ਪ੍ਰੋਫੈਸਰ ਮੀਸ਼ਾ

ਸ਼ਸ਼ ਮੀਸ਼ਾ (30 ਅਗਸਤ 1934-22 ਸਤੰਬਰ 1986) ਬਹੁਪੱਖੀ ਪ੍ਰਤਿਭਾ ਵਾਲਾ ਸ਼ਾਇਰ ਹੋਇਆ ਹੈ, ਉਹਨੇ ਹਰ ਵਿਸ਼ੇ ‘ਤੇ ਹਰ ਭਾਂਤ ਦੀ ਕਵਿਤਾ ਕਹੀ। ਉਹਦੀ ਕਵਿਤਾ ਦਾ ਠੁਮਕਾ ਬਹੁਤ ਨਿਵੇਕਲਾ ਤੇ ਰੰਗ ਗੂੜ੍ਹਾ ਸੀ। ਉਹਨੇ ਕਵਿਤਾ ਰਚਨਾ ਵਿਚ ਆਪਣੀ ਖਾਸ ਸ਼ੈਲੀ ਸ਼ੁਰੂ ਵਿਚ ਹੀ ਬਣਾ ਲਈ ਸੀ ਜੋ ਉਹਦੀ ਹਰ ਰਚਨਾ ਵਿਚ ਪ੍ਰਤੱਖ ਤੇ ਪ੍ਰਚੰਡ ਹੁੰਦੀ।

ਇਸ ਲੇਖ ਵਿਚ ਮੀਸ਼ੇ ਦੇ ਇਕ ਸ਼ਿਸ਼ ਦੋਸਤ ਕੇæਐਸ਼ ਪੱਡਾ ਨੇ ਉਹਦੇ ਅਤੇ ਉਹਦੀਆਂ ਕੁਝ ਕਵਿਤਾਵਾਂ ਦੇ ਮੁੱਢਲੇ ਸਿਰਜਨਾਤਕ ਸਫਰ ਬਾਰੇ ਦਿਲਚਸਪ ਗੱਲਾਂ ਕੀਤੀਆਂ ਹਨ। -ਸੰਪਾਦਕ

ਕੇæਐਸ਼ ਪੱਡਾ
ਗੱਲ 1957 ਦੀ ਹੈ ਜਦੋਂ ਪੰਜਾਬ ਵਿਚ ਸਮਾਜਕ, ਸਭਿਆਚਾਰਕ ਤੇ ਵਿਦਿਅਕ ਜਾਗਰੂਕਤਾ ਦੀ ਲਹਿਰ ਚੱਲ ਰਹੀ ਸੀ। ਪਿੰਡਾਂ ਵਿਚ ਥਾਂ-ਥਾਂ ਸਰਕਾਰ ਜਾਂ ਲੋਕਲ ਗਰੁਪਾਂ ਦੇ ਉਦਮ ਨਾਲ ਉਗਰਾਹੀਆਂ ਕਰ ਕੇ, ਸ਼੍ਰਮਦਾਨ ਰਾਹੀਂ ਸਕੂਲਾਂ, ਕਾਲਜਾਂ, ਸੜਕਾਂ ਆਦਿ ਦੀ ਉਸਾਰੀ ਚੱਲ ਰਹੀ ਸੀ। ਪਿੰਡ-ਪਿੰਡ ਸਾਹਿਤ ਸਭਾਵਾਂ, ਸਭਿਆਚਾਰਕ ਮੇਲੇ ਹੋ ਰਹੇ ਸਨ ਤੇ ਇਨ੍ਹੀਂ ਦਿਨੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਇਲਾਕਾ ਬਿਆਸ ਵਿਚ ਨੈਸ਼ਨਲ ਕਾਲਜ ਦਾ ਆਗਾਜ਼ ਹੋਇਆ। ਇਹ ਲੋਕਲ ਉਦਮ ਸੀ ਜੋ ਬਾਬਾ ਬੁੱਧ ਸਿੰਘ ਦੀ ਅਗਵਾਈ ਵਿਚ ਪਿੰਡਾਂ ਵਿਚ ਉਗਰਾਹੀ ਕਰ ਕੇ ਅਤੇ ਇਲਾਕੇ ਦੇ ਅਗਾਂਹਵਧੂ ਲੋਕਾਂ ਦੀ ਜ਼ੋਰਦਾਰ ਹਮਾਇਤ ਨਾਲ ਤੁਰਿਆ। ਬਾਬਾ ਬੁੱਧ ਸਿੰਘ ਆਜ਼ਾਦੀ ਤੋਂ ਪਹਿਲਾਂ ਬਹੁਤੀ ਜ਼ਿੰਦਗੀ ਮਲਾਇਆ ਵਿਚ ਰਹੇ ਅਤੇ ਆਜ਼ਾਦੀ ਦੀ ਲਹਿਰ ਵਿਚ ਪੁਰਜ਼ੋਰ ਹਿੱਸਾ ਲੈਣ ਕਰ ਕੇ ‘ਮਲਾਇਅਨ ਗਾਂਧੀ’ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਕਾਲਜ ਵਿਚੋਂ ਪੀæਸੀæ ਸ਼ਰਮਾ ਨੂੰ ਪ੍ਰਿੰਸੀਪਲ ਚੁਣਿਆ ਜੋ ਪੰਜਾਬ ਯੂਨੀਵਰਸਿਟੀ ਦੇ ਅਗਾਂਹਵਧੂ ਪ੍ਰੋæ ਵਰਿਆਮ ਸਿੰਘ, ਪ੍ਰੋæ ਸੰਤ ਸਿੰਘ ਸੇਖੋਂ ਨਾਲ ਦੋਸਤਾਨਾ ਸਬੰਧ ਰੱਖਦਾ ਸੀ। ਉਨ੍ਹਾਂ ਨੌਜਵਾਨ ਅਤੇ ਫੁਰਤੀ ਵਾਲਾ ਸਟਾਫ ਇਕੱਠਾ ਕੀਤਾ। ਦਿੱਲੀ ਤੋਂ ਪ੍ਰੋæ ਲਾਜਪਤ ਰਾਏ ਜੋ ਅਮਨ ਲਹਿਰ ਵਿਚ ਯੁਵਕ ਆਗੂ ਸੀ, ਅੰਮ੍ਰਿਤਸਰ ਤੋਂ ਪ੍ਰੋæ ਲਖਬੀਰ ਜੋ ਖੱਬੀ ਪਾਰਟੀ ਦਾ ਕਾਰਕੁਨ ਰਹਿ ਚੁੱਕਾ ਸੀ ਤੇ ਉਚ ਪਾਏ ਦਾ ਬੁਲਾਰਾ ਸੀ ਤੇ ਹੋਰ ਵੀ ਸਭ ਇਸੇ ਉਮਰ ਤੇ ਸੋਚ ਵਾਲੇ ਸਨ।
ਇਹ ਸੀ ਵਾਤਾਵਰਨ ਜਿਸ ਵਿਚ 25-26 ਸਾਲ ਦਾ ਸੋਹਣ ਸਿੰਘ ਮੀਸ਼ਾ ਅੰਗਰੇਜ਼ੀ ਦਾ ਪ੍ਰੋਫੈਸਰ ਬਣ ਕੇ ਸ਼ਾਮਲ ਹੋਇਆ। ਮੀਸ਼ਾ ਕਪੂਰਥਲੇ ਤੇ ਹੁਸ਼ਿਆਰਪੁਰ ਦੇ ਕਾਲਜਾਂ ਵਿਚ ਵਿਦਿਆਰਥੀ ਲੀਡਰ ਰਹਿ ਚੁੱਕਾ ਸੀ ਤੇ ਆਪਣੇ ਇਸ ਪਿਛੋਕੜ ਦੀਆਂ ਕਹਾਣੀਆਂ ਸਣਾਉਂਦਾ ਨਹੀਂ ਸੀ ਥੱਕਦਾ। ਕਪੂਰਥਲੇ ਕਿਸੇ ਰਸਾਲੇ ਦੇ ਸਮਾਗਮ ਵਿਚ ਉਸ ਨੇ ਕਵਿਤਾ ਕਹੀ ਜਿਸ ਦੀਆਂ ਦੋ ਸਤਰਾਂ ਇੰਜ ਸਨ: “ਕੋਲ ਮੇਰੇ ਇਕ ਕੁੜੀ ਖੜ੍ਹੀ ਸੀ/ਹੱਥ ਉਹਦੇ ਵਿਚ ਫੁੱਲਾਂ ਦਾ ਗੁਲਦਸਤਾ।” ਇਕ ਦਿਨ ਆਪਣੇ ਯਾਰਾਂ ਦੀ ਟੋਲੀ ਨਾਲ ਜਦੋਂ ਉਹ ਕਾਲਜ ਵਿਚ ਲਾਅਨ ਕੋਲ ਦੀ ਲੰਘ ਰਿਹਾ ਸੀ, ਉਥੇ ਕੁੜੀਆਂ ਦਾ ਟੋਲਾ ਬੈਠਾ ਸੀ। ਇਨ੍ਹਾਂ ਵਿਚੋਂ ਇਕ ਕੁੜੀ ਨੇ ਉਠ ਕੇ ਕਿਹਾ, “ਕੋਲ ਮੇਰੇ ਇਕ ਕੁੜੀ ਖੜ੍ਹੀ ਸੀ/ਹੱਥ ਉਹਦੇ ਚੱਪਲ ਫੜੀ ਸੀ।” ਦੋਵੇਂ ਟੋਲੇ ਖੁੱਲ੍ਹ ਕੇ ਹੱਸੇ, ਮੀਸ਼ੇ ਦਾ ਇਕ ਦੋਸਤ ਕਹਿੰਦਾ, “ਲੈ ਦੇਖ, ਜਿਹੜੀ ਤੁਕ ਤੈਥੋਂ ਨਹੀਂ ਜੁੜੀ, ਉਹਨੇ ਜੋੜ ਦਿੱਤੀ।”
ਹੁਸ਼ਿਆਰਪੁਰ ਨਾਲ ਉਹਨੂੰ ਖਾਸ ਮੋਹ ਸੀ। ਇਕ ਦਿਨ ਸਵੇਰੇ-ਸਵੇਰੇ ਹੁਸ਼ਿਆਰਪੁਰ ਦੀ ਬੱਸ ਵਿਚੋਂ ਉਤਰਿਆ ਤੇ ਮੇਰੀ ਬਾਂਹ ਫੜ ਕੇ ਕਹਿੰਦਾ, “ਚੱਲ ਆ ਇਕ ਗਰਮ ਸੁਣਾਵਾਂ।” ਜ਼ਾਹਿਰ ਸੀ ਕਿ ਹੁਸ਼ਿਆਰਪੁਰ ਦਾ ਸਰੂਰ ਅਜੇ ਵੀ ਸਿਰ ਚੜ੍ਹਿਆ ਹੋਇਆ ਸੀ। ਕੁਝ ਲਾਈਨਾਂ ਅੱਜ ਵੀ ਚੇਤੇ ਹਨ,
ਆਪ ਤੜਫੇਂਗੀ, ਆਪ ਆਵੇਂਗੀ
ਵਾਸਤੇ ਪਾ ਕੇ ਬੁਲਾਵੇਂਗੀ।
ਪ੍ਰਣ ਕਰਦਾ ਹਾਂ ਮੈਂ ਕਈ ਵਾਰੀ
ਜਦ ਕਦੇ ਵੀ ਜਾਗਦੀ ਹੈ ਖੁਦ-ਦਾਰੀ।
ਪਰ ਨੈਣਾਂ ਵਿਚ ਹਯਾ ਦੇ ਡੋਰੇ ਲੈ,
ਮਸਤੀ ਭਰੇ ਕਟੋਰੇ ਲੈ,
ਝਿਜਕਦੀ ਤੇ ਸੰਗਦੀ,
ਜਦ ਕੋਲ ਦੀ ਹੈ ਲੰਘਦੀ,
ਪ੍ਰਣ ਭੁੱਲਦੇ ਤੇ
ਜਜ਼ਬਿਆਂ ਕੋਲ ਬੋਲ ਥੁੜ੍ਹ ਜਾਂਦੇ।
ਮੀਸ਼ਾ ਅਸਲ ਵਿਚ ਭਾਵਾਂ ਦਾ ਲਿਖਾਰੀ ਸੀ ਤੇ ਕਿਸੇ ਭਾਵ ਨੂੰ ਡੂੰਘਾ ਮਹਿਸੂਸ ਕਰ ਕੇ, ਕਾਗਜ਼ ‘ਤੇ ਉਤਾਰ ਦੇਣਾ ਉਹਦੀ ਕਲਾ ਸੀ। ਉਹ ਡੂੰਘੇ ਖਿਆਲਾਂ, ਵਿਚਾਰਾਂ, ਅਗਵਾਈਆਂ ਵਾਲੀ ਕਵਿਤਾ ਪਸੰਦ ਨਹੀਂ ਸੀ ਕਰਦਾ। ਇਕ ਸਾਦੀ ਜਿਹੀ ਕਵਿਤਾ ਵਿਚ ਉਹ ਗੱਡੀ ਉਤੇ ਸਫਰ ਕਰ ਰਿਹਾ ਹੈ ਤੇ ਉਸ ਦੇ ਸਾਹਮਣੇ ਇਕ ਲੜਕੀ ਤੇ ਇਕ ਬਜ਼ੁਰਗ ਬੈਠੇ ਨੇ। ਮੀਸ਼ੇ ਦੇ ਭਾਵ ਉਮੜ ਉਠੇ,
ਇਹ ਤੇਰੇ ਨਾਲ ਦੇ ਬੀਬੇ ਬਜ਼ੁਰਗ
ਸ਼ਾਇਦ ਤੇਰੇ ਬਾਪ ਨੇ ਜਾਂ ਹੋਰ ਕੁਝ
ਦੋ ਘੜੀ ਸੌਂ ਜਾਣ ਜੇ ਮੇਰੇ ਲਈ।
ਸਾਧਾਰਨ ਲਫ਼ਜ਼, ਡੰਘੇ ਭਾਵæææ ਬੱਸ ਇਹ ਸੀ ਮੀਸ਼ਾ।
ਕਾਲਜ ਦਾ ਵਾਤਾਵਰਨ ਬੜਾ ਗੈਰ-ਰਸਮੀ ਜਿਹਾ ਸੀ। ਪ੍ਰੋਫੈਸਰ ਤੇ ਲੜਕੇ ਤਕਰੀਬਨ ਸਭ ਇਕ ਉਮਰ ਦੇ ਹੋਣ ਕਰ ਕੇ ਦੋਸਤਾਂ ਵਾਂਗ ਮਿਲਦੇ। ਕਵਿਤਾ ਵਿਚ ਦਿਲਚਸਪੀ ਹੋਣ ਕਰ ਕੇ ਮੇਰੀ ਮੀਸ਼ੇ ਨਾਲ ਆੜੀ ਪੈਣ ਵਿਚ ਬਹੁਤੀ ਦੇਰ ਨਾ ਲੱਗੀ। ਕਾਲਜ ਲਾਅਨ ਵਿਚ ਇਕ ਨੁੱਕਰੇ ਟੈਕਸ਼ਾਪ ਦੀ ਚਾਹ (ਜੋ ਲਾਅਨ ਵਿਚ ਬੈਠਿਆਂ ਮਿਲਦੀ ਹੁੰਦੀ ਸੀ) ‘ਤੇ ਕਵਿਤਾ ਤੇ ਗੱਪ-ਸ਼ੱਪ ਦਾ ਸਿਲਸਿਲਾ ਸ਼ੁਰੂ ਹੋਇਆ। ਉਨ੍ਹੀਂ ਦਿਨੀਂ, ਤੇ ਸ਼ਾਇਦ ਬਾਅਦ ਵਿਚ ਵੀ ਕਵਿਤਾ ਮੀਸ਼ੇ ਦੀ ਵੱਡੀ ਖਬਤ ਸੀ। ਉਹ ਹਰ ਦੂਜੇ-ਤੀਜੇ ਕੁਝ ਨਵਾਂ ਲਿਖ ਲਿਆਉਂਦਾ ਤੇ ਮੈਨੂੰ ਲੱਭਦਾ ਫਿਰਦਾ। ਕਵਿਤਾ ਸਣਾਉਣ ਵੇਲੇ ਉਹਨੂੰ ਦਾਦ ਹੀ ਜ਼ਰੂਰਤ ਹੁੰਦੀ। ਲੱਭਣ ਤੋਂ ਬਾਅਦ ਦੋ ਕੱਪ ਚਾਹ ਦਾ ਆਰਡਰ ਦੇ ਕੇ ਕਹਿੰਦਾ, “ਬਹਿ ਜਾਹ, ਬਿਲਕੁਲ ਨਵੀਂ ਹੈ, ਇੰਨੀ ਨਵੀਂ ਹੈ ਕਿ ਅਜੇ ਸੇਕ ਆ ਰਿਹਾ ਵਿਚੋਂ।” ਪਿੰਗਲ ਦਾ ਪਤਾ ਨਹੀਂ ਉਹ ਕਿੰਨਾ ਕੁ ਧਿਆਨ ਰੱਖਦਾ, ਪਰ ਉਹਦੇ ਬੰਦ ਇਕਦਮ ਸਮਤੋਲ ਹੁੰਦੇ। ਉਹਦਾ ਬਾਂਹ ਚੁੱਕ ਕੇ, ਸਿਰ ਹਿਲਾ ਕੇ ਸੁਣਾਉਣ ਦਾ ਢੰਗ ਇਸ ਨੂੰ ਹੋਰ ਵੀ ਪ੍ਰਤੱਖ ਕਰ ਦਿੰਦਾ ਤੇ ਖੁੱਲ੍ਹੀ ਕਵਿਤਾ ਦੀ ਛੰਦਾ-ਬੰਦੀ ਵੀ ਠੁੱਕ ਸਿਰ ਕਰ ਦਿੰਦਾ।
ਸਠਿਆਲਾ ਵੱਡਾ ਪਿੰਡ ਹੈ ਤੇ ਮੀਸ਼ੇ ਵਾਸਤੇ ਕਾਫੀ ਅਕਾਊ ਹੋਵੇਗਾ। ਮੌਕਾ ਮਿਲਦੇ ਸਾਰ ਉਹ ਅੰਮ੍ਰਿਤਸਰ, ਜਲੰਧਰ ਜਾਂ ਵਡਾਲੇ ਜਾ ਵੜਦਾ। ਉਨ੍ਹੀਂ ਦਿਨੀਂ ਕਵੀ ਦਰਬਾਰਾਂ ਦਾ ਦੌਰ ਸੀ। ਬੁਮਨ, ਬਲੱਗਣ ਤੇ ਸ਼ਿਵ ਕੁਮਾਰ ਉਹਦੇ ਜੋਟੀਦਾਰ ਸਨ। ਉਹਨੂੰ ਸਟੇਜ ਦਾ ਠਰਕ ਜਿਹਾ ਹੋਣ ਲੱਗਾ ਸੀ ਤੇ ਇਨ੍ਹਾਂ ਸ਼ਹਿਰ ਫੇਰੀਆਂ ਤੋਂ ਆਉਂਦੇ ਵਕਤ ਕਿਸੇ ਨਾ ਕਿਸੇ ਨੂੰ ਨਾਲ ਫੜ ਲਿਆਉਂਦਾ। ਕਈ ਵਾਰ ਤਾਂ ਲੱਗਦਾ ਕਿ ਉਹਨੂੰ ਇਕੱਲੇਪਣ ਤੋਂ ਡਰ ਲੱਗਦਾ ਸੀ। ਫਿਰ ਸਠਿਆਲੇ ਅਕਸਰ, ਐਤਵਾਰ ਸ਼ਾਮ ਮਹਿਫਿਲ ਜੁੜਦੀ। ਉਹਦੇ ਮਹਿਮਾਨਾਂ ਵਿਚੋਂ ਜਿਨ੍ਹਾਂ ਨੂੰ ਮੈਂ ਮਿਲ ਸਕਿਆ, ਪਹਿਲਾ ਸੀ ਸ਼ਿਵ ਕੁਮਾਰ। ਉਹਨੇ ਉਸ ਸ਼ਾਮ ਦੋ ਕਵਿਤਾ ਸੁਣਾਈਆਂ ਜਿਨ੍ਹਾਂ ਵਿਚੋਂ ਇਕ ਸੀ, ‘ਗਮਾਂ ਦੀ ਰਾਤ ਮੁੱਕਦੀ ਏ, ਨਾ ਮੇਰੇ ਗੀਤ ਮੁਕਦੇ ਨੇ।’æææ ਤੇ ਦੂਜੀ ਸੀ, ‘ਰਹਿਣ ਦਿਓ ਨੀ ਹੰਸ ਦਿਲਾਂ ਦੇ ਕਾਲੇ।’ ਮੈਨੂੰ ਕਵਿਤਾ ਦਾ ਇੰਨਾ ਸ਼ੁਦਾਅ ਸੀ ਕਿ ਇਕ ਵਾਰ ਸੁਣੀ ਹੋਈ ਕਵਿਤਾ ਦੇ ਕਈ-ਕਈ ਬੰਦ ਪੂਰੇ ਦੇ ਪੂਰੇ ਯਾਦ ਹੋ ਜਾਂਦੇ। ਇਹ ਉਪਰਲੀਆਂ ਕਵਿਤਾਵਾਂ ਪੰਜਾਹ ਸਾਲ ਪਹਿਲਾਂ ਸੁਣੀਆਂ ਸਨ ਤੇ ਹੁਣ ਤੱਕ ਯਾਦ ਹਨ। ਉਹਦਾ ਦੂਜਾ ਗੈਸਟ ਸੀ ਅੰਮ੍ਰਿਤਸਰ ਮੈਡੀਕਲ ਕਾਲਜ ਦਾ ਵਿਦਿਆਰਥੀ ਆਗੂ ਤੇ ਕਵੀ। ਇਹਦਾ ਨਾਂ ਹੁਣ ਭੁੱਲ ਗਿਆ ਹੈ। ਉਚਾ-ਲੰਮਾ ਸੁਨੱਖਾ ਗੱਭਰੂ ਤੇ ਉਹਦੇ ਗਾ ਕੇ ਸੁਣਾਏ ਗੀਤ ਦੇ ਬੋਲ ਮੇਰੇ ਦਿਮਾਗ ਵਿਚ ਸਮਾ ਗਏ,
ਆ ਗਿਆ ਵੇਲਾ ਹੁਣ ਸਰਗਰਮੀਆਂ ਦਿਖਾਣ ਦਾ,
ਗੱਭਰੂ ਅਣਖੀਲਿਆਂ ਦੇ ਜੋਸ਼ ਨੂੰ ਗਰਮਾਣ ਦਾ,
ਸੂਰੇ ਭਗਤ ਜਿਹੇ ਚੁੰਮਦੇ ਨੇ ਰੱਸੀਆਂ ਫਾਂਸੀ ਦੀਆਂ,
ਸ਼ੌਂਕ ਹੈ ਜਿਨ੍ਹਾਂ ਨੂੰ ਲਾੜੀ ਮੌਤ ਦੇ ਪ੍ਰਨਾਣ ਦਾ।
ਇਸ ਤੋਂ ਬਾਅਦ ਆਇਆ ਸੁਖਪਾਲਵੀਰ ਸਿੰਘ ਹਸਰਤ। ਉਹ ਪੀਐਚæਡੀæ ਖਤਮ ਕਰ ਰਿਹਾ ਸੀ ਤੇ ਆਪਣੀ ਪਲੇਠੀ ਕਿਤਾਬ ‘ਸਰਸਬਜ਼ ਪਤਝੜਾਂ’ ਰਿਲੀਜ਼ ਕਰ ਚੁੱਕਾ ਸੀ। ਇਸ ਨੂੰ ਯੂਨੀਵਰਸਿਟੀ ਵਲੋਂ ਪੁਰਸਕਾਰ ਵੀ ਮਿਲ ਚੁੱਕਾ ਸੀ। ਮੀਸ਼ੇ ਦਾ ਮੰਨਣਾ ਸੀ ਕਿ ਇਹ ਸਭ ਜਾਣ-ਪਛਾਣ ਕਰ ਕੇ ਹੋਇਆ ਸੀ। ਸੁਖਪਾਲਵੀਰ ਬੜੇ ਮਿਣੇ-ਤੋਲੇ ਤਰੀਕੇ ਨਾਲ ਤੇ ਵਿਆਕਰਨ ਪੱਖੋਂ ਸ਼ੁੱਧ ਫਿਕਰੇ ਬੋਲਦਾ ਸੀ। ਮੀਸ਼ਾ ਕਹਿੰਦਾ, “ਯਾਰ ਤੂੰ ਬੋਲਦਾ ਕਿੱਦਾਂ?” ਸੁਖਪਾਲਵੀਰ ਬੋਲਿਆ, “ਮੇਰੀ ਬੋਲੀ ਸਾਹਿਤਕ ਹੈ, ਮੈਂ ਜੋ ਲਿਖਿਆ ਜਾਂਦਾ, ਉਹੀ ਬੋਲਦਾਂ।”
ਫਿਰ ਆਇਆ ਕਾਮਰੇਡਾਂ ਨਾਲ ਸਬੰਧਤ ਉਨ੍ਹਾਂ ਦਾ ਸਟਾਰ ਆਰਟਿਸਟ ਅਮਰਜੀਤ ਗੁਰਦਾਸਪੁਰੀ। ਮੀਸ਼ੇ ਦੇ ਕਹਿਣ ਉਤੇ ਗੀਤ ਸੁਣਾਉਣ ਲਈ ਮੰਨ ਗਿਆ। ਉਹਨੇ ਪੁੱਛਿਆ, “ਕੀ ਸੁਣੋਗੇ।” ਮੈਂ ਉਹਨੂੰ ਬਹੁਤਾ ਜਲਸਿਆਂ ਵਿਚ ਸੁਣਿਆ ਸੀ, ਆਖਿਆ, “ਮਾਹੀਆ ਵੇ ਘੁੱਗੀਆਂ ਦੀਆਂ ਡਾਰਾਂ।” ਇਹ ਅਮਨ ਲਹਿਰ ਦਾ ਬੜਾ ਰਸੀਲਾ ਗੀਤ ਸੀ, ਪਰ ਉਹਨੇ ਕਿਹਾ, “ਨਹੀਂ ਯਾਰ, ਬੜਾ ਅਮਨ ਹੋ ਗਿਆ। ਕੁਝ ਨਵਾਂ ਸਣਾਉਂਦਾ ਹਾਂ।” ਫਿਰ ਉਹਨੇ ਅੰਮ੍ਰਿਤਾ ਪ੍ਰੀਤਮ ਦਾ ਗੀਤ ‘ਝੂਮ ਝੂਮ ਡਾਲੀਏ, ਨੀ ਸਾਵੇ ਪੱਤਾਂ ਵਾਲੀਏ’ ਸੁਣਾਇਆ। ਇਸ ਤੋਂ ਬਾਅਦ ਜਸਵੰਤ ਸਿੰਘ ਰਾਹੀ ਤੇ ਕਈ ਹੋਰ ਆਏ ਤੇ ਮਹਿਫਿਲਾਂ ਸਜਦੀਆਂ ਰਹੀਆਂ।
ਮੀਸ਼ੇ ਨੂੰ ਦੂਜਿਆਂ, ਖਾਸ ਕਰ ਕੇ ਉਰਦੂ ਸ਼ਾਇਰਾਂ ਦੇ ਸ਼ਿਅਰ ਬਹੁਤ ਯਾਦ ਸਨ ਜੋ ਉਹ ਬੜੇ ਸਟਾਈਲ ਨਾਲ ਸਣਾਉਂਦਾ। ਬੈਠੇ-ਬੈਠੇ ਕੋਈ ਯਾਦ ਆਵੇ, ਤਾਂ ਉਹ ‘ਆਹ! ਯਾਦ ਆਇਆ’ ਕਹਿ ਕੇ, ਤੇ ਬਾਂਹ ਉਚੀ ਕਰ ਕੇ ਚੌਂਕਾਅ ਦਿੰਦਾ। ਉਹਦਾ ਪਸੰਦੀਦਾ ਸ਼ੇਅਰ ਸੀ,
ਦੇਖਤੇ ਦੇਖਤੇ ਇੰਸਾਨ ਬਦਲ ਜਾਤਾ ਹੈ
ਥਾ ਕਿਸੀ ਅਹਿਦ ਇਕ ਸ਼ੋਖ ਸਿਤਮਗਰ ਅਪਨਾ।
ਉਹਨੂੰ ਦੂਜੇ ਲਿਖਾਰੀਆਂ ਬਾਰੇ ਗੱਲਾਂ ਕਰ ਕੇ ਬਹੁਤ ਮਜ਼ਾ ਆਉਂਦਾ। ਬਲਵੰਤ ਗਾਰਗੀ ਦੇ ਜਵਾਨੀ ਪਹਿਰੇ ਦੇ ਪ੍ਰੀਤ ਨਗਰ ਦੇ ਕਿੱਸੇ, ਕਿਵੇਂ ਮੋਹਨ ਸਿੰਘ ਦਿਨ ਵੇਲੇ ਪੂਰਾ ਕੰਮਕਾਜੀ ਤੇ ਸੂਰਜ ਡੁੱਬਣ ਤੋਂ ਬਾਅਦ ਪੂਰਾ ਸ਼ਾਇਰ ਹੁੰਦਾ ਸੀ, ਅੰਮ੍ਰਿਤਾ ਪ੍ਰੀਤਮ ਬਾਰੇ ਕੋਈ ਨਵੀਂ ਅਫ਼ਵਾਹ। ਇਕ ਦਿਨ ਰਸਾਲਾ ਫੜਾ ਕੇ ਕਹਿੰਦਾ, “ਵੇਖ ਅਸੀਂ ਰਸਾਲਾ ਕੱਢ ਰਹੇ ਹਾਂ। ਨਾਮ ਤੇਰੇ ਨਾਮ ਨਾਲ ਮੇਲ ਖਾਂਦਾ ‘ਤਦਬੀਰ’। ਮੈਂ ਇਕ-ਦੋ ਪੰਨੇ ਫਰੋਲੇ, ਤੇ ਦੇਖਿਆ, ਇਕ ਕਾਲਮ ਦਾ ਸਿਰਲੇਖ ਸੀ, “ਤੇਰੀ ਮੇਰੀ ਨਹੀਂ ਨਿਭਣੀ।’ ਇਸ ਵਿਚ ਜਲੰਧਰ ਰੇਡੀਓ ਸਟੇਸ਼ਨ ਦੇ ਅਫ਼ਸਰਾਂ ਤੇ ਕਰਮਚਾਰੀਆਂ ਦੀ ਰੱਜ ਕੇ ਬਦਖੋਈ ਕੀਤੀ ਹੋਈ ਸੀ। ਕਾਲਮ ਦੇ ਅਖੀਰ ਵਿਚ ਲਿਖਿਆ ਸੀ, ḔਚੱਲਦਾḔ, ਜੋ ਅਗਲੇ ਅੰਕ ਵਿਚ ਕਿਸੇ ਹੋਰ ਮਹਿਕਮੇ ਉਤੇ ਹਮਲੇ ਦਾ ਸੰਕੇਤ ਸੀ।
ਹੁਣ ਮੈਂ ਮੀਸ਼ੇ ਦੇ ਮੂੰਹੋਂ ਸੁਣੇ ਕਵਿਤਾਵਾਂ ਦੇ ਟੋਟਕੇ ਜੋ ਮੈਨੂੰ ਯਾਦ ਨੇ, ਪੇਸ਼ ਕਰਾਂਗਾ। ਮੈਂ ਇਹ ਜਨਕ ਰਾਜ ਜੋ ਮੇਰੇ ਮਗਰੋਂ ਮੀਸ਼ੇ ਦਾ ਦੋਸਤ ਬਣਿਆ ਸੀ, ਨਾਲ ਸਾਂਝੇ ਕਰ ਰਿਹਾ ਸਾਂ, ਤੇ ਉਹਦਾ ਖਿਆਲ ਸੀ ਕਿ ਇਹ ਛਪੇ ਨਹੀਂ ਹੋਏ, ਇਹ ਜ਼ਰੂਰ ਸਾਂਝੇ ਕਰਨੇ ਚਾਹੀਦੇ ਹਨ- ਜੇ ਇਹ ਪਹਿਲੋਂ ਹੀ ਪਹੁੰਚ ਚੁੱਕੇ ਤਾਂ ਜ਼ਿੰਮਾ ਦੋਸ਼ ਪੋਸ਼।æææ ਜੇ ਕਵਿਤਾ ਸੁਣਦਿਆਂ ਕੋਈ ਖਿਆਲ ਨਵਾਂ ਨਾ ਹੋਵੇ ਤਾਂ ਮੀਸ਼ਾ ਕਹਿੰਦਾ ਹੁੰਦਾ ਸੀ- ਇਹ ਪਹਿਲੇ ਪਹੁੰਚ ਚੁੱਕਾ ਖਿਆਲ ਹੈ।
ਕੀ ਕਹਾਂ ਕੀ ਕੁਝ ਓਹ ਮੇਰਾ ਯਾਰ ਹੈ
ਮੇਰੇ ਲਈ ਤਾਂ ਜੱਗ ਦਾ ਸ਼ਿੰਗਾਰ ਹੈ
ਦੁੱਖ ਨਿਵਾਰਨਹਾਰ ਤੱਕਣੀ ਮਿਹਰ ਦੀ।

ਥੋੜ੍ਹੀ ਜਿਹੀ ਬੋਤਲ ਵਿਚ ਰਹਿ ਗਈ ਏ ਬਾਕੀ
ਨਸ਼ਾ ਪੀ ਲਿਆ ਹੈ ਸਰੂਰ ਆ ਗਿਆ ਹੈ
ਜੇ ਆ ਜਾਵੇਂ ਤੂੰ ਵੀ, ਤੇ ਫਿਰ ਆਖਣਾ ਕੀ।

ਸਾਡੀ ਇਸ ਫਾਕਾ ਮਸਤੀ ‘ਤੇ ਹੱਸਣ ਮੁਸਕਾਵਣ ਵਾਲੜਿਆ
ਤੂੰ ਕੀ ਸਮਝੇਂ, ਤੂੰ ਕੀ ਜਾਣੇਂ, ਕੀ ਬਾਤ ਬਣਾਈ ਬੈਠੇ ਹਾਂ।

ਜਾ ਰੱਬ ਕਦੀ ਇਹ ਹੁਸਨਾਂ ਦਾ
ਕੋਈ ਵੀ ਕਿਨਾਰਾ ਨਾ ਹੋਵੇ,
ਇਸ਼ਕਾਂ ਦੀ ਬੇੜੀ ਡੁੱਬ ਜਾਵੇ
ਕੋਈ ਵੀ ਸਹਾਰਾ ਨਾ ਹੋਵੇ,
ਅਹੁ ਨਿਕਲਿਆ ਕੋਈ ਠੇਕੇ ਤੋਂ
ਡਿੱਗਦਾ ਏ ਠੋਕਰ ਖਾ-ਖਾ ਕੇ,
ਚੱਲ ਯਾਰ ਖਬਰ ਤੇ ਲੈ ਲਈਏ
ਮੀਸ਼ਾ ਹੀ ਵਿਚਾਰਾ ਨਾ ਹੋਵੇ।

ਦੱਸੋ ਕੋਈ ਯਾਰੋ ਕੀ ਆਖੇ
ਸੋਹਣੀ ਦੀਆਂ ਇਨ੍ਹਾਂ ਅੜੀਆਂ ਨੂੰ,
ਕਹੀਏ ਜੇ ਕੁਝ ਗੁਸਤਾਖੀ ਏ
ਚੁੱਪ ਰਿਹਾਂ ਗੁਜ਼ਾਰਾ ਨਾ ਹੋਵੇ।
ਪਿੰਡ ਸਠਿਆਲਾ, ਕਾਲਜ ਤੋਂ ਮੀਲ ਕੁ ਹਟਵਾਂ ਪੈਂਦਾ ਹੈ ਤੇ ਸ਼ਾਮ ਨੂੰ ਸਾਰੇ ਪ੍ਰੋਫੈਸਰ ਤੁਰਦੇ ਕਾਲਜ ਤੋਂ ਘਰਾਂ ਨੂੰ ਜਾਂਦੇ। ਮੀਸ਼ਾ, ਉਹਦਾ ਦੋਸਤ ਤੇ ਦੋਸਤ ਦੀ ਇਕ ਸਾਥਣ, ਤਿੰਨੇ ਇਕੱਠੇ ਜਾਂਦੇ। ਕਿਸੇ-ਕਿਸੇ ਦਿਨ ਮੀਸ਼ੇ ਦਾ ਦੋਸਤ ਲੇਟ ਰਹਿ ਜਾਂਦਾ ਤਾਂ ਮੀਸ਼ਾ ਦੋਸਤ ਦੀ ਦੋਸਤ ਨੂੰ ਘਰ ਤੱਕ ਛੱਡ ਆਉਂਦਾ। ਇਉਂ ਬਹੁਤੀ ਵਾਰੀ ਹੋ ਗਿਆ ਤੇ ਕਾਲਜ ਵਿਚ ਅਫਵਾਹ ਫੈਲ ਗਈ ਕਿ ਮੀਸ਼ਾ ਤੇ ਉਹਦਾ ਇਸ਼ਕ ਚੱਲ ਰਿਹਾ ਹੈ। ਖਫ਼ਾ ਹੋ ਕੇ ਮੀਸ਼ੇ ਨੇ ਇਕ ਕਵਿਤਾ ਦੇ ਅਖੀਰ ਵਿਚ ਗੱਲ ਸਾਫ਼ ਕੀਤੀ,
ਕਦੇ ਇੰਜ ਵੀ ਵਕਤ ਕੱਟਦੇ ਰਹੇ ਹਾਂ।
ਤੇਰਾ ਨਾਮ ਹਰ ਵਕਤ ਰਟਦੇ ਰਹੇ ਹਾਂ।
ਸੀ ਪੀਤਾ ਤੇਰੇ ਨੈਣਾਂ ਵਿਚੋਂ ਇਕ ਪਿਆਲਾ,
ਤੇ ਬਦਲੇ ਵਿਚ ਦਿਲ ਦਾ ਇਹ ਮੱਟ ਦੇ ਰਹੇ ਹਾਂ।
ਅਸੀਂ ਆਪਣੇ ਇਸ਼ਕ ਦੀ ਪੱਤ ਹਮੇਸ਼ਾ,
ਤੇਰੇ ਹੁਸਨ ਦੇ ਛੱਜ ਛੱਟਦੇ ਰਹੇ ਹਾਂ।
ਜਿਨ੍ਹਾਂ ਲਹਿਰ ਮਾਣੀਂ ਅਸਲ ਹੋਰ ਨੇ ਉਹ,
ਅਸੀਂ ਮੁਫਤ ਇਲਜ਼ਾਮ ਖੱਟਦੇ ਰਹੇ ਹਾਂ।
æææਤੇ ਅਖੀਰਲੀਆਂ ਦੋ ਲਾਈਨਾਂ ਵਿਚ ਲਿਖੀ ਮੀਸ਼ੇ ਦੀ ਸਫਾਈ ਵਾਲਾ ਸ਼ਿਅਰ ਹਰ ਵਿਦਿਆਰਥੀ ਨੂੰ ਯਾਦ ਹੋ ਗਿਆ ਸੀ।
ਇਕ ਕਿੱਸਾ ਹੋਰ। ਪੰਜਾਬ ਸਰਕਾਰ ਦਾ ਸੰਚਾਰ ਵਿਭਾਗ ਪਿੰਡਾਂ ਵਿਚ ਕਿਸਾਨਾਂ ਲਈ ਨਵੇਂ ਤਰੀਕੇ ਤੇ ਮੁਹਿੰਮਾਂ ਬਾਰੇ ਪ੍ਰੋਗਰਾਮ ਕਰਦਾ ਹੁੰਦਾ ਸੀ। ਬਹੁਤੀ ਵਾਰ ਕਵੀਆਂ ਨੂੰ ਕਿਸੇ ਖਾਸ ਵਿਸ਼ੇ ਉਤੇ ਕਵਿਤਾਵਾਂ ਲਿਖ ਕੇ ਲਿਆਉਣ ਲਈ ਸੱਦ ਲਿਆ ਜਾਂਦਾ। ਅਜਿਹਾ ਹੀ ਇਕ ਪ੍ਰੋਗਰਾਮ ਸਠਿਆਲੇ ਕਾਲਜ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ। ਕਵੀ ਦਰਬਾਰ ਲਈ ਮੀਸ਼ੇ ਦੀ ਸਾਰੀ ਜੁੰਡਲੀ ਸੱਦੀ ਹੋਈ ਸੀ। ਕਵਿਤਾਵਾਂ ਦਾ ਮਿਸਰਾ ਸੀ, “ਅੰਨ ਦਾ ਸੰਕਟ ਦੂਰ ਕਰਾਂਗੇ।” ਪ੍ਰੋਗਰਾਮ ਵਿਚ ਇਲਾਕੇ ਦੇ ਪਤਵੰਤੇ, ਲੀਡਰ ਤੇ ਸਰਕਾਰੀ ਅਫ਼ਸਰ ਸਭ ਹੁੰਮ-ਹੁਮਾ ਕੇ ਆਏ। ਜਲਸਾ ਖਚਾਖਚ ਭਰ ਗਿਆ ਤੇ ਕਵੀ ਕਵਿਤਾਵਾਂ ਦੇ ਜੌਹਰ ਦਿਖਾ ਰਹੇ ਸਨ। ਜਦੋਂ ਮਹਿਫਿਲ ਐਨ ਚੋਟੀ ਉਤੇ ਆਈ, ਮੀਸ਼ੇ ਨੇ ਆਪਣੀ ਕਵਿਤਾ ਸੁਣਾਈ,
ਆਡ ਕਦੀ ਨਾ ਟੱਪੀ ਭਾਵੇਂ,
ਗੱਲੀਂ ਸਾਗਰ ਲੱਖ ਤਰਾਂਗੇ।
ਹੱਥ ਅਹਿੰਸਾ ਦੀ ਡੰਗੋਰੀ,
ਮਿਰਕਣ ਕੋਲੋਂ ਨਹੀਂ ਡਰਾਂਗੇ।
ਮਾੜੇ ਨੂੰ ਕੱਢਾਂਗੇ ਗਾਲਾਂ,
ਤਕੜਾ ਦੇਵੇ ਆਪ ਜਰਾਂਗੇ।
ਅਸੀਂ ਹਾਂ ਜਿੰਨੇ ਲੀਡਰ ਅਫਸਰ,
ਪਹਿਲੋਂ ਆਪਣਾ ਢਿੱਡ ਭਰਾਂਗੇ।
ਪਿਛੋਂ ਜੇਕਰ ਹੋ ਸਕਿਆ ਤਾਂ,
ਅੰਨ ਦਾ ਸੰਕਟ ਦੂਰ ਕਰਾਂਗੇ।
ਸਰੋਤੇ ਹੱਸ-ਹੱਸ ਕੇ, ਦਾਦ ਦੇ-ਦੇ ਕੇ ਕਮਲੇ ਹੋ ਰਹੇ ਸਨ। ‘ਦੁਬਾਰਾ ਦੁਬਾਰਾ’ ਦੀਆਂ ਆਵਾਜ਼ਾ ਆ ਰਹੀਆਂ ਸਨ। ਮੀਸ਼ਾ ਚੁੱਪ-ਚਾਪ ਸਟੇਜ ਦੇ ਪਿਛਲੇ ਪਾਸਿਓਂ ਉਤਰ ਗਿਆ। ਅਸੀਂ ਉਹਨੂੰ ਮਿਲਣ ਸਟੇਜ ਪਿੱਛੇ ਗਏ। ਉਹ ਹਨ੍ਹੇਰੇ ਵਿਚ ਸਠਿਆਲੇ ਪਿੰਡ ਨੂੰ ਜਾਂਦਾ ਅੱਧਾ ਰਾਹ ਮੁਕਾ ਚੁੱਕਾ ਸੀ।
ਮੈਂ 1959 ਵਿਚ ਇੰਜੀਨੀਅਰਿੰਗ ਕਾਲਜ ਚਲਾ ਗਿਆ ਤੇ ਉਥੋਂ ਫਿਰ ਅਮਰੀਕਾ। ਮੈਨੂੰ ਪਤਾ ਲਗਦਾ ਰਿਹਾ ਕਿ ਉਸ ਦੀ ਸ਼ਾਦੀ ਹੋ ਗਈ ਸੀ। ਉਹਦੀ ਕਿਤਾਬ ‘ਚੁਰਸਤਾ’ ਛਪ ਗਈ ਸੀ ਜਿਸ ਦਾ ਖਰੜਾ ਮੈਂ ਦੇਖਿਆ ਸੀ। ਮੈਂ ਆਖਰੀ ਵਾਰ ਉਹਨੂੰ 1983 ਵਿਚ ਭਾਰਤ ਫੇਰੀ ਦੌਰਾਨ ਮਿਲਿਆ। ਮੈਂ ਤੇ ਮੇਰਾ ਭਰਾ ਜੋ ਆਪ ਮੀਸ਼ੇ ਦਾ ਦੋਸਤ ਸੀ, ਉਹਨੂੰ ਲੱਭਦੇ ਜਲੰਧਰ ਰੇਡੀਓ ਸਟੇਸ਼ਨ ਉਤੇ ਪਹੁੰਚ ਗਏ। ਉਹ ਫਰੰਟ ਯਾਰਡ ਵਿਚ ਕੁਰਸੀ ‘ਤੇ ਬੈਠਾ ਧੁੱਪ ਸੇਕ ਰਿਹਾ ਸੀ ਤੇ ਨਾਲ-ਨਾਲ ਜਗਤਾਰ ਦੀ ਨਵੀਂ ਗਜ਼ਲ ਦੀ ਕੱਟ-ਵੱਢ ਕਰ ਰਿਹਾ ਸੀ। ਸਾਨੂੰ ਕੋਈ ਪੰਜਾਬੀ ਗੀਤਕਾਰ ਚਾਹੀਦਾ ਸੀ, ਤੇ ਉਹਨੇ ਸਰਬਜੀਤ ਦੀ ਸਿਫਾਰਸ਼ ਕੀਤੀ। ਅਸੀਂ ਚਾਹ ਖਤਮ ਕੀਤੀ ਤੇ ਮੀਸ਼ੇ ਕੋਲੋਂ ਇਜਾਜ਼ਤ ਲੈਂਦੇ ਮੁੜ ਗਏ। ਇਹ ਇਜਾਜ਼ਤ ਫਿਰ ਅਖੀਰਲੀ ਹੋ ਨਿਬੜੀ।