ਕੀਰਤ ਕਾਸ਼ਣੀ
ਐਤਕੀਂ 13 ਤੋਂ 24 ਮਈ ਤੱਕ ਫਰਾਂਸ ਦੇ ਸੰਸਾਰ ਪ੍ਰਸਿੱਧ ਕਾਨ ਫਿਲਮ ਮੇਲੇ ਵਿਚ ਪੰਜਾਬੀ ਫਿਲਮ ‘ਚੌਥੀ ਕੂਟ’ ਦਿਖਾਈ ਜਾ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਪੰਜਾਬੀ ਫਿਲਮ ਨੂੰ ਇਹ ਮਾਣ ਮਿਲਿਆ ਹੈ।
ਫਿਲਮਸਾਜ਼ ਗੁਰਵਿੰਦਰ ਸਿੰਘ ਜਿਸ ਦੀ ਪਲੇਠੀ ਫਿਲਮ ‘ਅੰਨ੍ਹੇ ਘੋੜੇ ਦਾ ਦਾਨ’ ਤਿੰਨ ਸਾਲ ਪਹਿਲਾਂ ਇਟਲੀ ਦੇ ਵੈਨਿਸ ਫਿਲਮ ਮੇਲੇ ਵਿਚ ਦਿਖਾਈ ਗਈ ਸੀ, ਦੀ ਇਹ ਫਿਲਮ ਪ੍ਰਸਿੱਧ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀਆਂ ਦੋ ਕਹਾਣੀਆਂ ‘ਚੌਥੀ ਕੂਟ’ ਅਤੇ ‘ਹੁਣ ਮੈਂ ਠੀਕ ਠਾਕ ਹਾਂ’ ਉਤੇ ਆਧਾਰਤ ਹੈ।
ਇਨ੍ਹਾਂ ਦੋਹਾਂ ਕਹਾਣੀਆਂ ਵਿਚ 1984 ਵਿਚ ਹੋਏ ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਪੈਦਾ ਹੋਏ ਹਲਾਤ ਬਾਰੇ ਚਰਚਾ ਕੀਤੀ ਗਈ ਹੈ। ‘ਚੌਥੀ ਕੂਟ’ ਵਿਚ ਜਿਥੇ ਹਿੰਦੂਆਂ ਤੇ ਸਿੱਖਾਂ ਵਿਚਕਾਰ ਪੈਦਾ ਹੋਈ ਬੇਭਰੋਸਗੀ ਦਾ ਮਾਰਮਿਕ ਚਿੱਤਰ ਕੀਤਾ ਗਿਆ ਹੈ, ਉਥੇ ‘ਹੁਣ ਮੈਂ ਠੀਕ ਠਾਕ ਹਾਂ’ ਨਾਂ ਦੀ ਕਹਾਣੀ ਵਿਚ ਖਾੜਕੂਆਂ ਅਤੇ ਸਰਕਾਰੀ ਦਹਿਸ਼ਤਗਰਦੀ ਵਿਚਕਾਰ ਪਿਸ ਰਹੇ ਆਮ ਬੰਦੇ ਦਾ ਬਿਰਤਾਂਤ ਪੇਸ਼ ਕੀਤਾ ਗਿਆ। ਇਸ ਕਹਾਣੀ ਵਿਚ ਆਮ ਬੰਦੇ ਦੀ ਜਿਸ ਤਰ੍ਹਾਂ ਦੀ ਬੇਵਸੀ ਦਿਖਾਈ ਗਈ ਹੈ, ਉਹ ਬਹੁਤ ਹੌਲ ਪਾਉਣ ਵਾਲੀਆਂ ਘਟਨਾਵਾਂ ਦਾ ਚਿੱਤਰ ਹੈ। ਇਹ ਫਿਲਮ ਕਾਰਤਿਕਯਾ ਸਿੰਘ ਤੇ ਸੁਨੀਲ ਜੋਸ਼ੀ ਦੇ ਨਾਲ-ਨਾਲ ਕੈਥਰੀਨ ਦਸਾਰਤ (ਫਰਾਂਸ) ਨੇ ਪ੍ਰਡਿਊਸ ਕੀਤੀ ਹੈ। ਇਸ ਫਿਲਮ ਵਿਚ ਸੁਵਿੰਦਰਪਾਲ ਵਿੱਕੀ, ਰਾਜਵੀਰ ਕੌਰ, ਕਮਲਜੀਤ ਸਿੰਘ, ਗੁਰਪ੍ਰੀਤ ਭੰਗੂ ਅਤੇ ਟੋਮੀ (ਕੁੱਤਾ) ਦੇ ਅਹਿਮ ਕਿਰਦਾਰ ਹਨ।
ਗੌਰਤਲਬ ਹੈ ਕਿ ਗੁਰਵਿੰਦਰ ਸਿੰਘ ਪ੍ਰਸਿੱਧ ਫਿਲਮਸਾਜ਼ ਮਣੀ ਕੋਲ ਦਾ ਚੇਲਾ ਹੈ ਅਤੇ ਮਣੀ ਕੌਲ ਦੀਆਂ ‘ਉਸ ਕੀ ਰੋਟੀ’ ਵਰਗੀਆਂ ਫਿਲਮਾਂ ਵਾਲੀ ਕਲਾ ਦਾ ਸਿਖਰ ਛੂਹਣ ਲਈ ਯਤਨਸ਼ੀਲ ਹਨ। ‘ਅੰਨ੍ਹੇ ਘੋੜੇ ਦਾ ਦਾਨ’ ਇਸ ਪੱਖ ਤੋਂ ਬਹੁਤ ਚੰਗੀ ਫਿਲਮ ਸੀ, ਪਰ ਇਸ ਫਿਲਮ ਦੀ ਧੀਮੀ ਚਾਲ ਆਮ ਦਰਸ਼ਕਾਂ ਨੂੰ ਆਪਣੇ ਨਾਲ ਲੈ ਕੇ ਨਹੀਂ ਤੁਰ ਸਕੀ। ਫਿਰ ਵੀ ਗੁਰਵਿੰਦਰ ਸਿੰਘ ਪੂਰੇ ਹੌਂਸਲੇ ਵਿਚ ਹੈ। ਉਸ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰ ਕੇ ਕਲਾ ਅਤੇ ਸੋਚ ਤੋਂ ਮੂੰਹ ਨਹੀਂ ਮੋੜ ਸਕਦਾ। ਉਹ ਹੁੱਬ ਕੇ ਦੱਸਦਾ ਹੈ- “ਕਾਨ ਫਿਲਮ ਮੇਲੇ ਵਿਚ ਫਿਲਮ ਦੀ ਚੋਣ ਹੋਣਾ ਬਹੁਤ ਵੱਡੀ ਗੱਲ ਹੈ। ਮੇਰੀ ਫਿਲਮ ਪਹਿਲਾਂ ਸੰਸਾਰ ਬਰ ਵਿਚ ਰਹਿ ਰਹੇ ਪੰਜਾਬੀ ਦੇਖ ਚੁੱਕੇ ਹਨ, ਪਰ ਹੁਣ ਇਹ ਫਿਲਮ ਸੰਸਾਰ ਭਰ ਦੇ ਦਰਸ਼ਕਾਂ ਕੋਲ ਜਾਵੇਗੀ।”
ਉਨ੍ਹਾਂ ਦੱਸਿਆ ਕਿ ਦਿੱਲੀ ਰਹਿੰਦੀਆਂ ਉਸ ਨੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦੇ ਕਤਲੇਆਮ ਦਾ ਸੇਕ ਬਹੁਤ ਨੇੜਿਓਂ ਮਹਿਸੂਸ ਕੀਤਾ ਹੈ ਅਤੇ ਜਦੋਂ ਉਸ ਨੇ ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਪੜ੍ਹੀਆ ਤਾਂ ਇਨ੍ਹਾਂ ਕਹਾਣੀਆਂ ਨੂੰ ਆਧਾਰ ਬਣਾ ਕੇ ਫਿਲਮ ਬਣਾਉਣ ਦੀ ਸੋਚੀ। ਉਸ ਮੁਤਾਬਕ, “ਉਸ ਦੌਰ ਵਿਚ ਖਾੜਕੂਆਂ ਅਤੇ ਸਟੇਟ ਵੱਲੋਂ ਆਮ ਲੋਕਾਂ ਨਾਲ ਬਹੁਤ ਵਧੀਕੀਆਂ ਕੀਤੀਆਂ ਗਈਆਂ, ਮੇਰੀ ਫਿਲਮ ਇਨ੍ਹਾਂ ਵਧੀਕੀਆਂ ਦੇ ਕਾਰਨਾਂ ਵੱਲ ਤਾਂ ਭਾਵੇਂ ਨਹੀਂ ਜਾਂਦੀ ਅਤੇ ਨਾ ਕਿਸੇ ਨੂੰ ਦੋਸ਼ੀ ਬਣਾ ਕੇ ਉਸ ਉਤੇ ਉਂਗਲ ਧਰਦੀ ਹੈ, ਪਰ ਆਮ ਬੰਦੇ ਦੀ ਬੇਵਸੀ ਦੀ ਬਾਤ ਜ਼ਰੂਰ ਪਾਉਂਦੀ ਹੈ।” ਉਸ ਨੇ ਦੱਸਿਆ ਕਿ ਉਸ ਨੇ ਇਸ ਫਿਲਮ ਸ਼ੂਟਿੰਗ ਪਿਛਲੇ ਸਾਲ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਮੁਕੰਮਲ ਕਰ ਲਈ ਸੀ। ਇਹ ਫਿਲਮ ਇਸੇ ਸਾਲ ਸਾਲ ਦੇ ਅਖੀਰ ਵਿਚ ਭਾਰਤ ਵਿਚ ਰਿਲੀਜ਼ ਕੀਤੀ ਜਾਵੇਗੀ।