ਗੁਲਜ਼ਾਰ ਸੰਧੂ
ਇੱਕ ਵੱਡੇ ਲੇਖਕ ਪਰਿਵਾਰ ਦੇ ਮੈਂਬਰ ਨਵਦੀਪ ਸਿੰਘ ਸੂਰੀ ਨੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਹੈ। ਪੂਰੀ ਦੁਨੀਆਂ ਵਿਚ ਇਸ ਦੇਸ਼ ਨਾਲੋਂ ਵੱਡਾ ਹੋਰ ਕੋਈ ਮਾਰੂਥਲ ਨਹੀਂ। ਜੇ ਕੋਈ ਆਪਣੀ ਗੱਡੀ ਵਿਚ ਇੱਕ ਸਿਰੇ ਤੋਂ ਦੂਜੇ ਸਿਰੇ ਜਾਣਾ ਚਾਹੇ ਤਾਂ ਜਰਨੈਲੀ ਸੜਕ ਤਾਂ ਹੈ ਪਰ ਰਸਤੇ ਵਿਚ ਨਾ ਹੀ ਪਾਣੀ ਦੀ ਬੂੰਦ ਮਿਲ ਸਕਦੀ ਹੈ ਤੇ ਨਾ ਹੀ ਗੱਡੀ ਲਈ ਪੈਟਰੋਲ।
ਜੇ ਕਿਧਰੇ ਗੱਡੀ ਖਰਾਬ ਹੋ ਜਾਵੇ ਤਾਂ ਉਸ ਦੀ ਮੁਰੰਮਤ ਕਰਨ ਦੀ ਕੋਈ ਸੁਵਿਧਾ ਨਹੀਂ। ਸਰਕਾਰ ਦੇ ਹਵਾਈ ਜਹਾਜ ਇਸ ਮਾਰਗ ਉਤੇ ਸਮੇਂ ਸਮੇਂ ਚੱਕਰ ਲਾਉਂਦੇ ਰਹਿੰਦੇ ਹਨ ਤਾਂ ਕਿ ਵਿਗੜੇ ਹੋਏ ਵਾਹਨ ਦੀਆਂ ਸਵਾਰੀਆਂ ਨੂੰ ਬਚਾ ਕੇ ਲਿਆ ਸਕਣ। ਡੇਢ ਦਹਾਕਾ ਪਹਿਲਾਂ ਇਸ ਦੇਸ਼ ਦੇ 29,66,153 ਮੁਰੱਬਾ ਮੀਲ ਖੇਤਰ ਵਿਚ ਕੁੱਲ ਵਸੋਂ ਕੇਵਲ 1,76,57,400 ਸੀ ਜਦਕਿ ਭਾਰਤ ਦੇ ਇਸ ਤੋਂ ਢਾਈ ਗੁਣਾ ਛੋਟੇ ਭਾਵ 12,69,220 ਮੀਲਾਂ, ਵਿਚ ਉਨ੍ਹਾਂ ਦੀ ਵਸੋਂ ਨਾਲੋਂ 5 ਗੁਣਾ ਭਾਵ 92,00,00,000 ਲੋਕ ਰਹਿੰਦੇ ਸਨ। ਆਸਟ੍ਰੇਲੀਆ ਦੇ ਨਾਗਰਿਕ ਸਾਰੇ ਪਾਸੇ ਮਹਾਂਸਾਗਰ ਵਿਚ ਘਿਰੀ ਧਰਤੀ ਦੇ ਸਾਗਰੀ ਤੱਟ ਉਤੇ ਰਹਿੰਦੇ ਹਨ। ਦੂਤਾਵਾਸ ਦਾ ਪ੍ਰਮੁਖ ਸਥਾਨ ਕੈਨਬਰਾ ਹੈ, ਭਾਵੇਂ ਸਿਡਨੀ ਤੇ ਮੈਲਬਰਨ ਵਿਚ ਵੀ ਉਪ-ਦੂਤਾਵਾਸ ਹਨ।
ਇਸ ਦੇਸ਼ ਦੀ ਭੂਗੋਲਿਕ ਰੂਪ ਰੇਖਾ ਮੈਨੂੰ ਸਿਡਨੀ ਨਿਵਾਸੀ ਨਾਵਲਕਾਰ ਬੈਟੀ ਕਾਲਿਨਜ਼ ਤੋਂ ਮਿਲੀ ਸੀ। ਉਹ 1971 ਵਿਚ ਸੋਵੀਅਤ ਦੇਸ਼ ਅਲਮਾਆਟਾ ਵਿਖੇ ਏਸ਼ੀਅਨ ਲੇਖਕ ਕਾਨਫਰੰਸ ਤੋਂ ਪਰਤਦੇ ਸਮੇਂ ਅੰਮ੍ਰਿਤਾ ਪ੍ਰੀਤਮ ਦੇ ਘਰ ਮੈਨੂੰ ਮਿਲੀ ਸੀ। ਉਸ ਸਮੇਂ ਉਸ ਨੇ ਬੁੱਧ ਧਰਮ ਅਪਨਾ ਰੱਖਿਆ ਸੀ। ਮੈਂ ਉਸ ਨੂੰ ਆਪਣੀ ਗੱਡੀ ਵਿਚ ਮਹਾਤਮਾ ਬੁੱਧ ਦੇ ਜਨਮ ਸਥਾਨ ਲੁੰਬਨੀ (ਨਿਪਾਲ) ਤੇ ਉਸ ਦੇ ਮ੍ਰਿਤੂ ਸਥਾਨ ਕੁਸ਼ੀਨਗਰ ਘੁਮਾ ਕੇ ਲਿਆਇਆ ਸਾਂ। ਜਿਥੇ ਬੈਟੀ ਕਾਲਿਨਜ਼ ਅਤੇ ਮੇਰੇ ਵਰਗੇ ਸੰਸਾਰ ਗਮਨ ਦੇ ਇਛੁਕਾਂ ਨੂੰ ਆਪਣੇ ਵਸੀਲੇ ਜੁਟਾਉਣੇ ਪੈਂਦੇ ਹਨ। ਨਵਦੀਪ ਸੂਰੀ ਵਰਗੇ ਵਿਦੇਸ਼ ਮੰਤਰਾਲੇ ਦੇ ਆਈ ਐਫ ਐਸ ਅਧਿਕਾਰੀ ਆਪਣੇ ਸੇਵਾ ਕਾਲ ਵਿਚ ਮੁਫਤੋ-ਮੁਫਤੀ ਸੰਸਾਰ ਗਮਨ ਦਾ ਮਜ਼ਾ ਲੈਂਦੇ ਹਨ। ਨਵਦੀਪ ਆਸਟ੍ਰੇਲੀਆ ਤੋਂ ਪਹਿਲਾਂ ਸੀਰੀਆ, ਅਮਰੀਕਾ, ਤਨਜਾਨੀਆ, ਬਰਤਾਨੀਆ, ਦੱਖਣੀ ਅਫਰੀਕਾ ਤੇ ਮਿਸਰ ਵਿਚ ਤਾਇਨਾਤ ਰਿਹਾ ਹੈ। ਮਿਸਰ ਪਿਛੋਂ ਆਸਟ੍ਰੇਲੀਆ ਵਿਚ ਉਸ ਦੀ ਨਿਯੁਕਤੀ ਬੜਾ ਮਹੱਤਵ ਰੱਖਦੀ ਹੈ। ਕਿਸੇ ਸਮੇਂ ਮਿਸਰ ਵਾਂਗ ਹੀ ਆਦਿ ਵਾਸੀਆਂ ਦਾ ਵਸੇਬਾ ਰਹਿ ਚੁਕਿਆ ਆਸਟ੍ਰੇਲੀਆ ਅੱਜ ਦੁਨੀਆਂ ਦੀ ਵੱਡੀ ਸ਼ਕਤੀ ਮੰਨਿਆ ਜਾਂਦਾ ਹੈ। 19ਵੀਂ ਸਦੀ ਵਿਚ ਵਿਦੇਸ਼ੀ ਮੰਡੀਆਂ ਨੂੰ ਕਣਕ ਤੇ ਭੇਡਾਂ ਦੀ ਉਨ ਭੇਜ ਕੇ ਨਿਰਬਾਹ ਕਰਨ ਵਾਲਾ ਇਹ ਦੇਸ਼ ਅੱਜ ਲੋਹਾ, ਕੋਲਾ, ਕੱਚੀ ਧਾਤ, ਅਲਮੀਨੀਅਮ ਤੇ ਤਾਂਬਾ ਦੁਨੀਆਂ ਭਰ ਨੂੰ ਭੇਜ ਰਿਹਾ ਹੈ। ਖਾਣਾਂ ਦੀ ਖੁਦਾਈ ਇਸ ਦੇਸ਼ ਦਾ ਧੰਦਾ ਹੈ। ਬੈਟੀ ਕਾਲਿਨਜ਼ ਦੇ ਜਿਸ ਨਾਵਲ ਨੂੰ ਆਸਟ੍ਰੇਲੀਆ ਸਰਕਾਰ ਦਾ ਵੱਡਾ ਸਨਮਾਨ ਮਿਲਿਆ ਉਹ ਵੀ ਖਾਣ ਮਜ਼ਦੂਰਾਂ ਦੇ ਜੀਵਨ ਬਾਰੇ ਹੈ, Ḕਕਾਪਰ ਕਰੂਸੀਬਲḔ ਭਾਵ ਤਾਂਬੇ ਦੀ ਕੁਠਾਲੀ।
ਦੇਸ਼ ਦੀ ਵਸੋਂ ਦਾ ਪ੍ਰਮੁੱਖ ਧੰਦਾ ਕੋਈ ਵੀ ਹੋਵੇ ਆਸਟ੍ਰੇਲੀਆ ਹਰ ਪਾਸੇ ਤੋਂ ਸਮੁੰਦਰ ਵਿਚ ਘਿਰਿਆ ਦੇਸ਼ ਹੈ। ਨਵਦੀਪ ਇਸ ਤੋਂ ਪਹਿਲਾਂ ਵੀ ਤਨਜ਼ਾਨੀਆ ਤੇ ਮਿਸਰ ਵਰਗੇ ਸਾਗਰ ਕੰਢੇ ਵਸੇ ਦੇਸ਼ਾਂ ਵਿਚ ਕੰਮ ਕਰ ਚੁੱਕਿਆ ਹੈ। ਨਵੀਂ ਨਿਯੁਕਤੀ ਤੋਂ ਪਿੱਛੋਂ ਉਹ ਵਿਦੇਸ਼ ਸੇਵਾ ਦਾ ਬਹੁਤੇ ਅਫ਼ਸਰਾਂ ਨਾਲੋਂ ਤੱਟ ਵਰਤੀ ਸੰਸਾਰ ਦਾ ਮਾਹਿਰ ਗਿਣਿਆ ਜਾਵੇਗਾ। ਜੇ ਤਿੰਨ ਦਹਾਕੇ ਮੇਰੀ ਮਿੱਤਰ ਰਹੀ ਨਾਵਲਕਾਰ ਬੈਟੀ ਕਾਲਿਨਜ਼ ਅੱਜ ਜੀਵਤ ਹੁੰਦੀ ਤਾਂ ਉਸ ਨੇ ਨਵਦੀਪ ਦੀ ਨਿਯੁਕਤੀ ਸੁਣ ਕੇ ਉਡਦੀ ਫਿਰਨਾ ਸੀ। ਚੇਤੇ ਰਹੇ, ਪੰਜਾਬੀ ਪ੍ਰਕਾਸ਼ਕ ਕੁਲਵੰਤ ਸਿੰਘ ਸੂਰੀ ਦੇ ਇਸ ਬੇਟੇ ਦੀ ਮਾਂ ਅਤਰਜੀਤ ਕੌਰ ਸਾਹਿਤ ਰਚਦੀ ਹੈ ਤੇ ਉਸ ਦਾ ਦਾਦਾ ਨਾਨਕ ਸਿੰਘ ਪੰਜਾਬੀ ਨਾਵਲ ਦਾ ਥੰਮ ਸੀ। ਕਾਸ਼ ਨਵਦੀਪ ਦੀ ਨਿਯੁਕਤੀ 2010 ਤੋਂ ਪਹਿਲਾਂ ਹੋਈ ਹੁੰਦੀ, ਜਦੋਂ ਤੱਕ ਮੈਂ ਤੇ ਮੇਰੀ ਪਤਨੀ ਨੇ ਵਿਦੇਸ਼ ਜਾਣ ਤੋਂ ਤੋਬਾ ਨਹੀਂ ਸੀ ਕੀਤੀ। ਉਸ ਤੋਂ ਪਹਿਲਾਂ ਮੇਰੀ ਪਤਨੀ ਦੋ ਵਾਰੀ ਬੈਟੀ ਕਾਲਿਨਜ਼ ਨੂੰ ਸਿਡਨੀ ਵਿਖੇ ਮਿਲ ਕੇ ਆਈ ਸੀ। ਹੁਣ ਤਾਂ ਨਵਦੀਪ ਦੇ ਭਾਰਤ ਆਉਣ ‘ਤੇ ਆਸਟ੍ਰੇਲੀਆ ਦੀਆਂ ਯਾਦਾਂ ਹੀ ਸਾਂਝੀਆਂ ਕਰ ਸਕਦੇ ਹਾਂ।
ਰਾਮ ਮੁਹੰਮਦ ਸਿੰਘ ਆਜ਼ਾਦ: ਪਿਛਲੇ ਦਿਨਾਂ ਵਿਚ ਚੰਡੀਗੜ੍ਹ ਦੇ ਬਾਲ ਭਵਨ ਆਡੀਟੋਰੀਅਮ ਵਿਚ ਇਕ ਨਿਵੇਕਲੀ ਕਲਾਕਾਰੀ ਵੇਖਣ ਨੂੰ ਮਿਲੀ। ਇਥੇ ਵਡੇਰੀ ਉਮਰ ਦੇ ਦਿਲ ਪਰਚਾਵੇ ਲਈ ਸਥਾਪਤ ਕੀਤੀ ਆਸ਼ਾ ਕਿਰਨ ਸੰਸਥਾ ਵਲੋਂ ਸ਼ਹੀਦ ਊਧਮ ਸਿੰਘ ਦੇ ਬਲੀਦਾਨ ਨੂੰ ਇੱਕ ਵਿਲੱਖਣ ਨਾਟਕ ਦੇ ਰੂਪ ਵਿਚ ਪੇਸ਼ ਕੀਤਾ ਗਿਆ। ਜਦੋਂ ਹਿੰਦੂ, ਮੁਸਲਿਮ, ਸਿੱਖ, ਈਸਾਈ ਊਧਮ ਸਿੰਘ ਦੇ ਬੁੱਤ ਨੂੰ ਹਾਰ ਪਹਿਨਾਉਣ ਵਿਚ ਮਗਨ ਹੁੰਦੇ ਹਨ ਤਾਂ ਇੱਕ ਗੋਰੀ ਉਨ੍ਹਾਂ ਵਿਚ ਫੁੱਟ ਪਾ ਦਿੰਦੀ ਹੈ। ਫੇਰ ਕਮਲੇਸ਼ ਵਾਧਵਾ ਨਾਂ ਦੀ ਬਜ਼ੁਰਗ ਮਹਿਲਾ ਊਧਮ ਸਿੰਘ ਦੇ ਸਮਿਆਂ ਦਾ ਹਵਾਲਾ ਦੇ ਕੇ ਮੁੜ ਧਰਮ ਨਿਰਪੱਖਤਾ ਦਾ ਝੰਡਾ ਆ ਗੱਡਦੀ ਹੈ। ਆਸ਼ਾ ਕਿਰਨ ਵਿਚ ਸੇਵਾ ਨਿਭਾਉਣ ਵਾਲਾ, ਸੰਜੀਵ ਗੋਇਲ ਇਸ ਨਾਟਕ ਦਾ ਮੁਖ ਪਾਤਰ ਹੈ। ਉਸ ਨੇ ਰਾਮ ਮੁਹੰਮਦ ਸਿੰਘ ਆਜ਼ਾਦ ਦਾ ਰੋਲ ਕੀਤਾ। ਨਾਟਕ ਵਿਚ ਭਾਗ ਲੈਣ ਵਾਲੇ ਬੁਜ਼ਰਗਾਂ ਵਿਚੋਂ ਬਹੁਤਿਆਂ ਨੇ ਆਪਣੇ ਜੀਵਨ ਵਿਚ ਕਦੀ ਕਿਸੇ ਮੰਚਨ ਵਿਚ ਭਾਗ ਨਹੀਂ ਸੀ ਲਿਆ। ਊਧਮ ਸਿੰਘ ਦਾ ਬੁੱਤ ਬਣੇ ਡਾæ ਸੰਜੀਵ ਗੋਇਲ ਦੀ ਅਦਾਕਾਰੀ ਤਾਂ ਕਮਾਲ ਦੀ ਹੈ ਹੀ ਸੀ; ਹਿੰਦੂ, ਮੁਸਲਿਮ, ਸਿੱਖ, ਈਸਾਈ ਦਾ ਕ੍ਰਮਵਾਰ ਰੋਲ ਕਰਨ ਵਾਸੇ ਐਮæ ਐਸ਼ ਨਾਗਰਾ, ਸਮੀਰਾ ਯਾਸਮੀਨ, ਮਹਿੰਦਰ ਸਿੰਘ ਢਿੱਲੋਂ ਤੇ ਜੇæ ਪੀæ ਸ਼ਰਮਾ ਵੀ ਇਹ ਪ੍ਰਭਾਵ ਨਹੀਂ ਸੀ ਦੇ ਰਹੇ ਕਿ ਉਹ ਪਹਿਲੀ ਵਾਰ ਮੰਚ ‘ਤੇ ਚੜ੍ਹੇ ਹਨ। ਡਾæ ਸੰਜੀਵ ਗੋਇਲ ਵਾਂਗ ਚੰਡੀਗੜ੍ਹ ਹਾਊਸਿੰਗ ਬੋਰਡ ਤੋਂ ਸੇਵਾ ਮੁਕਤ ਹੋਈ ਕਮਲੇਸ਼ ਵਾਧਵਾ ਵੀ ਜੀਵਨ ਭਰ ਅਭਿਨੇਤਾ ਰਹੀ ਹੋਣ ਦਾ ਪ੍ਰਭਾਵ ਦੇ ਰਹੀ ਸੀ। ਚਰਨ ਸਿੰਘ ਸਿੰਧਰਾ ਦੇ ਲਿਖੇ ਤੇ ਚੰਡੀਗੜ੍ਹ ਕਲਾ ਮੰਦਰ ਦੇ ਡਾਇਰੈਕਟਰ ਜੇæ ਬੀæ ਐਸ਼ ਸੋਢੀ ਦੀ ਪ੍ਰੇਰਨਾ ਨਾਲ ਖੇਡੇ ਗਏ ਇਸ ਨਾਟਕ ਦੀ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਇਹ ਫਿਰਕਾਪ੍ਰਸਤੀ ਨੂੰ ਨਕਾਰਦਾ ਤੇ ਧਰਮ ਨਿਰਪੱਖ ਸੰਕਲਪ ਨੂੰ ਉਭਾਰਦਾ ਹੈ। ਭਾਰਤ ਦੇ ਅੱਜ ਵਾਲੇ ਰਾਜਨੀਤਕ ਮਾਹੌਲ ਵਿਚ ਅਜਿਹੀ ਨਾਟਕਕਾਰੀ ਦਾ ਸਵਾਗਤ ਕਰਨਾ ਬਣਦਾ ਹੈ।
ਅੰਤਿਕਾ: (ਮਜਰੂਹ ਸੁਲਤਾਨਪੁਰੀ)
ਮੈਂ ਅਕੇਲਾ ਹੀ ਚਲਾ ਥਾ ਜਾਨਬ-ਏ-ਮੰਜ਼ਿਲ ਮਗਰ,
ਲੋਗ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਿਆ।