ਪ੍ਰੋæ ਐਚæਐਲ਼ ਕਪੂਰ
ਫੋਨ: 916-587-4002
ਭਾਰਤ ਨੂੰ ਆਜ਼ਾਦ ਕਰਾਉਣ ਲਈ ਗਦਰ ਦਾ ਕਾਫ਼ਲਾ ਲਗਾਤਾਰ ਚਲਦਾ ਰਿਹਾ। ਜਿਨ੍ਹਾਂ ਵੀ ਦੇਸਾਂ ਵਿਚ ਭਾਰਤੀ ਰਹਿੰਦੇ ਸਨ, ਉਥੇ ਆਪਣੇ ਦੇਸ ਨੂੰ ਆਜ਼ਾਦ ਕਰਾਉਣ ਲਈ ਮੰਗ ਸੀ। ਕੁਝ ਹੀ ਸਮੇਂ ਵਿਚ ਗਦਰ ਲਹਿਰ ਇੰਨੀ ਲੋਕਪ੍ਰਿਅ ਹੋ ਗਈ ਕਿ ਲੋਕ ‘ਹਿੰਦੀ ਐਸੋਸੀਏਸ਼ਨ ਆਫ਼ ਦਿ ਪੈਸੇਫਿਕ ਕੋਸਟ’ ਦਾ ਨਾਂ ਭੁੱਲ ਗਏ। ਸਭ ਨੂੰ ਗਦਰ ਪਾਰਟੀ ਹੀ ਯਾਦ ਰਿਹਾ। ਇਸੇ ਤਰ੍ਹਾਂ ਅਮਰੀਕਾ ਵਿਚ ਪਾਰਟੀ ਦਾ ਕੇਂਦਰੀ ਦਫ਼ਤਰ ‘ਯੁਗਾਂਤਰ ਆਸ਼ਰਮ’ ਤੋਂ ‘ਗਦਰ ਆਸ਼ਰਮ’ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ।
ਗਦਰ ਪਾਰਟੀ ਦੇ ਨੇਤਾਵਾਂ ਨੇ ਜਿਸ ਆਜ਼ਾਦ ਭਾਰਤ ਦੀ ਕਲਪਨਾ ਕੀਤੀ ਸੀ, ਉਹੀ ਭਾਰਤ ਲਘੂ ਰੂਪ ਵਿਚ ਗਦਰ ਆਸ਼ਰਮ ਵਿਚ ਜਿਉਣ ਦਾ ਯਤਨ ਕੀਤਾ। ਧਾਰਮਿਕ ਭਾਵਨਾਵਾਂ ਦੇ ਸਥਾਨ ਨੇ ‘ਵੰਦੇ ਮਾਤ੍ਰਮ’ ਦਾ ਰੂਪ ਧਾਰ ਲਿਆ। ਆਪਣੇ ਜੋੜੇ, ਦਰਵਾਜ਼ੇ ਦੇ ਬਾਹਰ ਰੱਖ ਕੇ ਉਹ ਸ਼ੁਧ ਭਾਰਤੀ ਵਾਂਗ ਆਪਣਾ ਜੀਵਨ ਜਿਉਂਦੇ, ਇਕੱਠੇ ਬੈਠ ਕੇ ਖਾਣਾ ਤਿਆਰ ਕਰ ਕੇ ਖਾਂਦੇ, ਆਪਣੇ ਘਰਾਂ ਦੀ ਦੇਖ ਭਾਲ ਕਰਦੇ ਤੇ ਇਕੱਠੇ ਮਿਲ ਕੇ ‘ਗਦਰ’ ਅਖ਼ਬਾਰ ਕੱਢਦੇ। ਪਾਰਟੀ ਸਭ ਨੂੰ ਦੋ ਡਾਲਰ ਮਹੀਨਾ ਖਰਚ ਦਿੰਦੀ। ਇਥੇ ਨਾ ਕੋਈ ਵੱਡਾ ਤੇ ਨਾ ਕੋਈ ਛੋਟਾ ਹੁੰਦਾ। ਇਸ ਸਹਿਯੋਗ ਵਿਚ ਲਾਲਾ ਹਰਦਿਆਲ, ਸ਼ ਭਗਵਾਨ ਸਿੰਘ, ਬਰਕਤ-ਉਲਾ ਤੇ ਸ਼ ਕਰਤਾਰ ਸਿੰਘ ਸਰਾਭਾ ਵਰਗੇ ਨੇਕ, ਵਿਦਵਾਨ ਤੇ ਦਾਰਸ਼ਨਿਕ ਸ਼ਾਮਲ ਸਨ। ਇਸ ਦੇ ਨਾਲ ਹੀ ਸ਼ ਹਰੀ ਸਿੰਘ ਉਸਮਾਨ ਵਰਗੇ ਦੇਸ਼ ਭਗਤ, ਨੇਕ ਤੇ ਤਿਆਗੀ ਇਨਸਾਨ ਵੀ ਰਹਿੰਦੇ ਸਨ ਜਿਨ੍ਹਾਂ ਆਪਣੀ ਸਾਰੀ ਜਾਇਦਾਦ ਆਸ਼ਰਮ ਨੂੰ ਦਾਨ ਦੇ ਕੇ ਕਰਮਯੋਗੀ ਇਨਸਾਨ ਹੋਣਾ ਦਾ ਸਬੂਤ ਦਿੱਤਾ ਤੇ ਪਾਰਟੀ ਦੀ ਹਰ ਪ੍ਰਕਾਰ ਦੀ ਸਰਗਰਮੀ ਵਿਚ ਵਧ-ਚੜ੍ਹ ਕੇ ਯੋਗਦਾਨ ਪਾਇਆ। ਸਰਾਭਾ ਜਿਨ੍ਹਾਂ ਦੀ ਉਮਰ ਉਸ ਸਮੇਂ ਸਿਰਫ 19 ਸਾਲ ਹੀ ਸੀ, ਨੇ ਦੇਸ ਨੂੰ ਆਜ਼ਾਦ ਕਰਵਾਉਣ ਬਦਲੇ ਸ਼ਹੀਦੀ ਪਾਈ, ਸਮੇਤ ਅਮਰੀਕਾ ਵਿਚ ਵਸੇ ਸਿਰਫ ਦੋ ਦਲਿਤ ਪਰਵਾਸੀਆਂ ਵਿਚੋਂ ਇਕ ਬਾਬੂ ਮੰਗੂ ਰਾਮ ਮੁੱਗੋਵਾਲ (ਨੇੜੇ ਟੂਟੋ ਮਜਾਰਾ, ਜ਼ਿਲ੍ਹਾ ਹੁਸ਼ਿਆਰਪੁਰ) ਵੀ ਸਨ।
14 ਜਨਵਰੀ 1886 ਨੂੰ ਪਿੰਡ ਮੁੱਗੋਵਾਲ ਵਿਚ ਜਨਮੇ ਸ੍ਰੀ ਮੰਗੂ ਰਾਮ ਜਿਨ੍ਹਾਂ ਦੇ ਪਿਤਾ ਹਰਨਾਮ ਦਾਸ ਚਮੜੇ ਦਾ ਕੰਮ ਕਰਦੇ ਸਨ, ਅਜੇ ਤਿੰਨ ਸਾਲ ਦੇ ਸਨ ਜਦੋਂ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਪੜ੍ਹਾਈ ਕਰਦੇ ਸਮੇਂ ਉਨ੍ਹਾਂ ਨੂੰ ਜਮਾਤ ਦੇ ਸਭ ਤੋਂ ਪਿਛੇ ਜਾਂ ਕਲਾਸ ਰੂਮ ਦੇ ਬਾਹਰ ਖਿੜਕੀ ਦੇ ਪਾਸ ਇਕੱਲਿਆਂ ਬਿਠਾਇਆ ਜਾਂਦਾ। ਇਕ ਵਾਰ ਮੀਂਹ ਪੈ ਰਿਹਾ ਸੀ, ਤੇ ਉਹ ਜਮਾਤ ਦੇ ਕਮਰੇ ਵਿਚ ਆ ਗਏ। ਅਧਿਆਪਕ ਨੇ ਉਨ੍ਹਾਂ ਦੀ ਖੂਬ ਪਿਟਾਈ ਕੀਤੀ। ਜਿਸ ਬੈਂਚ ‘ਤੇ ਉਹ ਬੈਠੇ ਸਨ, ਉਸ ਨੂੰ ਪਾਣੀ ਨਾਲ ਧੋਇਆ ਗਿਆ, ਕਿਉਂਕਿ ਅਧਿਆਪਕ ਮੁਤਾਬਕ ਛੂਆ-ਛੂਤ ਕਾਰਨ ਬੈਂਚ ਭ੍ਰਿਸ਼ਟ ਹੋ ਗਿਆ ਸੀ! ਇੱਦਾਂ ਦੇ ਵਿਹਾਰ ਸਦਕਾ ਉਨ੍ਹਾਂ ਪੜ੍ਹਾਈ ਵਿਚੇ ਹੀ ਛੱਡ ਦਿੱਤੀ ਤੇ ਪਿਤਾ ਜੀ ਵਾਲੇ ਕੰਮ ਵਿਚ ਸ਼ਾਮਲ ਹੋ ਗਏ।
1909 ਵਿਚ ਉਨ੍ਹਾਂ ਦੇ ਇਲਾਕੇ ਦੇ ਕਾਫ਼ੀ ਲੋਕ ਅਮਰੀਕਾ ਆਏ। ਇਕ ਜ਼ਿਮੀਂਦਾਰ ਦੇ ਰਿਸ਼ਤੇਦਾਰ ਵਲੋਂ ਅਮਰੀਕਾ ਵਿਚ ਕੰਮ ਦਿੱਤੇ ਜਾਣ ਬਾਅਦ ਉਹ ਅਮਰੀਕਾ ਪੁੱਜ ਗਏ। ਚਾਰ ਸਾਲ ਤੱਕ ਖੇਤਾਂ ਤੇ ਮਿੱਲਾਂ ਵਿਚ ਕੰਮ ਕਰਨ ਉਪਰੰਤ ਗਦਰ ਪਾਰਟੀ ਦੇ ਮੈਂਬਰ ਬਣ ਗਏ। ਗਦਰ ਆਸ਼ਰਮ ਵਿਚ ਰਹਿੰਦਿਆਂ ਉਨ੍ਹਾਂ ਮਹਿਸੂਸ ਕੀਤਾ ਕਿ ਉਹ ਇਕ ਨਵੇਂ ਸਮਾਜ ਦੇ ਮੈਂਬਰ ਹਨ, ਜਿਥੇ ਸਭ ਵਿਅਕਤੀਆਂ ਨਾਲ ਇਕੋ ਜਿਹਾ ਵਿਹਾਰ ਹੁੰਦਾ ਸੀ। ਉਹ ਅਕਸਰ ਕਹਿੰਦੇ ਸਨ, “ਮੇਰੇ ਲਈ ਤਾਂ ਇਹ ਕ੍ਰਾਂਤੀ ਸਮਾਨ ਸੀ ਕਿ ਕਿਸੇ ਨੂੰ ਅਛੂਤ ਨਹੀਂ ਸੀ ਸਮਝਿਆ ਜਾਂਦਾ। ਇਥੇ ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਮਹਿਸੂਸ ਕੀਤਾ ਕਿ ਮੈਂ ਅਛੂਤ ਨਹੀਂ ਹਾਂ, ਸਗੋਂ ਇਨਸਾਨ ਹਾਂ।”
ਇਹੀ ਬਾਬੂ ਮੰਗੂ ਰਾਮ ਬਾਅਦ ਵਿਚ 1915 ਨੂੰ ਉਨ੍ਹਾਂ ਪੰਜ ਕ੍ਰਾਂਤੀਕਾਰੀਆਂ ਵਿਚ ਚੁਣੇ ਗਏ ਜਿਨ੍ਹਾਂ ਨੇ ‘ਮੈਬਰਿਕ’ ਜਹਾਜ ਵਿਚ ਹਥਿਆਰ ਲਿਜਾ ਕੇ ਭਾਰਤ ਵਿਚ ਕ੍ਰਾਂਤੀਕਾਰੀਆਂ ਨੂੰ ਦੇਣੇ ਸਨ ਤੇ ਆਜ਼ਾਦੀ ਦੀ ਇਸ ਲਹਿਰ ਵਿਚ ਕ੍ਰਾਂਤੀਕਾਰੀਆਂ ਦੇ ਨਾਲ ਮਿਲ ਕੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੰਮ ਕਰਨਾ ਸੀ, ਪਰ ਇਨ੍ਹਾਂ ਹਥਿਆਰਾਂ ਸਮੇਤ ਉਹ ਜਾਵਾ ਵਿਚ ਪਕੜੇ ਗਏ ਤੇ ਉਨ੍ਹਾਂ ਨੂੰ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇਥੇ ਉਹ ਇਕ ਸਾਲ ਜੇਲ੍ਹ ਵਿਚ ਰਹੇ। ਬਰਤਾਨਵੀ ਸਰਕਾਰ ਉਨ੍ਹਾਂ ਨੂੰ ਫਾਂਸੀ ‘ਤੇ ਲਟਕਾਉਣ ਲਈ ਤਤਪਰ ਸੀ, ਪਰ ਇਥੇ ਉਨ੍ਹਾਂ ਨੂੰ ਜਰਮਨੀ ਦੇ ਅਧਿਕਾਰੀਆਂ ਨੇ ਬਚਾਇਆ। ਉਸ ਤੋਂ ਬਾਅਦ ਉਹ ਮਨੀਲਾ ਗਏ। ਉਥੇ ਵੀ ਜਰਮਨੀ ਦੇ ਕੁਝ ਏਜੰਟਾਂ ਨੇ ਬਰਤਾਨੀਆ ਦੀ ਚੁੰਗਲ ਵਿਚੋਂ ਬਚਾਇਆ। ਇਕ ਦਿਨ ‘ਮਨੀਲਾ ਟਾਈਮਜ਼’ ਵਿਚ ਖਬਰ ਆਈ ਕਿ ਮੰਗੂ ਰਾਮ ਨੂੰ ਫਾਂਸੀ ਦੇ ਦਿੱਤੀ ਗਈ ਹੈ। ਗਦਰ ਪਾਰਟੀ ਦੀ ਸਹਾਇਤਾ ਨਾਲ ਉਹ 1925 ਵਿਚ ਭਾਰਤ ਪਹੁੰਚੇ, ਪਰ 16 ਸਾਲ ਬਾਅਦ ‘ਇਨਸਾਨ’ ਦੇ ਰੂਪ ਵਿਚ ਆਦਰ ਤੇ ਸਤਿਕਾਰ ਸਾਹਿਤ ਭਾਰਤ ਆਉਣ ‘ਤੇ ਉਨ੍ਹਾਂ ਨੂੰ ਫਿਰ ਅਛੂਤ ਕਿਹਾ ਗਿਆ।
ਇਸ ਤੋਂ ਬਾਅਦ ਉਨ੍ਹਾਂ ਦੇ ਮਨ ਵਿਚ ਗੁੱਸੇ ਦੀ ਭਾਵਨਾ ਪੈਦਾ ਹੋ ਗਈ ਕਿ ਭਾਰਤੀ ਸਮਾਜ ਵਿਚ ਉਨ੍ਹਾਂ ਨੂੰ ਇਨਸਾਨ ਹੀ ਨਹੀਂ ਸਮਝਿਆ ਜਾ ਰਿਹਾ! ਉਹ ਅਮਰੀਕਾ ਵਿਚ ਰਹਿੰਦਿਆਂ ਤੇ ਗਦਰ ਪਾਰਟੀ ਵਿਚ ਕੰਮ ਕਰਦਿਆਂ, ਇਥੋਂ ਦੇ ਵਿਦੇਸ਼ੀ ਸਭਿਆਚਾਰ ਤੇ ਸਮਾਜ ਨੂੰ ਚੰਗੀ ਤਰ੍ਹਾਂ ਸਮਝ ਗਏ ਸਨ ਜਿਥੋਂ ਦਾ ਸਮਾਜ ਜਾਤ-ਪਾਤ ਆਧਾਰਤ ਨਹੀਂ, ਸਗੋਂ ਮਾਨਵਵਾਦੀ ਹੈ। ਇਸ ਰੋਹ ਵਿਚੋਂ ਹੀ ‘ਆਦਿ ਧਰਮ ਲਹਿਰ’ ਦਾ ਜਨਮ ਹੁੰਦਾ ਹੈ। ਉਹ ਇਸ ਲਹਿਰ ਦੇ ਸੰਸਥਾਪਕ ਬਣੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਅਛੂਤ ਕਿਹਾ ਜਾਂਦਾ ਹੈ, ਉਹ ਹਿੰਦੂ ਨਹੀਂ ਅਤੇ ਨਾ ਹੀ ਹਿੰਦੂਆਂ ਦੀ ਔਲਾਦ ਹਨ। ਉਨ੍ਹਾਂ ਵਰਣ ਵਿਵਸਥਾ ਖਿਲਾਫ ਆਵਾਜ਼ ਬੁਲੰਦ ਕੀਤੀ। ਇਹ ਕੁਦਰਤੀ ਹੀ ਹੈ ਕਿ ਵਿਦਿਆ ਨਾਲ ਲੈਸ ਅਤੇ ਜਾਗਰੂਕ ਇਨਸਾਨ ਬਹੁਤੀ ਦੇਰ ਮਾਨਸਿਕ ਗੁਲਾਮੀ ਵਿਚ ਨਹੀਂ ਰਹਿ ਸਕਦਾ!
ਬਾਬੂ ਮੰਗੂ ਰਾਮ ਵਲੋਂ ਕਾਇਮ ‘ਆਦਿ ਧਰਮ’ ਤਹਿਤ ਭਾਰਤ, ਖਾਸ ਤੌਰ ‘ਤੇ ਪੰਜਾਬ ਵਿਚ ਜਾਤ-ਪਾਤ ਅਤੇ ਇਨ੍ਹਾਂ ਲੋਕਾਂ ਨਾਲ ਹੋ ਰਹੇ ਭੈੜੇ ਵਿਹਾਰ ਖਿਲਾਫ ਸੰਘਰਸ਼ ਚੱਲਿਆ। ਉਦੋਂ ਹੀ ਡਾæ ਭੀਮ ਰਾਓ ਅੰਬੇਦਕਰ ਭਾਰਤ, ਖਾਸ ਤੌਰ ‘ਤੇ ਮਹਾਂਰਾਸ਼ਟਰ ਵਿਚ ਜਾਤ-ਪਾਤ ਰਹਿਤ ਸਮਾਜ ਲਈ ਸੰਘਰਸ਼ ਕਰ ਰਹੇ ਸਨ। ਇਨ੍ਹਾਂ ਦੋਹਾਂ ਸ਼ਖਸੀਅਤਾਂ ਨੇ ਇਨ੍ਹਾਂ ਵਰਗਾਂ ਨੂੰ ਇਨ੍ਹਾਂ ਦੇ ਹੱਕ ਦਿਵਾਉਣ ਲਈ ਬਹੁਤ ਜਾਗਰੂਕ ਕੀਤਾ।
ਮੰਗੂ ਰਾਮ ਮੁੱਗੋਵਾਲ ਵਲੋਂ ਦਿਖਾਈ ਤਿਆਗ ਭਾਵਨਾ ਨੇ ਬਾਹਰੀ ਲੋਕਾਂ ‘ਤੇ ਵੀ ਖੂਬ ਅਸਰ ਪਾਇਆ। ਇਕ ਵਾਰੀ ਆਇਰਲੈਂਡ ਦਾ ਇਕ ਕ੍ਰਾਂਤੀਕਾਰੀ ਯੁਗਾਂਤਰ ਆਸ਼ਰਮ ਦੇ ਦਫ਼ਤਰ ਆਇਆ। ਉਹਨੇ ਕ੍ਰਾਂਤੀਕਾਰੀਆਂ ਦੇ ਕੰਮ-ਕਾਜ ਦੀ ਜਾਣਕਾਰੀ ਲਈ ਤੇ ਛਾਪਾਖਾਨਾ ਦੇਖਿਆ। ਜਦ ਉਹਨੂੰ ਪਤਾ ਲੱਗਾ ਕਿ ਸਾਂਝੇ ਲੰਗਰ ਦਾ ਖਰਚਾ ਕੇਵਲ ਦੋ ਡਾਲਰ ਰੋਜ਼ ਦਾ ਹੈ, ਤਾਂ ਉਹ ਬਹੁਤ ਭਾਵੁਕ ਹੋ ਗਿਆ। ਉਹਨੂੰ ਇਹ ਪਤਾ ਲੱਗਾ ਕਿ ਰੋਜ਼ ਸਬਜ਼ੀਆਂ ਸਰਦਾਰ ਜਵਾਲਾ ਸਿੰਘ ਦੇ ਫਾਰਮ ਤੋਂ ਆਉਂਦੀਆਂ ਹਨ। ਕਰਤਾਰ ਸਿੰਘ ਸਰਾਭਾ ਦੇ ਸਾਥੀ ਰੁਲੀਆ ਸਿੰਘ (ਜੋ ਉਨ੍ਹਾਂ ਦੇ ਪਿੰਡ ਦਾ ਹੀ ਸੀ), ਸੋਹਣ ਸਿੰਘ ਭਕਨਾ, ਪ੍ਰਿਥੀ ਸਿੰਘ, ਹਰਨਾਮ ਸਿੰਘ ਟੁੰਡੀਲਾਟ ਤੇ ਲਾਲਾ ਹਰਦਿਆਲ ਵਰਗੇ ਆਗੂ ਮੰਗੂ ਰਾਮ ਦੇ ਸਾਥੀ ਸਨ।
ਬਾਬੂ ਮੰਗੂ ਰਾਮ ਮੈਬਰਿਕ ਜਹਾਜ ਵਿਚ ਸਫ਼ਰ ਕਰ ਰਹੇ ਸਨ, ਜਦੋਂ ਉਨ੍ਹਾਂ ਦਾ ਜਹਾਜ ਵੇਰਾਕਰੂਜ਼ ਬੰਦਰਗਾਹ ‘ਤੇ ਪਹੁੰਚਿਆਂ, ਦੋ ਅਮਰੀਕੀ ਜਹਾਜਾਂ ‘ਕੇਂਡ’ ਤੇ ‘ਰੇਨਬੋ’ ਨੇ ਘੇਰਾ ਪਾ ਕੇ ਜਹਾਜ ਦੀ ਤਲਾਸ਼ੀ ਲਈ। ਅਸਲ ਵਿਚ ਜਹਾਜ ਵਿਚ ਬ੍ਰਿਟਿਸ਼ ਸਰਕਾਰ ਦੇ ਖੁਫ਼ੀਆ ਵਿਭਾਗ ਦਾ ਇਕ ਬੰਦਾ ਸਫ਼ਰ ਕਰ ਰਹੇ ਸਭ ਮੁਸਾਫ਼ਿਰਾਂ ‘ਤੇ ਨਜ਼ਰ ਰੱਖ ਰਿਹਾ ਸੀ। ਮੈਬਰਿਕ ਦੇ ਸਫ਼ਰ ਦੌਰਾਨ ਹੀ ਉਹ ਵੇਰਾਕਰੂਜ ਬੰਦਰਗਾਹ ਤੇ ਆਪਣਾ ਖਾਣ-ਪੀਣ ਦਾ ਰਾਸ਼ਨ ਲੈਣ ਲਈ ਪਹੁੰਚੇ। ਸ਼ੱਕ ਦੀ ਬੁਨਿਆਦ ‘ਤੇ ਅਮਰੀਕੀ ਸਰਕਾਰ ਨੇ ਉਨ੍ਹਾਂ ਨੂੰ 10 ਦਿਨ ਤੱਕ ਜੇਲ੍ਹ ਵਿਚ ਰੱਖਿਆ। ਇਹ ਜਹਾਜ ਕਈ ਟਾਪੂਆਂ ਤੋਂ ਹੁੰਦਾ ਹੋਇਆ ਬਤਾਵੀਆ ਦੀ ਬੰਦਰਗਾਹ ‘ਤੇ ਪਹੁੰਚਿਆ। ਉਥੇ ਪੁੱਜਦੇ ਸਾਰ ਕਈ ਜਪਾਨੀ ਜਹਾਜ ਆਏ ਤੇ ਉਨ੍ਹਾਂ ਜਹਾਜ ਸਮੇਤ ਬਾਬੂ ਮੰਗੂ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ। ਕੈਲੀਫੋਰਨੀਆ ਵਿਚ ਉਨ੍ਹਾਂ ‘ਤੇ ਮੁਕੱਦਮਾ ਚਲਾਇਆ ਗਿਆ। ਫੈਸਲਾ ਇਹ ਸੁਣਾਇਆ ਗਿਆ ਕਿ ਜਹਾਜ ਵਿਚ ਜਿਹੜੇ ਪੰਜ ਭਾਰਤੀ ਸਨ, ਉਨ੍ਹਾਂ ਨੂੰ ਦੂਜੇ ਦਿਨ 10 ਵਜੇ ਫਾਂਸੀ ਲਾ ਦਿਤੀ ਜਾਵੇਗੀ। ਜਰਮਨ ਦੇ ਕੁਝ ਦੂਤਾਂ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਨ੍ਹਾਂ ਭਾਰਤੀਆਂ ਨੂੰ ਬਚਾਉਣ ਲਈ ਚਾਰਾਜੋਈ ਕੀਤੀ। ਉਨ੍ਹਾਂ ਨੂੰ ਰਾਤ ਨੂੰ ਕੋਈ 12 ਵਜੇ ਦੇ ਕਰੀਬ ਜਹਾਜ ਵਿਚੋਂ ਕੱਢ ਕੇ ਅਲੱਗ-ਅਲੱਗ ਜਗ੍ਹਾ ਤੇ ਭੇਜ ਦਿੱਤਾ ਗਿਆ। ਬਾਬੂ ਮੰਗੂ ਰਾਮ ਨੂੰ ਮਨੀਲਾ ਭੇਜਿਆ ਗਿਆ।
ਜਹਾਜੀ ਸਫ਼ਰ ਸਮੇਂ ਬਾਬੂ ਮੰਗੂ ਰਾਮ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਜਿਸ ਜਹਾਜ ਵਿਚ ਉਹ ਮਨੀਲਾ ਜਾ ਰਹੇ ਸਨ, ਸਮੁੰਦਰ ਵਿਚ ਤੂਫ਼ਾਨ ਉਠਣ ਅਤੇ ਖਰਾਬ ਮੌਸਮ ਕਾਰਨ ਮਨੀਲਾ ਦੀ ਥਾਂ ਸਿੰਘਾਪੁਰ ਪਹੁੰਚ ਗਿਆ। ਜਹਾਜ ਵਿਚੋਂ ਉਹ ਅਜੇ ਉਤਰੇ ਨਹੀਂ ਸਨ ਕਿ ਉਨ੍ਹਾਂ ਦੀ ਨਜ਼ਰ ਬੰਦਰਗਾਹ ‘ਤੇ ਖੜ੍ਹੇ ਦੋ ਭਾਰਤੀਆਂ ‘ਤੇ ਪਈ। ਇਨ੍ਹਾਂ ਵਿਚੋਂ ਇਕ ਦਾ ਨਾਂ ਬੇਲਾ ਸਿੰਘ (ਪਿੰਡ ਜਿਆਣ, ਜ਼ਿਲ੍ਹਾ ਹੁਸ਼ਿਆਰਪੁਰ) ਤੇ ਦੂਜੇ ਦਾ ਨਾਂ ਭਾਗ ਸਿੰਘ (ਪਿੰਡ ਮਾਣਕੋ, ਜ਼ਿਲ੍ਹਾ ਜਲੰਧਰ) ਸੀ। ਇਨ੍ਹਾਂ ਗੱਦਾਰਾਂ ਵਲੋਂ ਸੂਹ ਦੇਣ ਕਾਰਨ ਬਾਬੂ ਮੰਗੂ ਰਾਮ ਨੂੰ ਪੁਲਿਸ ਨੇ ਫੜ ਲਿਆ ਤੇ ਕਿਲ੍ਹੇ ਵਿਚ ਲੈ ਗਏ। ਉਥੇ ਉਨ੍ਹਾਂ ਨੂੰ ਤੋਪ ਅੱਗੇ ਖੜ੍ਹਾ ਦਿੱਤਾ ਗਿਆ। ਪੁਲਿਸ ਅਸਲ ਵਿਚ ਉਸ ਦੇ ਸਾਥੀਆਂ ਬਾਰੇ ਜਾਣਨਾ ਚਾਹੁੰਦੀ ਸੀ। ਪਿਛੋਂ ਉਨ੍ਹਾਂ ਨੂੰ ਫਿਰ ਮਨੀਲਾ ਜਾਣ ਵਾਲੇ ਜਹਾਜ ਵਿਚ ਬਿਠਾ ਦਿੱਤਾ ਗਿਆ। ਇਸ ਤਰ੍ਹਾਂ ਉਹ ਤੀਜੇ ਦਿਨ ਮਨੀਲਾ ਪੁੱਜੇ। ਜਹਾਜ ਤੋਂ ਉਤਰਦਿਆਂ ਹੀ ਉਨ੍ਹਾਂ ਨੂੰ ਭਾਰਤੀ ਤੇ ਜਰਮਨੀ ਦੇ ਕੁਝ ਬੰਦੇ ਮਿਲੇ। ਉਹ ਬਾਬੂ ਮੰਗੂ ਰਾਮ ਨੂੰ ਇਕ ਹੋਟਲ ਵਿਚ ਲੈ ਗਏ। ਉਥੇ ਪਏ ਅਖ਼ਬਾਰ ‘ਮਨੀਲਾ ਟਾਈਮਜ਼’ ਦੀ ਮੋਟੀ ਖ਼ਬਰ ਸੀ ਕਿ ਮੰਗੂ ਰਾਮ ਨੂੰ ਤੋਪ ਨਾਲ ਉਡਾ ਦਿੱਤਾ ਗਿਆ ਹੈ। ਇਹ ਖ਼ਬਰ ਸਭ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਗਈ। ਇਹ ਖਬਰ ਪਾਰਟੀ ਦੇ ਦਫ਼ਤਰ ਅਤੇ ਫਿਰ ਪਿੰਡ ਮੁੱਗੋਵਾਲ ਉਨ੍ਹਾਂ ਦੇ ਘਰ ਵੀ ਪਹੁੰਚ ਗਈ। ਬਾਅਦ ਵਿਚ ਮੰਗੂ ਰਾਮ ਦੀ ਪਤਨੀ ਨੂੰ ਉਨ੍ਹਾਂ ਦੇ ਸਕੇ ਭਰਾ ਦੇ ਬਿਠਾ ਵਿਆਹ ਦਿੱਤਾ ਗਿਆ।
ਗਦਰ ਪਾਰਟੀ ਨੂੰ ਜਦ ਉਨ੍ਹਾਂ ਦੀਆਂ ਮੁਸੀਬਤਾਂ ਦਾ ਪਤਾ ਲੱਗਾ ਤਾਂ ਉਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਇਕ ਫਿਲਪੀਨੀ ਪਰਿਵਾਰ ਨਾਲ ਕਰ ਦਿੱਤਾ। ਇਸ ਪਰਿਵਾਰ ਕੋਲ ਉਹ ਕੋਈ ਇਕ ਮਹੀਨਾ ਰਹੇ, ਪਰ ਇਸ ਟਿਕਾਣੇ ਦਾ ਬ੍ਰਿਟਿਸ਼ ਸਰਕਾਰ ਨੂੰ ਪਤਾ ਲੱਗ ਗਿਆ। ਇਸ ਤੋਂ ਬਾਅਦ ਉਹ ਪੰਡਤ ਮਾਧੋ ਰਾਮ ਬੱਦੋਵਾਲ (ਜ਼ਿਲ੍ਹਾ ਲੁਧਿਆਣਾ) ਤੇ ਸ਼ ਜਵਾਲਾ ਸਿੰਘ ਖੁਰਦਪੁਰ (ਜ਼ਿਲ੍ਹਾ ਜਲੰਧਰ) ਕੋਲ ਰਹੇ। ਉਥੇ ਉਹ ਤਕਰੀਬਨ ਇਕ ਸਾਲ ਤੱਕ ਰਹੇ ਅਤੇ ਫਿਰ ਮਨੀਲਾ ਮੁੜ ਗਏ। ਉਹ ਜੰਗਲ ਵਿਚ ਕੋਈ ਦੋ ਸਾਲ ਆਦਿ ਵਾਸੀਆਂ ਕੋਲ ਰਹੇ। ਉਸੇ ਸਮੇਂ ਦੌਰਾਨ ਮੈਬਰਿਕ ਤੇ ਐਨੀ ਲਾਰਸਨ ਸਮੁੰਦਰੀ ਜਹਾਜ ਵਿਚ ਹਥਿਆਰ ਲਿਜਾਣ ‘ਤੇ ਕੈਲੀਫੋਰਨੀਆ ਵਿਚ ਨਾਰਦਰਨ ਡਿਸਟ੍ਰਿਕਟ ਕੋਰਟ ਵਿਚ 20 ਨਵੰਬਰ 1917 ਨੂੰ ਕੇਸ ਚੱਲ ਪਿਆ। ਇਸ ਮੁਕੱਦਮੇ ਦੀ ਸੁਣਵਾਈ ਕੋਈ 80 ਦਿਨ ਅਪਰੈਲ 1918 ਤੱਕ ਚੱਲੀ। ਇਸ ਮੁਕੱਦਮੇ ਦਾ ਪੂਰਾ ਨਾਮ ‘ਹਿੰਦੂ ਜਰਮਨ ਸਾਜ਼ਿਸ਼ ਕੇਸ-1915’ ਹੈ। ਇਸ ਕੇਸ ਦੀ ਫਾਈਲ ਦੇ ਅਰੰਭ ਵਿਚ ਜਰਮਨਾਂ, ਆਇਰਸ਼ ਸੁਤੰਤਰਤਾ ਸੰਗਰਾਮੀਆਂ ਤੋਂ ਬਾਅਦ ਭਾਰਤੀ ਕ੍ਰਾਂਤੀਕਾਰੀਆਂ ਦੇ ਨਾਮ ਹਨ। ਇਨ੍ਹਾਂ ਵਿਚ ਬਾਬੂ ਮੰਗੂ ਰਾਮ ਦਾ ਨਾਂ ਵੀ ਦਰਜ ਹੈ। ਇਸ ਅਦਾਲਤੀ ਕਾਰਵਾਈ ‘ਤੇ ਮਾਰਚ 1917 ਦੇ ਪਹਿਲੇ ਸੋਮਵਾਰ ਦੀ ਮਿਤੀ ਦਰਜ ਹੈ।
ਅਮਰੀਕਾ ਦੀ ਫੌਜਦਾਰੀ ਦੰਡਾਵਲੀ ਦੀ ਧਾਰਾ 13 ਦਾ ਦੋਸ਼ ਬਾਬੂ ਮੰਗੂ ਰਾਮ ਉਤੇ ਲਾ ਕੇ 7 ਜੁਲਾਈ 1917 ਨੂੰ ਸੰਮਨ ਜਾਰੀ ਕੀਤਾ ਗਿਆ। ਇਸ ਵਿਚ ਜੱਜ ਵਲੋਂ ਆਦੇਸ਼ ਦਿੱਤਾ ਗਿਆ ਹੈ ਕਿ ਮੰਗੂ ਰਾਮ ਨੂੰ ਫੜ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇ। ਇਸ ਤਰ੍ਹਾਂ 11 ਅਕਤੂਬਰ 1917 ਨੂੰ ਅਟਾਰਨੀ ਨੇ ਅਟਾਰਨੀ ਜਨਰਲ ਵਾਸ਼ਿੰਗਟਨ ਨੂੰ ਸੈਨ ਫਰਾਂਸਿਸਕੋ ਤੋਂ ਤਾਰ ਰਾਹੀਂ ਸੂਚਨਾ ਦਿੱਤੀ- “ਤੁਹਾਡੀ ਤਾਰ ਦੇ ਜਵਾਬ ਵਿਚ ਮੰਗੂ ਰਾਮ ਨੇ ਹਕੀਕਤਾਂ ਦਾ ਬਿਆਨ ਕਰ ਦਿੱਤਾ ਹੈ ਅਤੇ ਤਸਦੀਕਸ਼ੁਦਾ ਦੋਸ਼ ਪੱਤਰ (ਕਾਨੂੰਨੀ ਕਾਰਵਾਈ) ਦੀ ਨਕਲ ਯੂਨਾਈਟਿਡ ਸਟੇਟਸ ਅਟਾਰਨੀ ਸਦਰਨ ਡਿਸਟ੍ਰਿਕਟ, ਫਲੋਰੀਡਾ ਨੂੰ ਭੇਜੀ ਹੈ।”
ਦੱਸਣਾ ਜ਼ਰੂਰੀ ਹੈ ਕਿ ਮੰਗੂ ਰਾਮ ਦੀ ਸੀæਆਈæਡੀæ ਫਾਈਲ (ਨੰਬਰ 1273 ਆਫ 1915) ਅਨੁਸਾਰ ਉਹ ਸਤੰਬਰ 1915 ਤੱਕ ਅਮਰੀਕਾ ਵਿਚ ਸਨ, ਜਦਕਿ ਉਹ 24 ਅਪਰੈਲ 1915 ਨੂੰ ਲਾਸ ਏਂਜਲਸ ਤੋਂ ਆਪਣੇ ਮਿਸ਼ਨ ਲਈ ਹਿੰਦੋਸਤਾਨ ਰਵਾਨਾ ਹੋ ਚੁੱਕੇ ਸਨ। ਉਹ ਆਪਣੇ ਦੂਜੇ ਚਾਰ ਸਾਥੀਆਂ ਹਰੀ ਸਿੰਘ ਬੱਦੋਵਾਲ, ਗੰਭੀਰ ਸਿੰਘ, ਚਰਨ ਦਾਸ ਤੇ ਹਰਨਾਮ ਚੰਦ ਜਿਨ੍ਹਾਂ ਨੇ ਭਾਰਤ ਆਉਣ ਲਈ ਫ਼ਰਜ਼ੀ ਨਾਂ ਰੱਖੇ ਹੋਏ ਸਨ, ਨਾਲ ਫਾਈਲ ਦੇ ਰਿਕਾਰਡ ਅਨੁਸਾਰ 10 ਅਪਰੈਲ 1915 ਨੂੰ ਸੈਨ ਫਰਾਂਸਿਸਕੋ ਤੋਂ ਲਾਸ ਏਂਜਲਸ ਲਈ ਰਵਾਨਾ ਹੋਏ ਸਨ। ਇਸੇ ਤਰ੍ਹਾਂ ਹੀ ਵਰੰਟੀ/ਸੰਮਨ (ਨੰਬਰ ਇਕ) 7 ਜੁਲਾਈ 1917 ਅਤੇ 11 ਅਕਤੂਬਰ 1917 ਦੀ ਤਾਰ ਸੀæਆਈæਡੀæ ਮਹਿਕਮੇ ਦੀ ਨਾਲਾਇਕੀ ਜ਼ਾਹਿਰ ਕਰਦੀ ਹੈ। ਇਸ ਦੇ ਨਾਲ ਹੀ ਇਹ ਗਦਰ ਪਾਰਟੀ ਦੇ ਆਪਣੇ ਖੁਫ਼ੀਆ ਤੰਤਰ ਦੀ ਹੁਸ਼ਿਆਰੀ ਨੂੰ ਵੀ ਦਰਸਾਉਂਦੀ ਹੈ।
ਕੇਸ ਦੇ ਵੇਰਵੇ ਅਨੁਸਾਰ (ਨਿਆਂ ਵਿਭਾਗ ਯੂæਐਸ਼ ਮਾਰਸ਼ਲ ਦਾ ਦਫ਼ਤਰ, ਵਾਸ਼ਿੰਗਟਨ ਦਾ ਪੱਛਮੀ ਜ਼ਿਲ੍ਹਾ 7 ਮਾਰਚ 1917 ਦਾ ਪੱਤਰ) ਐਨੀ ਲਾਰਸਨ ਵਿਚ ਰਾਈਫਲਾਂ ਦੇ 554 ਬਕਸੇ (ਲਗਭਗ 7 ਜਾਂ 8 ਹਜ਼ਾਰ ਸੰਗੀਨਾਂ ਵਾਲੀਆਂ ਕਾਰਬਾਈਨਾਂ), ਕਾਰਤੂਸਾਂ ਦੇ ਲਗਭਗ 3773 ਬਕਸੇ ਜਿਨ੍ਹਾਂ ਵਿਚ ਲਗਭਗ 3,5000,000 ਗੋਲੀਆਂ ਹਨ, ਕਾਰਤੂਸ ਪੇਟੀਆਂ ਦੇ ਲਗਭਗ 10 ਬਕਸੇ ਤੇ ਹਰ ਬਕਸੇ ਵਿਚ 200 ਜਾਂ 300 ਕਾਰਤੂਸ ਪੇਟੀਆਂ ਹਨ ਅਤੇ 45 ਬੋਰ ਦੇ ਪਿਸਤੌਲ ਜਿਨ੍ਹਾਂ ਦੀ ਗਿਣਤੀ ਪਤਾ ਨਹੀਂ ਹੈ। ਇਸ ਤੋਂ ਇਲਾਵਾ, ਗਦਰ ਲਹਿਰ ਦੀ ਤਰਥੱਲੀ ਮਚਾਉਣ ਵਾਲਾ ਸਾਹਿਤ ਸੀ। ਬਾਬੂ ਮੰਗੂ ਰਾਮ ਮੁਤਾਬਕ ਜਹਾਜ ਵਿਚ ਗਦਰ ਅਖਬਾਰ ਦੀਆਂ ਵੀਹ ਹਜ਼ਾਰ ਕਾਪੀਆਂ ਸਨ। ਇਹ ਸਾਰਾ ਅਸਲਾ ਤੇ ਬਾਰੂਦ ਜੱਜਾਂ ਦੇ ਦਸਤਖ਼ਤਾਂ ਮਗਰੋਂ ਵੇਚ ਦਿੱਤਾ ਗਿਆ।
ਉਸ ਸਮੇਂ ਦੀ ਪ੍ਰਸਿੱਧ ਅਖਬਾਰ ‘ਸੈਨ ਫਰਾਂਸਿਸਕੋ ਕਰੋਨੀਕਲ’ ਦੇ 22 ਅਪਰੈਲ 1918 ਵਾਲੇ ਮੁੱਖ ਪੰਨੇ ਦੇ ਸਿਖਰ ਉਤੇ ਮੋਟੇ ਅੱਖਰਾਂ ਵਿਚ ਸੁਰਖੀ ਹੈ- ‘3,000,000 ਇਜ਼ ਕੋਸਟ ਆਫ਼ ਪ੍ਰੋਸਿਕਿਊਟਿੰਗ ਹਿੰਦੂਸ ਪਲੌਟ ਕੇਸ’, ਅਤੇ ਦੂਜੀ ਛੋਟੀ ਸੁਰਖੀ ਹੈ- ‘ਯੂæਐਸ਼ ਕੈਨ ਗੈਟ ਓਨਲੀ ਸਮਾਲ ਪਾਰਟ ਬੈਕ’। ਕਹਿਣ ਦਾ ਮਤਲਬ ਹੈ ਕਿ ਇਹ ਦੁਨੀਆਂ ਦਾ ਸਭ ਤੋਂ ਮਹਿੰਗਾ ਮੁਕੱਦਮਾ ਸੀ ਜਿਸ ਉਤੇ ਅਮਰੀਕੀ ਤੇ ਬਰਤਾਨਵੀ ਸਰਕਾਰਾਂ ਨੇ ਮਿਲ ਕੇ ਬਹੁਤ ਵੱਡਾ ਖਰਚ ਕੀਤਾ।
ਇਥੇ ਇਹ ਜ਼ਿਕਰ ਵੀ ਜ਼ਰੂਰੀ ਹੈ ਕਿ ਪ੍ਰਧਾਨ ਵੁਡਰੋ ਵਿਲਸਨ ਦੀ ਕ੍ਰਾਂਤੀਕਾਰੀਆਂ ਪ੍ਰਤੀ ਸੁਹਿਰਦਤਾ ਕਾਰਨ ਤੇ ਉਸ ਤੋਂ ਮਗਰੋਂ ਦੀ ਸਰਕਾਰ ਨੇ ਇਸ ਮੁਕੱਦਮੇ ਨੂੰ ਨਾ ਚਲਾਉਣ ਲਈ ਬਹੁਤ ਸਮਾਂ ਟਾਲਿਆ, ਪਰ ਦਬਾਅ ਵਧਣ ਕਾਰਨ ਇਹ ਮੁਕੱਦਮਾ ਚਲਾਇਆ ਗਿਆ।
ਮੈਬਰਿਕ ਅਤੇ ਐਨੀ ਲਾਰਸਨ ਜਹਾਜ ਨਾਲ ਸਬੰਧਤ ‘ਹਿੰਦੂ ਜਰਮਨ ਸਾਜ਼ਿਸ਼ ਕੇਸ’ ਅਪਰੈਲ 1918 ਵਿਚ ਸਮਾਪਤ ਹੋ ਗਿਆ। ਸੰਸਾਰ ਦੀ ਪਹਿਲੀ ਵੱਡੀ ਜੰਗ ਵੀ 11 ਨਵੰਬਰ 1918 ਨੂੰ ਖਤਮ ਹੋ ਗਈ। ਪ੍ਰਿੰਸ ਆਫ ਵੇਲਜ਼ ਜੋ ਜਾਰਜ ਪੰਜਵੇਂ ਦਾ ਪੁੱਤਰ ਸੀ, ਨੇ 1921 ਤੋਂ 1922 ਦੇ ਦੌਰਾਨ ਭਾਰਤ ਸਮੇਤ ਪੂਰੇ ਪੂਰਬ ਏਸ਼ੀਆ ਦਾ ਦੌਰਾ ਕੀਤਾ। ਮਈ 1922 ਨੂੰ ਉਹਨੇ ਪੂਰਬੀ ਏਸ਼ੀਆ ਦੇ ਦੇਸ਼ ਫਿਲਪੀਨਜ਼ ਦਾ ਦੌਰਾ ਕੀਤਾ। ਉਸ ਸਮੇਂ ਬਾਬੂ ਮੰਗੂ ਰਾਮ ‘ਮਿæ ਜੌਹਨਸਨ ਐਂਡ ਮਾਰਸੂਲ ਫੀਲਡ ਕੰਪਨੀ’ (ਜਿਸ ਦਾ ਸ਼ਿਕਾਗੋ ਵਿਚ ਵਿਭਾਗੀ ਭੰਡਾਰ ਵੀ ਹੈ), ਵਿਚ ਨੌਕਰੀ ਕਰਦੇ ਸਨ ਤੇ ਫੈਕਟਰੀ ਵਿਚ ਹੀ ਰਹਿੰਦੇ ਸਨ। ਕੋਈ ਇਕ ਸਾਲ ਨੌਕਰੀ ਕਰਨ ਉਪਰੰਤ ਫੈਕਟਰੀ ਦੇ ਮਾਲਕ ਨੂੰ ਪਤਾ ਲੱਗ ਗਿਆ ਕਿ ਉਹ ਗਦਰ ਪਾਰਟੀ ਦਾ ਆਦਮੀ ਹੈ। ਉਨ੍ਹਾਂ ਨੂੰ 6 ਮਹੀਨੇ ਲਈ ਨਜ਼ਰਬੰਦ ਕਰ ਲਿਆ ਗਿਆ।
13 ਮਈ 1922 ਨੂੰ ਪੋਲੋ ਖੇਡਦਿਆਂ ਪ੍ਰਿੰਸ ਆਫ਼ ਵੇਲਜ਼ ਦੀ ਸੱਜੀ ਅੱਖ ਜ਼ਖਮੀ ਹੋ ਗਈ ਤੇ ਉਹ ਅਗਲੇ ਹੀ ਦਿਨ ਇੰਗਲੈਂਡ ਰਵਾਨਾ ਹੋ ਗਿਆ, ਪਰ ਬਾਬੂ ਮੰਗੂ ਰਾਮ ਨੂੰ ਪ੍ਰਿੰਸ ਦੇ ਜਾਣ ਮਗਰੋਂ ਵੀ ਜੇਲ੍ਹ ਵਿਚੋਂ ਨਾ ਛੱਡਿਆ। ਬਰਤਾਨੀਆ ਸਰਕਾਰ ਦੀ ਨਜ਼ਰ ਵਿਚ ਉਹ ਅਜੇ ਵੀ ਖਤਰਨਾਕ ਕ੍ਰਾਂਤੀਕਾਰੀ ਸੀ।
ਭਾਰਤ ਦੇ ਇਤਿਹਾਸਕਾਰ, ਸਾਹਿਤਕਾਰ ਤੇ ਬੁੱਧੀਜੀਵੀ 1857 ਦੇ ਪਹਿਲੇ ਗਦਰ ਅਤੇ 1913-15 ਵਾਲੇ ਗਦਰ ਨੂੰ ਇਕ ਲੜੀ ਵਿਚ ਹੀ ਮੰਨਦੇ ਹਨ। ਦੋਹਾਂ ਵਿਚਕਾਰ ਫਰਕ ਸਿਰਫ ਇੰਨਾ ਸੀ ਕਿ ਪਹਿਲੇ ਗਦਰ ਵਿਚ ਭਾਰਤੀ ਕ੍ਰਾਂਤੀਕਾਰੀ ਹਥਿਆਰ ਚੁੱਕ ਕੇ ਲਾਮਬੰਦ ਹੋਏ ਅਤੇ ਦੂਜੇ ਗਦਰ ਵਿਚ ਭਾਰਤੀ ਕ੍ਰਾਂਤੀਕਾਰੀ ਦੂਜੇ ਦੇਸਾਂ ਵਿਚ ਖਾਸ ਕਰ ਕੇ ਅਮਰੀਕਾ ਵਿਚ ਲਾਮਬੰਦ ਹੋਏ। ਦੋਹਾਂ ਗਦਰਾਂ ਵਿਚ ਦਲਿਤ ਸਮਾਜ ਨਾਲ ਸਬੰਧਤ ਲੋਕਾਂ ਨੇ ਵੀ ਕਾਫ਼ੀ ਗਿਣਤੀ ਵਿਚ ਕੁਰਬਾਨੀਆਂ ਦਿੱਤੀਆਂ ਅਤੇ ਫਾਂਸੀ ਦੇ ਰੱਸੇ ਚੁੰਮੇ ਪਰ ਇਹ ਵੱਡੀ ਤ੍ਰਾਸਦੀ ਰਹੀ ਕਿ ਦਲਿਤ ਵਰਗ ਨਾਲ ਸਬੰਧਤ ਗਦਰੀਆਂ ਦੀ ਗੱਲ ਮੁਕਾਬਲਤਨ ਘੱਟ ਹੋਈ। ਇਨ੍ਹਾਂ ਵਿਚ ਮੰਗੂ ਰਾਮ ਵੀ ਸ਼ਾਮਲ ਹਨ। ਇਸੇ ਤਰ੍ਹਾਂ 1857 ਦੇ ਗਦਰ ਵਿਚ ਅਨੇਕਾਂ ਹੀ ਦਲਿਤ ਕ੍ਰਾਂਤੀਕਾਰੀ ਹਨ, ਜਿਵੇਂ ਗੰਗੂ ਮਿਹਤਰ, ਬੱਲੂ ਮਿਹਤਰ, ਬਾਂਕੇ ਲਾਲ, ਚੇਤ ਰਾਮ ਜਾਟਵ, ਮੰਗਾ ਬਖਸ਼ ਪਾਸੀ, ਬੀਰਾ ਪਾਸੀ ਤੇ ਹੋਰ ਜਿਨ੍ਹਾਂ ਕੁਰਬਾਨੀਆਂ ਦਿੱਤੀਆਂ। ਇਨ੍ਹਾਂ ਤੋਂ ਇਲਾਵਾ ਅਨੇਕਾਂ ਦਲਿਤ ਕ੍ਰਾਂਤੀਕਾਰੀ ਇਸਤਰੀਆਂ ਨੇ ਵੀ ਇਸ ਗਦਰ ਲਹਿਰ ਵਿਚ ਕੁਰਬਾਨੀਆਂ ਦਿੱਤੀਆਂ, ਜਿਵੇਂ ਮਹਾਂਵੀਰੀ ਦੇਵੀ ਭੰਗੀ ਤੇ ਉਸ ਦੀਆਂ 22 ਭੰਗੀ ਸਾਥਣਾਂ ਅੰਗਰੇਜ਼ਾਂ ਉਤੇ ਹਮਲਾ ਕਰਦੀਆਂ ਸ਼ਹੀਦ ਹੋਈਆਂ ਸਨ। ਝਲਕਾਰੀ ਬਾਈ, ਮੁਫ਼ਤਫਾ ਬੇਗਮ, ਉਦਾਬਾਈ ਪਾਸੀ ਆਦਿ ਦੀਆਂ ਕੁਰਬਾਨੀਆਂ ਨੂੰ ਖੋਜ ਕੇ ਇਤਿਹਾਸ ਦੇ ਪੰਨਿਆਂ ‘ਤੇ ਲਿਆਉਣ ਦੀ ਜ਼ਰੂਰਤ ਹੈ।
ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਗਦਰ ਲਹਿਰ ਦਾ ਸ਼ਾਨਾਂਮੱਤਾ, ਗੌਰਵਮਈ, ਵਿਲੱਖਣ ਤੇ ਸੁਨਹਿਰਾ ਇਤਿਹਾਸ ਹੈ। ਉਸ ਦੀਆਂ ਸਿਰ-ਧੜ ਦੀ ਬਾਜ਼ੀ ਲਾਉਣ ਦੀਆਂ ਜੁਝਾਰੂ ਤੇ ਕ੍ਰਾਂਤੀਕਾਰੀ ਸਰਗਰਮੀਆਂ ਦੀ ਵਿੱਲਖਣ ਭੂਮਿਕਾ ਹੈ। ਲੋਕਤੰਤਰੀ, ਸਮਾਜਵਾਦੀ, ਭਾਰਤੀ ਰਾਸ਼ਟਰਵਾਦ, ਧਰਮ ਨਿਰਖੇਪ ਤੇ ਸਮਾਜਕ ਸਮਰੱਥਾ ਦੀ ਵਿਚਾਰਧਾਰਾ ਭਾਰਤ ਵਾਸੀਆਂ ਲਈ ਅਤਿ ਮਹੱਤਵਪੂਰਨ ਵਿਰਸਾ ਤੇ ਵਿਰਾਸਤ ਹੈ। ਅਜਿਹੀ ਲੋਕ ਪੱਖੀ ਤੇ ਮਾਨਵਵਾਦੀ ਚੇਤਨਾ ਭਰਪੂਰ ਗੁਲਾਮੀ ਤੇ ਆਜ਼ਾਦੀ ਨੂੰ ਪਰਿਭਾਸ਼ਤ ਕਰਦੀ ਵਿਚਾਰਧਾਰਾ ਨੇ, ਅਜੇ ਵੀ ਭਾਰਤ ਦੇ ਮੁੱਖਧਾਰਾ ਵਾਲੇ ਇਤਿਹਾਸ ਵਿਚ ਸਥਾਨ ਪ੍ਰਾਪਤ ਕਰਨਾ ਹੈ। ਇਸ ਦ੍ਰਿਸ਼ਟੀ ਤੋਂ ਕਈ ਚਿੰਤਕਾਂ, ਬੁੱਧੀਜੀਵੀਆਂ ਤੇ ਇਤਿਹਾਸਕਾਰਾਂ ਦਾ ਮੱਤ ਹੈ ਕਿ ਭਾਰਤ ਦੇ ਸੁਤੰਤਰਤਾ ਸੰਗਰਾਮ ਨੂੰ ਨਵੇਂ ਸਿਰਿਓਂ ਲਿਖਣ ਦੀ ਜ਼ਰੂਰਤ ਹੈ। ਇਸ ਦੇ ਨਾਲ ਇਹ ਸਵਾਲ ਵੀ ਉਭਰਦਾ ਹੈ ਕਿ ਘੱਟ-ਗਿਣਤੀ ਨਾਲ ਸਬੰਧਤ ਮੁਸਲਮਾਨ ਦੇਸ਼ ਭਗਤਾਂ ਅਤੇ ਦਲਿਤਾਂ ਦੀ ਗਦਰ ਲਹਿਰ ਵਿਚ ਸ਼ਮੂਲੀਅਤ ਤੇ ਮਹੱਤਵਪੂਰਨ ਭੂਮਿਕਾ ਨੂੰ ਬਣਦਾ ਸਥਾਨ ਦਿੱਤਾ ਜਾਵੇ ਜਿਨ੍ਹਾਂ ਦੇ ਕਾਰਨਾਮਿਆਂ ਨਾਲ ਸਰਕਾਰੀ ਤੇ ਗੈਰ-ਸਰਕਾਰੀ ਦਸਤਾਵੇਜ਼ ਭਰੇ ਪਏ ਹਨ। ‘ਹਿੰਦੂ ਮੰਚ ਬਲੀਦਾਨ ਅੰਕ’ (ਹਿੰਦੀ, ਸੰਪਾਦਕ ਕਮਲਾ ਦੱਤ ਪਾਂਡੇ ਤੇ ਪ੍ਰਸਤਾਵਨਾ ਰਾਮ ਵਿਲਾਸ ਸ਼ਰਮਾ) ਨੂੰ ਛੱਡ ਕੇ 1857 ਦੇ ਗਦਰ ਅਤੇ 1913-15 ਵਾਲੇ ਦਸਤਾਵੇਜ਼ਾਂ ਵਿਚ ਦਲਿਤਾਂ ਨੂੰ ਬਣਦਾ ਸਥਾਨ ਨਹੀਂ ਦਿੱਤਾ ਗਿਆ। ਉਂਜ ਵੀ ਗਦਰ ਲਹਿਰ ਨੂੰ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਇਹ ਤਾਂ ਸਮੁੱਚੇ ਦੇਸ਼ ਵਾਸੀਆਂ ਦੀ ਲਹਿਰ ਸੀ। ਇਸ ਲਹਿਰ ਵਿਚ ਦੇਸ਼ ਦੇ ਵੱਖ ਵੱਖ ਖਿੱਤਿਆਂ ਦੇ ਲੋਕ ਸ਼ਾਮਲ ਸਨ। ਕਈ ਇਤਿਹਾਸਕਾਰ ਤੇ ਬੁੱਧੀਜੀਵੀ ਇਸ ਲਹਿਰ ਨੂੰ ਨਿਰੋਲ ਸਿੱਖ ਲਹਿਰ ਦੱਸ ਕੇ ਇਸ ਨੂੰ ਪੰਜਾਬ ਤੱਕ ਸੀਮਤ ਰੱਖਣਾ ਚਾਹੁੰਦੇ ਹਨ ਜੋ ਗਲਤ ਧਾਰਨਾ ਹੈ। ਇਹ ਉਹ ਲਹਿਰ ਹੈ ਜਿਸ ਵਿਚ ਸ਼ਾਮਲ ਲੋਕਾਂ ਨੇ ਕੈਦਾਂ ਕੱਟੀਆਂ ਤੇ 10-10 ਹਜ਼ਾਰ ਡਾਲਰ ਜੁਰਮਾਨੇ ਭਰੇ, ਪਰ ਪ੍ਰਵਾਹ ਨਹੀਂ ਕੀਤੀ।
ਗਦਰ ਪਾਰਟੀ ਦੇ ਮਹਾਨ ਕ੍ਰਾਂਤੀਕਾਰੀ ਬਾਬੂ ਮੰਗੂ ਰਾਮ ਮੁੱਗੋਵਾਲ ਨੇ ਅਨੇਕਾਂ ਔਕੜਾਂ ਦਾ ਸਾਹਮਣਾ ਕੀਤਾ ਅਤੇ ਦੇਸ ਦੀ ਆਜ਼ਾਦੀ ਲਈ ਉਹ ਆਪਣੀ ਮੰਜ਼ਲ ਵੱਲ ਅੱਗੇ ਵਧਦੇ ਗਏ, ਕਦੀ ਵੀ ਹੌਸਲਾ ਨਹੀਂ ਹਾਰਿਆ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਵਲੋਂ ਸਮਾਜ ਲਈ ਕੀਤੇ ਸੰਘਰਸ਼ ਅਤੇ ਦੇਸ ਦੀ ਆਜ਼ਾਦੀ ਲਈ ਦਿੱਤੀ ਕੁਰਬਾਨੀ ਬਦਲੇ ਉਨ੍ਹਾਂ ਨੂੰ 15 ਅਗਸਤ 1972 ਵਿਚ ਤਾਮਰ ਪੱਤਰ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਦਾ ਦੇਹਾਂਤ 22 ਅਪਰੈਲ 1980 ਨੂੰ ਹੋਇਆ।