ਤਿੰਨ ਦੀ ਬਜਾਏ ਦੋ ਦਿਨਾਂ ਦਾ ਹੋਵੇਗਾ ਸਮਾਗਮ
ਚੰਡੀਗੜ੍ਹ: ਪੰਜਾਬ ਵਿਚ ਅਮਨ ਕਾਨੂੰਨ ਦੇ ਮੱਦੇ ‘ਤੇ ਚੱਲ ਰਹੀ ਗਰਮਾ ਗਰਮ ਚਰਚਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਪਰਵਾਸੀ ਪੰਜਾਬੀ ਸੰਮੇਲਨ ਕਰਾਉਣ ਤੋਂ ਵੀ ਡਰ ਗਈ ਹੈ। ਪਹਿਲਾਂ ਸਰਕਾਰ ਨੇ ਇਸ ਸੰਮੇਲਨ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਮੀਡੀਆ ਵਿਚ ਇਸ ਦੀ ਪਹਿਲਾਂ ਹੀ ਚਰਚਾ ਹੋਣ ਕਾਰਨ ਸਰਕਾਰ ਨੇ ਕੌੜਾ ਅੱਕ ਚੱਬ ਹੀ ਲਿਆ ਹੈ। ਪੰਜਾਬ ਸਰਕਾਰ ਨੇ ਤਿੰਨ ਤੋਂ ਪੰਜ ਜਨਵਰੀ ਤੱਕ ਬੁਲਾਇਆ ਪਰਵਾਸੀ ਪੰਜਾਬੀ ਸੰਮੇਲਨ ਤਿੰਨ ਦੀ ਬਜਾਏ ਦੋ ਦਿਨ ਕਰਨ ਦਾ ਫ਼ੈਸਲਾ ਕੀਤਾ ਹੈ।
ਪਹਿਲਾਂ ਇਹ ਸੰਮੇਲਨ ਦੋ ਕੁ ਹਫ਼ਤੇ ਅੱਗੇ ਪਾਉਣ ਦੀ ਚਰਚਾ ਸੀ ਪਰ ਪਰਵਾਸੀ ਪੰਜਾਬੀਆਂ ਅੰਦਰ ਗਲਤ ਫਹਿਮੀਆਂ ਪੈਦਾ ਹੋਣ ਦੇ ਖਦਸ਼ੇ ਕਾਰਨ ਅਣਦੱਸੇ ਕਾਰਨਾਂ ਕਰਕੇ ਸਮਾਗਮ ਦਾ ਇਕ ਦਿਨ ਘਟਾ ਦਿੱਤਾ ਹੈ। ਪੰਜਾਬ ਸਰਕਾਰ ਦੇ ਬੁਲਾਰੇ ਅਨੁਸਾਰ ਚਾਰ ਜਨਵਰੀ ਨੂੰ ਚੰਡੀਗੜ੍ਹ ਤੇ ਪੰਜ ਜਨਵਰੀ ਨੂੰ ਕਲੱਬ ਕਬਾਨਾ ਜਲੰਧਰ ਵਿਖੇ ਇਹ ਸਮਾਗਮ ਬੁਲਾਇਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਬਾਹਰਲੇ ਮੁਲਕਾਂ ਦੇ ਚੁਣੇ ਹੋਏ ਨੁਮਾਇਦਿਆਂ ਵੱਲੋਂ ਸਮਾਗਮ ਪ੍ਰਤੀ ਕੋਈ ਖਾਸ ਹੁੰਗਾਰਾ ਨਾ ਭਰੇ ਜਾਣ ਕਾਰਨ ਤਿੰਨ ਜਨਵਰੀ ਦਾ ਸਮਾਗਮ ਰੱਦ ਕਰ ਦਿੱਤਾ ਗਿਆ ਹੈ।
ਹੁਣ ਚਾਰ ਜਨਵਰੀ ਨੂੰ ਚੰਡੀਗੜ੍ਹ ਵਿਖੇ ਵਪਾਰਕ, ਮੀਡੀਆ ਤੇ ਹੋਰ ਸਰੋਕਾਰਾਂ ਬਾਰੇ ਸਮਾਗਮ ਹੋਣਗੇ ਤੇ ਪੰਜ ਜਨਵਰੀ ਦਾ ਜਲੰਧਰ ਦੇ ਕਲੱਬ ਕਬਾਨਾ ਵਿਚ ਹੋਣ ਵਾਲਾ ਸਮਾਗਮ ਖੁੱਲ੍ਹਾ ਸਮਾਗਮ ਹੋਵੇਗਾ ਜਿਸ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ। ਪਹਿਲੇ ਪ੍ਰੋਗਰਾਮ ਮੁਤਾਬਕ ਤਿੰਨ ਜਨਵਰੀ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਪੰਜਾਬ ਸਰਕਾਰ ਦੇ ਮੁਖੀਆਂ ਨੇ ਰੂਬਰੂ ਹੋਣਾ ਸੀ ਪਰ ਪਤਾ ਲੱਗਾ ਹੈ ਕਿ ਸਰਕਾਰ ਨੇ ਅਜਿਹੇ ਨੁਮਾਇੰਦਿਆਂ ਨੂੰ ਈਮੇਲ ਰਾਹੀਂ ਸੱਦਾ ਪੱਤਰ ਤਾਂ ਭੇਜ ਦਿੱਤੇ ਪਰ ਉਨ੍ਹਾਂ ਨੂੰ ਹਵਾਈ ਟਿਕਟਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਿਸ ਕਰਕੇ ਅਜਿਹੇ ਨੁਮਾਇੰਦਿਆਂ ਵੱਲੋਂ ਸਮਾਗਮ ਵਿਚ ਸ਼ਾਮਲ ਹੋਣ ਲਈ ਕੋਈ ਖਾਸ ਉਤਸ਼ਾਹ ਨਹੀਂ ਦਿਖਾਇਆ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਅਹਿਮ ਪਰਵਾਸੀ ਪੰਜਾਬੀ ਸ਼ਖ਼ਸੀਅਤਾਂ, ਬਾਹਰਲੇ ਮੁਲਕਾਂ ਵਿਚ ਚੁਣੇ ਹੋਏ ਨੁਮਾਇੰਦਿਆਂ ਤੇ ਪਰਵਾਸੀ ਮੀਡੀਆ ਨਾਲ ਸਬੰਧਤ ਲੋਕਾਂ ਨੂੰ ਸੱਦ ਕੇ ਸਰਕਾਰ ਦੀ ਪਿਛਲੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਉਣ ਲਈ ਤਿੰਨ ਦਿਨਾ ਸੰਮੇਲਨ ਉਲੀਕੀਆ ਸੀ। ਤਿੰਨ ਤੇ ਚਾਰ ਜਨਵਰੀ ਨੂੰ ਪਰਵਾਸੀ ਪੰਜਾਬੀ ਸੰਮੇਲਨ ਚੰਡੀਗੜ੍ਹ ਰੱਖਿਆ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਵਿਚ ਚੁਣੇ ਪੰਜਾਬੀ ਨੁਮਾਇੰਦਿਆਂ ਨੂੰ ਸੰਮੇਲਨ ਵਿਚ ਸ਼ਾਮਲ ਹੋਣ ਲਈ ਦਿੱਤੇ ਸੱਦੇ ਦਾ ਹੁੰਗਾਰਾ ਬਹੁਤ ਹੀ ਮੱਠਾ ਹੈ। ਕੈਨੇਡਾ ਦੀ ਫੈਡਰਲ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਵਿਚ ਪੰਜਾਬੀ ਸਭ ਤੋਂ ਵਧੇਰੇ ਨੁਮਾਇੰਦੇ ਹਨ ਪਰ ਸੰਮੇਲਨ ਵਿਚ ਆਉਣ ਲਈ ਕਿਸੇ ਨੇ ਵੀ ਖਾਸ ਹਾਮੀ ਨਹੀਂ ਭਰੀ। ਪਤਾ ਲੱਗਾ ਹੈ ਕਿ ਹੁਣ ਤੱਕ ਸਿਰਫ਼ ਦੋ ਚੁਣੇ ਹੋਏ ਨੁਮਾਇੰਦਿਆਂ ਨੇ ਹੀ ਆਉਣ ਦੀ ਹਾਮੀ ਭਰੀ ਹੈ।
ਦੂਜਾ ਸਰਕਾਰ ਲਈ ਵੱਡੀ ਸਿਰਦਰਦੀ ਪੰਜਾਬ ਅੰਦਰ ਅਮਨ ਕਾਨੂੰਨ ਦੀ ਵਿਗੜੀ ਹਾਲਤ ਬਾਰੇ ਪਿਆ ਰੌਲਾ ਹੈ। ਵਿਧਾਨ ਸਭਾ ਵਿਚ ਵਿਧਾਨਕਾਰਾਂ ਦੀ ਗਾਲੀ ਗਲੋਚ ਨਾਲ ਵਿਦੇਸ਼ਾਂ ਵਿਚ ਬੇਹੱਦ ਹਾਹਾਕਾਰ ਮਚੀ ਹੈ। ਅੰਮ੍ਰਿਤਸਰ ਵਿਚ ਹੁਕਮਰਾਨ ਪਾਰਟੀ ਦੇ ਇਕ ਆਗੂ ਵੱਲੋਂ ਧੀ ਦੀ ਇੱਜ਼ਤ ਬਚਾਉਣ ਆਏ ਥਾਣੇਦਾਰ ਦਾ ਬੇਰਹਿਮੀ ਨਾਲ ਹੋਇਆ ਕਤਲ ਵੀ ਪਰਵਾਸੀ ਪੰਜਾਬੀਆਂ ਅੰਦਰ ਬੇਹੱਦ ਚਰਚਾ ਬਣਿਆ ਹੈ। ਹੁਕਮਰਾਨ ਪਾਰਟੀ ਅੰਦਰ ਇਹ ਤੌਖਲਾ ਹੈ ਕਿ ਕਿਤੇ ਪਰਵਾਸੀ ਪੰਜਾਬੀ ਸੰਮੇਲਨ ਨਾਲ ਸਰਕਾਰ ਨੂੰ ਲੈਣੇ ਦੇ ਦੇਣੇ ਨਾ ਪੈ ਜਾਣ। ਪੰਜਾਬ ਦੇ ਪਰਵਾਸੀ ਪੰਜਾਬੀ ਮਾਮਲਿਆਂ ਬਾਰੇ ਸਕੱਤਰ ਐਸ਼ਐਸ਼ ਚੰਨੀ ਦਾ ਕਹਿਣਾ ਹੈ ਕਿ ਅਹਿਮ ਪਰਵਾਸੀ ਪੰਜਾਬੀਆਂ ਦਾ ਸੰਮੇਲਨ ਪ੍ਰਤੀ ਕੋਈ ਉਤਸ਼ਾਹ ਨਹੀਂ ਹੈ।
Leave a Reply