…ਸੰਤਾਲੀ ਤੋਂ ਚੁਰਾਸੀ ਤੱਕ

ਲਗਦਾ ਨਹੀਂ, ਦੁਨੀਆਂ ਦੀ ਬਹੁ-ਗਿਣਤੀ ਕੰਜੂਸ ਹੁੰਦੀ ਜਾ ਰਹੀ ਹੈ, ਕਿਉਂਕਿ ਹਰ ਕੋਈ ਚਾਹੁੰਦਾ ਹੈ, ਪੈਸਾ ਆਈ ਜਾਵੇ, ਜਾਵੇ ਨਾ। ਇਸੇ ਕਰ ਕੇ ਇਸ ਯੁੱਗ ਵਿਚ ਪੈਸੇ ਵਾਲਿਆਂ ਦਾ ਸਤਿਕਾਰ ਵੀ ਘਟ ਗਿਆ ਹੈ, ਕਿਉਂਕਿ ਲੋਕ ਅਕਸਰ ਕਹਿੰਦੇ ਹਨ, Ḕਵੱਡਾ ਹੋਊ ਤਾਂ ਆਪਣੇ ਘਰ ਹੋਊ!Ḕ ਤੇ ਪੈਸੇ ਦੀ ਦੌੜ ਵਿਚ ਮਨੁੱਖ ਬੇਈਮਾਨੀ, ਹੇਰਾਫ਼ੇਰੀ ਕਰੀ ਜਾਂਦਾ ਤਾਂ ਕੋਈ ਗੱਲ ਨਹੀਂ ਸੀ, ਧਰਮ ਦੇ ਨਾਂ ‘ਤੇ ਠੱਗੀ ਮਾਰਨ ਲੱਗ ਪਿਆ ਹੈ। ਇਸੇ ਲਈ ਧਰਮ ਸਥਾਨਾਂ ‘ਤੇ ਕਬਜ਼ੇ ਲਈ ਛਵੀਆਂ ਲਿਸ਼ਕਣ ਲੱਗ ਪਈਆਂ ਹਨ।

ਰਾਜਨੀਤੀ ਦੀ ਖੇਡ ਵਿਚ ਧਰਮ ਅੱਗੇ-ਅੱਗੇ ਤੋਰ ਲਿਆ ਹੈ। ਆਪ ਗੁਆਚੇ ਫਿਰਨ ਵਾਲੇ, ਰਾਹ ਦਿਖਾਉਣ ਦੇ ਨਾਂ ‘ਤੇ ਪ੍ਰਸਾਰ ਮਾਧਿਅਮਾਂ ‘ਤੇ ਜ਼ਰਬਾਂ-ਤਕਸੀਮਾਂ ਦੀਆਂ ਦੁਕਾਨਾਂ ਖੋਲ੍ਹ ਕੇ ਬੈਠ ਗਏ ਹਨ। ਚਲੋ ਅਜਿਹਾ ਹੀ ਚੱਲੀ ਜਾਂਦਾ ਤਾਂ ਜਰ ਹੋਈ ਜਾਂਦਾ, ਧਰਮ ਨੇ ਮਨੁੱਖ ਨੂੰ ਜਨੂੰਨੀ ਬਣਾ ਦਿੱਤਾ! ਇਸੇ ਲਈ ਜੇ ਤੀਜੀ ਸੰਸਾਰ ਜੰਗ ਹੋਈ ਤਾਂ ਇਸ ਦਾ ਆਧਾਰ ਧਰਮ ਹੀ ਬਣੇਗਾ, ਕਿਉਂਕਿ ਇਸਰਾਈਲ ਨੂੰ ਪੁੱਛ ਕੇ ਵੇਖੋ ਕਿ ਮਨੁੱਖ ਦੀਆਂ ਧੌਣਾਂ ਵੀ ਬੱਕਰੇ ਵਾਂਗ ਹਲਾਲ ਹੋਣ ਕਿਵੇਂ ਲੱਗੀਆਂ ਹਨ? ਪਰਦੇ ਵਿਚ ਨਹੀਂ, ਖੁੱਲ੍ਹੇਆਮ ਮਾਸੂਮ ਤੇ ਨਾਬਾਲਗ ਬੱਚੀਆਂ ਨਾਲ ਸਮੂਹਿਕ ਬਲਾਤਕਾਰ ਹੋਣ ਲੱਗੇ ਹਨ, ਮਾਂਵਾਂ ਪੁੱਤਾਂ ਦੀ ਸੁੱਖ ਨਹੀਂ, ਲਾਸ਼ਾਂ ਮੰਗਣ ਲੱਗ ਪਈਆਂ ਹਨ। ਹੁਣ ਮੁਹੰਮਦ ਇਕਬਾਲ ਦੀ ਇਸ ਸੋਚ Ḕਤੇ ਵੀ ਪੁਨਰ ਵਿਚਾਰ ਕਰਨ ਦਾ ਵਕਤ ਆ ਨਹੀਂ ਗਿਆ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਨਾ? ਘੱਟ-ਗਿਣਤੀਆਂ ਦੇ ਖਿਲਾਫ ਨਫਰਤ ਦੀ ਧਾਰਮਿਕ ਫਾਇਰਿੰਗ ਨਿੱਤ ਭਗਵੇਂ ਪਹਿਨ ਕੇ ਕਿਉਂ ਕੀਤੀ ਜਾ ਰਹੀ ਹੈ? ਇਮਾਨਦਾਰ ਹੋ ਕੇ ਵੇਖੋ, ਸੰਸਾਰ ਵਿਚ ਬਹੁਤੀਆਂ ਲੜਾਈਆਂ ਤੇ ਨਫ਼ਰਤਾਂ ਦੀ ਜੜ੍ਹ ਧਰਮ ਦੇ ਪੈਰਾਂ ਹੇਠ ਹੈ। ਧਰਮ ਚੰਗੇ ਵਿਚਾਰਾਂ ਦਾ ਰੰਗ ਭਰਨ ਦੀ ਚਿੱਤਰਕਲਾ ਹੈ, ਪਰ ਜਨੂੰਨੀਆਂ ਨੇ ਨਫ਼ਰਤ ਦੀ ਬੋਅ ਮਾਰ ਕੇ ਇਹ ਸਾਰੇ ਰੰਗ ਫ਼ਿੱਕੇ ਕੀਤੇ ਹੋਏ ਹਨ। ਚਲੋ, ਧਰਮ ਤੇਤੀ ਕਰੋੜ ਦੇਵਤਿਆਂ ਦਾ ਵਾਸਤਾ ਪਾ ਕੇ, ਸਵਰਗ-ਨਰਕ ਦਾ ਡਰ ਦੇ ਕੇ, ਚੁਰਾਸੀ ਲੱਖ ਜੂਨ ਦਾ ਭੈਅ ਕਹਿ ਕੇ ਮਨੁੱਖ ਨੂੰ ਮਨੁੱਖ ਬਣਨ ਦਾ ਸੰਕਲਪ ਬਣਾਈ ਰੱਖਣਾ ਤਾਂ ਠੀਕ ਹੀ ਸੀ, ਪਰ ਕੌਣ ਦਾਅਵਾ ਕਰ ਸਕਦਾ ਹੈ ਕਿ ਸੰਤਾਲੀ ਤੇ ਚੁਰਾਸੀ ਵਿਚ ਧਰਮ ਦੀ ਆੜ ਵਿਚ ਫਿਰਕੂ ਹੋਲੀ ਨਹੀਂ ਖੇਡੀ ਗਈ? ਤੇ ਇਹ ਸੱਚæææ?

ਐਸ਼ ਅਸ਼ੋਕ ਭੌਰਾ
ਪਿੱਪਲ ਦੇ ਪੱਤੇ ਤਾਂ ਖੜ-ਖੜ ਕਰ ਰਹੇ ਸਨ, ਪਰ ਬਜ਼ੁਰਗ ਨੱਥਾ ਸਿੰਘ ਤੇ ਪਟਵਾਰੀ ਬਸ਼ੀਰ ਮੁਹੰਮਦ ਦੇ ਚਿਹਰੇ ਤੋਂ ਪਿੰਡ ਵਿਚ ਵਾਪਰੀ ਘਟਨਾ ਦੀ ਉਦਾਸੀ ਦਾ ਆਲਮ ਸਾਫ਼ ਪੜ੍ਹਿਆ ਜਾ ਸਕਦਾ ਸੀ। ਮਾਸਟਰ ਹਰਦਿਆਲ ਸਿੰਘ ਨੇ ਸਾਈਕਲ ਥੜ੍ਹੇ ਨਾਲ ਲਾ ਕੇ ਖੜ੍ਹਾ ਕਰਦਿਆਂ ਪੁੱਛਿਆ, “ਇਹ ਕੀ ਭਾਣਾ ਵਰਤ ਗਿਆ ਪਟਵਾਰੀ ਸਾਹਿਬ? ਦੋਵੇਂ ਮੁੰਡੇ ਦੇਖਣ ਨੂੰ ਤਾਂ ਬੜੇ ਸਾਊ ਲਗਦੇ ਸਨ।”
“ਕੀ ਪਤਾ ਲਗਦਾ ਮਾਸਟਰ ਜੀ, ਕਿਹੜਾ ਮੱਥੇ ‘ਤੋਂ ਪੜ੍ਹਿਆ ਜਾਂਦੈ ਕਿ ਕੌਣ ਸਾਊ ਐ ਤੇ ਕੌਣæææ?” ਢਿੱਲੇ ਜਿਹੇ ਮੂੰਹ ਨਾਲ ਜਵਾਬ ਦਿੰਦਿਆਂ ਬਸ਼ੀਰ ਮੁਹੰਮਦ ਨੇ ਸਾਫ਼ਾ ਮੋਢੇ ਤੋਂ ਲਾਹ ਕੇ ਹੇਠਾਂ ਵਿਛਾ ਲਿਆ।
“ਬੇੜਾ ਬਹਿ ਗਿਆ ਜ਼ਮਾਨੇ ਦਾ। ਜਿਸ ਘਰ ਦੀਆਂ ਕੰਧਾਂ ਵੀ ਰੋਂਦੀਆਂ ਸਨ ਬੜੇ ਚਿਰ ਦੀਆਂ, ਉਥੇ ਕੰਜਰ ਸਮੈਕ ਲਕੋਈ ਗਏ। ਅੱਜ ਪੁਲਿਸ ਦੀ ਦਗੜ-ਦਗੜ ਹੋਈ ਤਾਂ ਪਤਾ ਲੱਗਾ ਕਿ ਮੋਟਰ ਸਾਈਕਲ Ḕਤੇ ਸੋਹਣੇ ਕੱਪੜੇ ਪਾ ਕੇ ਕੁੱਤੇ ਵਾਂਗ ਮੌਜਾਂ ਕਿੱਦਾਂ ਕਰਦੇ ਸਨ।”
“ਚਲੋ ਪਟਵਾਰੀ ਸਾਹਿਬ, ਇਹ ਤਾਂ ਆਪਣੀ ਆਪ ਹੀ ਭੁਗਤਣਗੇ, ਪਰ ਜਦੋਂ ਦਾ ਮੈਂ ਤੁਹਾਡੇ ਪਿੰਡ ਦੇ ਸਕੂਲ ਵਿਚ ਆਇਆਂ, ਇਥੇ ਹੀ ਰਹਿੰਨਾਂ ਚਾਰ-ਪੰਜ ਸਾਲ ਤੋਂ। ਇਹ ਜਿਹੜਾ ਨਾਨਕਸ਼ਾਹੀ ਇੱਟਾਂ ਦਾ ਬਣਿਆ ਬੇਅਬਾਦ ਘਰ ਐ ਜਿਥੇ ਇਹ ਮੁੰਡੇ ਨਸ਼ਾ ਲੁਕਾਉਂਦੇ ਹਨ, ਹੈ ਕੀਹਦਾ?”
ਮਾਸਟਰ ਦੇ ਇਸ ਸਵਾਲ ਨਾਲ ਜਿਵੇਂ ਨਾਗਾਸਾਕੀ ਵਿਚ ਪਰਮਾਣੂ ਬੰਬ ਡਿਗ ਪਿਆ ਹੋਵੇ। ਕਿੰਨੀ ਦੇਰ ਤੱਕ ਨਾ ਬਸ਼ੀਰ ਮੁਹੰਮਦ ਪਟਵਾਰੀ ਬੋਲਿਆ ਅਤੇ ਨਾ ਨੱਥਾ ਸਿੰਘ।
“ਤੁਸੀਂ ਤਾਂ ਇਥੇ ਜੰਮੇ-ਪਲੇ, ਤੁਹਾਨੂੰ ਵੀ ਪਤਾ ਨ੍ਹੀਂ ਘਰ ਕੀਹਦੈ?”
“ਮਾਹਟਰਾ, ਜੇ ਨਾ ਈਂ ਪੁੱਛੇਂ ਤਾਂ ਚੰਗਾ!” ਨੱਥਾ ਸਿੰਘ ਨੇ ਲੰਮਾ ਹਉਕਾ ਲੈ ਕੇ ਕਿਹਾ।
“ਚੱਲ ਦੱਸ ਈ ਦੇ, ਪਤਾ ਲੱਗ ਜਾਏ ਮਾਹਟਰ ਨੂੰ ਵੀ ਨੱਥਾ ਸਿਹਾਂ।” ਬਸ਼ੀਰ ਮੁਹੰਮਦ ਨੇ ਜਿਵੇਂ ਦਰਦ ਦੀ ਕਹਾਣੀ ਨੂੰ ਹੁਝਕਾ ਮਾਰ ਦਿੱਤਾ ਹੋਵੇ।
“ਉਤੇ ਨੂੰ ਸੁਆਰ ਹੋ ਕੇ ਬਹਿ ਜਾ ਹਰਦਿਆਲ ਸਿਹਾਂ।”
æææਤੇ ਨੱਥਾ ਸਿੰਘ ਨੇ ਉਜੜੇ ਪਰਿਵਾਰ ਦੀ ਮਹਾਂਭਾਰਤ ਦਾ ਪਹਿਲਾ ਅਧਿਆਇ ਜਿਵੇਂ ਪੜ੍ਹਨਾ ਸ਼ੁਰੂ ਕਰ ਦਿੱਤਾ ਹੋਵੇæææ
“ਮਾਹਟਰ ਜੀ ਇਹ ਘਰ ਸੀ ਦੌਲਤ ਸਿੰਘ ਦਾæææ ਰੌਲਿਆਂ ਤੋਂ ਪਹਿਲਾਂ, ਇਨ੍ਹਾਂ ਦਾ ਪਾਕਿਸਤਾਨ ਦੇ ਸਿੰਧ ਵਿਚ ਚੰਗਾ ਕਾਰੋਬਾਰ ਸੀ। ਵੰਡ ਵੇਲੇ ਇਧਰ-ਉਧਰ ਭੱਜਣ ਦੀ ਹਫ਼ੜਾ-ਦਫੜੀ ਪਈ ਤਾਂ ਮੁਸਲਮਾਨਾਂ ਨੇ ਧਰਮ ਦੇ ਨਾਂ ‘ਤੇ ਸਾਰਾ ਹੀ ਪਰਿਵਾਰ ਵੱਢ-ਟੁਕ ਦਿੱਤਾ। ਜੇ ਬਚਿਆ ਤਾਂ ਦੌਲਤ ਸਿੰਘ ਤੇ ਉਹਦੀ ਘਰਵਾਲੀ ਨੰਜੋ। ਉਹ ਬਚਦੇ-ਬਚਾਉਂਦੇ ਫੌਜੀ ਕੈਂਪਾਂ ਵਿਚੀਂ ਹੁੰਦੇ ਇਕ ਛੋਟੀ ਜਿਹੀ ਬੱਚੀ ਨੂੰ ਨਾਲ ਲੈ ਕੇ ਆਪਣੇ ਇਸ ਪਿੰਡ ਵਿਚ ਇਸੇ ਘਰ ਆਣ ਟਿਕੇæææ।”
“ਕੁੜੀ ਉਨ੍ਹਾਂ ਦੀ ਰੱਜ ਕੇ ਸੁਨੱਖੀ ਸੀ। ਕਹਿੰਦੇ ਵੀ ਮਹਿਬੂਬਾ ਸੀ, ਪਰ ਇਨ੍ਹਾਂ ਨੇ ਉਹਦਾ ਨਾਂ ਮਹਿਬੂਬ ਕੌਰ ਰੱਖ ਲਿਆ।”
“ਗੱਲ ਸੁਣ ਉਏ ਪਟਵਾਰੀਆ, ਜਾਂ ਮੈਨੂੰ ਗੱਲ ਕਰ ਲੈਣ ਦੇ, ਜਾਂ ਆਪ ਕਰ ਲੈ। ਤੂੰ ਕਸ਼ਮੀਰ ਆਲੇ ਝਗੜੇ ਵਾਂਗ ਵਿਚ ਲੱਤ ਅੜਾ ਲਈæææ ਸਾਰੇ ਮੁਸਲਮਾਨ ਤੇਰੇ ਵਰਗੇ ਚੰਗੇ ਵੀ ਨ੍ਹੀਂ ਹੈਗੇ।”
“ਤੂੰ ਯਾਰ ਮੇਰੇ ਅੱਲ ਨੂੰ ਹੋ ਗਿਐਂ, ਕਰ ਲੈ ਪੂਰੀ।”
“ਫੇḔ ਮਾਹਟਰ ਜੀ, ਦੌਲਤ ਸਿੰਘ ਵਿਚਾਰੇ ਨੇ ਜ਼ਿਮੀਦਾਰ ਦੀ ਗੜ੍ਹਿਆਂ ਨਾਲ ਉਜੜੀ ਫਸਲ ਵਾਂਗੂੰ ਦਿਲ ‘ਤੇ ਪੱਥਰ ਰੱਖ ਕੇ ਇਸ ਘਰ ਵਿਚ ਹੇਠਾਂ ਕਰਿਆਨੇ ਦੀ ਦੁਕਾਨ ਖੋਲ੍ਹ ਲਈ ਅਤੇ ਉਪਰ ਚੁਬਾਰੇ ਵਿਚ ਰਹਿਣ ਲੱਗ ਪਿਆ। ਮਹਿਬੂਬਾ ਵੱਡੀ ਹੋਈ ਤਾਂ ਨਿਰੀ ਨੂਰ ਜਹਾਂ ਲੱਗਿਆ ਕਰੇ। ਇਕ ਦਿਨ ਉਨ੍ਹਾਂ ਦੇ ਘਰ ਰੌਲਾ ਪੈਣ Ḕਤੇ ਮੈਂ ਵੀ ਚਲੇ ਗਿਆ। ਚਾਰ ਕੁ ਹੋਰ ਵੀ ਸਿਆਣੇ ਬੰਦੇ ਬੈਠੇ ਸਨ ਤੇ ਵਿਚਾਲੇ ਇਕ ਮੁੰਡਾ ਨੀਵੀਂ ਪਾਈ ਬੈਠਾ ਸੀ। ਮੁੰਡਾ ਬਾਹਲਾ ਈ ਸੋਹਣਾ, ਰਾਜ ਕੁਮਾਰਾਂ ਵਰਗਾ।”
“ਕੁੜੀ ਨੂੰ ਕੁਛ ਕਹਿḔਤਾ? ਕੌਣ ਸੀ ਉਹ ਮੁੰਡਾ?”
“ਮਾਹਟਰਾ! ਤੂੰ ਪੜ੍ਹਿਆ-ਲਿਖਿਆਂ ਏਂ, ਵਿਚ ਨਾ ਬੋਲ, ਸੁਣ ਤਾਂ ਲੈ।”
“ਚੱਲ ਠੀਕ ਐ।”
“ਮੁੰਡਾ ਸੀ ਸਾਹਮਣੇ ਘਰ ਆਲੇ ਰੋਸ਼ਨ ਸ਼ਰਮੇ ਦਾ ਭਾਣਜਾ। ਉਹ ਦੱਸਣ ਲੱਗਾ ਕਿ Ḕਜਦੋਂ ਵੀ ਮੈਂ ਆਉਨਾਂ, ਇਹ ਕੁੜੀ ਚੁਬਾਰੇ ਦੀ ਬਾਰੀ ਖੋਲ੍ਹ ਕੇ ਬਹਿ ਜਾਂਦੀ, ਅੱਖ ਨਹੀਂ ਝਪਕਦੀ, ਦੇਖਦੀ ਰਹਿੰਦੀæææਕਦੇ ਇਸ਼ਾਰੇ ਕਰਦੀ, ਕਦੇ ਰੋਣ ਲੱਗ ਪੈਂਦੀ।’ ਫਿਰ ਉਹ ਉਪਰੋਥਲੀ ਦੂਜੇ ਚੌਥੇ ਦਿਨ ਕੰਜਰ ਗੇੜੇ ਮਾਰਨ ਲੱਗ ਪਿਆ।”
“ਗਲਤ ਸਮਝ ਬੈਠਾ ਮਹਿਬੂਬਾ ਨੂੰ?”
“ਖੇਹ ਕਰੀ ਜਾਨੈਂ ਗੱਲ ਦੀæææਜੇ ਹੁਣ ਬੋਲਿਆ ਤਾਂ ਮੈਂ ਉਠ ਕੇ ਚਲੇ ਜਾਣੈਂ।”
“ਠੀਕ ਐ ਹੁਣ ਨ੍ਹੀਂ ਖੋਲ੍ਹਦਾ ਮੂੰਹ।”
“ਉਸ ਮੁੰਡੇ ਨੇ ਕਹਾਣੀ ਦੱਸੀ ਤਾਂ ਦੌਲਤ ਸਿਹੁੰ ਕੱਪੜਿਆਂ ਤੋਂ ਬਾਹਰ ਹੋ ਗਿਆæææਮਾਰਿਆ ਲੱਫੜ ਵੱਟ ਕੇ ਕੁੜੀ ਦੇ, ਪਈ ਲੱਗੀ ਆ ਪਾਉਣ ਸੁਆਹ ਮੇਰੇ ਸਿਰ। ਮੁੰਡੇ ਨੂੰ ਪੁੱਛਿਆ, ਬਈ ਜੁਆਨਾ! ਦੱਸ ਅੱਜ ਮੂੰਹ ਹਨ੍ਹੇਰੇ ਕੀ ਹੋਇਆ ਸੀ? ਉਹ ਆਂਹਦਾ, Ḕਜਦੋਂ ਮੈਂ ਤੜਕੇ ਖੇਤਾਂ ਵੱਲ ਬਾਹਰ-ਅੰਦਰ ਗਿਆ, ਮਹਿਬੂਬਾ ਵੀ ਮੇਰੇ ਅੱਗੇ-ਅੱਗੇ ਸੀ। ਉਹ ਹੱਸ ਪਈ ਤੇ ਜੁਆਨੀ ਦੇ ਜ਼ੋਰ ਨਾਲ ਜਦੋਂ ਮੈਂ ਉਹਨੂੰ ਹੱਥ ਪਾਉਣ ਲੱਗਾ ਤਾਂ ਇਹ ਤਾਂ ਨਿਕਲ ਗਈ, ਪਰ ਚੁੰਨੀ ਮੇਰੇ ਹੱਥ ਆ ਗਈḔ। ਮਹਿਬੂਬਾ ਆਖਣ ਲੱਗੀ, Ḕਚੁੰਨੀਆਂ ਬਚਾਉਣ ਵਾਲੇ ਚੁੰਨੀਆਂ ਲਾਹੁੰਦੇ ਨਹੀਂ ਹੁੰਦੇḔ, ਤੇ ਇਹ ਰੋਂਦੀ ਵਾਪਸ ਆ ਗਈ ਤੇ ਪਿੱਛੇ-ਪਿੱਛੇ ਮੈਂ ਇਹਦੇ ਬਾਪ ਤੋਂ ਗਲਤੀ ਮੰਨਣ ਆਇਆ ਹਾਂ ਆਪਣੇ ਮਾਸੜ ਨੂੰ ਨਾਲ ਲੈ ਕੇ।”
“ਮਾੜੀ ਕੀਤੀ ਮੁੰਡੇ ਨੇ।”
“ਅੱਗੇ ਸੁਣੋਂ ਮਾਹਟਰ ਜੀ, ਦੌਲਤ ਨੇ ਬਿਠਾ ਲਈ ਮਹਿਬੂਬਾ ਵਿਚੇ, ਪਈ ਦੱਸ! ਤੂੰ ਕਿਉਂ ਚੁਬਾਰੇ ਚੜ੍ਹ ਕੇ ਮੁੰਡੇ ਵੱਲ ਵੇਖਦੀ ਸੀ? ਹੱਸੀ ਕਿਉਂ ਅੱਜ? ਤੇ ਮਾਹਟਰ ਜੀ, ਮਹਿਬੂਬਾ ਫਿਸ ਪਈ, ਤਿਲਕ ਗਈ ਦਰਦ ਦੀ ਪੀੜ ਤੋਂæææਰੋਂਦੀ ਹੁੱਬਕੀਆਂ ਲੈ ਕੇ ਦੱਸੇ, Ḕਮੇਰਾ ਭਰਾ ਇਹਦੇ ਵਰਗਾ ਸੀ, ਰੱਜ ਕੇ ਸੋਹਣਾ। ਉਹੀ ਨੈਣ ਨਕਸ਼æææ ਮਾਰḔਤਾ ਪਾਪੀਆਂ ਨੇ, ਤੇ ਜਦੋਂ ਮੈਂ ਇਹਨੂੰ ਦੇਖਦੀ ਆਂ, ਭਰਾ ਚੇਤੇ ਆ ਜਾਂਦਾḔ। ਤੇ ਉਦਣ ਦੌਲਤ ਸਿਹੁੰ ਦੀਆਂ ਅੱਖਾਂ ਵੀ ਸਮੁੰਦਰ ਵਾਂਗ ਛਲਕ ਪਈਆਂ ਤੇ ਖੋਲ੍ਹḔਤਾ ਸਾਰਾ ਭੇਤæææ।”
“ਕੀ?”
“ਬਸ਼ੀਰਿਆ, ਤੈਨੂੰ ਤਾਂ ਸਾਰਾ ਪਤਾ ਈ ਐ।”
“ਆਹ ਗੱਲ ਦਾ ਨ੍ਹੀਂ ਪਤਾ?”
“ਉਹ ਆਖਣ ਲੱਗਾ, ਸਿੰਧ ਦੇ ਸ਼ਹਿਰ ਟੰਡਾ ਗੁਲਾਮ ਅਲੀ ਵਿਚ ਅਸੀਂ ਰਹਿੰਦੇ ਸਾਂ। ਸਾਡੇ ਘਰ ਦੇ ਸਾਹਮਣੇ ਲਾਲਾ ਰਤਨ ਪਾਲ ਦੀ ਕਰਿਆਨੇ ਦੀ ਦੁਕਾਨ ਸੀ। ਸਾਨੂੰ ਸ਼ਹਿਰ ਵਾਲੇ ਕਹੀ ਗਏ, ਤੁਸੀਂ ਨਾ ਕੋਈ ਵੀ ਪਾਕਿਸਤਾਨ ਛੱਡ ਕੇ ਜਾਇਓæææਅਸੀਂ ਤੁਹਾਡੇ ਨਾਲ ਆਂ। ਓਦਣ ਮਹਿਬੂਬਾ ਨੂੰ ਲੈ ਕੇ ਅਸੀਂ ਇਕ ਮੁਸਲਮਾਨ ਪਰਿਵਾਰ ਵਿਚ ਮੁੰਡਾ ਜੰਮਣ Ḕਤੇ ਡਰ ਹੁੰਦਿਆਂ ਵੀ ਚਲੇ ਗਏ। ਲਾਲੇ ਨਾਲ ਸਾਡਾ ਭਰਾਵਾਂ ਤੋਂ ਵੱਧ ਤਿਹੁ ਸੀ ਤੇ ਇਹ ਕੁੜੀ ਤਾਂ ਰਹਿੰਦੀ ਹੀ ਸਾਰਾ ਦਿਨ ਸਾਡੇ ਕੋਲ ਸੀ। ਪਿਛੋਂ ਬੋਲḔਤਾ ਧਾਵਾ ਜਨੂੰਨੀਆਂ ਨੇ। ਸਾਡਾ ਤੇ ਲਾਲੇ ਦਾ ਸਾਰਾ ਪਰਿਵਾਰ ਜਨੂੰਨੀਆਂ ਨੇ ਚੌਰਾਹੇ ਵਿਚ ਵੱਢਿਆ। ਫਿਰ ਕੀ ਸੀ, ਅਸੀਂ ਇਸ ਬੱਚੀ ਨੂੰ ਧੀ ਬਣਾ ਕੇ, ਫੌਜੀ ਕੈਂਪਾਂ ਵਿਚ ਹੁੰਦੇ ਹੋਏ ਤਿੰਨੇ ਜਣੇ ਬਚ ਕੇ ਇਥੇ ਪਹੁੰਚ ਗਏ।”
“ਸੁਣ ਨ੍ਹੀਂ ਹੁੰਦਾ ਨੱਥਾ ਸਿਹਾਂ, ਆਹ ਤਾਂ ਚੰਨ ਜਿਵੇਂ ਪੁੰਨਿਆਂ ਦੀ ਰਾਤ ਨੂੰ ਲੁਕ ਗਿਆ ਹੋਵੇ।”
“ਮਾਹਟਰ! ਅਜੇ ਤਾਂ ਕੁਛ ਵੀ ਨ੍ਹੀਂ ਹੋਇਆ, ਜੇ ਦਮ ਐ ਤਾਂ ਅੱਗੇ ਚੱਲਾਂ?”
“ਕਰ ਪੂਰੀ ਗੱਲ।”
“ਬਈ ਉਹ ਸ਼ਰਮਿਆਂ ਦਾ ਮੁੰਡਾ ਰੋ ਪਿਆ। ਹੱਥ ਜੋੜ ਕੇ ਕਹਿਣ ਲੱਗਾ, Ḕਮਹਿਬੂਬਾ ਬੰਨ੍ਹ ਮੌਲੀ ਦਾ ਲਾਲ ਧਾਗਾæææ ਅੱਜ ਤੋਂ ਤੂੰ ਮੇਰੀ ਸਕੀ ਭੈਣ ਤੋਂ ਵੀ ਵੱਧḔ। ਤੇ ਬਾਈ ਮੁੰਡਾ ਫਿਰ ਛੇ ਮਹੀਨੇ ਪਿੰਡ ਨਾ ਵੜਿਆ ਤੇ ਜਦੋਂ ਆਇਆ ਤਾਂ ਸੱਚ ਮੰਨਿਓਂ, ਇਹ ਸ਼ਰਮਿਆਂ ਦਾ ਰਜਿੰਦਰ ਕੁਮਾਰ ਅੰਮ੍ਰਿਤਧਾਰੀ ਹੋ ਕੇ ਰਜਿੰਦਰ ਸਿੰਘ ਬਣ ਕੇ ਮਹਿਬੂਬਾ ਨੂੰ ਗਲ ਲਾ ਕੇ ਆਂਹਦਾ, Ḕਹੁਣ ਹੋਈ ਏ ਤੇਰੀ ਪੱਤ ਸੁਰੱਖਿਅਤḔ।”
“ਧਾਹਾਂ ਨਿੱਕਲ ਗਈਆਂ ਨੱਥਾਂ ਸਿਹਾਂæææਪੈ ਗਈ ਮੁੰਡੇ ਦੇ ਫਿਰ ਕਾਲਜੇ ਅਣਖ ਦੀ ਸੱਟ।”
æææਤੇ ਫਿਰ ਨੱਥਾ ਸਿੰਹੁ ਦਾ ਵੀ ਗਲਾ ਭਰ ਆਇਆ। ਜ਼ੁਬਾਨ ਕੰਬਣ ਲੱਗੀ, ਤੇੜ ਲਾਈ ਚਾਦਰ ਦੇ ਲੜ ਨਾਲ ਅੱਖਾਂ ਪੂੰਝਦਿਆਂ ਕਹਿਣ ਲੱਗਾ, “ਬਸ਼ੀਰਿਆ, ਤੈਨੂੰ ਵੀ ਸਾਰੀ ਗੱਲ ਦਾ ਪਤੈæææਅੱਗੇ ਕਹਾਣੀ ਮੈਥੋਂ ਨਹੀਂ ਸੁਣਾਈ ਜਾਣੀਂ, ਤੂੰ ਪੂਰੀ ਕਰ ਦੇæææਇਹ ਨਾਨਕਸ਼ਾਹੀ ਇੱਟਾਂ ਵਾਲਾ ਬਰਬਾਦ ਘਰ ਅੱਗੇ ਦੱਸਦਾ ਕੀ ਐ?”
ਫਿਲਮ ਦਾ ਜਿਵੇਂ ਇੰਟਰਵਲ ਤਾਂ ਹੋ ਗਿਆ ਹੋਵੇ, ਤੇ ਅੱਖ ਜਿਵੇਂ ਕਿਸੇ ਵੀ ਦਰਸ਼ਕ ਦੀ ਗਿੱਲੀ ਹੋਣ ਤੋਂ ਨਾ ਰਹਿ ਸਕੀ ਹੋਵੇ।
ਬਸ਼ੀਰ ਮੁਹੰਮਦ ਨੇ ਦਰਦ ਦੀ ਅਗਲੀ ਪੰਡ ਖੋਲ੍ਹੀ, “ਬਈ ਮਾਹਟਰ ਜੀ! ਉਹ ਮੁੰਡਾ ਰਜਿੰਦਰ ਸਿੰਘ ਫਿਰ ਪੂਰਾ ਗੁਰੂ ਦਾ ਸਿੰਘ ਸਜ ਕੇ ਧਰਮੀ ਵੀ ਪੂਰਾ ਨਿਕਲਿਆ। ਮਹਿਬੂਬਾ ਪੂਰੀ ਮਹਿਬੂਬ ਕੌਰ ਬਣ ਗਈ ਜਦੋਂ ਇਸੇ ਮੁੰਡੇ ਨੇ ਉਹਦਾ ਵਿਆਹ ਦਿੱਲੀ ਜਮਨਾ ਪਾਰ ਵਸਦੇ ਗੁਰਸਿੱਖ ਗੁਰਮੁੱਖ ਸਿੰਘ ਨਾਲ ਕੀਤਾ ਹੀ ਨਹੀਂ, ਸਗੋਂ ਘਰੋਂ ਸਰਦਾ-ਪੁੱਜਦਾ ਹੋਣ ਕਰ ਕੇ ਸਾਰਾ ਖਰਚ ਵੀ ਆਪ ਕੀਤਾ। ਦੌਲਤ ਸਿੰਘ ਦੀ ਕੌਡੀ ਨ੍ਹੀਂ ਲੱਗਣ ਦਿੱਤੀ ਤੇ ਡੋਲੀ ਤੋਰ ਕੇ ਕਹਿਣ ਲੱਗਾ, ਅੱਜ ਧੋ ਹੋਇਆ ਉਹ ਕਲੰਕ ਜਿਹੜਾ ਮੇਰੇ ਮੱਥੇ ‘ਤੇ ਭੈਣ ਦੀ ਚੁੰਨੀ ਲਾਹੁਣ ਵੇਲੇ ਉਸ ਮਨਹੂਸ ਸਵੇਰ ਨੂੰ ਗਲਤੀ ਤੇ ਭੁਲੇਖੇ ਵਿਚ ਲੱਗ ਗਿਆ ਸੀ।”
“ਇੰਨਾ ਕੁਝ ਚੰਗਾ ਹੋਣ ਕਰ ਕੇ ਇਸ ਘਰ ਨੂੰ ਗ੍ਰਹਿਣ ਕਿਉਂ ਲੱਗਾ?”
“ਉਥੇ ਹੀ ਆਉਣ ਲੱਗਾਂ ਮਾਹਟਰ ਜੀ! ਇਹ ਜ਼ਖ਼ਮ ਅਸਲ ਵਿਚ ਦੌਲਤ ਸਿੰਹੁ ਦੇ ਜ਼ਖ਼ਮ ਨਹੀਂ, ਹਰ ਇਕ ਨੂੰ ਆਪਣੇ ਲਗਦੇ ਹਨ ਤੇ ਆਪਣੇ ਜ਼ਖ਼ਮਾਂ ‘ਤੇ ਆਪੇ ਨਹੁੰ ਮਾਰਨੇ ਔਖੇ ਬਹੁਤ ਨੇ। ਤੇ ਇਹ ਦਿੱਤੇ ਵੀ ਧਰਮੀ ਕਹਾਉਣ ਵਾਲੇ ਲੋਕਾਂ ਨੇ ਧਰਮ ਦੇ ਨਾਂ ‘ਤੇ ਹੀ ਹਨ।”
“ਅੱਛਾ! ਫਿਰ ਅੱਗੇ?”
“ਸੱਠ-ਬਾਹਟ ਦੇ ਕਰੀਬ ਵਿਆਹ ਹੋਇਆ ਹੋਊ ਇਹ, ਉਦੋਂ ਮੈਨੂੰ ਵੀ ਪਟਵਾਰੀ ਲੱਗੇ ਨੂੰ ਚਾਰ ਕੁ ਸਾਲ ਹੋਏ ਸਨ। ਗੁਰਮੁੱਖ ਦਾ ਛੋਟਾ ਜਿਹਾ ਕਾਰਖਾਨਾ ਸੀ। ਰਜਿੰਦਰ ਵੀ ਉਹਨੇ ਨਾਲ ਹੀ ਰੱਖ ਲਿਆ। ਦੋਹਾਂ ਵਿਚ ਪਿਆਰ ਦੀ ਸਾਂਝ ਭਰਾਵਾਂ ਵਰਗੀ ਵੀ ਸੀ ਤੇ ਜੀਜੇ ਸਾਲੇ ਵਰਗੀ ਵੀ।”
æææਤੇ ਫਿਰ ਬਸ਼ੀਰ ਦੀ ਧਾਹ ਨਿਕਲ ਗਈ। ਉਹ ਉਚੀ-ਉਚੀ ਰੋ ਪਿਆ। ਭੁੱਬਾਂ ਵਿਚ ਬੋਲ ਥਿੜਕਦੇ ਬਾਹਰ ਆਉਣ ਲੱਗੇ, “ਪਹਿਲਾਂ ਸੱਤਰ ਕੁ ਵਿਚ ਦੌਲਤ ਪੂਰਾ ਹੋ ਗਿਆ, ਤੇ ਫਿਰ ਪੰਜ ਕੁ ਸਾਲ ਉਹਦੀ ਘਰਵਾਲੀ ਨੰਜੋ ਇਥੇ ਦੀਵਾ ਬੱਤੀ ਕਰਦੀ ਰਹੀ। ਉਹ ਗਈ ਤਾਂ ਘਰ ਨੂੰ ਰੋਪੜੀ ਜਿੰਦਾ ਲੱਗ ਗਿਆ। ਫਿਰ ਕਦੇ-ਕਦੇ ਗੁਰਮੁੱਖ ਤੇ ਮਹਿਬੂਬਾ ਗੇੜਾ ਮਾਰਦੇ। ਪਟਕੇ ਬੰਨ੍ਹੀ ਦੋ ਪੁੱਤਰ ਘਰ ਦੇ ਆਂਗਣ ਵਿਚ ਖੇਡਦੇ ਤੇ ਬਰਕਤਾਂ ਦੀ ਮੀਂਹ ਪੈਂਦਾ ਹੀ ਰਹਿੰਦਾ। ਫਿਰ ਇਕ ਵਾਰ, ਦਿਨ ਤੇ ਰਾਤ Ḕਕੱਠੇ ਹੋ ਗਏ, ਹਨ੍ਹੇਰ ਪੈ ਗਿਆ।”
“ਉਹ ਕਿਹੜਾ?”
“ਸੰਨ ਚੁਰਾਸੀ ਦਾ।”
“ਇੰਦਰਾ ਗਾਂਧੀ ਦੇ ਕਤਲ ਵੇਲੇ ਦੀ ਗੱਲ?”
“ਗੱਲ ਨਹੀਂ ਮਾਹਟਰ ਜੀæææਇਹ ਲਾਲ ਨਾਨਕਸ਼ਾਹੀ ਇੱਟਾਂ ਦੇ ਘਰ ਦਾ ਜਿਹੜਾ ਸਵਾਲ ਤੂੰ ਕੀਤਾ ਸੀ, ਇਹ ਹੁਣ ਖੜ੍ਹੀਆਂ ਹੀ ਨੇ। ਇਹ ਉਖੜ ਉਦਣ ਹੀ ਗਈਆਂ ਸਨ ਜਦੋਂ ਦਿੱਲੀ ਉਨ੍ਹਾਂ ਨੇ ਕਤਲੇਆਮ ਮਚਾ ਦਿੱਤੀ ਜਿਨ੍ਹਾਂ ਲਈ ਦਿੱਲੀ ਵਿਚ ਨੌਵੇਂ ਪਾਤਸ਼ਾਹ ਨੇ ਸੀਸ ਕੁਰਬਾਨ ਕੀਤਾ ਸੀ।”
ਮੁਸਲਮਾਨ ਪਟਵਾਰੀ ਦੇ ਮੂੰਹੋਂ ਸਿੱਖ ਇਤਿਹਾਸ ਦੀ ਵਿਆਖਿਆ ਸੁਣ ਕੇ ਮਾਸਟਰ ਹਰਦਿਆਲ ਵੀ ਚੀਕ ਪਿਆ, “ਮੁਕਾ ਦੇ ਬਸ਼ੀਰਿਆ ਹੁਣ ਤੂੰ ਵੀ ਕਹਾਣੀ, ਇਹ ਬਰਬਾਦੀ ਦਾ ਮਹਾਂਭਾਰਤ ਨਹੀਂ ਹੁਣ ਸੁਣਿਆ ਜਾਂਦਾ।”
“æææਤੇ ਗੁਰਮੁੱਖ ਤੇ ਰਜਿੰਦਰ ਫੈਕਟਰੀ ਵਿਚ ਉਨ੍ਹਾਂ ਰਾਡਾਂ ਨਾਲ ਮਾਰ ਕੇ ਲੂਹ ਸੁੱਟੇ। ਜਨੂੰਨ ਸੈਂਤੀ ਸਾਲਾਂ ਬਾਅਦ ਜਿਵੇਂ ਇਕ ਵਾਰ ਜੁਆਨ ਹੋ ਕੇ ਉਠਿਆ ਹੋਵੇ। ਦੂਜੇ ਪਾਸੇ ਧਰਮ ਦੇ ਨਾਂ Ḕਤੇ ਹਲਕੀ ਬੰਦੇ ਖਾਣੀ ਭੀੜ ਨੇ ਮਹਿਬੂਬਾ ਤੇ ਉਹਦੇ ਪੁੱਤਰ ਵੀ ਜਿੰਦਾ ਜਲਾ ਸੁੱਟੇ ਘਰ ਵਿਚ ਹੀ।”
“ਚੰਗਾ ਮੈਂ ਚੱਲਦਾਂ!”
“ਨਹੀਂ ਹਰਦਿਆਲ ਸਿਹਾਂ, ਤੂੰ ਮਾਹਟਰ ਵੀ ਏਂ, ਬੱਚੇ ਵੀ ਪੜ੍ਹਾਉਨੈਂæææਜ਼ੁਲਮ ਦੀ ਸਿਖਰ Ḕਤੇ ਬੁਝਦਾ ਧਰਮ ਦਾ ਦੀਵਾ ਵੀ ਦੁਹਾਈਆ ਪਾਉਂਦਾ, ਸੁਣ ਕੇ ਜਾਹ।” ਨੱਥਾ ਸਿੰਘ ਨੇ ਮਾਸਟਰ ਦੀ ਬਾਂਹ ਫੜ ਲਈ।
“ਰਹਿ ਕੀ ਗਿਐ ਹੁਣ?”
ਉਹੀ ਤਾਂ ਦੱਸਣਾ ਜ਼ਰੂਰੀ ਹੈ ਜੋ ਰਹਿੰਦੈæææਕਿਤੇ ਗੁਰਮੁੱਖ ਦੇ ਗੁਆਂਢ ਵਿਚ ਬਜ਼ੁਰਗ ਜੋੜਾ ਰਹਿੰਦਾ ਸੀ। ਜਿੱਦਣ ਮਹਿਬੂਬਾ ਦੇ ਘਰ ਜ਼ਾਲਮਾਂ ਨੇ ਧਾਵਾ ਬੋਲਿਆ, ਅਠਾਰਾਂ-ਵੀਹ ਸਾਲ ਦੇ ਦੋਵੇਂ ਬੇਟੇ ਘਰ ਸਨ। ਦੋਹਾਂ ਨੂੰ ਭੀੜ ਨੇ ਧੂਹ ਕੇ ਜਦੋਂ ਬਾਹਰ ਖਿੱਚਿਆ ਤਾਂ ਮਹਿਬੂਬਾ ਦੀਆਂ ਚੀਕਾਂ Ḕਹਾਏ ਮੇਰੇ ਪੁੱਤਾਂ ਨੂੰ ਕੁਛ ਨਾ ਕਿਹੋæææਇਨ੍ਹਾਂ ਕੀ ਵਿਗਾੜਿਆ, ਇਹ ਤਾਂ ਪੜ੍ਹਦੇ ਨੇ, ਮੇਰੇ ਮਾਸੂਮਾਂ ਨੂੰ ਕੁਛ ਨਾ ਕਹੋæææḔ, ਮਾਰੀਆਂ, ਤਾਂ ਭੀੜ ਰੌਲਾ ਪਾ ਰਹੀ ਸੀ, Ḕਸੀਖ (ਸਿੱਖ) ਤੋ ਹੈਂ, ਨਹੀਂ ਛੋੜੇਂਗੇḔ। ਤੇ ਦੋਹਾਂ ਨੂੰ ਜਦੋਂ ਮਾਂ ਦੇ ਸਾਹਮਣੇ ਮਿੱਟੀ ਦਾ ਤੇਲਾ ਪਾ ਕੇ ਜਿਉਂਦਿਆਂ ਨੂੰ ਅੱਗ ਲਾਈ ਤਾਂ ਬੇਹੋਸ਼ ਹੋ ਕੇ ਡਿਗਦੀ ਮਹਿਬੂਬਾ ਦੀਆਂ ਚੀਕਾਂ ਨਾਲ ਅੰਬਰ ਵੀ ਜਿਵੇਂ ਕੰਬ ਗਿਆ ਹੋਵੇ, Ḕਵੇ ਦੁਸ਼ਟੋ, ਸੰਤਾਲੀ ਵਿਚ ਹਿੰਦੂ ਹੋਣਾ ਗੁਨਾਹ ਸੀ, ਜਦੋਂ ਮੇਰਾ ਬਾਪ, ਮਾਂ ਤੇ ਭਰਾ ਉਨ੍ਹਾਂ ਧਰਮੀਆਂ ਨੇ ਖਾ ਲਿਆ ਜੋ ਅੱਲ੍ਹਾ ਦੀ ਗੱਲ ਕਰਦੇ ਸਨ। ਹੁਣ ਸਿੱਖ ਹੋਣਾ ਵੀ ਗੁਨਾਹ ਹੋ ਗਿਆæææਹਾਏ ਵੇ ਰੱਬਾ ਕਿਥੇ ਚਲੇ ਜਾਂਦੀæææ ਧਰਮ ਦੇ ਸਾਰੇ ਰਾਹ ਬੰਦ ਕਰੀ ਜਾਨੈਂ।Ḕ ਤੇ ਮਹਿਬੂਬਾ ਦਾ ਘਰ ਸ਼ਮਸ਼ਾਨ ਘਾਟ ਬਣ ਗਿਆ।”
ਲੱਪ-ਲੱਪ ਅੱਥਰ ਸਾਂਭਦਿਆਂ ਮਾਸਟਰ ਹਰਦਿਆਲ ਸਿੰਹੁ ਨੇ ਆਖਰੀ ਸਵਾਲ ਪੁੱਛਿਆ, “ਗੁਆਂਢੀ ਬਜ਼ੁਰਗ ਜੋੜੇ ਦੀ ਗੱਲ ਵਿਚੇ ਹੀ ਰਹਿ ਗਈ?”
“ਇਹ ਬਜ਼ੁਰਗ ਦਿੱਲੀਓਂ ਕਿਤੇ ਪੁੱਛਦੇ-ਪੁਛਾਉਂਦੇ ਸਾਡੇ ਪਿੰਡ ਆ ਗਏ, ਤੇ ਆਖਰੀ ਬੋਲ ਜਿਹੜੇ ਮਹਿਬੂਬਾ ਦੇ ਮੈਂ ਸੁਣਾ ਕੇ ਹਟਿਆਂ, ਇਹ ਉਹ ਬੁੱਢੀ ਔਰਤ ਇਸੇ ਲਾਲ ਇੱਟਾਂ ਦੇ ਘਰ ਅੱਗੇ ਦੱਸਦਿਆਂ ਬੇਹੋਸ਼ ਹੋ ਕੇ ਡਿੱਗ ਪਈ ਸੀ।”
æææਤੇ ਦਰਦ ਦੇ ਅੱਥਰੂਆਂ ਨਾਲ ਨਹੀਂ, ਧਰਮ ਦੇ ਜਨੂੰਨੀਆਂ ਪ੍ਰਤੀ ਖੂਨ ਉਗਲਦੀਆਂ ਅੱਖਾਂ ਲੈ ਕੇ ਤਿੰਨੇ ਜਣੇ ਫਿਰ ਇਕ-ਦੂਜੇ ਨੂੰ ਬਿਨਾਂ ਕੁਝ ਕਿਹਾਂ ਖਿਲਰ ਗਏ।
ਲੱਗਦਾ ਨਹੀਂ, ਧਰਮ ਬਾਰੇ ਨਿਰਪੱਖ ਰਾਏ ਦੇਣੀ ਔਖੀ ਬਹੁਤ ਹੋ ਗਈ ਹੈ।
__________________________
ਗੱਲ ਬਣੀ ਕਿ ਨਹੀਂ
æææਤੇ ਇਹ ਵਿਰਸਾ?
ਗਈ ਬਲਦਾਂ ਦੀ ਦੌੜ, ਤੇ ਗਵਾਚ ਚੱਲੀ ਗੱਡੀ।
ਪੈਣ ਟਾਂਵੀਆਂ ਹੀ ਛਿੰਝਾਂ, ਖਾਧੀ ਨਸ਼ਿਆਂ ਕਬੱਡੀ।
ਕਿੱਤੇ ਲੱਭਿਆਂ ਨਹੀਂ ਲੱਭਦੇ ਪੰਜਾਲੀ, ਗਾਂਧੀ, ਮੁੰਨੇ।
ਇਨ੍ਹਾਂ ਲੀਡਰਾਂ ਨੇ ਕੀਤੇ, ਮੇਲੇ ਵਿਰਸੇ ਦੇ ਸੁੰਨੇ।
ਗਾਉਣ ਵਾਲਿਆਂ ਨੇ ਕੀਤਾ ਹੁਣ ਬੇੜਾ ਪੂਰਾ ਗੁੱਲ।
ਇਨ੍ਹਾਂ ਰਿਸ਼ਤਿਆਂ ਦਾ ਛੱਡਿਆ ਏ ਕੌਡੀ ਵੀ ਨਾ ਮੁੱਲ।
ਲੋਕੀਂ ਮਰਦੇ ਹੀ ਚੱਬੀ ਜਾਣ ਮੱਲੋ ਮੱਲੀ ਅੱਕ।
ਜਿਹਨੂੰ ਕਹਿੰਦੇ ਇਖਲਾਕ ਉਹਦਾ ਤੋੜ ਦਿੱਤਾ ਲੱਕ।
ਨਾ ਹੀ ਭਾਈਆ, ਠੰਡੂ ਰਾਮ, ਨਾ ਹੀ ਮੰਡੀਆਂ ਦੇ ਭਾਅ।
ਉਹੋ ਰੇਡੀਓ ਨੂੰ ਸੁਣਨੇ ਦਾ ਮੁੱਕ ਗਿਆ ਚਾਅ।
ਗਾਵੇ ਭਾਨ ਸਿੰਘ ਮਾਹੀ ਨਾ ਮਧਾਣੀ ਵਾਲੇ ਗਾਣੇ।
ਚਿੱਤ ਸੁਣਨੇ ਨੂੰ ਕਰਦਾ ਏ ਗੀਤ ਪੁਰਾਣੇ।
ਨ ਮਟਕਾ, ਨਾ ਗਾਗਰ, ਨਾ ਗੜਵੇ ਨੂੰ ਚਾਂਦੀ।
ਕਿਥੇ ਲੱਕ ਨੂੰ ਹਿਲਾਉਂਦੀ ਕੋਈ ਭੱਤਾ ਲੈ ਕੇ ਜਾਂਦੀ।
ਹੀਰਾਂ ਰਾਂਝਿਆਂ ਦੀ ਧਰਤੀ ਤੇ ਕੈਦੋਂ ਜਿਹਾ ਪੰਜਾਬ।
ਛੇਤੀਂ ਬਹੁੜੀ ਵੇ ਤਬੀਬਾ ਬੜੇ ਮਾੜੇ ਆਉਂਦੇ ਖਾਬ।
ਕਿਸੇ ਆਲੇ ਵਿਚ ਬੋਹੀਆ, ਮੂੜ੍ਹਾ, ਛਾਬਾ ਸਾਂਭ ਰੱਖਾਂ।
ਤੀਆਂ, ਤਿੰਜਣ ਨਾ Ḕਭੌਰੇ’ ਨਾ ਹੀ ਬੋਹੜਾਂ ਥੱਲੇ ਸੱਥਾਂ।