ਅੱਜ ਦੀ ਰਾਤ

ਪਦਾਰਥਵਾਦ ਦੇ ਅਜੋਕੇ ਯੁਗ ਵਿਚ ਕਈ ਵਾਰ ਤਾਂ ਇੰਜ ਜਾਪਦਾ ਹੈ ਕਿ ਮਾਨਵੀ ਰਿਸ਼ਤੇ ਮਨਫੀ ਹੋ ਕੇ ਰਹਿ ਗਏ ਹਨ। ਮਰਦ ਅਤੇ ਔਰਤ ਵਿਚਾਲੇ ਰਿਸ਼ਤਾ ਵੀ ਪਦਾਰਥਵਾਦੀ ਸੋਚ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਉਦੋਂ ਸਥਿਤੀ ਹੋਰ ਵੀ ਮਾਰਮਿਕ ਲੱਗਦੀ ਹੈ ਜਦੋਂ ਪਤੀ-ਪਤਨੀ ਵਿਚਾਲੇ ਕਦੇ ਬਹੁਤ ਕਰੀਬੀ ਰਿਹਾ ਰਿਸ਼ਤਾ ਵੀ ਇਸ ਸੋਚ ਕਾਰਨ ਤਬਾਹ ਹੋ ਕੇ ਰਹਿ ਜਾਂਦਾ ਹੈ।

ਪਰ ਕਦੇ ਕਦੇ ਇੰਜ ਵਾਪਰਦਾ ਹੈ ਕਿ ਲੱਗਦਾ ਹੈ ਕਿ ਇਸ ਸਭ ਦੇ ਬਾਵਜੂਦ ਆਸ ਦੀ ਕਿਰਨ ਅਜੇ ਵੀ ਬਾਕੀ ਹੈ। ਇਸ ਕਹਾਣੀ ਦੇ ਪਾਤਰਾਂ ਇੰਦਰਾ ਅਤੇ ਅਜੀਤ ਵਿਰਕ ਨਾਲ ਵੀ ਅਜਿਹਾ ਹੀ ਕੁਝ ਵਾਪਰਦਾ ਹੈ। ਦੋਹਾਂ ਦੀ ਕਹਾਣੀ ਕਰੀਬ ਕਰੀਬ ਇਕੋ ਜਿਹੀ ਹੈ ਅਤੇ ਦੋਵੇਂ ਹੀ ਪਤੀ-ਪਤਨੀ ਦਾ ਰਿਸ਼ਤਾ ਟੁੱਟ ਜਾਣ ਕਾਰਨ ਦੁਖੀ ਹਨ ਪਰ ਜਹਾਜ ਵਿਚ ਬੈਠਿਆਂ ਦੋਹਾਂ ਵਿਚਾਲੇ ਆਸ ਦੀ ਇਕ ਅਜਿਹੀ ਕਿਰਨ ਜਾਗਦੀ ਹੈ ਕਿ ਦੋਹਾਂ ਨੂੰ ਜੀਵਨ ਵਿਚ ਮੁੜ ਖੇੜਾ ਆ ਜਾਣ ਦੀ ਝਲਕ ਆਈ ਪ੍ਰਤੀਤ ਹੁੰਦੀ ਹੈ। ਇਸੇ ਵਾਰਤਾ ਨੂੰ ਸ਼ਾਇਰ ਅਤੇ ਕਹਾਣੀਕਾਰ ਕਰਨੈਲ ਸਿੰਘ ਗਿਆਨੀ ਨੇ ਆਪਣੀ ਇਸ ਕਹਾਣੀ ਵਿਚ ਬੰਨ੍ਹਿਆ ਹੈ। -ਸੰਪਾਦਕ

ਕਰਨੈਲ ਸਿੰਘ ਗਿਆਨੀ
ਵਰਜੀਨੀਆ-ਬੀਚ

ਨੈਰੋਬੀ ਏਅਰਪੋਰਟ ਦੇ ਬ੍ਰਿਟਿਸ਼ ਏਅਰਵੇਜ਼ ਦਾ ਟਰਮੀਨਲ, ਸ਼ਾਮ ਦੇ ਅੱਠ ਵੱਜੇ, ਲੰਡਨ ਜਾਣ ਵਾਲੀ ਫ਼ਲਾਈਟ ਤਿਆਰ ਖਲੋਤੀ ਸੀ। ਇੰਦਰਾ ਉਸ ‘ਤੇ ਚੜ੍ਹਨ ਵਾਲੀ ਆਖਰੀ ਯਾਤਰੂ ਸੀ। ਉਸ ਨੂੰ ਬੋਰਡਿੰਗ-ਪਾਸ ਦੇ ਕੇ ਏਅਰਲਾਈਨ-ਕਰਮਚਾਰੀ ਨੇ ਗੇਟ ਬੰਦ ਕਰ ਦਿੱਤਾ। ਜਹਾਜ਼ ਦੇ ਗੇਟ ‘ਤੇ ਏਅਰ-ਹੌਸਟੈਸ ਨੇ ਬੜੇ ਤਪਾਕ ਨਾਲ ਉਸ ਦਾ ਸਵਾਗਤ ਕੀਤਾ।
ਉਸ ਦਿਨ ਹਵਾਈ ਜਹਾਜ਼ ਏਨਾ ਭਰਿਆ ਭਰਿਆ ਨਹੀਂ ਸੀ ਲੱਗ ਰਿਹਾ। ਫੇਰ ਵੀ ਪਤਾ ਨਹੀਂ ਕਿਉਂ ਟਿਕਿਟਿੰਗ-ਏਜੈਂਟ ਨੇ ਉਸ ਦੇ ਨਾ ਚਾਹੁਣ ਤੇ ਵੀ ਵਿੰਡੋ-ਸੀਟ ਹੀ ਅਲਾਟ ਕੀਤੀ। ਉਹ ਵੀ ਸਭ ਤੋਂ ਪਿੱਛੇ। ਉਪਰਲੇ ਲਗੇਜ-ਰੈਕ ਤੇ ਆਪਣਾ ਕੈਰੀ ਆਨ ਅਤੇ ਏਅਰ-ਬੈਗ ਟਿਕਾ ਕੇ ਉਹ ਆਪਣੀ ਸੀਟ ਵੱਲ ਵਧੀ। ਨਾਲ ਦੀ ਸੀਟ ਉਪਰ ਕੋਈ ਬੈਠਾ ਨਾ ਵੇਖ ਕੇ ਉਸ ਨੇ ਸੁਖ ਦਾ ਸਾਹ ਲਿਆ। ਸ਼ੁਕਰ ਹੈ, ਰੱਬ ਕਰੇ ਇਹ ਸੀਟ ਵੇਹਲੀ ਹੀ ਰਹੇ ਤਾਂ ਕਿ ਮੇਰਾ ਅੱਜ ਦਾ ਲੰਮਾ ਸਫ਼ਰ ਚੰਗਾ ਨਿਕਲ ਜਾਵੇ, ਉਸ ਸੋਚਿਆ। ਆਪਣੀ ਸੀਟ ਤੇ ਢੋਅ ਲਗਾ ਕੇ ਉਸ ਨੇ ਅੱਖਾਂ ਮੀਟ ਲਈਆਂ। ਭਜਦਿਆਂ-ਭਜਦਿਆਂ ਚੜ੍ਹਿਆ ਸਾਹ ਕੁਝ ਸੰਭਲਿਆ। ਕੈਬਿਨ ਦਾ ਏਅਰ-ਕੰਡੀਸ਼ੰਡ ਤਾਪਕ੍ਰਮ ਉਸ ਨੂੰ ਬੜਾ ਸੁਖਦਾਈ ਲੱਗ ਰਿਹਾ ਸੀ। ਉਸ ਦਾ ਜੀ ਕਰਦਾ ਸੀ ਕਿ ਜਹਾਜ ਦੇ ਉੜਾਨ ਭਰਦਿਆਂ ਹੀ ਉਹ ਲੱਤਾਂ ਨਿਸਾਲ ਕੇ ਲੇਟ ਜਾਵੇ। ਉਸ ਨੇ ਸ਼ੀਸ਼ੇ ਦੀ ਖਿੜਕੀ ਨੂੰ ਹਨੇਰਾ ਕਰ ਲਿਆ।
“ਥੋੜ੍ਹੇ ਪਲਾਂ ਵਿਚ ਅਸੀਂ ਉੜਾਨ ਸ਼ੁਰੂ ਕਰਨ ਵਾਲੇ ਹਾਂ। ਸਾਰੇ ਯਾਤਰੀਆਂ ਨੂੰ ਨਿਵੇਦਨ ਹੈ ਕਿ ਉਹ ਆਪਣੀਆਂ ਸੀਟ-ਬੈਲਟਾਂ ਕੱਸ ਲੈਣ, ਧੂਮਰਪਾਨ ਬੰਦ ਕਰ ਦੇਣ ਅਤੇ ਆਪਣੀਆਂ ਸੀਟਾਂ ਦੇ ਢੋਅ ਅੱਗੇ ਕਰ ਲੈਣ। ਧੰਨਵਾਦ।” ਇੰਟਰਕਾਮ ‘ਤੇ ਏਅਰ ਹੌਸਟੈਸ ਨੇ ਅਨਾਊਂਸ ਕੀਤਾ। ਸਾਰੇ ਪਾਸੇ ਬੈਲਟਾਂ ਦੇ ਬਕਲਾਂ ਦੀ ਕੜਿਚ ਕੜਿਚ ਦੀ ਆਵਾਜ਼ ਸ਼ੁਰੂ ਹੋ ਗਈ, ਤੇ ਥੋੜ੍ਹੇ ਚਿਰ ਵਿਚ ਜਹਾਜ਼ ਆਪਣੀ ਧੀਮੀ ਗਤੀ ਨਾਲ ਉਡਣ ਲਈ ਵਧਣ ਲੱਗਾ।
“ਐਕਸਕਿਊਜ਼ ਮੀ।” ਏਨੇ ਨੂੰ ਉਸ ਦੀ ਨਾਲ ਦੀ ਸੀਟ ਵਾਲੇ ਮੁਸਾਫਿਰ ਨੇ ਆ ਕੇ ਉਸ ਦੀ ਬਿਰਤੀ ਉਖੇੜ ਦਿੱਤੀ। ਸ਼ਾਇਦ ਉਹ ਰੈਸਟ-ਰੂਮ ‘ਚੋਂ ਹੋ ਕੇ ਮੁੜਿਆ ਹੋਣੈ। ਇੰਦਰਾ ਨੇ ਇਕ ਬਨਾਉਟੀ ਮੁਸਕਰਾਹਟ ਨਾਲ ਉਸ ਵੱਲ ਤੱਕਿਆ ਤੇ ਨਿੱਠ ਕੇ ਬੈਠਣ, ਸੀਟ ਦੀ ਬੈਲਟ ਬੰਨ੍ਹਣ ਅਤੇ ਸਾਹਮਣੀ ਟ੍ਰੇ ਨੂੰ ਉਚੀ ਕਰਨ ਵਿਚ ਰੁੱਝ ਗਈ।
ਨਾਲ ਦਾ ਮੁਸਾਫ਼ਿਰ ਕੋਈ ਹਿੰਦੁਸਤਾਨੀ ਲਗਦਾ ਸੀ, ਵੇਖਣ ਚਾਖਣ ਵਿਚ ਮੂੰਹ ਮੱਥੇ ਲੱਗਣ ਵਾਲਾ। ਦਰਮਿਆਨਾ ਕੱਦ, ਗੋਰਾ ਰੰਗ, ਤਿੱਖੀ ਠੋਡੀ, ਨਿੱਕੀ ਨਿੱਕੀ ਮੁੱਛ, ਸਿਰ ਦੇ ਵਿਚਕਾਰ ਚੀਰ ਕੱਢਿਆ ਹੋਇਆ। ਚਿੱਟੀ ਪੈਂਟ, ਮੈਰੂਨ ਸਲੈਕ ਸ਼ਰਟ, ਕੁਝ ਸ਼ੌਕੀਨ ਜਿਹਾ।
ਉਸ ਦੇ ਆਫ਼ਟਰ-ਸ਼ੇਵ-ਲੋਸ਼ਨ ਦੀ ਹਲਕੀ ਜਿਹੀ ਸੁਗੰਧ ਨੇ ਜਿਵੇਂ ਆਪਣਾ ਅਸਰ ਕੀਤਾ ਹੋਵੇ। ਇੰਦਰਾ ਨੇ ਉਸ ਵੱਲ ਨਜ਼ਰ ਚੁਰਾ ਕੇ ਵੇਖਿਆ। ਉੁਹ ਆਪਣੀ ਸੀਟ ਬੈਲਟ ਕਸਦਾ ਹੋਇਆ ਉਸੇ ਵੱਲ ਵੇਖ ਰਿਹਾ ਸੀ।
“ਤੱਮਲ ਤਿਰਮਾ?” ਯੁਵਕ ਨੇ ਅਚਾਨਕ ਪੁੱਛਿਆ।
“ਇੱਲੇ” ਇੰਦਰਾ ਨੇ ਜਵਾਬ ਦਿੱਤਾ।
ਉਹ ਆਪਣੀ ਗ਼ਲਤੀ ਤੇ ਪਸ਼ੇਮਾਨ ਲਗਦਾ ਸੀ। ਸ਼ਾਇਦ ਇੰਦਰਾ ਦੇ ਚਿਹਰੇ ਦਾ ਰੰਗ ਵੇਖ ਕੇ ਉਸ ਨੂੰ ਇਕ ਸਾਊਥ-ਇੰਡੀਅਨ ਸੁੰਦਰੀ ਸਮਝ ਬੈਠਾ ਸੀ। ਪਰ ਹੁਣ ਸ਼ਰਮਿੰਦਗੀ ਮਿਟਾਣ ਲਈ ‘ਸੌਰੀ’ ਕਹਿ ਕੇ ਆਪਣੇ ਬੈਗ ਵਿਚੋਂ ‘ਨਾਗਮਣੀ’ ਮੈਗਜ਼ੀਨ ਕੱਢ ਕੇ ਪੜ੍ਹਨ ਲੱਗ ਪਿਆ।
“ਆਈ ਕਾਂਟ ਬਿਲੀਵ ਇੱਟ।” ਇੰਦਰਾ ਦਾ ਹਾਸਾ ਨਿਕਲ ਗਿਆ। “ਤੁਸੀਂ ਇਕ ਪੰਜਾਬੀ ਹੋ ਕੇ, ਏਨੀ ਸੋਹਣੀ ਤਾਮਿਲ ਬੋਲ ਲੈਂਦੇ ਹੋ।” ਉਸ ਨੇ ਯੁਵਕ ਦੇ ਦਿਲ ਦੀ ਬੇਚੈਨੀ ਘਟਾਉਣ ਲਈ ਗੱਲ ਤੋਰੀ। “ਮੈਨੂੰ ਪੂਰੀ ਗੱਲ ਦੀ ਸਮਝ ਤਾਂ ਨਹੀਂ ਆਈ। ਸ਼ਾਇਦ ਤੁਸੀਂ ਪੁੱਛ ਰਹੇ ਸੀ ਕਿ ਮੈਨੂੰ ਤਾਮਿਲ ਬੋਲਣੀ ਆਉਂਦੀ ਹੈ?”
“ਹਾਂ, ਪਰ ਤੁਸੀਂ ਵੀ ਨਾਂਹ ਵਿਚ ਉਤਰ ਦੇ ਕੇ ਮੈਨੂੰ ਚੱਕਰ ਵਿਚ ਪਾ ਦਿੱਤਾ। ਬਈ ਹੱਦ ਹੋ ਗਈ। ਬਾਈ ਦਾ ਵੇ, ਮੇਰਾ ਨਾਮ ਅਜੀਤ ਵਿਰਕ ਹੈ।”
“ਆਈ ਐਮ ਇੰਦਰਾ, ਇੰਦਰਜੀਤ ਗਿੱਲ।”
“ਤੁਸੀਂ ਨੈਰੋਬੀ ਰਹਿੰਦੇ ਹੋ?”
“ਹਾਂ, ਕੱਲ੍ਹ ਤੱਕ ਤਾਂ ਰਹਿੰਦੀ ਸਾਂ।” ਉਸ ਨੇ ਇਕ ਹੌਕਾ ਭਰ ਕੇ ਕਿਹਾ।
“ਕੀ ਗੱਲ, ਅੱਜ ਤੋਂ ਤੁਸੀਂ ਸਦਾ ਲਈ…?” ਉਹ ਉਸ ਦੀ ਅਧੂਰੀ ਗੱਲ ਸਮਝਣ ਤੋਂ ਅਸਮਰੱਥ ਸੀ।
ਇੰਦਰਾ, ਬਿਨਾ ਉਤਰ ਦਿੱਤੇ ਉਠ ਖਲੋਤੀ, “ਮੈਂ ਜ਼ਰਾ ਰੈਸਟ-ਰੂਮ ਹੋ ਆਵਾਂ।”
ਉਸ ਦੇ ਜਾਣ ਮਗਰੋਂ ਅਜੀਤ ਉਸ ਬਾਰੇ ਸੋਚਣ ਲੱਗ ਪਿਆ। ਰੱਬ ਨੇ ਇਸ ਦੇ ਕਣਕਵੰਨੇ ਰੂਪ ਵਿਚ ਕੇਹੀ ਸੰਧੂਰੀ ਲੋਅ ਭਰੀ ਹੈ, ਜੋ ਉਸ ਨੂੰ ਮੁੜ ਮੁੜ ਤੱਕਣ ਨੂੰ ਜੀਅ ਕਰਦੈ। ਗਦਰਾਏ ਹੋਏ ਅੰਗ, ਰੇਸ਼ਮ ਵਰਗੇ ਲੰਮੇ ਵਾਲ, ਗਲਮੇਂ ਵਿਚੋਂ ਝਾਕਦਾ ਜੋਬਨ, ਡਲੀ ਵਰਗਾ ਗੁੰਦਿਆ ਸ਼ਰੀਰ। ਇਕ ਮਾਡਲ ਜਿਹੀ। ਅੱਖਾਂ ਭਾਵੇਂ ਮੋਟੀਆਂ ਨਹੀਂ, ਪਰ ਉਨ੍ਹਾਂ ਦੀ ਲਿਸ਼ਕ ਦਾ ਉਸ ਦੀ ਮੁਸਕਰਾਹਟ ਨਾਲ ਜ਼ਰੂਰ ਕੋਈ ਤਅੱਲਕ ਲਗਦਾ ਹੈ। ਐਨ ਜਿਵੇਂ ਸੁਰ ਦਾ ਤਾਲ ਨਾਲ ਹੁੰਦੈ, ਮਨਮੋਹਕ। ਪਰ ਉਸ ਦੀ ਹੌਕੇ ਭਰੀ ਗੱਲ, ‘ਹਾਂ ਕਲ੍ਹ ਤੱਕ ਤਾਂ ਰਹਿੰਦੀ ਸਾਂ’ ਵਿਚ ਤਾਂ ਸੱਚ ਮੁੱਚ ਕੋਈ ਕਹਾਣੀ ਲੁਕੀ ਹੋਈ ਜਾਪਦੀ ਹੈ। ਜਾਂ ਖਵਰੇ ਕਿੰਨੀਆਂ ਕਹਾਣੀਆਂ।
“ਸੌਰੀ, ਤੁਹਾਨੂੰ ਮੇਰੇ ਕਾਰਨ ਟ੍ਰਬਲ ਹੋ ਰਹੀ ਹੈ, ਉਠਣ ਦੀ।” ਇੰਦਰਾ ਨੇ ਰੈਸਟ ਰੂਮ ਤੋਂ ਆ ਕੇ ਕਿਹਾ।
“ਆਖੋ ਤਾਂ ਸੀਟਾਂ ਬਦਲ ਲੈਂਦੇ ਹਾਂ।” ਅਜੀਤ ਨੇ ਉਠਦਿਆਂ ਕਿਹਾ।
“ਵੈਲ, ਨੇਕੀ ਔਰ ਪੂਛ ਪੂਛ।” ਇੰਦਰਾ ਨੇ ਮੁਸਕਰਾ ਕੇ ਮੰਨ ਲਿਆ। ਉਹ ਪਹਿਲਾਂ ਹੀ ਏਹੋ ਚਾਹੁੰਦੀ ਸੀ। ਏਨੇ ਵਿਚ ਏਅਰ-ਹੌਸਟੈਸ ਬੈਵਰੇਜ ਦੀ ਟਰਾਲੀ ਰੇੜ੍ਹ ਲਿਆਈ।
“ਤੁਸੀਂ ਪੀਣ ਲਈ ਕੀ ਪਸੰਦ ਕਰੋਗੇ।” ਏਅਰ-ਹੌਸਟੈਸ ਨੇ ਅਜੀਤ ਕੋਲੋਂ ਪੁੱਛਿਆ।
“ਔਰੈਂਜ ਜੂਸ।”
“ਯੂ ਮੈਮ?”
“ਲੈਟ ਮੀ ਹੈਵ ਸਕਾਚ ਐਂਡ ਸੋਡਾ।”
ਅਜੀਤ ਦੇ ਚਿਹਰੇ ‘ਤੇ ਇਕ ਅਚੰਭੇ ਭਰੀ ਮੁਸਕਰਾਹਟ ਸੀ। ਇਹ ਕੁੜੀ ਸੱਚਮੁੱਚ ਇਕ ਕਹਾਣੀ ਹੋਵੇਗੀ। ਇਕ ਦਿਲਚਸਪ ਕਹਾਣੀ।
“ਕੀ ਤੁਸੀਂ ਵੀ ਨੈਰੋਬੀ ਰਹਿੰਦੇ ਹੋ?” ਇੰਦਰਾ ਨੇ ਡਰਿੰਕ ਮਿਕਸ ਕਰਦਿਆਂ ਪੁੱਛਿਆ।
“ਨਹੀਂ ਮੈਂ ਨਿਊ ਯਾਰਕ ਰਹਿੰਦਾ ਹਾਂ। ਇਥੇ ਬਿਜ਼ਨੈਸ ਟ੍ਰਿੱਪ ਤੇ ਆਇਆ ਸਾਂ।”
“ਕਾਹਦਾ ਬਿਜ਼ਨੈਸ ਕਰਦੇ ਹੋ?”
“ਕੰਪਿਊਟਰਜ਼ ਦਾ।”
“ਹਾਓ ਵਾਜ਼ ਯੂਅਰ ਟਿੱ੍ਰਪ?”
“ਠੀਕ ਹੀ ਰਿਹਾ। ਕਾਫ਼ੀ ਆਰਡਰ ਮਿਲੇ।”
“ਅਮੈਰਿਕਾ ਵਿਚ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ?”
“ਕੋਈ ਪੰਦਰਾਂ ਕੁ ਸਾਲ ਹੋ ਗਏ। ਪਹਿਲਾਂ ਮੈਂ ਸ਼ਿਕਾਗੋ ਪੜ੍ਹਦਾ ਸਾਂ। ਫੇਰ ਸਿਟੀਜ਼ਨਸ਼ਿਪ ਲੈ ਲਈ।”
“ਹਾਓ ਡੂ ਯੂ ਲਾਈਕ ਇਟ ਦੇਅਰ?”
“ਇਟ ਇਜ਼ ਓ ਕੇ। ਕਹਿੰਦੇ ਨੇ, ਜਿੱਥੇ ਵੇਖਾਂ ਤਵਾ ਪਰਾਤ, ਓਥੇ ਗਾਵਾਂ ਸਾਰੀ ਰਾਤ।” ਤੇ ਦੋਵੇਂ ਹੱਸ ਪਏ।
“ਤੁਸੀਂ ਏਨੇ ਸਾਲ ਬਾਹਰ ਰਹਿ ਕੇ ਵੀ ਠੇਠ ਪੰਜਾਬੀ ਬੋਲ ਲੇਂਦੇ ਹੋ।”
“ਆਪਣੀ ਮਾਂ ਬੋਲੀ ਵੀ ਕਦੇ ਭੁਲਦੀ ਹੈ? ਅਮੈਰਿਕਾ ਵਿਚ ਰਹਿ ਕੇ ਵੀ ਪੰਜਾਬੀ ਲਿਟਰੇਚਰ ਵਿਚ ਮੇਰੀ ਖਾਸ ਰੁਚੀ ਰਹੀ ਹੈ।”
“ਉਹ ਤਾਂ ਤੁਹਾਡੇ ਹੱਥ ਵਿਚ ‘ਨਾਗਮਣੀ’ ਰਸਾਲਾ ਵੇਖਦਿਆਂ ਹੀ ਸਮਝ ਗਈ ਸਾਂ।”
“ਮੈਂ ਤਾਂ ਲਿਖਦਾ ਵੀ ਪੰਜਾਬੀ ਵਿਚ ਹਾਂ। ਏਸ ਅੰਕ ਵਿਚ ਮੇਰੀ ਇਕ ਕਹਾਣੀ ਵੀ ਛਪ ਕੇ ਆਈ ਹੈ।”
“ਇੰਟਰੈਸਟਿੰਗ। ਕੀ ਤੁਹਾਡੀ ਸ਼ਾਦੀ ਹੋ ਗਈ।”
“ਕਦੀ ਹੋਈ ਸੀ।”
“ਫੇਰ?”
“ਬੱਸ ਉਹ ਇਕ ਸੁਫ਼ਨਾ ਹੀ ਹੋ ਕੇ ਰਹਿ ਗਈ। ਮੇਰੀ ਪਤਨੀ ਚੰਡੀਗੜ੍ਹ ਦੇ ਇਕ ਰਿਟਾਇਰਡ ਬ੍ਰਿਗੇਡੀਅਰ ਦੀ ਬੇਟੀ ਸੀ। ਸ਼ਾਦੀ ਤੋਂ ਇਕ ਸਾਲ ਬਾਅਦ ਹੀ ਉਸ ਨੇ ਰੱਟ ਲਗਾਈ, ਮੇਰੇ ਮੰਮੀ-ਡੈਡੀ ਨੂੰ ਬੁਲਾਣਾ ਹੈ। ਮੇਰੇ ਛੋਟੇ ਭੈਣ-ਭਰਾ ਨੂੰ ਬੁਲਾਣਾ ਹੈ। ਹੌਲੀ-ਹੌਲੀ ਉਹ ਸਾਰੇ ਆ ਗਏ, ਤੇ ਮੇਰੀ ਛੁੱਟੀ ਹੋ ਗਈ।”
“ਕੀ ਗੱਲ ਤਲਾਕ ਹੋ ਗਿਆ?”
“ਮੇਰਾ ਤਾਂ ਸਭ ਕੁਝ ਹੀ ਚਲਾ ਗਿਆ। ਇਕ ਲੜਕਾ ਹੈ, ਅੱਜ ਉਸ ਦੀ ਸ਼ਕਲ ਵੇਖਣ ਨੂੰ ਵੀ ਤਰਸਦਾ ਹਾਂ।”
“ਪਰ ਐਸਾ ਕਿਉਂ ਹੋਇਆ?”
“ਮੈਂ ਇਕ ਸਾਧਾਰਨ ਪਰਿਵਾਰ ‘ਚੋਂ ਉਠਿਆ ਹਾਂ। ਚਾਦਰ ਵੇਖ ਕੇ ਪੈਰ ਪਸਾਰਨ ਦੀ ਮੇਰੀ ਆਦਤ ਹੈ। ਇਹ ਮਿਲਟਰੀ ਅਫ਼ਸਰਾਂ ਵਿਚ ਬੜੀ ਫੂੰ-ਫਾਂ ਹੁੰਦੀ ਹੈ। ਆਉਂਦੀ ਹੀ ਕਹਿਣ ਲੱਗੀ, ਮੈਨੂੰ ਨੌਕਰ ਚਾਹੀਦੈ। ਮੈਂ ਤਾਂ ਕਦੇ ਘਰ ਕੰਮ ਨਹੀਂ ਕੀਤਾ। ਬੱਚਾ ਹੋਇਆ ਤਾਂ ਕਹਿੰਦੀ ਮੈਨੂੰ ‘ਮੇਡ’ ਰੱਖ ਕੇ ਦਿਓ। ਸਾਡੇ ਘਰ ਵਿਚ ਤਾਂ ‘ਆਰਡਰਲੀ’ ਹੁੰਦੇ ਸਨ। ਰੋਜ਼ ਖਿਟ-ਖਿਟ ਰਹਿਣੀ। ਉਸ ਦੇ ਮਾਂ-ਬਾਪ, ਭੈਣ-ਭਰਾ ਦੇ ਆਉਣ ਨਾਲ ਤਾਂ ਸਮੱਸਿਆਵਾਂ ਏਨੀਆਂ ਗੰਭੀਰ ਹੋ ਗਈਆਂ ਕਿ ਸਾਹ ਲੈਣਾ ਮੁਸ਼ਕਿਲ ਹੋ ਗਿਆ। ਆਖਿਰ ਭਰਿਆ-ਭਰਾਇਆ ਘਰ ਉਸ ਦੇ ਹਵਾਲੇ ਕਰ ਕੇ ਮੈਂ ਲਾਂਭੇ ਹੋ ਗਿਆ।”
“ਆਈ ਐਮ ਸੌਰੀ।” ਇੰਦਰਾ ਨੇ ਅਫ਼ਸੋਸ ਜ਼ਾਹਰ ਕੀਤਾ। ਅਜੀਤ ਕੁਝ ਏਨਾ ਭਾਵੁਕ ਹੋ ਗਿਆ, ਉਸ ਨੇ ਗ਼ਮ ਗ਼ਲਤ ਕਰਨ ਲਈ ਫ਼ਲਾਈਟ ਅਟੈਂਡੈਂਟ ਕੋਲੋਂ ਸਕਾਚ ਐਂਡ ਸੋਡਾ ਮੰਗ ਲਿਆ।
“ਕਿੰਨਾ ਚਿਰ ਹੋਇਆ, ਏਸ ਗੱਲ ਨੂੰ?” ਇੰਦਰਾ ਨੇ ਫੇਰ ਗੱਲ ਸ਼ੁਰੂ ਕੀਤੀ।
“ਕੋਈ ਤਿੰਨ ਸਾਲ ਹੋ ਗਏ। ਹੁਣ ਤਾਂ ਬੱਸ ਮੈਂ ਇਕ ਅਪਾਰਟਮੈਂਟ ਵਿਚ ਰਹਿੰਦਾ ਹਾਂ ਤੇ ਖਾਲੀ-ਖਾਲੀ ਜ਼ਿੰਦਗੀ ਜੀਅ ਰਿਹਾ ਹਾਂ। ਦਿਨੇ ਕੰਮ ਕਰਦਾ ਹਾਂ। ਘਰ ਆ ਕੇ ਕਦੀ ਡਿਨਰ ਮੰਗਵਾ ਕੇ ਖਾ ਲਿਆ, ਕਦੇ ਰੈਸਟੋਰੈਂਟ ਵਿਚੋਂ ਖਾ ਆਇਆ। ਵਿਹਲ ਵੇਲੇ ਪੜ੍ਹਦਾ ਰਹਿੰਦਾ ਹਾਂ। ਮੇਰਾ ਕੋਈ ਦੋਸਤ ਨਹੀਂ, ਕਿਤਾਬਾਂ ਤੋਂ ਸਿਵਾ। ਮੈਂ ਕਿੱਥੇ ਆਪਣੀ ਰਾਮ ਕਹਾਣੀ ਛੇੜ ਬੈਠਾ।”
“ਨਹੀਂ ਅਜੀਤ ਜੀ, ਮੈਂ ਸੋਚਦੀ ਸਾਂ, ਮੈਂ ਹੀ ਇਸ ਦੁਨੀਆਂ ਵਿਚ ਇਕੱਲੀ ਦੁਖੀ ਹਾਂ। ਪਰ ‘ਨਾਨਕ ਦੁਖੀਆ ਸਭ ਸੰਸਾਰ’ ਵਾਲੀ ਗੱਲ ਤਾਂ ਸੋਲਾਂ ਆਨੇ ਸੱਚ ਹੈ। ਜੇ ਮੈਂ ਆਪਣੇ ਬਾਰੇ ਦੱਸਣ ਲੱਗੀ ਤਾਂ ਰਾਤ ਹੋ ਜਾਣੀ ਹੈ।”
“ਚਲੋ ਆਪਾਂ ਕਿਹੜਾ ਕਿਤੇ ਜਾਣਾ ਹੈ। ਲੰਡਨ ਪਹੁੰਚਦਿਆਂ, ਅੱਜ ਦੀ ਰਾਤ ਤਾਂ ਆਪਣੀ ਹੀ ਹੈ।” ਅਜੀਤ ਨੇ ਸਕਾਚ ਦਾ ਘੁੱਟ ਭਰਦਿਆਂ ਕਿਹਾ।
“ਮੇਰੇ ਮਾਤਾ-ਪਿਤਾ ਲੰਡਨ ਵਿਚ ਰਹਿੰਦੇ ਨੇ। ਕੋਈ ਅੱਠ ਸਾਲ ਪਹਿਲਾਂ ਮੇਰੀ ਸ਼ਾਦੀ ਨੈਰੋਬੀ ਦੇ ਇਕ ਰੱਜੇ-ਪੁੱਜੇ ਘਰ ਵਿਚ ਹੋਈ। ਮੇਰਾ ਪਤੀ ਬੜਾ ਸੁਨੱਖਾ ਸੀ। ਉਹ ਰੇਸ-ਕਾਰਾਂ ਦਾ ਮਕੈਨਿਕ ਸੀ। ਮੈਂ ਇਕ ਸਕੂਲ ਵਿਚ ਸਾਇੰਸ ਟੀਚਰ ਹੁੰਦੀ ਸਾਂ। ਸਾਡੇ ਵਿਆਹ ਦੇ ਤਿੰਨ ਚਾਰ ਸਾਲ ਬੜੇ ਸੋਹਣੇ ਲੰਘੇ। ਅਸੀਂ ਕਈ ਮੁਲਕਾਂ, ਸ਼ਹਿਰਾਂ ਦੀ ਸੈਰ ਕੀਤੀ। ਜਰਮਨੀ, ਹਵਾਈ, ਲਾਸ ਏਂਜਲਸ, ਨਿਆਗਰਾ-ਫ਼ਾਲਜ਼, ਖਜੂ-ਰਾਹੋ, ਨਨਕਾਣਾ ਸਾਹਿਬ। ਲਗਦਾ ਸੀ ਜਿਵੇ ਰੱਬ ਨੇ ਸਾਰੀਆਂ ਬਰਕਤਾਂ ਨਾਲ ਸਾਡਾ ਜੀਵਨ ਭਰਪੂਰ ਕਰ ਦਿੱਤਾ ਹੋਵੇ।”
“ਫੇਰ ਮੇਰੀ ਜ਼ਿੰਦਗੀ ਵਿਚ ਇਕ ਅਨੋਖਾ ਮੋੜ ਆਇਆ। ਮੇਰੇ ਪਤੀ ਨੂੰ ਕਾਰ-ਰੇਸਿੰਗ ਵਿਚ ਰੁਚੀ ਪੈਦਾ ਹੋ ਗਈ। ਤੇ ਦੋ ਸਾਲਾਂ ਵਿਚ ਹੀ ਉਸ ਨੇ ਬੜੀ ਮਸ਼ਹੂਰੀ ਹਾਸਲ ਕਰ ਲਈ।”
“ਕੀ ਨਾਂ ਏ ਉਨ੍ਹਾਂ ਦਾ?”
“ਹੈਰੀ ਗਿੱਲ।”
“ਲਓ, ਹੈਰੀ ਗਿੱਲ ਨੂੰ ਕੌਣ ਨਹੀਂ ਜਾਣਦਾ? ਉਹ ਤਾਂ ਇੰਟਰਨੈਸ਼ਨਲ-ਫ਼ੇਮ ਦਾ ਕਾਰ-ਰੇਸਰ ਹੈ।”
“ਹਾਂ, ਪਰ ਉਸ ਦੀ ਇਹ ਮਸ਼ਹੂਰੀ ਮੇਰੇ ਵਿਆਹੁਤਾ ਜੀਵਨ ਲਈ ਘਾਤਕ ਸਾਬਤ ਹੋਈ। ਸੋਹਣਾ ਤਾਂ ਉਹ ਹੈ ਈ ਸੀ। ਉਸ ਦੀ ਸ਼ੋਹਰਤ ਅਤੇ ਦੌਲਤ ਕਰਕੇ ਕਈ ਅਫ਼ਰੀਕਣ ਕਬੀਲਿਆਂ ਦੀਆਂ ਰਾਜ ਕੁਮਾਰੀਆਂ, ਅਮੀਰ ਗੋਰੀਆਂ ਕੁੜੀਆਂ ਤੇ ਹਿੰਦੁਸਤਾਨ ਦੀਆਂ ਐਕਟਰੈਸਾਂ ਨਾਲ ਉਸ ਦਾ ਸੰਪਰਕ ਹੋ ਗਿਆ ਤੇ ਉਹ ਇਕ ਹੋਰ ਹੀ ਦੁਨੀਆਂ ਵਿਚ ਰਹਿਣ ਲੱਗ ਪਿਆ। ਰੁਮਾਂਸ ਦੀ ਦੁਨੀਆਂ, ਇਆਸ਼ੀ ਦੀ ਦੁਨੀਆਂ।”
“ਮੈਂ ਬੜੀ ਕਲਪੀ, ਪਿਛਲੇ ਪਿਆਰ ਦੇ ਵਾਸਤੇ ਪਾਏ। ਪਰ ਉਹ ਮੈਥੋਂ ਬਹੁਤ ਦੂਰ ਜਾ ਚੁੱਕਾ ਸੀ। ਸਾਡੀ ਕਈ ਏਕੜ ਵਿਚ ਫੈਲੀ ਮੈਨਸ਼ਨ ਵਿਚ ਆਏ ਦਿਨ ਜਸ਼ਨ, ਡਾਂਸ ਪਾਰਟੀਆਂ ਹੁੰਦੀਆਂ। ਮੇਰਾ ਤਾਂ ਵਜੂਦ ਹੀ ਖਤਮ ਹੋ ਗਿਆ। ਉਸ ਦੇ ਨਵੇਂ ਸਜਾਏ ਬੈਡ-ਰੂਮ ਵਿਚ ਜਾਣ ਲਈ ਮੈਨੂੰ ਵੀ ਬੂਹਾ ਖੜਕਾਣਾ ਪੈਂਦਾ। ਕਈ ਵਾਰੀ ਉਹ ਆਪਣੀਆਂ ਨਵੀਆਂ ਸਾਥਣਾਂ ਸਣੇ, ਵਸਤਰ-ਹੀਨ ਦਿਸਦਾ ਤਾਂ ਮੈਨੂੰ ਅੱਗ ਲਗ ਉਠਦੀ। ਜਦੋਂ ਮੈਂ ਰੋਸ ਪ੍ਰਗਟ ਕਰਦੀ ਤਾਂ ਮਾਰ ਕੁਟਾਈ ਤੇ ਉਤਰ ਆਉਂਦਾ।”
“ਹੁਣ ਉਹ ਪਹਿਲਾਂ ਵਾਲਾ ਪਿਆਰਾ ਹੈਰੀ ਮਕੈਨਿਕ ਨਹੀਂ ਸੀ ਰਿਹਾ। ਉਹ ਇਕ ਵੀæਆਈæਪੀ ਬਣ ਚੁੱਕਾ ਸੀ। ਮੈਂ ਦੋ ਵਾਰੀ ਰੁੱਸ ਕੇ ਲੰਡਨ ਚਲੀ ਗਈ, ਪਰ ਉਸ ਵਿਚ ਕੋਈ ਤਬਦੀਲੀ ਨਾ ਆਈ।” ਇੰਦਰਾ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਉਸ ਨੇ ਏਅਰ-ਹੌਸਟੈਸ ਨੂੰ ਕਹਿ ਕੇ ਇਕ ਹੋਰ ਡਰਿੰਕ ਮੰਗਵਾ ਲਈ।
“ਕੀ ਉਸ ਦੇ ਮਾਂ-ਬਾਪ, ਜਾਂ ਸਕੇ ਸਬੰਧੀਆਂ ਦੇ ਆਖੇ ਦਾ ਵੀ ਉਸ ‘ਤੇ ਕੋਈ ਅਸਰ ਨਾ ਹੋਇਆ?” ਅਜੀਤ ਨੇ ਹਮਦਰਦੀ ਜ਼ਾਹਰ ਕੀਤੀ।
“ਜਦੋਂ ਆਦਮੀ ‘ਤੇ ਵਾਸ਼ਨਾ ਅਤੇ ਹੰਕਾਰ ਦਾ ਭੂਤ ਸਵਾਰ ਹੋ ਜਾਵੇ ਤਾਂ ਉਹ ਕਿਸੇ ਦਲੀਲ ਜਾਂ ਸ਼ਿਸ਼ਟਾਚਾਰ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੁੰਦਾ। ਮੈਂ ਕਈ ਵਾਰੀ ਮੈਰਿਜ-ਕਾਊਂਸਲਰ ਦੀ ਅਪੁਆਇੰਟਮੈਂਟ ਵੀ ਬਣਾਈ ਪਰ ਉਹ ਇਕ ਵਾਰੀ ਵੀ ਮੇਰੇ ਨਾਲ ਨਹੀਂ ਗਿਆ। ਮੈਨੂੰ ਕੱਲੀ ਨੂੰ ਛੱਡ ਕੇ ਕਈ ਕਈ ਹਫ਼ਤੇ ਕਦੀ ਪੈਰਿਸ, ਕਦੀ ਰੋਮ, ਕਦੀ ਬੈਂਕਾਕ ਚਲਾ ਜਾਂਦਾ। ਆਖਿਰ ਨੂੰ ਮੈਂ ਉਸ ਦੀ ਹਵੇਲੀ ਵਿਚ ਰਹਿਣਾ ਹੀ ਛੱਡ ਦਿੱਤਾ।”
“ਭਾਵੇਂ ਮੈਂ ਪੱਛਮੀ ਸੱਭਿਅਤਾ ਵਿਚ ਹੀ ਪਲੀ ਹਾਂ, ਪਰ ਹਮੇਸ਼ਾ ਇਹੀ ਸੋਚਦੀ ਰਹੀ ਕਿ ਪਿਆਰ ਦੇ ਰਿਸ਼ਤੇ ਕਦੇ ਨਹੀਂ ਟੁੱਟਦੇ। ਇਹ ਤਾਂ ਜਨਮਾਂ-ਜਨਮਾਂਤਰਾਂ ਦੇ ਬੰਧਨ ਹੁੰਦੇ ਨੇ। ਪਰ ਸ਼ਾਇਦ ਇਹ ਮੇਰਾ ਵਹਿਮ ਸੀ। ਨਿਰਾ ਸੁਫ਼ਨਾ, ਜੋ ਮੈ ਫੋਕੇ ਵਾਅਦਿਆਂ ਦੀਆਂ ਉਧਾਰੀਆਂ ਤੰਦਾਂ ਨਾਲ ਬੁਣਦੀ ਰਹੀ ਤੇ ਜਦੋਂ ਜ਼ਿੰਦਗੀ ਦੇ ਕੌੜੇ ਸੱਚ ਸਾਹਮਣੇ ਆਏ ਤਾਂ ਸਭ ਕੁਝ ਢਹਿ-ਢੇਰੀ ਹੋ ਚੁੱਕਾ ਸੀ। ਦੋ ਸਾਲਾਂ ਦੀ ਸੈਪੇਰੇਸ਼ਨ ਬਾਅਦ ਆਖਿਰ ਪਿਛਲੇ ਮਹੀਨੇ ਸਾਡਾ ਡਾਈਵੋਰਸ ਹੋ ਗਿਆ। ਮੈਨੂੰ ਲੱਗਾ ਜਿਵੇਂ ਅਦਾਲਤ ਨੇ ਸਾਡੇ ਪਿਆਰ ਦਾ ਮਰਸੀਆ ਪੜ੍ਹ ਦਿੱਤਾ ਹੋਵੇ। ਮੇਰੇ ਹਿੱਸੇ ਇਕ ਪੁਰਾਣਾ ਮਕਾਨ ਆਇਆ, ਓਹੀ ਮਕਾਨ ਜਿਸ ਵਿਚ ਮੈਂ ਅੱਠ ਵਰ੍ਹੇ ਪਹਿਲਾਂ ਸ਼ਗਨਾਂ ਦੇ ਕਲੀਰੇ ਬੰਨ੍ਹ ਕੇ ਦੁਲਹਨ ਦੇ ਰੂਪ ਵਿਚ ਪੈਰ ਧਰਿਆ ਸੀ। ਜਿਸ ਦੇ ਚੱਪੇ-ਚੱਪੇ ਵਿਚ ਮੇਰੀ ਜਵਾਨੀ ਦੀਆਂ ਯਾਦਾਂ ਵਿਛੀਆਂ ਹੋਈਆਂ ਸਨ। ਸੋਚਿਆ ਜੇ ਮੇਰਾ ਪਿਆਰ ਹੀ ਖੁੱਸ ਗਿਆ, ਤਾਂ ਮਕਾਨਾਂ ਦਾ ਕੀ ਕਰਨੈਂ। ਪਿਛਲੇ ਹਫ਼ਤੇ ਉਹ ਮਕਾਨ ਵੀ ਵਿਕ ਗਿਆ। ਜਦੋਂ ਮੈਂ ਨਵੇਂ ਮਾਲਕਾਂ ਨੂੰ ਅੱਜ ਚਾਬੀਆਂ ਫੜਾਈਆਂ ਤਾਂ ਮੈਂ ਉਸ ਦੇ ਕੋਨਿਆਂ ਨਾਲ ਲੱਗ ਲੱਗ ਕੇ ਧਾਹਾਂ ਮਾਰੀਆਂ। ਅੱਜ ਕਿੰਨੇ ਵਰ੍ਹਿਆਂ ਦੇ ਹਿਟਕੋਰਿਆਂ ਬਾਅਦ ਮੈਂ ਆਪਣੇ ਸਹੁਰਿਆਂ ਦੇ ਸ਼ਹਿਰ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ।”
ਪਰ ਸ਼ਾਇਦ ਅਜੇ ਵੀ ਉਸ ਦੀ ਹਿੱਕ ਵਿਚੋਂ ਕਿੰਨੇ ਹੀ ਹੋਰ ਹਿਟਕੋਰੇ ਕਿਸੇ ਸੱਜਰੇ ਹਮਸਫ਼ਰ ਦੀ ਹਮਦਰਦੀ ਦੀ ਨਜ਼ਰ ਹੋਣੇ ਬਾਕੀ ਸਨ। ਉਹ ਸਿਸਕ ਉਠੀ, ਤੇ ਅੱਖਾਂ ਛੰਮ-ਛੰਮ ਵਰ੍ਹ ਪਈਆਂ। ਅਜੀਤ ਨੇ ਉਸ ਨੂੰ ਠਰੰਮਾ ਦੇਣ ਲਈ ਆਪਣਾ ਰੁਮਾਲ ਪੇਸ਼ ਕੀਤਾ ਜੋ ਲੈਣ ਦੇ ਯਤਨ ਵਿਚ ਇੰਦਰਾ ਨੇ ਅਨਜਾਣੇ ਹੀ ਉਸ ਦਾ ਹੱਥ ਬੋਚ ਲਿਆ। ਜਿਵੇਂ ਉਹ ਕਿਸੇ ਵਹਿਣ ਵਿਚ ਰੁੜ੍ਹਦੀ ਜਾਂਦੀ, ਅੱਕੀਂ-ਪਲਾਹੀਂ ਹੱਥ ਮਾਰਦੀ ਹੋਈ ਕਿਸੇ ਤਿਨਕੇ ਦਾ ਸਹਾਰਾ ਲਭਦੀ ਹੋਵੇ।
“ਨਹੀਂ ਇੰਦਰਾ ਜੀ, ਤੁਸੀਂ ਏਨੀ ਛੇਤੀ ਦਿਲ ਨਹੀਂ ਛੱਡ ਸਕਦੇ। ਤੁਸੀਂ ਤਾਂ ਏਨੇ ਸੁੰਦਰ ਹੋ, ਅਜੇ ਤੁਹਾਡੀ ਉਮਰ ਹੀ ਕੀ ਹੈ। ਤੁਹਾਡੇ ਜਿਹੀ ਸੁਹਿਰਦ ਸਾਥਣ ਲਈ ਤਾਂ ਕਿੰਨੇ ਯੁਵਕ-ਹੱਥ…।” ਉਸ ਨੇ ਦੂਸਰੇ ਹੱਥ ਵਿਚ ਰੁਮਾਲ ਫੜ ਕੇ ਉਸ ਦੀਆਂ ਗੱਲ੍ਹਾਂ ਤੋਂ ਰੁੜ੍ਹਦੇ ਅੱਥਰੂ ਪੂੰਝ ਦਿਤੇ। ਇੰਦਰਾ ਨੇ ਉਸ ਵੱਲ ਇਕ ਮਾਸੂਮ ਤੱਕਣੀ ਨਾਲ ਵੇਖਿਆ ਤੇ ਪਤਾ ਨਹੀਂ ਕੀ ਸੋਚਦੀ ਨੇ ਅਪਣਾ ਸਿਰ ਉਸਦੇ ਮੋਢੇ ਨਾਲ ਜੋੜ ਕੇ ਅੱਖਾਂ ਮੀਟ ਲਈਆਂ।
ਕੋਲੋਂ ਲੰਘਦੀ ਏਅਰ-ਹੌਸਟੈਸ ਨੇ ਉਸਦੇ ਸਾਹਮਣੀ ਸ਼ੈਲਫ਼ ਤੋਂ ਸਕਾਚ ਦਾ ਖਾਲੀ ਗਲਾਸ ਫੜ ਲਿਆ ਤੇ ਮੁਸਕਰਾAੁਂਦੀ ਹੋਈ ਚਲੀ ਗਈ।