ਤਿਆਰੀ ਕਿਥੋਂ ਦੀ ਖਿੱਚੀ ਐ, ਜੁਆਨਾ!

ਸਿਆਣਿਆਂ ਨੇ ਸੱਚ ਕਿਹਾ ਹੈ ਕਿ ਬੰਦੇ ਨੂੰ ਅਤੀਤ ਹਮੇਸ਼ਾਂ ਚੰਗਾ ਲਗਦਾ ਹੈ ਕਿਉਂਕਿ ਬੰਦਾ ਆਪਣੇ ਵਰਤਮਾਨ ਤੋਂ ਅਕਸਰ ਅਸੰਤੁਸ਼ਟ ਹੁੰਦਾ ਹੈ। ਅਜੋਕੇ ਸਮੇਂ ਇਹ ਗੱਲ, ਖਾਸ ਕਰਕੇ ਮਨੁੱਖੀ ਰਿਸ਼ਤਿਆਂ ਦੇ ਮਾਮਲੇ ਵਿਚ ਹੈ ਵੀ ਸੋਲਾਂ ਆਨੇ ਸੱਚ। ਪੈਸਾ ਅਤੇ ਪਦਾਰਥਵਾਦ ਇੰਨਾ ਹਾਵੀ ਹੋ ਚੁਕਾ ਹੈ ਕਿ ਭੇਦ-ਭਾਵ ਅਤੇ ਲੋਭ-ਲਾਲਚ ਤੋਂ ਨਿਰਲੇਪ ਭਾਈਚਾਰਕ ਰਿਸ਼ਤੇ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਏ ਹਨ।

ਅਜਿਹੇ ਰਿਸ਼ਤੇ ਨਿਭਾਉਣ ਵਾਲੇ ‘ਸਤਿਯੁਗੀ’ ਬੰਦੇ ਲੋਕ ਮਨਾਂ ਦੀ ਸਦੀਵੀ ਯਾਦ ਬਣ ਗਏ ਹਨ। ਵਡੇਰੀ ਉਮਰ ਦੇ ਲੋਕ ਜਦੋਂ ਉਨ੍ਹਾਂ ਨੂੰ ਚੇਤੇ ਕਰਦੇ ਹਨ ਤਾਂ ਉਨ੍ਹਾਂ ਉਪਰ ਜਿਵੇਂ ਕੋਈ ਇਲਾਹੀ ਵਿਸਮਾਦ ਛਾ ਜਾਂਦਾ ਹੈ। ਗਲਪਕਾਰ ਤੇ ਪੱਤਰਕਾਰ ਗੁਰਬਚਨ ਸਿੰਘ ਭੁੱਲਰ ਨੇ ‘ਸਤਿਯੁਗੀ ਬੰਦੇ’ ਨਾਂ ਦੀ ਆਪਣੀ ਲੇਖ ਲੜੀ ਵਿਚ ਉਨ੍ਹਾਂ ਭਲੇ ਵੇਲਿਆਂ ਨੂੰ ਚੇਤੇ ਕੀਤਾ ਹੈ। ਇਸ ਲੜੀ ਦੇ ਕੁਝ ਲੇਖ ਅਸੀਂ ਕੁਝ ਸਮਾਂ ਪਹਿਲਾਂ ਛਾਪ ਚੁਕੇ ਹਾਂ। -ਸੰਪਾਦਕ

ਗੁਰਬਚਨ ਸਿੰਘ ਭੁੱਲਰ
ਫੋਨ: 01191-11425-02364
ਅੱਜ ਦਾ ਰਾਮਪੁਰਾ ਫੂਲ ਉਨ੍ਹਾਂ ਮੰਡੀਆਂ ਵਿਚੋਂ ਹੈ ਜੋ ਰਿਆਸਤੀ ਰਾਜਿਆਂ ਨੇ ਵਪਾਰਕ ਕੇਂਦਰਾਂ ਦੀ ਲੋੜ ਮਹਿਸੂਸ ਕਰਦਿਆਂ ਬਹੁਤ ਪਹਿਲਾਂ ਕਾਇਮ ਕੀਤੀਆਂ ਸਨ। ‘ਅੱਜ ਦਾ’ ਸ਼ਬਦ ਮੈਂ ਇਸ ਵਾਸਤੇ ਵਰਤੇ ਹਨ ਕਿਉਂਕਿ ਮੇਰੇ ਬਚਪਨ ਵਿਚ ਸਿਰਫ਼ ਰੇਲਵੇ ਸਟੇਸ਼ਨ ਦਾ ਨਾਂ ਰਾਮਪੁਰਾ ਫੂਲ ਸੀ, ਸਟੇਸ਼ਨ ਦੇ ਦੁਆਲੇ ਦੀ ਆਬਾਦੀ ਦਾ ਨਹੀਂ। ਇਸ ਸ਼ਹਿਰ ਦਾ ਭੂਗੋਲ ਅਤੇ ਇਸ ਦੇ ਨਾਂ ਦਾ ਇਤਿਹਾਸ ਜਾਣਨਾ ਦਿਲਚਸਪ ਹੋਵੇਗਾ। ਪਾਠਕ ਨੂੰ ਉਸ ਤੋਂ ਇਹ ਵੀ ਪਤਾ ਲੱਗੇਗਾ ਕਿ ਰਿਆਸਤਾਂ ਕਿਵੇਂ ਇਕ ਦੂਜੀ ਵਿਚ ਗੁੰਦੀਆਂ ਹੋਈਆਂ ਹੁੰਦੀਆਂ ਸਨ। ਰਾਮਪੁਰਾ ਫੂਲ ਸ਼ਹਿਰ ਦੇ ਵਿਚਕਾਰੋਂ ਰੇਲ ਦੀ ਲੀਹ ਲੰਘਦੀ ਹੈ। ਰਿਆਸਤਾਂ ਵੇਲੇ ਲੀਹ ਤੋਂ ਚੜ੍ਹਦੇ ਵੱਲ ਦੇ ਹਿੱਸੇ ਨੂੰ ਲੋਕ ਪਟਿਆਲਾ ਮੰਡੀ ਆਖਦੇ ਸਨ ਕਿਉਂਕਿ ਉਹ ਪਟਿਆਲਾ ਰਿਆਸਤ ਵਿਚ ਸੀ। ਛਿਪਦੇ ਵੱਲ ਦਾ ਹਿੱਸਾ ਨਾਭਾ ਰਿਆਸਤ ਵਿਚ ਹੋਣ ਸਦਕਾ ਨਾਭਾ ਮੰਡੀ ਕਿਹਾ ਜਾਂਦਾ ਸੀ। ਨਾਭਾ ਮੰਡੀ ਕਾਗ਼ਜ਼ਾਂ ਵਿਚ ਮੰਡੀ ਫੂਲ ਸੀ। ਇਹ ਉਸ ਪਾਸੇ ਤਿੰਨ ਕੋਹ ਵਾਟ ਪ੍ਰਸਿੱਧ ਪਿੰਡ ਫੂਲ ਹੋਣ ਕਰਕੇ ਸੀ। ਇਸੇ ਤਰ੍ਹਾਂ ਪਟਿਆਲਾ ਮੰਡੀ ਦਾ ਲਿਖਤੀ ਨਾਂ ਅੱਧਾ ਕੋਹ ਵਾਟ ਪਿੰਡ ਰਾਮਪੁਰਾ ਹੋਣ ਕਰਕੇ ਰਾਮਪੁਰਾ ਮੰਡੀ ਸੀ। ਜਦੋਂ ਰੇਲ ਆਈ, ਸਟੇਸ਼ਨ ਨੂੰ ਦੋਵਾਂ ਮੰਡੀਆਂ ਦੀ ਹੱਦ ਉਤੇ ਹੋਣ ਕਾਰਨ ਮਿੱਸਾ ਨਾਂ ਰਾਮਪੁਰਾ ਫੂਲ ਦੇ ਦਿੱਤਾ ਗਿਆ।
ਜਦੋਂ ਰਿਆਸਤਾਂ ਖ਼ਤਮ ਹੋ ਗਈਆਂ, ਕੁਦਰਤੀ ਸੀ, ਨਾ ਕੋਈ ਨਾਭਾ ਮੰਡੀ ਰਹੀ ਤੇ ਨਾ ਪਟਿਆਲਾ ਮੰਡੀ। ਦੋਵੇਂ ਹਿੱਸਿਆਂ ਦੇ ਪੂਰੇ ਸ਼ਹਿਰ ਦਾ ਨਾਂ ਸਟੇਸ਼ਨ ਦੇ ਨਾਂ ਵਾਂਗ ਸਾਂਝਾ ਰਾਮਪੁਰਾ ਫੂਲ ਕਰ ਦਿੱਤਾ ਗਿਆ। ਉਥੋਂ ਮੇਰਾ ਪਿੰਡ ਪਿਥੋ ਤਿੰਨ ਕੋਹ ਵਾਟ ਹੈ। ਉਥੋਂ ਏਨੀ ਹੀ ਵਾਟ ਮੰਡੀ ਕਲਾਂ ਹੈ, ਤੇ ਸਬੱਬ ਨਾਲ ਦੋਵਾਂ ਪਿੰਡਾਂ ਦੀ ਵਾਟ ਵੀ ਏਨੀ, ਤਿੰਨ ਕੁ ਕੋਹ ਹੀ ਹੈ। ਇਉਂ ਰਾਮਪੁਰਾ ਫੂਲ, ਪਿਥੋ ਤੇ ਮੰਡੀ ਕਲਾਂ ਦੀ ਇਕੋ ਜਿੰਨੀਆਂ ਲੰਮੀਆਂ ਬਾਹੀਆਂ ਵਾਲੀ ਤਿਕੋਣ ਬਣ ਜਾਂਦੀ ਹੈ।
ਪਿੰਡਾਂ ਦੇ ਨਾਂ ਟਿਕਣ ਦਾ ਇਤਿਹਾਸ ਵੀ ਬੜਾ ਦਿਲਚਸਪ ਹੈ। ਕਿਸੇ ਯੂਨੀਵਰਸਿਟੀ ਵਿਦਿਆਰਥੀ ਨੂੰ ਇਸ ਬਾਰੇ ਜ਼ਰੂਰ ਖੋਜ ਕਰਨੀ ਚਾਹੀਦੀ ਹੈ। ਉਹਨੂੰ ਪੀ-ਐਚæ ਡੀæ ਦੀ ਡਿਗਰੀ ਮਿਲ ਜਾਵੇਗੀ ਅਤੇ ਇਤਿਹਾਸ ਨੂੰ ਇਕ ਬਿਲਕੁਲ ਨਿਵੇਕਲੇ ਵਿਸ਼ੇ ਸਬੰਧੀ ਬਹੁਤ ਮਹੱਤਵਪੂਰਨ ਵੇਰਵਾ ਮਿਲ ਜਾਵੇਗਾ। ਰਾਮਪੁਰਾ, ਨਾਨਕਪੁਰਾ, ਹਰਰਾਇਪੁਰ, ਕ੍ਰਿਸ਼ਨ ਨਗਰ, ਗੋਬਿੰਦਪੁਰਾ ਜਿਹੇ ਨਾਂ ਇਤਿਹਾਸ ਤੇ ਧਰਮ ਦੀ ਦੇਣ ਹਨ। ਤੂਤਾਂ ਵਾਲਾ, ਅੱਕਾਂ ਵਾਲੀ, ਮੱਝਾਂ ਵਾਲੀ, ਮੋਰਾਂਵਾਲੀ, ਕੁੱਤੀਵਾਲ, ਆਦਿ ਨਾਂਵਾਂ ਦੇ ਆਪਣੇ ਵਿਚੋਂ ਹੀ ਉਨ੍ਹਾਂ ਦਾ ਪਿਛੋਕੜ ਦਿੱਸ ਪੈਂਦਾ ਹੈ। ਪਰ ਸ਼ਾਇਦ, ਸਭ ਤੋਂ ਬਹੁਤੇ ਪਿੰਡਾਂ ਦੇ ਨਾਂ ਉਨ੍ਹਾਂ ਦੇ ਮੋਢੀ ਬੰਦਿਆਂ ਦੇ ਨਾਂ ਸਦਕਾ ਟਿਕੇ ਹੋਏ ਹਨ। ਗੰਡਾ ਸਿੰਘ ਵਾਲਾ, ਚੜ੍ਹਤ ਸਿੰਘ ਵਾਲਾ ਆਦਿ ਨਾਂ ਉਨ੍ਹਾਂ ਪਿੰਡਾਂ ਦੀ ਮੋਹੜੀ ਗੱਡਣ ਵਾਲੇ ਬੰਦਿਆਂ ਦੇ ਨਾਂ ਸਦਕਾ ਰੱਖੇ ਗਏ। ਫੂਲ ਵੀ, ਜਿਵੇਂ ਸਭ ਜਾਣਦੇ ਹੀ ਹਨ, ਫੂਲਕੀਆਂ ਰਿਆਸਤਾਂ ਦੇ ਵਡੇਰੇ ਬਾਬਾ ਫੂਲ ਦਾ ਨਾਂ ਸੀ। ਪਿਥੋ ਵੀ ਸਾਡੇ ਪਿੰਡ ਦੇ ਮੋੜ੍ਹੀ-ਗੱਡ ਬਜ਼ੁਰਗ ਦਾ ਨਾਂ ਹੀ ਦਸਦੇ ਹਨ। ਉਸ ਜ਼ਮਾਨੇ ਵਿਚ ਬੰਦਿਆਂ ਦੇ ਨਾਂ ਅਜਿਹੇ ਹੀ ਹੁੰਦੇ ਸਨ।
ਕੁਝ ਬੰਦੇ ਅਜਿਹੇ ਮਸ਼ਹੂਰ ਹੋ ਜਾਂਦੇ ਜਾਂ ਕਹਿ ਲਵੋ, ਕਰਮਾਂ ਵਾਲੇ ਹੁੰਦੇ ਕਿ ਪਿੰਡ ਦਾ ਨਾਂ ਸਦੀਆਂ ਤੋਂ ਕੋਈ ਹੋਰ ਹੁੰਦਾ ਹੈ, ਪਰ ਉਸ ਮੂਲ ਨਾਂ ਨਾਲ ਉਨ੍ਹਾਂ ਦਾ ਨਾਂ ਵੀ ਜੁੜ ਜਾਂਦਾ। ਕਈ ਮਸ਼ਹੂਰ ਬੰਦਿਆਂ ਦਾ ਨਾਂ ਤਾਂ ਉਨ੍ਹਾਂ ਦੇ ਜਿਉਂਦੇ-ਜੀਅ ਹੀ ਉਨ੍ਹਾਂ ਦੇ ਪਿੰਡ ਦਾ ਨਾਂ ਬਣ ਜਾਂਦਾ। ਇਸ ਦੀ ਇਕ ਪ੍ਰਸਿੱਧ ਮਿਸਾਲ ਪਿੰਡ ਪੱਤੋ ਹੈ। ਇਸ ਪੁਰਾਣੇ ਨਾਂ ਨਾਲ ਉਥੋਂ ਦੀ ਪ੍ਰਸਿੱਧ ਸ਼ਖ਼ਸੀਅਤ ਹੀਰਾ ਸਿੰਘ ਦਾ ਨਾਂ ਉਹਦੇ ਜਿਉਂਦੇ-ਜੀਅ ਹੀ ਜੁੜ ਕੇ ਪਿੰਡ ‘ਪੱਤੋ ਹੀਰਾ ਸਿੰਘ’ ਹੋ ਗਿਆ। ਬਿਲਕੁਲ ਇਸੇ ਤਰ੍ਹਾਂ ਸਾਡੇ ਗੁਆਂਢੀ ਪਿੰਡ ਮੰਡੀ ਕਲਾਂ ਦਾ ਨਾਂ ਉਥੋਂ ਦੇ ਪ੍ਰਸਿੱਧ ਮਹਾਜਨ ਗੁਲਾਬ ਚੰਦ ਸਦਕਾ, ਜਿਸ ਨੂੰ ਲੋਕ ਆਮ ਕਰਕੇ ਗੁਲਾਬੂ ਸੇਠ ਆਖਦੇ ਸਨ, ਉਹਦੇ ਜਿਉਂਦੇ-ਜੀਅ ਹੀ ‘ਗੁਲਾਬੂ ਕੀ ਮੰਡੀ’ ਹੋ ਗਿਆ। ਸਰਕਾਰੀ ਦਫ਼ਤਰਾਂ ਵਿਚ ਲੰਮੇ ਸਮੇਂ ਤੋਂ ਉਰਦੂ-ਫ਼ਾਰਸੀ ਦਾ ਬੋਲਬਾਲਾ ਰਿਹਾ ਸੀ। ਇਸ ਕਾਰਨ ਜੇ ਨੇੜੇ-ਨੇੜੇ ਇਕ ਨਾਂ ਵਾਲੇ ਦੋ ਪਿੰਡ ਹੁੰਦੇ, ਕਾਗ਼ਜ਼ਾਂ ਵਿਚ ਵੱਡੇ ਪਿੰਡ ਨਾਲ ‘ਵੱਡੇ’ ਦੇ ਬਰਾਬਰ ਦਾ ਫ਼ਾਰਸੀ ਸ਼ਬਦ ‘ਕਲਾਂ’ ਅਤੇ ਛੋਟੇ ਪਿੰਡ ਨਾਲ ‘ਖ਼ੁਰਦ’ ਜੋੜ ਦਿੱਤਾ ਜਾਂਦਾ। ਪਰ ਇਹ ਸ਼ਬਦ ਕਦੀ ਵੀ ਬਹੁਤੇ ਪ੍ਰਚਲਿਤ ਨਾ ਹੋਏ। ਲੋਕ ਅਜਿਹੇ ਪਿੰਡਾਂ ਨਾਲ ਛੋਟਾ-ਵੱਡਾ ਹੀ ਲਾਉਂਦੇ। ਮੰਡੀ ਕਲਾਂ ਨੂੰ ਵੀ ਲੋਕ ਵੱਡੀ ਮੰਡੀ ਆਖਦੇ। ਜਿਉਂ ਹੀ ਗੁਲਾਬ ਚੰਦ, ਜੋ ਲੋਕਾਂ ਲਈ ਗੁਲਾਬੂ ਸੀ, ਮਸ਼ਹੂਰ ਹੋਇਆ, ਪਿੰਡ ਦਾ ਨਾਂ ਗੁਲਾਬੂ ਕੀ ਮੰਡੀ ਹੋ ਗਿਆ। ਗੁਲਾਬੂ ਮੈਥੋਂ ਇਕ-ਦੋ ਪੀੜ੍ਹੀਆਂ ਪਹਿਲਾਂ ਹੋਇਆ ਹੈ। ਬਚਪਨ ਵਿਚ ਮੈਂ ਆਪਣੇ ਬਜ਼ੁਰਗਾਂ ਤੋਂ ਉਹਦੀ ਇਕ ਕਹਾਣੀ ਸੁਣੀ ਸੀ। ਉਦੋਂ ਤਾਂ ਉਹ ਸਿਰਫ਼ ਦਿਲਚਸਪ ਹੀ ਲੱਗੀ ਸੀ, ਮਗਰੋਂ ਵੱਡੇ ਹੋ ਕੇ ਉਹਦਾ ਮਾਨਵੀ ਤੇ ਸਭਿਆਚਾਰਕ ਅਰਥ ਸਮਝ ਵਿਚ ਆਇਆ ਤਾਂ ਸੇਠ ਗੁਲਾਬ ਚੰਦ ਦੀ ਪੰਜਾਬੀਅਤ ਦੇਖ ਕੇ ਮੇਰੇ ਮੂੰਹੋਂ ‘ਵਾਹ’ ਨਿਕਲਣਾ ਕੁਦਰਤੀ ਸੀ।
ਜਿਨ੍ਹਾਂ ਪਿੰਡਾਂ ਦਾ ਨਾਂ ਮੰਡੀ ਪਿਆ ਹੋਇਆ ਹੈ, ਸ਼ਾਇਦ ਉਥੇ, ਉਦੋਂ ਸ਼ਹਿਰੀ ਬਾਜ਼ਾਰ ਅਜੇ ਜ਼ਿਆਦਾ ਵਿਕਸਤ ਨਾ ਹੋਏ ਹੋਣ। ਕਾਰਨ, ਚੰਡੀਗੜ੍ਹ ਦੀ ‘ਆਪਣੀ ਮੰਡੀ’ ਵਾਂਗ ਸਥਾਨਕ ਚੀਜ਼ਾਂ ਦਾ ਵਣਜ ਜਾਂ ਵਟਾਂਦਰਾ ਹੁੰਦਾ ਹੋਵੇਗਾ। ਦਸਦੇ ਹਨ, ਗੁਲਾਬੂ ਦਾ ਕਾਰੋਬਾਰ ਖਾਸਾ ਵਧਿਆ ਹੋਇਆ ਸੀ। ਉਹਦੀ ਹੱਟ ਪਿੰਡ ਦੇ ਲੋਕਾਂ ਦੀਆਂ ਲੋੜਾਂ ਤਾਂ ਪੂਰੀਆਂ ਕਰਦੀ ਹੀ, ਨੇੜੇ ਦੇ ਪਿੰਡਾਂ ਦੇ ਆਮ ਲੋਕ ਤੇ ਛੋਟੇ ਦੁਕਾਨਦਾਰ ਵੀ ਉਹਤੋਂ ਮਾਲ ਖਰੀਦਦੇ। ਉਹ ਭਾਅ ਵੀ ਠੀਕ ਲਾਉਂਦਾ ਅਤੇ ਲੈਣ-ਦੇਣ ਦਾ ਵੀ ਖਰਾ ਸੀ। ਔਖ-ਸੌਖ ਵੇਲੇ ਉਹ ਲੋਕਾਂ ਦੇ ਕੰਮ ਆਉਣਾ ਵੀ ਆਪਣਾ ਫ਼ਰਜ਼ ਸਮਝਦਾ ਸੀ ਅਤੇ ਹੁਧਾਰ ਦੇ ਦਿੰਦਾ ਸੀ। ਕੁੱਲ ਮਿਲਾ ਕੇ ਉਹ ਇੱਜ਼ਤਦਾਰ ਤੇ ਭਲਾ ਆਦਮੀ ਸਮਝਿਆ ਜਾਂਦਾ ਸੀ।
ਕਈ ਛੋਟੇ ਪਿੰਡ ਤਾਂ ਇਕ ਬਜ਼ੁਰਗ ਦੀ ਪੀੜ੍ਹੀ-ਦਰ-ਪੀੜ੍ਹੀ ਵਧੀ-ਫੁੱਲੀ ਔਲਾਦ ਨਾਲ ਹੀ ਵਸੇ ਹੋਏ ਹੁੰਦੇ। ਪਰ ਜੇ ਕਿਸੇ ਪਿੰਡ ਦੀ ਸਮਾਜਕ ਬਣਤਰ ਵੰਨ-ਸੁਵੰਨੀ ਵੀ ਹੁੰਦੀ, ਤਾਂ ਵੀ ਉਹ ਸਭਿਆਚਾਰਕ, ਸੰਸਕਾਰੀ, ਭਾਈਚਾਰਕ ਤੇ ਜਜ਼ਬਾਤੀ ਪੱਖੋਂ ਇਕਸਾਰ ਤੇ ਇਕਰੂਪ ਹੀ ਹੁੰਦਾ। ਇਕ ਦੀ ਰਿਸ਼ਤੇਦਾਰੀ ਸਭ ਦੀ ਰਿਸ਼ਤੇਦਾਰੀ ਹੁੰਦੀ। ਖਾਸ ਕਰਕੇ ਧੀ ਨੂੰ ਤਾਂ ਸਾਰੇ ਪਿੰਡ ਦੀ ਧੀ ਹੀ ਸਮਝਿਆ ਜਾਂਦਾ। ਕੁਦਰਤੀ ਸੀ, ਜਦੋਂ ਉਹ ਵਿਆਹੀ ਜਾਂਦੀ, ਉਹਦਾ ਪਤੀ ਸਿਰਫ਼ ਉਸ ਘਰ ਦਾ ਜੁਆਈ ਹੋਣ ਦੀ ਥਾਂ ਪਿੰਡ ਦਾ ਜੁਆਈ ਅਖਵਾਉਂਦਾ। ਤੇ ਜਦੋਂ ਕੁੜੀ ਬਾਲ-ਬੱਚੇ ਵਾਲੀ ਹੋ ਜਾਂਦੀ, ਉਹਦੇ ਧੀਆਂ-ਪੁੱਤ ਪੂਰੇ ਪਿੰਡ ਲਈ ਦੋਹਤੀਆਂ-ਦੋਹਤੇ ਹੁੰਦੇ। ਜੁਆਈ ਲਈ ਸਤਿਕਾਰ ਤੇ ਦੋਹਤੇ ਲਈ ਪਿਆਰ ਆਪਣੀ ਮਿਸਾਲ ਆਪ ਹੀ ਹੁੰਦਾ ਸੀ। ਘਰ ਦੀਆਂ ਮੱਝਾਂ-ਗਾਈਆਂ ਹੋਣ ਦੇ ਬਾਵਜੂਦ ਆਂਢੀ-ਗੁਆਂਢੀ ਦੁੱਧ ਦੀ ਗੜਵੀ ਜੁਆਈ ਲਈ ਜ਼ਰੂਰ ਦੇ ਕੇ ਜਾਂਦੇ। ਦੋਹਤੇ ਲਈ ਤਾਂ ਕੋਈ ਗੰਨਿਆਂ ਦੀ ਥੱਬੀ ਸੁੱਟ ਜਾਂਦਾ, ਕੋਈ ਮੱਕੀ ਦੀਆਂ ਛੱਲੀਆਂ ਦੀ ਝੋਲੀ ਦੇ ਜਾਂਦਾ।
ਉਦੋਂ ਸੜਕਾਂ ਹੈ ਨਹੀਂ ਸਨ। ਕੱਚੇ ਰਾਹੀਂ ਨਾ ਟਾਂਗਾ ਹੁੰਦਾ ਸੀ, ਨਾ ਬਸ। ਲੋਕ ਪੈਦਲ ਜਾਂਦੇ ਜਾਂ ਵਾਹੀ-ਖੇਤੀ ਵਾਲੇ ਬੋਤਿਆਂ ਅਤੇ ਬਲ੍ਹਦ-ਗੱਡਿਆਂ ਉਤੇ। ਸਰਦੇ-ਪੁਜਦੇ ਬੰਦੇ ਆਉਣ-ਜਾਣ ਵਾਸਤੇ, ਤੇ ਕਿਸੇ ਹੱਦ ਤੱਕ ਸ਼ਾਨ ਵਾਸਤੇ, ਘੋੜਾ ਜਾਂ ਘੋੜੀ ਰਖਦੇ। ਇਕ ਦਿਨ ਗੁਲਾਬੂ ਸੇਠ ਆਪਣੀ ਘੋੜੀ ਉਤੇ ਚੜ੍ਹਿਆ ਮੰਡੀ ਫੂਲ ਤੋਂ ਪਿੰਡ ਨੂੰ ਜਾ ਰਿਹਾ ਸੀ। ਕੁਝ ਦੂਰ ਜਾ ਕੇ ਉਹ ਇਕ ਪੈਦਲ ਨੌਜਵਾਨ ਨਾਲ ਜਾ ਮਿਲਿਆ। ਮੁੰਡੇ ਨੇ ਵਾਹਵਾ ਸ਼ੁਕੀਨੀ ਲਾਈ ਹੋਈ ਸੀ। ਕਿਤੇ ਰਿਸ਼ਤੇਦਾਰੀ ਵਿਚ ਚੱਲਿਆ ਲਗਦਾ ਸੀ। ਸ਼ੁਕੀਨੀ ਤਾਂ ਇਹ ਸੋਅ ਵੀ ਦਿੰਦੀ ਸੀ ਕਿ ਸ਼ਾਇਦ ਸਹੁਰੀਂ ਹੀ ਚੱਲਿਆ ਹੋਵੇ।
ਮੁੰਡੇ ਦੀ ਟੌਹਰ ਦੇਖ ਕੇ ਗੁਲਾਬੂ ਨੇ ਮਖੌਲੀ ਜਿਹੇ ਰੰਗ ਵਿਚ ਪੁੱਛਿਆ, “ਦੌਲਤਖਾਨਾ ਕਿਹੜਾ ਹੈ ਜੁਆਨ ਦਾ?” ਉਹਨੇ ਆਪਣਾ ਪਿੰਡ ਦੱਸ ਦਿੱਤਾ। ਸੇਠ ਨੇ ਜਾਣਨਾ ਚਾਹਿਆ, “ਤਿਆਰੀ ਕਿਥੋਂ ਦੀ ਖਿੱਚੀ ਐ?” ਮੁੰਡਾ ਬੋਲਿਆ, “ਐਹ ਗੁਲਾਬੂ ਕੀ ਮੰਡੀ ਜਾਣੈ।” ਗੁਲਾਬੂ ਦਾ ਤੀਜਾ ਸਵਾਲ ਸੀ, “ਕੀ ਰਿਸ਼ਤੇਦਾਰੀ ਹੈ ਬਈ ਤੇਰੀ ਗੁਲਾਬੂ ਕੀ ਮੰਡੀ?” ਉਹਨੇ ਜਵਾਬ ਦਿੱਤਾ, “ਮੈਂ ਜੀ ਗੁਲਾਬੂ ਕੀ ਮੰਡੀ ਦਾ ਜੁਆਈ ਹਾਂ।”
ਮੁੰਡੇ ਦੇ ਮੂੰਹੋਂ ‘ਗੁਲਾਬੂ ਕੀ ਮੰਡੀ ਦਾ ਜੁਆਈ’ ਸੁਣ ਕੇ ਗੁਲਾਬੂ ਦਾ ਮਖੌਲੀ ਰੰਗ ਝੱਟ ਗੰਭੀਰਤਾ ਵਿਚ ਬਦਲ ਗਿਆ। ਉਹ ਬੋਲਿਆ, “ਠਹਿਰ ਬਈ ਜੁਆਨਾ।” ਤੇ ਘੋੜੀ ਤੋਂ ਉਤਰ ਕੇ ਕਹਿੰਦਾ, “ਜੇ ਗੁਲਾਬੂ ਕੀ ਮੰਡੀ ਦਾ ਜੁਆਈ ਹੈਂ, ਫੇਰ ਤੂੰ ਤੁਰ ਕੇ ਨਾ ਜਾ। ਐਹ ਘੋੜੀ ਲੈ ਜਾ। ਮੈਂ ਆਪੇ ਪੈਦਲ ਆ ਜਾਊਂ।…ਜਾਣਾ ਕਿਹੜੇ ਘਰ ਐ?” ਮੁੰਡੇ ਨੇ ਲਗਾਮ ਫੜਨੋਂ ਝਿਜਕਦਿਆਂ ਦੱਸਿਆ, “ਜੀ, ਪਰਤਾਪੇ ਰਵੀਦਾਸੀਏ ਦੇ।” ਗੁਲਾਬੂ ਨੇ ਲਗਾਮ ਉਹਦੇ ਹੱਥ ਵਿਚ ਫੜਾਈ, “ਪਰਤਾਪ ਸਿਉਂ ਨੂੰ ਕਹੀਂ, ਘੋੜੀ ਸੇਠਾਂ ਦੇ ਘਰ ਦੇ ਆਵੇ।”
ਮੁੰਡਾ ਘੋੜੀ ਨੂੰ ਅੱਡੀ ਲਾ ਕੇ ਅੱਗੇ ਨਿੱਕਲ ਗਿਆ! ਗੁਲਾਬੂ ਸੇਠ ਪਿੱਛੇ-ਪਿੱਛੇ ਪੈਦਲ ਤੁਰ ਪਿਆ।
(ਚਲਦਾ)