ਨਵੀਂ ਦਿੱਲੀ: ਕੌਮੀ ਰਾਜਧਾਨੀ ਵਿਚ ਸਮੂਹਿਕ ਬਲਾਤਕਾਰ ਦੀ ਘਟਨਾ ਨੇ ਦੇਸ਼ ਦੇ ਹਰ ਗੈਰਤਮੰਦ ਬੰਦੇ ਨੂੰ ਧੁਰ ਅੰਦਰ ਤੱਕ ਝੰਜੋੜਿਆ ਤੇ ਦੇਸ਼ ਭਰ ਵਿਚ ਲੋਕ ਸੜਕਾਂ ‘ਤੇ ਉੱਤਰ ਆਏ। ਇਹ ਪਹਿਲੀ ਵਾਰ ਹੈ ਕਿ ਬਲਾਤਕਾਰ ਦਾ ਸ਼ਿਕਾਰ 23 ਸਾਲਾ ਮੁਟਿਆਰ ਨੂੰ ਇਨਸਾਫ ਦਿਵਾਉਣ ਲਈ ਪੂਰੇ ਦੇਸ਼ ਵਿਚ ਜ਼ੋਰਦਾਰ ਮੁਜ਼ਾਹਰੇ ਹੋਏ। ਇਨ੍ਹਾਂ ਮੁਜ਼ਾਹਰਿਆਂ ਵਿਚ ਬਹੁਤੇ ਵਿਦਿਆਰਥੀ, ਨੌਜਵਾਨ ਤੇ ਮੁਟਿਆਰਾਂ ਸ਼ਾਮਲ ਹੋਈਆਂ ਜਿਨ੍ਹਾਂ ਦੀਆਂ ਪੁਲਿਸ ਨਾਲ ਝੜਪਾਂ ਵੀ ਹੋਈਆਂ। ਜ਼ਿਕਰਯੋਗ ਹੈ ਕਿ ਆਪਣੇ ਦੋਸਤ ਨਾਲ ਸਫਰ ਕਰ ਰਹੀ ਪੈਰਾ ਮੈਡੀਕਲ ਦੀ 23 ਸਾਲਾ ਵਿਦਿਆਰਥਣ ਨਾਲ ਕੁਝ ਵਿਅਕਤੀਆਂ ਨੇ ਚੱਲਦੀ ਬੱਸ ਵਿਚ ਜਬਰ ਜਨਾਹ ਕੀਤਾ ਤੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਵਾਹਨ ਵਿਚੋਂ ਬਾਹਰ ਸੁੱਟ ਦਿੱਤਾ। ਉਤਰਾਖੰਡ ਨਾਲ ਸਬੰਧਤ ਇਸ ਵਿਦਿਆਰਥਣ ਦੀ ਹਾਲਤ ਗੰਭੀਰ ਹੈ ਤੇ ਉਸ ਦਾ ਸਫਦਰਗੰਜ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਿਸ ਅਨੁਸਾਰ ਪੀੜਤਾ ਦੇ ਸਾਥੀ ਦੀ ਵੀ ਮੁਲਜ਼ਮਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਜ਼ਿਕਰਯੋਗ ਹੈ ਕਿ ਇਹ ਵਿਦਿਆਰਥਣ ਆਪਣੇ ਸਾਥੀ ਜੋ ਇੰਜਨੀਅਰ ਹੈ ਤੇ ਨੌਕਰੀ ਕਰਦਾ ਹੈ, ਨਾਲ ਰਾਤ ਤਕਰੀਬਨ 10 ਵਜੇ ਦੱਖਣੀ ਦਿੱਲੀ ਦੇ ਮੁਨੀਰਕਾ ਖੇਤਰ ਤੋਂ ਦਵਾਰਕਾ ਜਾਣ ਲਈ ਵ੍ਹਾਈਟ ਲਾਈਨ ਬੱਸ ਵਿਚ ਸਵਾਰ ਹੋਈ। ਸਫਰ ਦੌਰਾਨ ਵਿਦਿਆਰਥਣ ਨਾਲ ਚਾਰ ਵਿਅਕਤੀਆਂ ਨੇ ਜ਼ਬਰਦਸਤੀ ਕੀਤੀ ਤੇ ਜਦੋਂ ਉਸ ਨੇ ਵਿਰੋਧ ਕਰਨਾ ਚਾਹਿਆ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਨੇ ਉਸ ਦੇ ਸਾਥੀ ਨੂੰ ਕੁੱਟਿਆ ਤੇ ਫਿਰ ਦੋਹਾਂ ਨੂੰ ਮਹੀਪਾਲਪੁਰ ਫਲਾਈਓਵਰ ਨੇੜੇ ਬੱਸ ਵਿਚੋਂ ਬਾਹਰ ਸੁੱਟ ਦਿੱਤਾ। ਦੇਹਰਾਦੂਨ ਦੇ ਕਾਲਜ ਦੀ ਇਹ ਵਿਦਿਆਰਥਣ ਇੰਟਰਨਸ਼ਿਪ ਲਈ ਦਿੱਲੀ ਆਈ ਹੋਈ ਸੀ। ਜਬਰ ਜਨਾਹ ਦੀ ਸ਼ਿਕਾਰ ਲੜਕੀ ‘ਤੇ ਮੁਲਜ਼ਮਾਂ ਨੇ ਇੰਨਾ ਕਹਿਕ ਢਾਹਿਆ ਕਿ ਉਸ ਦੀ ਪੰਜ ਵਾਰ ਸਰਜਰੀ ਕੀਤੀ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਬਹੁਤ ਬਹਾਦਰ ਲੜਕੀ ਹੈ। ਉਸ ਦੀ ਹਾਲਤ ਬੇਹੱਦ ਵਿਗੜੀ ਹੋਈ ਹੈ ਪਰ ਉਸ ਵਿਚ ਜਿਊਣ ਦਾ ਜਜ਼ਬਾ ਕਾਇਮ ਹੈ। ਉਸ ਦੀ ਇਕ ਅੰਤੜੀ ਨੂੰ ਕੱਢਣਾ ਪਿਆ ਹੈ ਕਿਉਂਕਿ ਉਹ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਡਾਕਟਰਾਂ ਦਾ ਕਹਿਣ ਹੈ ਕਿ ਉਸ ਦੀ ਹਾਲਤ ਸਥਿਰ ਹੈ ਤੇ ਉਹ ਹੋਸ਼ ਵਿਚ ਹੈ।
_____________________________
ਕਾਨੂੰਨ ਦਾ ਨਿਕਲਿਆ ਜਨਾਜ਼ਾ
ਨਵੀਂ ਦਿੱਲੀ: ਦਿੱਲੀ ਵਿਚ ਵਾਪਰੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਬਿਹਾਰ ਵਿਚ ਅੱਠ ਸਾਲ ਪਹਿਲਾਂ ਅਜਿਹੇ ਹੀ ਇਕ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੇ ਬਾਵਜੂਦ ਅਜੇ ਤੱਕ ਉਸ ‘ਤੇ ਅਮਲ ਨਹੀਂ ਕੀਤਾ ਗਿਆ। ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਮਨੀਗਾਛੀ ਥਾਣਾ ਖੇਤਰ ਦੇ ਕਠਰਾ ਪਿੰਡ ਦੀ ਸੱਤ ਸਾਲਾ ਲੜਕੀ ਨਾਲ ਉਸ ਦੇ ਘਰ ਵਿਚ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਮੁਹੰਮਦ ਮੰਨਾਨ ਉਰਫ ਅਬਦੁਲ ਮੰਨਾਨ ਨੇ 18 ਫਰਵਰੀ, 2004 ਨੂੰ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਦਰਦਨਾਕ ਹੱਤਿਆ ਕਰ ਦਿੱਤੀ ਸੀ। ਘਟਨਾ ਦੇ ਅਗਲੇ ਦਿਨ ਲੜਕੀ ਦੀ ਲਾਸ਼ ਪਿੰਡ ਵਿਚ ਹੀ ਗੰਨੇ ਦੇ ਖੇਤ ਤੋਂ ਬਰਾਮਦ ਕੀਤੀ ਗਈ ਸੀ। ਮ੍ਰਿਤਕਾ ਦੇ ਚਾਚਾ ਸ਼ਰਵਨ ਕੁਮਾਰ ਨੇ ਇਸ ਸਿਲਸਿਲੇ ਵਿਚ ਮਨੀਗਾਛੀ ਥਾਣਾ ਵਿਚ ਮੰਨਾਨ ਖਿਲਾਫ ਇਕ ਮਾਮਲਾ ਦਰਜ ਕਰਾਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ। ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ੀ ਨੇ ਬਲਾਤਕਾਰ ਕੀਤੇ ਜਾਣ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ 4-5 ਲੜਕੀਆਂ ਨਾਲ ਬਲਾਤਕਾਰ ਕੀਤੇ ਜਾਣ ਦੀ ਗੱਲ ਕਬੂਲੀ ਸੀ। ਇਸ ‘ਤੇ ਅਦਾਲਤ ਨੇ ਉਸ ਨੂੰ 29 ਮਈ, 2007 ਨੂੰ ਫਾਂਸੀ ਸੁਣਾਈ ਸੀ। ਅਦਾਲਤ ਤੋਂ ਮਿਲੀ ਸਜ਼ਾ ਖਿਲਾਫ ਮੰਨਾਨ ਨੇ ਪਟਨਾ ਹਾਈ ਕੋਰਟ ਦਾ ਦਰਵਾਜ਼ਾ ਖੜਖੜਾਇਆ ਸੀ ਪਰ ਇਥੋਂ ਵੀ ਉਸ ਦੇ ਹੱਥ ਮਾਯੂਸੀ ਲੱਗੀ। ਪਟਨਾ ਹਾਈ ਕੋਰਟ ਨੇ ਵੀ 19 ਅਗਸਤ, 2008 ਦੇ ਆਪਣੇ ਫੈਸਲੇ ਵਿਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਇਸ ਤੋਂ ਬਾਅਦ ਦੋਸ਼ੀ ਨੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਪਰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਵੀ ਇਸ ਅਪਰਾਧ ਨੂੰ ਨਾ-ਮਾਫੀਯੋਗ ਮੰਨਦੇ ਹੋਏ ਸਜ਼ਾ ਬਰਕਰਾਰ ਰੱਖੀ। ਸੁਪਰੀਮ ਕੋਰਟ ਦੇ ਫੈਸਲੇ ਤੋਂ ਕਰੀਬ 20 ਮਹੀਨੇ ਬਾਅਦ ਵੀ ਅਜੇ ਤੱਕ ਦੋਸ਼ੀ ਨੂੰ ਫਾਂਸੀ ਨਹੀਂ ਦਿੱਤੀ ਗਈ।
_________________________________
ਜਬਰ ਜਨਾਹ ਦੇ ਕੇਸ ਰਾਕੇਟ ਦੀ ਰਫਤਾਰ ਨਾਲ ਵਧੇ
ਚੰਡੀਗੜ੍ਹ: ਦੇਸ਼ ਵਿਚ ਬਲਾਤਕਾਰ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅੰਕੜਿਆਂ ਅਨੁਸਾਰ ਭਾਰਤ ਵਿਚ ਸਾਲ 2003 ਵਿਚ ਆਈਪੀਸੀ ਤਹਿਤ ਬਲਾਤਕਾਰ ਦੇ 15,847 ਮਾਮਲੇ ਸਾਹਮਣੇ ਆਏ, ਜਦਕਿ ਇਹ ਗਿਣਤੀ ਸਾਲ 2004 ਵਿਚ ਵਧ ਕੇ 18,233 ਤਕ ਪਹੁੰਚ ਗਈ। ਸਾਲ 2005 ਵਿਚ 18,359 ਬਲਾਤਕਾਰ ਦੀਆਂ ਪੀੜਤਾਂ ਨੇ ਇਨਸਾਫ ਪ੍ਰਾਪਤੀ ਲਈ ਗੁਹਾਰ ਲਾਈ ਜਦੋਂਕਿ ਸਾਲ 2006 ਵਿਚ ਇਹ ਅੰਕੜਾ ਵਧ ਕੇ 19,348 ਤਕ ਜਾ ਪਹੁੰਚਿਆ। ਸਾਲ 2007 ਵਿਚ 20,737 ਮਾਸੂਮ ਹਵਸ ਦੇ ਭੇੜੀਆਂ ਹੱਥੋਂ ਆਪਣੀ ਇੱਜ਼ਤ ਗੁਆ ਬੈਠੀਆਂ ਜਦੋਂਕਿ ਸਾਲ 2008 ਵਿਚ ਇਹ ਅੰਕੜਾ 22,000 ਤੋਂ ਵੀ ਉੱਪਰ ਜਾ ਪਹੁੰਚਿਆ। ਬਲਾਤਕਾਰ ਦੇ ਮਾਮਲੇ ਦੇ ਕਾਨੂੰਨ ਵਿਚ ਤੁਰੰਤ ਸਜ਼ਾ ਦੇਣ ਦੀ ਵਿਵਸਥਾ ਨਾ ਹੋਣਾ ਬਲਾਤਕਾਰ ਪੀੜਤਾਂ ਲਈ ਸਰਾਪ ਸਾਬਤ ਹੋ ਰਿਹਾ ਹੈ। ਅਜੇ ਕੁਝ ਮਹੀਨੇ ਪਹਿਲਾਂ ਹੀ 25 ਸਾਲ ਪਹਿਲਾਂ ਦਰਜ ਹੋਏ ਬਲਾਤਕਾਰ ਮਾਮਲੇ ਵਿਚ ਬਲਾਤਕਾਰੀ ਨੂੰ ਸਜ਼ਾ ਸੁਣਾਈ ਗਈ ਜੋ ਲਚਕਦਾਰ ਕਾਨੂੰਨੀ ਪ੍ਰਕਿਰਿਆ ਦਾ ਹੀ ਉਦਾਹਰਣ ਹੈ। 25 ਸਾਲਾਂ ਬਾਅਦ ਅਦਾਲਤ ਨੇ ਦੋਸ਼ੀ ਨੂੰ 11 ਸਾਲਾਂ ਦੀ ਕੈਦ ਤੇ ਕੁਝ ਲੱਖ ਰੁਪਏ ਜੁਰਮਾਨਾ ਕਰਦਿਆਂ ਪੀੜਤਾ ਦੇ ਜ਼ਖਮਾਂ ‘ਤੇ ਨਮਕ ਛਿੜਕਣ ਦਾ ਹੀ ਕੰਮ ਕੀਤਾ ਜਦੋਂਕਿ ਬਲਾਤਕਾਰ ਦੇ ਦੋਸ਼ੀ ਲਈ ਸਜ਼ਾ-ਏ-ਮੌਤ ਵੀ ਘੱਟ ਹੈ। ਹੈਰਾਨੀ ਦੀ ਗੱਲ ਤਾਂ ਹੈ ਕਿ ਅਜਿਹੇ ਕੇਸਾਂ ਵਿਚ ਦੋਸ਼ੀਆਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਦੀ ਦਰ ਨਾ-ਮਾਤਰ ਹੀ ਹੈ। 2009 ਤੋਂ 2011 ਤੱਕ ਦੇਸ਼ ਵਿਚ 70 ਹਜ਼ਾਰ ਦੇ ਕਰੀਬ ਬਲਾਤਕਾਰ ਦੇ ਮਾਮਲੇ ਦਰਜ ਹੋਏ ਹਨ। ਇਨ੍ਹਾਂ ਵਿਚੋਂ ਸਜ਼ਾ ਸਿਰਫ 26 ਫੀਸਦੀ ਲੋਕਾਂ ਨੂੰ ਮਿਲੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਕੋਲ 2012 ਦਾ ਅਜਿਹਾ ਕੋਈ ਅੰਕੜਾ ਨਹੀਂ ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਦੇਸ਼ ਵਿਚ ਕਿੰਨੀਆਂ ਔਰਤਾਂ ਆਪਣੀ ਪੱਤ ਗੁਆ ਚੁੱਕੀਆਂ ਹਨ।ਉਂਜ ਇਹ ਅੰਕੜੇ ਵੀ ਸਚਾਈ ਤੋਂ ਕੋਹਾਂ ਦੂਰ ਹਨ ਕਿਉਂਕਿ ਪੇਂਡੂ ਸਮਾਜ ਵਿਚ ਅਜਿਹੇ ਕੇਸਾਂ ਨੂੰ ਪੁਲਿਸ ਕੋਲ ਜਾਣ ਹੀ ਨਹੀਂ ਦਿੱਤਾ ਜਾਂਦਾ ਤੇ ਪੰਚਾਇਤਾਂ ਵਿਚ ਹੀ ਨਿਬੇੜ ਦਿੱਤੇ ਜਾਂਦੇ ਹਨ। ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਇਹ ਸਵਾਲ ਕੀਤਾ ਸੀ ਕਿ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਦੇਸ਼ ਵਿਚ 2009 ਤੋਂ ਲੈ ਕੇ 2012 ਤੱਕ ਕਿੰਨੇ ਬਲਾਤਕਾਰ ਦੇ ਕੇਸ ਦਰਜ ਕੀਤੇ ਗਏ। ਸਰਕਾਰ ਵੱਲੋਂ ਦਿੱਤੇ ਗਏ ਜਵਾਬ ਵਿਚ ਕਿਹਾ ਗਿਆ ਹੈ ਕਿ 2009 ਵਿਚ 21000 ਤੋਂ ਵੱਧ, 2010 ਵਿਚ 22000 ਤੋਂ ਵੱਧ ਤੇ 2011 ਵਿਚ 26000 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਚਿੱਠੀ ਦੇ ਜਵਾਬ ਵਿਚ ਇਹ ਵੀ ਸਪੱਸ਼ਟ ਕਿਹਾ ਗਿਆ ਕਿ 2012 ਵਿਚ ਕਿੰਨੇ ਬਲਾਤਕਾਰ ਦੇ ਮਾਮਲੇ ਹੋਏ ਹਨ, ਇਸ ਦਾ ਕੋਈ ਰਿਕਾਰਡ ਪ੍ਰਾਪਤ ਨਹੀਂ ਹੈ।
________________________________
ਹਫਤੇ ਬਾਅਦ ਬੋਲੇ ਮਨਮੋਹਨ ਸਿੰਘ: ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਜਬਰ ਜਨਾਹ ਦੀ ਘਟਨਾ ਤੋਂ ਅੱਠ ਦਿਨ ਬਾਅਦ ਕੁਝ ਬੋਲੇ ਅਤੇ ਪੀੜਤ ਕੁੜੀ ਨੂੰ ਨਿਆਂ ਦਾ ਭਰੋਸਾ ਦਿਵਾਇਆ। ਉਨ੍ਹਾਂ ਲੋਕਾਂ ਵੱਲੋਂ ਜ਼ਾਹਿਰ ਕੀਤੇ ਜਾ ਰਹੇ ਗੁੱਸੇ ਨੂੰ Ḕਜਾਇਜ਼Ḕ ਕਰਾਰ ਦਿੱਤਾ। ਉਂਜ, ਇੰਨਾ ਪਛੜ ਕੇ ਬੋਲਣ ਕਰ ਕੇ ਸਾਰਿਆਂ ਨੇ ਪ੍ਰਧਾਨ ਮੰਤਰੀ ਦੀ ਦੁਰ-ਦੁਰ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿਆਸੀ ਮਾਮਲਿਆਂ ਬਾਰੇ ਤਾਂ ਉਹ ਚੁੱਪ ਹੋ ਹੀ ਜਾਂਦੇ ਹਨ, ਪਰ ਇਸ ਮਾਮਲੇ ‘ਤੇ ਤਾਂ ਉਨ੍ਹਾਂ ਨੂੰ ਦੇਰ ਨਹੀਂ ਸੀ ਕਰਨੀ ਚਾਹੀਦੀ।
ਦਲੇਰ ਬੱਚੀ: ਨਵੀਂ ਦਿੱਲੀ: ਪੀੜਤਾ ਭਾਵੇਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਪਰ ਉਸ ਨੇ ਇਸ ਘਟਨਾ ਬਾਰੇ ਨਿਡਰਤਾ ਨਾਲ ਨਿੱਗਰ ਬਿਆਨ ਦਿੱਤਾ ਹੈ। ਉਹ ਚਾਹੁੰਦੀ ਹੈ ਕਿ ਉਸ ਨਾਲ ਛੇਤੀ ਇਨਸਾਫ ਹੋਵੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ। ਸਫਦਰਜੰਗ ਹਸਪਤਾਲ ਦੇ ਇਨਟੈਂਸਿਵ ਕੇਅਰ ਯੂਨਿਟ ਵਿਚ ਦਾਖਲ ਪੀੜਤਾ ਨੇ ਸਬ ਡਿਵੀਜ਼ਨ ਮੈਜਿਸਟਰੇਟ ਅੱਗੇ ਆਪਣਾ ਬਿਆਨ ਦਰਜ ਕਰਵਾਇਆ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦਾ ਬਿਆਨ ਆਪਣੇ ਪੁਰਸ਼ ਦੋਸਤ ਦੇ ਬਿਆਨਾਂ ਨਾਲ ਮੇਲ ਖਾਂਦਾ ਹੈ ਜਿਸ ਨੂੰ ਹਮਲਾਵਰਾਂ ਨੇ ਚੱਲਦੀ ਬੱਸ ਵਿਚ ਬੁਰੀ ਤਰ੍ਹਾਂ ਕੁੱਟਿਆ ਸੀ।
ਮੁਲਜ਼ਮਾਂ ਨੇ ਫਾਂਸੀ ਮੰਗੀ: ਦਿੱਲੀ ਦੇ ਸਮੂਹਿਕ ਬਲਾਤਕਾਰ ਕੇਸ ਦੇ ਛੇ ਮੁਲਜ਼ਮਾਂ ਵਿਚੋਂ ਦੋ ਨੇ ਅਦਾਲਤ ਨੂੰ ਦੱਸਿਆ ਕਿ ਇਹ ਘਿਨਾਉਣਾ ਕੰਮ ਉਨ੍ਹਾਂ ਨੇ ਹੀ ਕੀਤਾ ਸੀ ਜਿਸ ਕਰਕੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਉਧਰ, ਸਾਕੇਤ ਜ਼ਿਲ੍ਹੇ ਵਿਚ ਵਕੀਲਾਂ ਦੀ ਜਥੇਬੰਦੀ ਨੇ ਮਤਾ ਪਾਸ ਕੀਤਾ ਕਿ ਕੋਈ ਵੀ ਵਕੀਲ ਇਸ ਕੇਸ ਦੇ ਕਿਸੇ ਵੀ ਮੁਲਜ਼ਮ ਦੀ ਵਕਾਲਤ ਨਾ ਕਰਨ ਕਿਉਂਕਿ ਉਨ੍ਹਾਂ ਅਣ-ਮਨੁੱਖੀ ਤੇ ਵਹਿਸ਼ੀਆਨਾ ਕਾਰਾ ਕੀਤਾ ਹੈ। ਮੁਲਜ਼ਮ ਪਵਨ ਗੁਪਤਾ, ਵਿਨੈ ਤੇ ਰਾਮ ਸਿੰਘ ਨੂੰ 6 ਜਨਵਰੀ ਤੱਕ ਤਿਹਾੜ ਜੇਲ੍ਹ ਭੇਜ ਦਿੱਤਾ।
ਕਾਨੂੰਨੀ ਦਾਅ-ਪੇਚਾਂ ਦਾ ਪੁੱਠਾ ਗੇੜਾ : ਜਿਥੇ ਪੀੜਤਾਂ ਇਨਸਾਫ ਲਈ ਦਰ-ਦਰ ਭਟਕਦੀਆਂ ਤੇ ਉੱਚ ਅਧਿਕਾਰੀਆਂ ਸਾਹਮਣੇ ਤਰਲੇ ਪਾਉਂਦੀਆਂ ਰਹਿ ਜਾਂਦੀਆਂ ਹਨ, ਉਥੇ ਹੀ ਅਪਰਾਧੀ ਲਚਕਦਾਰ ਕਾਨੂੰਨੀ ਪ੍ਰਕਿਰਿਆ ਦਾ ਸਹਾਰਾ ਲੈ ਕੇ ਦਾਅ-ਪੇਚ ਖੇਡਦਿਆਂ ਕਾਨੂੰਨ ਦੀਆਂ ਅੱਖਾਂ ਵਿਚ ਧੂੜ ਪਾ ਕੇ ਬਚ ਨਿਕਲਣ ਵਿਚ ਸਫਲ ਹੋ ਜਾਂਦੇ ਹਨ। ਲਚਕਦਾਰ ਕਾਨੂੰਨੀ ਪ੍ਰਕਿਰਿਆ ਤੇ ਸਖ਼ਤ ਸਜ਼ਾ ਦੀ ਕਮੀ ਹੀ ਬਲਾਤਕਾਰੀਆਂ ਨੂੰ ਸ਼ਹਿ ਦੇਣ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਜਿਸ ਦੀ ਭੇਟ ਅਨੇਕਾਂ ਮਾਸੂਮ ਜ਼ਿੰਦਗੀਆਂ ਚੜ੍ਹਦੀਆਂ ਹਨ।
Leave a Reply