ਜਗਜੀਤ ਸਿੰਘ ਸੇਖੋਂ
‘ਲਾਲ ਬੈਂਡ’ ਦਾ ਨਾਂ ‘ਲਾਲ’ ਰੱਖਿਆ ਗਿਆ ਸੀ ਅਤੇ ਇਹ 2007 ਵਿਚ ਜਦੋਂ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ਼ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਇਫ਼ਤਖਾਰ ਚੌਧਰੀ ਨੂੰ ਬਰਤਰਫ਼ ਕਰ ਦਿੱਤਾ ਸੀ, ਉਸ ਵੇਲੇ ਹੋਂਦ ਵਿਚ ਆਇਆ ਸੀ। ‘ਲਾਲ’ ਫਿਰ ‘ਲਾਲ ਬੈਂਡ’ ਵਜੋਂ ਮਸ਼ਹੂਰ ਹੋ ਗਿਆ। ਇਸ ਬੈਂਡ ਦਾ ਮੁੱਖ ਮਕਸਦ ਲੋਕ ਪੱਖੀ ਪ੍ਰਗਤੀਸ਼ੀਲ ਗੀਤ ਨਾਲ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਬੈਂਡ ਨੇ ਇਨਕਲਾਬੀ ਸ਼ਾਇਰਾਂ ਫੈਜ਼ ਅਹਿਮਦ ਫੈਜ਼, ਹਬੀਬ ਜਾਲਿਬ ਅਤੇ ਅਹਿਮਦ ਫਰਾਜ਼ ਦੀਆਂ ਰਚਨਾਵਾਂ ਗਾਈਆਂ ਹਨ। ਤੈਮੂਰ ਰਹਿਮਾਨ, ਮਾਹਵਾਸ਼ ਵੱਕਾਰ ਅਤੇ ਹੈਦਰ ਰਹਿਮਾਨ ਅੱਜ ਕੱਲ੍ਹ ਇਸ ਬੈਂਡ ਦੇ ਰੂਹ-ਏ-ਰਵਾਂ ਹਨ। ਪਹਿਲਾਂ ਸ਼ਹਿਰਮ ਅਜ਼ਹਰ ਵੀ ਇਸ ਦੇ ਬੈਂਡ ਦਾ ਮੈਂਬਰ ਸੀ, ਪਰ ਪਿਛੋਂ ਉਹ ਬੈਂਡ ਤੋਂ ਅਲੱਗ ਹੋ ਗਿਆ ਸੀ।
ਲਾਲ ਬੈਂਡ ਦੀ ਪਹਿਲੀ ਐਲਬਮ ‘ਉਮੀਦ-ਏ-ਸਹਰ’ 2009 ਵਿਚ ਫਾਇਰ ਰਿਕਾਰਡਜ਼ (ਜੀæਓæਟੀæਵੀ) ਨੇ ਰਿਲੀਜ਼ ਕੀਤੀ ਸੀ। 2012 ਵਿਚ ‘ਉਠੋ ਮੇਰੀ ਦੁਨੀਆਂ’ ਭਾਰਤ ਵਿਚ ਟਾਈਮਜ਼ ਮਿਊਜ਼ਿਕ ਅਤੇ ਪਾਕਿਸਤਾਨ ਵਿਚ ਫਾਇਰ ਰਿਕਾਰਡਜ਼ ਨੇ ਹੀ ਰਿਲੀਜ਼ ਕੀਤੀ ਸੀ। ਗੌਰਤਲਬ ਹੈ ਕਿ 6 ਜੂਨ 2014 ਨੂੰ ਪਾਕਿਸਤਾਨ ਦੂਰਸੰਚਾਰ ਅਥਾਰਟੀ ਦੀ ਬੇਨਤੀ ਉਤੇ ‘ਫੇਸਬੁੱਕ’ ਨੇ ਲਾਲ ਬੈਂਡ ਦਾ ਪੇਜ਼ ਬੰਦ ਕਰ ਦਿੱਤਾ ਸੀ। ਇਸ ‘ਤੇ ਲਾਲ ਬੈਂਡ ਦੇ ਹੱਕ ਵਿਚ ਸੰਸਾਰ ਭਰ ਵਿਚ ਮੁਹਿੰਮ ਚੱਲ ਨਿਕਲੀ। ਅਥਾਰਟੀ ਨੇ ਇਨਕਾਰ ਕੀਤਾ ਕਿ ਇਸ ਨੇ ਲਾਲ ਬੈਂਡ ਦਾ ‘ਫੇਸਬੁੱਕ’ ਪੇਜ਼ ਬੰਦ ਕਰਵਾਉਣ ਲਈ ਕੋਈ ਤਰੱਦਦ ਕੀਤਾ ਸੀ। ਇਹ ਪੇਜ਼ ਫਿਰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ।
ਤੈਮੂਰ ਰਹਿਮਾਨ ਲਾਲ ਬੈਂਡ ਦਾ ਲੀਡਰ ਅਤੇ ਤਰਜਮਾਨ ਹੈ। ਉਹ ਸਮਾਜਵਾਦ ਨੂੰ ਸਮਰਪਿਤ ਹੈ ਅਤੇ ਸਿਆਸੀ ਸਰਗਰਮੀਆਂ ਵੀ ਕਰਦਾ ਹੈ। ਕਮਿਊਨਿਸਟ ਮਜ਼ਦੂਰ ਕਿਸਾਨ ਪਾਰਟੀ ਦਾ ਉਹ ਜਨਰਲ ਸਕੱਤਰ ਹੈ। ਅੱਲੜ ਉਮਰ ਵਿਚ ਉਹ ਅਦਾਕਾਰੀ ਨੂੰ ਸਮਰਪਿਤ ਹੋ ਗਿਆ ਸੀ। ਇੰਗਲੈਂਡ ਦੀ ਸੁਸੈਕਸ ਯੂਨੀਵਰਸਿਟੀ ਤੋਂ ਉਸ ਨੇ ਮਾਸਟਰਜ਼ ਕੀਤੀ ਹੈ। ਮਗਰੋਂ ਉਹ ਪੀਐਚæਡੀæ ਕਰ ਕੇ ਡਾਕਟਰ ਵੀ ਬਣ ਗਿਆ। ਬੈਂਡ ਦੀ ਮਹਿਲਾ ਮੈਂਬਰ ਮਹਾਵਾਸ਼ ਵੱਕਾਰ 2000 ਤੋਂ 2006 ਤੱਕ ਰੇਡੀਓ ਨੈਟਵਰਕ ਉਤੇ ਰੇਡੀਓ ਜੌਕੀ (ਆਰæਜੇ) ਵੀ ਰਹੀ ਹੈ। ਇਸ ਕੁੜੀ ਨੇ ਆਪਣਾ ਸੰਗੀਤ ਕਰੀਅਰ 2007 ਵਿਚ ਲਾਲ ਬੈਂਡ ਨਾਲ ਹੀ ਸ਼ੁਰੂ ਕੀਤਾ ਸੀ। ਉਦੋਂ ਹੈਦਰ ਰਹਿਮਾਨ, ਅਮੀਰ, ਆਸਿਫ਼, ਸਲਮਾਨ ਤੇ ਜਮਾਲ ਉਸ ਦੇ ਸਾਥੀ ਸਨ।
ਹੈਦਰ ਰਹਿਮਾਨ ਮੁੱਖ ਰੂਪ ਵਿਚ ਬੰਸੁਰੀਵਾਦਕ ਹੈ। ਉਹ ਭਾਰਤੀ ਬੰਸੁਰੀਵਾਦਕ ਹਰੀ ਪ੍ਰਸਾਦ ਚੌਰਸੀਆ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਚਾਰ ਮਹੀਨੇ ਚੌਰਸੀਆ ਦੀ ਸ਼ਾਗਿਰਦੀ ਕਰ ਚੁੱਕਾ ਹੈ। ਬੰਸੁਰੀ ਵਜਾਉਣੀ ਉਹਨੇ ਬਚਪਨ ਤੋਂ ਹੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਹੋਰ ਕਈ ਦੇਸ਼ਾਂ ਵਿਚ ਆਪਣੇ ਪ੍ਰੋਗਰਾਮ ਪੇਸ਼ ਕੀਤੇ। ਲੰਡਨ ਤੋਂ ਉਸ ਨੇ ਅਰਥ ਸ਼ਾਸਤਰ ਦੀ ਮਾਸਟਰਜ਼ ਕੀਤੀ ਹੈ। ਕਹਿੰਦੇ ਹਨ ਕਿ ਸਟੇਜ ਉਤੇ ਜਾਣ ਤੋਂ ਪਹਿਲਾਂ ਉਹ ਕਦੇ ਰਿਹਰਸਲ ਨਹੀਂ ਕਰਦਾ ਅਤੇ ਬੰਸੁਰੀ ਦੇ ਸੁਰ ਵੀ ਆਪਣੀ ਮਰਜ਼ੀ ਨਾਲ ਲਾਉਂਦਾ ਹੈ। ਉਸ ਨੂੰ ਸੁਣਨ ਵਾਲਿਆਂ ਦਾ ਕਹਿਣਾ ਹੈ ਕਿ ਉਹ ਆਪਣੀ ਪੰਜ-ਸੱਤ ਮਿੰਟ ਦੀ ਪੇਸ਼ਕਾਰੀ ਵਿਚ ਹੀ ਧੰਨ-ਧੰਨ ਕਰਵਾ ਦਿੰਦਾ ਹੈ। ਅਜ਼ਹਰ ਮਾਰਕਸੀ ਅਰਥ ਸ਼ਾਸਤਰੀ ਕਾਰਕੁਨ ਅਤੇ ਗਾਇਕ ਹੈ। ਉਸ ਨੂੰ ਆਮ ਕਰ ਕੇ ਸਮਾਜਵਾਦੀ ਗਾਇਕ ਕਿਹਾ ਜਾਂਦਾ ਹੈ। ਉਸ ਨੇ ਅਮਰੀਕਾ ਦੀ ਮੈਸਾਚੂਸੈਟਸ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੀ ਪੀਐਚæਡੀ ਕੀਤੀ ਹੈ। ਪ੍ਰਗਤੀਸ਼ੀਲ ਹਲਕਿਆਂ ਵਿਚ ਲਾਲਾ ਬੈਂਡ ਦੀ ਖੂਬ ਧੁੰਮਾਂ ਹਨ।