ, ਰੇਸ਼ਮ ਉਣਨ ਅਤੇ ਧਾਤ ਦੇ ਕੰਮਾਂ ਵਿਚ ਬਹੁਤ ਮੁਹਾਰਤ ਰੱਖਦਾ ਸੀ। ਮਿਸਰ ਨੇ ਸ਼ੁਧੀਕਰਣ ਦੀ ਇਹੀ ਤਕਨੀਕ ਖੰਡ ਬਣਾਉਣ ਵਿਚ ਵਰਤੀ ਤੇ ਸਿੱਟੇ ਵਜੋਂ ਅਜੋਕੀ ਕਿਸਮ ਦੀ ਦਾਣੇਦਾਰ ਖੰਡ ਬਣਾ ਲਈ। ਉਨ੍ਹਾਂ ਦਿਨਾਂ ਵਿਚ ਖੰਡ ਬਣਾਉਣ ਦੀ ਤਕਨੀਕ ਵਿਚ ਮਿਸਰ ਦੀ ਲਗਭਗ ਇਜਾਰੇਦਾਰੀ ਹੀ ਹੋ ਗਈ। ਇਸ ਦੀ ਖੰਡ ਤਾਂ ਖੰਡ-ਮੋਢੀ ਭਾਰਤ ਤੱਕ ਵੀ ਪਹੁੰਚਣ ਲੱਗੀ ਜਿਸ ਨੂੰ ਮਿਸਰੀ ਕਿਹਾ ਜਾਣ ਲੱਗਾ।
ਮਾਰਕੋ ਪੋਲੋ ਅਨੁਸਾਰ ਮੰਗੋਲਾਂ ਵਲੋਂ ਚੀਨ ਦੇ ਅੰਗੂਐਨ ਦੇ ਕਬਜ਼ੇ ਤੋਂ ਪਹਿਲਾਂ ਚੀਨੀਆਂ ਨੂੰ ਬਰੀਕ ਖੰਡ ਬਾਰੇ ਕੱਖ ਨਹੀਂ ਸੀ ਪਤਾ। ਪਰ ਕੁਬਲਾ ਖਾਂ ਵਲੋਂ ਚੀਨ ਜਿੱਤ ਲੈਣ ਪਿਛੋਂ ਉਸ ਨੇ ਮਿਸਰ ਦੇ ਬੈਬੀਲੋਨੀਅਨ ਕਹਾਉਂਦੇ ਲੋਕਾਂ ਨੂੰ ਲਿਆਂਦਾ ਜਿਨ੍ਹਾਂ ਚੀਨੀਆਂ ਨੂੰ ਫਿਰ ਖੰਡ ਬਣਾਉਣ ਦੀ ਜੁਗਤ ਸਿਖਾਈ। ਲਗਭਗ ਉਸੇ ਸਮੇਂ ਭਾਰਤ ਵਿਚ ਮੁਸਲਮਾਨ ਤੁਰਕ ਹੁਕਮਰਾਨਾਂ ਨੇ ਖੰਡ ਦੀ ਨਵੀਂ ਤਕਨੀਕ ਭਾਰਤ ਪਹੁੰਚਾਈ। ਸੁਲਤਾਨਾਂ ਨੇ ਦਿੱਲੀ ਵਿਚ ਖੰਡ ਦੀ ਵੱਡੀ ਮੰਡੀ ਸਥਾਪਤ ਕਰ ਦਿੱਤੀ। ਉਹ ਖੰਡ ਕਾਰੋਬਾਰ ਤੇ ਮੰਡੀ ਵਿਚ ਮਿਸਰੀਆਂ ਨੂੰ ਪਛਾੜਨਾ ਚਾਹੁੰਦੇ ਸਨ। ਦੋ ਸਦੀਆਂ ਬਾਅਦ ਜਦ ਪੁਰਤਗੀਜ਼ ਭਾਰਤ ਆਏ ਤਾਂ ਉਨ੍ਹਾਂ ਦੇਖਿਆ ਕਿ ਪੱਛਮੀ ਭਾਰਤ ਅਤੇ ਬੰਗਾਲ ਵਿਚ ਬਹੁਤ ਭਾਰੀ ਮਾਤਰਾ ਵਿਚ ਬਹੁਤ ਖਰੀ ਖੰਡ ਬਣਾਈ ਜਾ ਰਹੀ ਹੈ। ਇਸ ਤਰ੍ਹਾਂ ਚੀਨੀ ਸ਼ਬਦ ਇਸ ਨਵੀਂ ਕਿਸਮ ਦੀ ਵਧੀਆ, ਚਿੱਟੀ, ਬਾਰੀਕ ਅਤੇ ਦਾਣੇਦਾਰ ਖੰਡ ਲਈ ਵਰਤਿਆ ਜਾਣ ਲੱਗਾ ਜਿਸ ਨੂੰ ਮੁਢਲੇ ਤੌਰ ‘ਤੇ ਮਿਸਰੀਆਂ ਨੇ ਈਜਾਦ ਕੀਤਾ ਸੀ। ਦਲੀਲ ਦਿੱਤੀ ਜਾਦੀ ਹੈ ਕਿ ਭਾਰਤ ਵਿਚ ਚਿੱਟੀ ਖੰਡ ਲਈ ਪ੍ਰਾਚੀਨ ਤੋਂ ਹੀ ḔਸਿੱਤḔ ਸ਼ਬਦ ਦੀ ਵਰਤੋਂ ਹੁੰਦੀ ਹੈ, ਨਤੀਜਨ ਚਿੱਟੀ ਖੰਡ ਭਾਰਤ ਵਿਚ ਹੀ ਪੈਦਾ ਹੋਈ। ਪਰ ਖੰਡ ਦੇ ਪ੍ਰਸੰਗ ਵਿਚ ਚਿੱਟਾਪਣ ਇਕ ਸਾਪੇਖਿਕ ਸੰਕਲਪ ਹੈ। ਕਾਲੀ, ਭੂਰੀ ਜਾਂ ਘਸਮੈਲੀ ਜਿਹੀ ਸ਼ੱਕਰ ਦੇ ਮੁਕਾਬਲੇ ਪੀਲੀ ਖੰਡ ਵੀ ਚਿੱਟੀ ਹੀ ਕਹੀ ਜਾਵੇਗੀ। ਰੰਗਾਂ ਦੀ ਦੁਨੀਆਂ ਬਹੁਤ ਅੰਤਰਮੁਖੀ ਹੈ।
ਇਕ ਹੋਰ ਵਿਚਾਰ ਅਨੁਸਾਰ ਦਾਲਚੀਨੀ ਦੀ ਤਰ੍ਹਾਂ ਚੀਨੀ ਵੀ ਜਾਵਾ ਸੁਮਾਟਰਾ ਤੋਂ ਆਈ ਹੈ ਤੇ ਇਨ੍ਹਾਂ ਦੇਸ਼ਾਂ ਨੂੰ ਚੀਨ ਸਮਝਦਿਆਂ ਖੰਡ ਨੂੰ ਚੀਨੀ ਕਿਹਾ ਜਾਣ ਲੱਗਾ ਪਰ ਜਾਵਾ ਸੁਮਾਟਰਾ ਤੋਂ ਕੰਡ ਦੀ ਬਰਾਮਦ ਦੇ ਕੋਈ ਸਬੂਤ ਨਹੀਂ। ਇਸ ਤਰ੍ਹਾਂ ਚੀਨੀ ਸ਼ਬਦ ਦਾ ਚੀਨ ਨਾਲ ਸਿੱਧਾ ਕੋਈ ਸਬੰਧ ਸਥਾਪਤ ਨਹੀਂ ਹੁੰਦਾ। ਚੀਨੀ ਕਹਾਉਣ ਲੱਗੀ ਨਵੀਂ ਕਿਸਮ ਦੀ ਖੰਡ ਪਹਿਲਾਂ ਪਹਿਲਾਂ ਅਮੀਰਾਂ ਦੀ ਪਹੁੰਚ ਵਿਚ ਹੀ ਸੀ ਤੇ ਇਹ ਅਮੀਰ ਵੀ ਬਹੁਤੇ ਮੁਸਲਮਾਨ ਹੁਕਮਰਾਨ ਹੀ ਸਨ। ਇਸੇ ਲਈ ਪੁਰਾਣੀਆਂ ਲਿਖਤਾਂ ਵਿਚ ਇਹ ਸ਼ਬਦ ਆਮ ਨਹੀਂ ਮਿਲਦਾ। ਇਹ ਉਚ-ਵਰਗੀ ਲੋਕ ਜਿਸ ਹੋਰ ਅਮੀਰਾਨਾ ਚੀਜ਼ ਨਾਲ ਵਾਕਿਫ ਸਨ, ਉਹ ਸੀ ਚੀਨੀ ਮਿੱਟੀ ਨਾਲ ਬਣਾਏ ਜਾਂਦੇ ਬਰਤਨ ਜਿਨ੍ਹਾਂ ਨੂੰ ਚੀਨੀ ਦੇ ਬਰਤਨ ਕਿਹਾ ਜਾਣ ਲੱਗਾ। ਨਿਸਚੇ ਹੀ ਇਹ ਚੀਨ ਵਿਚ ਹੀ ਬਣਾਏ ਜਾਂਦੇ ਸਨ। ਮੁਸਲਮਾਨੀ ਰਾਜ ਦੌਰਾਨ ਚੀਨੀ ਦੇ ਬਰਤਨ ਚੀਨ ਤੋਂ ਮੰਗਵਾਏ ਜਾਣ ਲੱਗੇ ਸਨ। ਜਦ ਯੂਰਪ ਦਾ ਵਪਾਰ ਚੀਨ ਨਾਲ ਹੋਣ ਲੱਗਾ ਤਾਂ ਯੂਰਪੀ ਭਾਸ਼ਾਵਾਂ ਵਿਚ ਵੀ ਚਹਨਿਅੱਅਰe ਦੇ ਰੂਪ ਵਿਚ ਇਹ ਸ਼ਬਦ ਵਰਤਿਆ ਜਾਣ ਲੱਗਾ। ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਚੀਨੀ ਮਿੱਟੀ ਨੂੰ ਚੀਨੀ ਹੀ ਕਿਹਾ ਜਾਂਦਾ ਹੈ। ਚੀਨੀ ਮਿੱਟੀ ਬੇਹੱਦ ਚਿੱਟੀ ਹੁੰਦੀ ਹੈ ਤੇ ਨਵੀਂ ਖੰਡ ਵੀ ਬੇਹੱਦ ਚਿੱਟੀ ਸੀ। ਇਸ ਲਈ ਖੰਡ ਦੇ ਚਿੱਟੇਪਣ ਨੂੰ ਚੀਨੀ ਦੇ ਚਿੱਟੇਪਣ ਦੇ ਸਮਾਨ ਦੇਖਦਿਆਂ ਨਵੀਂ ਖੰਡ ਲਈ ਚੀਨੀ ਸ਼ਬਦ ਵਰਤਿਆ ਜਾਣ ਲੱਗਾ। ਸੰਭਵ ਹੈ, ਪਹਿਲਾਂ ਪਹਿਲਾਂ ਖੰਡ ਲਈ “ਚੀਨੀ ਸ਼ੱਕਰ” ਸ਼ਬਦ ਚੱਲਿਆ ਹੋਵੇਗਾ ਤੇ ਬਾਅਦ ਵਿਚ ਮੁੱਖ-ਸੁੱਖ ਕਾਰਨ ਸ਼ੱਕਰ ਸ਼ਬਦ ਇਸ ਜੁੱਟ ਤੋਂ ਲੱਥ ਗਿਆ। ਪਾਠਕਾਂ ਦਾ ਕੀ ਵਿਚਾਰ ਹੈ?