ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਧੂਰੀ ਵਿਧਾਨ ਸਭਾ ਦੀ ਉਪ ਚੋਣ ਵਿਚ ਫਤਿਹ ਹਾਸਲ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਵਿਚ ਬਹੁਮਤ ਹਾਸਲ ਕਰ ਲਿਆ ਹੈ। ਪਹਿਲਾਂ ਅਕਾਲੀ ਦਲ ਕੋਲ ਆਪਣੇ 58 ਵਿਧਾਇਕ ਸਨ ਅਤੇ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਲਈ ਇਸ ਨੂੰ ਇਕ ਵਿਧਾਇਕ ਦੀ ਲੋੜ ਸੀ ਜਿਸ ਨੂੰ ਧੂਰੀ ਜ਼ਿਮਨੀ ਚੋਣ ਨੇ ਪੂਰਾ ਕਰ ਦਿੱਤਾ ਹੈ।
ਇਸ ਜਿੱਤ ਨਾਲ ਅਕਾਲੀ ਦਲ, ਭਾਜਪਾ ਦੇ ‘ਚੁੰਗਲ’ ਵਿਚੋਂ ਵੀ ਆਜ਼ਾਦ ਹੋ ਗਿਆ ਹੈ। ਇਸ ਦੇ ਨਾਲ ਹੀ ਇਕ ਵਾਰ ਫਿਰ ਸ਼ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੀ ਗੱਦੀ ਨੇੜੇ ਲੱਗਣ ਲੱਗ ਪਈ ਹੈ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ (ਸੁਖਬੀਰ) ਦੇ ਮੁੱਖ ਮੰਤਰੀ ਬਣਨ ਦੇ ਰਾਹ ਵਿਚ ਭਾਜਪਾ ਹੀ ਵੱਡਾ ਰੋੜਾ ਹੈ। ਉਧਰ, ਭਾਜਪਾ ਨੂੰ ਵੀ ਐਤਕੀਂ ਅਕਾਲੀ ਦਲ ਦੀ ਜਿੱਤ ਦੇ ਸਿੱਟਿਆਂ ਬਾਰੇ ਪੂਰਾ ਗਿਆਨ ਸੀ। ਇਸ ਲਈ ਭਾਜਪਾ ਇਨ੍ਹਾਂ ਚੋਣਾਂ ਤੋਂ ਦੂਰ ਹੀ ਰਹੀ।
ਕਾਂਗਰਸ ਦਾ ਆਪਸੀ ਕਲੇਸ਼ ਤੇ ਆਮ ਆਦਮੀ ਪਾਰਟੀ ਦਾ ਇਸ ਚੋਣ ਤੋਂ ਲਾਂਭੇ ਰਹਿਣਾ ਅਕਾਲੀ ਦਲ ਦੇ ਹੱਕ ਵਿਚ ਭੁਗਤਿਆ। ਅਕਾਲੀ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਂਗਰਸ ਦੇ ਉਮੀਦਵਾਰ ਸਿਮਰ ਪ੍ਰਤਾਪ ਸਿੰਘ ਬਰਨਾਲਾ ਤੋਂ ਪਹਿਲੇ ਗੇੜ ਵਿਚ ਹੀ 4067 ਵੋਟਾਂ ਦੀ ਲੀਡ ਲੈ ਲਈ ਸੀ ਅਤੇ ਫਿਰ ਹਰ ਗੇੜ ਦੀ ਗਿਣਤੀ ਪਿੱਛੋਂ ਇਹ ਲੀਡ ਵਧਦੀ ਹੀ ਗਈ। ਆਖਰਕਾਰ ਉਨ੍ਹਾਂ ਸ਼ ਸਿਮਰ ਪ੍ਰਤਾਪ ਸਿੰਘ ਬਰਨਾਲਾ ਨੂੰ 37501 ਵੋਟਾਂ ਦੇ ਫਰਕ ਨਾਲ ਪਛਾੜ ਦਿੱਤਾ। ਕਾਂਗਰਸ ਨੂੰ ਇਹ ਆਸ ਉਕਾ ਨਹੀਂ ਸੀ ਕਿ ਇਸ ਹਾਰ ਦਾ ਫਰਕ ਇੰਨਾ ਜ਼ਿਆਦਾ ਹੋਵੇਗਾ। ਇਸ ਚੋਣ ਅਖਾੜੇ ਵਿਚ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸੁਰਜੀਤ ਸਿੰਘ ਕਾਲਾਬੂਲਾ, ਜੈ ਜਵਾਨ ਜੈ ਕਿਸਾਨ ਪਾਰਟੀ ਵੱਲੋਂ ਮਨਜੀਤ ਕੌਰ, ਸੀæਪੀæਆਈæ ਵੱਲੋਂ ਸੁਖਦੇਵ ਸ਼ਰਮਾ, ਆਜ਼ਾਦ ਉਮੀਦਵਾਰ ਵਜੋਂ ਵਿਕਰਮ ਸਿੰਘ ਧਨੌਲਾ, ਜ਼ੋਰਾ ਸਿੰਘ, ਰਣਜੀਤ ਭਸੀਨ, ਰਤਨ ਲਾਲ, ਗੁਰਮੀਤ ਸਿੰਘ ਪੇਧਨੀ, ਸਰਬਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਨਿੱਤਰੇ ਸਨ।
ਇਸ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੀ ਇਸ ਵੱਡੀ ਜਿੱਤ ਨੇ 2017 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਵੀ ਭਾਜਪਾ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ। ਕੇਂਦਰ ਵਿਚ ਸਰਕਾਰ ਬਣਨ ਪਿੱਛੋਂ ਭਾਜਪਾਈਆਂ ਵੱਲੋਂ ਅਕਾਲੀਆਂ ਨੂੰ ਲਗਾਤਾਰ ਅੱਖਾਂ ਵਿਖਾਈਆਂ ਜਾ ਰਹੀਆਂ ਸਨ ਤੇ ਲੋਕ ਸਭਾ ਚੋਣਾਂ ਵਿਚ ਅਕਾਲੀਆਂ ਦੀ ਮਾੜੀ ਕਾਰਗੁਜ਼ਾਰੀ ਵਿਚੋਂ ਪੰਜਾਬ ਵਿਚ ਆਪਣਾ ਸਿਆਸੀ ਭਵਿੱਖ ਵੇਖਿਆ ਜਾ ਰਿਹਾ ਸੀ। ਭਾਜਪਾ ਨੇ ਲੋਕ ਸਭਾ ਚੋਣਾਂ ਪਿੱਛੋਂ ਪੰਜਾਬ ਵਿਚ ਵੀ ਵੱਡੇ ਪੱਧਰ ‘ਤੇ ਮੈਂਬਰ ਭਰਤੀ ਮੁਹਿੰਮ ਛੇੜੀ ਹੋਈ ਹੈ ਤੇ ਕਿਆਸਅਰਾਈਆਂ ਸਨ ਕਿ ਭਾਜਪਾ ਆਪਣੇ ਦਮ ‘ਤੇ ਪੰਜਾਬ ਵਿਚ ਚੋਣਾਂ ਲੜੇਗੀ, ਪਰ ਧੂਰੀ ਚੋਣਾਂ ਨੇ ਅਕਾਲੀ ਦਲ ਦੀ ਲੱਤ ਫਿਰ ਉਤੇ ਕਰ ਦਿੱਤੀ ਹੈ। ਦੂਜੇ ਪਾਸੇ ਇਨ੍ਹਾਂ ਚੋਣਾਂ ਵਿਚ ਜਿੱਤ ਨਾਲ ਅਕਾਲੀ ਦਲ ਭਾਜਪਾ ਦੀ ਮੁਥਾਜੀ ਤੋਂ ਵੀ ਬਚ ਗਿਆ ਹੈ।
ਧੂਰੀ ਚੋਣ ਵਿਚ ਕਾਂਗਰਸ ਵੱਲੋਂ ਸਾਂਝੇ ਮੋਰਚੇ ਨਾਲ ਗੱਠਜੋੜ ਕਰ ਕੇ ਸਾਬਕਾ ਮੁੱਖ ਮੰਤਰੀ ਪੰਜਾਬ ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਸਿਮਰ ਪ੍ਰਤਾਪ ਸਿੰਘ ਬਰਨਾਲਾ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਨਵਾਂ ਚਿਹਰਾ ਲੋਕਾਂ ਅੱਗੇ ਲਿਆਂਦਾ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਤ ਵਾਰ ਚੋਣ ਲੜ ਕੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਤਜਰਬੇਕਾਰ ਆਗੂ ਗੋਬਿੰਦ ਸਿੰਘ ਲੌਂਗੋਵਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਕਾਂਗਰਸ ਤੇ ਸਾਂਝੇ ਮੋਰਚੇ ਦੇ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਸਿੰਘ ਵੱਲੋਂ ਇਕ ਸਟੇਜ ਉਤੇ ਇਕੱਠੇ ਹੋ ਕੇ ਪਾਰਟੀ ਨੂੰ ਇਕਮੁੱਠਤਾ ਦਾ ਪਾਠ ਤਾਂ ਪੜ੍ਹਾਇਆ ਗਿਆ, ਪਰ ਕੁਝ ਦਿਨਾਂ ਬਾਅਦ ਹੀ ਇਨ੍ਹਾਂ ਦੋਵੇਂ ਆਗੂਆਂ ਵਿਚਾਲੇ ਤਣਾਅ ਸਾਫ ਤੌਰ ਉਤੇ ਦਿਖਾਈ ਦਿੱਤਾ ਜਿਸ ਦਾ ਅਕਾਲੀਆਂ ਨੇ ਰੱਜ ਕੇ ਫਾਇਦਾ ਲਿਆ।
ਕਾਂਗਰਸ ਦਾ ਚੋਣ ਪ੍ਰਚਾਰ ਵੀ ਖਾਸਾ ਸੁਸਤ ਚਾਲ ਚੱਲਿਆ ਜਿਸ ਕਾਰਨ ਇਹ ਜ਼ਿਮਨੀ ਚੋਣ ਸਰਕਾਰ ਨਾਲ ਦੋਸਤਾਨਾ ਮੈਚ ਖੇਡਣ ਵਾਂਗ ਜਾਪੀ। ਕੁਝ ਕਾਂਗਰਸੀ, ਬਰਨਾਲਾ ਪਰਿਵਾਰ ਨੂੰ ਟਿਕਟ ਦੇਣ ਤੋਂ ਵੀ ਨਾਖੁਸ਼ ਹਨ। ਕਾਂਗਰਸ ਆਗੂਆਂ ਦਾ ਕਹਿਣਾ ਸੀ ਕਿ ਜੇ ਬਰਨਾਲਾ ਜਾਂ ਮਨਪ੍ਰੀਤ ਸਿੰਘ ਬਾਦਲ ਵਰਗਿਆਂ ਦੀ ਹੀ ਕਾਂਗਰਸ ਵਿਚ ਵੀ ਚੱਲਣੀ ਹੈ, ਤਾਂ ਫਿਰ ਉਹ ਸਿੱਧੇ ਅਕਾਲੀ ਦਲ ਵਿਚ ਕਿਉਂ ਨਾ ਜਾਣ। ਕਾਂਗਰਸ ਦੀ ਪਾਟੋਧਾੜ ਨੂੰ ਦੂਰ ਕਰਨ ਲਈ ਪਹਿਲਾਂ ਕੇਂਦਰੀ ਲੀਡਰਸ਼ਿਪ ਵੱਲੋਂ ਵੀ ਕੋਈ ਕਦਮ ਨਹੀਂ ਉਠਾਇਆ ਗਿਆ। ਬਾਅਦ ਵਿਚ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾæ ਸ਼ਕੀਲ ਅਹਿਮਦ ਨੇ ਕਈ ਕੋਸ਼ਿਸ਼ਾਂ ਕੀਤੀਆਂ ਪਰ ਇਹ ਕੋਸ਼ਿਸ਼ਾਂ ਵੀ ਪੰਜਾਬ ਕਾਂਗਰਸ ਦੀ ਧੜੇਬੰਦੀ ਨੂੰ ਤੋੜ ਨਾ ਸਕੀਆਂ।
ਕਾਂਗਰਸ ਦੇ ਧੂਰੀ ਤੋਂ ਅਧਵਾਟੇ ਅਸਤੀਫ਼ਾ ਦੇ ਗਏ ਵਿਧਾਇਕ ਅਰਵਿੰਦ ਖੰਨਾ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਗੋਬਿੰਦ ਸਿੰਘ ਨੂੰ 12473 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਇਸ ਚੋਣ ਵਿਚ ਕਾਂਗਰਸ ਨੂੰ 51536 ਤੇ ਅਕਾਲੀ ਦਲ ਨੂੰ 39063 ਵੋਟਾਂ ਮਿਲੀਆਂ ਸਨ। 2014 ਦੀਆਂ ਲੋਕ ਸਭਾ ਚੋਣਾਂ ਵਿਚ ਸੰਗਰੂਰ ਲੋਕ ਸਭਾ ਸੀਟ ਦੇ ਹਿੱਸੇ ਵਜੋਂ ਧੂਰੀ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਦਾ ਬਹੁਤ ਬੁਰਾ ਹਾਲ ਹੋਇਆ ਸੀ। ਉਦੋਂ ਇਸ ਹਲਕੇ ਤੋਂ ‘ਆਪ’ ਨੂੰ 63189, ਅਕਾਲੀ ਦਲ ਨੂੰ 29352 ਵੋਟਾਂ ਅਤੇ ਕਾਂਗਰਸ ਨੂੰ ਸਿਰਫ 17398 ਵੋਟਾਂ ਹੀ ਮਿਲੀਆਂ ਸਨ।
ਹਰ ਸਿਆਸੀ ਧਿਰ ਨੂੰ ਮਿਲਿਆ ਮੌਕਾ
ਧੂਰੀ ਤੋਂ ਵੱਖ-ਵੱਖ ਪਾਰਟੀਆਂ ਦੇ ਆਗੂ ਜਿੱਤਦੇ ਰਹੇ ਹਨ। 1957 ਵਿਚ ਕਾਂਗਰਸ ਦੇ ਜਸਦੇਵ ਸਿੰਘ, 1962 ਵਿਚ ਸੀæਪੀæਆਈæ ਦੇ ਭਾਨ ਸਿੰਘ, 1967 ਵਿਚ ਕਾਂਗਰਸ ਦੇ ਟੀ ਸਿੰਘ, 1969 ਵਿਚ ਕਾਂਗਰਸ ਦੇ ਸੰਤ ਸਿੰਘ, 1972 ਵਿਚ ਸੀæਪੀæਆਈæ ਦੇ ਅੱਛਰਾ ਸਿੰਘ, 1977 ਤੇ 1980 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੰਤ ਸਿੰਘ, 1985 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੁਰਿੰਦਰ ਸਿੰਘ, 1992 ਤੇ 1997 ਵਿਚ ਕਾਂਗਰਸ ਤੇ ਆਜ਼ਾਦ ਤੌਰ ਉਤੇ ਧਨਵੰਤ ਸਿੰਘ, 2002 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਗਗਨਜੀਤ ਸਿੰਘ ਬਰਨਾਲਾ, 2007 ਵਿਚ ਆਜ਼ਾਦ ਉਮੀਦਵਾਰ ਇਕਬਾਲ ਸਿੰਘ ਅਤੇ 2012 ਵਿਚ ਕਾਂਗਰਸ ਆਗੂ ਅਰਵਿੰਦ ਖੰਨਾ ਇਸ ਸੀਟ ਤੋਂ ਜਿੱਤੇ ਸਨ।