ਸੰਨ 2005 ਵਿਚ ਅਮਰੀਕਾ ਆਉਣ ਦਾ ਸਬੱਬ ਬਣਿਆ ਤਾਂ ਪਤਾ ਲੱਗਾ ਕਿ ਇਥੇ ਵੀ ਪੰਜਾਬੀ ਹਫ਼ਤਾਵਾਰੀ ਅਖਬਾਰ ਛਪਦੇ ਹਨ ਤੇ ਮਿਲਦੇ ਵੀ ਮੁਫ਼ਤ ਨੇ। ਸਟੋਰਾਂ ਤੋਂ ਸਾਰੇ ਅਖਬਾਰ ਲਿਆ ਕੇ ਪੜ੍ਹਨੇ ਸ਼ੁਰੂ ਕੀਤੇ। ‘ਪੰਜਾਬ ਟਾਈਮਜ਼’ ਸਭ ਤੋਂ ਵਧੀਆ ਲੱਗਾ। ਇਸ ਵਿਚ ਧਾਰਮਿਕ, ਰਾਜਨੀਤਕ ਤੇ ਸਮਾਜਕ ਵਿਸ਼ਿਆਂ ‘ਤੇ ਨਾਮਵਰ ਵਿਦਵਾਨਾਂ ਦੇ ਲੇਖ ਛਪਦੇ ਹਨ। ਮਹਿਸੂਸ ਕੀਤਾ ਕਿ ਪੰਜਾਬ ਦੇ ਅਖਬਾਰਾਂ ਵਿਚ ਜਿਹੜਾ ਸਥਾਨ ‘ਅਜੀਤ’ ਦਾ ਹੈ, ਉਤਰੀ ਅਮਰੀਕਾ ਵਿਚ ਉਹੀ ਸਥਾਨ ‘ਪੰਜਾਬ ਟਾਈਮਜ਼’ ਦਾ ਹੈ।
ਬਾਬਾ ਸੋਹਣ ਸਿੰਘ ਭਕਨਾ ਦਾ ਪਿੰਡ ਮੇਰੇ ਪਿੰਡ ਤੋਂ ਚਾਰ ਮੀਲ ਦੀ ਵਿਥ ‘ਤੇ ਹੈ। ਮੈਂ ਉਨ੍ਹਾਂ ਨੂੰ ਉਥੇ ਜਾ ਕੇ ਮਿਲਦਾ ਰਿਹਾ ਹਾਂ। ਉਨ੍ਹਾਂ ਨਾਲ ਕੀਤੀਆਂ ਗੱਲਾਂ ਨੂੰ ਮੈਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਸੀ। ਬਾਬਾ ਜੀ ਬਾਰੇ ਲੇਖ ‘ਪੰਜਾਬ ਟਾਈਮਜ਼’ ਨੂੰ ਭੇਜਿਆ ਜੋ ਛਪ ਗਿਆ। ਸੰਪਾਦਕ ਅਮਲੋਕ ਸਿੰਘ ਜੰਮੂ ਨੂੰ ਧੰਨਵਾਦੀ ਟੈਲੀਫੋਨ ਕੀਤਾ। ਬਾਅਦ ਵਿਚ ਉਨ੍ਹਾਂ ਦੀ ਸਿਹਤ ਬਾਰੇ ਜਾਣਨ ਲਈ ਕਈ ਵਾਰ ਫੋਨ ‘ਤੇ ਗੱਲ ਹੁੰਦੀ ਰਹੀ। ਬੜੀ ਰੀਝ ਸੀ ਕਿ ਉਨ੍ਹਾਂ ਨੂੰ ਮਿਲਾਂ ਜ਼ਰੂਰ। ਕਮਿਊਨਿਟੀ ਦੇ ਨਿਸ਼ਕਾਮ ਸੇਵਕ, ‘ਪੰਜਾਬ ਟਾਈਮਜ਼’ ਦੇ ਆਨਰੇਰੀ ਸਲਾਹਕਾਰ ਤੇ ਉਘੇ ਰਿਐਲਟਰ ਜੱਸੀ ਗਿੱਲ ਅਤੇ ਐਸ਼ ਅਸ਼ੋਕ ਭੌਰਾ ਦੀ ਪ੍ਰੇਰਨਾ ਨਾਲ ਮੈਂ ਵੀ ਐਤਕੀਂ ‘ਪੰਜਾਬ ਟਾਈਮਜ਼’ ਦੀ 15ਵੀਂ ਵਰ੍ਹੇਗੰਢ ਵਾਲੇ ਸਮਾਗਮ ‘ਤੇ ਜਾਣ ਦਾ ਮਨ ਬਣਾ ਲਿਆ।
ਜੱਸੀ ਗਿੱਲ, ਸੋਹਨਪ੍ਰੀਤ ਸੈਕਰਾਮੈਂਟੋ ਤੇ ਮੈਂ 27 ਮਾਰਚ ਨੂੰ ਸ਼ਿਕਾਗੋ ਪਹੁੰਚੇ ਤੇ ਜੰਮੂ ਜੀ ਦੇ ਗ੍ਰਹਿ ਵਿਖੇ ਉਨ੍ਹਾਂ ਨੂੰ ਮਿਲੇ। ਪਤਾ ਨਹੀਂ, ਮੇਰੇ ਆਉਣ ਦਾ ਉਨ੍ਹਾਂ ਨੂੰ ਕਿਸ ਤੋਂ ਪਤਾ ਲੱਗਾ, ਜਾਂਦਿਆਂ ਹੀ ਮੈਨੂੰ ਕਿਹਾ, “ਸੁਣਾਓ ਘਰਿੰਡਾ ਸਾਹਿਬ, ਕੀ ਹਾਲ ਐ?” ਉਨ੍ਹਾਂ ਦਾ ਚਿਹਰਾ ਵੇਖ ਕੇ, ਗੱਲਬਾਤ ਕਰ ਕੇ, ਤੰਦਰੁਸਤ ਨਜ਼ਰ ਆਏ। ਸਾਡੇ ਨਾਲ ਘੰਟਾ ਭਰ ਗੱਲਾਂ ਕਰਦਿਆਂ ਪਤਾ ਨਾ ਲੱਗਣ ਦਿੱਤਾ ਕਿ ਉਹ ਬਿਮਾਰ ਨੇ। ਉਨ੍ਹਾਂ ਵਿਚ ਕਿੰਨਾ ਆਤਮ-ਬਲ ਹੈ! ਪਤਾ ਲੱਗਾ ਕਿ ਛਪਣ ਤੋਂ ਪਹਿਲਾਂ ਸਾਰੀਆਂ ਲਿਖਤਾਂ ਉਹ ਆਪ ਪੜ੍ਹਦੇ ਹਨ।
‘ਪੰਜਾਬ ਟਾਈਮਜ਼ ਨਾਈਟ’ ਵਿਚ ਹਿੱਸਾ ਲੈਣ ਆਏ ਲੋਕਾਂ ਨੇ ਜਿਸ ਤਰ੍ਹਾਂ ਆਪਣੇ ਜਜ਼ਬਾਤ ਦਾ ਪ੍ਰਗਟਾਵਾ ਕੀਤਾ, ਉਸ ਤੋਂ ਪਤਾ ਲਗਦਾ ਸੀ ਕਿ ਲੋਕ ਇਸ ਅਖਬਾਰ ਨੂੰ ਕਿੰਨਾ ਪਿਆਰ ਕਰਦੇ ਹਨ। ਉਤਰੀ ਅਮਰੀਕਾ ਵਿਚ ਸਭ ਤੋਂ ਜ਼ਿਆਦਾ ਪਾਠਕ ‘ਪੰਜਾਬ ਟਾਈਮਜ਼’ ਦੇ ਹਨ। ਕਈ ਆਪਣੇ ਯਾਰ-ਦੋਸਤਾਂ ਤੋਂ ਇਸ ਦੀ ਸਿਫ਼ਤ ਸੁਣ ਕੇ ਇਸ ਦੇ ਪੱਕੇ ਪਾਠਕ ਬਣ ਗਏ। ਪਰਦੇਸ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਤੇ ਸੰਭਾਲਣ ਦਾ ਸਭ ਤੋਂ ਵੱਡਾ ਯੋਗਦਾਨ ਇਸੇ ਅਖਬਾਰ ਦਾ ਹੈ।
‘ਪੰਜਾਬ ਟਾਈਮਜ਼’ ਦੀ ਵਰ੍ਹੇਗੰਢ ਮਨਾਉਣ ਦਾ ਇਕ ਹੋਰ ਲਾਭ ਜੋ ਮੈਨੂੰ ਮਹਿਸੂਸ ਹੋਇਆ, ਉਹ ਇਹ ਹੈ ਕਿ ਲੇਖਕਾਂ ਤੇ ਪਾਠਕਾਂ ਨੂੰ ਇਕ-ਦੂਜੇ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਪਹਿਲਾਂ ਇਨ੍ਹਾਂ ਦੇ ਸੰਪਰਕ ਦਾ ਇਕੋ ਇਕ ਸਾਧਨ ਟੈਲੀਫੋਨ ਹੁੰਦਾ ਹੈ। ਮੈਨੂੰ ਉਥੇ ਡਾæ ਹਰਗੁਰਮੁਖਪਾਲ ਸਿੰਘ, ਪ੍ਰਿੰਸੀਪਲ ਬਰਜਿੰਦਰ ਸਿੰਘ ਸਿੱਧੂ, ਮੱਤ ਸਿੰਘ ਢਿਲੋਂ ਤੋਂ ਪ੍ਰਿੰਸੀਪਲ ਨਿਰੰਜਣ ਸਿੰਘ ਢੇਸੀ ਨੂੰ ਮਿਲਣ ਦਾ ਮੌਕਾ ਮਿਲਿਆ। ਪ੍ਰਿੰਸੀਪਲ ਢੇਸੀ ਨੂੰ 20 ਸਾਲ ਪਹਿਲਾਂ, ਆਪਣੇ ਦੋਸਤ ਵਰਿਆਮ ਸਿੰਘ ਸੰਧੂ ਰਾਹੀਂ ਜਲੰਧਰ ਮਿਲਿਆ ਸੀ। ਢੇਸੀ ਜੀ ਦੀਆਂ ਕੋਸ਼ਿਸ਼ਾਂ ਸਦਕਾ ਹੀ ਸੰਧੂ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਪੰਜਾਬੀ ਦਾ ਪ੍ਰੋਫੈਸਰ ਲੱਗਾ ਸੀ। 20 ਸਾਲ ਬਾਅਦ ਢੇਸੀ ਜੀ ਨੂੰ ਮਿਲਣ ਦੀ ਖੁਸ਼ੀ ਮੈਂ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦਾ।
ਉਥੇ ਹੀ ਅਸ਼ੋਕ ਭੌਰਾ ਨੇ ਬਿਰਹਾ ਦੇ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਬੇਟੀ ਪੂਜਾ ਨਾਲ ਮਿਲਾਇਆ। 1967 ਵਿਚ ਸਵਰਗੀ ਸ਼ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਓਪਨ ਏਅਰ ਥਿਏਟਰ ਅੰਮ੍ਰਿਤਸਰ ਵਿਖੇ ‘ਮਿੱਤਰ ਮਿਲਣੀ’ ਸੱਦੀ ਸੀ ਜਿਸ ਦੀ ਪ੍ਰਧਾਨਗੀ ਬਾਬਾ ਸੋਹਣ ਸਿੰਘ ਭਕਨਾ ਕਰ ਰਹੇ ਸਨ। ਉਥੇ ਮੈਂ ਸ਼ਿਵ ਬਟਾਲਵੀ ਨੂੰ ਪਹਿਲੀ ਵਾਰ ਸੁਣਿਆ ਤੇ ਉਨ੍ਹਾਂ ਆਪਣੀ ਕਵਿਤਾ ‘ਗਾਂਧੀ ਦੇ ਪੂਜਕੋ ਸੁਣੋ, ਨਹਿਰੂ ਦੇ ਵਾਰਸੋ ਸੁਣੋ, ਸੁਣੋ ਸੁਣੋ ਹਿੰਦੁਸਤਾਨ ਦੀ ਸੁਣਾਈ’ ਪੜ੍ਹੀ ਸੀ। ਉਸ ਵਕਤ ਬਟਾਲਵੀ ਜੀ ਨਾਲ ਕੀਤੀਆਂ ਗੱਲਾਂ ਉਨ੍ਹਾਂ ਦੀ ਬੇਟੀ ਨਾਲ ਸਾਂਝੀਆਂ ਕੀਤੀਆਂ ਤਾਂ ਉਹਨੇ ਕਿਹਾ, “ਮੈਂ ਡੈਡੀ ਬਾਰੇ ਕੀਤੀਆਂ ਇਹ ਗੱਲਾਂ ਮੰਮੀ ਨੂੰ ਦੱਸਾਂਗੀ।”
ਅਰਦਾਸ ਹੈ, ਅਮੋਲਕ ਸਿੰਘ ਜੰਮੂ ਨੂੰ ਵਹਿਗੁਰੂ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੇ ਤਾਂ ਕਿ ਉਹ ‘ਪੰਜਾਬ ਟਾਈਮਜ਼’ ਰਾਹੀਂ ਪੰਜਾਬੀ ਭਾਈਚਾਰੇ ਦੀ ਸੇਵਾ ਕਰਦੇ ਰਹਿਣ।
-ਜਸਵੰਤ ਸਿੰਘ ਸੰਧੂ ਘਰਿੰਡਾ
ਫੋਨ: 510-516-5971