ਸ਼ਿਕਾਗੋ (ਬਿਊਰੋ): ਹਾਲ ਹੀ ਵਿਚ ਫੋਨ ਘਪਲਿਆਂ ਅਤੇ ਅਜਿਹੀਆਂ ਵਾਰਦਾਤਾਂ ਵਿਚ ਭਾਰੀ ਵਾਧਾ ਹੋਇਆ ਹੈ। ਇਨ੍ਹਾਂ ਘਪਲਿਆਂ ਵਿਚ ਕੋਈ ਅਣਪਛਾਤਾ ਵਿਅਕਤੀ, ਜਿਸ ਨੂੰ ਸ਼ਿਕਾਰ ਬਣਨ ਵਾਲੇ ਵਿਅਕਤੀ ਦੇ ਪਰਿਵਾਰ ਜਾਂ ਉਸ ਦੇ ਮਾਲੀ ਸਾਧਨਾਂ ਬਾਰੇ ਜਾਪਦਾ ਹੈ, ਨਿਜੀ ਜਾਣਕਾਰੀ ਹੁੰਦੀ ਹੈ, ਇਸ ਜਾਣਕਾਰੀ ਨੂੰ ਧੋਖੇ ਨਾਲ ਹਜ਼ਾਰਾਂ ਡਾਲਰਾਂ ਦਾ ਚੂਨਾ ਲਾਉਣ ਲਈ ਇਸਤੇਮਾਲ ਕਰ ਸਕਦਾ ਹੈ।
ਹੇਠਾਂ ਕੁਝ ਚਿਤਾਵਨੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਫੋਨ ਕਰਨ ਵਾਲਾ ਵਿਅਕਤੀ ਕੋਈ ਘਪਲਾ ਕਰਨ ਵਾਲਾ ਹੈ! ਹੇਠਾਂ ਦਿੱਤੀਆਂ ਸਾਵਧਾਨੀਆਂ ਵਰਤ ਕੇ ਤੁਸੀਂ ਆਪਣੇ ਆਪ ਦਾ ਬਚਾਅ ਕਰ ਸਕਦੇ ਹੋ:
ਇਹ ਘਪਲੇ ਕਈ ਤਰ੍ਹਾਂ ਦੇ ਹਨ। ਮਿਸਾਲ ਵਜੋਂ ਘਪਲੇਬਾਜ ਜਾਅਲੀ ਨਾਂ, ਜਾਅਲੀ ਬੈਜ ਨੰਬਰ, ਜਾਅਲੀ ਈਮੇਲ ਅਤੇ ਜਾਅਲੀ ਫੋਨ ਨੰਬਰ ਜਿਨ੍ਹਾਂ ਦਾ ਏਰੀਆ ਕੋਡ ਸਹੀ ਜਾਪਦਾ ਹੈ, ਵਰਤਦੇ ਹਨ। ਇਸ ਤੋਂ ਇਲਾਵਾ ਉਹ ਅਜਿਹੇ ਹਥਕੰਡੇ ਵੀ ਵਰਤਦੇ ਹਨ ਕਿ ਕਾਲਰ ਆਈ ਡੀ ਉਤੇ ਫੋਨ ਨੰਬਰ ਸਹੀ ਨਜ਼ਰ ਆਵੇ।
ਸਰਕਾਰੀ ਅਤੇ ਅਧਿਕਾਰਤ ਤਰੀਕੇ ਅਪਨਾਉਣ ਦੀ ਥਾਂ ਇਹ ਘਪਲੇਬਾਜ ਤੁਹਾਨੂੰ ਕਹਿਣਗੇ ਕਿ ਪੈਸਾ ਪ੍ਰੀਪੇਡ ਕਾਰਡ (ਜਿਵੇਂ ਕਿ ਗਰੀਨ ਡਾਟ), ਵੈਸਟਰਨ ਯੂਨੀਅਨ, ਮਨੀ ਗਰਾਮ ਜਿਹੀਆਂ ਵਾਇਰ ਟਰਾਂਸਫਰ ਕੰਪਨੀਆਂ ਰਾਹੀਂ ਪੈਸਾ ਭੇਜਣ ਜਾਂ ਫਿਰ ਸਿੱਧਾ ਕਿਸੇ ਅਕਾਊਂਟ ਵਿਚ ਪੈਸਾ ਜਮ੍ਹਾ ਕਰਵਾਉਣ ਲਈ ਆਖਣਗੇ।
ਇਸ ਤੋਂ ਇਲਾਵਾ ਇਸ ਸਮੇਂ ਜਿਹੜੇ ਕੁਝ ਹੋਰ ਘਪਲੇ ਕੀਤੇ ਜਾਂਦੇ ਹਨ, ਉਹ ਹਨ:
(1) ਬਕਾਇਆ ਅਦਾਇਗੀ: ਘਪਲੇਬਾਜ ਇਸ ਤਰ੍ਹਾਂ ਜਾਹਰ ਕਰੇਗਾ ਕਿ ਉਹ ਆਈ ਆਰ ਐਸ ਜਿਹੀ ਕਿਸੇ ਸਰਕਾਰੀ ਏਜੰਸੀ, ਕਿਸੇ ਯੂਟੀਲਿਟੀ ਜਾਂ ਮਾਰਟਗੇਜ ਕੰਪਨੀ ਲਈ ਕੰਮ ਕਰਦਾ ਹੈ ਅਤੇ ਦਾਅਵਾ ਕਰੇਗਾ ਕਿ ਤੁਹਾਡਾ ਕੋਈ ਬਕਾਇਆ ਦੇਣ ਵਾਲਾ ਰਹਿੰਦਾ ਹੈ। ਘਪਲੇਬਾਜ ਅਦਾਇਗੀ ਤੁਰਤ ਨਾ ਕੀਤੇ ਜਾਣ ‘ਤੇ ਤੁਹਾਨੂੰ ਗ੍ਰਿਫਤਾਰੀ, ਡਿਪੋਰਟੇਸ਼ਨ ਜਾਂ ਫਿਰ ਲਾਇਸੈਂਸ ਰੱਦ ਕਰਨ ਦੀ ਧਮਕੀ ਦੇਵੇਗਾ।
(2) ਤੁਹਾਡਾ ਪੋਤਰਾ ਖਤਰੇ ਵਿਚ ਹੈ: ਘਪਲੇਬਾਜ ਜਾਹਰ ਕਰੇਗਾ ਕਿ ਉਹ ਕਿਸੇ ਪੁਲਿਸ ਵਿਭਾਗ ਲਈ ਕੰਮ ਕਰਦਾ ਹੈ ਜਾਂ ਫਿਰ ਇਹ ਜਾਹਰ ਕਰੇਗਾ ਕਿ ਉਹ ਅਗਵਾਕਾਰ ਹੈ ਅਤੇ ਦਾਅਵਾ ਕਰੇਗਾ ਕਿ ਤੁਹਾਡਾ ਕੋਈ ਰਿਸ਼ਤੇਦਾਰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਂ ਉਹ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਅਤੇ ਉਸ ਨੂੰ ਡਾਕਟਰੀ ਮਦਦ ਦੀ ਫੌਰੀ ਲੋੜ ਹੈ। ਜੇ ਤੁਸੀਂ ਫੌਰਨ ਪੈਸੇ ਨਾ ਭੇਜੇ ਤਾਂ ਉਸ ਨੂੰ ਡਾਕਟਰੀ ਮਦਦ ਨਹੀਂ ਮਿਲ ਸਕੇਗੀ ਜਾਂ ਫਿਰ ਉਹ ਰਿਹਾ ਨਹੀਂ ਹੋ ਸਕੇਗਾ।
(3) ਵੱਡੀ ਲਾਟਰੀ: ਘਪਲੇਬਾਜ ਇਹ ਜਾਹਰ ਕਰੇਗਾ ਕਿ ਤੁਹਾਡੀ ਕਿਸੇ ਕੀਮਤੀ ਚੀਜ਼ ਜਾਂ ਵੱਡੀ ਰਕਮ ਦੀ ਲਾਟਰੀ ਨਿਕਲੀ ਹੈ ਪਰ ਇਹ ਹਾਸਲ ਕਰਨ ਲਈ ਤੁਹਾਨੂੰ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਦੇਣੀ ਪਵੇਗੀ ਜਾਂ ਫਿਰ ਤੁਹਾਨੂੰ ਇਕ ਛੋਟੀ ਜਿਹੀ ਰਕਮ (ਜੋ ਕਈ ਵਾਰ ਹਜ਼ਾਰਾਂ ਡਾਲਰ ਹੁੰਦੀ ਹੈ) ਅਦਾ ਕਰਨੀ ਪਵੇਗੀ।
ਘਪਲੇ ਰੋਕੇ ਕਿਵੇਂ ਜਾਣ ਅਤੇ ਇਨ੍ਹਾਂ ਦਾ ਜਵਾਬ ਕੀ ਹੋਵੇਗਾ?
ਪਹਿਲੀ ਗੱਲ, ਕਿਸੇ ਵੀ ਗੈਰ-ਤਸਦੀਕਸ਼ੁਦਾ ਪਾਰਟੀ ਨੂੰ ਆਪਣੀ ਨਿਜੀ ਜਾਂ ਵਿਤੀ ਜਾਣਕਾਰੀ ਫੋਨ ਉਪਰ ਕਦੀ ਨਾ ਦਿਓ।
ਦੂਜੇ, ਕਦੀ ਵੀ ਘਬਰਾਹਟ ਵਿਚ ਆ ਕੇ ਕੋਈ ਅਦਾਇਗੀ ਨਾ ਕਰੋ।
ਪਿਛਲੀ ਰਹਿੰਦੀ ਅਦਾਇਗੀ ਦਾ ਘਪਲਾ: ਜੇ ਤੁਹਾਨੂੰ ਅਜਿਹਾ ਕੋਈ ਫੋਨ ਆਵੇ ਤਾਂ ਤੁਰਤ ਫੋਨ ਹੈਂਗਅਪ ਕਰ ਦਿਓ ਅਤੇ ਮਾਮਲੇ ਦੀ ਤਸਦੀਕ ਕਰਨ ਲਈ ਉਚਿਤ ਕਸਟਮਰ ਕੇਅਰ ਸਰਵਿਸ ਜਾਂ ਬਿਲਿੰਗ ਸੈਂਟਰ ਨਾਲ ਤੁਰਤ ਸੰਪਰਕ ਕਰੋ। (ਆਈ ਆਰ ਐਸ:1-800-829-1040)
ਤੁਹਾਡਾ ਪੋਤਾ ਜਾਂ ਕੋਈ ਵੀ ਕਰੀਬੀ ਰਿਸ਼ਤੇਦਾਰ ਖਤਰੇ ਵਿਚ ਹੈ, ਦਾ ਘਪਲਾ:
ਜੇ ਤੁਹਾਨੂੰ ਅਜਿਹਾ ਕੋਈ ਫੋਨ ਆਉਂਦਾ ਹੈ ਤਾਂ ਤੁਰੰਤ ਫੋਨ ਹੈਂਗਅਪ ਕਰ ਦਿਓ ਅਤੇ ਫਿਰ ਆਪਣੇ ਰਿਸ਼ਤੇਦਾਰ ਨਾਲ ਅਸਲ ਸਥਿਤੀ ਦਾ ਪਤਾ ਲਾਉਣ ਲਈ ਫੌਰਨ ਸੰਪਰਕ ਕਰੋ। ਜੇ ਤੁਹਾਨੂੰ ਉਸ ਰਿਸ਼ਤੇਦਾਰ ਤੱਕ ਪਹੁੰਚ ਕਰਨ ਵਿਚ ਦਿੱਕਤ ਆਵੇ ਤਾਂ ਫਿਰ ਉਸ ਦੀ ਸਥਿਤੀ ਦਾ ਪਤਾ ਲਾਉਣ ਲਈ ਉਥੋਂ ਦੀ ਲੋਕਲ ਪੁਲਿਸ ਨਾਲ ਸੰਪਰਕ ਕਰੋ। ਖਿਆਲ ਰਹੇ, ਘਪਲੇਬਾਜ ਦਾ ਫੋਨ ਨੰਬਰ, ਉਸ ਬਾਰੇ ਕੋਈ ਜਾਣਕਾਰੀ ਅਤੇ ਦੱਸੀ ਗਈ ਰਕਮ ਦੇ ਵੇਰਵੇ ਜ਼ਰੂਰ ਨੋਟ ਕਰ ਲਏ ਜਾਣ।